22 July 2024
ਪੂਰਨ ਭਗਤ

ਪੁਸਤਕ ਰੀਵੀਊ: ਕਿੱਸਾ ਪੂਰਨ ਭਗਤ—✍️ਡਾ. ਸਰਬਜੀਤ ਕੌਰ ਸੰਧਾਵਾਲੀਆ

ਪੁਸਤਕ ਦਾ ਨਾਮ- ਕਿੱਸਾ ਪੂਰਨ ਭਗਤ
ਕਿੱਸਾਕਾਰ- ਮਾਸਟਰ ਲਛਮਣ ਸਿੰਘ ਰਠੌਰ
ਪ੍ਰਕਾਸ਼ਕ- ਸਿੱਖ ਲਿਟਰੇਰੀ ਐਂਡ ਕਲਚਰਲ ਸਟਾਲ, ਯੂ.ਕੇ

ਰੀਵੀਊਕਾਰ: ✍️ਡਾ. ਸਰਬਜੀਤ ਕੌਰ ਸੰਧਾਵਾਲੀਆ

ਇਸ ਪੁਸਤਕ ਵਿੱਚ ਰਾਣੀ ਸੁੰਦਰਾਂ ਅਤੇ ਪੂਰਨ ਭਗਤ ਦੇ ਕਿੱਸੇ ਨੂੰ ਛੰਦਾ ਬੰਦੀ ਵਿੱਚ ਇੱਕ ਨਵੇਂ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ। ਪੂਰਨ ਭਗਤ ਦੀ ਕਹਾਣੀ ਲੋਕ-ਮਨਾਂ ਵਿੱਚ ਅੱਜ ਵੀ ਜਿਉਂਦੀ ਹੈ। ਪੁਰਾਤਨ ਕਿੱਸਿਆਂ ਅਨੁਸਾਰ ਮਤ੍ਰੇਈ ਮਾਂ ਲੂਣਾ ਦੇ ਦੋਸ਼ ਲਾਉਣ ’ਤੇ ਪੂਰਨ ਦਾ ਪਿਤਾ ਰਾਜਾ ਸਲਵਾਨ ਪੂਰਨ ਦੇ ਹੱਥ ਪੈਰ ਕਟਵਾ ਕੇ ਖੂਹ ਵਿੱਚ ਸੁਟਵਾ ਦਿੰਦਾ ਹੈ। ਖੂਹ ਤੋਂ ਪਾਣੀ ਭਰਨ ਆਏ ਗੋਰਖਨਾਥ ਦੇ ਚੇਲੇ ਪੂਰਨ ਭਗਤ ਨੂੰ ਬਾਹਰ ਕੱਢ ਲੈਂਦੇ ਹਨ। ਪੂਰਨ ਗੋਰਖਨਾਥ ਨੂੰ ਗੁਰੂ ਧਾਰਨ ਕਰ ਲੈਂਦਾ ਹੈ। ਇਕ ਦਿਨ ਭਿੱਖਿਆ ਲੈਣ ਲਈ ਪੂਰਨ ਰਾਣੀ ਸੁੰਦਰਾਂ ਦੇ ਦੁਆਰੇ ਚਲਾ ਜਾਂਦਾ ਹੈ। ਪਹਿਲੀ ਨਜ਼ਰ ਹੀ ਰਾਣੀ ਨੂੰ ਇਸ ਅਣਭੋਲ ਅਲਬੇਲੇ ਜੋਗੀ ਨਾਲ ਇਸ਼ਕ ਹੋ ਜਾਂਦਾ ਹੈ। ਉਹ ਪੂਰਨ ਦੀ ਝੋਲੀ ਵਿੱਚ ਹੀਰੇ ਮੋਤੀਆਂ ਦੀ ਖ਼ੈਰ ਪਾ ਦਿੰਦੀ ਹੈ। ਗੋਰਖਨਾਥ ਇਨ੍ਹਾਂ ਨੂੰ ਵਾਪਸ ਕਰਨ ਲਈ ਪੂਰਨ ਨੂੰ ਫਿਰ ਸੁੰਦਰਾਂ ਦੇ ਮਹਿਲੀਂ ਭੇਜਦਾ ਹੈ। ਸੁੰਦਰਾਂ ਪੂਰਨ ਦੀ ਹੋਰ ਵੀ ਦੀਵਾਨੀ ਹੋ ਜਾਂਦੀ ਹੈ। ਉਹ ਗੋਰਖਨਾਥ ਅਤੇ ਉਸਦੇ ਜੋਗੀਆਂ ਨੂੰ ਭੰਡਾਰਾ ਕਰਦੀ ਹੈ। ਗੋਰਖਨਾਥ ਖੁਸ਼ ਹੋ ਕੇ ਉਸਨੂੰ ਵਰ ਮੰਗਣ ਲਈ ਆਖਦਾ ਹੈ ਤਾਂ ਉਹ ਪੂਰਨ ਨੂੰ ਹੀ ਮੰਗ ਲੈਂਦੀ ਹੈ। ਪੂਰਨ ਤਾਂ ਪਰਮ ਵੈਰਾਗੀ ਸੀ। ਉਹ ਸੁੰਦਰਾਂ ਨੂੰ ਸੁੱਤਿਆਂ ਛੱਡ ਕੇ ਫਿਰ ਗੋਰਖ ਕੋਲ ਚਲਾ ਜਾਂਦਾ ਹੈ। ਨਰਾਜ਼ ਹੋ ਕੇ ਗੋਰਖ ਉਸ ਨੂੰ ਆਪਣੇ ਮੱਠ ਵਿੱਚੋਂ ਕੱਢ ਦਿੰਦਾ ਹੈ। ਪੂਰਨ ਇਕ ਉੱਜੜੇ ਬਾਗ਼ ਵਿੱਚ ਜਾ ਕੇ ਸਮਾਧੀ ਲਾ ਲੈਂਦਾ ਹੈ। ਬਾਗ ਹਰਾ-ਭਰਾ ਹੋ ਜਾਂਦਾ ਹੈ। ਨਗਰ ਵਿੱਚ ਰੌਲ਼ਾ ਪੈਣ ਤੇ ਪੂਰਨ ਦਾ ਪਿਤਾ ਸਲਵਾਨ ਅਤੇ ਮਤ੍ਰੇਈ ਮਾਂ ਲੂਣਾ ਆ ਕੇ ਭੁੱਲ ਬਖਸ਼ਾਉਂਦੇ ਹਨ। ਪੂਰਨ ਦੀ ਸਕੀ ਮਾਂ ਇੱਛਰਾਂ ਪੁੱਤਰ ਦੇ ਵਿਜੋਗ ਵਿੱਚ ਰੋ-ਰੋ ਕੇ ਅੰਨ੍ਹੀ ਹੋ ਚੁੱਕੀ ਸੀ। ਪੂਰਨ ਨੂੰ ਮਿਲ ਕੇ ਉਹ ਸੁਜਾਖੀ ਹੋ ਜਾਂਦੀ ਹੈ। ਉੱਧਰ ਸੁੰਦਰਾਂ ਪੂਰਨ ਦੇ ਵਿਛੋੜੇ ਨੂੰ ਨਾ ਸਹਾਰਦੀ ਹੋਈ ਮਹਿਲ ਦੇ ਛੱਜੇ ਤੋਂ ਛਾਲ ਮਾਰ ਕੇ ਪ੍ਰਾਣ ਤਿਆਗ ਦਿੰਦੀ ਹੈ। ਇਉਂ ਕਿੱਸੇ ਦਾ ਅੰਤ ਦੁਖਾਂਤਕ ਹੁੰਦਾ ਹੈ।

ਹਥਲੀ ਪੁਸਤਕ ਵਿੱਚ ਕਿੱਸਾਕਾਰ ਨੇ ਆਪਣੀ ਕਲਪਨਾ ਦੀਆਂ ਛੋਹਾਂ ਦੇ ਕੇ ਕਹਾਣੀ ਦਾ ਅੰਤ ਸੁਖਾਂਤਕ ਕਰ ਦਿੱਤਾ ਹੈ। ਉਸਨੇ ਅੰਤ ਵਿੱਚ ਪੂਰਨ ਅਤੇ ਸੁੰਦਰਾਂ ਦਾ ਵਿਆਹ ਕਰਵਾ ਦਿੱਤਾ ਹੈ। ਉਹ ਲਿਖਦਾ ਹੈ-

ਰਾਣੀ ਸੁੰਦਰਾਂ ਮਿਲ ਕੇ ਖੁਸ਼ ਹੋਏ, ਸਮਾਂ ਖੁਸ਼ੀ ਦਾ ਦੂਣ ਸਵਾਇਆ ਏ।
ਕੁਝ ਦਿਨ ਬਿਤਾ ਕੇ ਨਾਲ ਪੂਰਨ, ਰਾਜਾ ਸਲਵਾਨ ਵੀ ਮੁੜ ਆਇਆ ਏ।
ਮਾਂ ਇੱਛਰਾਂ ਰਾਜੇ ਨਾਲ ਮੁੜ ਆਈ, ਸੁੰਦਰਾਂ ਪੂਰਨ ਨੂੰ ਤਖ਼ਤ ਬਿਠਾਇਆ ਏ।
ਪੂਰਨ ਸੁੰਦਰਾਂ ਦਿਲਾਂ ਦਾ ਮੇਲ ਹੋਇਆ, ਇਕ ਦੂਜੇ ਨੂੰ ਦੋਹਾਂ ਪ੍ਰਣਾਇਆ ਏ।
ਭੰਵਰ ਸ਼ਹਿਰ ਦੀ ਪਰਜਾ ਵਿੱਚ ਖੁਸ਼ੀ ਦੌੜੀ, ਕਾਜ ਸ਼ਗਨਾਂ ਦਾ ਆਣ ਸੁਹਾਇਆ ਏ।
ਮੀਰਪੁਰੀ ਰਠੌਰ ਹੋਇਆ ਮਿਸ਼ਨ ਪੂਰਾ, ਨਵਾਂ ਸੋਧ ਕੇ ਕਿੱਸਾ ਬਣਾਇਆ ਏ।

ਪ੍ਰਾਚੀਨ ਕਿੱਸਾਕਾਰਾਂ ਵਾਂਗ ਕਵੀ ਨੇ ਕਿੱਸੇ ਦੀ ਸ਼ੁਰੂਆਤ ਪਰਮਾਤਮਾ ਦੇ ਮੰਗਲਚਰਨ ਨਾਲ ਕੀਤੀ ਹੈ। ਉਹ ਲਿਖਦਾ ਹੈ: 

ਸੱਚਾ ੴ ਭਗਵਾਨ ਸਤਿਗੁਰ, ਮਾਲਕ ਸ਼ਿ੍ਸ਼ਟੀ ਦਾ ਪ੍ਰਥਮ ਧਿਆ ਕੇ ਜੀ।
ਹੱਥ ਜੋੜ ਕੇ ਕਲਮ ਨੂੰ ਚੁੱਕਦਾ ਹਾਂ, ਪਹਿਲਾਂ ਨਾਨਕ ਨੂੰ ਸੀਸ ਨਿਵਾ ਕੇ ਜੀ।
ਸੱਚੇ ਦਿਲ ਤੋਂ ਇਹੋ ਅਰਦਾਸ ਮੇਰੀ, ਸ਼ਕਤੀ ਕਲਮ ਦੀ ਬਖਸ਼ੋ ਮੁਸਕਰਾ ਕੇ ਜੀ।
ਤੁੱਛ ਬੁੱਧੀ ਅਗਿਆਨ ਅੰਝਾਣ ਬੰਦਾ, ਭੁੱਲਣਹਾਰ ਹਾਂ, ਅਤਿ ਦਾ ਧਾਅ ਕੇ ਜੀ।
ਕੀਤਾ ਹੌਂਸਲਾ ਪੂਰਨ ਦਾ ਲਿਖਾਂ ਕਿੱਸਾ, ਸੱਚ ਝੂਠ ਦਾ ਫ਼ਰਕ ਮਿਟਾ ਕੇ ਜੀ।
ਮੀਰਪੁਰੀ ਰਠੌਰ, ਸਤਿਗੁਰ ਬਲ ਬਖਸ਼ੀ, ਅੰਗ ਸੰਗ ਹੋ ਮਨ ਤੇ ਛਾਅ ਕੇ ਜੀ।

ਕਿੱਸਾਕਾਰ ਨੇ ਕਿੱਸਾ ਰਚਨਾ ਦੀ ਪ੍ਰੰਪਰਾ, ਜੱਗ ਵਿੱਚ ਔਲਾਦ ਦੀ ਚਾਹਨਾ, ਸਿਆਲਕੋਟ ਦੀ ਸਿਫ਼ਤ, ਰਾਜਾ ਸਲਵਾਨ ਦੀ ਹਰਮਨ ਪਿਆਰਤਾ, ਰਾਣੀ ਇੱਛਰਾਂ ਦੀ ਪੁੱਤਰ ਪ੍ਰਾਪਤੀ ਦੀ ਸਿੱਕ, ਰਾਜੇ ਦੇ ਦਾਨ ਪੁੰਨ ਕਰਨ, ਪੂਰਨ ਦੇ ਜਨਮ, ਨਜੂਮੀਆਂ ਅਤੇ ਪੰਡਤਾਂ ਦੇ ਜੋਤਿਸ਼ ਆਦਿ ਬਾਰੇ ਲਿਖਦੇ ਹੋਏ ਪੂਰਨ ਨੂੰ ਭੋਰੇ ਵਿੱਚ ਪਾਉਣ ਦੀ ਗੱਲ ਇਉਂ ਲਿਖੀ ਹੈ:

ਜੋਤਸ਼ ਵਿਦਿਆ ਵੇਖ ਕੇ ਪੱਖ ਸਾਰੇ, ਪੂਰਨ ਬੇਟੇ ਨੂੰ ਭੋਰੇ ਵਿੱਚ ਪਾ ਦਿੱਤਾ।
ਹੁਕਮ ਜੋਤਸ਼ ਤੇ ਪੱਤਰੀ ਦਾ ਮੰਨ ਕੇ ਤੇ, ਬੇਟੇ ਪੁੱਤਰ ਨੂੰ ਸਜਾਅ  ਬਣਾ ਦਿੱਤਾ।
ਨਾਲ ਵਾਜਿਆਂ ਗਾਜਿਮਆਂ ਸ਼ਾਨ ਸ਼ੌਕਤ, ਆਣ ਸ਼ਹਿਜਾਦੇ ਨੂੰ ਭੋਰੇ ਪਹੁੰਚਾ ਦਿੱਤਾ।
ਜਿਵੇਂ ਜਿਵੇਂ ਫੁਰਮਾਇਆ ਏ ਬ੍ਰਾਹਮਣਾਂ ਨੇ, ਉਸੇ ਤਰ੍ਹਾਂ ਹੀ ਰਾਜੇ ਕਰਵਾ ਦਿੱਤਾ।

ਜਦੋਂ ਬਾਰਾਂ ਸਾਲਾਂ ਬਾਅਦ ਪੂਰਨ ਭੋਰੇ ਵਿੱਚੋਂ ਬਾਹਰ ਆਇਆ ਤਾਂ ਉਸਦਾ ਹੁਸਨ ਜਵਾਨੀ ਦੇਖ ਕੇ ਲੂਣਾ ਮੋਹਿਤ ਹੋ ਗਈ। ਪੂਰਨ ਨੇ ਉਸਦੀ ਮੰਦ ਭਾਵਨਾ ਨੂੰ ਕਬੂਲ ਨਾ ਕੀਤਾ ਤਾਂ ਉਸਨੇ ਆਪਣੀ ਬਾਂਦੀ ਮੇਨਕਾ ਦੀ ਸਹਾਇਤਾ ਨਾਲ ਪੂਰਨ ਨੂੰ ਮਜਬੂਰ ਕਰਨਾ ਚਾਹਿਆ। ਅੰਤ ਹਾਰ ਕੇ ਉਸਨੇ ਪਤੀ ਸਲਵਾਨ ਕੋਲ਼ ਪੂਰਨ ਦੀ ਬਦਨੀਤੀ ਅਤੇ ਬਦਚਲਣੀ ਦੇ ਝੂਠੇ ਦੋਸ਼ ਲਾਏ। ਸਲਵਾਨ ਨੇ ਪੂਰਨ ਨੂੰ ਕੈਦ ਵਿੱਚ ਸੁੱਟ ਦਿੱਤਾ। ਅਚਾਨਕ ਗੋਰਖਨਾਥ ਸਲਵਾਨ ਦੇ ਮਹਿਲੀਂ ਆਇਆ ਅਤੇ ਉਸਨੂੰ ਪੂਰਨ ਦੀ ਮਾਸੂਮੀਅਤ ਦਾ ਯਕੀਨ ਦਵਾਇਆ। ਸਲਵਾਨ ਨੇ ਪੂਰਨ ਨੂੰ ਰਾਜ ਭਾਗ ਸੰਭਾਲਣ ਅਤੇ ਵਿਆਹ ਕਰਕੇ ਸੁਖੀ ਜੀਵਨ ਜਿਉਣ ਦਾ ਸੁਝਾਅ ਦਿੱਤਾ। ਪੂਰਨ ਦੁਨਿਆਵੀ ਰਿਸ਼ਤਿਆਂ ਅਤੇ ਫਰੇਬਾਂ ਤੋਂ ਉਪਰਾਮ ਹੋ ਚੁੱਕਾ ਸੀ। ਉਸਨੇ ਰਾਜ ਭਾਗ ਛੱਡ ਕੇ ਜੋਗ ਧਾਰਨ ਕਰ ਲਿਆ। ਉੱਧਰ ਭੰਵਰ ਸ਼ਹਿਰ ਦੇ ਰਾਜੇ ਬਿਸ਼ਨਦਾਸ ਦੀ ਰਾਜਕੁਮਾਰੀ ਸੁੰਦਰਾਂ ਧਰਮੀ ਰਾਜ ਚਲਾ ਰਹੀ ਸੀ। ਉਹ ਬਹੁਤ ਸੁੰਦਰ ਅਤੇ ਗੁਣਵੰਤੀ ਸੀ। ਜਦੋਂ ਪੂਰਨ ਨੇ ਉਹਦੇ ਬੂਹੇ ਤੇ ਅਲਖ ਜਗਾਈ ਤਾਂ ਉਹ ਪੂਰਨ ਦੀ ਹੀ ਹੋ ਕੇ ਰਹਿ ਗਈ। ਭਾਵੇਂ ਪੂਰਨ ਵਿਆਹ ਸ਼ਾਦੀ ਦੇ ਖਲ-ਜਗਣ ਤੋਂ ਬਚਣਾ ਚਾਹੁੰਦਾ ਸੀ ਪਰ ਗੋਰਖਨਾਥ ਦੇ ਸਮਝਾਉਣ ਤੇ ਦੋਹਾਂ ਨੇ ਵਿਆਹ ਕਰ ਲਿਆ। ਅੰਤ ਵਿੱਚ ਕਿੱਸਾਕਾਰ ਸਤਿਗੁਰ ਨਾਨਕ ਦੇਵ ਜੀ ਦਾ ਸ਼ੁਕਰ ਕਰਦਾ ਹੋਇਆ ਲਿਖਦਾ ਹੈ:

ਬਾਬੇ ਨਾਨਕ ਦੀ ਹੋਈ ਏ ਮਿਹਰ ਪੂਰੀ,
ਲਛਮਣ ਸਿੰਘ ਰਠੌਰ ਤੋਂ ਕਿੱਸਾ ਲਿਖਵਇਆ ਏ।
ਸੋਚ ਸਮਝ ਕੇ ਲਿਖਣ ਦੀ ਕਰੀ ਕੋਸ਼ਿਸ਼,
ਸਾਕਾ ਲਿਖਿਆ ਜੋ ਮਨ ਨੂੰ ਭਾਇਆ ਏ।
ਡੇਢ ਸਾਲ ਦੀ ਕਰੀ ਤਪੱਸਿਆ ਇਹ,
ਲਿਖਿਆ ਉਹੋ ਜੋ ਰੱਬ ਲਿਖਵਾਇਆ ਏ।
ਭੁੱਲਣਹਾਰ ਹਾਂ ਬੰਦਾ ਨਾਚੀਜ਼ ਲੋਕੋ,
ਇਸ ਵਿੱਚ ਨਾ ਝੂਠ ਫੁਰਮਾਇਆ ਏ।
ਜਿੰਨੀ ਬੁੱਧੀ ਬਖਸ਼ੀ ਸੱਚੇ ਪਾਤਸ਼ਾਹ ਨੇ,
ਉਹਾ ਕਲਮ ਦੇ ਰਾਹੀਂ ਸੁਣਾਇਆ ਏ।
ਮੀਰਪੁਰ ਜੱਟਾਂ ਦਾ ਰਠੌਰ ਰਾਜਪੂਤ ਹਾਂ ਮੈਂ,
ਹਰ ਇੱਕ ਬੰਦ ਦੇ ਪਿੱਛੇ ਜਣਾਇਆ ਏ।

ਇਹ ਕਿੱਸਾ ਪੰਜਾਬੀ ਸਾਹਿਤ ਦੀ ਝੋਲ਼ੀ ਨੂੰ ਹੋਰ ਅਮੀਰ ਕਰਦਾ ਹੈ। ਲੇਖਕ ਦੀ ਮਿਹਨਤ, ਖੋਜ, ਪੇਸ਼ਕਾਰੀ, ਸ਼ੈਲੀ, ਬੋਲੀ ਅਤੇ ਨਿਮ੍ਰਤਾ ਦੀ ਦਾਦ ਦੇਣੀ ਬਣਦੀ ਹੈ। ਤੋਲ ਤੁਕਾਂਤ ਅਤੇ ਪ੍ਰਗੀਤਕ ਤੱਤ ਕਿੱਸੇ ਨੂੰ ਹੋਰ ਸੁੰਦਰ ਬਣਾਉਂਦੇ ਹਨ। ਇਸ ਸੁਹਜਮਈ ਰਚਨਾ ਦਾ ਭਰਪੂਰ ਸੁਆਗਤ ਹੈ। ਪ੍ਰਕਾਸ਼ਨ ਪੱਖੋਂ ਵੀ ਪੁਸਤਕ ਦਾ ਮਿਆਰ ਬਹੁਤ ਉੱਚਾ ਹੈ। ਕਿੱਸਾਕਾਰ, ਪ੍ਰਕਾਸ਼ਕ, ਪਿ੍ੰਟਰ ਸਾਰੇ ਵਧਾਈ ਦੇ ਪਾਤਰ ਹਨ।
***
(74)

✍️ਡਾ. ਸਰਬਜੀਤ ਕੌਰ ਸੰਧਾਵਾਲੀਆ
98147-16367

ਡਾ.ਸਰਬਜੀਤ ਕੌਰ ਸੰਧਾਵਾਲੀਅਾ
ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ,
ਬੁਲੰਦਪੁਰੀ ਸਾਹਿਬ(ਨੇੜੇ ਮਹਿਤਪੁਰ,ਨਕੋਦਰ)

ਡਾ. ਸਰਬਜੀਤ ਕੌਰ ਸੰਧਾਵਾਲੀਆ

ਡਾ.ਸਰਬਜੀਤ ਕੌਰ ਸੰਧਾਵਾਲੀਅਾ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਬੁਲੰਦਪੁਰੀ ਸਾਹਿਬ(ਨੇੜੇ ਮਹਿਤਪੁਰ,ਨਕੋਦਰ)

View all posts by ਡਾ. ਸਰਬਜੀਤ ਕੌਰ ਸੰਧਾਵਾਲੀਆ →