7 December 2024

ਵੀਹਵੀਂ ਸਦੀ ਦਾ ਪ੍ਰਸਿੱਧ ਸਾਹਿਤਕਾਰ : ਭਾਈ ਵੀਰ ਸਿੰਘ — ਪ੍ਰੋ. ਨਵ ਸੰਗੀਤ ਸਿੰਘ 

ਡਾ. ਭਾਈ ਵੀਰ ਸਿੰਘ ਵੀਹਵੀਂ ਸਦੀ ਦਾ ਪ੍ਰਸਿੱਧ ਸਾਹਿਤਕਾਰ ਅਤੇ ਯੁਗ-ਪੁਰਸ਼ ਹੋ ਗੁਜ਼ਰਿਆ ਹੈ, ਜਿਸਨੂੰ ਭਾਰਤ ਦੇ ਪ੍ਰਸਿੱਧ ਦਾਰਸ਼ਨਿਕ ਡਾ. ਰਾਧਾਕ੍ਰਿਸ਼ਨਨ ਨੇ ‘ਭਾਰਤ ਦੀ ਸਨਾਤਨੀ ਵਿਦਵਤਾ ਦੇ ਪ੍ਰਤੀਨਿਧ’ ਕਿਹਾ ਹੈ। ਡਾ. ਮੁਲਕਰਾਜ ਆਨੰਦ ਨੇ ਭਾਈ ਵੀਰ ਸਿੰਘ ਨੂੰ ‘ਸਿਰਜਣਾਤਮਕ ਵੇਗ ਨੂੰ ਜੀਵਨ ਅਤੇ ਵਿਸ਼ਵ ਦੇ ਸੰਤੁਲਨ ਦਾ ਆਧਾਰ ਮੰਨਣ ਵਾਲੇ ਵਿਅਕਤੀ’ ਦਾ ਨਾਮ ਦਿੱਤਾ ਹੈ। ਸ਼੍ਰੀ ਹਰਿੰਦਰਨਾਥ ਚਟੋਪਾਧਿਆਏ ਨੇ ਭਾਈ ਸਾਹਿਬ ਨੂੰ ‘ਪੰਜਾਂ ਦਰਿਆਵਾਂ ਦੀ ਧਰਤੀ ਦੇ ਛੇਵੇਂ ਦਰਿਆ’ ਦੀ ਉਪਾਧੀ ਦਿੱਤੀ ਹੈ। ਡਾ.ਮੋਹਨ ਸਿੰਘ ਦੀਵਾਨਾ ਨੇ ਲਿਖਿਆ ਹੈ ਕਿ ਆਪ ਸਿੱਖ ਨਵ-ਚੇਤਨਾ ਦੇ ਅਜਿਹੇ ਥੰਮ੍ਹ ਸਨ, ਜਿਨ੍ਹਾਂ ਨੇ ਆਪਣੇ ਜੀਵਨ, ਕਵਿਤਾ, ਗਲਪ ਅਤੇ ਗੱਦ ਰਾਹੀਂ ਅਨੇਕਾਂ ਜਿੰਦੜੀਆਂ ਨੂੰ ਜੀਵਨ-ਛੋਹ ਦੇ ਕੇ ਉਤਸ਼ਾਹਿਤ ਕੀਤਾ ਅਤੇ ਪੰਜਾਬੀ ਸਾਹਿਤ ਵਿੱਚ ਅਭਿਵਿਅਕਤੀ ਦੇ ਨਵੀਨ ਮਾਪਦੰਡ ਸਿਰਜੇ।

ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ,1872 ਈ. ਨੂੰ ਅੰਮ੍ਰਿਤਸਰ ਵਿਖੇ ਡਾ. ਚਰਨ ਸਿੰਘ ਦੇ ਘਰ ਮਾਤਾ ਉੱਤਮ ਕੌਰ ਦੀ ਕੁੱਖੋਂ ਹੋਇਆ। ਉਸਦੀ ਵੰਸ਼-ਪਰੰਪਰਾ ਦਾ ਪਿਛੋਕੜ ਦੀਵਾਨ ਕੌੜਾ ਮੱਲ ਨਾਲ ਜਾ ਮਿਲਦਾ ਹੈ, ਜੋ ਅਠਾਰ੍ਹਵੀਂ ਸਦੀ ਦੇ ਪਹਿਲੇ ਅੱਧ ਵਿੱਚ ਲਹੌਰ ਦੇ ਦੀਵਾਨ ਅਤੇ ਮੁਲਤਾਨ ਦੇ ਹਾਕਮ ਬਣੇ ਸਨ। ਉਸਦੇ ਦਾਦਾ ਸ. ਕਾਹਨ ਸਿੰਘ (1788-1878) ਸੰਸਕ੍ਰਿਤ ਦੇ ਵਿਦਵਾਨ ਸਨ ਅਤੇ ਬ੍ਰਜ-ਭਾਸ਼ਾ ਵਿੱਚ ਕਾਵਿ-ਰਚਨਾ ਕਰਦੇ ਸਨ। ਭਾਈ ਸਾਹਿਬ ਦੇ ਪਿਤਾ ਡਾ. ਚਰਨ ਸਿੰਘ (1853-1908) ਵੀ ਸੰਸਕ੍ਰਿਤ ਤੇ ਬ੍ਰਜ-ਭਾਸ਼ਾ ਦੇ ਵਿਦਵਾਨ ਸਨ। ਭਾਈ ਸਾਹਿਬ ਦੇ ਨਾਨਾ ਗਿਆਨੀ ਹਜ਼ਾਰਾ ਸਿੰਘ (1828-1908) ਗੁਰਬਾਣੀ ਦੇ ਪ੍ਰਸਿੱਧ ਟੀਕਾਕਾਰ ਸਨ।

ਸਪਸ਼ਟ ਹੈ ਕਿ ਭਾਈ ਵੀਰ ਸਿੰਘ ਦੇ ਪਿਤਰੀ ਧਨ ਵਿੱਚ ਦੀਵਾਨ ਕੌੜਾ ਮੱਲ ਦੀ ਰਾਜਸੀ ਮਹੱਤਾ, ਬਾਬਾ ਕਾਹਨ ਸਿੰਘ ਦਾ ਸਾਧੂਤਵ, ਡਾ.ਚਰਨ ਸਿੰਘ ਦੀ ਬੁੱਧੀਜੀਵਤਾ ਅਤੇ ਗਿਆਨੀ ਹਜ਼ਾਰਾ ਸਿੰਘ ਦਾ ਪਰਮਾਰਥ ਗਿਆਨ ਸ਼ਾਮਲ ਸਨ। ਪ੍ਰਿੰ. ਸੰਤ ਸਿੰਘ ਸੇਖੋਂ ਅਨੁਸਾਰ “ਅਜਿਹੇ ਪਿਤਰੀ ਧਨ ਵਾਲਾ ਪੁਰਖ ਸਮਝੋ ਉਨ੍ਹੀਵੀਂ ਸਦੀ ਦੇ ਭਾਰਤੀ ਜਾਗ੍ਰਿਤੀ ਅਧਿਆਤਮਕ ਵਾਤਾਵਰਣ ਵਿੱਚ ਕਿਸੇ ਮਹਾਨ ਕਾਰਜ ਲਈ ਹੀ ਜਨਮਿਆ ਹੁੰਦਾ ਹੈ ਤੇ ਭਾਈ ਵੀਰ ਸਿੰਘ ਦੇ ਭਾਗ ਵਿੱਚ ਇਹ ਮਹਾਨ ਕਾਰਜ ਨਿਸ਼ਚੈ ਹੀ ਅੰਕਿਤ ਹੋਇਆ।”

ਭਾਈ ਸਾਹਿਬ ਨੇ ਆਪਣੇ ਮੁੱਢਲੀ ਵਿੱਦਿਆ ਗਿਆਨੀ ਹਜ਼ਾਰਾ ਸਿੰਘ ਅਤੇ ਉਨ੍ਹਾਂ ਦੇ ਸਹਿਚਾਰੀਆਂ ਪਾਸੋਂ ਪ੍ਰਾਪਤ ਕੀਤੀ। ਅੱਠ ਸਾਲ ਦੀ ਉਮਰ ਤੱਕ ਉਸਨੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਕਰ ਲਿਆ ਸੀ। 1891 ਵਿਚ ਉਸਨੇ ਅੰਮ੍ਰਿਤਸਰ ਦੇ ਮਿਸ਼ਨ ਸਕੂਲ ਤੋਂ ਐਂਟਰੈਂਸ (ਦਸਵੀਂ) ਦੀ ਪ੍ਰੀਖਿਆ ਪਾਸ ਕੀਤੀ ਅਤੇ ਜ਼ਿਲ੍ਹੇ ਭਰ ‘ਚੋਂ ਅੱਵਲ ਰਹਿਣ ਕਰਕੇ ਜ਼ਿਲ੍ਹਾ ਬੋਰਡ ਨੇ ਉਸਨੂੰ ਸੋਨੇ ਦਾ ਮੈਡਲ ਪ੍ਰਦਾਨ ਕੀਤਾ। ਇਹ ਪ੍ਰੀਖਿਆ ਪਾਸ ਕਰਨ ਤੋਂ ਦੋ ਸਾਲ ਪਹਿਲਾਂ (1889 ਵਿੱਚ) ਉਸਦਾ ਵਿਆਹ ਬੀਬੀ ਚਤੁਰ ਕੌਰ ਨਾਲ ਹੋ ਗਿਆ ਸੀ, ਜਿਸਦੀ ਕੁੱਖੋਂ ਦੋ ਧੀਆਂ ਕਰਤਾਰ ਕੌਰ ਅਤੇ ਸੁਸ਼ੀਲ ਕੌਰ ਨੇ ਜਨਮ ਲਿਆ। ਮੈਟ੍ਰਿਕ ਤੋਂ ਪਿੱਛੋਂ ਉਸਨੇ ਸਰਕਾਰੀ ਨੌਕਰੀ ਦਾ ਵਿਚਾਰ ਨਾ ਬਣਾਇਆ, ਕਿਉਂਕਿ ਆਪਣੇ ਪਿਤਾ ਦੇ ਪ੍ਰਭਾਵ ਹੇਠ ਅਤੇ ਉਨ੍ਹਾਂ ਦੇ ਸਫਲ ਜੀਵਨ ਸਦਕਾ ਉਸਦੇ ਮਨ ਵਿਚ ਸਮਾਜ ਦੀ ਖੁੱਲ੍ਹੀ ਸੇਵਾ ਦੀ ਧੁਨ ਵੱਜ ਰਹੀ ਸੀ। ਸਾਹਿਤ ਪ੍ਰਤੀ ਉਸਦੀ ਰੁਚੀ ਬਹੁਤ ਜ਼ਿਆਦਾ ਸੀ ਅਤੇ ਇਸ ਅਨੁਸਾਰ ਉਸਨੇ ਆਪਣਾ ਵਿਹਾਰ ਵੀ ਚੁਣਿਆ। ਪਿਤਾ ਦੇ ਇੱਕ ਸਹਿਯੋਗੀ ਵਜ਼ੀਰ ਸਿੰਘ ਨਾਲ ਮਿਲ ਕੇ ਉਸਨੇ ‘ਵਜ਼ੀਰ ਹਿੰਦ ਪ੍ਰੈੱਸ’ ਨਾਂ ਦਾ ਛਾਪੇਖਾਨਾ ਸ਼ੁਰੂ ਕੀਤਾ। ਫਿਰ ‘ਖਾਲਸਾ ਟ੍ਰੈਕਟ ਸੁਸਾਇਟੀ’ ਦੀ ਨੀਂਹ ਰੱਖੀ। 1899 ਵਿਚ ਸਪਤਾਹਿਕ ‘ਖਾਲਸਾ ਸਮਾਚਾਰ’ ਜਾਰੀ ਕੀਤਾ, ਜਿਸ ਰਾਹੀਂ ਪੰਥਕ ਸਮਾਚਾਰ ਪ੍ਰਕਾਸ਼ਿਤ ਕਰਨ ਦੇ ਨਾਲ-ਨਾਲ ਸਿੱਖੀ ਸਿੱਧਾਂਤ, ਗੁਰਬਾਣੀ ਤੇ ਗੁਰਮਤਿ ਦੀ ਸਿਖਿਆ ਦੇ ਪ੍ਰਚਾਰ-ਪ੍ਰਸਾਰ ਦਾ ਕੰਮ ਵੀ ਆਰੰਭਿਆ।

ਸਾਹਿਤ ਦੇ ਖੇਤਰ ਵਿਚ ਭਾਈ ਸਾਹਿਬ ਨੇ ਬਹੁਪੱਖੀ ਹਿੱਸਾ ਪਾਇਆ। ਕਵਿਤਾ ਤੋਂ ਬਿਨਾਂ ਉਸਨੇ ਨਾਵਲ, ਨਾਟਕ, ਵਾਰਤਕ, ਸੰਪਾਦਨ ਤੇ ਸਟੀਕ ਦੇ ਖੇਤਰ ਵਿਚ ਕਾਫ਼ੀ ਗੰਭੀਰ ਰਚਨਾਵਾਂ ਦੇ ਕੇ ਨਵੀਆਂ ਲੀਹਾਂ ਪਾਈਆਂ। ਉਸ ਦੀਆਂ ਪ੍ਰਮੁੱਖ ਰਚਨਾਵਾਂ ਦਾ ਵੇਰਵਾ ਇਸ ਪ੍ਰਕਾਰ ਹੈ:

* ਕਵਿਤਾ : ਨਿਨਾਣ ਭਰਜਾਈ ਦੀ ਸਿਖਿਆਦਾਇਕ ਵਾਰਤਾਲਾਪ, ਰਾਣਾ ਸੂਰਤ ਸਿੰਘ, ਲਹਿਰਾਂ ਦੇ ਹਾਰ, ਮਟਕ ਹੁਲਾਰੇ, ਬਿਜਲੀਆਂ ਦੇ ਹਾਰ, ਪ੍ਰੀਤ ਵੀਣਾ, ਕੰਬਦੀ ਕਲਾਈ, ਕੰਤ ਮਹੇਲੀ ਦਾ ਬਾਰਾਂਮਾਹ, ਮੇਰੇ ਸਾਈਆਂ ਜੀਓ।
* ਨਾਵਲ : ਸੁੰਦਰੀ, ਬਿਜੈ ਸਿੰਘ, ਸਤਵੰਤ ਕੌਰ, ਬਾਬਾ ਨੌਧ ਸਿੰਘ। 
* ਨਾਟਕ : ਰਾਜਾ ਲਖਦਾਤਾ ਸਿੰਘ।
* ਵਾਰਤਕ : ਗੁਰੂ ਨਾਨਕ ਚਮਤਕਾਰ, ਸ੍ਰੀ ਗੁਰੂ ਕਲਗੀਧਰ ਚਮਤਕਾਰ, ਅਸ਼ਟ ਗੁਰੂ ਚਮਤਕਾਰ, ਗੁਰਬਾਲਮ ਸਾਖੀਆਂ (ਪਾਤਸ਼ਾਹੀ ਪਹਿਲੀ), ਗੁਰਬਾਲਮ ਸਾਖੀਆਂ (ਪਾਤਸ਼ਾਹੀ ਦਸਵੀਂ), ਸਰਵਪ੍ਰਿਯ ਸਿੱਖ ਧਰਮ, ਭਰਥਰੀ ਹਰੀ-ਜੀਵਨ ਤੇ ਨੀਤੀ, ਦੇਵੀ ਪੂਜਨ ਪੜਤਾਲ, ਸੰਤ ਗਾਥਾ ਭਾਗ, ਭਾਈ ਗੁਰਦਾਸ ਸਕੰਧ।
* ਸੰਪਾਦਨ ਤੇ ਹੋਰ ਰਚਨਾਵਾਂ : ਗੁਰਪ੍ਰਤਪ ਸੂਰਜ ਗ੍ਰੰਥ, ਸਿੱਖਾਂ ਦੀ ਭਗਤਮਾਲਾ, ਪ੍ਰਾਚੀਨ ਪੰਥ ਪ੍ਰਕਾਸ਼, ਪੁਰਾਤਨ ਜਨਮਸਾਖੀ, ਪੰਜ ਗ੍ਰੰਥੀ ਸਟੀਕ, ਗੁਰੂ ਗ੍ਰੰਥ ਸਾਹਿਬ ਦੇ ਪਹਿਲੇ 600 ਪੰਨਿਆਂ ਦਾ ਟੀਕਾ। 

ਉਸ ਦੀਆਂ ਰਚਨਾਵਾਂ ਦੇ ਹਿੰਦੀ ਅਤੇ ਅੰਗ੍ਰੇਜ਼ੀ ਅਨੁਵਾਦ ਵੀ ਪ੍ਰਕਾਸ਼ਿਤ ਹੋਏ। ਉਸ ਦੀਆਂ ਕਈ ਲਿਖਤਾਂ ਉਸ ਦੀ ਮੌਤ ਪਿਛੋਂ ਵਿਭਿੰਨ ਲੇਖਕਾਂ ਨੇ ਸੰਪਾਦਿਤ ਕੀਤੀਆਂ।

ਉਸਦੇ ਜੀਵਨ, ਰਚਨਾ ਅਤੇ ਸ਼ਖ਼ਸੀਅਤ ਸੰਬੰਧੀ ਅਣਗਿਣਤ ਲੇਖ, ਖੋਜ-ਪੱਤਰ, ਪੁਸਤਕਾਂ ਅਤੇ ਥੀਸਿਜ਼ ਪ੍ਰਕਾਸ਼ਿਤ ਹੋਏ। ਮੇਰੀ ਜਾਚੇ ਉਹ ਇੱਕ ਅਜਿਹਾ ਆਧੁਨਿਕ ਸਾਹਿਤਕਾਰ ਹੈ, ਜਿਸ ਦੀਆਂ ਰਚਨਾਵਾਂ ਬਾਰੇ ਨਿਰੰਤਰ ਖੋਜ-ਕਾਰਜ ਜਾਰੀ ਹੈ। ਬਹੁਤ ਪਾਠਕਾਂ ਨੂੰ ਇਹ ਗੱਲ ਵੀ ਦਿਲਚਸਪ ਜਾਪੇਗੀ ਕਿ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਜੋ ਖੂਬਸੂਰਤ ਫੁੱਲ ਸਜਾਏ ਜਾਂਦੇ ਹਨ, ਉਹ ਅਜੇ ਵੀ ਭਾਈ ਵੀਰ ਸਿੰਘ ਦੇ ਘਰ ਦੀ ਫੁਲਵਾੜੀ ਵਿਚੋਂ ਆਉਂਦੇ ਹਨ।

ਆਪਣੇ ਸਮੇਂ ਦੇ ਬਹੁਤ ਸਾਰੇ ਵਿਦਵਾਨਾਂ ਨਾਲ ਉਸਦੇ ਸਾਹਿਤਕ ਸੰਬੰਧ ਸਨ। ਆਧੁਨਿਕ ਕਾਲ ਦੇ ਮੁੱਢਲੇ ਪੰਜਾਬੀ ਕਵੀਆਂ – ਮੌਲਾ ਬਖਸ਼ ਕੁਸ਼ਤਾ, ਚਰਨ ਸਿੰਘ ਸ਼ਹੀਦ, ਪ੍ਰੋ. ਪੂਰਨ ਸਿੰਘ, ਧਨੀ ਰਾਮ ਚਾਤ੍ਰਿਕ ਆਦਿ ਦੀ ਰਚਨਾਤਮਕ ਪ੍ਰਤਿਭਾ ਨੂੰ ਨਿਖਾਰਨ ਵਿਚ ਭਾਈ ਵੀਰ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਪ੍ਰੋ. ਪੂਰਨ ਸਿੰਘ ਨੇ ਇਸਨੂੰ ਸਵੀਕਾਰ ਕਰਦਿਆਂ ਲਿਖਿਆ ਹੈ, “ਉਸ ਸੁਭਾਗ ਘੜੀ ਗੁਰੂ ਜੀ ਦੇ ਦਰ ਤੇ ਇੱਕ ਮਹਾਂਪੁਰਖ (ਭਾਈ ਵੀਰ ਸਿੰਘ) ਦੇ ਦੀਦਾਰ ਹੋਏ। ਅਰ ਆਪਦੇ ਕਿਰਪਾ ਕਟਾਖਸ਼ ਨਾਲ ਪੰਜਾਬੀ ਸਾਹਿਤ ਦਾ ਸਾਰਾ ਬੋਧ ਤੇ ਗਿਆਨ ਦੀ ਉਡਾਰੀ ਆਈ। ਕਵਿਤਾ ਵੀ ਮਿਲੀ ਤੇ ਉਸ ਮਿਹਰ ਦੀ ਨਜ਼ਰ ਨਾਲ ਮਿੱਠੇ ਸਾਧ ਵਚਨ ਵਿਚ ਮੈਨੂੰ ਪੰਜਾਬੀ ਆਪ ਮੁਹਾਰੀ ਆਈ।”

ਭਾਈ ਸਾਹਿਬ ਦੀਆਂ ਕਵਿਤਾਵਾਂ ਦੇ ਵਿਸ਼ੇ ਸਰਬਾਂਗੀ ਹਨ, ਜਿਨ੍ਹਾਂ ਵਿਚ ਉਸਨੇ ਆਪਣੇ ਕਾਵਿ-ਸਿੱਧਾਂਤ ਨੂੰ ਸਪਸ਼ਟ ਕਰਨ ਦੇ ਨਾਲ-ਨਾਲ ਕਾਵਿ ਦਾ ਸਰੂਪ, ਸੁੰਦਰਤਾ, ਨੈਤਿਕ ਸਿਖਿਆ, ਨਿੱਜੀ ਭਾਵਾਂ ਦੀ ਅਭਿਵਿਅਕਤੀ, ਪ੍ਰਕ੍ਰਿਤੀ ਚਿੱਤਰਣ ਆਦਿ ਨੂੰ ਪ੍ਰਸਤੁਤ ਕੀਤਾ ਹੈ। ਉਸਨੂੰ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਅਤੇ ਗੁਰਮਤਿ ਦਾ ਵਿਆਖਿਆਕਾਰ ਕਵੀ ਹੋਣ ਦਾ ਮਾਣ ਪ੍ਰਾਪਤ ਹੈ। ਉਸਦੇ ਕਾਵਿ ‘ਚੋਂ ਕੁਝ ਪੰਕਤੀਆ ਪਾਠਕਾਂ ਦੀ ਦਿਲਚਸਪੀ ਹਿਤ ਪੇਸ਼ ਹਨ :

* ਵੈਰੀ ਨਾਗ ! ਤੇਰਾ ਪਹਿਲਾ ਝਲਕਾ, ਜਦ ਅੱਖੀਆਂ ਵਿਚ ਵਜਦਾ।
 ਕੁਦਰਤ ਦੇ ਕਾਦਰ ਦਾ ਜਲਵਾ, ਲੈ ਲੈਂਦਾ ਇਕ ਸਿਜਦਾ।

* ਜਿੰਦ ਜੇ ਢਹਿੰਦੀ ਖੇੜਿਓਂ, ਢੈ ਪੈਂਦੀ ਦੇਹ ਨਾਲ। 
 ਖੇੜਾ ਜਿੰਦੜੀ ਇੱਕ ਹਨ, ਇਕ ਦੁਹਾਂ ਦੀ ਚਾਲ।

* ਰਹੀ ਵਾਸਤੇ ਘੱਤ, ਸਮੇਂ ਨੇ ਇਕ ਨਾ ਮੰਨੀ।
 ਤ੍ਰਿਖੇ ਆਪਣੇ ਵੇਗ, ਗਿਆ ਟਪ ਬੰਨੇ ਬੰਨੀ।

* ਬੈਠ ਵੇ ਗਯਾਨੀ! ਬੁੱਧੀ-ਮੰਡਲੇ ਦੀ ਕੈਦ ਵਿਚ 
‘ਵਲਵਲੇ ਦੇ ਦੇਸ਼’ ਸਾਡੀਆਂ ਲੱਗ ਗਈਆਂ ਯਾਰੀਆਂ।

* ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ, ਅਸਾਂ ਧਾ ਗਲਵੱਕੜੀ ਪਾਈ।     
ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ।
 
* ਕਵਿਤਾ ਦੀ ਸੁੰਦਰਤਾਈ, ਉੱਚੇ ਨਛੱਤ੍ਰੀਂ ਵੱਸਦੀ।
 ਆਪਣੇ ਸੰਗੀਤ ਲਹਿਰੇ, ਆਪਣੇ ਪ੍ਰਕਾਸ਼ ਲੱਸਦੀ।

* ਧੋਬੀ ਕੱਪੜੇ ਧੋਂਦਿਆ, ਵੀਰਾ ਹੋ ਹੁਸ਼ਿਆਰ!
ਪਿਛਲੇ ਪਾਸਯੋਂ ਆ ਰਿਹਾ, ਮੂੰਹ ਅੱਡੀ ਸੰਸਾਰ |

1949 ਵਿਚ ਉਸਨੂੰ ਪੰਜਾਬ ਯੂਨੀਵਰਸਿਟੀ ਵੱਲੋਂ ‘ਡਾਕਟਰੇਟ’ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਗਈ; ਆਜ਼ਾਦ ਭਾਰਤ ਦੀ ਸਥਾਪਨਾ ਪਿਛੋਂ ਪੰਜਾਬ ਦੇ ਰਾਜਪਾਲ ਨੇ ਉਸਨੂੰ ਪੰਜਾਬ ਵਿਧਾਨ ਪ੍ਰੀਸ਼ਦ ਦਾ ਮੈਂਬਰ ਨਾਮਜ਼ਦ ਕੀਤਾ; 1953 ਵਿਚ ਭਾਰਤੀ ਸਾਹਿਤ ਅਕਾਡਮੀ ਵੱਲੋਂ ਉਸਦੀ ਪੁਸਤਕ ‘ਮੇਰੇ ਸਾਈਆਂ ਜੀਓ’ ਨੂੰ ਪੁਰਸਕ੍ਰਿਤ ਕੀਤਾ ਗਿਆ, ਜੋ ਪੰਜਾਬੀ ਪੁਸਤਕ ਨੂੰ ਮਿਲਣ ਵਾਲਾ ਸਭ ਤੋਂ ਪਹਿਲਾ ਇਨਾਮ ਸੀ; 1954 ਵਿਚ ਸਿੱਖ ਵਿਦਿਅਕ ਕਾਨਫਰੰਸ ਬੰਬਈ ਵੱਲੋਂ ਉਸਨੂੰ ‘ਅਭਿਨੰਦਨ ਗ੍ਰੰਥ’ ਭੇਟਾ ਕੀਤਾ ਗਿਆ; 1956 ਵਿਚ ਭਾਰਤ ਸਰਕਾਰ ਵੱਲੋਂ ਉਸਨੂੰ ‘ਪਦਮ ਵਿਭੂਸ਼ਣ’ ਨਾਲ ਸਨਮਾਨਿਤ ਕੀਤਾ ਗਿਆ।

1957 ਦੇ ਸ਼ੁਰੂ ਤੋਂ ਹੀ ਭਾਈ ਸਾਹਿਬ ਸਰੀਰਕ ਕਮਜ਼ੋਰੀ ਮਹਿਸੂਸ ਕਰਨ ਲੱਗ ਪਏ ਸਨ। ਪਹਿਲੀ ਜੂਨ ਨੂੰ ਹੋਏ ਬੁਖ਼ਾਰ ਕਰਕੇ 10 ਜੂਨ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਹ ਆਪਣੇ ਪਿੱਛੇ ਆਪਣੀ ਸ਼ਖਸੀਅਤ ਅਤੇ ਰਚਨਾਵਾਂ ਦਾ ਅਜਿਹਾ ਗੌਰਵ ਛੱਡ ਗਏ, ਜੋ ਯੁਗਾਂ ਤੱਕ ਆਉਣ ਵਾਲੀ ਮਾਨਵਤਾ ਦਾ ਪਥ-ਪ੍ਰਦਰਸ਼ਨ ਕਰਦਾ ਰਹੇਗਾ!
***
# ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ-151302 (ਬਠਿੰਡਾ)
9417692015. 

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1114
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ, ਬਠਿੰਡਾ,
ਪੰਜਾਬ, ਭਾਰਤ
+91 9417692015

ਪ੍ਰੋ. ਨਵ ਸੰਗੀਤ ਸਿੰਘ

ਪ੍ਰੋ. ਨਵ ਸੰਗੀਤ ਸਿੰਘ ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ, ਪੰਜਾਬ, ਭਾਰਤ +91 9417692015

View all posts by ਪ੍ਰੋ. ਨਵ ਸੰਗੀਤ ਸਿੰਘ →