ਜਲੰਧਰ:(ਪ੍ਰੈਸ ਨੋਟ)- ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਖਿਲਾਫ਼ ਪਾਸ ਕੀਤੇ ਤਿੰਨ ਬਿੱਲਾਂ ਦੇ ਖਿਲਾਫ਼ ਲੰਮੇ ਸਮੇਂ ਤੋਂ ਪੰਜਾਬ ਦੇ ਕਿਸਾਨਾਂ ਵਲੋਂ ਆਰੰਭੇ ਸ਼ਾਂਤਮਈ ਸੰਘਰਸ਼ ਨੇ ਦੁਨੀਆਂ ਭਰ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ੍ਹਿਆ ਹੈ। ਇਸ ਦੀ ਹਮਾਇਤ ਵਿੱਚ ਦੇਸ਼ ਭਰ ਦੇ ਕਿਸਾਨ ਨਿਤਰ ਆਏ ਹਨ। ਹਾਕਮ ਧਿਰਾਂ ਵੱਲੋਂ ਵੀ ਇਸ ਸੰਘਰਸ਼ ਦੇ ਵਿਰੁੱਧ ਜ਼ਬਰ-ਜ਼ੁਲਮ ਤੇ ਘਟੀਆ ਤੋਂ ਘਟੀਆ ਹੱਥ-ਕੰਡੇ ਵਰਤੇ ਜਾ ਰਹੇ ਹਨ। ਜਿਸਦੇ ਲਈ ‘ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ’ ਇਸ ਸੰਘਰਸ਼ ਦੀ ਹਮਾਇਤ ਵਿੱਚ ਡੱਟ ਕੇ ਖੜ੍ਹੀ ਹੈ ਅਤੇ ਮੋਢੇ ਨਾਲ ਮੋਢਾ ਡਾਹ ਕੇ ਸੰਘਰਸ਼ ਨੂੰ ਮੰਜ਼ਲ ਤੱਕ ਲੈਜਾਣ ਲਈ ਵਚਨਬੱਧ ਹੈ। ਇਹ ਕਿਸਾਨੀ ਸੰਘਰਸ਼ ਗ਼ਦਰੀ ਬਾਬਿਆਂ ਦੀ ਉਸ ਵਿਰਾਸਤ ਦੀ ਨਿਰੰਤਰਤਾ ਦਾ ਸ਼ਾਨਾਮੱਤਾ ਪੜਾਅ ਹੈ, ਜਿਹੜਾ ਉਨ੍ਹਾਂ 1937 ਵਿੱਚ ‘ਪੰਜਾਬ ਕਿਸਾਨ ਸਭਾ’ ਦਾ ਗੱਠਨ ਕਰਕੇ ਆਰੰਭ ਕੀਤਾ ਸੀ। ਉਨ੍ਹਾਂ ਦੀ ਅਗਵਾਈ ਵਿੱਚ ਅਨੇਕਾਂ ਘੋਲ, ਮੁਜ਼ਾਹਰੇ, ਲਹਿਰਾਂ, ਅੰਮ੍ਰਿਤਸਰ ਕਿਸਾਨ ਮੋਰਚਾ, ਲਾਹੌਰ ਕਿਸਾਨ ਮੋਰਚਾ, ਚੜਿਕ ਤੇ ਕਲਸੀਆਂ ਕਿਸਾਨ ਘੋਲ ਅਤੇ ਨੀਲੀਬਾਰ ਦੀ ‘ਬੰਨੇ ਉਤੇ ਅੱਧੋ ਅੱਧ’ ਆਦਿ ਘੋਲ ਲੜੇ ਅਤੇ ਸਫ਼ਲਤਾਪੂਰਵਕ ਨੇਪਰੇ ਚਾੜ੍ਹੇ ਸਨ। ਅੱਜ ਦਾ ਕਿਸਾਨੀ ਸੰਘਰਸ਼, ਗ਼ਦਰ ਲਹਿਰ ਅਤੇ ਕਿਰਤੀ ਕਿਸਾਨ ਲਹਿਰ ਦੀ ਉਸ ਰਿਵਾਇਤ ਨੂੰ ਅੱਗੇ ਤੋਰਦੇ ਹੋਏ ਸ਼ਾਨਾਮੱਤੇ ਤਰੀਕੇ ਨਾਲ ਵੱਧ ਰਿਹਾ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਪ੍ਰਧਾਨ ਕਾਮਰੇਡ ਅਜਮੇਰ ਸਿੰਘ ਅਤੇ ਕਾਰਜਕਾਰੀ ਸਕੱਤਰ ਡਾ. ਪ੍ਰਮਿੰਦਰ ਸਿੰਘ ਨੇ ਸਾਂਝੇ ਬਿਆਨ ਰਾਹੀਂ ਕਿਹਾ ਹੈ ਕਿ ਬਹੁ ਕੌਮੀ ਕੰਪਨੀਆਂ ਤੇ ਪੂੰਜੀਪਤੀ ਘਰਾਣਿਆਂ ਦੇ ਇਸ਼ਾਰਿਆਂ ਤੇ ਚਲਦੀ ਹੋਈ ਕੇਂਦਰ ਸਰਕਾਰ ਦੇ ਟਾਲਮਟੋਲ ਵਾਲੇ ਰਵੱਈਏ ਦੀ ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਸਖ਼ਤ ਨਿੰਦਿਆਂ ਕਰਦੀ ਹੋਈ ਇਨਸਾਫ਼ਪਸੰਦਾਂ, ਜਮਹੂਰੀਅਤ ਪਸੰਦਾਂ, ਦਲਿਤਾਂ ਤੇ ਮਿਹਨਤਕਸ਼ ਅਵਾਮ ਨੂੰ ਕਿਸਾਨਾਂ ਦੇ ਹੱਕੀ ਘੋਲ ਦੀ ਪਿੱਠ ਤੇ ਆਉਣ ਲਈ ਪੁਰਜ਼ੋਰ ਅਪੀਲ ਕਰਦੀ ਹੈ ਅਤੇ ਹਰ ਤਰੀਕੇ ਨਾਲ ਹਿਮਾਇਤ ਜੁਟਾਉਣ ਲਈ ਵਚਨਬੱਧ ਹੈ। ਕਮੇਟੀ, ਹਰਿਆਣਾ ਦੀ ਖੱਟੜ ਸਰਕਾਰ ਵੱਲੋਂ ਦਿੱਲੀ ਜਾ ਰਹੇ ਅਮਨਪਸੰਦ ਕਿਸਾਨਾਂ ਲਈ ਰੁਕਾਵਟਾਂ ਖੜ੍ਹੀਆਂ ਕਰਨ ਲਈ ਠੰਡੇ ਪਾਣੀ ਦੀਆਂ ਜ਼ੋਰਦਾਰ ਬੁਛਾੜਾਂ, ਕੰਡਿਆਲੀ ਤਾਰ, ਪੱਥਰਾਂ ਦੇ ਢੇਰ ਲਾ ਅਤੇ ਸੜਕਾਂ ਪੁੱਟ ਕੇ ਸੰਵਿਧਾਨਕ ਅਤੇ ਜਮਹੂਰੀ ਹੱਕਾਂ ਦੀਆਂ ਧੱਜੀਆਂ ਉਡਾਇਆਂ ਗਈਆਂ, ਦੀ ਵੀ ਘੋਰ ਨਿੰਦਿਆਂ ਕਰਦੀ ਹੈ। ਇਸ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਸੀਤਲ ਸਿੰਘ ਸੰਘਾ, ਖਜ਼ਾਨਚੀ ਰਣਜੀਤ ਸਿੰਘ ਔਲਖ, ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਚਰੰਜੀ ਲਾਲ ਕੰਗਣੀਵਾਲ ਅਤੇ ਹਰਮੇਸ਼ ਮਾਲੜੀ ਵੀ ਹਾਜ਼ਰ ਸਨ।
ਜਾਰੀ ਕਰਤਾ:
ਡਾ.ਪ੍ਰਮਿੰਦਰ ਸਿੰਘ
ਕਾਰਜਕਾਰੀ ਸਕੱਤਰ