26 April 2024

ਨੌਜਵਾਨਾਂ ਦੇ ਸਿੱਖਿਆ ਕੈਂਪ ਲਾਉਣਾ ਸਮੇਂ ਦੀ ਲੋੜ: ਪ੍ਰੋ. ਜਗਮੋਹਣ ਸਿੰਘ

ਗੁਰੂ ਰਵਿਦਾਸ, ਸ਼ਹੀਦ ਚੰਦਰ ਸ਼ੇਖਰ, ਬੱਬਰ ਅਕਾਲੀ ਸ਼ਹੀਦਾਂ ਦੀ ਯਾਦ ’ਚ
ਦੇਸ਼ ਭਗਤ ਯਾਦਗਾਰ ਹਾਲ ’ਚ ਵਿਚਾਰ-ਚਰਚਾ

ਜਲੰਧਰ: ਆਰਥਕ, ਸਮਾਜਕ ਨਾਬਰਾਬਰੀ, ਲੁੱਟ-ਖਸੁੱਟ, ਜਾਤ-ਪਾਤ ਅਤੇ ਫ਼ਿਰਕੂ ਕੱਟੜਪੁਣੇ ਦੀ ਜੜ੍ਹ ਵੱਢਕੇ ਬੇਗ਼ਮਪੁਰਾ ਸਿਰਜਕੇ ਮਾਨਵਤਾ ਲਈ ਖੁਸ਼ਹਾਲ, ਤਰੱਕੀ ਅਤੇ ਨਿਆਂ ’ਤੇ ਟਿਕਿਆ ਨਿਜ਼ਾਮ ਸਿਰਜਣ ਲਈ ਜ਼ਿੰਦਗੀ ਭਰ ਆਪਣੇ ਸਮਿਆਂ ਅੰਦਰ ਆਪਣੇ ਅੰਦਾਜ਼ ’ਚ ਸੰਗਰਾਮ ਕਰਨ ਵਾਲੇ ਰਾਹਬਰਾਂ, ਦੇਸ਼ ਭਗਤ ਇਨਕਲਾਬੀਆਂ ਅਤੇ ਸ਼ਹੀਦਾਂ ਨੂੰ ਸਮਰਪਤ ਅੱਜ ਦੇ ਇਤਿਹਾਸਕ ਦਿਹਾੜੇ ’ਤੇ ਵਿਚਾਰ-ਚਰਚਾ ਕੀਤੀ ਗਈ।

ਦੇਸ਼ ਭਗਤ ਯਾਦਗਾਰ ਕਮੇਟੀ ਨੇ ਅੱਜ ਸ੍ਰੀ ਗੁਰੂ ਰਵਿਦਾਸ ਜੀ, 27 ਫਰਵਰੀ 1931 ਨੂੰ ਸ਼ਹੀਦੀ ਜਾਮ ਪੀਣ ਵਾਲੇ, ਹਿੰਦੁਸਤਾਨ ਰੀਪਬਲਿਕ ਸੋਸ਼ਲਿਸਟ ਆਰਮੀ ਦੇ ਮੁਖੀ ਚੰਦਰ ਸ਼ੇਖਰ ਆਜ਼ਾਦ,  27 ਫਰਵਰੀ 1926 ਨੂੰ ਫ਼ਾਂਸੀ ਦਾ ਰੱਸਾ ਚੁੰਮਣ ਵਾਲੇ ਬੱਬਰ ਅਕਾਲੀ ਲਹਿਰ ਦੇ ਆਪਾ-ਵਾਰੂ ਦੇਸ਼ ਭਗਤ ਕਿਸ਼ਨ ਸਿੰਘ ਗੜਗੱਜ (ਵੜਿੰਗ, ਜਲੰਧਰ), ਕਰਮ ਸਿੰਘ (ਮਾਣਕੋ, ਜਲੰਧਰ), ਨੰਦ ਸਿੰਘ (ਘੁੜਿਆਲ, ਜਲੰਧਰ), ਸੰਤਾ ਸਿੰਘ (ਛੋਟੀ ਹਰਿਓਂ, ਲੁਧਿਆਣਾ), ਦਲੀਪ ਸਿੰਘ (ਧਾਮੀਆਂ, ਹੁਸ਼ਿਆਰਪੁਰ) ਅਤੇ ਧਰਮ ਸਿੰਘ (ਹਿਯਾਤਪੁਰ ਰੁੜਕੀ, ਹੁਸ਼ਿਆਰਪੁਰ) ਅਤੇ ਪੂਰੇ ਇੱਕ ਸਾਲ ਬਾਅਦ 27 ਫਰਵਰੀ 1927 ਨੂੰ ਫਾਂਸੀ ਲਾਏ ਗਏ ਬੱਬਰ ਅਕਾਲੀ ਲਹਿਰ ਦੇ ਨਿੱਕਾ ਸਿੰਘ (ਗਿੱਲ, ਲੁਧਿਆਣਾ), ਮੁਕੰਦ ਸਿੰਘ (ਜਵੱਧੀ ਕਲਾਂ, ਲੁਧਿਆਣਾ), ਬੰਤਾ ਸਿੰਘ (ਗੁਰੂਸਰ, ਲੁਧਿਆਣਾ), ਸੁੰਦਰ ਸਿੰਘ (ਲਹੁਕਾ, ਅੰਮ੍ਰਿਤਸਰ), ਗੁੱਜਰ ਸਿੰਘ (ਢੱਪਈ, ਲੁਧਿਆਣਾ) ਅਤੇ ਨਿੱਕਾ ਸਿੰਘ ਦੂਜਾ (ਆਲੋਵਾਲ, ਅੰਮ੍ਰਿਤਸਰ) ਨੂੰ ਨਤਮਸਤਕ ਹੁੰਦਿਆਂ ਉਹਨਾਂ ਦੇ ਸੁਪਨਿਆਂ ਦਾ ਨਵਾਂ ਨਰੋਆ ਲੋਕ-ਪੱਖੀ ਨਿਜ਼ਾਮ ਸਿਰਜਣ ਲਈ ਆਪਣਾ ਬਣਦਾ ਯੋਗਦਾਨ ਪਾਉਣ ਦਾ ਅਹਿਦ ਕੀਤਾ ਗਿਆ।

ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜਨਰਲ ਸਕੱਤਰ ਪ੍ਰੋ. ਜਗਮੋਹਣ ਸਿੰਘ ਨੇ ਗ਼ਦਰ ਪਾਰਟੀ, ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ ਲਹਿਰ, ਕਾਲ਼ੇ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਸੰਘਰਸ਼ ਅਤੇ ਵਿਚਾਰਾਂ ਦੇ ਪ੍ਰਗਟਾਵੇ ਉਪਰ ਬੋਲੇ ਜਾ ਰਹੇ ਹੱਲੇ ਬਾਰੇ ਵਿਚਾਰ ਸਾਂਝੇ ਕੀਤੇ।

ਪ੍ਰੋ.ਜਗਮੋਹਣ ਸਿੰਘ ਨੇ ਵਿਸ਼ੇਸ਼ ਕਰਕੇ ਨੌਜਵਾਨ ਪੀੜ੍ਹੀ ਨੂੰ ਸਹੀ ਮਾਰਗ ’ਤੇ ਤੋਰਨ ਲਈ ਧਰਮ-ਨਿਰਪੱਖ, ਵਿਗਿਆਨਕ, ਲੋਕ-ਪੱਖੀ ਇਤਿਹਾਸ, ਸਾਹਿਤ ਅਤੇ ਸਭਿਆਚਾਰਕ ਦੇ ਲੜ ਲਾਉਣ ਲਈ ਸਿੱਖਿਆ ਕੈਂਪਾਂ ਦਾ ਆਯੋਜਨ ਕਰਨ ਉਪਰ ਜ਼ੋਰ ਦਿੱਤਾ। ਉਹਨਾਂ ਇਹ ਵੀ ਕਿਹਾ ਕਿ ਉਪਰੋਂ ਜੋਰਦਾਰ ਦਿਖਾਈ ਦਿੰਦਾ ਫਾਸ਼ੀ ਵਰਤਾਰਾ, ਭਵਿੱਖ਼ ’ਚ ਲੋਕਾਂ ਉਪਰ ਹੋਰ ਵੀ ਮਾਰੂ ਹੱਲੇ ਬੋਲੇਗਾ ਪਰ ਇਹ ਨਾਲ ਦੀ ਨਾਲ ਆਪਣੀ ਕਬਰ ਵੀ ਆਪ ਹੀ ਖੋਦਣ ਦਾ ਕੰਮ ਕਰ ਰਿਹਾ ਹੈ।

ਸਥਾਨਕ ਦੇਸ਼ ਭਗਤ ਯਾਦਗਾਰ ਹਾਲ ’ਚ ਹੋਈ ਇਸ ਵਿਚਾਰ-ਚਰਚਾ ’ਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਵਿੱਤ ਸਕੱਤਰ ਰਣਜੀਤ ਸਿੰਘ ਔਲਖ ਅਤੇ ਲਾਇਬਰੇਰੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਇਤਿਹਾਸ ਸਬ-ਕਮੇਟੀ ਦੇ ਕਨਵੀਨਰ ਚਰੰਜੀ ਲਾਲ ਕੰਗਣੀਵਾਲ, ਮਿਊਜ਼ੀਅਮ ਸਬ-ਕਮੇਟੀ ਦੇ ਕਨਵੀਨਰ ਹਰਵਿੰਦਰ ਭੰਡਾਲ, ਕਮੇਟੀ ਮੈਂਬਰ ਹਰਮੇਸ਼ ਮਾਲੜੀ, ਲੇਖਕ ਅਤੇ ਕਹਾਣੀਕਾਰ ਦੇਸ ਰਾਜ ਕਾਲ਼ੀ ਇਸ ਵਿਚਾਰ-ਚਰਚਾ ’ਚ ਸ਼ਾਮਲ ਹੋਏ।
***
89
***
ਅਮੋਲਕ ਸਿੰਘ
ਕਨਵੀਨਰ 

About the author

Website | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ