19 June 2024

ਅਦੀਬ ਸਮੁੰਦਰੋਂ ਪਾਰ ਦੇ: ਅਕਸੀਰੀ ਅਸਰ ਵਾਲਾ ਅਦੀਬ ਜਸਵਿੰਦਰ ਰੱਤੀਆਂ—- ਹਰਮੀਤ ਸਿੰਘ ਅਟਵਾਲ

ਹਰਮੀਤ ਸਿੰਘ ਅਟਵਾਲਉੱਘੇ ਸਾਹਿਤਕਾਰ, ਆਲੋਚਕ ਅਤੇ ‘ਪੰਜਾਬੀ ਸਾਹਿਤ ਸਭਾ (ਰਜਿ:) ਜਲੰਧਰ ਛਾਉਣੀ’ ਦੇ ਪ੍ਰਧਾਨ ਸ. ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ ‘ਅਦੀਬ ਸਮੁੰਦਰੋਂ ਪਾਰ ਦੇ’ ਦੀ (4 ਸਤੰਬਰ 2022 ਨੂੰ) 84ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਅਕਸੀਰੀ ਅਸਰ ਵਾਲਾ ਅਦੀਬ ਜਸਵਿੰਦਰ ਰੱਤੀਆਂ‘ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਜਸਵਿੰਦਰ ਰੱਤੀਅਾਂ‘ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ਨਿਰਪੱਖ ਆਲੋਚਕ ਸ. ਹਰਮੀਤ ਸਿੰਘ ਅਟਵਾਲ ਜੀ ਅਤੇ ‘ਜਸਵਿੰਦਰ ਰੱਤੀਅਾਂ’ ਨੂੰ ਹਾਰਦਿਕ ਵਧਾਈ ਹੋਵੇ।  ਇਹ ਰਚਨਾ ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਆਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ
***

ਅਦੀਬ ਸਮੁੰਦਰੋਂ ਪਾਰ ਦੇ:
ਅਕਸੀਰੀ ਅਸਰ ਵਾਲਾ ਅਦੀਬ ਜਸਵਿੰਦਰ ਰੱਤੀਆਂ
-ਹਰਮੀਤ ਸਿੰਘ ਅਟਵਾਲ-

ਜਸਵਿੰਦਰ ਰੱਤੀਆਂ ਵਲੈਤ ਵਿਚ ਵੱਸਦਾ ਸਾਡਾ ਸਾਹਿਤਕ ਭਾਸ਼ਾ ਦੀ ਨਿਰਮਾਣਕਾਰੀ ’ਚ ਸਮਰੱਥ ਅਜਿਹਾ ਅਦੀਬ ਹੈ ਜਿਸ ਦੀਆਂ ਰਚਨਾਵਾਂ ਪਾਠਕਾਂ ’ਤੇ ਅਕਸੀਰੀ ਅਸਰ ਰੱਖਦੀਆਂ ਹਨ, ਜਿਸ ਦੀਆਂ ਗਲਪ ਰਚਨਾਵਾਂ ਸਿਰਜਣਾਤਮਕ ਸੰਜਮ ਤੇ ਸੁਹਜ ਸੰਤੁਲਨ ਦੀਆਂ ਧਾਰਨੀ ਹਨ। ਅਕਸੀਰ ਹਿੰਦੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਬਹੁਤ ਫ਼ਾਇਦਾ ਪਹੁੰਚਾਉਣ ਵਾਲੀ ਦਵਾਈ। ਸਾਹਿਤ ਜਿੱਥੇ ਸਮੇਂ ਦੇ ਸੱਚ ਦੀ ਅਦਬੀ ਤਸਵੀਰ ਹੁੰਦਾ ਹੈ ਉੱਥੇ ਮਨੁੱਖੀ ਮਨ ਲਈ ਸੁਹਜ ਦਾ ਵੀ ਅਸਰਦਾਇਕ ਸਰੋਤ ਹੁੰਦਾ ਹੈ ਤੇ ਮਨ ਵਿਚ ਕਾਰਜਸ਼ੀਲ ਬਿਮਾਰੀਆਂ ਵਰਗੀਆਂ ਸੋਚਾਂ ਨੂੰ ਕਿਸੇ ਨਾ ਕਿਸੇ ਹੱਦ ਤਕ ਦੂਰ ਕਰਨ ਲਈ ਅਕਸੀਰੀ ਅਸਰ ਵੀ ਰੱਖਦਾ ਹੈ। ਜਸਵਿੰਦਰ ਰੱਤੀਆਂ ਰਚਿਤ ਸਾਹਿਤ ਇਸ ਕਾਰਜ ਦੇ ਕਾਫ਼ੀ ਕਾਬਲ ਹੈ। ਜਸਵਿੰਦਰ ਰੱਤੀਆਂ ਦਾ ਜਨਮ 11 ਨਵੰਬਰ 1965 ਈ: ਨੂੰ ਪਿਤਾ ਗੁਰਚਰਨ ਸਿੰਘ ਤੇ ਮਾਤਾ ਪ੍ਰੀਤਮ ਕੌਰ ਦੇ ਘਰ ਜਸਵਿੰਦਰ ਦੇ ਨਾਨਕੇ ਪਿੰਡ ਪੰਜਗਰਾਈਂ ਕਲਾਂ ਵਿਚ ਹੋਇਆ। ਉਂਝ ਉਸਦਾ ਜੱਦੀ ਪਿੰਡ ਰੱਤੀਆਂ ਜ਼ਿਲ੍ਹਾ ਮੋਗਾ ਹੈ। ਬੀ.ਏ. ਕਰਨ ਉਪਰੰਤ ਹਾਲਾਤ ਨੇ ਉਸ ਨੂੰ ਹਾਂਗਕਾਂਗ ਪਹੁੰਚਾ ਦਿੱਤਾ ਤੇ ਉੱਥੋਂ ਚੀਨ, ਰੂਸ, ਹੰਗਰੀ ਹੁੰਦੇ ਅਸਟਰੀਆ ਜਾ ਪੁੱਜਿਆ। ਉੱਥੇ ਵਿਆਨਾ ’ਚ ਦਸ ਸਾਲ ਨੌਕਰੀ ਕੀਤੀ ਤੇ ਸਾਲ 2003 ਵਿਚ ਵੈਸਟ ਮਿਡਲੈਂਡ (ਇੰਗਲੈਂਡ) ਜਾ ਵਸਿਆ।

ਸਿਰਜਣਾ ਵਾਲੇ ਪਾਸੇ ਆਉਣ ਦੇ ਰੁਝਾਨ ਬਾਰੇ ਜਸਵਿੰਦਰ ਦਾ ਕਹਿਣਾ ਹੈ ਕਿ ‘ਅੱਠਵੀਂ ਜਮਾਤ ਵਿਚ ਪੜ੍ਹਦਿਆਂ ਨੌਵੀਂ ਜਮਾਤ ਦੇ ਮੁੰਡੇ ਤੋਂ ਨਾਵਲ ‘ਤੂਤਾਂ ਵਾਲਾ ਖੂਹ’ (ਸੋਹਣ ਸਿੰਘ ਸੀਤਲ) ਲੈ ਕੇ ਪੜ੍ਹਿਆ। ਉਸ ਮਗਰੋਂ ਨਾਵਲ ਪੜ੍ਹਨ ਦਾ ਸ਼ੌਂਕ ਪੈ ਗਿਆ। ਨਾਵਲਾਂ ਨੂੰ ਪੜ੍ਹਕੇ ਇਸ ਤਰ੍ਹਾਂ ਲੱਗਣ ਲੱਗਾ ਕਿ ਮੈਂ ਵੀ ਲਿਖ ਸਕਦਾ ਹਾਂ। ਬਸ ਕਾਪੀ ਪੈੱਨ ਲੈ ਕੇ ਬੈਠ ਗਿਆ। ਇਕ ਖਰੜਾ ਲਿਖ ਦਿੱਤਾ। ਜਲੰਧਰ ਇਕ ਪ੍ਰਕਾਸ਼ਨ ਨੂੰ ਭੇਜ ਦਿੱਤਾ… ਸਹੀ ਮਾਅਨਿਆਂ ’ਚ ਕਾਲਜ ’ਚ ਜਾ ਕੇ ਸਾਹਿਤ ਬਾਰੇ ਕੁਝ ਪਤਾ ਲੱਗਾ। ਫਿਰ ਵਧੀਆ ਸਾਹਿਤ ਪੜ੍ਹਨਾ ਤੇ ਲਿਖਣਾ ਸ਼ੁਰੂ ਕੀਤਾ। ਜਸਵਿੰਦਰ ਰੱਤੀਆਂ ਰਚਿਤ ਗਲਪ ਦੀਆਂ ਹੁਣ ਤਕ ਚਾਰ ਪੁਸਤਕਾਂ ਪਾਠਕਾਂ ਨੇ ਪੜ੍ਹ ਲਈਆਂ ਹਨ ਜਿਨ੍ਹਾਂ ਵਿਚ ਇਹ 3 ਨਾਵਲ ਤੇ ਇਕ ਕਹਾਣੀ ਸੰਗ੍ਰਹਿ ਹੈ: ‘ਨਵਕਿਰਨ’, ‘ਹੱਥੀਂ ਤੋਰੇ ਸੱਜਣਾਂ ਨੂੰ’, ‘ਕੰਡਿਆਲੇ ਸਾਕ’ (ਤਿੰਨ ਨਾਵਲ) ਤੇ ‘ਨਜੂਮੀ’ (ਕਹਾਣੀਆਂ)।

ਇਨ੍ਹਾਂ ਚਾਰੇ ਪੁਸਤਕਾਂ ਦੇ ਅੰਤਰਵਸਤੂ ਵੱਲ ਜੇ ਸੰਖਿਪਤ ਨਜ਼ਰ ਵੀ ਇੱਥੇ ਮਾਰੀਏ ਤਾਂ ਪਤਾ ਲਗਦਾ ਹੈ ਕਿ ਨਾਵਲ ‘ਨਵ ਕਿਰਨ’ 1984 ਮਗਰੋਂ ਜਿਹੜਾ ਔਖਾ ਸਮਾਂ ਪੰਜਾਬ ਨੇ ਝੱਲਿਆ ਹੈ ਉਸ ਦਾ ਕਰੁਣਾਮਈ ਬਿਰਤਾਂਤ ਹੈ। ਅਗਲਾ ਨਾਵਲ ‘ਹੱਥੀਂ ਤੋਰੇ ਸੱਜਣਾਂ ਨੂੰ’ ਵਿਚ ਪੇਂਡੂ ਪ੍ਰੇਮ ਦਾ ਵਿਸ਼ਾ ਬਾਖ਼ੂਬੀ ਨਿਭਾਇਆ ਗਿਆ ਹੈ। ਪਤਾ ਲਗਦਾ ਹੈ ਕਿ ਸਮਾਜੀ ਭੈਅਗ੍ਰਸਤ ਜਵਾਨੀ ਕਿਵੇਂ ਗ਼ਲਤਫ਼ਹਿਮੀਆਂ ਦਾ ਸ਼ਿਕਾਰ ਹੁੰਦੀ ਹੋਈ ਤਿੱਖੇ ਦਿਲ ਦੇ ਦਰਦ ਨੂੰ ਵੀ ਹੰਢਾਉਦੀ ਹੈ। ਇਹ ਨਾਵਲ ਸਮਰਪਿਤ ਹੀ ਮੋਹ ਭਰੇ ਹਰ ਉਸ ਦਿਲ ਨੂੰ ਕੀਤਾ ਗਿਆ ਹੈ ਜੋ ਵਿਛੜਿਆਂ ਦੀ ਯਾਦ ਵਿਚ ਧੜਕਦਾ ਹੈ। ਜਸਵਿੰਦਰ ਰੱਤੀਆਂ ਦਾ ਤੀਜਾ ਨਾਵਲ ‘ਕੰਡਿਆਲੇ ਸਾਕ’ ਅਰਮਾਨਾਂ ਦੀ ਬਲੀ ਚੜ੍ਹਾਕੇ ਰਿਸ਼ਤਿਆਂ ਦਾ ਬੋਝ ਢੋਂਦੀਆਂ ਦੇਸ਼ ਵਿਦੇਸ਼ ਵੱਸਦੀਆਂ ਕੁੜੀਆਂ ਨੂੰ ਸਮਰਪਿਤ ਹੈ। ਚਾਰ ਪੀੜ੍ਹੀਆਂ ਦੀ ਇਸ ਨਾਵਲ ਅੰਦਰਲੀ ਕਹਾਣੀ ਪੰਜਾਬ ਤੋਂ ਇੰਗਲੈਂਡ ਤਕ ਪਹੁੰਚਦੀ ਹੈ। ਇਥੇ ਗੌਰਤਲਬ ਹੈ ਕਿ ਵਿਦਵਾਨ ਸੱਜਣਾਂ ਨੇ ਨਾਵਲ ਨੂੰ ‘ਖ਼ਾਮੋਸ਼ ਆਵਾਜ਼ਾਂ ਨੂੰ ਜ਼ੁਬਾਨ ਦੇਣ ਵਾਲੀ ਇਕ ਵਿਧੀ ਵੀ ਮੰਨਿਆ ਹੈ।’ ਇਸ ਦੀ ਇਸ ਨਾਵਲ ਵਿਚੋਂ ਵੰਨਗੀ ਹਿੱਤ ਕੁਝ ਅੰਸ਼ ਇਥੇ ਹਾਜ਼ਰ ਹਨ ਜਿਨ੍ਹਾਂ ’ਚੋਂ ਬੰਤੋ ਨਾਂ ਦੇ ਪਾਤਰ ਦੀ ਦੁਖੀ ਜ਼ਿੰਦਗੀ ਦੀ ਇਕ ਗੂੰਜ ਸੁਣਾਈ ਦਿੰਦੀ ਹੈ :-

‘‘ਰਾਤ! ਉਹ ਹੁਣ ਵੀ ਸੋਚ ਕੇ ਡਰ ਜਾਂਦੀ। ਸਣੇ ਜੇਠ ਪੰਜ-ਪੰਜ। ਦਿਨ ਨੂੰ ਭਾਵੇਂ ਲੋਹੜੇ ਦਾ ਕੰਮ ਕਰਦੇ, ਸ਼ਾਮ ਨੂੰ ਘਰ ਦੀ ਕੱਢੀ ਦਾਰੂ ਪੀਂਦੇ। ਉਹਦੇ ਘਰ ਵਾਲੇ ਨੂੰ ਅਕਸਰ ਸ਼ਰਾਬੀ ਕਰ ਦਿੰਦੇ। ਜਦੋਂ ਉਹ ਸ਼ਰਾਬੀ ਹੁੰਦਾ ਫੇਰ ਜੋ ਬੰਤੋ ’ਤੇ ਬੀਤਦੀ ਉਹੀ ਜਾਣਦੀ। ਉਹ ਰਾਤ ਉਹਨੂੰ ਕਦੇ ਨਾ ਭੁੱਲੀ ਜਦੋਂ ਉਸ ਨਾਲ ਪਹਿਲੀ ਵਾਰ ਉਹਦੇ ਤਿੰਨਾਂ ਦਿਉਰਾਂ ਤੇ ਕਾਣੇ ਜੇਠ ਨੇ ਜਬਰ ਜਨਾਹ ਕੀਤਾ ਸੀ। ਉਦੋਂ ਉਹਨੂੰ ਤਿੰਨ ਮਹੀਨਿਆਂ ਦਾ ਗਰਭ ਸੀ। ਉਹਨੇ ਬਹੁਤ ਮਿੰਨਤਾਂ ਕੀਤੀਆਂ ਸਨ। ਉਹਦੇ ਘਰ ਵਾਲਾ ਤਾਂ ਬਾਹਰਲੇ ਬਰਾਂਡੇ ’ਚ ਸ਼ਰਾਬੀ ਹੋਇਆ ਪਿਆ ਸੀ। ਚੌਂਹਾਂ ਨੇ ਉਹਦੇ ਨਾਲ ਮੂੰਹ ਕਾਲਾ ਕੀਤਾ। ਮੂੰਹ ਵਿਚ ਦਿੱਤਾ ਲੀਰਾਂ ਦਾ ਬੂਝਾ ਉਸ ਵਕਤ ਕੱਢਿਆ ਸੀ ਜਦ ਤੜਫ਼-ਤੜਫ਼ ਕੇ ਉਸ ਦਾ ਗਰਭਪਾਤ ਹੋ ਗਿਆ ਸੀ।’’ (ਪੰਨਾ-31)

ਵਲੈਤ ਵਿਚ ਵਸਦੀ ਵਿਦਵਾਨ ਆਲੋਚਕ ਡਾ. ਦੇਵਿੰਦਰ ਕੌਰ ਨੇ ਜਸਵਿੰਦਰ ਰੱਤੀਆਂ ਦੇ ਇਸ ਨਾਵਲ ‘ਕੰਡਿਆਲੇ ਸਾਕ’ ਬਾਰੇ ਤਕਰੀਬਨ 16 ਸਫ਼ਿਆਂ ਦਾ ਇਕ ਵਿਸ਼ਲੇਸ਼ਣਾਤਮਕ ਪਰਚਾ ਲਿਖਿਆ ਹੈ ਜਿਸ ਮੁਤਾਬਕ ਇਸ ਨਾਵਲ ਦੇ ਥੀਮਕ ਪਾਸਾਰ ਦਾ ਨਚੋੜ ਇਹ ਹੈ :-

‘‘ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਇਸ ਨਾਵਲ ਵਿਚ ਲੇਖਕ ਜਾਗੀਰਦਾਰੀ ਸਮਾਜ ਤੋਂ ਲੈ ਕੇ ਖਾਲਿਸਤਾਨ ਦੀ ਲਹਿਰ ਤਕ ਦੇ ਇਤਿਹਾਸ ਨੂੰ ਨਾਵਲ ਦੀ ਵਿਧਾ ਵਿਚ ਢਾਲ਼ ਕੇ ਪੇਸ਼ ਕਰਦਾ ਹੈ। …ਇਸ ਨਾਵਲ ਦਾ ਬਿਰਤਾਂਤ ਸੰਘਣਾ ਤੇ ਜਟਿਲ ਬਿਰਤਾਂਤ ਬਣ ਗਿਆ ਹੈ। …ਨਾਵਲ ਦੇ ਸਾਰੇ ਮਾਹੌਲ ਵਿਚ ਕੇਵਲ ਔਰਤਾਂ ਹੀ ਨਹੀਂ ਮਰਦ ਵੀ ਰਿਸ਼ਤਿਆਂ ਵਿਚ ਦੁੱਖ ਭੋਗਦੇ ਹਨ। ਇਸ ਲਈ ਕੰਡਿਆਲੇ ਸਾਕਾਂ ਵਿੱਚੋਂ ਮਿਲੇ ਜ਼ਖ਼ਮਾਂ ਦਾ ਸ਼ਿਕਾਰ ਔਰਤ ਮਰਦ ਦੋਵੇਂ ਹੁੰਦੇ ਦਿਖਾਏ ਗਏ ਹਨ। ਨਾਵਲ ਦੇ ਸਮੁੱਚ ਵਿੱਚੋਂ ਜੋ ਸਨੇਹਾ ਉੱਭਰਦਾ ਹੈ ਉਹ ਪਿਆਰ, ਸਮਝ ਤੇ ਵਿਸ਼ਵਾਸ ਦਾ ਹੈ। ਲੇਖਕ ਨਵੀਆਂ ਸੋਚਾਂ ਦਾ ਹਾਮੀ ਹੈ। ਉਹ ਇੰਡੀਆ ਦੇ ਮੁਕਾਬਲੇ ਇੰਗਲੈਂਡ ਦੇ ਸਿਸਟਮ ਨੂੰ ਵਧੇਰੇ ਪਸੰਦ ਕਰਦਾ ਤੇ ਸੁਰੱਖਿਅਤ ਮਹਿਸੂਸ ਕਰਦਾ ਨਜ਼ਰ ਆਉਦਾ ਹੈ। ਭੂਹੇਰਵੇ ਦੀ ਭਾਵਨਾ ਦੀ ਕਿਧਰੇ ਕੋਈ ਗੁੰਜਾਇਸ਼ ਨਹੀਂ ਮਹਿਸੂਸ ਹੁੰਦੀ।’’

ਜਸਵਿੰਦਰ ਰੱਤੀਆਂ ਦੀ ਕਹਾਣੀਆਂ ਦੀ ਪੁਸਤਕ ‘ਨਜੂਮੀ’ ਵਿਚ ਕੁੱਲ 14 ਕਹਾਣੀਆਂ ਹਨ। ਇਨ੍ਹਾਂ ਕਹਾਣੀਆਂ ’ਚ ਵਿਅੰਗ ਵੀ ਹੈ, ਸੰਘਣਾ ਵੀ ਤੇ ਸਰਲ ਵੀ ਦੋਵੇਂ ਤਰ੍ਹਾਂ ਦਾ ਗੰੁਦਵਾਂ ਬਿਰਤਾਂਤ ਹੈ। ਤਲਖ਼ ਹਕੀਕਤਾਂ ਵੀ ਹਨ ਤੇ ਕੁਝ ਇਕ ਥਾਵਾਂ ’ਤੇ ਸਥਿਤੀਆਂ ਦੀ ਘੁੰਮਣਘੇਰੀ ’ਚੋਂ ਨਿਕਲਣ ਵਾਲੇ ਹਾਂ-ਨਾ ਪੱਖੀ ਰਾਹ ਵੀ ਹਨ। ਨਿਰਭਰ ਕਰਦਾ ਹੈ ਪੜ੍ਹਨ ਵਾਲੇ ਦੇ ਮੰਥਨ ’ਤੇ ਕਿ ਉਹ ਇਨ੍ਹਾਂ ਦਾ ਅਕਸੀਰੀ ਅਸਰ ਕਿਵੇਂ ਕਬੂਲਦਾ ਹੈ। ਕਹਾਣੀ ‘ਨਜ਼ੂਮੀ’ ਹਰ ਹੀਲੇ ਬੱਚਾ ਪੈਦਾ ਕਰਨ ਦੀ ਬਿਰਤੀ ’ਤੇ ਕੀਤਾ ਗਿਆ ਕਾਟਵਾਂ ਵਿਅੰਗ ਹੈ। ‘ਖ਼ਜ਼ਾਨਾ’ ਕਹਾਣੀ ਕਾਮ ਕਾਰੋਬਾਰ ਨਾਲ ਜੁੜੀਆਂ ਕੁੜੀਆਂ ਬਾਰੇ ਹਨ ਜਿਹੜੀਆਂ ਅਸਟਰੀਆ ਵਰਗੇ ਛੋਟੇ ਮੁਲਖਾਂ ਦੀ ਆਰਥਿਕਤਾ ਵਿਚ ਬਹੁਤ ਵੱਡਾ ਯੋਗਦਾਨ ਪਾ ਰਹੀਆਂ ਹਨ। ‘ਸੁਰਗਾਂ ਦੀ ਦਲਦਲ’ ਕਹਾਣੀ ਇਕ ਅਜਿਹੀ ਨੌਜਵਾਨ ਕੁੜੀ ਬਾਰੇ ਹੈ ਜੋ ਵਿਦੇਸ਼ ਵਿਚ ਸੁਰਗ ਹੰਢਾਉਣ ਦਾ ਸੁਪਨਾ ਦੇਖਦੀ ਹੈ ਪਰ ਵਿਦੇਸ਼ ਪਹੁੰਚ ਕੇ ਜੋ ਦੇਖਦੀ ਹੈ, ਉਸ ਕਰਕੇ ਉਸ ਦੀ ਜਿਊਣ ਦੀ ਇੱਛਾ ਹੀ ਖ਼ਤਮ ਹੋ ਜਾਂਦੀ ਹੈ। ‘ਕਾਤਲ ਚੱੁਪ’ ਕਹਾਣੀ ’ਚ ਮੁਹੱਬਤ ਲਈ ਤਰਸੇਵਾਂ ਹੈ। ‘ਤੇ ਸੱਚ ਹਾਰ ਗਿਆ’ ਵਿਚ ਨੇਕੀ ’ਤੇ ਬਦੀ ਦੀ ਜਿੱਤ ਦਿਖਾਈ ਗਈ ਹੈ ਖ਼ਾਸ ਕਰਕੇ ਪੇਂਡੂ ਸਿਆਸਤ ਦੇ ਖੇਤਰ ਵਿਚ। ‘ਦੇਸ਼ ਭਗਤੀ’ ਇਕ ਪੁਲਸ ਵਾਲੀ ਕੁੜੀ ਦੀ ਕਹਾਣੀ ਹੈ। ‘ਸਿੱਖਿਆ’ ਕਹਾਣੀ ’ਚ ਅਜੀਬ ਤਰ੍ਹਾਂ ਦੀ ਪਰਦੇਸ ਦੇ ਸਬੰਧ ’ਚ ਸਿੱਖਿਆ ਦਰਸਾਈ ਗਈ ਹੈ। ‘ਫਰੈਸ਼ੀ ਬਰਾਦਰੀ’ ’ਚ ਵਲੈਤੀ ਜਨ ਜੀਵਨ ਦੀ ਵਿਥਿਆ ਹੈ। ‘ਉਠੋ ਗੁਰਮੁਖ ਪਿਆਰਿਓ’ ਵਰਤਮਾਨ ਧਾਰਮਿਕ ਅੰਤਰੀਵਤਾ ’ਤੇ ਚਾਨਣਾ ਪਾਉਦੀ ਹੈ। ਇੰਜ ਇਸ ਸੰਗ੍ਰਹਿ ਦੀਆਂ ਕੁਲ 14 ਕਹਾਣੀਆਂ ਬੜੀਆਂ ਭਾਵਪੂਰਤ ਤੇ ਦਿਲਚਸਪ ਹਨ।

ਜਸਵਿੰਦਰ ਰੱਤੀਆਂ ਨਾਲ ਸਮੇਂ-ਸਮੇਂ ਹੋਈ ਗੱਲਬਾਤ ’ਚੋਂ ਉਸ ਵਲੋੋਂ ਕੁਝ ਅੰਸ਼ ਇੱਥੇ ਲਿਖੇ ਜਾਂਦੇ ਹਨ :-

* ਵਲੈਤ ਵਿਚ ਮੌਜੂਦਾ ਸਮੇਂ ਨਾਵਲਕਾਰੀ ਦੀ ਸਥਿਤੀ ਚੰਗੀ ਹੈ। ਅੱਜ ਕੱਲ੍ਹ ਮਹਿੰਦਰ ਧਾਲੀਵਾਲ, ਪ੍ਰਕਾਸ਼ ਸੋਹਲ, ਹਰਜੀਤ ਅਟਵਾਲ ਤੇ ਰੂਪ ਢਿੱਲੋਂ ਕਾਫ਼ੀ ਪੜ੍ਹੇ ਜਾ ਰਹੇ ਹਨ।

* ਕਿਸੇ ਭਾਸ਼ਾ ਦਾ ਵਿਕਾਸ ਉਸ ਭਾਸ਼ਾ ਨੂੰ ਬੋਲੇ ਜਾਣ ਵਾਲੇ ਖਿੱਤੇ ਦੀ ਆਰਥਿਕ ਤੇ ਰਾਜਨੀਤਕ ਸਥਿਤੀ ਉੱਪਰ ਨਿਰਭਰ ਕਰਦਾ ਹੈ। ਪੰਜਾਬੀ, ਪੰਜਾਬ ਦੀ ਵੰਡ ਨਾਲ ਵੰਡੀ ਗਈ ਤੇ ਆਰਥਿਕ ਤੰਗੀਆਂ ਦੀ ਮਾਰ ਸਹਾਰਦੇ ਪੰਜਾਬੀ, ਪੰਜਾਬ ਤੋਂ ਦੂਰ ਵਿਦੇਸ਼ਾਂ ਵਿਚ ਵਸਣ ਲਈ ਮਜਬੂਰ ਹਨ। ਜਦੋਂ ਕੋਈ ਭਾਸ਼ਾ ਆਰਥਿਕਤਾ ਦੀ ਮਜ਼ਬੂਤੀ ਵਿਚ ਸਹਾਈ ਨਾ ਹੋਵੇ। ਰਾਜਨੀਤਕ ਮਾਰਾਂ ਹੇਠ ਹੋਵੇ। ਉਹਦੇ ਭਵਿੱਖ ’ਤੇ ਸਵਾਲੀਆ ਚਿੰਨ੍ਹ ਲਗਦੇ ਹੀ ਹਨ। ਬਰਤਾਨੀਆ ਵਿਚ ਜਦੋਂ ਤਕ ਪੰਜਾਬ ਤੋਂ ਨਵੇਂ ਲੋਕ ਆਉਦੇ ਰਹਿਣਗੇ ਉਦੋਂ ਤਕ ਤਾਂ ਇੱਥੇ ਪੰਜਾਬੀ ਦਾ ਭਵਿੱਖ ਸੁਰੱਖਿਅਤ ਹੈ ਪਰ ਜਦੋਂ ਇਮੀਗਰਾਂਟ ਬੰਦ ਹੋ ਗਏ ਤਾਂ ਅਗਲੀਆਂ ਨਸਲਾਂ ਪੰਜਾਬੀ ਤੋਂ ਦੂਰ ਹੋ ਜਾਣਗੀਆਂ। ਇੱਥੇ ਜੰਮਪਲ ਬੱਚਿਆਂ ਨੂੰ ਪੰਜਾਬੀ ਸਿੱਖਣ ਦੀ ਲੋੜ ਹੀ ਮਹਿਸੂਸ ਨਹੀਂ ਹੋਣੀ।

* ਇੰਗਲੈਂਡ ਵਿਚ ਕਹਾਣੀ ਬਹੁਤ ਲਿਖੀ ਗਈ ਤੇ ਲਿਖੀ ਜਾ ਰਹੀ ਹੈ। ਕਹਾਣੀਕਾਰ ਰਘਬੀਰ ਢੰਡ, ਸਵਰਨ ਚੰਦਨ, ਤਰਸੇਮ ਨੀਲ ਗਿਰੀ, ਸ਼ਿਵਚਰਨ ਗਿੱਲ, ਸਾਥੀ ਲੁਧਿਆਣਵੀ, ਸੰਤੋਖ ਧਾਲੀਵਾਲ, ਵੀਨਾ ਵਰਮਾ, ਹਰਜੀਤ ਅਟਵਾਲ, ਕੇ.ਸੀ. ਮੋਹਣ, ਗੁਰਨਾਮ ਗਿੱਲ, ਗੁਰਪਾਲ ਸਿੰਘ, ਗੁਰਦੀਪ ਪੁਰੀ, ਦਰਸ਼ਨ ਧੀਰ, ਨਿੰਦਰ ਗਿੱਲ, ਪ੍ਰੀਤਮ ਸਿੱਧੂ ਆਦਿ ਦਾ ਜ਼ਿਕਰ ਕੀਤਾ ਜਾ ਸਕਦਾ ਹੈ।

* ਲੰਡਨ ਵਿਚ ਪੰਜਾਬੀ ਸਾਹਿਤ ਕਲਾ ਕੇਂਦਰ ਯੂਕੇ ਸਾਊਥਾਲ, ਲੇਖਕ ਪਾਠਕ ਸਭਿਆਚਾਰਕ ਮੰਚ ਸਲੋਹ ਅਤੇ ਅਦਾਰਾ ਸ਼ਬਦ ਤੇ ਹੋਰ ਵੀ ਹਨ।

* ਪੜ੍ਹਨਾ ਬਹੁਤ ਜ਼ਰੂਰੀ ਹੈ। ਇਤਿਹਾਸ ਨੂੰ ਜਾਣ ਕੇ, ਵਰਤਮਾਨ ਦੀ ਪੜਚੋਲ ਕਰ ਕੇ ਹੀ ਭਵਿੱਖ ਲਈ ਕੁਝ ਕਿਹਾ ਜਾ ਸਕਦਾ ਹੈ। ਇਸ ਦੀ ਜਾਣਕਾਰੀ ਕਿਤਾਬਾਂ ਹੀ ਦੇ ਸਕਦੀਆਂ ਹਨ।

ਨਿਰਸੰਦੇਹ ਅਕਸੀਰੀ ਅਸਰ ਵਾਲੇ ਅਦੀਬ ਜਸਵਿੰਦਰ ਰੱਤੀਆਂ ਦੀ ਹਰ ਗੱਲ ’ਤੇ ਹਰ ਅਦਬੀ ਰਚਨਾ ਉਸ ਦੀ ਕਲਮ ਦੀ ਪੁਖਤਗੀ ਦਾ ਪੁਖਤਾ ਪ੍ਰਮਾਣ ਹੈ।
***
870
***

About the author

ਹਰਮੀਤ ਸਿੰਘ ਅਟਵਾਲ
ਹਰਮੀਤ ਸਿੰਘ ਅਟਵਾਲ