ਉੱਘੇ ਸਾਹਿਤਕਾਰ, ਆਲੋਚਕ ਅਤੇ ‘ਪੰਜਾਬੀ ਸਾਹਿਤ ਸਭਾ (ਰਜਿ:) ਜਲੰਧਰ ਛਾਉਣੀ’ ਦੇ ਪ੍ਰਧਾਨ ਸ. ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ ‘ਅਦੀਬ ਸਮੁੰਦਰੋਂ ਪਾਰ ਦੇ’ ਦੀ (8 ਜਨਵਰੀ 2023 ਨੂੰ) 91ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਮਾਨਸਿਕ ਗੰਢਾਂ ਨੂੰ ਫੜਨ ਵਾਲਾ ਨਾਵਲਕਾਰ ਗ.ਸ. ਨਕਸ਼ਦੀਪ ਪੰਜਕੋਹਾ‘ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਨਾਵਲਕਾਰ ਗ.ਸ. ਨਕਸ਼ਦੀਪ ਪੰਜਕੋਹਾ‘ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉੱਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ਨਿਰਪੱਖ ਆਲੋਚਕ ਸ. ਹਰਮੀਤ ਸਿੰਘ ਅਟਵਾਲ ਜੀ ਅਤੇ ‘ਗ.ਸ. ਨਕਸ਼ਦੀਪ ਪੰਜਕੋਹਾ’ ਨੂੰ ਹਾਰਦਿਕ ਵਧਾਈ ਹੋਵੇ। ਇਹ ਰਚਨਾ ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਆਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ |
ਅਮਰੀਕਾ ਦੇ ਕੈਲੇਫੋਰਨੀਆ ਰਾਜ ’ਚ ਵੱਸਦੇ ਗ.ਸ. ਨਕਸ਼ਦੀਪ ਪੰਜਕੋਹਾ ਦਾ ਪੂਰਾ ਨਾਂ ਗੁਰਦੀਪ ਸਿੰਘ ਨਕਸ਼ਦੀਪ ਪੰਜਕੋਹਾ ਹੈ। ਉਹ ਪੰਜਾਬੀ ਦਾ ਬਹੁਤ ਪ੍ਰਸਿੱਧ ਨਾਵਲਕਾਰ ਹੈ ਜਿਸ ਦੇ ਨਾਵਲਾਂ ਨੇ ਨਿਰੰਤਰ ਪੰਜਾਬੀ ਪਾਠਕਾਂ ਦੇ ਮਨਾਂ ’ਤੇ ਰਾਜ ਕੀਤਾ ਹੈ। ਸਿਆਣੇ ਸੱਜਣਾਂ ਦਾ ਮੰਨਣਾ ਹੈ ਕਿ ਨਾਵਲ ਸਭ ਤੋਂ ਵਧੇਰੇ ਕਾਲਪਨਿਕ ਹੁੰਦਾ ਹੋਇਆ ਵੀ ਸਭ ਤੋਂ ਵਧੇਰੇ ਯਥਾਰਥਿਕ ਰੂਪ ਹੈ। ਨਾਵਲ ਦੇ ਵਿਸ਼ਲੇਸ਼ਕਾਂ ਦਾ ਇਹ ਵੀ ਮੰਨਣਾ ਹੈ ਕਿ ਨਾਵਲ ਵਿਚ ਸਿਰਜਿਤ ਯਥਾਰਥ ਸਚੇਤ ਦੋਹਰੀ ਦ੍ਰਿਸ਼ਟੀ ਨਾਲ ਚਿਤਰਿਆ ਜਾਂਦਾ ਹੈ ਜੋ ਜੀਵਨ ਦੇ ਆਮ ਰਿਸ਼ਤਿਆਂ ਵਿਚ ਨਹੀਂ ਮਿਲਦੀ। ਨਕਸ਼ਦੀਪ ਪੰਜਕੋਹਾ ਦੇ ਨਾਵਲਾਂ ਦੀ ਅੰਤਰਾਤਮਾ ਇਸ ਨਾਵਲੀ ਸੁਭਾਅ ਨਾਲ ਬਾਖ਼ੂਬੀ ਮੇਲ ਖਾਂਦੀ ਹੈ। ਇਹ ਮੇਲ਼ ਹੀ ਸਹੀ ਮਾਅਨਿਆਂ ਵਿੱਚ ਸਿਰਜਣਾਤਮਕ ਸੰਤੁਸ਼ਟੀ ਦਾ ਸਬੱਬ ਬਣਦਾ ਹੈ। ਗ.ਸ. ਨਕਸ਼ਦੀਪ ਪੰਜਕੋਹਾ ਦਾ ਜਨਮ ਪਿਤਾ ਬਾਰਾ ਸਿੰਘ ਉੱਪਲ ਦੇ ਘਰ ਪਿੰਡ ਪੰਜਕੋਹਾ (ਫਤਹਿਗੜ੍ਹ ਸਾਹਿਬ) ਵਿਚ ਹੋਇਆ। ਇਸ ਬਾਬਤ ਨਕਸ਼ਦੀਪ ਦਾ ਆਖਣਾ ਹੈ ਕਿ ‘ਮੈਨੂੰ ਗਿਆਨੀ ਜੋਗਿੰਦਰ ਸਿੰਘ ਤੇ ਮਾਤਾ ਅਮਰ ਕੌਰ ਨੇ ਗੋਦ ਲੈ ਕੇ ਪੜ੍ਹਾਇਆ ਯੂਨੀਵਰਸਿਟੀ ਤੀਕ। ਤਿੰਨ ਮਾਸਟ੍ਰੇਟ ਡਿਗਰੀਆਂ ਲੈ ਕੇ ਅਤੇ ਚੰਗੇ ਨੰਬਰ ਲੈ ਕੇ ਵੀ ਮੈਨੂੰ ਆਪਣੇ ਮੇਚ ਦੀ ਨੌਕਰੀ ਨਹੀਂ ਮਿਲੀ ਤੇ ਮੈਂ 1982 ਵਿਚ ਲੈਕਚਰਾਰ ਬਣ ਕੇ ਬਾਹਰ ਚਲਿਆ ਗਿਆ ਸੀ। ਬਹੁਤ ਹੀ ਦਿਲਚਸਪ ਗਲਪ ਸ਼ੈਲੀ ਵਿਚ ਨਾਵਲ ਲਿਖਣ ਵਾਲੇ ਨਾਵਲਕਾਰ ਗ.ਸ. ਨਕਸ਼ਦੀਪ ਪੰਜਕੋਹਾ ਦੇ ਜਿਹੜੇ ਨਾਵਲ ਪਾਠਕਾਂ ਨੇ ਹੁਣ ਤਕ ਪੜ੍ਹੇ ਹਨ ਉਨ੍ਹਾਂ ਦੇ ਨਾਂ ਹਨ: ‘ਵਾਵਰੋਲਿਆਂ ਦੇ ਨਾਲ’, ‘ਸਾਂਝਾ ਦੁੱਖ’, ‘ਪਾਰ ਬਣਾਏ ਆਲ੍ਹਣੇ’, ‘ਗਿਰਵੀ ਹੋਏ ਮਨ’, ‘ਦਰੱਖਤੋਂ ਟੁੱਟੇ ਪੱਤੇ’, ‘ਸੁਲਗਦੀ ਅੱਗ’ ਤੇ ‘ਲਾਲ ਲਕੀਰੋਂ ਪਾਰ’। ਉਸ ਦਾ ਅਗਲਾ ਨਾਵਲ ‘ਤਲਵਾਰ ਦੀ ਧਾਰ’ ਛਪਾਈ ਅਧੀਨ ਹੈ। ਨਕਸ਼ਦੀਪ ਪੰਜਕੋਹਾ ਨਾਵਲਕਾਰ ਦੇ ਨਾਲ-ਨਾਲ ਇੱਕ ਚੇਤੰਨ ਕਵੀ ਵੀ ਹੈ। ਉਸ ਦਾ ਹੁਣ ਤਕ ਦਾ ਕਾਵਿ-ਕਲਾਮ ਰਾਜਨੀਤਕ, ਸਮਾਜਿਕ, ਆਰਥਕ, ਕੁਦਰਤ, ਧਾਰਮਕ ਅਤੇ ਮਾਨਸਿਕਤਾ ਨਾਲ ਸਬੰਧਿਤ ਵਿਸ਼ਿਆਂ ਨਾਲ ਭਰਪੂਰ ਹੈ। ‘ਰਾਤ ਦੀ ਕੁੱਖ’ ਤੇ ‘ਖ਼ਾਮੋਸ਼ੀ’ ਉਸ ਦੇ ਦੋ ਕਾਵਿ-ਸੰਗ੍ਰਹਿ ਪਾਠਕਾਂ ਦੇ ਹੱਥਾਂ ’ਚ ਪੁੱਜੇ ਹਨ ਤੇ ‘ਅਦਬ ਸੁਨੇਹੇ’ ਨਾਂ ਹੇਠ ਪਾਠਕਾਂ ਨੇ ਨਕਸ਼ਦੀਪ ਦਾ ਲਿਖਿਆ ਇੱਕ ਕਾਵਿ-ਵਿਸ਼ਲੇਸ਼ਣ ਵੀ ਪੜ੍ਹਿਆ ਹੈ। ਗ.ਸ. ਨਕਸ਼ਦੀਪ ਦੀ ਗਲਪਕਾਰੀ ਦੀ ਇੱਥੇ ਸੰਖਿਪਤ ਬਾਤ ਵੀ ਪਾਈ ਜਾਵੇ ਤਾਂ ਕਿਹਾ ਜਾ ਸਕਦਾ ਹੈ ਕਿ ਨਕਸ਼ਦੀਪ ਪੰਜਕੋਹਾ ਮਨੱੁਖ ਦੀ ਮਾਨਸਿਕਤਾ ਨੂੰ ਸਮਝ ਕੇ ਨਾਵਲ ਲਿਖਣ ਵਾਲਾ ਨਾਵਲਕਾਰ ਹੈ। ਉਹ ਮਨੁੱਖ ਭਾਵੇਂ ਦੇਸ਼ ਵਿਚ ਵੱਸਦਾ ਹੋਵੇ ਜਾਂ ਪਰਦੇਸ ਵਿਚ। ਨਕਸ਼ਦੀਪ ਪੰਜਕੋਹਾ ਦੀ ਗਲਪਕਾਰੀ ’ਚ ਕਲਪਿਤ ਤੇ ਸੰਕਲਪਿਤ ਪੱਖਾਂ ਦਾ ਸੁਚੱਜਾ ਸੰਯੋਗ ਮਿਲਦਾ ਹੈ ਜਿਸ ਦਾ ਅਸਰ ਪਾਠਕ ਦੇ ਮਨ ’ਤੇ ਚਿਰ ਸਥਾਈ ਹੋ ਨਿਬੜਦਾ ਹੈ। ਉਸ ਦੇ ਨਾਵਲਾਂ ਦੀ ਵਿਸ਼ਾਗਤ ਵੰਨ-ਸੁਵੰਨਤਾ ਇਸ ਸੰਯੋਗ ਨੂੰ ਹੋਰ ਵੀ ਸੰਘਣਾ ਕਰ ਦਿੰਦੀ ਹੈ। ਨਕਸ਼ਦੀਪ ਪੰਜਕੋਹਾ ਦਾ ਨਾਵਲ ‘ਵਾਵਰੋਲਿਆਂ ਦੇ ਨਾਲ’ ਕਾਮ ਦੀ ਬਿਮਾਰੀ ਬਾਰੇ ਹੈ। ‘ਸਾਂਝਾ ਦੁੱਖ’ ਆਰਥਿਕ ਕ੍ਰਾਂਤੀ ਦੀ ਗੱਲ ਕਰਦਾ ਹੈ। ‘ਪਾਰ ਬਣਾਏ ਆਲ੍ਹਣੇ’ ਵਿੱਚੋਂ ਆਪਣੀ ਮਿੱਟੀ ਦੇ ਮੋਹ ਨੂੰ ਸਮਝਿਆ ਜਾ ਸਕਦਾ ਹੈ। ‘ਗਿਰਵੀ ਹੋਏ ਮਨ’ ਜਾਤ ਪਾਤ ਦੇ ਨਸਲੀ ਵਿਤਕਰੇ ਬਾਰੇ ਹੈ। ਇਸ ਨਾਵਲ ਬਾਰੇ ਗੱਲ ਕਰਦਿਆਂ ਨਾਵਲਕਾਰ ਦਾ ਆਖਣਾ ਹੈ ਕਿ ‘ਇਹ ਵਿਤਕਰਾ ਸਿਰਫ਼ ਗੋਰੇ ਹੀ ਨਹੀਂ ਕਰਦੇ ਬਲ ਕਿ ਕਾਲੇ ਅਤੇ ਮੈਕਸੀਕਣ ਵੀ ਰੱਜਕੇ ਕਰਦੇ ਹਨ। ਆਪਣੇ ਲੋਕ ਜਿੱਥੇ ਜ਼ਿਆਦਾ ਹੋ ਜਾਂਦੇ ਹਨ, ਨਸਲ ਵਿਤਕਰੇ ਨੂੰ ਉਹ ਵੀ ਜਾਰੀ ਰੱਖਦੇ ਹਨ। ਮੇਰਾ ਨਾਵਲ ‘ਗਿਰਵੀ ਹੋਏ ਮਨ’ ਮੇਰੇ ਇਸ ਅਨੁਭਵ ਦੀ ਉਪਜ ਹੈ। ਇਹ ਸਭ ਕੁਝ ਸ਼ਰੇਆਮ ਨਹੀਂ ਹੁੰਦਾ ਪਰ ਪਰਦੇ ਪਿੱਛੋਂ ਇਸ ਚੀਜ਼ ਦੀ ਬਦਬੋ ਆੳੁਂਦੀ ਰਹਿੰਦੀ ਹੈ। ‘ਗਿਰਵੀ ਹੋਏ ਮਨ’ ਕਈ ਵਰੵੇ ਯੂਨੀਵਰਸਿਟੀ ਦੇ ਪਾਠਕ੍ਰਮ ’ਚ ਵੀ ਸ਼ਾਮਲ ਰਿਹਾ ਹੈ। ‘ਦਰੱਖ਼ਤੋਂ ਟੁੱਟੇ ਪੱਤੇ’ ਬਾਰੇ ਡਾ. ਹਰਚੰਦ ਸਿੰਘ ਬੇਦੀ ਦਾ ਇਹ ਕਹਿਣਾ ਬਿਲਕੁਲ ਵਾਜਬ ਹੈ ਕਿ ‘ਇਹ ਨਾਵਲ ਪਰਵਾਸ ਦੇ ਵਿਹਾਰਕ ਜੀਵਨ ਦਰਸ਼ਨ ਦਾ ਸਿਰਫ਼ ਸੰਧੀਛੇਦ ਹੀ ਨਹੀਂ ਕਰਦਾ ਸਗੋਂ ਪਿਆਜ਼ ਦੇ ਛਿਲਕਿਆਂ ਵਾਂਗ ਪਰਤ ਦਰ ਪਰਤ ਇਹ ਪ੍ਰਸਤੁਤ ਕਰਨ ’ਤੇ ਵਧੇਰੇ ਬਲ ਦੇਂਦਾ ਹੈ ਕਿ ਮਨੁੱਖ ਪ੍ਰਸਥਿਤੀਆਂ ਦੀ ਘੁੰਮਣ ਘੇਰੀ ਵਿਚ ਘਿਰਿਆ ਇੱਕ ਅਜਿਹਾ ਪਾਤਰ ਹੈ ਜੋ ਕੱਲ੍ਹ ਦੇ ਨਕਸ਼ ਸੰਵਾਰਨ ਲਈ ਕਰਮਯੋਗੀ ਵਾਂਗ ਕਰਮਸ਼ੀਲ ਹੈ। ‘ਸੁਲਗਦੀ ਅੱਗ’ ਬਦਲੇ ਦੀ ਭਾਵਨਾ ਤੇ ਹਾਲਾਤ ਦੇ ਅਸਰ ਨੂੰ ਦਰਸਾਉਂਦਾ ਹੈ। ‘ਲਾਲ ਲਕੀਰੋਂ ਪਾਰ’ ਵਿਚ ਔਰਤ ਦੇ ਜੁਰੱਅਤ ਦੇ ਸਫ਼ਰ ਨੂੰ ਉਸਦੀ ਤਾਕਤ ਦੇ ਪ੍ਰਮਾਣ ਵਜੋਂ ਉਜਾਗਰ ਕੀਤਾ ਗਿਆ ਹੈ। ਨਾਵਲਾਂ ਤੇ ਕਵਿਤਾਵਾਂ ਦੇ ਨਾਲ-ਨਾਲ ਗ.ਸ. ਨਕਸ਼ਦੀਪ ਪੰਜਕੋਹਾ ਨੇ ਅੱਧੀ ਕੁ ਦਰਜਨ ਦੇ ਕਰੀਬ ਅੰਗਰੇਜ਼ੀ ਪੁਸਤਕਾਂ ਵੀ ਪਾਠਕਾਂ ਦੇ ਹੱਥਾਂ ’ਚ ਪੁਚਾਈਆਂ ਹਨ ਜਿਨ੍ਹਾਂ ਦੀ ਬਹੁਤਾ ਕਰਕੇ ਸੁਰ ਅਧਿਆਤਮਕ ਹੈ। ਨਕਸ਼ਦੀਪ ਪੰਜਕੋਹਾ ਦੀ ਗੁਰਮਤਿ ਚਿੰਤਨ ਵਿਚ ਵੀ ਖਾਸੀ ਰੁਚੀ ਹੈ। ਨਕਸ਼ਦੀਪ ਦੀ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਵੀ ਸਲਾਹੁਣਯੋਗ ਹੈ। ਉਸ ਬਾਰੇ ਵਧੇਰੇ ਜਾਣਕਾਰੀ ਲਈ ‘ਸ਼ਬਦ’ ਮੈਗਜ਼ੀਨ ਦਾ ਸਪਲੀਮੈਂਟ ਨੰ. 28, ਮਈ 2022 ਪੜ੍ਹਿਆ ਜਾ ਸਕਦਾ ਹੈ। ਗ.ਸ. ਨਕਸ਼ਦੀਪ ਪੰਜਕੋਹਾ ਨਾਲ ਪਿਛਲੇ ਦਿਨਾਂ ’ਚ ਹੋਏ ਸਾਹਿਤਕ ਵਿਚਾਰ-ਵਿਮਰਸ਼ ’ਚੋਂ ਉਸ ਵਲੋਂ ਕੁਝ ਅੰਸ਼ ਸਾਂਝੇ ਕੀਤੇ ਜਾਂਦੇ ਹਨ :- * ਮੈਂ ਤੇਰਾਂ ਚੌਦਾਂ ਸਾਲ ਦਾ ਹੋਵਾਂਗਾ ਜਦੋਂ ਮੈਂ ਗੀਤ ਅਤੇ ਕਵਿਤਾ ਲਿਖਣ ਲੱਗ ਪਿਆ ਸੀ। ਮੇਰਾ ਗੁਰਦੇਵ ਸਿੰਘ ਮਾਨ, ਜੋ ਬਿੰਬਾਂ ਭਰੇ ਗਾਣੇ ਲਿਖਦੇ ਸੀ, ਇਕਾਂਗੀ ਨਾਟਕ ਲਿਖਦੇ ਸੀ ਅਤੇ ਕਵੀ ਦਰਬਾਰਾਂ ਵਿਚ ਕਵਿਤਾ ਪੜ੍ਹਿਆ ਕਰਦੇ ਸੀ, ਨਾਲ ਸੰਪਰਕ ਬਣਿਆ। ਉਨ੍ਹਾਂ ਨੇ ਹੱਲਾਸ਼ੇਰੀ ਦਿੱਤੀ। ਦਸਵੀਂ ਵਿਚ ਇੱਕ ਕਹਾਣੀ ਲਿਖ ਕੇ ਨਾਵਲਿਸਟ ਨਾਨਕ ਸਿੰਘ ਜੀ ਨੂੰ ਘੱਲੀ। ਉਨ੍ਹਾਂ ਚੰਗੀ ਨਸੀਹਤ ਦਿੱਤੀ ਤੇ ਮੇਰਾ ਲਿਖਣਾ ਜਾਰੀ ਰਿਹਾ। * ਯੂਨੀਵਰਸਿਟੀ ਵਿਚ ਪੜ੍ਹਨ ਵੇਲੇ ਮੈਨੂੰ ਸੁਖਬੀਰ ਨਾਵਲਿਸਟ ਹੋਰਾਂ ਨੇ ਇੱਕ ਚੰਗਾ ਲੇਖਕ ਬਣਨ ਲਈ ਮਿਹਨਤ ਦੇ ਰਸਤੇ ਪਾਇਆ ਅਤੇ ਇੱਕੋ ਖ਼ਿਆਲ ਦੇ ਡੱਬੇ ਵਿਚ ਬੰਦ ਰਹਿਣ ਤੋਂ ਬਚਾਇਆ। * ਬਲਰਾਜ ਸਾਹਨੀ ਨੇ ਮੈਨੂੰ ਅੰਗਰੇਜ਼ੀ ਦੀ ਬਜਾਏ ਪੰਜਾਬੀ ਵਿਚ ਲਿਖਣ ਦੀ ਸਲਾਹ ਦਿੱਤੀ। * ਗੱਲ ਕਹਾਣੀ ਤੋਂ ਸ਼ੁਰੂ ਹੋਈ ਪਰ ਬਹੁਤ ਸਾਰੇ ਨਾਵਲ ਪੜ੍ਹਨ ਤੋਂ ਬਾਅਦ ਮੇਰੇ ਮਨ ਵਿਚ ਆਇਆ ਕਿ ਇੱਕ ਵਿਸ਼ੇ ਨੂੰ ਨਿਭਾਉਣ ਦਾ ਸਹੀ ਸਾਹਿਤਕ ਰੂਪ ਨਾਵਲ ਹੀ ਹੈ। * ਮੇਰੀ ਜਾਚੇ ਪਰਵਾਸ ਹੋਣ ਦੇ ਦੋ ਮੱੁਖ ਕਾਰਨ ਹਨ। ਇੱਕ ਤਾਂ ਪੰਜਾਬੀ ਆਪਣੇ ਬੱਚਿਆਂ ਦਾ ਪੰਜਾਬ ਵਿਚ ਚੰਗਾ ਭਵਿੱਖ ਨਹੀਂ ਦੇਖ ਰਹੇ। ਦੂਜਾ ਰਿਸ਼ਵਤਖ਼ੋਰੀ ਅਤੇ ਖਾਣ-ਪੀਣ ਦੀਆਂ ਚੀਜ਼ਾਂ ਵਿਚ ਮਿਲਾਵਟ ਸਿਖ਼ਰ ਉੱਤੇ ਜਾ ਚੱੁਕੀ ਹੈ। ਇਸ ਵਾਤਾਵਰਨ ਵਿੱਚੋਂ ਲੋਕ ਆਪਣੇ ਬੱਚਿਆਂ ਨੂੰ ਕੱਢਣਾ ਚਾਹੁੰਦੇ ਹਨ। ਨਹੀਂ ਭਲਾ ਜੇ ਇੱਕੋ ਬੱਚਾ ਹੋਵੇ, ਉਸ ਨੂੰ ਕੋਈ ਮਾਪਾ ਕਿਉ ਪਰਵਾਸ ਦੁਆਵੇ? ਦੂਸਰਾ ਕੁਝ ਰੀਸ ਵੀ ਹੈ। * ਮੈਂ ਪਰਵਾਸ ਦੇ ਕੁਝ ਲਿਖਾਰੀਆਂ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਸੀ ਪਰ ਗੱਲ ਨਹੀਂ ਬਣੀ। ਅਮਰੀਕਾ ਵਿਚ ਪੰਜਾਬੀ ਸਾਹਿਤ ਦੀ ਬਿਹਤਰੀ ਲਈ ਮੇਰੀ ਜਾਚੇ ਇਹੋ ਕਿਹਾ ਜਾ ਸਕਦਾ ਹੈ ਕਿ ਲੇਖਕ ਇੱਕ ਦੂਜੇ ਨਾਲ ਜੁੜਨ ਤੇ ਇੱਕ ਸਭਾ ਜਾਂ ਅਕੈਡਮੀ ਬਣਾਉਣ ਅਤੇ ਨਿਰਪੱਖਤਾ ਨਾਲ ਸਾਹਿਤ ਬਾਰੇ ਲਿਖਣ। ਆਪਣੇ-ਆਪਣੇ ਟੋਲੇ ਬਣਾ ਕੇ ਕੀ ਹੁੰਦਾ ਹੈ? ਪੰਜਾਬ ਵਿਚ ਵੇਖ ਲਵੋ, ਉੱਥੇ ਸਾਹਿਤਕ ਟੋਲੇ ਸਿਰਫ਼ ਆਪਣੇ ਬੰਦਿਆਂ ਨੂੰ ਹੀ ਚੱੁਕ ਰਹੇ ਹਨ। ਬਾਕੀ ਸਭ ਨੂੰ ਸਾਹਿਤ ਵਿੱਚੋਂ ਗਾਇਬ ਹੀ ਕਰ ਰਹੇ ਹਨ। * ਜਿੰਨਾ ਹੋ ਸਕੇ ਮੈਂ ਪੜ੍ਹਦਾ ਤੇ ਲਿਖਦਾ ਹਾਂ ਤੇ ਪੜ੍ਹਨਾ ਲਿਖਣਾ ਹੀ ਮੇਰਾ ਸ਼ੌਕ ਹੈ। ਮੈਂ ਜ਼ਿਆਦਾ ਬਾਹਰ ਦੇ ਸਾਹਿਤ ਨੂੰ ਪੜ੍ਹਕੇ ਵਿਚਾਰਦਾ ਹਾਂ। * ਪੰਜਾਬੀ ਦੇ ਵੱਡੇ ਸਾਹਿਤਕਾਰਾਂ ਬਾਰੇ ਵੀ ਲਿਖਣ ਨੂੰ ਦਿਲ ਕਰਦਾ ਹੈ ਪਰ ਡਰਦਾ ਹਾਂ ਕਿਉਕਿ ਪੰਜਾਬੀ ਸਾਹਿਤਕਾਰ ਆਪਣੀ ਆਲੋਚਨਾ ਬਰਦਾਸ਼ਤ ਹੀ ਨਹੀਂ ਕਰ ਸਕਦੇ। ਇਹ ਮੇਰਾ ਨਿੱਜੀ ਤਜਰਬਾ ਹੈ, ਉਹ ਨਿੱਕੀਆਂ-ਨਿੱਕੀਆਂ ਗੱਲਾਂ ਦਿਲ ਨੂੰ ਲਾ ਬਹਿੰਦੇ ਹਨ। ਮੈਂ ਹਰ ਰੋਜ਼ ਲਿਖਦਾ ਹਾਂ, ਕਦੇ ਨਾਵਲ, ਕਦੇ ਕਹਾਣੀ ਤੇ ਕਦੇ ਕਵਿਤਾ। ਪਿਛਲੇ ਕਾਫ਼ੀ ਵਰਿੵਆਂ ਤੋਂ ਅਮਰੀਕਾ ਵਿਚ ਵੱਸਦੇ ਇਸ ਪੰਜਾਬੀ ਨਾਵਲਕਾਰ ਦੀ ਕਵਿਤਾ ਨਾਲ ਵੀ ਇੱਥੇ ਸਾਂਝ ਪੁਆਈ ਜਾਂਦੀ ਹੈ। ਉਸ ਦੀ ਕਵਿਤਾ ‘ਕਿੰਝ ਦੇ ਇਹ ਲੋਕ’ ਦੀਆਂ ਕੁਝ ਸਤਰਾਂ ਆਤਮਸਾਤ ਕਰਦੇ ਹੋਏ ਇਜਾਜ਼ਤ ਲਈ ਜਾਂਦੀ ਹੈ:- ਵੇਖੇ ਸੱਚ ਨੂੰ ਉਹ ਭਾਲਦੇ, |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।* |
ਗ ਸ ਨਕਸ਼ਦੀਪ ਪੰਜਕੋਹਾ
ਜਨਮ ਪਿੰਡ ਪੰਜਕੋਹੇ ਜਿਲ੍ਹਾ ਫਤਿਹਗੜ੍
ਉੱਚ ਵਿਦਿਆ ਮਾਤਾ ਗੂਜਰੀ ਕਾਲਜ ਫਤਿਹਗੜ ਸਾਹਿਬ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਲਈ |
1986 ਤੋਂ ਬਾਦ ਅਮਰੀਕਾ ਜਾ ਵਸੇ |
ਲਿਖਣ ਦਾ ਸ਼ੌਕ ਸ਼ੁਰੂ ਤੋਂ ਹੀ ਸੀ।
ਹੁਣ ਤੀਕ 6 ਪੰਜਾਬੀ ਨਾਵਲ ਲਿਖੇ:
ਪਲੇਠਾ ਨਾਵਲ “ਵਾਵਰੋਲੀਆਂ ਦੇ ਨਾਲ”
ਅਮਰੀਕਾ ਰਹਿਕੇ ਵੀ ਲਿਖਣਾ ਕਦੇ ਨਹੀਂ ਛੱਡਿਆ |
ਬਾਕੀ ਸਾਰੇ ਨਾਵਲਾਂ ਜਿਵੇਂ "ਸਾਂਝਾ ਦੁੱਖ", "ਪਾਰ ਬਣਾਏ ਆਲ੍ਹਣੇ", "ਗਿਰਵੀ ਹੋਏ ਮਨ", "ਦਰਖ਼ਤੋਂ ਟੁਟੇ ਪੱਤੇ" ਅਤੇ "ਸੁਲਗਦੀ ਅੱਗ" ਅਤੇ ਛਪਣ ਅਧੀਨ ‘ਲਾਲ ਲਕੀਰੋਂ ਪਾਰ’ ਅਮਰੀਕਾ ਵਿੱਚ ਰਹਿੰਦਿਆਂ ਹੀ ਲਿਖੇ |
ਇੱਕ ਕਾਵਿ ਸੰਗ੍ਰਹਿ " ਰਾਤ ਦੀ ਕੁੱਖ " ਵੀ 2019 ਵਿੱਚ ਛਪਿਆ |
ਇੱਕ ਨਵਾਂ ਕਾਵਿ ਸੰਗ੍ਰਹਿ “ਖਾਮੋਸ਼ੀ ਅਤੇ ਅਤੇ ਕਾਵਿ ਵਿਸ਼ਲੇਛਣ “ਅਦਬ -ਸੁਨੇਹੇ ਅਕਤੂਬਰ 2021 ਵਿੱਚ ਛਪੇ |
ਪੰਜਾਬੀ ਸਾਹਿਤ ਵਿੱਚ ਜਿਆਦਾ ਜਾਣ ਪਛਾਣ ਉਨ੍ਹਾਂ ਦੇ ਨਾਵਲ " ਗਿਰਵੀ ਹੋਏ ਮਨ" ਕਰਕੇ ਬਣੀ ਜਿਸ ਦਾ ਸੰਬੰਧ ਹਰ ਨਸਲ ਦੇ ਪਰਸਪਰ ਸਵੈਵਿਰੋਧ ਅਤੇ ਮਨ ਦੇ ਦੋਗਲੇ ਬਣੇ ਰਹਿਣ ਨਾਲ ਹੈ | ਇਹ ਨਾਵਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਸੀਲੇਬਸ ਵਿੱਚ ਲੱਗਿਆ ਹੋਇਆ ਹੈ | ਇਸ ਨਾਵਲ ਦਾ ਅੰਗਰੇਜ਼ੀ ਵਿੱਚ ਤਰਜਮਾ ਵੀ ਹੋ ਚੁੱਕਿਆ ਹੈ ਅਤੇ ਹਿੰਦੀ ਵਿੱਚ ਵੀ ਹੋ ਰਿਹਾ ਹੈ !
9-10 ਸਾਲ ਲਾਕੇ “ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ” ਦਾ ਅੰਗਰੇਜੀ ਵਿੱਚ ਉਲਥਾ ਕੀਤਾਤੇ ਜਿਸ ਦੇ ਆਧਾਰ ਤੇ ਅੰਗਰੇਜੀ ਵਿੱਚ 4 ਕਿਤਾਬਾਂ ਲਿਖੀਆਂ: ਜਿਵੇਂ “Guru Message, The Ultimate Freedom", "Guru Nanak In His Own Words", "Bhagat Kabir, A Self Portrait " and "Who Does Live Within?"
ਨਕਸ਼ਦੀਪ ਪੰਜਕੋਹਾ ਉਨ੍ਹਾਂ ਸਭ ਸ਼ਖਸ਼ਿਅਤਾਂ ਨਾਲ ਜੁੜੇ ਰਹਿਣਾ ਚਾਹੁੰਦੇ ਹਨ ਜੋ ਕਿਸੇ ਵੀ ਆਰਟ , ਨਿਰੋਲ ਸਾਹਿਤ ਸਿਰਜਣਾ ਅਤੇ ਇਸ ਦੀ ਇਮਾਨਦਾਰੀ ਨਾਲ ਆਲੋਚਨਾ ਵਿੱਚ ਰੁੱਝੇ ਹੋਏ ਹਨ ਕਿਉਂਕਿ ਉਹ ਇਹੋ ਸਮਝਦੇ ਹਨ ਕਿ ਅਜਿਹੀਆਂ ਸ਼ਖਸ਼ਿਅਤਾਂ ਹੀ ਉਨ੍ਹਾਂ ਦੇ ਦਿਲ ਦੇ ਕਰੀਬ ਹਨ ! “ਮੁਹਾਂਦਰਾ ਪੁਰਸਕਾਰ” ਬਿਨਾ ਕਿਸੇ ਸਿਫਾਰਸ਼ ਤੋਂ ਮਿਲਣ ਨੂੰ ਉਹ ਬਹੁਤ ਵੱਡਾ ਇਨਾਮ ਸਮਝਦੇ ਹਨ!