ਸੰਸਾਰ ਭਰ ਦੇ ਧਰਮ ਗ੍ਰੰਥਾਂ ਅਤੇ ਖੇਤੀ ਭੂ-ਵਿਗਿਆਨੀਆਂ ਦੀਆਂ ਲਿਖਤਾਂ ਮੁਤਾਬਕ ਮਨੁੱਖੀ ਸਭਿਅਤਾ ਦਾ ਵਿਕਾਸ ਅਤੇ ਕਿਰਸਾਨੀ (ਖੇਤੀਬਾੜੀ) ਦਾ ਇਤਿਹਾਸ; ਲਗਭਗ ਸਮਾਨੰਤਰ ਚੱਲਦੇ ਆ ਰਹੇ ਹਨ ਕਿਉਂਕਿ ਮੁੱਢ ਤੋਂ ਹੀ ਧਰਤੀ ’ਚੋਂ ਪੈਦਾ ਹੋਣ ਵਾਲੀਆਂ ਵਸਤੂਆਂ ਪ੍ਰਾਣੀਆਂ ਦਾ ਭੋਜਨ ਬਣ ਕੇ ਉਨ੍ਹਾਂ ਨੂੰ ਜੀਵਨ ਪ੍ਰਦਾਨ ਕਰਦੀਆਂ ਆ ਰਹੀਆਂ ਹਨ। ਅਮਰੀਕਨ ਸਟੇਸਮੈਨ ‘ਡੇਨੀਅਲ ਵੈਬਸਟਰ’ (1782-1852) ਵੀ ਮੰਨਦਾ ਸੀ ਕਿ ‘ਮਨੁੱਖੀ ਸਭਿਅਤਾ ਦੀ ਸਥਾਪਤੀ ’ਚ ਕਿਸਾਨ ਦਾ ਯੋਗਦਾਨ ਸਭ ਤੋਂ ਅਹਿਮ ਹੈ।’ ਆਧੁਨਿਕ ਖੇਤੀ ਵਿਗਿਆਨ ‘ਖੇਤੀਬਾੜੀ’ ਨੂੰ ਪੌਦੇ ਅਤੇ ਜਾਨਵਰਾਂ ਦੀ ਕਾਸ਼ਤ ਕਰਨ ਦਾ ਵਿਗਿਆਨ ਤੇ ਕਲਾ ਮੰਨਦਾ ਹੈ ਅਤੇ ਉਸ ਦਾ ਅੰਦਾਜ਼ਾ ਹੈ ਕਿ ਇਹ ਕਿੱਤਾ ਹਜ਼ਾਰਾਂ ਸਾਲ ਪੁਰਾਣਾ ਹੈ। ਸੰਸਾਰ ਦੇ 2 ਅਰਬ ਲੋਕ ਹੁਣ ਵੀ ਖੇਤੀਬਾੜੀ ਦੇ ਧੰਦੇ ਵਿੱਚ ਰੁੱਝੇ ਹੋਏ ਹਨ। ਜੋ ਕਈ ਕਿਸਮ ਦੇ ਖ਼ਤਰਿਆਂ ਨਾਲ ਜੂਝਦੇ ਹੋਏ ਈਮਾਨਦਾਰੀ ਨਾਲ ਆਪਣੇ ਪਰਵਾਰ ਵੀ ਪਾਲ਼ ਰਹੇ ਹਨ ਅਤੇ ਉਨ੍ਹਾਂ ਦੀ ਬਦੌਲਤ ਬਾਕੀ ਦੇ ਮਨੁੱਖੀ ਭਾਈਚਾਰੇ ਤੇ ਪਸ਼ੂ ਪੰਛੀਆਂ ਨੂੰ ਵੀ ਕਈ ਕਿਸਮ ਦਾ ਭੋਜਨ ਉਪਲਬਧ ਹੋ ਰਿਹਾ ਹੈ। ਇਸੇ ਲਈ ਖੇਤੀਬਾੜੀ ਨੂੰ ਸੱਚਾ-ਸੁੱਚਾ ਤੇ ਉੱਤਮ ਕਿੱਤਾ ਮੰਨਿਆ ਜਾਂਦਾ ਹੈ ਕਿਉਂਕਿ ਇਹ ਜੀਵਨ ਰੇਖਾ ਹੈ, ਨਾ ਕਿ ਬਜ਼ਾਰੀ ਮੁਨਾਫ਼ਾ ਕਮਾਉਣ ਵਾਲਾ ਕੋਈ ਧੰਦਾ। ਕਿਰਸਾਨੀ ਦੇ ਸਾਧਨਾਂ ਤੇ ਸੰਦਾਂ, ਪਾਣੀ ਦੇ ਸੋਮਿਆਂ ਅਤੇ ਫ਼ਸਲਾਂ ਤੇ ਫਲ਼ਦਾਰ ਪੌਦਿਆਂ ਆਦਿਕ ਦਾ ਸੰਕੇਤਕ, ਅਲੰਕਾਰਕ ਤੇ ਹਵਾਲਾ-ਜਨਕ ਅਤਿ ਸੰਖੇਪ ਵਰਣਨ ਤਾਂ ਰਿਗ-ਵੇਦ, ਬਾਈਬਲ, ਕੁਰਾਣ ਆਦਿਕ ਧਰਮ-ਗ੍ਰੰਥਾਂ ਵਿੱਚ ਵੀ ਮਿਲਦਾ ਹੈ। ਇਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਵੈਦਿਕ ਕਾਲ ਵਿੱਚ ਵੀ ਭਾਰਤ ਖੇਤੀ ਪ੍ਰਧਾਨ ਦੇਸ਼ ਸੀ ਅਤੇ ਇਸ ਪੱਖੋਂ ਪੰਜਾਬ ਦਾ ਇਲਾਕਾ ਸਭ ਤੋਂ ਸਿਰਮੌਰ ਸੀ । ਸੰਸਾਰ ਦੇ ਸਭ ਤੋਂ ਪ੍ਰਾਚੀਨ ਮੰਨੇ ਜਾਂਦੇ ਗ੍ਰੰਥ ਰਿਗ ਵੇਦ ਦਾ ਖੇਤੀ ਲਈ ਪ੍ਰੇਰਨਾਦਾਇਕ ਮੰਤਰ ਹੈ: अक्षैर्मा दीव्यः कृषिमित् कृषस्व वित्ते रमस्व बहुमन्यमानः (ऋग्वेद-३४-१३) ਅਰਥ: ਜੂਆ ਮਤ ਖੇਲੋ, ਕ੍ਰਿਸ਼ੀ (ਖੇਤੀ) ਕਰੋ ਤੇ ਸਨਮਾਨ ਸਹਿਤ ਧਨ ਪ੍ਰਾਪਤ ਕਰੋ, ਪਰ ਧਰਮਾਂ ਦੇ ਤੁਲਨਾਤਮਿਕ ਅਧਿਐਨ (ਕੰਪੈਰੇਟਿਵ ਥਿਆਲੋਜੀ) ਦਾ ਵਿਦਿਆਰਥੀ ਹੋਣ ਦੇ ਨਾਤੇ ਮੈਂ ਨਿਸ਼ਚੇ ਨਾਲ ਕਹਿ ਸਕਦਾ ਹਾਂ ਕਿ ਗੁਰਮਤਿ ਦੇ ਵਿਸ਼ਵ-ਵਿਆਪੀ ਤੇ ਸਰਬਸਾਂਝੇ ਦਰਸ਼ਨ ਦੀ ਸਰਬੋਤਮਤਾ ਵਾਂਗ ਉਪਰੋਕਤ ਪੱਖੋਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਤੋਂ ਸਿਰਮੌਰ ਹਨ। ਇਸ ਵਿੱਚ ਕਿਰਸਾਨ ਤੇ ਕਿਰਸਾਨੀ ਨਾਲ ਸੰਬੰਧਿਤ ਸਰਬਪੱਖੀ ਵਰਣਨ ਸਭ ਤੋਂ ਵਧੇਰੇ, ਸਪਸ਼ਟ ਅਤੇ ਰੂਹਾਨੀਅਤ ਪੱਖੋਂ ਕਿਸਾਨ ਲਈ ਅਤਿਅੰਤ ਸਿਖਿਆਦਾਇਕ ਹੈ। ਸੰਸਾਰ ਦੇ ਇਤਿਹਾਸ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ (1469-1539) ਪਹਿਲੇ ਤੇ ਇੱਕੋ-ਇੱਕ ਪੈਗ਼ੰਬਰ ਹਨ, ਜਿਨ੍ਹਾਂ ਨੇ ਆਪਣੇ ਪ੍ਰਚਾਰ ਦੌਰਿਆਂ (ਉਦਾਸੀਆਂ) ਉਪਰੰਤ ਸ੍ਰੀ ਕਰਤਾਰਪੁਰ (ਪਾਕਿਸਤਾਨ) ਵਿਖੇ ਜ਼ਿੰਦਗੀ ਦੇ 20 ਸਾਲ ਆਪ ਖੇਤੀਬਾੜੀ ਕੀਤੀ। ਉਹ ਜਦੋਂ ਵੀ ਪ੍ਰਚਾਰ ਦੌਰੇ (ਉਦਾਸੀ) ਤੋਂ ਵਾਪਸ ਸ੍ਰੀ ਕਰਤਾਰਪੁਰ ਪਹੁੰਚਦੇ, ਉਦੋਂ ਹੀ ਹਲ਼ ਪੰਜਾਲੀ ਚੁੱਕ ਲੈਂਦੇ। ਉਨ੍ਹਾਂ ਨੇ ਆਪਣੇ ਪਰਮ ਸੇਵਕ ਭਾਈ ਲਹਿਣਾ (ਗੁਰੂ ਅੰਗਦ ਦੇਵ ਜੀ) ਨੂੰ ਗੁਰਿਆਈ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣ ਲਈ ਮੁੰਜੀ (ਝੋਨੇ) ਦੇ ਖੇਤਾਂ ਵਿੱਚੋਂ ਪੁੱਟੇ ਨਦੀਨ ਘਾਹ ਦੀ ਪੰਡ ਹੀ ਸਿਰ ’ਤੇ ਚੁਕਵਾਈ ਸੀ। ਉਨ੍ਹਾਂ ਦੀਆਂ ਅਜਿਹੀਆਂ ਸਿਖਿਆਵਾਂ ਦਾ ਹੀ ਸਿੱਟਾ ਹੈ ਕਿ ਸਾਰੇ ਗੁਰੂ ਸਾਹਿਬਾਨ ਔਖੇ ਵੇਲੇ ਕਿਸਾਨ ਦੀ ਬਾਂਹ ਫੜਦੇ ਰਹੇ। ‘ਗੁਰ ਇਤਿਹਾਸ ਪਾਤਸ਼ਾਹੀ 2 ਤੋਂ 9’ ਵਿੱਚ ਪ੍ਰੋ. ਸਾਹਿਬ ਸਿੰਘ ਜੀ ਲਿਖਦੇ ਹਨ ਕਿ ਸੰਨ 1598 ਦੇ ਭਿਆਨਕ ਕਾਲ ਵੇਲੇ ਸ੍ਰੀ ਗੋਇੰਦਵਾਲ ਵਿਖੇ ‘ਗੁਰੂ ਅਰਜਨ ਸਾਹਿਬ ਨੇ ਪਿੰਡਾਂ ਦੇ ਜੱਟ-ਕਿਸਾਨਾਂ ਦੇ ਦੁਖੜੇ ਅਕਬਰ ਨੂੰ ਦੱਸੇ। ਸਤਿਗੁਰੂ ਜੀ ਦੀ ਪ੍ਰੇਰਨਾ ਨਾਲ ਅਕਬਰ ਨੇ ਉਸ ਸਾਲ ਪੰਜਾਬ ਦਾ ਬਹੁਤ ਸਾਰਾ ਮਾਮਲਾ (ਮਸੂਲ) ਮਾਫ਼ ਕਰ ਦਿੱਤਾ।’ ਪੰ. 156 ਸ੍ਰੀ ਅੰਮ੍ਰਿਤਸਰ ਦੇ ਪ੍ਰਸਿੱਧ ਪਿੰਡ ਝੁਬਾਲ ਨੇੜੇ ‘ਗੁਰਦੁਆਰਾ ਬੀੜ ਸਾਹਿਬ’ ਨਾਂ ਦਾ ਗੁਰ ਸਥਾਨ, ਅਜੋਕੇ ਮੁਹਾਵਰੇ ਵਿੱਚ ਗੁਰੂ-ਕਾਲ ਵੇਲੇ ਕੁਦਰਤੀ ਖੇਤੀ ਦਾ ਇੱਕ ਅਜਿਹਾ ਵਿਸ਼ੇਸ਼ ‘ਫਾਰਮ-ਹਾਊਸ’ ਸੀ, ਜਿਸ ਦਾ ਵੱਡਾ ਹਿੱਸਾ ਜੰਗਲ਼ ਦੇ ਰੂਪ ਵਿੱਚ ਪਸ਼ੂਆਂ ਦੇ ਚਰਣ ਲਈ ਘਾਹ ਆਦਿਕ ਦੀ ਖੁੱਲ੍ਹੀ ਚੀਰਾਂਦ (ਬੀੜ) ਵੀ ਸੀ। ਬਾਬਾ ਬੁੱਢਾ ਜੀ (1506-1631) ਦੀ ਅਗਵਾਈ ਵਿੱਚ ਇੱਥੇ ਖੇਤੀਬਾੜੀ ਤੇ ਪਸ਼ੂ-ਪਾਲਣ ਦਾ ਕੰਮ ਧੰਦਾ ਹੁੰਦਾ ਸੀ, ਜਿਸ ਦੁਆਰਾ ਲੋੜਵੰਦ ਗ਼ਰੀਬਾਂ ਲਈ ਚਲਾਏ ਜਾਂਦੇ ਸਰਬ ਸਾਂਝੇ ਗੁਰੂ ਕੇ ਲੰਗਰਾਂ ਲਈ ਅੰਨ, ਦਾਲ਼ਾਂ ਅਤੇ ਦੁੱਧ ਘਿਉ ਆਦਿਕ ਦੀਆਂ ਪਦਾਰਥਕ ਲੋੜਾਂ ਪੂਰੀਆਂ ਹੁੰਦੀਆਂ ਸਨ। ਉਸ ਵੇਲੇ ਦੀ ਖੇਤੀ ਵਿੱਚ ਪਸ਼ੂਆਂ ਦਾ ਵੱਡਾ ਯੋਗਦਾਨ ਸੀ ਕਿਉਂਕਿ ਬੈਲ ਹਲ਼ ਜੋਤੀਦੇ ਸਨ ਅਤੇ ਗੋਬਰ ਤੋਂ ਫ਼ਸਲਾਂ ਲਈ ਖਾਦ (ਰੂੜੀ) ਬਣਦੀ ਸੀ। ਇਸੇ ਲਈ ਪੰਜਾਬ ਦੇ ਕੁਝ ਕਿਰਸਾਨ ਹੁਣ ਜੈਵਿਕ ਖੇਤੀ ਨੂੰ ‘ਨਾਨਕੀ ਖੇਤੀ’ ਕਹਿਣ ਵਿੱਚ ਫ਼ਖ਼ਰ ਮਹਿਸੂਸ ਕਰ ਰਹੇ ਹਨ ਕਿਉਂਕਿ ਅਜਿਹੀ ਖੇਤੀ ਸ੍ਰੀ ਕਰਤਾਰਪੁਰ ਸਾਹਿਬ ਨਾਲ ਜੁੜ ਕੇ ਗੁਰੂ ਨਾਨਕ ਸਾਹਿਬ ਜੀ ਦੀ ਪਹਿਚਾਣ ਬਣ ਚੁੱਕੀ ਹੈ। ਇਹੀ ਕਾਰਨ ਹੈ ਕਿ ਗੁਰੂ ਨਾਨਕ ਜੋਤਿ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੁਨੀਆ ਦਾ ਪਹਿਲਾ ਤੇ ਇੱਕੋ ਇੱਕ ਅਜਿਹਾ ਧਰਮ ਗ੍ਰੰਥ ਸਥਾਪਿਤ ਹੋ ਸਕਿਆ, ਜਿਸ ਵਿੱਚ ਕਿਸਾਨ ਦੁਆਰਾ ਫ਼ਸਲ ਦੇ ਬੀਜ (ਦਾਣੇ) ਬੀਜਣ ਤੋਂ ਪਹਿਲਾਂ ਜ਼ਮੀਨ ਨੂੰ ਸੋਧਣ ਵਰਗੀ ਉਸ ਦੀ ਅਭੁੱਲ ਸਿਆਣਪ ਅਤੇ ਮਾਪਿਆਂ ਵਾਂਗ ਖੇਤ ਦੀ ਸਰਬਪੱਖੀ ਸਾਂਭ-ਸੰਭਾਲ਼ ਦੇ ਪੱਖਾਂ ਨੂੰ ਧਿਆਨ ਵਿੱਚ ਰੱਖ ਕੇ ਰੱਬ ਨੂੰ ‘ਸਚਾ ਵਡ ਕਿਰਸਾਣੁ’ ਕਹਿ ਕੇ ਵਡਿਆਇਆ ਗਿਆ ਹੈ ਭਾਵ ਕਿਰਸਾਨ ਦੀ ਤੁਲਨਾ ਸਦਾ-ਥਿਰ ਰੱਬ ਨਾਲ ਕੀਤੀ ਗਈ ਹੈ। ਕਿਰਤ ਤੇ ਕੀਰਤੀ ਸੁਮੇਲ ਕਰਦਿਆਂ ਸੰਸਾਰ ਨੂੰ ਹਰੀ ਪ੍ਰਭੂ ਦਾ ਖੇਤ ਅਤੇ ਨਾਮ ਜਪਣ ਦੀ ਧਰਮ-ਸਾਧਨਾ ਨੂੰ ਮਨੁੱਖਾਂ ਲਈ ਵਾਹੀ ਦੀ ਕਾਰ ਦੱਸਿਆ ਹੈ। ਸਪਸ਼ਟ ਹੈ ਕਿ ਕਿਰਸਾਨ ਨੂੰ ਉਪਰੋਕਤ ਕਿਸਮ ਦੀ ਰੂਹਾਨੀਅਤ ਵਡਿਆਈ ਤੇ ਸਨਮਾਨ ਹੋਰ ਕਿਸੇ ਵੀ ਮਜ਼ਹਬ ਵਿੱਚ ਪ੍ਰਾਪਤ ਨਹੀਂ ਹੋ ਸਕਿਆ। ਪ੍ਰਮਾਣ ਸਰੂਪ ਇਲਾਹੀ ਗੁਰਵਾਕ ਹਨ: ‘‘ਆਪਿ ਸੁਜਾਣੁ, ਨ ਭੁਲਈ; ਸਚਾ ਵਡ ਕਿਰਸਾਣੁ॥ ਧਨ ਦੌਲਤ ਕਮਾਉਣ ਦੇ ਕਿੱਤਿਆਂ (ਖੇਤੀ, ਦੁਕਾਨਦਾਰੀ, ਵਪਾਰ ਤੇ ਨੌਕਰੀ) ਨੂੰ ਰੱਬੀ ਪ੍ਰਾਪਤੀ ਦੇ ਰੂਪ ਵਿੱਚ ਗੁਣਾਤਮਕ ਨਾਮ-ਧਨ ਕਮਾਉਣ ਲਈ ਵਰਤਣ ਦੀ ਜਾਚ ਸਿਖਾਉਣ ਹਿੱਤ ਗੁਰੂ ਨਾਨਕ ਸਾਹਿਬ ਜਦੋਂ ਅਲੰਕਾਰਕ ਬਾਣੀ ਉਚਾਰਦੇ ਹਨ ਤਾਂ ਵੀ ਉਹ ਖੇਤੀਬਾੜੀ ਦਾ ਸਭ ਤੋਂ ਪਹਿਲਾਂ ਵਰਣਨ ਕਰਦੇ ਹਨ ਕਿਉਂਕਿ ਹਜ਼ੂਰ ਦੀ ਨਜ਼ਰ ਵਿੱਚ ਰੱਬੀ ਭਰੋਸੇ ਤੇ ਈਮਾਨ ਜਮਾਉਣ ਵਾਲੀ ਇਹ ਉਪਕਾਰੀ ਘਾਲ ਸਰਬੋਤਮ ਕਾਰ ਸੀ। ਹਜ਼ੂਰ ਦਾ ਫ਼ੁਰਮਾਨ ਹੈ ‘‘ਮਨੁ ਹਾਲੀ ਕਿਰਸਾਣੀ ਕਰਣੀ; ਸਰਮੁ ਪਾਣੀ ਤਨੁ ਖੇਤੁ॥ ਨਾਮੁ ਬੀਜੁ ਸੰਤੋਖੁ ਸੁਹਾਗਾ; ਰਖੁ ਗਰੀਬੀ ਵੇਸੁ ॥’’ (ਮਹਲਾ ੧/੫੯੫) ਭਗਤੀ ਲਹਿਰ ਤੇ ਗੁਰੂ-ਕਾਲ ਵੇਲੇ ਵੱਡੇ ਵੱਡੇ ਚੌਧਰੀ ਜ਼ਿਮੀਦਾਰ ਸਨ ਅਤੇ ਕਿਸਾਨ ਉਨ੍ਹਾਂ ਦੇ ਮੁਜ਼ਾਰੇ, ਜਿਨ੍ਹਾਂ ਤੋਂ ਉਹ ਆਪਣੀ ਮਨਮਰਜ਼ੀ ਦੇ ਫ਼ਸਲੀ ਹਿੱਸੇ ਤੋਂ ਇਲਾਵਾ ਪਟਵਾਰੀਆਂ ਰਾਹੀਂ ਖੇਤੀ ਦਾ ਮਾਮਲਾ ਵਸੂਲ ਕੇ ਹਕੂਮਤ ਨੂੰ ਭੇਜਦੇ ਸਨ। ਜ਼ਿਮੀਦਾਰਾਂ ਦੀ ਧੱਕੇਸ਼ਾਹੀ ਤੇ ਪਟਵਾਰੀਆਂ ਦੇ ਵੱਢੀ-ਖੋਰੀ (ਬਿਸਟਾਲਾ) ਵਾਲੇ ਵਿਹਾਰ ਤੋਂ ਕਿਸਾਨ ਬਹੁਤ ਦੁੱਖੀ ਸਨ। ਲੋਕ ਇਉਂ ਮਹਿਸੂਸ ਕਰਦੇ ਸਨ; ਜਿਵੇਂ ਸੱਪ ਵੱਲੋਂ ਡੰਗੇ ਜਾ ਰਹੇ ਹੋਣ। ਭਗਤ ਕਬੀਰ ਸਾਹਿਬ (1398-1518) ਵੱਲੋਂ: ‘‘ਏਕੁ ਕੋਟੁ ਪੰਚ ਸਿਕਦਾਰਾ; ਪੰਚੇ ਮਾਗਹਿ ਹਾਲਾ॥ ਊਪਰਿ ਭੁਜਾ ਕਰਿ ਮੈ ਗੁਰ ਪਹਿ ਪੁਕਾਰਿਆ; ਅਤੇ ਗੁਰੂ ਅਰਜਨ ਸਾਹਿਬ ਦੁਆਰਾ ਉਚਾਰੇ ਸ਼ਬਦ ‘‘ਪੰਜਿ ਕਿਰਸਾਣ ਮੁਜੇਰੇ ਮਿਹਡਿਆ॥ ਕੰਨੁ ਕੋਈ ਕਢਿ ਨ ਹੰਘਈ..॥’’ (ਮਹਲਾ ੫/੭੩) ਆਦਿਕ ਗੁਰਵਾਕਾਂ ਤੋਂ ਉਪਰੋਕਤ ਕਿਸਾਨੀ ਪੱਖ ਸਹਿਜੇ ਹੀ ਸਮਝਿਆ ਜਾ ਸਕਦਾ ਹੈ ਪ੍ਰੰਤੂ ਅਜਿਹੇ ਗ਼ੁਲਾਮੀ-ਜਨਕ ਸਰਕਾਰੀ ਪ੍ਰਬੰਧ ਦੇ ਬਾਵਜੂਦ ਵੀ ਭਗਤ ਕਬੀਰ ਸਾਹਿਬ ਜੀ ਦੇ ਉਪਰੋਕਤ ਵਾਕ ‘‘ਜਿਮੀ ਨਾਹੀ ਮੈ ਕਿਸੀ ਕੀ ਬੋਈ ..॥’’ ਅਤੇ ਗੁਰੂ ਅਰਜਨ ਸਾਹਿਬ ਜੀ ਦੇ ਪਦੇ ‘‘ਜੈਸੇ ਕਿਰਸਾਣੁ ਬੋਵੈ ਕਿਰਸਾਨੀ॥ ਕਾਚੀ ਪਾਕੀ ਬਾਢਿ ਪਰਾਨੀ॥’’ (ਮਹਲਾ ੫/੩੭੫) ਤੋਂ ਇਹ ਨਿਸ਼ਚੇ ਹੁੰਦਾ ਹੈ ਕਿ ਗੁਰੂ ਸਾਹਿਬਾਨ ਅਤੇ ਭਗਤ-ਜਨ ਕਿਰਸਾਨ ਨੂੰ ਖੇਤ ਦੇ ਐਸੇ ਮਾਲਕ ਵਜੋਂ ਵੇਖਣਾ ਚਾਹੁੰਦੇ ਹਨ, ਜਿਸ ਨੂੰ ਆਪਣੀ ਕੱਚੀ ਪੱਕੀ ਫ਼ਸਲ ਵੱਢਣ ਦਾ ਪੂਰਨ ਅਧਿਕਾਰ ਹੋਵੇ। ਉਨ੍ਹਾਂ ਨੂੰ ਕਿਸੇ ਜ਼ਿਮੀਦਾਰ ਦੇ ਮੁਜ਼ਾਰੇ ਤੇ ਸੇਪੀ ਬਣ ਕੇ ਗ਼ੁਲਾਮਾਂ ਵਾਂਗ ਜਿਊਣਾ ਪਸੰਦ ਨਹੀਂ ਸੀ। ਇਹੀ ਕਾਰਨ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੰਨ 1708 ਵਿੱਚ ਜੋਤੀ-ਜੋਤਿ ਸਮਾਉਣ ਦੇ ਦੋ ਸਾਲਾਂ ਦੇ ਅੰਦਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿਖੇ ਛੋਟੇ ਜਿਹੇ ਸਿੱਖ ਰਾਜ ਦੀ ਸਥਾਪਨਾ ਕੀਤੀ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਮੁਗਲਾਂ ਦੇ ਜ਼ਿਮੀਦਾਰਾ ਨਿਜ਼ਾਮ ਨੂੰ ਮੁੱਢੋਂ ਰੱਦ ਕੀਤਾ। ਮੁਜ਼ਾਰਿਆ ਵਜੋਂ ਕਿਰਸਾਨੀ ਕਰਦੇ ਸਿੱਖਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਡਾ. ਗੰਡਾ ਸਿੰਘ ‘ਬੰਦਾ ਸਿੰਘ ਬਹਾਦਰ’ ਨਾਂ ਦੀ ਪੁਸਤਕ ਵਿੱਚ ਲਿਖਦੇ ਹਨ ‘ਅਸਲੀ ਹਲਵਾਹਕ ਭੁਇੰ ਦੇ ਮਾਲਕ ਬਣ ਗਏ ਅਤੇ ਉਨ੍ਹਾਂ ਦੇ ਇਲਾਕੇ ਵਿੱਚੋਂ ਇਹ ਸਦਾ ਵਗਦਾ ਮੋਗਲੀ ਫੋੜਾ ਹਟ ਗਿਆ। ਸਿੱਖ ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਵੇਲੇ ਇਹ ਸੁਧਾਰ ਆਖ਼ਰੀ ਅਤੇ ਪੂਰੀ ਹੱਦ ਤਕ ਪਹੁੰਚਾ ਦਿੱਤਾ ਗਿਆ।’ (ਪੰ. 45), ਪਰ ਅਫ਼ਸੋਸ ਕਿ ਅਜੋਕੇ ਦੌਰ ਦੀ ਮੋਦੀ ਹਕੂਮਤ ਨੇ ਪੰਜਾਬ ਸਮੇਤ ਭਾਰਤੀ ਕਿਸਾਨਾਂ ਨੂੰ ਅਡਾਨੀ ਤੇ ਅੰਬਾਨੀ ਵਰਗੇ ਕਾਰਪੋਰੇਟ ਘਰਾਣਿਆਂ ਦੇ ਮੁਜ਼ਾਰੇ ਬਣਾਉਣ ਦੀ ਠਾਣ ਲਈ ਹੈ ਕਿਉਂਕਿ ਉਨ੍ਹਾਂ ਦੀ ਆਰਥਿਕ ਸਹਾਇਤਾ ਦੇ ਬਲ ਬੋਤੇ ਬੀ. ਜੇ. ਪੀ ਦਿੱਲੀ ਦੇ ਤਖ਼ਤ ਦੀ ਮਾਲਕ ਬਣੀ ਹੈ। ਆਰਥਕ ਮਾਹਰਾਂ ਦਾ ਮੰਨਣਾ ਹੈ ਕਿ ਕੇਂਦਰ ਨੇ ਕਰੋਨਾ ਮਹਾਂਮਾਰੀ ਦੀ ਆੜ ਹੇਠ ਜੋ ਤਿੰਨ ਬਜ਼ਾਰਵਾਦੀ ਕਾਨੂੰਨ (1) ਕਿਸਾਨ ਉਪਜ ਵਪਾਰ ਅਤੇ ਵਣਜ (ਤਰੱਕੀ ਅਤੇ ਸਹੂਲਤ) ਕਾਨੂੰਨ 2020, (2) ਕਿਸਾਨ (ਸ਼ਕਤੀਕਰਨ ਤੇ ਸੁਰਖਿਆ) ਕੀਮਤ ਭਰੋਸੇ ਅਤੇ ਖੇਤੀ ਸੇਵਾਵਾਂ ਬਾਰੇ ਸਮਝੌਤਾ ਕਾਨੂੰਨ 2020, (3) ਜ਼ਰੂਰੀ ਵਸਤਾਂ ਸੋਧ ਕਾਨੂੰਨ 2020 ਬਣਾਏ ਹਨ, ਉਹ ਪਹਿਲਾਂ ਹੀ ਮੁਸੀਬਤਾਂ ਵਿੱਚ ਘਿਰੇ ਪੇਂਡੂ ਭਾਈਚਾਰੇ ਨੂੰ ਹੋਰ ਵੀ ਮੁਸ਼ਕਲਾਂ ਵਿੱਚ ਧੱਕ ਦੇਣਗੇ। ਭਾਰਤ ਵਿੱਚ ਤਾਂ ਪਹਿਲਾਂ ਹੀ ਹਰੇਕ 32 ਮਿੰਟ ਪਿੱਛੋਂ ਇੱਕ ਕਿਸਾਨ ਖ਼ੁਦਕਸ਼ੀ ਕਰ ਰਿਹਾ ਹੈ ਪ੍ਰੰਤੂ ਉਪਰੋਕਤ ਕਾਨੂੰਨਾਂ ਦੀ ਨੀਤੀ ਮੁਤਾਬਕ ਜੇ ਕਿਰਤ ਸ਼ਕਤੀ ਹੋਰ ਘਟਾ ਦਿੱਤੀ ਗਈ ਤਾਂ ਕਿਸਾਨਾਂ ਦੀ ਅਜਿਹੀ ਬੇਦਖ਼ਲੀ ਤੇ ਬੇਰੁਜ਼ਗਾਰੀ ਕਾਰਨ ਕਿਰਸਾਨੀ ਖ਼ੁਦਕਸ਼ੀਆਂ ਦੀ ਦਰ ਵਿੱਚ ਹੋਰ ਵਾਧਾ ਹੋ ਜਾਵੇਗਾ। ਪੰਜਾਬ ਦੇ ਕਿਸਾਨ ਤਾਂ ਅਜਿਹੇ ਕੇਂਦਰੀ ਕਾਨੂੰਨਾਂ ਨੂੰ ਆਪਣੀ ਮੌਤ ਦੇ ਵਾਰੰਟ ਵਜੋਂ ਵੇਖ ਰਹੇ ਹਨ। ਇਹੀ ਕਾਰਨ ਹੈ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਜ਼ੋਰਦਾਰ ਅੰਦੋਲਨ ਕਰ ਰਹੀਆਂ ਹਨ। ਪੰਜਾਬ ਵਿੱਚ ਕੇਂਦਰ ਦੀ ਸੱਤਾਧਾਰੀ ਪਾਰਟੀ ਨੂੰ ਛੱਡ ਕੇ ਬਾਕੀ ਦੀਆਂ ਸਾਰੀਆਂ ਰਾਜਨੀਤਕ ਜਥੇਬੰਦੀਆਂ ਕਿਸਾਨਾਂ ਦੀ ਹਮਾਇਤ ਵਿੱਚ ਆ ਖੜ੍ਹੀਆਂ ਹਨ। ਪੰਜਾਬ ਦੀ ਵਿਧਾਨ ਸਭਾ ਨੇ ਵੀ ਸਾਂਝੇ ਤੌਰ ’ਤੇ ਕੇਂਦਰੀ ਕਾਨੂੰਨਾਂ ਦੀ ਰੋਕ-ਥਾਮ ਲਈ ਨਵੇਂ ਕਾਨੂੰਨ ਘੜ ਕੇ ਰਾਸ਼ਟਰਪਤੀ ਵੱਲ ਤੋਰੇ ਹਨ, ਪਰ ਉਪਰੋਕਤ ਕਿਸਮ ਦੇ ਸਾਰੇ ਪੱਖਾਂ ਨੂੰ ਪੜਚੋਲਣ ਉਪਰੰਤ ਗੁਰਬਾਣੀ ਪਰਿਪੇਖ ਵਿੱਚ ਮੈਨੂੰ ਤਾਂ ਕਿਰਸਾਨੀ ਦੇ ਸਮਾਧਾਨ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਕਤੂਬਰ 1973 ਵਿੱਚ ਪਾਸ ਕੀਤਾ ‘ਅਨੰਦਪੁਰ ਸਾਹਿਬ ਦਾ ਮਤਾ’ ਹੀ ਪੰਜਾਬ ਦੇ ਸਰਬਪੱਖੀ ਦੁੱਖਾਂ ਦਾ ਦਾਰੂ ਤੇ ਮਜ਼ਬੂਤ ਆਧਾਰ ਜਾਪਦਾ ਹੈ ਕਿਉਂਕਿ ਉਹ ਗੁਰਬਾਣੀ ਅੰਦਰਲੀ ਸਰਬਤ ਦੇ ਭਲੇ ਵਾਲੀ ਸੋਚ ਦੇ ਸਿਧਾਂਤਕ ਸਾਰ ‘ਕਿਰਤ ਕਰੋ ਨਾਮ ਜਪ ਅਤੇ ਵੰਡ ਕੇ ਛਕੋ’ ਦੇ ਅਸੂਲਾਂ ’ਤੇ ਆਧਾਰਿਤ ਹੈ। ਉਹ ਇੱਕ ਪਾਸੇ ਤਾਂ ਸਮੁੱਚੇ ਦੇਸ਼ ਵਿੱਚ ਅਮਰੀਕਾ ਵਰਗੇ ਸੰਘੀ ਢਾਂਚੇ ਦੀ ਵਕਾਲਤ ਕਰਦਾ ਹੈ ਅਤੇ ਦੂਜੇ ਪਾਸੇ ਸਮੁੱਚੇ ਪੰਜਾਬੀਆਂ ਦੀ ਬਾਂਹ ਫੜ ਕੇ ਕਿਸਾਨਾਂ ਲਈ ਵੱਡਾ ਸਹਾਰਾ ਬਣਦਾ ਹੈ। ਉਹ ਯਤਨ ਕਰਦਾ ਹੈ ਕਿ ਖੇਤੀਬਾੜੀ ਉਪਜ ਦੀਆਂ ਕੀਮਤਾਂ ਮੱਧ ਦਰਜ਼ੇ ਦੇ ਕਿਸਾਨਾਂ ਦੀ ਪੈਦਾਵਾਰ ਦੇ ਖ਼ਰਚੇ ਦੀ ਬੁਨਿਆਦ ਤੇ ਨੀਯਤ ਹੋ ਜਾਣ। ਉਹ ਚਾਹੁੰਦਾ ਹੈ ਕਿ ਖੇਤੀ ਕੀਮਤਾਂ ਨੀਯਤ ਕਰਨ ਦਾ ਅਧਿਕਾਰ ਰਾਜ-ਸਰਕਾਰਾਂ ਪਾਸ ਹੋਵੇ। ਉਹ ਅੰਨ ਵਪਾਰ ਦੇ ਸੰਪੂਰਨ ਕੌਮੀਕਰਨ ਦੀ ਹਮਾਇਤ ਕਰਦਾ ਹੋਇਆ ਰਾਜ-ਸਰਕਾਰ ਤੇ ਸਰਕਾਰੀ ਏਜੰਸੀਆਂ ਰਾਹੀਂ ਅੰਨ ਅਤੇ ਦੂਜੀਆਂ ਹੋਰ ਫ਼ਸਲਾਂ ਦੀ ਥੋਕ ਦੇ ਵਪਾਰ ਦਾ ਵੀ ਪੂਰਨ ਸਰਕਾਰੀ-ਕਰਨ ਲਈ ਉਪਰਾਲੇ ਕਰਦਾ ਹੈ। ਅਫ਼ਸੋਸ ਕਿ ਅਜੋਕੇ ਅਕਾਲੀ ਆਗੂ ਤਾਂ ਇਸ ਮਤੇ ਵੱਲ ਅਜੇ ਵੀ ਪਿੱਠ ਕਰੀ ਖੜ੍ਹੇ ਹਨ। ਹਕੀਕਤ ਇਹ ਹੈ ਕਿ ਅਨੰਦਪੁਰੀ ਮਤੇ ਨੂੰ ਰਾਜਸੀ ਏਜੰਡਾ ਬਣਾਏ ਬਗ਼ੈਰ ਹੁਣ ਅਕਾਲੀ ਦਲ ਸਮੇਤ ਕੋਈ ਵੀ ਖੇਤਰੀ ਪਾਰਟੀ ਆਪਣੀ ਹੋਂਦ ਸਥਾਪਤ ਨਹੀਂ ਕਰ ਸਕੇਗੀ। ਇਹੀ ਕਾਰਨ ਹੈ ਕਿ ਅਖੌਤੀ ਅਕਾਲੀ ਤਾਂ ਇਸ ਪੱਖੋਂ ਦੜ ਵੱਟੀ ਬੈਠੇ ਹਨ, ਪਰ ਆਮ ਪਾਰਟੀ ਦੀਆਂ ਨੀਤੀਆਂ ਤੋਂ ਨਿਰਾਸ ਆਗੂ ਐਮ. ਪੀ. ਗਾਂਧੀ ਉਪਰੋਕਤ ਮਤੇ ਦਾ ਝੰਡਾ-ਬਰਦਾਰ ਬਣਿਆ ਫਿਰਦਾ ਹੈ ਕਿਉਂਕਿ ਕੰਗਾਲੀ, ਭੁੱਖ-ਨੰਗ ਤੇ ਥੁੜ ਨੂੰ ਦੂਰ ਕਰਨਾ, ਨਿਆਕਾਰੀ ਨਿਜ਼ਾਮ ਸਥਾਪਤ ਕਰਨਾ, ਦੌਲਤ ਤੇ ਉਪਜ ਨੂੰ ਵਧਾਉਣਾ ਅਤੇ ਪੰਜਾਬ ਦੇ ਪਾਣੀਆਂ ਦੀ ਮੌਜੂਦਾ ਲੁੱਟ-ਘਸੁੱਟ ਨੂੰ ਮਿਟਾਉਣਾ ਤੇ ਜਾਤ-ਪਾਤ ਦੇ ਵਿਤਕਰੇ ਦਾ ਫਸਤਾ (ਰੱਫੜ) ਵੱਢਣਾ; ਉਸ ਅਕਾਲੀ ਮਤੇ ਦੇ ਮਾਨਵ-ਹਿਤਕਾਰੀ ਉੱਚੇ ਮਨੋਰਥ ਹਨ। ਭੁੱਲ-ਚੁੱਕ ਮੁਆਫ਼ |