8 December 2024
dr.harshinder_kaur

ਪੁਸ਼ਪਿੰਦਰ ਜੈਰੂਪ ਦਾ ਅਸਹਿ ਵਿਛੋੜਾ—ਡਾ. ਹਰਸ਼ਿੰਦਰ ਕੌਰ

ਡਾ. ਪੁਸ਼ਪਿੰਦਰ ਜੈਰੂਪ

ਸਿਰੇ ਦਾ ਜਨੂੰਨ ਸੀ ਉਨ੍ਹਾਂ ਨੂੰ ਲਿਖਣ ਦਾ। ਏਨਾ ਕਿ ਇਕ ਪਾਸੇ ਕੈਂਸਰ ਦਾ ਟੀਕਾ ਲੱਗ ਰਿਹਾ ਹੁੰਦਾ ਤਾਂ ਦੂਜੇ ਪਾਸੇ ਕੰਪਿਊਟਰ ਉੱਤੇ ਆਪਣੀ ਕਿਤਾਬ ਦੇ ਪੰਨੇ ਨੂੰ ਇੰਜ ਸ਼ਿੰਗਾਰ ਰਹੇ ਹੁੰਦੇ ਜਿਵੇਂ ਕੋਈ ਪੇਂਟਰ ਆਪਣੀ ਮਨਮੋਹਣੀ ਕਲਾਕ੍ਰਿਤੀ ਨੂੰ ਸਿਤਾਰੇ ਜੜ ਰਿਹਾ ਹੋਵੇ। ਕਦੇ ਇਕ ਕੋਨੇ ਉੱਤੇ, ਕਦੇ ਵਿਚਕਾਰ ਅਤੇ ਕਦੇ ਹੇਠਲੇ ਸਿਰੇ ਉੱਤੇ ਆਪਣੇ ਹੀ ਬੇਟੇ ਅਰਸ਼ਰੂਪ ਸਿੰਘ ਦੀ ਖਿੱਚੀ ਤਸਵੀਰ ਸਜਾ ਕੇ, ਉਸ ਵਿਚ ਆਪਣੀ ਲਿਖਤ ਨੂੰ ਇੱਧਰ-ਉੱਧਰ ਕਰ ਕੇ ਪੂਰਾ ਪੰਨਾ ਤਿਆਰ ਕਰਨਾ ਉਨ੍ਹਾਂ ਦਾ ਨੇਮ ਸੀ। ਡਾ. ਪੁਸ਼ਪਿੰਦਰ ਕੌਰ ਨੂੰ ਜੀਵਾਂ, ਪੰਛੀਆਂ, ਜੰਗਲੀ ਜਾਨਵਰਾਂ, ਕੀੜੇ-ਮਕੌੜਿਆਂ ਅਤੇ ਫ਼ਲ-ਬੂਟਿਆਂ ਬਾਰੇ ਜਾਣਨ ਦੀ ਤੀਬਰ ਇੱਛਾ ਸੀ। ਪੀਐੱਚਡੀ ਕਰਨ ਤੋਂ ਬਾਅਦ ਜੀਵ ਵਿਗਿਆਨੀ ਡਾ. ਪੁਸ਼ਪਿੰਦਰ ਕੌਰ ਨੇ ਚਾਰ ਦਹਾਕੇ ਸੈਂਕੜੇ ਵਿਦਿਆਰਥੀਆਂ ਲਈ ਰਾਹ-ਦਸੇਰਾ ਬਣਨ ਦਾ ਯਤਨ ਕੀਤਾ ਅਤੇ ਬਥੇਰਿਆਂ ਨੂੰ ਉੱਚ-ਪੱਧਰੀ ਜੀਵ-ਵਿਗਿਆਨੀ ਬਣਾ ਵੀ ਦਿੱਤਾ। ਮੇਰੀ ਉਮਰ ਉਨ੍ਹਾਂ ਤੋਂ ਬਹੁਤ ਘੱਟ ਹੋਣ ਸਦਕਾ ਉਹ ਮੇਰੀ ਭਾਬੀ ਘੱਟ ਤੇ ਮਾਂ ਸਮਾਨ ਵੱਧ ਸਨ। ਇਸੇ ਲਈ ਜਦੋਂ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਆਪਣੇ ਸਕੂਲੋਂ ਮੁੜ ਕੇ ਉਨ੍ਹਾਂ ਦੇ ਵਿਭਾਗ ਵਿਚ ਜਾਣਾ ਤਾਂ ਉਨ੍ਹਾਂ ਅਨੇਕਾਂ ਤਰ੍ਹਾਂ ਦੇ ਸੱਪ, ਕੀੜੇ-ਮਕੌੜੇ ਵਿਖਾਉਣੇ ਤੇ ਉਨ੍ਹਾਂ ਬਾਰੇ ਬਹੁਤ ਕੁਝ ਦੱਸਣਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਸੰਨ 1967-69 ਵਿਚ ਉਨ੍ਹਾਂ ਨੇ ਮਾਸਟਰਜ਼ ਕੀਤੀ ਸੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੀਐੱਚਡੀ।

ਭਾਰਤ ਦੇ 11ਵੇਂ ਰਾਸ਼ਟਰਪਤੀ ਅਤੇ ਭਾਰਤੀ ਏਅਰੋ ਸਪੇਾਸ ਵਿਗਿਆਨੀ ਏ.ਪੀ.ਜੇ. ਅਬਦੁਲ ਕਲਾਮ ਜੀ ਡਾ. ਪੁਸ਼ਪਿੰਦਰ ਜੈਰੂਪ ਨਾਲ ਵਿਚਾਰ-ਵਟਾਂਦਰਾ ਕਰ ਰਹੇ।

ਇਸੇ ਯੂਨੀਵਰਸਿਟੀ ਵਿਚ ਹੀ ਉਹ ਵਿਆਹ ਕੇ ਸਾਡੇ ਘਰ ਆਏ ਸਨ ਜਦੋਂ ਮੇਰੇ ਭਾਪਾ ਜੀ ਪ੍ਰੋ. ਪ੍ਰੀਤਮ ਸਿੰਘ ਜੀ ਉੱਥੇ ਬਤੌਰ ਪ੍ਰੋਫੈਸਰ ਤੇ ਮੁਖੀ ਲੱਗੇ ਹੋਏ ਸਨ। ਉਦੋਂ ਯੂਨੀਵਰਸਿਟੀ ਵਿਚ ਘੁੰਮਦੇ ਹੋਏ ਜਦੋਂ ਸ਼ਾਮੀਂ ਨਿੱਕੇ-ਮੋਟੇ ਕੀਟ-ਪਤੰਗੇ ਮੈਂ ਤੇ ਮੇਰੀਆਂ ਸਹੇਲੀਆਂ ਡੱਬੀ ਵਿਚ ਫੜ ਲਿਆਉਂਦੀਆਂ ਤਾਂ ਸਾਨੂੰ ਸਾਰੀਆਂ ਨੂੰ ਬਿਠਾ ਕੇ ਉਨ੍ਹਾਂ ਦੇ ਵੱਖੋ-ਵੱਖ ਹਿੱਸਿਆਂ ਬਾਰੇ ਸਮਝਾ ਕੇ ਉਨ੍ਹਾਂ ਨੂੰ ਆਜ਼ਾਦ ਕਰ ਦੇਣਾ। ਭਾਪਾ ਜੀ ਨੇ ਇਹ ਵੇਖਣਾ ਤਾਂ ਭਾਬੀ ਜੀ ਨੂੰ ਕਹਿਣਾ ਕਿ ਤੂੰ ਜਿਵੇਂ ਇਨ੍ਹਾਂ ਨਿਆਣਿਆਂ ਨੂੰ ਪੰਜਾਬੀ ਵਿਚ ਸਮਝਾਉਂਦੀ ਏਂ, ਉਸੇ ਤਰ੍ਹਾਂ ਮਾਤਭਾਸ਼ਾ ਵਿਚ ਲਿਖ ਕੇ ਅਨੇਕ ਬੱਚਿਆਂ ਲਈ ਚਾਨਣ ਮੁਨਾਰਾ ਸਾਬਤ ਹੋ ਸਕਦੀ ਹੈਂ। ਇੰਜ ਕਰਨ ਨਾਲ ਪੰਜਾਬੀ ਮਾਂ-ਬੋਲੀ ਦੀ ਵੱਡਮੁੱਲੀ ਸੇਵਾ ਵੀ ਹੋ ਸਕਦੀ ਹੈ। ਭਾਬੀ ਜੀ ਨੇ ਇਹ ਸੁਣਦੇ ਸਾਰ ਪਾਸਾ ਵੱਟ ਲੈਣਾ ਜਾਂ ਹਰ ਵਾਰ ਨਵਾਂ ਬਹਾਨਾ ਘੜ ਕੇ ਨਾਂਹ-ਨੁੱਕਰ ਕਰਨੀ ਕਿ ਮੈਨੂੰ ਪੰਜਾਬੀ ਵਿਚ ਲਿਖਣਾ ਨਹੀਂ ਆਉਂਦਾ ਅਤੇ ਨਾ ਹੀ ਏਨਾ ਸਮਾਂ ਹੁੰਦਾ ਹੈ। ਅੰਗਰੇਜ਼ੀ ਦੀ ਜੀਵ-ਵਿਗਿਆਨ ਦੀ ਪੜ੍ਹਾਈ ਨੂੰ ਬਿਲਕੁਲ ਸੌਖੀ ਜ਼ੁਬਾਨ ਵਿਚ ਲਿਖਣਾ ਕਿਹੜਾ ਸੌਖਾ ਸੀ। ਅੱਧੇ ਸ਼ਬਦਾਂ ਦੇ ਅਰਥ ਪੰਜਾਬੀ ਵਿਚ ਕਰਦਿਆਂ ਕਈ ਘੰਟੇ ਲੱਗ ਜਾਣੇ ਸਨ। ਉਦੋਂ ਕੀ ਪਤਾ ਸੀ ਕਿ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਣਾ ਹੈ। ਕੰਮ ਦੇ ਰੁਝੇਵੇਂ ਵਧੇ ਅਤੇ 40 ਸਾਲਾਂ ਵਿਚ ਸਿੰਡੀਕੇਟ, ਸੈਨੇਟ, ਅਕਾਦਮਿਕ ਕੌਂਸਲ, ਪਲੈਨਿੰਗ ਬੋਰਡ ਆਦਿ ਵਿਚ ਆਪਣਾ ਯੋਗਦਾਨ ਪਾਉਂਦਿਆਂ ਵਕਤ ਲੰਘਣ ਦਾ ਪਤਾ ਹੀ ਨਹੀਂ ਲੱਗਿਆ। ਸੌ ਤੋਂ ਵੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੋਜ ਪੱਤਰ ਲਿਖਣ ਤਕ ਵੀ ਕਦੇ ਪੰਜਾਬੀ ਵਿਚ ਲਿਖਣ ਦਾ ਵਿਚਾਰ ਨਹੀਂ ਕੀਤਾ। ਭਾਪਾ ਜੀ ਹਟਣ ਵਾਲੇ ਨਹੀਂ ਸਨ। ਉਨ੍ਹਾਂ ਕਿਸੇ ਨਾ ਕਿਸੇ ਤਰੀਕੇ ਪਿਆਰਾ ਜਿਹਾ ਉਲਾਂਭਾ ਦਿੰਦੇ ਰਹਿਣਾ ਕਿ ਮੈਂ ਵੀ ਤੇਰੇ ਹੱਥ ਦੀ ਪੰਜਾਬੀ ਵਿਚ ਲਿਖੀ ਕਿਤਾਬ ਵੇਖੇ ਬਿਨਾਂ ਸੁਆਸ ਨਹੀਂ ਤਿਆਗਣੇ।

ਅਖ਼ੀਰ ਭਾਬੀ ਜੀ ਨੇ ਕਲਮ ਚੁੱਕ ਹੀ ਲਈ ਅਤੇ ਲਿਖ ਕੇ ਭਾਪਾ ਜੀ ਨੂੰ ਪੜ੍ਹ ਕੇ ਸੁਣਾਇਆ ਤਾਂ ਉਹ ਗਦਗਦ ਹੋ ਉੱਠੇ। ਥੋੜ੍ਹੀਆਂ-ਬਹੁਤੀਆਂ ਗ਼ਲਤੀਆਂ ਠੀਕ ਕੀਤੀਆਂ ਤੇ ਦੁਬਾਰਾ ਲਿਖਣ ਦੀ ਹੱਲਾਸ਼ੇਰੀ ਦਿੱਤੀ। ਅਚਾਨਕ ਇਕ ਦਿਨ ਅਕਤੂਬਰ, 2006 ਵਿਚ ਦੁਸਹਿਰੇ ਵਾਲੇ ਦਿਨ ਪਤਾ ਲੱਗਿਆ ਕਿ ਸਰੀਰ ਅੰਦਰ ਕੈਂਸਰ ਨੇ ਹੱਲਾ ਬੋਲਿਆ ਹੈ। ਆਮ ਤੌਰ ਉੱਤੇ ਲੋਕ ਕੈਂਸਰ ਦਾ ਨਾਮ ਸੁਣਦਿਆਂ ਹੀ ਢਹਿ-ਢੇਰੀ ਹੋ ਜਾਂਦੇ ਹਨ ਪਰ ਉਸ ਦਿਨ ਭਾਬੀ ਜੀ ਨੇ ਵੱਖਰੀ ਕਿਸਮ ਦਾ ਫ਼ੈਸਲਾ ਲਿਆ। ਨਾਲੋ-ਨਾਲ ਇਲਾਜ ਚੱਲਦਾ ਰਿਹਾ ਅਤੇ ਦੂਜੇ ਪਾਸੇ ਕਲਮ ਚੱਲਣੀ ਸ਼ੁਰੂ ਹੋ ਗਈ। ਲਗਾਤਾਰ 15 ਸਾਲ ਕੈਂਸਰ ਨਾਲ ਜੰਗ ਲੜੀ ਅਤੇ ਉਸ ਦੌਰਾਨ ਦਿਨ-ਰਾਤ ਇਕ ਕਰ ਕੇ ਲਿਖੀ ਪੰਜਾਬੀ ਵਿਚ ਲੇਖਾਂ ਦੀ ਲੜੀ ਨੇ ਕਮਾਲ ਕਰ ਵਿਖਾਇਆ। ਸੰਨ 2009 ਵਿਚ ਕੈਂਸਰ ਦੇ ਫੈਲ ਜਾਣ ਬਾਰੇ ਪਤਾ ਲੱਗ ਗਿਆ ਸੀ ਪਰ ਨਾ ਆਪ੍ਰੇਸ਼ਨ ਅਤੇ ਨਾ ਹੀ ਟੀਕਿਆਂ ਨੇ ਹਿੰਮਤ ਪਸਤ ਕੀਤੀ। ਹਾਲੇ ਕੁਦਰਤ ਨੇ ਹੋਰ ਕਿਸਮ ਦਾ ਕੰਮ ਵੀ ਭਾਬੀ ਜੀ ਤੋਂ ਲੈਣਾ ਸੀ। ਇਸੇ ਲਈ ਉਨ੍ਹਾਂ ਦਾ ਧਿਆਨ ਭਾਪਾ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਕੀਤੇ ਕੰਮ ਵੱਲ ਗਿਆ। ਉਹ ਪੜ੍ਹਦਿਆਂ ਉਨ੍ਹਾਂ ਧਿਆਨ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਨੇਕਾਂ ਤਰ੍ਹਾਂ ਦੇ ਜਾਨਵਰਾਂ, ਕੀਟ-ਪਤੰਗਿਆਂ ਅਤੇ ਰੁੱਖਾਂ ਦਾ ਜ਼ਿਕਰ ਹੈ। ਬਸ ਫਿਰ ਕੀ ਸੀ, ਖੋਜ ਕਰਦਿਆਂ 9000 ਤੋਂ 10,000 ਚਿੜੀਆਂ ਦੀਆਂ ਪ੍ਰਜਾਤੀਆਂ ਬਾਰੇ ਪੜ੍ਹਿਆ। ਪੰਜਾਬ ਵਿਚ ਘਟਦੇ ਪਾਣੀ ਸਦਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜ਼ਿਕਰ ਕੀਤੇ ਰੁੱਖਾਂ ਤੇ ਕੀਟ-ਪਤੰਗਿਆਂ ਵਿੱਚੋਂ ਅਨੇਕਾਂ ਲੋਪ ਹੋਣ ਦੇ ਨੇੜੇ ਲੱਭੇ। ਇਸ ਚਿੰਤਾ ਨੂੰ ਲੋਕਾਂ ਤਕ ਪਹੁੰਚਾਉਣ ਲਈ ਅਤੇ ਪੰਜਾਬੀਆਂ ਨੂੰ ਜਾਗਰੂਕ ਕਰਨ ਲਈ ਜੋ ਕਿਤਾਬਾਂ ਹੋਂਦ ਵਿਚ ਆਈਆਂ, ਉਹ ਹਨ :

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੰਛੀਆਂ ਦਾ ਜ਼ਿਕਰ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪਸ਼ੂਆਂ ਦਾ ਜ਼ਿਕਰ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜੀਵ-ਜੰਤੂਆਂ ਦਾ ਜ਼ਿਕਰ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੌਦਿਆਂ ਦਾ ਜ਼ਿਕਰ

ਡਾ. ਪੁਸ਼ਪਿੰਦਰ ਜੈਰੂਪ ਕੌਰ ਜੀ ਅਾਪਣੇ ਪਤੀ ਸ. ਜੈਰੂਪ ਸਿੰਘ ਜੀ ਅਤੇ ਪਰਿਵਾਰ ਨਾਲ

ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਪਾਠਕ ਉਹ ਪੀੜ ਨਹੀਂ ਵੇਖ ਸਕਦੇ ਜੋ ਮੈਂ ਆਪਣੇ ਅੱਖੀਂ ਵੇਖੀ ਹੈ। ਟੀਕੇ, ਸੂਈਆਂ, ਵਾਲਾਂ ਦਾ ਝੜਨਾ, ਚਮੜੀ ਉਤਰਨੀ, ਢਿੱਡ ਤੇ ਫੇਫੜਿਆਂ ਅੰਦਰ ਲੱਗੀਆਂ ਪਾਈਪਾਂ, ਗੋਲ਼ੀਆਂ ਦੀਆਂ ਭਰੀਆਂ ਕੌਲੀਆਂ ਸਮੇਤ ਨਿਰੰਤਰ ਲਿਖਣ ਦੇ ਕਾਰਜ ਨੂੰ ਜਾਰੀ ਰੱਖਣਾ। ਕੁਦਰਤ ਨੇ ਜਿੰਨਾ ਤਕੜਾ ਇਮਤਿਹਾਨ ਲਿਆ, ਓਨੇ ਹੀ ਤਕੜੇ ਤਰੀਕੇ ਨਾਲ ਭਾਬੀ ਜੀ ਦਾ ਕੰਮ ਹੋਰ ਨਿਖਰਦਾ ਗਿਆ। ਇਸ ਸਾਰੀ ਪੀੜ ਨੂੰ ਵੰਡਾਉਣ ਲਈ ਜੋ ਭੂਮਿਕਾ ਮੇਰੇ ਵੱਡੇ ਭਰਾ ਡਾ. ਜੈਰੂਪ ਸਿੰਘ-ਸਾਬਕਾ ਵਾਈਸ ਚਾਂਸਲਰ ਨੇ ਨਿਭਾਈ, ਉਸ ਬਾਰੇ ਕਹਿਣ ਨੂੰ ਮੇਰੇ ਕੋਲ ਸ਼ਬਦ ਹੀ ਨਹੀਂ ਹਨ। ‘ਇਕ ਜੋਤ ਦੋਇ ਮੂਰਤੀ’ ਰੂਪੀ ਇਹ ਜੋੜੀ ਇਕ-ਦੂਜੇ ਲਈ ਹਮੇਸ਼ਾ ਮਾਨਸਿਕ ਤਾਕਤ ਬਣ ਕੇ ਉੱਭਰੀ ਅਤੇ ਦੁਨੀਆ ਲਈ ਇਕ ਮਿਸਾਲ ਬਣ ਗਈ ਸੀ। ਸਤਾਈ ਜੁਲਾਈ 2021 ਨੂੰ ਸ਼ਾਮ 6.25 ਵਜੇ ਭਾਬੀ ਜੀ ਨੇ ਆਖ਼ਰੀ ਸਾਹ ਲਿਆ। ਅਫ਼ਸੋਸ ਜਤਾਉਣ ਸਮੇਂ ਜਦੋਂ ਇਕ ਪੱਤਰਕਾਰ ਵੀਰ ਨੇ ਡਾ. ਜੈਰੂਪ ਵੀਰ ਨੂੰ ਪੁੱਛਿਆ ਕਿ ਹੁਣ ਇਹ ਖ਼ਲਾਅ ਕਿਵੇਂ ਭਰੋਗੇ ਤਾਂ ਵੀਰ ਨੇ ਜਵਾਬ ਦਿੱਤਾ-ਪੁਸ਼ਪ ਦਾ ਜਿੰਨਾ ਕੰਮ ਰਹਿ ਗਿਆ, ਹੁਣ ਉਸ ਨੂੰ ਆਖ਼ਰੀ ਸਾਹ ਤਕ ਲੱਗ ਕੇ ਪੂਰਾ ਕਰਾਂਗਾ।

***
256
***
ਡਾ. ਹਰਸ਼ਿੰਦਰ ਕੌਰ
(ਬੱਚਿਆਂ ਦੇ ਰੋਗਾਂ ਦੀ ਮਾਹਿਰ)
+91 175-2216783

ਡਾ.ਹਰਸ਼ਿੰਦਰ ਕੌਰ
0175-2216783/mobile:+91 9417666069 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਹਰਸ਼ਿੰਦਰ ਕੌਰ, ਐਮ. ਡੀ.

View all posts by ਡਾ. ਹਰਸ਼ਿੰਦਰ ਕੌਰ, ਐਮ. ਡੀ. →