19 June 2024

ਦੋ ਕਵਿਤਾਵਾਂ: ਪਾਰਕ ਦੀ ਸੈਰ/ਕਵਿਤਾ—-ਗੁਰਚਰਨ ਸੱਗੂ

1. ਪਾਰਕ ਦੀ ਸੈਰ

ਸੁਬਹ ਸਵੇਰੇ ਸੈਰ ਲਈ
ਹਰ ਰੋਜ਼ ਤੁਰਦਾ ਹਾਂ
ਠੰਢੀ ਤ੍ਰੇਲ ਨਾਲ ਚਮਕਦਾ ਘਾਅ
ਰੁੱਖਾਂ ਉੱਪਰ ਗੀਤ ਗਾਉਂਦੇ ਪੰਛੀ
ਕੋਈ ਚਿੜੀ ਸਿਰ ਤੋਂ ਉਡੱਦੀ
ਹਵਾ ਦੀ ਠੰਡਕ ਦੇ ਜਾਂਦੀ

ਬਸੰਤ ਰੁੱਤ ਆਈ ਹੈ
ਸੁੱਕੇ ਰੁੱਖ ਹਰੇ ਹੋ ਰਹੇ
ਕਰੂੰਬਲ਼ਾਂ ਫੁੱਟ ਰਹੀਆਂ
ਭੂਰ ਚੌਪਾਸੀਂ ਖਿੱਲਰੇ
ਰੰਗ ਬਿਖੇਰਨ ਉਡੱਦੇ

ਨਿੱਕੀਆਂ ਨਿੱਕੀਆਂ ਫੁੱਲ ਡੋਡੀਆਂ
ਮੂੰਹ ਖੁੱਲ੍ਹਣਗੇ
ਰੰਗ ਬਰੰਗੇ ਲਾਲ ਪੀਲੇ
ਗੁਲਾਬੀ ਸੰਤਰੀ ਜਾਮਨੀ
ਚਿੱਟੇ ਫੁੱਲ ਖਿੜ ਜਾਵਣਗੇ

ਪਾਰਕ ਮਹਿਕਾਂ ਵੰਡੇਗਾ
ਤਿਤਲੀਆਂ ਉੱਡਣਗੀਆਂ
ਖੰਭਾਂ ਦੀ ਛਾਂ ਛਾਂ
ਬੰਸਰੀ ਦੀ ਮਿਠਾਸ
ਸਿਤਾਰ ਦਾ ਸੰਗੀਤ
ਤਬਲੇ ਦੀ ਥੱਪ ਥੱਪ
ਮੈਂ ਕਵਿਤਾ ਬਣ ਜਾਵਾਂਗਾ

ਅੱਖਾਂ ਬੰਦ ਕਰਦਾ ਹਾਂ
ਕੁੱਤੇ ਭੌਂਕਣ ਲੱਗਦੇ
ਕਈ ਨਸਲਾਂ ਦੇ ਕੁੱਤੇ
ਕਾਲੇ ਭੂਰੇ ਗੋਰੇ ਚਿੱਟੇ
ਇਕ ਦੂਜੇ ਨਾਲ ਖੇਡ ਰਹੇ

ਕਾਲਾ ਗੋਰੇ ਨੂੰ ਚੱਟਦਾ ਹੈ
ਚਿੱਟਾ ਭੂਰੇ ਨੂੰ
ਭੂਰਾ ਕਾਸ਼ਨੀ ਨੂੰ
ਕੋਈ ਰੰਗ ਨਹੀਂ
ਕੋਈ ਭੇਦ ਨਹੀਂ

ਕੁੱਤੇ ਘਾਹ ਉੱਪਰ
ਢਿੱਡ ਖਾਲ਼ੀ ਕਰਦੇ

ਮਾਲਕ ਚੁੱਕਦੇ
ਕੋਈ ਨਫ਼ਰਤ ਨਹੀਂ
ਕੋਈ ਘਿਰਨਾ ਨਹੀਂ
ਹਸੱਦੇ ਮੁਸਕਰਾਉਂਦੇ
ਗੱਲਾਂ ਕਰਦੇ

ਅੱਜ ਦੇ ਮੌਸਮ ਦੀਆਂ
ਧੁੱਪ ਚੜ੍ਹੇ ਸੂਰਜ ਦੀਆਂ

ਕੁੱਤਿਆਂ ਦੇ ਮਾਲਕ
ਗੋਰੇ ਕਾਲੇ ਭੂਰੇ ਚਾਈਨੀਜ਼
ਕੁਤਿੱਆਂ ਦੀਆਂ ਨਸਲਾਂ ਬਾਰੇ
ਖੁਰਾਕਾਂ ਬਾਰੇ, ਆਦਤਾਂ ਬਾਰੇ
ਡਿਸੱਕਸ ਕਰਦੇ
ਹਾਸਾ ਹਸੱਦੇ
ਹੱਥ ਮਿਲਾਉਂਦੇ
ਵਿਛੱੜ ਜਾਂਦੇ
ਘਰਾਂ ਨੂੰ ਤੁਰਦੇ

ਗੇਟ ਤੋਂ ਬਾਹਿਰ
ਗੋਰਾ ਕਾਲੇ ਵੱਲ ਵੇਖਦਾ
ਅੰਦਰੋਂ ਅੰਦਰੀਂ ਘੂਰਦਾ
ਭੂਰਾ ਕਾਲੇ ਵੱਲ ਤਕੱਦਾ
ਤਿਰਛੀ ਨਜ਼ਰ ਫੇਰਦਾ
ਕਾਲਾ ਮੂੰਹ ਫੇਰਦਾ
ਲਾਲ ਡੋਰੀ ਚਮਕਦੀ
ਮੈਂ ਪਾਰਕ ਅੰਦਰ ਵੇਖਦਾ
ਕੁੱਤੇ ਕਾਲੇ ਗੋਰੇ ਭੂਰੇ
ਇੱਕ ਦੂਸਰੇ ਦਾ
ਮੂੰਹ ਚੱਟ ਰਹੇ ਹੁੰਦੇ
1.06.2021
***

2. ਕਵਿਤਾ

ਜ਼ਿੰਦਗੀ ਦੀ ਕੀ ਇਹ ,ਅਜਬ ਕਹਾਣੀ ਹੈ
ਸਾਹਾਂ ਦੀ ਬੱਸ ਇਕ, ਤਾਣਾ ਤਾਣੀ ਹੈ

ਨੱਚਦੇ ਟੱਪਦੇ ਖੌਰੂ ਪਾਉਂਦੇ ਰਹਿੰਦੇ ਜੋ
ਜਿਹਨਾਂ ਨੱਚਿਆ ਉਹਨਾਂ ਜ਼ਿੰਦਗੀ ਮਾਣੀ ਹੈ

ਤਨ ਦੇ ਕੱਪੜੇ ਚਾਹੇ ਲੀਰੋ ਲੀਰ ਸਹੀ
ਮਨ ਦੀ ਸਰਘੀ ਸਾਡੀ ਨਿੱਤ ਚੜ੍ਹ ਜਾਣੀ ਹੈ

ਅੱਜ ਦਾ ਸੂਰਜ ਕੱਲ੍ਹ ਕਦੇ ਨਹੀਂ ਚੜ੍ਹ ਸਕਦਾ
ਨਾ ਕਦੇ ਪੁਲਾਂ ਤੋਂ ਲੰਘਿਆ ਵਾਪਿਸ ਪਾਣੀ ਹੈ

ਹੌਲੀ ਹੌਲੀ ਦਿਨ ਮਹੀਨੇ ਕੁਤਰਨ ਜ਼ਿੰਦਗੀ ਨੂੰ
ਇੱਕ ਦਿਨ ਪਿੰਜਰੇ ਦੇ ਵਿੱਚ ਇਹ ਫਸ ਜਾਣੀ ਹੈ

ਨਾ ਸਮਝੀ ਵਿੱਚ ਬਹੁਤ ਗਲਤੀਆਂ ਕਰਦੇ ਹਾਂ
ਅਹਿਸਾਸ ਹੋਵੇ ਤਾਂ ਚੰਗਾ ਭੁੱਲ ਬਖ਼ਸ਼ਾਣੀ ਹੈ

ਜ਼ਿੰਦਗੀ ਦੀ ਕੀ ਇਹ, ਅਜਬ ਕਹਾਣੀ ਹੈ
ਸਾਹਾਂ ਦੀ ਬੱਸ ਇਕ, ਤਾਣਾ ਤਾਣੀ ਹੈ
(6.06.2021)
***
211
***