19 March 2024
Nachhatar Singh Bhopal

ਸੱਤ ਕਵਿਤਾਵਾਂ—ਨਛੱਤਰ ਸਿੰਘ ਭੋਗਲ, “ਭਾਖੜੀਆਣਾ” (U.K)

ਹਾਜ਼ਰ ਹੈ ਨਛੱਤਰ ਸਿੰਘ ਭੋਗਲ, “ਭਾਖੜੀਆਣਾ” (U.K)

1. ਕਲਮਾਂ

ਕਲਮ ਸ਼ਾਂਤ-ਖਮੋਸ਼ ਰਹਿ ਸਦਾ ਉਡੀਕੇਂ
ਸਿਆਣਪ ਭਰੇ ਵਿਚਾਰ ਤੂੰ ਕਲਮੇਂ,
ਉੱਕਰਕੇ ਕਾਗ਼ਜ਼ ਦੀ ਹਿੱਕ ਉੱਤੇ,
ਕਰੇਂ ਜੱਗ ਤੇ ਪਰਉਪਕਾਰ ਤੂੰ ਕਲਮੇਂ।

ਸੱਚ ਲਿਖਣੋਂ ਨਾ ਖੁੰਝੀਂ ਹਰਗਿਜ਼
ਆਪਣਾ-ਆਪ ਦਈਂ ਵਾਰ ਤੂੰ ਕਲਮੇਂ,
ਤੂੰ ਸ਼ਮਸ਼ੀਰ ਤੇ ਢਾਲ਼ ਵੀ ਤੂੰ ਹੀ
ਪ੍ਰਮੁਖ ਹੈਂ ਹਥਿਆਰ ਤੂੰ ਕਲਮੇਂ।

ਰਾਖੀ ਅਤੇ ਹਿਫ਼ਾਜ਼ਤ ਕਰਨੀਂ
ਭਾਵੇਂ ਝੱਲਣੇ ਪੈਣ ਤਸੀਹੇ,
ਪਰਦੇ-ਪਰਤਾਂ ਝੂਠ ਦੇ ਫੋਲੀਂ
ਕਦੇ ਨਾ ਮੰਨੀ ਹਾਰ ਤੂੰ ਕਲਮੇਂ।

ਰਾਈਫਲ, ਪਿਸਟਲ ਜਾਂ ਕਿਰਪਾਨਾਂ
ਜਾਨ-ਲੇਵਾ ਹਥਿਆਰ ਨਹੀਂ ਤੂੰ,
ਤੂੰ ਸਿਆਹੀ ਦੀ ਸੱਚੀ ਸਾਥਣ
ਨਿੱਬ ਦੀ ਹੈਂ ਦਿਲਦਾਰ ਤੂੰ ਕਲਮੇਂ।

ਇਨਕਲਾਬ ਤੇਰੀ ਹੋਂਦ ਲਿਆਵੇ
ਕ੍ਰਾਂਤੀ-ਸੋਚ, ਬਗ਼ਾਵਤ ਲਿਖਕੇ,
ਸਿਰ ਨਾ ਕਲਮ ਕਰਾ ਲਈ ਕਿਧਰੇ
ਰਹਿ ਚੌਕਸ-ਹੁਸ਼ਿਆਰ ਤੂੰ ਕਲਮੇਂ।

ਸਾਹਿਤਕ-ਸੱਥਾਂ ਦੀ ਪਟਰਾਣੀ
ਸਮਾਜਿਕ ਸੇਧਾਂ ਦੇਣ ਵਾਲ਼ੀਏ,
ਅਪਰਾਧੀ ਲਈ ਫਾਂਸੀ ਦਾ ਫੰਧਾ
ਨਿਰਦੋਸ਼ ਦਾ ਹੈਂ ਅਧਿਕਾਰ ਤੂੰ ਕਲਮੇਂ।

ਮੋਮੋਠਗਣੇ, ਸੱਜਣ ਜਿਹੇ ਠੱਗ
ਮਿੱਠ ਬੋਲੜੇ, ਦਿਲ ਦੇ ਕਾਲ਼ੇ,
ਬਹਿਰੂਪਏ,  ਬਗਲੇ ਭਗਤਾਂ ਵਰਗੇ
ਪਰਖੀਂ ਤੂੰ ਕਿਰਦਾਰ ਤੂੰ ਕਲਮੇਂ।

ਵਿਲੱਖਣ ਕੋਈ ਇਤਿਹਾਸ ਸਿਰਜਦੇ
ਤੈਥੋਂ ਸਿੱਖਿਆ ਲਏ ਜਮਾਨਾ,
ਵਾਰ-ਚੰਡੀ ਦੇ ਵਰਗਾ ਮੰਤਰ
ਬਣ ਖੰਡੇ ਦੀ ਧਾਰ ਤੂੰ ਕਲਮੇਂ।

ਹੱਕਾਂ ਦੀ ਰਖਵਾਲੀ ਕਰਨੀਂ
ਫਰਜ਼ਾਂ ਦੀ ਪਹਿਚਾਣ ਵੀ ਦੱਸੀਂ,
ਗੁੰਡਿਆਂ ਦੇ ਤੂੰ ਪੜਛੇ ਲਾਂਵੀਂ
ਦਾਨਿਆਂ ਦਾ ਸਤਿਕਾਰ ਤੂੰ ਕਲਮੇਂ।

ਪੱਤਰਕਾਰਾਂ ਲਈ ਰੱਬ ਵਰਗੀ
ਜੋ ਨਾ ਵੇਚਦੇ ਫਿਰਨ ਜ਼ਮੀਰਾਂ,
ਉਹਨਾਂ ਹੀਰਿਆਂ ਸਦਕੇ ਬਣਦੀ
ਅਖ਼ਬਾਰਾਂ ਦਾ ਸ਼ਿੰਗਾਰ ਤੂੰ ਕਲਮੇਂ।

ਸ਼ਹੀਦ ਕੌਮ ਲਈ ਜੋ ਮਰ-ਮੁੱਕੇ
ਸ਼ਾਹਕਾਰ ਉਹਨਾਂ ਦੇ ਲਿਖਦੇ,
ਦੇਸ਼ ਭਗਤਾਂ ਦੇ ਤਾਂਈਂ ਸਤਿਕਾਰੀਂ
ਫਿੱਟਕਾਰੀਂ ਸਦਾ ਗ਼ਦਾਰ ਤੂੰ ਕਲਮੇਂ।

ਰਾਜਨੀਤੀ ਦੀ ਬੁੱਕਲ਼ ਬਹਿ ਕੇ
ਕਰਨ ਕਾਲ਼ੀਆਂ ਜੋ ਕਰਤੂਤਾਂ,
ਅਸਵਾਰ ਜੋ ਰੁਤਬਿਆਂ ਦੇ ਰੱਥ ਉੱਤੇ
ਉਹਨਾ ਦਾ ਭੰਡ ਹੰਕਾਰ ਤੂੰ ਕਲਮੇਂ।

ਨਾਵਲ, ਕਿੱਸੇ-ਕਾਂਡ, ਕਹਾਣੀ
ਧਰਮ ਦੇ ਫ਼ਲਸਫ਼ੇ ਤੇ ਕਵਿਤਾਵਾਂ,
ਕਾਗ਼ਜ਼ ਦੀ ਹਿੱਕ ਉੱਤੇ ਲਿਖਣੇ
ਕਰ-ਸ਼ਬਦਾਂ ਦਾ ਪ੍ਰਚਾਰ ਤੂੰ ਕਲਮੇਂ।

ਜੱਗ ਦਾ ਕਰੀਂ ਸੁਧਾਰ ਤੂੰ ਕਲਮੇਂ
ਨਾ ਬਣ ਕਿਸੇ ਤੇ ਭਾਰ ਤੂੰ ਕਲਮੇਂ,
ਨਛੱਤਰ ਭੋਗਲ ਤੇਰੀ ਉਪਮਾ ਲਿਖਦਾ
ਲਿਖਤ ਦੀ ਰਚਨਹਾਰ ਤੂੰ ਕਲਮੇਂ।
**

2. ਦੋ-ਤਲਵਾਰਾਂ

ਇਕ ਮਿਆਨ ਨਾ ਸੋਂਹਦੀਆਂ
ਹਰਗਿਜ਼ ਦੋ ਤਲਵਾਰਾਂ,

ਇਕ ਦੂਜੀ ਦੇ ਨਾਲ ਨਾ ਛੂਹਣ
ਜਿਉਂ ਬਿਜਲੀ ਦੀਆਂ ਤਾਰਾਂ।

ਇਕ ਰਖਵਾਲੀ ਦੀ ਹੈ ਪਾਤਰ
ਜ਼ੁਲਮ ਦੇ ਆਹੂ ਲਾਹਵੇ,
ਦੂਜੀ ਜਾਬਰ ਹੱਥੀਂ ਲਿਸ਼ਕੇ

ਭੂਤਰੀ ਵਿੱਚ ਹੰਕਾਰਾਂ।

ਸੀਸ ਤਲੀ ਤੇ ਧੱਰਕੇ ਯੋਧੇ
ਜਾਨ ਦੀ ਦੇਣ ਅਹੂਤੀ,
ਵਫਾਦਾਰ ਨਾ ਰੱਖਣ ਯਾਰੀ
ਮੁਖ਼ਬਰਾਂ-ਨਾਲ, ਗ਼ਦਾਰਾਂ।

ਗਵਾਰਾਂ ਦਾ ਸਦਾ ਹਾਸਾ ਹੁੰਦੇ
ਚਿੜੀਆਂ ਜਾਨ ਗੁਆਈ,
ਇਕ ਟਾਹਣ ਤੇ ਕਦੇ ਨਾ ਬੈਠਣ
ਘੁੱਗੀਆਂ ਅਤੇ ਗਟਾਰਾਂ।

ਅੱਣਖੀ,ਸੂਰਬੀਰ ਤੇ ਯੋਧੇ,
ਈਨ ਕਦੇ ਨਾ ਮੰਨਣ,

ਸਸਤੇ ਭਾਅ ਕਈ ਵੇਚੀ ਜਾਂਦੇ
ਸਿਰ ਸਜੀਆਂ ਦਸਤਾਰਾਂ।

ਬ੍ਰਹਮ-ਗਿਆਨ ਤੋਂ ਜਾਣੂੰ ਬੰਦਾ
ਨਹੀਂ ਦੁਨਿਆਵੀ ਰਹਿੰਦਾ,
ਭਗਤਾਂ ਦੀ ਨਾ ਖਿਚੜੀ ਰਿੱਝੇ
ਨਾਲ ਚੋਰਾਂ ਤੇ ਯਾਰਾਂ।

ਰਿਵਾਜ-ਰੀਤੀਆਂ ਸਾਂਭੀ ਬੈਠੇ
ਬੰਨ੍ਹਿਆ ਵਿਰਸਾ ਪੱਲੇ,
ਕੁਝ ਬਾਪੂ ਦੇ ਸਿਰ ਬੱਝੀ ਵੀ
ਰੋਲ਼ਣ ਵਿੱਚ ਬਜ਼ਾਰਾਂ।

ਸ਼ਬਦ-ਗੁਰੂ ਨੂੰ ਮੰਨਣ ਵਾਲੇ
ਪੂਜਣ ਬਣ ਸ਼ਰਧਾਲੂ,
ਰੱਬ ਬਣਾਇਆ ਵੱਡਾ ਹਊਆ
ਧਰਮ ਦੇ ਠੇਕੇਦਾਰਾਂ।

ਸੱਚ ਪੂਜਿਆ ਜਾਏ ਹਮੇਸ਼ਾਂ
ਝੂਠ ਨੂੰ ਭੰਡਿਆ ਜਾਵੇ,
ਟੋਡਰ ਮੱਲ ਨੂੰ ਸਿਜਦੇ ਹੁੰਦੇ
ਗੰਗੂ ਤਾਂਈਂ ਫਿਟਕਾਰਾਂ।

ਸ਼ਹੀਦਾਂ ਤਾਂਈਂ ਪੂਜਿਆ ਜਾਂਦਾ,
ਯਾਦ ‘ਚ ਮੇਲੇ ਲੱਗਣ,
ਦੋਗਲਿਆਂ ਤੇ ਥੂਹ-ਥੂਹ ਹੁੰਦੀ
ਕੋਈ ਨਾ ਪੁੱਛੇ ਸਾਰਾਂ।

ਕਾਬਲ ਤੇ ਕੰਧਾਰ ਦੇ ਜੇਤੂ
ਅਟਕ ਤਾਂਈਂ ਅਟਕਾ ਗਏ,
ਲੂਣ ਹਰਾਮੀ ਕਰਦੀਆਂ ਵੇਖੋ
ਡੋਗਰਿਆਂ ਦੀਆਂ ਡਾਰਾਂ।

ਦੈਂਤਾਂ ਨਾਲ ਮੁਕਾਬਲਾ ਕਰਨਾ
ਦੇਵਤਿਆਂ ਸੰਗ ਨਿਭਕੇ,
ਨਛੱਤਰ ਭੋਗਲ ਤਾਂਹਓੁਂ ਗਾਵੇ
ਵਾਰ-ਚੰਡੀ ਦੀਆਂ ਵਾਰਾਂ।
**

3. ਗੀਤ-ਕਵਿਤਾ

ਗੀਤ ਮੇਰੇ ਯਾਰ-ਬੇਲੀ
ਮਹਿਫ਼ਲਾਂ ‘ਚ ਗਾਉਣਗੇ,
ਦੁੱਲਾ-ਢੋਲਾ, ਜੱਗਾ ਗਾਕੇ
ਮਸਤੀ ‘ਚ ਆਉਣਗੇ।

ਧਰਤੀ ਨਾ ਪੱਬ ਲੱਗੂ
ਫੁੱਲਾਂ ਉੱਤੇ ਖੇਡੂ ਕਾਟੋ,
ਢੋਲ ਦੀ ਧਮਾਲ ਉੱਤੇ
ਭੰਗੜੇ ਵੀ ਪਾਉਣਗੇ।

ਨਿਹੱਥਿਆਂ ਲਈ ਢਾਲ਼ ਬਣੂ
ਜਾਬਰ ਲਈ ਤਿੱਖੀ ਤੇਗ,
ਘੇਰ ਅਬਦਾਲੀ ਨੂੰ ਉਹ
ਢੱਕਾਂ ਵੀ ਛਡਾਉਣਗੇ।

ਸਾਹਿਤ ਜਗਾਉਂਦਾ ਸਦਾ
ਸੁੱਤੀਆਂ ਜ਼ਮੀਰਾਂ ਤਾਂਈਂ,
ਅੱਖਰਾਂ ਦਾ ਚਰਖਾ ਡਾਹ
ਤੰਦ ਸ਼ਬਦਾਂ ਦੇ ਪਾਉਣਗੇ।

ਤੀਰ ਵਾਂਗ ਨੋਕ ਤਿੱਖੀ
ਤੱਕਲ਼ੇ ਦੇ ਵਾਂਗ ਸਿੱਧੇ,
ਸਰਲ ਭਾਸ਼ਾ, ਸ਼ਾਦੀ ਬੋਲੀ
ਮਾਂ-ਬੋਲੀ ਨੂੰ ਧਿਆਉਣਗੇ।

ਮਲੂਕ ਤੇ ਸੰਜੀਦਗੀ ਦੀ
ਟੱਪਣ ਨਾ ਹੱਦ ਕਦੇ,
ਕੋਮਲ ਸੁਭਾਅ ਦੇ ਗੀਤ
ਲੱਚਰਤਾ ਨਾ ਗਾਉਣਗੇ।

ਅਜ਼ਾਦੀ ਦੇ ਘੁਲਾਟੀਏ
ਜੋ ਹੱਸ ਚੱੜ੍ਹੇ ਫਾਂਸੀ ਤੇ,
ਉੱਚੀਆਂ ਸੁਰਾਂ ‘ਚ
ਵਾਰ ਯੋਧਿਆਂ ਦੀ ਗਾਉਣਗੇ।

ਜੁੱਗ ਪਲਟਾਉਣਾ ਉਹਨਾਂ
ਫੜ ਕੇ ਮਸ਼ਾਲਾਂ ਹੱਥੀਂ,

ਅਜ਼ਲਾਂ ਤੋਂ ਸੁੱਤੇ ਲੋਕੀ
ਪਲਾਂ ‘ਚ ਜਗਾਉਣਗੇ।

ਚੱੜ੍ਹਦੀ ਜਵਾਨੀ ਵਿੱਚ
ਮੁੱਛ ਉੱਤੇ ਟਿਕੇ ਨਿੰਬੂ,
ਕੁੱੜਤੇ ਨੂੰ ਬੀੜੇ ਲਾਕੇ
ਪੱਗ-ਤੁਰਲਾ ਸਜਾਉਣਗੇ।

ਹੱਕ-ਅਧਿਕਾਰ ਭੁੱਲ
ਵੇਚ ਘੋੜੇ ਸੌਂਅ ਗਏ ਜੋ,
ਲੀਹ…
**

4. ਬੇਇਤਫ਼ਾਕੀ

ਅੰਬਰ ਤੋਂ ਵੀ ਉੁੱਚੀ ਹੋਈ
ਵਿਹੜੇ ਪਈ ਦਿਵਾਰ,
ਸਾਂਝ ਏਕਤਾ ਖੇਰੂੰ-ਖੇਰੂੰ
ਫੁੱਟ ਦਾ ਬਣੀ ਸ਼ਿਕਾਰ।

ਚਿੱਟੇ ਰੰਗਾ ਲਹੂ ਹੋ ਗਿਆ
ਪਾਣੀ ਨਾਲ਼ੋਂ ਪਤਲਾ,
ਕਦਰਾਂ-ਕੀਮਤਾਂ ਨੂੰ ਘੁੱਣ ਲੱਗਾ
ਆਇਆ ਬੜਾ ਨਿਘਾਰ।

ਤੀਰ ਈਰਖਾ ਭਰੇ ਚਲਾਵਣ
ਭੁੱਲ ਕੇ ਤੇਹ ਦੀਆਂ ਤੰਦਾਂ,
ਆਪਣੇ ਰਾਹੀਂ ਕੰਡੇ ਬੀਜਣ
ਆਤਮਾ ਹੋਈ ਬਿਮਾਰ।

ਅਫ਼ਗ਼ਾਨਾਂ ਦਾ ਭਾਰਤ ਵੈਰੀ
ਬੰਗਲਾ ਦੇਸ਼ ਦਾ “ਪਾਕਿ”
ਮਾਨਵਤਾ ਦੀ ਭਾਸ਼ਾ ਭੁੱਲੇ
ਨਿੱਤ ਵਧੇ ਤਕਰਾਰ।

ਤਾਰਪੀਡੋ ਪਰਵਾਰ ਹੋ ਗਏ
ਨਾ ਰਹੀਆਂ ਹੁਣ ਸਾਂਝਾਂ,
ਆਪਣੇ ਬਣ ਕੇ ਆਪਣਿਆਂ ਨੂੰ
ਕਰਦੇ ਬੜੇ ਖ਼ੁਆਰ।

ਰੁੱਖੀ ਹਵਾ ਦਾ ਬੁੱਲਾ ਵਗਿਆ
ਵੀਰ, ਭੈਣਾਂ ਨੂੰ ਭੁੱਲੇ,
ਬਾਬਾ ਜੀ ਦੀ ਚਿੱਟੀ ਪੱਗ ਨੂੰ
ਲੱਖਾਂ ਆਏ ਲੰਗਾਰ।

ਅੱਜ ਔਲਾਦ ਨੂੰ ਹੋਈ ਪਿਆਰੀ
ਮਾਪਿਆਂ ਦੀ ਜਾਇਦਾਦ,
ਲੂਣ ਵਾਂਗਰਾਂ ਖੁਰਦਾ ਜਾਂਦਾ
ਪੁਰਖਿਆਂ ਦਾ ਸਤਿਕਾਰ।

ਖ਼ੁਦਗ਼ਰਜ਼ੀ ਭਰਿਆ ਹੈ ਆਲਮ
ਬੇਇਤਫਾਕੀ ਵੱਧ ਗਈ,
ਕਪਾਹ ਦੇ ਟੀਂਡਿਆਂ ਵਾਂਗੂ ਫੁੱਟੇ
ਕਈ ਉੱਚੇ ਕਿਰਦਾਰ।

ਖੌਰੇ ਕਿਹੜਾ ਸੱਪ ਸੁੰਘ ਗਿਆ
ਕਿਹੜੀ ਪਰਲੋ ਆਈ,
ਅਮਲੀ ਫਿਰਦੀ ਹੋਈ ਜਵਾਨੀ

ਨਸ਼ਿਆ ਦੀ ਭਰਮਾਰ।

ਪੱਗ ਬਟਾਈ ਚ…
**

5. ਬੇਵਫ਼ਾ

ਕੀਤੀ ਹੋਈ ਵਫਾ ਦੇ, ਨਜ਼ਾਰੇ ਅਸੀਂ ਵੇਖ ਲਏ,
ਇਸ਼ਕੇ ਦੀ ਪੀਂਘ ਦੇ, ਹੁਲਾਰੇ ਅਸੀਂ ਵੇਖ ਲਏ।

ਨਾਮ ਮੇਰੇ ਨਾਲ ਰੂਹ, ਆਪਣੀ ਸ਼ਿੰਗਾਰਦੀ ਸੈਂ,
ਸ਼ਗਨਾਂ ਦੀ ਚੁੰਨੀਂ ਲੱਗੇ, ਤਾਰੇ ਅਸੀਂ ਵੇਖ ਲਏ।

ਰੱਬ ਅਤੇ ਮੇਰੇ ਵਿੱਚ, ਫਰਕ ਨਾ ਦੱਸਿਆ ਤੂੰ,
ਸੌਂਹਾਂ ਖ਼ਾ-ਖਾ ਮੁੱਕਰੇ, ਪਿਆਰੇ ਅਸੀਂ ਵੇਖ ਲਏ।

ਆਪੇ ਤੀਰ ਤੋੜੇ, ਆਪੇ ਵੈਣ ਵੀ ਤੂੰ ਪਾਉਂਦੀ ਰਹੀ,
ਯਾਰ ਮਰਵਾ ਕੇ, ਵੀਰ ਪਿਆਰੇ ਅਸੀਂ ਵੇਖ ਲਏ।

ਰਾਣੀ ਬਣ ਦਿਲ ਦੀ, ਮੈਨੂੰ ਸੀ ਬਣਾਇਆ ਰਾਜਾ,
ਸੁਪਨੇ ‘ਚ ਸਵੱਰਗ ਦੇ, ਨਜ਼ਾਰੇ ਅਸੀਂ ਵੇਖ ਲਏ।

ਬੱਕੀ ਉੱਤੇ ਆਪ ਚੱੜ੍ਹੀ, ਤੀਰ ਵੀ ਤੈਂ ਆਪ ਤੋੜੇ,
ਆਪਣੇ ਤੇ ਗੈਰਾਂ ਦੇ, ਨਿਤਾਰੇ ਅਸਾਂ ਵੇਖ ਲਏ।

ਮਾਰੂ-ਥਲ, ਕੱਚਾ ਘੱੜਾ, ਪਰਬਤਾਂ ਨੂੰ ਚੀਰੇ ਕੋਈ,
ਜੰਡ ਹੇਠਾਂ ਕੀਤੇ ਜੋ, ਉਹ ਕਾਰੇ ਅਸੀਂ ਵੇਖ ਲਏ।

ਚੰਚਲ ਹੈ ਮਨ ਬੜਾ, ਵਾਗਾਂ ਕਿੰਝ ਮੋੜੇ ਕੋਈ,
ਚੰਨ ਜਿਹੇ ਮੁੱਖ ਦੇ, ਦਿਦਾਰੇ ਅਸੀਂ ਵੇਖ ਲਏ।

ਸ਼ਾਂਤ ਵਹਿੰਦੇ ਪਾਣੀ ਨੂੰ, ਜੁਦਾਈ ਵਾਲਾ ਸੇਕ ਲੱਗਾ,
ਵੈਣ ਪਾਉਂਦੇ ਨਦੀ ਦੇ, ਕਿਨਾਰੇ ਅਸੀਂ ਵੇਖ ਲਏ।

ਨਛੱਤਰ ਭੋਗਲ ਤੂੰਹੀ ਮੇਰਾ, ਬਣਨਾ ਨਾ ਹੋਰ ਕਿਸੇ,
ਫੋਕੇ …

**

6. ਮੇਰਾ ਪਿੰਡ

ਬੜਾ ਸੁੰਦਰ ਹੈ ਜੱਗ
ਲੱਗੇ ਸੋਹਣਾ ਤੇ ਸੁਹਾਣਾ,
ਸਾਰੀ ਦੁਨੀਆ ਤੋਂ ਚੰਗਾ
ਮੇਰਾ ਪਿੰਡ ਭਾਖੜੀਆਣਾ।

ਕੋਟਲੀ ਥਾਨ ਸਿੰਘ ਨੇੜੇ
ਬੰਨੇ ਨਾਲ ਬੰਨਾ ਸਾਂਝਾ,
ਉਹਦੀ ਬੁੱਕਲ਼ ‘ਚ ਵੱਸੇ
ਉੱਚਾ, ਬਹਾਨੀਂ-ਸਰਨਾਣਾ।

ਖਜ਼ੂਰਲੇ ਦੇ ਨਾਲ਼ ਸੇਮੀ
ਮਾਧੋ-ਪੁਰ ‘ਤੇ ਚਹੇੜੂ,
ਕੋਟ-ਕਲਾਂ ਤੋਂ “ਹਵੇਲੀ”
ਪੇਟ-ਪੂਜਾ ਕਰਨ ਜਾਣਾ।

ਬਾਬੇ ਸ਼ਹੀਦਾਂ ਦੀ ਸਮਾਧ
ਪਿੰਡ ਤੱਲ੍ਹਣ ਪਿਆਰਾ,
ਪਰਸਰਾਮ ਪੁਰ ਮਸ਼ਹੂਰ
ਡੇਰਾ ਬਾਬਾ ਲੋਦੀਆਣਾ।

ਆਹ ਜੋ ਵਗਦੀ ਹੈ ਬਈਂ
ਪਾਣੀ ਨਿੱਤਰਿਆ ਸਾਫ਼,
ਉਹਦੇ ਦੂਜੇ ਕੰਢੇ ਵੱਸੇ

ਰਾਣੀਪੁਰ ‘ਤੇ ਨਮਾਣਾ।

ਹੋ ਜਾਏ ਝਗੜਾ ਲੜਾਈ
ਹੱਦੋਂ ਵੱਧ ਜਾਏ ਫ਼ਸਾਦ,
ਗਾਰਦ ਪੁਲਸ ਦੀ ਭੇਜੇ
ਰਾਵਲ-ਪਿੰਡੀ ਵਾਲਾ ਠਾਣਾ।

ਬੁੰਡਾਲੇ ਵਾਲ਼ੇ ਸਰਦਾਰਾਂ
ਲਾਇਆ ਵੱਡਾ ਕਾਰਖ਼ਾਨਾ,
“ਜੀ-ਐਨ-ਏ” ਦਾ ਪਲਾਂਟ
ਸਥਿਤ ਵਿਖੇ ਮੇਟੀਆਣਾ।

ਫਗਵਾੜੇ ਵਾਲੀ ਜੀ-ਟੀ ਰੋਡ
ਹੁਸ਼ਿਆਰ ਪੁਰ ਜੋ ਪੁਚਾਵੇ,
ਡੁਮੇਲੀ, ਦੁੱਗਾਂ ਤੇ ਬਬੇਲੀ
ਵੱਖੀ ਵਿੱਚ ਭੱਬਿਆਣਾ।

ਅੱਧੇ ਘੰਟੇ ਦਾ ਰਾਹ
ਸੁਣੇ ਮਾਰੀ ਹੋਈ ਅਵਾਜ਼,
ਪਤਾਰੇ ਵਾਲੀ ਨਹਿਰ ਟੱਪ
ਪੈਂਦਾ ਪਿੰਡ ਵਡਿਆਣਾ।

ਰਿਸ਼ਤੇ-ਨਾਤਿਆਂ ‘…
**

7. ਚੁਗ਼ਲੀਆਂ 

ਤਿੰਨ ਅੱਖਰਾਂ ਦਾ ਸ਼ਬਦ ਹੈ ਚੁਗ਼ਲੀ
ਬੜਾ ਜ਼ਹਿਰੀ ਡੰਗ ਚਲਾਉਂਦੀ ਏ,
ਪੁਸ਼ਤਾਂ ਤੱਕ ਇਹ ਵੈਰ ਪੁਆਵੇ
ਕਈ-ਕਈ ਕਤਲ ਕਰਾਉਂਦੀ ਏ।

ਖੁੰਧਕ ਰੱਖ ਕੇ ਲੂਤੀ ਲਾਉਣੀ
ਸਿੱਟੇ ਇਸ ਦੇ ਖ਼ਤਰਨਾਕ ਨੇ,
ਜਾਣੇ ਜਾਂ ਅਣਜਾਣੇ ਅੰਦਰ
ਬੜੇ ਪੁਆੜੇ ਪਾਉਂਦੀ ਏ।

ਦੋ ਭਾਈਆ ਦਾ ਇਕੱਠੇ ਬਹਿਣਾ
ਚੁਗ਼ਲ ਖੋਰ ਤੋਂ ਜਰ ਨਹੀਂ ਹੁੰਦਾ,
ਫੁੱਟ ਪਾਉਣ ਦੀ ਮਾਰੂ ਨੀਤੀ
ਘਟੀਆ ਸੋਚ ਦੁੜਾਉਂਦੀ ਏ।

ਆਦਤ ਤੋਂ ਕਈ ਬਾਜ਼ ਨਾ ਆਉਂਦੇ
ਲੱਖ ਕੁਪੱਤ ਕਰੀ ਜਾਏ ਕੋਈ,
ਤੁਰੇ ਜਾਂਦੇ ਪਾ ਜਾਣ ਪੁਆੜਾ
“ਕੈਦੋਂ” ਜਿਹੇ ਰੰਗ ਚੱੜ੍ਹਾਉਂਦੀ ਏ।

ਉੱਚੀ-ਨੀਵੀਂ ਜਾਤ ਦੇ ਮੇਹਣੇ
ਗੱਲੀਂ ਬਾਤੀਂ ਕੰਨੀ ਕੱਢਣੇ,
ਈਰਖਾ ਦੀ ਅੱਗ ਸੀਨੇ ਲੱਗੀ
ਭਾਂਬੜ ਪਈ ਮਚਾਉਂਦੀ ਏ।

“ਜਿੱਦਾਂ ਮੰਗਣੀ ਹੋ ਗਈ ਤੇਰੀ
ਮਿਰਗੀ ਵੀ ਹੱਟ ਜਾਣੀ ਪੁੱਤਰਾ”,
ਬੁੱਢੀ ਮਾਈ ਸ਼ਰੀਕਣ ਬਣਕੇ
ਭਾਨੀ ਮਾਰ ਸੁਣਾਉਂਣੀ ਏ।

ਦੁਨੀਆ ਦੇ ਕਈ ਦੇਸ਼ ਵੀ ਯਾਰੋ
ਏਸੇ ਅੱਗ ਵਿੱਚ ਸੜਦੇ ਵੇਖੇ,
ਵੱਡੀ ਤਾਕਤ ਛੋਟੀਆਂ ਤਾਂਈਂ
ਕੁੱਕੜਾਂ ਵਾਂਗ ਲੜਾਉਂਦੀ ਏ।

ਕੋਝੀਆਂ ਚਾਲਾਂ, ਚੱਲ ਸਰਕਾਰਾਂ
ਧਰਮ ਨੂੰ ਅੰਤ ਬਣਾਵਣ ਹਊਆ,
ਅਮਨ ‘ਚ ਵਸਦੀ ਮਾਨਵਤਾ ਨੂੰ
ਜੰਗ ਦੇ ਮੂੰਹ ਵਿੱਚ ਪਾਉਂਦੀ ਏ।

ਕਾਨਾ-ਫੂਸੀ ਕਰ ਮਹਿਫ਼ਲ ਵਿੱਚ
ਘੁਸਰ-ਮੁਸਰ ਕਈ ਲੋਕੀਂ ਕਰਦੇ,
ਦਿਲ ਵਿੱਚ ਗੱਲ ਨਾ ਪਚਦੀ ਭੋਰਾ
ਸੁੱਤੀਆਂ ਕਲਾ ਜਗਾਉਂਦੀ ਏ।

ਨਛੱਤਰ ਭੋਗਲ ਕਈ ਲੇਖਕ ਵੀ
ਚੁਗ਼ਲੀ ਕਰਨੋਂ ਬਾਂਝ ਨਾ ਆਉਂਦੇ,
ਐਧਰ ਲਾਉਣ, ਬੁਝਾਂਉਦੇ ਔਧਰ
ਚੁਗ਼ਲੀ ਪਾੜੇ ਪਾਉਂਦੀ ਏ।
***

ਪਹਿਲੀ ਵਾਰ 19 ਅਕਤੂਬਰ 2021)

***
450
***

About the author

Nachhatar Singh Bhopal
ਨਛੱਤਰ ਸਿੰਘ ਭੋਗਲ, ਭਾਖੜੀਆਣਾ
0044 7944101658 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਨਛੱਤਰ ਸਿੰਘ ਭੋਗਲ, ਭਾਖੜੀਆਣਾ

View all posts by ਨਛੱਤਰ ਸਿੰਘ ਭੋਗਲ, ਭਾਖੜੀਆਣਾ →