25 April 2024

ਤਿੰਨ ਕਵਿਤਾਵਾਂ ( ਕਿਰਸਾਨੀ ਕਾਨੂੰਨਾਂ ਖ਼ਿਲਾਫ਼ ਲੜ ਰਹੇ ਯੋਧਿਆਂ ਦੇ ਨਾਂ )—-ਗੁਰਚਰਨ ਸੱਗੂ

ਕਾਨੂੰਨਾਂ ਖ਼ਿਲਾਫ਼ ਲੜ ਰਹੇ ਯੋਧਿਆਂ ਦੇ ਨਾਂ

1. ਸੰਘਰਸ਼

ਇਹ ਜੋ ਸੰਘਰਸ਼ ਹੈ
ਮੇਰੇ ਇਕੱਲੇ ਲਈ ਨਹੀਂ
ਮੇਰੀ ਜ਼ਮੀਨ ਲਈ ਨਹੀਂ
ਮੇਰੇ ਪਿੰਡ ਲਈ ਨਹੀਂ
ਮੇਰੇ ਸ਼ਹਿਰ ਲਈ ਨਹੀਂ

ਇਹ ਜੋ ਸੰਘਰਸ਼ ਹੈ
ਮੇਰੀ ਮਾਂ ਲਈ ਨਹੀਂ
ਮੇਰੇ ਪੁੱਤ ਲਈ ਨਹੀਂ
ਮੇਰੀ ਧੀ ਲਈ ਨਹੀਂ
ਉਸਦੇ ਦਾਜ ਲਈ ਨਹੀਂ

ਇਹ ਜੋ ਸੰਘਰਸ਼ ਹੈ
ਇੱਕ ਟੱਬਰ ਦੇ ਜਿਊਣ ਲਈ ਨਹੀਂ
ਹਜ਼ਾਰਾਂ ਪਿੰਡਾਂ ਦੇ ਜਿਊਣ ਲਈ ਨਹੀਂ
ਇਕੱਲੇ ਪੰਜਾਬ ਦੇ ਜਿਊਣ ਲਈ ਨਹੀਂ

ਇਹ ਜੋ ਸੰਘਰਸ਼ ਹੈ
ਹਰ ਸਾਹ ਲਈ ਹੈ
ਹਰ ਪਿੰਡ ,ਸ਼ਹਿਰ
ਤੇ ਉਸ ਵਿੱਚ ਵੱਸਦੀਆਂ
ਗਲ਼ੀਆਂ ਲਈ ਹੈ

ਇਹਨਾਂ ਗਲ਼ੀਆਂ ਵਿੱਚ ਖੇਡਦੇ
ਬਾਲਾਂ ਲਈ ਹੈ
ਉਹਨਾਂ ਦੀਆਂ ਕਲਮਾਂ ਲਈ ਹੈ
ਉਹਨਾਂ ਦੇ ਚੰਦ ਸੂਰਜਾਂ ਲਈ
ਉਹਨਾਂ ਦੇ ਸੁਪਨਿਆਂ ਲਈ ਹੈ

ਇਸ ਸੰਘਰਸ਼ ਦੇ ਨਾਲ
ਹੁਣ ਹੋ ਤੁਰੀ ਹੈ ਸਾਰੀ ਲੁਕਾਈ
ਕਸ਼ਮੀਰ ਤੋਂ ਕੰਨਿਆਂ ਕੁਮਾਰੀ
ਰਣ ਕੱਛ ਤੋਂ ਆਸਾਮ ਤੱਕ
ਯੂਰਪ ,ਅਮਰੀਕਾ, ਏਸ਼ੀਆ
ਗੀਤ , ਸੰਗੀਤ ,ਕਵਿਤਾ , ਚਿੱਤਰਕਾਰ
ਰਾਹਾਂ ਤੇ ਤੁਰਨ ਵਾਲਾ ਭਿਖਾਰੀ
ਹਰ ਕਿਰਤੀ ਤੁਰ ਪਿਆ ਹੈ

ਤੁਰ ਪਿਆਂ ਹੈ ਇਹ ਕਾਫ਼ਲਾ
ਦਿੱਲੀ ਦਰਬਾਰ ਨੂੰ ਦੱਸਣ ਲਈ
ਕਿ ਸਾਡਾ ਇਹ ਵਤਨ
ਫਾਂਸੀਆਂ ਦੇ ਰੱਸੇ ਚੁੰਮ ਕੇ
ਲਈ ਆਜ਼ਾਦੀ ਵਾਲਾ ਵਤਨ
ਕਿਸੇ ਇਕ ਪਾਰਟੀ ਦਾ ਨਹੀਂ
ਤੇ ਨਾ ਹੀ ਕਦੇ ਹੋ ਸਕੇਗਾ

ਇਹ ਵਤਨ ਹਰ ਸ਼ਹਿਰੀ ਦਾ ਹੈ
ਹਰ ਜ਼ਬਾਨ ਹਰ ਮਜ਼੍ਹਬ ਦਾ ਹੈ
ਹਰ ਕਿਰਤੀ ਅਤੇ ਕਾਮੇ ਦਾ ਹੈ
ਗਰੀਬ ਅਮੀਰ ਲੋਕ ਤੰਤਰ ਦਾ ਹੈ

ਇਹ ਸੰਘਰਸ਼ ਦਿੱਲੀ ਨੂੰ ਜਿੱਤਣ ਦਾ ਹੈ
ਚਾਂਦਨੀ ਚੌਕ ਵਿੱਚ ਦਿੱਤੀਆਂ ਸ਼ਹੀਦੀਆਂ
ਨੂੰ ਯਾਦ ਕਰਵਾਉਣ ਦਾ ਹੈ
ਲਾਲ ਕਿਲੇ ਉੱਪਰ
ਤਰੰਗੇ ਦੇ ਨਾਲ
ਕਿਰਤੀ-ਕਿਰਸਾਨੀ ਝੰਡਾ ਲਹਿਰਾਉਣ ਦਾ ਹੈ[
***

2. ਮੈਨੂੰ ਨਹੀਂ ਪਤਾ

ਮੈਨੂੰ ਨਹੀਂ ਪਤਾ
ਕ੍ਹੱਲ ਕੀ ਹੋਣਾ ਹੈ

ਜਿੱਤ ਦਾ ਇਕ ਇਤਿਹਾਸ
ਰਚਿਆ ਜਾਣਾ ਹੈ

ਜਾਂ ਕੁਰਕਸ਼ੇਤਰ ਦੇ ਯੁੱਧ ਦਾ
ਅੰਤ ਹੋਣਾ ਹੈ 

ਮੈਨੂ ਨਹੀਂ ਪਤਾ
ਇਹ ਲੋਕ ਜੋ ਸਾਹਮਣੇ ਖੜੇ ਨੇ
ਕੌਣ ਨੇ?

ਤੁਹਾਡੇ ਪੁਰਖਿਆਂ ਦੀ
ਅਸੀਸ – ਮਿੱਟੀ ਖੋਹਣ ਲਈ

ਬੇ-ਈਮਾਨ ਨੇ
ਖੇਤਾਂ ਦੀ ਬੀਜਾਈ ਉਗਾਈ ਵਢਾਈ

ਆਪਣੇ ਬੱਚਿਆਂ ਦੇ ਨਾਂ
ਵਸੀਅਤ ਕਰਨ ਲਈ

ਬੇਚੈਨ ਨੇ
ਬੇ-ਈਮਾਨ ਨੇ 

ਕਿ੍ਸ਼ਨ ਦਾ ਅਰਜਨ ਨੂੰ ਦਿੱਤਾ ਉਪਦੇਸ਼
ਇੱਕ ਵਾਰ ਫਿਰ ਸੁਣ
ਇਹ ਤਲਵਾਰਾਂ ਤੀਰਾਂ ਵਾਲੇ ਹੱਥ

ਤੇਰੇ ਦੁਸ਼ਮਣ ਨੇ
ਕੋਈ ਹਮਦਰਦ ਨਹੀਂ
ਸਿਰਫ ਦੁਸ਼ਮਣ ਨੇ
ਬੇ-ਈਮਾਨ ਨੇ

ਪਿੰਡਾਂ ਦੀਆਂ ਗਲ਼ੀਆਂ ਤੋਂ ਤੁਰਿਆ ਇਨਕਲਾਬ
ਪਹੁੰਚ ਗਿਆ ਹੈ ਅੱਜ
ਲੋਕ ਤੰਤਰ ਦੀ ਦਰਗਾਹ ਅੰਦਰ
ਜਿੱਥੇ ਚਾਦਰਾਂ ਨਹੀਂ ਚੜ੍ਹਾਈਆਂ ਜਾਂਣੀਆਂ
ਯੁੱਧ ਦਾ ਬਿਗਲ ਵੱਜਿਆ ਹੈ 

ਆਪਣੀ ਮਿੱਟੀ ਦਾ ਤਿਲਕ ਲਗਾ
ਅਹਿੰਸਾ ਦਾ ਹਥਿਆਰ ਛੱਡਣਾ ਨਹੀਂ
ਅਸੀਂ ਇਸ ਦਰਗਾਹ ਦੇ ਮਹੰਤ ਨੂੰ
ਦੱਸਣਾ ਹੈ
ਕਿ ਅਸੀਂ ਹਥਿਆਰਾਂ ਤੋਂ ਬਿਨਾ ਵੀ
ਲੜਾਈ ਜਿੱਤ ਸਕਦੇ ਹਾਂ

ਅਸਾਂ ਅੰਗਰੇਜ਼ੀ ਸਾਮਰਾਜ ਦੀਆਂ
ਤੋਪਾਂ ਸਾਹਮਣੇ ਸ਼ਾਂਤਮਈ ਨਾਮਧਾਰੀਆਂ ਦਾ
ਡੱਟ ਕੇ ਖ੍ਹੜ ਜਾਣਾ

ਤੇ ਬੋਟੀਆਂ ਬੋਟੀਆਂ ਹੋ ਜਾਣਾ
ਸਾਕਾ ਯਾਦ ਕਰਾਉਣਾ ਹੈ
ਤੇ ਜਿੱਤ ਦਾ ਬਿਗਲ ਵਜਾਉਣਾ ਹੈ 

ਹੁਣ ਤੋਪਾਂ ਦੀ ਖ਼ੂਨ-ਖਾਰ ਨਹੀਂ
ਕਾਫਿਲਾ ਤੁਰਿਆ ਹੈ
ਰੇਗਿਸਤਾਨ ਦੀ ਰੇਤਾ ਤੋਂ

ਗਾਂਵਾਂ ਦਾ ਊਠਾਂ ਦਾ
ਨੰਗੇ ਪੈਰ ਤੁਰ ਰਹੇ ਕਿਰਤੀਆਂ ਦਾ
ਪੂਰਬ ਤੋਂ ਪੱਛਮ ਵੱਲ ਵਗਦੀਆਂ ਹਵਾਵਾਂ ਦਾ
ਆਸਮਾਨੀ ਉੱਡ ਰਹੇ ਪੰਛੀਆਂ ਦਾ
ਚੰਨ ਸੂਰਜ ਤੇ ਬ੍ਰਹਿਮੰਡ ਦਾ
ਤੇ ਮੇਰੇ ਪਿੰਡ ਦੀ ਮਿੱਟੀ ਤੋਂ ਉੱਡ ਰਹੀ ਧੂੜ ਦਾ
ਕਾਫਿਲਾ ਜ਼ਿੰਦਗੀ ਤੇ ਮੌਤ ਦਾ
ਨਿਕਲ ਤੁਰਿਆ ਹੈ 

ਤੂੰ ਯੁੱਧ ਕਰ
ਨਹੀਂ ਤਾਂ

ਕੁਰਕਸ਼ੇਤਰ ਰੇਗਿਸਤਾਨ ਬਣ ਜਾਵੇਗਾ
ਪੱਥਰ ਬਣ ਜਾਵੇਗਾ
ਤੇਰਾ ਸੂਰਜ ਅਸਤ ਹੋ ਜਾਵੇਗਾ

ਮੈਨੂੰ ਨਹੀਂ ਪਤਾ
ਕ੍ਹੱਲ ਕੀ ਹੋਣਾ ਹੈ
ਪਰ ਅੱਜ ਤੂੰ ਯੁੱਧ ਕਰ

ਯੁੱਧ ਕਰ
ਯੁੱਧ ਕਰ
***

3. ਮੈਂ ਕਿਸਾਨ 

ਮੈਂ ਕਿਸਾਨ ਹਾਂ
ਮੈਂ ਮਿੱਟੀ ਵਿੱਚੋਂ
ਪਥੱਰਾਂ ਨੂੰ ਕੱਟ ਕੇ

ਬੀਅ ਬੀਜ ਸਕਦਾਂ

ਮੈਂ ਕਿਸਾਨ ਹਾਂ
ਟੋਏ, ਟਿੱਬੇ, ਗੰਦੇ ਨਾਲਿਆਂ ਦੇ ਵਹਿਣ
ਦਰਿਆਵਾਂ ਦੇ ਰੁਖ ਬਦਲ ਸਕਦਾਂ
ਬੀਅ ਬੀਜ ਸਕਦਾਂ

ਰੇਤਾ ਦੇ ਟਿੱਬਿਆਂ
ਜੰਡ ਤੇ ਕਰੀਰਾਂ
ਕੰਡਿਆਲੀਆਂ ਰਾਹਾਂ
ਫੁੱਲ ਬੀਜ ਸਕਦਾਂ

ਨੰਗੇ ਪਿੰਡੇ ਧੁੱਪਾਂ ਵਿੱਚ
ਮਿੱਟੀ ਨਾਲ ਮਿੱਟੀ ਹੋ ਕੇ
ਦਾਣਿਆਂ ਦੀ ਆਸ ਵਿੱਚ
ਹੱਡ ਤੁੜਵਾ ਸਕਦਾਂ

ਹਲ ਪੰਜਾਲ਼ੀ ਦਾਤਰੀ
ਮੇਰੇ ਇਸ਼ਟ ਹਨ

ਮੇਰੀ ਤਕਦੀਰ ਹਨ
ਮੇਰੀ ਜ਼ਮੀਰ ਹਨ
ਇਨ੍ਹਾਂ ਲਈ ਮੁੜ੍ਹਕਾ ਚੋਆ ਕੇ
ਦਰਿਆ ਬਣਾ ਸਕਦਾਂ

ਭੁੱਖੇ ਢਿੱਡਾਂ ਨੂੰ ਭਰ ਸਕਦਾਂ
ਦੇਸ ਦੇ ਹਰ ਸ਼ਹਿਰੀ ਦਾ
ਜੀਵਨ ਬਣ ਸਕਦਾਂ
ਨੇਰ੍ਹਿਆਂ ਨੂੰ ਸੂਰਜ ਬਣਾ ਸਕਦਾਂ

ਇਹ ਸੜਕਾਂ ਤੇ ਲੱਗੇ ਬੈਰੀਅਰ
ਰਸਤਿਆਂ ਦੇ ਟੋਏ
ਪਾਣੀਆਂ ਦੀਆਂ ਟੈਂਕੀਆਂ

ਇੰਨ੍ਹਾਂ ਵਿੱਚੋਂ ਆਉਂਦੀਆਂ ਧਾਰਾਂ ਦਾ
ਰੁਖ ਬਦਲ ਸਕਦਾਂ

ਕਿਉਂ ਕਿ
ਮੈਂ ਕਿਸਾਨ ਹਾਂ
ਮਿੱਟੀ ਹਲ ਪੰਜਾਲ਼ੀ ਦਾਤਰੀ
ਮੇਰੇ ਇਸ਼ਟ ਨੇ
ਮੇਰੀ ਤਕਦੀਰ ਨੇ 

ਮੇਰੀ ਜਗੀਰ ਨੇ
ਮੈਂ ਕਿਸਾਨ ਹਾ

ਦਿੱਲੀ ਨੂੰ ਜਿੱਤ ਸਕਦਾਂ
***

27.11.20

About the author

gurcharan sago
ਗੁਰਚਰਨ ਸੱਗੂ
(44) 07887942552 | sgu21@hotmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ