26 April 2024
ਵੱਗਦੀ ਰਹੇ

ਚਾਰ ਗ਼ਜ਼ਲਾਂ —ਭੂਪਿੰਦਰ ਸੱਗੂ, (ਵੁਲਵਰਹੈਂਪਟਨ (ਯੂ.ਕੇ.)

ਗ਼ਜ਼ਲ ੧

ਬੰਦਾ ਅੱਜ ਦਾ ਗਿਰਗਿਟ ਵਾਂਗੂ ਰੰਗ ਵਟਾਉਂਦਾ ਦੇਖ ਕਿਵੇਂ।
ਨਾਟਕ ਐਸੇ ਕਰਦਾ ਕਿੰਨੇ ਭੇਸ ਬਣਾਉਂਦਾ ਦੇਖ ਕਿਵੇਂ।

ਇਸ ਗ਼ੁਲਸ਼ਨ ਦਾ ਮਾਲੀ ਚਾਹਵੇ ਇੱਕ ਨਸਲ ਦੇ ਫੁੱਲਾਂ ਨੂੰ,
ਦੂਸਰਿਅਾਂ ਦੇ ਬਾਰੇ ਇਹ ਨਫ਼ਰਤ ਫੈਲਾਉਂਦਾ ਦੇਖ ਕਿਵੇਂ।

ਲਗਦਾ ਹੈ, ਹੁਣ ਸਾਗਰ ਵਿੱਚੋਂ ਲਾਵਾ ਫੁੱਟਣ ਵਾਲਾ ਹੈ,
ਚਾਨਣ ਹੈ, ਖ਼ਾਮੋਸ਼, ਮਗਰ ਇਹ ਖ਼ੌਰੂ ਪਾਉਂਦਾ ਦੇਖ ਕਿਵੇਂ।

ਫਿਰਕੂ ਦੈਂਤ ਸਮੇਂ ਦਾ ਥਾਂ ਥਾਂ ਮਾਸ ਅਲੂਣਾ ਭਾਲ ਰਿਹੈ,
ਮਾਸੂਮਾਂ ਦੀ, ਮਜ਼ਬੂਰੀ ਦੀ ਰੱਤ ਵਹਾਉਂਦਾ ਦੇਖ ਕਿਵੇਂ।

ਹਉਕੇ-ਹਾਵੇ ਝੋਲੀ ਪਾ ਕੇ ਅਕਸਰ ਉਹ ਤੁਰ ਜਾਂਦਾ ਹੈ,
ਐਪਰ ਸਾਡੇ ਉੱਤੇ ਫਿਰ ਵੀ ਤੁਹਮਤ ਲਾਉਂਦਾ ਦੇਖ ਕਿਵੇਂ।

ਲੋਕਾਂ ਆਖਰ ਘੱਤ ਵਹੀਰਾਂ ਪਹਿਰੇ ਨੂੰ ਲੰਘ ਜਾਣਾ ਹੈ,
ਅੰਬਰ ਉੱਤੇ ਪੰਛੀ ਅਪਣੀ ਵਾਟ ਮੁਕਾਉਂਦਾ ਦੇਖ ਕਿਵੇਂ।

ਜੰਗਲ ਵਿੱਚ ਸੜਿਅਾਂ ਰੁੱਖਾਂ ਨੇ ਅੰਗੜਾਈ ਭਰ ਲੈਣੀ ਹੈ,
‘ਸੱਗੂ’ ਬੱਦਲ ਹਰ ਪਾਸੇ ਤੋਂ ਚੜ੍ਹਿਆ ਆਉਂਦਾ ਦੇਖ ਕਿਵੇਂ।

ਗ਼ਜ਼ਲ ੨

ਅੱਧੀ  ਰਾਤੀਂ  ਸ਼ਹਿਰ ਮੇਰੇ ਵਿੱਚ  ਤਲਵਾਰਾਂ  ਦਾ  ਸ਼ੋਰ  ਸੁਣੇ।
ਲਗਦੈ ਸਾਡਾ ਕਾਤਿਲ ਹੁਣ ਫਿਰ ਕਤਲਾਂ ਦੀ ਬੁਣਿਆਦ ਬੁਣੇ।

ਕਿਸੇ ਨੇ ਆ ਕੇ ਸੱਭ ਕਲੀਅਾਂ ਦੀ ਪੱਤੀ ਪੱਤੀ ਕੀਤੀ ਹੈ,
ਮੇਰੇ ਇਸ ਗ਼ੁਲਸ਼ਨ ਦੇ ਵਿੱਚੋਂ ਕਿਸੇ ਨੇ ਆ ਕੇ ਫੁੱਲ ਚੁਣੇ।

ਅਸਮਾਨਾਂ ਨੂੰ ਟਾਕੀ ਲਾਉਣੀ ਏਨਾਂ ਸੌਖਾ ਕੰਮ ਨਹੀਂ,
ਪਰਬਤ ਕੌਣ ਉਠਾ ਸਕਦਾ ਹੈ ਤੇ ਸਾਗਰ ਨੂੰ ਕੌਣ ਪੁਣੇ।

ਤੀਲਾ ਤੀਲਾ ਹੋਈਅਾਂ ਆਸਾਂ, ਖੁਸ਼ੀਅਾਂ ਨੂੰ ਨਾ ਬੂਰ ਪਿਆ,
ਇਕ ਇਕ ਕਰਕੇ ਟੁੱਟੇ ਸਾਰੇ ਜਿਹੜੇ ਵੀ ਮੈਂ ਖ਼ਾਬ ਬੁਣੇ।

ਤੇਰੇ ਗਲ ਵਿੱਚ ਬਾਹਾਂ ਪਾ ਕੇ ਨੱਚਾਂ ਮੁੜ ਮੁੜ ਗਾਵਾਂ ਮੈਂ,
ਮੈਂ ਵੀ ਈਦ ਮਨਾਵਾਂ ਅਪਣੀ, ਆ ਜਾਵੇ ਜੇ ਯਾਰ ਹੁਣੇ।

ਡੂੰਘੇ ਪਾਣੀ ਉੱਤੇ ਤਰਿਆ ਹੈ, ਹਰ ਜਜ਼ਬਾ ਐ ‘ਸੱਗੂ’,
ਖੁਸ਼ਬੂਅਾਂ ਨੇ ਪੌਣਾਂ ਉੱਤੇ ਅਪਣੇ ਅਪਣੇ ਨਾਮ ਖੁਣੇ।

**

 

ਗ਼ਜ਼ਲ ੩

ਕਮਲੇ ਲੋਕੀ ਪੂਜਣ ਜੰਡ-ਕਰੀਰਾਂ ਨੂੰ।
ਦੀਪ ਜਗਾ ਕੇ ਕਬਰੀਂ ਪੂਜਣ ਪੀਰਾਂ ਨੂੰ।

ਮਰਿਅਾਂ ਖਾਤਰ ਲੱਗਣ ਮੇਲੇ ਖੂਹਾਂ ‘ਤੇ,
ਢੌਂਗੀ ਬਹਿ ਕੇ ਦੇਖੀ ਜਾਣ ਲਕੀਰਾਂ ਨੂੰ।

ਦੁਸ਼ਮਣ ਜਦ ਲਲਕਾਰੇ ਚੁੱਪ ਕਰ ਜਾਂਦੇ ਹਾਂ,
ਲੱਗ ਚੁੱਕਿਅਾਂ ਜੰਗਾਲ ਅਸਾਡੇ ਤੀਰਾਂ ਨੂੰ।

ਵਿਹਲੜ ਲੋਕਾਂ ਗੁਰਬਤ ਗਲ਼ ਨੂੰ ਲਾਈ ਹੈ,
ਐਵੇਂ ਕੋਸੀ ਜਾਂਦੇ ਨੇ ਤਕਦੀਰਾਂ ਨੂੰ

‘ਸੱਗੂ’ ਤੂੰ ਕੀ ਲੈਣਾ ਲੋਭੀ ਸਾਧਾਂ ਤੋਂ,
ਖ਼ੁਦ ਵੀ ਰਹਿ ਤੇ ਰੱਖ ਤੂੰ ਨਾਲ ਫ਼ਕੀਰਾਂ ਨੂੰ।

 

 

 

 

 

ਗ਼ਜ਼ਲ ੪

ਦੁਨੀਆ ਅੱਜ ਕਲ੍ਹ ਦੁਨੀਆ ਕਿੱਥੇ ਮੰਡੀ ਹੈ।
ਰੰਗ ਨਸਲ ਤੇ ਜ਼ਾਤਾਂ ਦੇ ਵਿੱਚ ਵੰਡੀ ਹੈ।

ਮੇਰੇ ਚਾਅ ਤੇ ਸਧਰਾਂ ਚਿਰ ਤੋਂ ਮੋਏ ਨੇ,
ਮੇਰੀ ਹਰਇਕ ਇੱਛਾ ਮੁੱਢ ਤੋਂ ਰੰਡੀ ਹੈ।

ਮੰਤਰ ਪੜ੍ਹਦੈ, ਕਰਦਾ ਕੁੱਝ ਇਲਾਜ ਨਹੀਂ,
ਕੀ ਕਰੀਏ ਹੁਣ, ਮਿਲਿਅਾ ਵੈਦ ਪਖੰਡੀ ਹੈ।

ਬੇਰੁਜ਼ਗਾਰੀ ਨੇ ਹੱਥ ਬੰਂਨ੍ਹੇ ਲੋਕਾਂ ਦੇ,
ਮਹਿੰਗਾਈ ਦੇ ਮੂਹ ਵਿੱਚ ਸੱਭ ਦੀ ਘੰਡੀ ਹੈ।

ਆਪਾਂ ਸੱਚ ਦੀ ਮਾਲਾ ਲੈ ਕੇ ਨੱਚਾਂਗੇ,
ਹੋਵੇ ਫਿਰ, ਜੇ ਹੁੰਦੀ ਸਾਡੀ ਭੰਡੀ ਹੈ।

ਸਾਡੇ ਕੋਲ ਕੜਾ ਹੈ ਸੱਚੇ ਸਤਿਗੁਰ ਦਾ,
ਫਿਰ ਕੀ ਹੋਇਅਾ, ਜੇ ਤੂੰ ਬਰਛੀ ਚੰਡੀ ਹੈ।

ਉੱਤੇ ਪਹਿਰੇ ਲਾਏ ਨਿੱਤ ਸ਼ਰੀਕਾਂ ਨੇ,
ਮੇਰੇ ਘਰ ਨੂੰ ਜਾਂਦੀ ਜਿਹੜੀ ਡੰਡੀ ਹੈ।

‘ਸੱਗੂ’ ਸਭ ਨੂੰ ਵੱਡੇ ਲੱਗੇ ਕੱਦ ਅਪਣੇ,
ਹਰਇਕ ਕਹਿੰਦਾ ਫਿਰਦੈ, ਮੇਰੀ ਝੰਡੀ ਹੈ।

***

About the author

ਭੂਪਿੰਦਰ ਸਿੰਘ ਸੱਗੂ
ਭੂਪਿੰਦਰ ਸਿੰਘ ਸੱਗੂ, ਵੁਲਵਰਹੈਂਪਟਨ (ਯੂ.ਕੇ.)
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਭੂਪਿੰਦਰ ਸਿੰਘ ਸੱਗੂ, ਵੁਲਵਰਹੈਂਪਟਨ (ਯੂ.ਕੇ.)

View all posts by ਭੂਪਿੰਦਰ ਸਿੰਘ ਸੱਗੂ, ਵੁਲਵਰਹੈਂਪਟਨ (ਯੂ.ਕੇ.) →