29 February 2024

ਲੋਕ ਹਿੱਤਾਂ ਦਾ ਮੁੱਦਈ ਉਸਤਾਦ ਸ਼ਾਇਰ ਗੁਰਦਿਆਲ ਰੌਸ਼ਨ—ਹਰਵਿੰਦਰ ਬਿਲਾਸਪੁਰ

ਆਮ ਲੋਕਾਈ ਉੱਪਰ ਸਥਾਪਤੀ ਦਾ ਦਮਨ ਚੱਕਰ ਹਰ ਦੌਰ ਵਿਚ ਚੱਲਦਾ ਆਇਆ ਹੈ ਅਤੇ ਹਰ ਦੌਰ ਵਿਚ ਹੀ ਮੌਕੇ ਦੀਆਂ ਜ਼ਾਲਮ ਸਰਕਾਰਾਂ ਦੇ ਕੋਝੇ ਕਾਰਨਾਮਿਆਂ ਨੂੰ ਆਪਣੀ ਕਲਮ ਦੀ ਤਾਕਤ ਨਾਲ ਉਜਾਗਰ ਕਰਨ ਵਾਲੇ ਸੂਰਮੇ ਲਿਖਾਰੀ ਪੈਦਾ ਹੁੰਦੇ ਆਏ ਹਨ। ਗੁਰਦਿਆਲ ਰੌਸ਼ਨ ਅਜਿਹੇ ਹੀ ਸ਼ਾਇਰ ਦਾ ਨਾਮ ਹੈ ਜੋ ਆਪਣੀਆਂ ਲੋਕ ਹਿੱਤੂ ਅਤੇ ਜ਼ੁਲਮ ਵਿਰੋਧੀ ਰਚਨਾਵਾਂ ਕਰ ਕੇ ਹਾਕਮਾਂ ਦੀ ਨੀਂਦ ਹਰਾਮ ਕਰਨ ਵਿਚ ਸਫ਼ਲ ਹੋਇਆ ਹੈ।

ਗੁਰਦਿਆਲ ਰੌਸ਼ਨ ਦਾ ਜਨਮ ਪਿੰਡ ਲੜੋਆ ਜ਼ਿਲ੍ਹਾ ਨਵਾਂ ਸ਼ਹਿਰ ਵਿਖੇ ਮਾਤਾ ਸ੍ਰੀਮਤੀ ਚੰਨਣ ਕੌਰ ਅਤੇ ਪਿਤਾ ਸਰਦਾਰ ਗੁਰਦੇਵ ਸਿੰਘ ਦੇ ਘਰ 1 ਸਤੰਬਰ 1955 ਨੂੰ ਹੋਇਆ। ਮਾਲੀ ਤੰਗੀ ਤੁਰਸ਼ੀ ਦੇ ਚੱਲਦਿਆਂ ਵੀ, ਆਪਣੀ ਮਿਹਨਤ ਅਤੇ ਲਗਨ ਸਦਕਾ ਉੱਚ ਸਿੱਖਿਆ ਪ੍ਰਾਪਤ ਕਰ ਕੇ ਕਲਾ ਅਧਿਆਪਕ ਵਜੋਂ ਸਰਕਾਰੀ ਨੌਕਰੀ ਪ੍ਰਾਪਤ ਕੀਤੀ। ਆਪਣੇ ਅਧਿਆਪਨ ਦੇ ਕਿੱਤੇ ਤੋਂ ਸੇਵਾ ਮੁਕਤ ਹੋ ਕੇ ਅੱਜ ਕੱਲ੍ਹ ਲੁਧਿਆਣਾ ਦੇ ਅਸ਼ੋਕ ਨਗਰ ਵਿਚ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਹੈ।

ਰੌਸ਼ਨ ਨੂੰ ਸਾਹਿਤ ਪੜ੍ਹਨ ਅਤੇ ਲਿਖਣ ਦਾ ਸ਼ੌਕ ਬਚਪਨ ਤੋਂ ਹੀ ਸੀ। ਬਾਲ ਸਾਹਿਤ ਪੜ੍ਹਦਿਆਂ-ਪੜ੍ਹਦਿਆਂ ਹੀ ਉਹ ਕੁਝ ਨਾ ਕੁਝ ਲਿਖਣ ਲੱਗ ਪਿਆ। ਅੱਠਵੀਂ ਕਲਾਸ ਤਕ ਪਹੁੰਚਦੇ-ਪਹੁੰਚਦੇ ਉਹ ਅਖ਼ਬਾਰਾਂ ਰਸਾਲਿਆਂ ਵਿਚ ਛਪਣ ਲੱਗਾ। ਇਕ ਸਮਾਂ ਅਜਿਹਾ ਆਇਆ, ਜਦੋਂ ਉਸ ਨੂੰ ਗ਼ਜ਼ਲ ਵਿਚ ਜ਼ਿਆਦਾ ਦਿਲਚਸਪੀ ਪੈਦਾ ਹੋਣ ਲੱਗੀ। ਇਹੀ ਦਿਲਚਸਪੀ ਉਸ ਨੂੰ ਪੰਜਾਬੀ ਗ਼ਜ਼ਲ ਦੇ ਬਾਬਾ ਬੋਹੜ, ਉਸਤਾਦ ਜਨਾਬ ਦੀਪਕ ਜੈਤੋਈ ਸਾਹਿਬ ਦੇ ਦੁਆਰੇ ’ਤੇ ਲੈ ਗਈ। ਗ਼ਜ਼ਲ ਦੀ ਵਿਧਾ ਅਤੇ ਅਰੂਜ਼ ਦੀਆਂ ਬਾਰੀਕੀਆਂ ਸਿੱਖਣ ਲਈ 1975-76 ਦੇ ਨੇੜ ਉਸ ਨੇ ਬਕਾਇਦਾ ਤੌਰ ’ਤੇ ਜਨਾਬ ਦੀਪਕ ਜੈਤੋਈ ਸਾਹਿਬ ਨੂੰ ਗੁਰੂ ਧਾਰਨ ਕਰ ਲਿਆ।

ਰੌਸ਼ਨ ਦੱਸਦਾ ਹੈ ਕਿ ਓਦੋਂ ਉਹ ਗੁਰਦਿਆਲ ਰੌਸ਼ਨ ਨਹੀਂ ਸੀ। ਉਦੋਂ ਉਹ ਆਪਣੇ ਨਾਂ ਨਾਲ ਤਖ਼ੱਲਸ ਦੇ ਤੌਰ ’ਤੇ ਆਪਣੇ ਪਿੰਡ ਦਾ ਨਾਂ ‘ਲੜੋਆ’ ਲਗਾਉਂਦਾ ਸੀ। ਉਸਤਾਦ ਜੀ ਨੇ ਉਸ ਨੂੰ ਨਵਾਂ ਤਖੱਲਸ ‘ਰੌਸ਼ਨ’ ਦਿੱਤਾ। ਉਨ੍ਹਾਂ ਦਾ ਵਿਚਾਰ ਸੀ ਕਿ ਮੈਂ ‘ਦੀਪਕ’ ਹਾਂ ਅਤੇ ‘ਰੌਸ਼ਨ’ ਕਰ ਕਰ ਕੇ ਇਹ ਦੀਪਕ ਰੌਸ਼ਨ ਰਹੇਗਾ। ਇਸ ਤਰ੍ਹਾਂ ਜਨਾਬ ਦੀਪਕ ਜੈਤੋਈ ਨੇ ਆਪਣੀ ਪਾਰਖੂ ਅੱਖ ਨਾਲ ਗੁਰਦਿਆਲ ਰੌਸ਼ਨ ਦੀ ਪ੍ਰਤਿਭਾ ਨੂੰ ਪਛਾਣ ਕੇ ਆਪਣੇ ਜਾ-ਨਸ਼ੀਨ ਦੀ ਨਿਸ਼ਾਨ ਦੇਹੀ ਵੀ ਕਰ ਦਿੱਤੀ ਸੀ ਜੋ ਬਾਅਦ ਵਿਚ ਉਨ੍ਹਾਂ ਨੇ ਗੁਰਦਿਆਲ ਰੌਸ਼ਨ ਨੂੰ ਦੀਪਕ ਗ਼ਜ਼ਲ ਸਕੂਲ ਦੇ ਉਤਰਾ-ਅਧਿਕਾਰੀ ਵਜੋਂ ਐਲਾਨ ਕੇ ਜਗ ਜਾਹਿਰ ਕੀਤੀ। ਇਹ ‘ਰੌਸ਼ਨ’ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਸੀ। ਇਹ ਵੀ ਜ਼ਿਕਰਯੋਗ ਹੈ ਕਿ ਉਸ ਵਕਤ ਪੰਜਾਬੀ ਵਿਚ ਗ਼ਜ਼ਲ ਲਿਖਣ ਵਾਲੇ ਲਿਖਾਰੀਆਂ ਦੀ ਗਿਣਤੀ ਉਂਗਲਾਂ ’ਤੇ ਗਿਣਨ ਜੋਗੀ ਹੀ ਸੀ।

ਰੌਸ਼ਨ ਦਾ ਪਹਿਲਾ ਗ਼ਜ਼ਲ ਸੰਗ੍ਰਹਿ ‘ਸੂਹੇ ਬੁੱਲ੍ਹ ਜ਼ਰਦ ਮੁਸਕਾਨ’ 1984 ਵਿਚ ਆਇਆ। ਉਸ ਤੋਂ ਬਾਅਦ ਉਸ ਨੇ ਸਤਾਰਾਂ ਦੇ ਲਗਪਗ ਹੋਰ ਗ਼ਜ਼ਲ ਸੰਗ੍ਰਹਿ, ਜਿਨ੍ਹਾਂ ਵਿਚ ਮਹਿਫਿਲ, ਘੁੰਗਰੂ, ਕਿਣਮਿਣ, ਸਫ਼ਰ ਜਾਰੀ ਹੈ, ਆਦਿ ਸਾਮਿਲ ਹਨ, ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਏ। ਉਸਦੇ ਪ੍ਰਕਾਸ਼ਿਤ ਹੋਏ ਅੱਠ ਗੀਤ/ਕਾਵਿ ਸੰਗ੍ਰਿਹਾਂ ਵਿਚ ‘ਮਿੱਟੀ ਦੀ ਆਵਾਜ’, ‘ਧਰਤੀ ਦੀ ਫੁਲਕਾਰੀ’, ‘ਮੈਂ ਭਾਰਤ ਹਾਂ’ ਅਹਿਮ ਦਸਤਾਵੇਜ਼ ਹਨ। ਬਾਲ ਸਾਹਿਤ ਵਿਚ ਵੀ ਉਸਦਾ ਕੰਮ ਬੇਮਿਸਾਲ ਹੈ। ‘ਸ਼ਹਿਰ ਤੇ ਜੰਗਲ’ ਸਮੇਤ ਉਸਦੇ ਪੰਜ ਬਾਲ ਸਹਿਤ ਸੰਗ੍ਰਹਿ ਹੁਣ ਤਕ ਪ੍ਰਕਾਸ਼ਿਤ ਹੋ ਚੁੱਕੇ ਹਨ। ‘ਸ਼ੀਸ਼ਾ ਬੋਲਦਾ ਹੈ’, ‘ਸੱਤ ਸਵਾਲ’, ‘ਗ਼ਜ਼ਲ ਮਹਿਫ਼ਲ’ ਅਤੇ ‘ਸ਼ੀਸ਼ਾ ਬੋਲ ਪਿਆ (ਛਪਾਈ ਅਧੀਨ)’ ਨਿਬੰਧ ਸੰਗ੍ਰਹਿਆਂ ਤੋਂ ਇਲਾਵਾ ਲਗਪਗ ਨੌਂ ਪੁਸਤਕਾਂ ਉਸਨੇ ਸੰਪਾਦਿਤ ਕੀਤੀਆਂ ਹਨ। ਇਸ ਤੋਂ ਬਿਨਾਂ ਅਨੇਕਾਂ ਉੱਚ ਕੋਟੀ ਦੇ ਕਾਵਿ ਸੰਗ੍ਰਹਿਆਂ ਵਿਚ ਉਸ ਦੀਆਂ ਰਚਨਾਵਾਂ ਦਰਜ ਹਨ। ‘ਗੁਰਦਿਆਲ ਰੌਸ਼ਨ ਦੀ ਕਾਵਿ ਰਚਨਾ’, ਸਤਿੰਦਰਜੀਤ ਰਾਏ ਦਾ ਉਸਦੀ ਕਾਵਿ ਰਚਨਾ ਉੱਪਰ ਖੋਜ ਕਾਰਜ ਹੈ।

ਉਸ ਵਕਤ ਜਦੋਂ ਰੇਡੀਓ ਨੂੰ ਬੜੇ ਚਾਅ ਨਾਲ ਸੁਣਿਆ ਜਾਂਦਾ ਸੀ, ਗੁਰਦਿਆਲ ਰੌਸ਼ਨ, ਆਲ ਇੰਡੀਆ ਰੇਡੀਓ ਤੋਂ ਅਪਰੂਵਡ ਸ਼ਾਇਰ ਸੀ ਜੋ ਕਿ ਆਪਣੇ ਆਪ ਵਿਚ ਇਕ ਵਡਮੁੱਲੀ ਪ੍ਰਾਪਤੀ ਸੀ। ਉਸਦੇ ਗੀਤ ਅਤੇ ਗ਼ਜ਼ਲਾਂ ਪ੍ਰਸਿੱਧ ਗਾਇਕਾਂ ਦੁਆਰਾ ਗਾਏ ਗਏ। ਪੰਜਾਬੀ ਦੇ ਚੋਟੀ ਦੇ ਅਖ਼ਬਾਰਾਂ ਵਿਚ ਉਸਦੇ ਲੜੀਵਾਰ ਕਾਲਮ, ‘ਗ਼ਜ਼ਲ ਚਿਤਰ’ (ਰੋਜ਼ਾਨਾ ਜਗਬਾਣੀ), ‘ਗ਼ਜ਼ਲ ਮਹਿਫ਼ਲ’, ‘ਜੰਗਲ ਦੇ ਵਾਸੀ’, ‘ਸੱਤ ਸਵਾਲ’, ‘ਸ਼ੀਸ਼ਾ ਬੋਲਦਾ ਹੈ’ (ਸਾਰੇ ਰੋਜ਼ਾਨਾ ਅਜੀਤ), ‘ਲੂਣ ਮਿਰਚ’ (ਮਾਸਿਕ ਅਦਬੀ ਮਹਿਕ), ਆਦਿ ਛਪਦੇ ਰਹੇ ਹਨ। ਉਹ ਰੋਜ਼ਾਨਾ ਅਜੀਤ ਵੱਲੋਂ ਪੁਸਤਕਾਂ ਦਾ ਰੀਵਿਊਕਾਰ ਵੀ ਹੈ।

ਅੱਜ ਪੰਜਾਬੀ ਗ਼ਜ਼ਲ ਜਿਸ ਮੁਕਾਮ ਉੱਤੇ ਪਹੁੰਚੀ ਹੈ, ਉਸ ਵਿਚ ਗੁਰਦਿਆਲ ਰੌਸ਼ਨ ਦਾ ਵਿਸ਼ੇਸ਼ ਯੋਗਦਾਨ ਹੈ। ਇੰਨੇ ਲੰਮੇ ਸਮੇਂ ਤੋਂ ਅਤੇ ਇੰਨੇ ਜ਼ਿਆਦਾ ਸਾਹਿਤਕ ਕਾਰਜਾਂ ਪਿੱਛੇ ਉਸਦੀ ਮਿਹਨਤ ਅਤੇ ਪੰਜਾਬੀ ਬੋਲੀ ਪ੍ਰਤੀ ਸੁਹਿਰਦਤਾ ਕੰਮ ਕਰਦੀ ਹੈ। ਭਾਵੇਂ ਉਸਨੇ ਹੋਰ ਵਿਧਾਵਾਂ ਵਿਚ ਵੀ ਲਿਖਿਆ ਹੈ ਪਰ ਉਸਦੀ ਲੇਖਣੀ ਦੀ ਮੁੱਖ ਵਿਧਾ ਗ਼ਜ਼ਲ ਹੀ ਹੈ। ਆਪਣੇ ਸਾਹਿਤਕ ਸਫ਼ਰ ਦੌਰਾਨ ਉਸ ਨੇ ਮਹਿਬੂਬ ਦੀਆਂ ਅਦਾਵਾਂ ਤੋਂ ਲੈ ਕੇ ਲੋਕ ਮਸਲਿਆਂ, ਸਮਾਜ ਦੇ ਦੱਬੇ ਕੁਚਲੇ ਵਰਗਾਂ, ਮੁਲਾਜ਼ਮਾਂ, ਮਜ਼ਦੂਰਾਂ, ਕਿਸਾਨਾਂ, ਸਮਾਜਿਕ ਬੁਰਾਈਆਂ ਬਾਰੇ ਨਿੱਠ ਕੇ ਲਿਖਿਆ। ਅੱਜ ਕਲ ਉਹ ਆਪਣੀਆਂ ਰਚਨਾਵਾਂ ਰਾਹੀਂ ਕਿਸਾਨੀ ਸੰਘਰਸ਼ ਦੇ ਹੱਕ ਵਿਚ ਸਮੇਂ ਦੇ ਹਾਕਮਾਂ ਨਾਲ ਆਢਾ ਲਾਈ ਬੈਠਾ ਹੈ। ਇਸ ਸਬੰਧੀ ਉਸਦੀਆਂ ਹਰ ਰੋਜ਼ ਸੋਸ਼ਲ ਮੀਡੀਆ ਉਪਰ ਇਕ ਜਾਂ ਇਕ ਤੋਂ ਵੱਧ ਰਚਨਾਵਾਂ ਪੋਸਟ ਹੋ ਰਹੀਆਂ ਹਨ, ਜਿਨ੍ਹਾਂ ਦੀ ਭਾਸ਼ਾ ਕਿਸੇ ਨਿੱਧੜਕ ਜਰਨੈਲ ਦੇ ਲਲਕਾਰੇ ਵਰਗੀ ਹੁੰਦੀ ਹੈ। ਨਿਸ਼ਚੇ ਹੀ ਉਸਦੀਆਂ ਰਚਨਾਵਾਂ ਨੇ ਆਪਣੇ ਹੱਕ ਮੰਗਦੇ ਕਿਸਾਨਾਂ ਮਜ਼ਦੂਰਾਂ ਵਿਚ ਇਕ ਨਵੀਂ ਰੂਹ ਫੂਕੀ ਹੈ। ਆਪਣਾ ਇਹ ਕਾਰਜ ਉਹ ਮੋਰਚਾ ਫ਼ਤਹਿ ਹੋਣ ਤਕ ਜਾਰੀ ਰੱਖਣਾ ਚਾਹੁੰਦਾ ਹੈ। ਉਸ ਨੂੰ ਆਪਣੇ ਕੁੱਝ ਸਮਕਾਲੀ ਸਾਹਿਤਕਾਰਾਂ ਨਾਲ ਇਸ ਗੱਲੋਂ ਰੋਸਾ ਵੀ ਹੈ ਕਿ ਉਹ ਮੌਜੂਦਾ ਸੰਘਰਸ਼ ਦੇ ਚੱਲਦਿਆਂ ਚੁੱਪ ਧਾਰੀ ਬੈਠੇ ਹਨ।

ਉਸਦੇ ਸ਼ਾਗਿਰਦ ਜਸਵੰਤ ਵਾਗਲਾ ਨੇ ਦੱਸਿਆ ਕਿ ਉਸਤਾਦ ਜੀ ਆਪਣੇ ਸ਼ਾਗਿਰਦਾਂ ਨੂੰ ਗ਼ਜ਼ਲ ਦੀਆਂ ਬਾਰੀਕੀਆਂ ਦਿਲੋਂ ਅਤੇ ਬੜੇ ਪਿਆਰ ਨਾਲ ਸਿਖਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਉਸਦੇ ਸ਼ਾਗਿਰਦ ਵੀ ਉਸ ਦਾ ਬੇਹੱਦ ਸਤਿਕਾਰ ਕਰਦੇ ਹਨ, ਇਸਦੀ ਜਿਉਂਦੀ ਜਾਗਦੀ ਮਿਸਾਲ ਇਹ ਹੈ ਕਿ ਉਸਦੇ ਇਕ ਸ਼ਾਗਿਰਦ ਕਮਲਜੀਤ ਕੰਵਰ ਨੇ ਉਸ ਦੇ ਨਾਮ ਉੱਪਰ ਗੱਜਰ, ਨਜ਼ਦੀਕ ਜੇਜੋਂ ਜਿਲ੍ਹਾ ਹੁਸ਼ਿਆਰਪੁਰ ਵਿਖੇ ‘ਰੌਸ਼ਨ ਕਲਾ ਕੇਂਦਰ’ ਬਣਾਇਆ ਹੈ। ਉਸਦੇ ਸਿਖਿਆਰਥੀਆਂ ਵਿੱਚੋ ਭੁਪਿੰਦਰ ਸੱਗੂ, ਹਰਜਿੰਦਰ ਕੰਗ ਵੀ ਸਾਹਿਤਕਾਰੀ ਵਿਚ ਆਪਣੀ ਖ਼ੁਸ਼ਬੂ ਖਿਲੇਰ ਰਹੇ ਹਨ। ਹੁਣ ਵੀ ਦੇਸ਼ ਵਿਦੇਸ਼ ਤੋਂ ਸੈਂਕੜੇ ਸਿਖਿਆਰਥੀ ਉਸ ਤੋਂ ਫੋਨ ਰਾਹੀਂ ਗ਼ਜ਼ਲ ਦੀ ਸਿੱਖਿਆ ਲੈ ਰਹੇ ਹਨ।

ਚਲੰਤ ਮਾਮਲਿਆਂ ਬਾਰੇ ਵਿਚਾਰ ਤੁਰੰਤ, ਉਹ ਵੀ ਕਵਿਤਾ ਰਾਹੀਂ ਪੇਸ਼ ਕਰਨਾ ਬਹੁਤ ਔਖਾ ਹੁੰਦਾ ਹੈ। ਆਪਣੀ ਸਿਰਜਣ ਪ੍ਰਕਿਰਿਆ ਬਾਰੇ ਉਹ ਦੱਸਦਾ ਹੈ ਕਿ ਸਾਰਾ ਦਿਨ ਹੀ ਉਸਦੇ ਦਿਮਾਗ਼ ਵਿਚ ਖ਼ਿਆਲ ਉਥਲ ਪੁਥਲ ਮਚਾਉਂਦੇ ਰਹਿੰਦੇ ਹਨ। ਆਖ਼ਰ ਸੌਣ ਤੋਂ ਪਹਿਲਾਂ ਉਹ ਇਨ੍ਹਾਂ ਖ਼ਿਆਲਾਂ ਨੂੰ ਤਰਤੀਬ ਦੇ ਕੇ ਕਾਗ਼ਜ਼ ’ਤੇ ਉਤਾਰ ਲੈਂਦਾ ਹੈ। ਇਨਾਮਾਂ ਸਨਮਾਨਾਂ ਬਾਰੇ ਉਹ ਦੱਸਦਾ ਹੈ ਕਿ ਸਮੇਂ-ਸਮੇਂ ’ਤੇ ਅਨੇਕਾਂ ਸਾਹਿਤਕ ਸੰਸਥਾਵਾਂ ਵੱਲੋਂ ਉਸਦਾ ਮਾਣ ਸਨਮਾਨ ਕੀਤਾ ਜਾ ਚੁੱਕਾ ਹੈ ਜਿਸ ਵਿਚ ਸਾਹਿਤ ਟਰੱਸਟ ਢੁੱਡੀਕੇ ਵੱਲੋਂ ਤਿੰਨ ਵਾਰ ਸਨਮਾਨ ਅਤੇ ਐਵਾਰਡ ਦੇਣਾ ਵੀ ਸ਼ਾਮਿਲ ਹੈ। ਕੋਈ ਵੀ ਸਰਕਾਰੀ ਇਨਾਮ ਨਾ ਲੈਣ ਬਾਰੇ ਉਸਨੇ ਆਪੇ ਹੀ ਐਲਾਨ ਕੀਤਾ ਹੋਇਆ ਹੈ। ਵੈਸੇ ਉਹ ਕਹਿੰਦਾ ਹੈ ਕਿ ਉਸ ਦਾ ਅਸਲੀ ਸਨਮਾਨ ਪਾਠਕਾਂ ਵੱਲੋਂ ਮਿਲ ਰਿਹਾ ਭਰਪੂਰ ਪਿਆਰ ਹੈ। ਸ਼ਾਲਾ ਉਸਦੀ ਕਲਮ ਹੋਰ ਬੁਲੰਦੀਆਂ ਨੂੰ ਛੂਹੇ।

***
500
***

About the author

ਹਰਵਿੰਦਰ ਧਾਲੀਵਾਲ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ