ਪ੍ਰੰਤੂ ਸਾਂਝੇ ਪੰਜਾਬ ਤੇ ਦੇਸ਼ ਦੀ ਵੰਡ ਹੋਣ ਤੋਂ ਬਾਅਦ ਪਾਕਿਸਤਾਨ ਜਾ ਕੇ ਵਸੇ ਲੋਕ ਕਵੀ ਉਸਤਾਦ ਦਾਮਨ ਨੇ ਮਨੁੱਖਤਾ ਦੇ ਕਤਲਾਂ ਨੂੰ ਇਨਸਾਨੀਅਤ ਦਾ ਘਾਣ ਦੱਸਦਿਆਂ ਲਿਖਿਆ ਸੀ। ਉਤਾਦ ਦਾਮਨ ਜਿਨ੍ਹਾਂ ਦਾ ਨਾਮ ਚਿਰਾਗ ਦੀਨ ਸੀ, ਉਨ੍ਹਾਂ ਆਪਣੇ ਨਾਮ ਨੂੰ ਪੰਜਾਬੀ ਦਾ ਅਲੰਬਰਦਾਰ ਬਣਨ ਦਾ ਮਾਣ ਦਿੱਤਾ। ਚਿਰਾਗ ਰੌਸ਼ਨੀ ਦੇਣ ਵਾਲੇ ਦੀਵੇ ਦਾ ਪਵਿਤਰ ਨਾਮ ਗਿਣਿਆਂ ਜਾਂਦਾ ਹੈ। ਉਸਤਾਦ ਦਾਮਨ ਨੇ ਆਪਣੇ ਨਾਮ ਦੀ ਪਵਿਤਰਤਾ ਨੂੰ ਬਰਕਰਾਰ ਰੱਖਦਿਆਂ ਦੇਸ਼ ਦੀ ਵੰਡ ਸਮੇਂ ਹੋਏ ਇਨਸਾਨੀਅਤ ਦੇ ਕਤਲਾਂ ਬਾਰੇ ਬਾਖ਼ੂਬੀ ਲਿਖਿਆ ਹੈ। ਉਹ ਵਿਲੱਖਣ ਸ਼ਖਸੀਅਤ ਦੇ ਮਾਲਕ ਸਨ। ਪੰਜਾਬੀ ਬੋਲੀ ਦੇ ਨਾਲ ਉਸ ਨੂੰ ਅਥਾਹ ਪਿਆਰ ਅਤੇ ਸਤਿਕਾਰ ਸੀ। ਭਾਰਤ ਦੀ ਵੰਡ ਹੋਣ ਸਮੇਂ ਪੰਜਾਬ ਵੀ ਦੋ ਭਾਗਾਂ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚ ਵੰਡਿਆ ਗਿਆ। ਭੂਗੋਲਿਕ ਵੰਡ ਪੰਜਾਬੀਆਂ ਦੀ ਵਿਰਾਸਤ ਬੋਲੀ, ਪਹਿਰਾਵਾ, ਰਸਮੋ-ਰਿਵਾਜ, ਹਵਾ-ਪਾਣੀ, ਸਭਿਅਤਾ ਅਤੇ ਸਭਿਆਚਾਰ ਦੀਆਂ ਵੰਡੀਆਂ ਨਾ ਪਾ ਸਕੀ। ਪੰਜਾਬੀ ਭਾਵੇਂ ਦੋ ਖਿਤਿਆਂ ਵਿਚ ਵੰਡੇ ਜਾ ਚੁੱਕੇ ਸਨ ਪ੍ਰੰਤੂ ਉਨ੍ਹਾਂ ਦੀਆਂ ਭਾਵਨਾਵਾਂ ਆਪਣੀ ਮਾਤਭੂਮੀ ਲਈ ਭੱਟਕ ਰਹੀਆਂ ਸਨ। ਉਹ ਮਾਨਸਿਕ ਅਤੇ ਆਤਮਿਕ ਤੌਰ ਤੇ ਮਾਖਿਓਂ ਮਿੱਠੀ ਪੰਜਾਬੀ ਭਾਸ਼ਾ ਨਾਲ ਓਤਪੋਤ ਸਨ। ਪੰਜਾਬੀ ਦੇ ਸ਼ਾਇਰਾਂ ਖਾਸ ਤੌਰ ਤੇ ਲੋਕ ਕਵੀਆਂ ਨੂੰ ਆਪਣੀ ਮਿੱਟੀ ਦਾ ਮੋਹ ਤੜਪਾ ਰਿਹਾ ਸੀ। ਮਜ਼ਬੂਰੀ ਵੱਸ ਉਨ੍ਹਾਂ ਨੂੰ ਆਪਣੀ ਧਰਤੀ ਮਾਤਾ ਨੂੰ ਅਲਵਿਦਾ ਕਹਿਣਾ ਪਿਆ ਸੀ। ਲਹਿੰਦੇ ਪੰਜਾਬ ਦੇ ਲੋਕ ਕਵੀਆਂ ਵਿਚੋਂ ਚਿਰਾਗ ਦੀਨ ਦਾਮਨ ਜੋ ਉਸਤਾਦ ਦਾਮਨ ਦੇ ਨਾਂ ਨਾਲ ਜਾਣਿਆਂ ਜਾਂਦਾ ਸੀ, ਉਹ ਪੰਜਾਬ ਦੀ ਵੰਡ ਨੂੰ ਮਾਨਸਿਕ ਤੌਰ ਤੇ ਭੁਲਾ ਨਾ ਸਕਿਆ। ਦੇਸ ਦੀ ਵੰਡ ਦੀ ਚੀਸ ਹਮੇਸਾ ਉਸਨੂੰ ਰੜਕਦੀ ਰਹੀ। ਇਸ ਕਰਕੇ ਉਹ ਦੇਸ ਦੀ ਵੰਡ ਤੋਂ ਬਾਅਦ ਵੀ ਭਾਰਤ ਵਿਚ ਹੋਣ ਵਾਲੇ ਕਵੀ ਦਰਬਾਰਾਂ ਦੀ ਰੌਣਕ ਵਧਾਉਂਦਾ ਰਿਹਾ। ਭਾਰਤ ਵਿਚ ਹੋਣ ਵਾਲੇ ਕਵੀ ਦਰਬਾਰਾਂ ਦਾ ਉਹ ਸ਼ਿੰਗਾਰ ਬਣਦਾ ਰਿਹਾ। ਜਿਸਮਾਨੀ ਤੌਰ ਤੇ ਭਾਵੇਂ ਉਹ ਪਾਕਿਸਤਾਨ ਵਿਚ ਰਹਿ ਰਿਹਾ ਸੀ ਪ੍ਰੰਤੂ ਭਾਵਨਾਤਮਿਕ ਤੌਰ ਤੇ ਉਹ ਚੜ੍ਹਦੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਇਕ-ਮਿਕ ਸੀ। ਦੇਸ ਦੀ ਵੰਡ ਸੰਬੰਧੀ ਉਸ ਨੇ ਬੜੀਆਂ ਹੀ ਦਿਲ ਨੂੰ ਟੁੰਬਣ ਵਾਲੀਆਂ ਕਵਿਤਾਵਾਂ ਲਿਖੀਆਂ ਹਨ, ਜਿਹੜੀਆਂ ਰਹਿੰਦੀ ਦੁਨੀਆਂ ਤੱਕ ਤਰੋ ਤਾਜਾ ਰਹਿਣਗੀਆਂ। ਉਸਤਾਦ ਦਾਮਨ ਨੇ ਇਸ ਵੰਡ ਦੇ ਦਰਦ ਦੀ ਤ੍ਰਾਸਦੀ ਨੂੰ ਆਪਣੇ ਅੰਦਾਜ਼ ਵਿਚ ਲਾਲ ਕਿਲ੍ਹੇ ਦਿੱਲੀ ਵਿਚ ਹੋਏ ਇੱਕ ਕਵੀ ਦਰਬਾਰ ਵਿਚ ਆਪਣੀ ਕਵਿਤਾ ਪੜ੍ਹਕੇ ਉਥੇ ਹਾਜ਼ਰ ਭਾਰਤ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੂੰ ਰੁਆ ਦਿੱਤਾ ਸੀ। ਉਸ ਦੀ ਕਵਿਤਾ ਦੇ ਬੋਲ ਹਨ, ਭਾਵੇਂ ਮੂੰਹੋਂ ਨਾ ਕਹੀਏ ਪਰ ਵਿਚੋਂ ਵਿਚੀਂ, ਖੋਏ ਤੁਸੀਂ ਵੀ ਓ ਤੇ ਖੋਏ ਅਸੀਂ ਵੀ ਆਂ।
ਇਥੇ ਬੋਲੀ ਪੰਜਾਬੀ ਹੀ ਬੋਲੀ ਜਾਵੇਗੀ, ਉਰਦੂ ਵਿਚ ਕਿਤਾਬਾਂ ਦੇ ਠੱਣਦੀ ਰਹੇਗੀ। ਪਾਕਿਸਤਾਨ ਵਿਚ ਬੈਠਾ ਉਸਤਾਦ ਦਾਮਨ ਪੰਜਾਬੀ ਭਾਸ਼ਾ ਦੀ ਸੇਵਾ ਕਰਦਾ ਰਿਹਾ। ਪੰਜਾਬੀ ਦਾ ਉਹ ਨਿਧੜਕ ਜਰਨੈਲ ਲੋਕ ਕਵੀ ਸੀ, ਜਿਸਨੇ ਤਾਹਨੇ ਮਿਹਣੇ ਸਹਿੰਦਿਆਂ ਪੰਜਾਬੀ ਵਿਚ ਕਵਿਤਾ ਲਿਖਣੋਂ ਗੁਰੇਜ ਨਹੀਂ ਕੀਤਾ। ਹਾਲਾਂਕਿ ਉਸ ਨੂੰ ਪਤਾ ਸੀ ਕਿ ਕਿਸੇ ਵੀ ਸਮੇਂ ਉਸ ਨੂੰ ਸਰੀਰਕ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ। ਪੰਜਾਬੀ ਭਾਸ਼ਾ ਤੋਂ ਕੰਨ੍ਹੀ ਕਤਰਾਉਣ ਵਾਲੇ ਲੇਖਕਾਂ ਅਤੇ ਬੁਧੀਜੀਵੀਆਂ ਨੂੰ ਉਸਤਾਦ ਦਾਮਨ ਤੋਂ ਸੇਧ ਲੈ ਕੇ ਪੰਜਾਬੀ ਭਾਸ਼ਾ ਤੋਂ ਮੁਨਕਰ ਹੋਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਵਿਦਵਾਨੀ ਦੇ ਨਾਂ ਹੇਠ ਗੂੜ੍ਹੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ, ਜਿਹੜੀ ਲੋਕਾਂ ਦੇ ਸਮਝ ਵਿਚ ਹੀ ਨਾ ਆ ਸਕੇ। ਅਜਿਹੀ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਹੜੀ ਸੌਖਿਆਂ ਹੀ ਲੋਕਾਂ ਦੇ ਪੱਲੇ ਪੈ ਜਾਵੇ ਅਤੇ ਉਸਦੀ ਸਾਰਥਿਕਤਾ ਦਾ ਪਤਾ ਲੱਗੇ। ਜਦੋਂ ਵਾਰ ਵਾਰ ਉਸ ਉਪਰ ਦਬਾਅ ਪਾਇਆ ਗਿਆ ਕਿ ਮੁਸਲਮਾਨ ਹੋਣ ਅਤੇ ਪਾਕਿਸਤਾਨ ਵਿਚ ਰਹਿਣ ਕਰਕੇ ਉਸ ਨੂੰ ਪੰਜਾਬੀ ਦੀ ਥਾਂ ਉਰਦੂ ਵਿਚ ਆਪਣੀਆਂ ਨਜਮਾਂ ਲਿਖਣੀਆਂ ਚਾਹੀਦੀਆਂ ਹਨ ਤਾਂ ਉਸ ਨੇ ਕਵਿਤਾ ਵਿਚ ਹੀ ਉਨ੍ਹਾਂ ਨੂੰ ਜਵਾਬ ਦਿੰਦਿਆਂ ਲਿਖਿਆ, ਮੈਨੂੰ ਕਈਆਂ ਨੇ ਆਖਿਆ ਕਈ ਵਾਰ, ਤੂੰ ਲੈਣਾ ਪੰਜਾਬੀ ਦਾ ਨਾਂ ਛੱਡਦੇ ਚਿਰਾਗ ਦੀਨ ਦਾਮਨ ਦਾ ਜਨਮ 3 ਸਤੰਬਰ 1911 ਨੂੰ ਲਾਹੌਰ ਵਿਚ ਕਰੀਮ ਬੀਬੀ ਦੀ ਕੁੱਖੋਂ ਮੀਆਂ ਮੀਰ ਬਖਸ ਦੇ ਘਰ ਹੋਇਆ ਸੀ। ਉਸ ਦਾ ਪਿਤਾ ਫੌਜ ਦੇ ਦਰਜੀਖਾਨੇ ਵਿਚ ਕਪੜੇ ਸਿਉਣ ਦਾ ਕੰਮ ਕਰਦਾ ਸੀ ਪ੍ਰੰਤੂ ਚਿਰਾਗ ਦੀਨ ਦਾਮਨ ਵੱਲੋਂ ਇਨਕਲਾਬੀ ਅਤੇ ਫੌਜੀ ਰਾਜ ਵਿਰੁਧ ਕਵਿਤਾਵਾਂ ਲਿਖਣ ਕਰਕੇ ਉਸ ਦੇ ਪਿਤਾ ਨੂੰ ਫੌਜ ਦੀ ਨੌਕਰੀ ਤੋਂ ਹੱਥ ਧੋਣੇ ਪਏ। ਫਿਰ ਉਸ ਨੇ ਆਪਣੇ ਪਿਤਾ ਨਾਲ ਰਲਕੇ ਦਰਜੀ ਦੀ ਦੁਕਾਨ ਕਰ ਲਈ, ਜਿਸਨੂੰ ਵੀ ਮਜ੍ਹਬੀ ਜਨੂੰਨੀਆਂ ਨੇ ਅੱਗ ਲਗਾਕੇ ਸਾੜ ਦਿੱਤਾ। ਫਿਰ ਵੀ ਦਾਮਨ ਨੇ ਕਿਸੇ ਨੂੰ ਚੰਗਾ ਮਾੜਾ ਚੰਗਾ ਨਹੀਂ ਕਿਹਾ ਸਗੋਂ ਲਿਖਿਆ, ਕਿਸੇ ਤੀਲ੍ਹੀ ਐਸੀ ਲਗਾਈ ਏ, ਥਾਂ ਥਾਂ ਤੇ ਅੱਗ ਮਚਾਈ ਏ। ਉਸਤਾਦ ਦਾਮਨ ਨੇ ਸਾਰੀ ਉਮਰ ਅਣਖ ਨਾਲ ਸ਼ਾਇਰੀ ਕੀਤੀ। ਸਰਕਾਰਾਂ ਦੇ ਦਮਨ ਦਾ ਸ਼ਿਕਾਰ ਵੀ ਹੋਇਆ। ਇਨਕਲਾਬੀ ਕਵਿਤਾ ਸਮਾਜਿਕ ਬੁਰਾਈਆਂ ਅਤੇ ਆਮ ਜਨਤਾ ਉਪਰ ਸਰਕਾਰ ਵਲੋਂ ਕੀਤੇ ਜਾਂਦੇ ਜ਼ੋਰ ਜ਼ਬਰਦਸਤੀ ਦੀਆਂ ਕਾਰਵਾਈਆਂ ਵਿਰੁਧ ਲਿਖਣ ਕਰਕੇ ਉਸ ਉਪਰ ਕਈ ਕੇਸ ਦਰਜ ਕਰਕੇ ਜੇਲ੍ਹ ਵਿਚ ਬੰਦ ਰੱਖਿਆ ਗਿਆ ਪ੍ਰੰਤੂ ਉਸ ਨੇ ਸਰਕਾਰਾਂ ਨਾਲ ਆਡ੍ਹਾ ਲਾਈ ਰੱਖਿਆ। ਫੌਜੀ ਰਾਜ ਤੋਂ ਵੀ ਉਹ ਡਰਿਆ ਨਹੀਂ ਸਗੋਂ ਉਸਨੇ ਫੌਜੀ ਰਾਜ ਤੇ ਟਕੋਰ ਕਰਦਿਆਂ ਅਰਥ ਭਰਪੂਰ ਕਵਿਤਾ ਲਿਖੀ, ਸਾਡੇ ਮੁਲਕ ਦੀਆਂ ਮੌਜਾਂ ਹੀ ਮੌਜਾਂ, ਜਿਧਰ ਦੇਖੋ ਫੌਜਾਂ ਹੀ ਫੌਜਾਂ। ਪਾਕਿਸਤਾਨ ਵਿਚ ਵੀ ਪੰਜਾਬੀ ਦੇ ਹੋਰ ਵੀ ਬਹੁਤ ਸਾਰੇ ਸ਼ਾਇਰ ਹੋਏ ਹਨ ਪ੍ਰੰਤੂ ਉਸਤਾਦ ਦਾਮਨ ਜਿੰਨਾ ਦਲੇਰ, ਮੂੰਹ ਫਟ, ਸਰਲ, ਸਪਸ਼ਟ ਅਤੇ ਰੋਜ ਮਰਰ੍ਹਾ ਦੀ ਜ਼ਿੰਦਗੀ ਨਾਲ ਸੰਬੰਧਤ ਲਿਖਣ ਵਾਲਾ ਕੋਈ ਵੀ ਨਹੀਂ ਸੀ। ਅਗਲੇ 50 ਸਾਲਾਂ ਵਿੱਚ ਪੰਜਾਬੀ ਦੇ ਖ਼ਤਮ ਹੋ ਜਾਣ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਲਹਿੰਦੇ ਪੰਜਾਬ ਦ ਸ਼ਾਇਰ ਦੀ ਪੰਜਾਬੀ ਪ੍ਰਤੀ ਬਚਨਵੱਧਤਾ ਤੋਂ ਕੁਝ ਸਬਕ ਸਿੱਖਣਾ ਚਾਹੀਦਾ ਹੈ। ਪੰਜਾਬੀ ਕਦੀਂ ਵੀ ਖ਼ਤਮ ਨਹੀਂ ਹੋ ਸਕਦੀ। ਅੱਜ ਦੇ ਦਿਨ ਉਤਾਦ ਦਾਮਨ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |