13 June 2024

ਹਾਇਕੂ : ਮੁੱਢਲੀ ਜਾਣ ਪਛਾਣ ਤੇ ਪੰਜਾਬੀ ਸਾਹਿਤ ਵਿੱਚ ਇਸ ਦੀ ਆਮਦ—ਹਰਵਿੰਦਰ ਧਾਲੀਵਾਲ

ਹਾਇਕੂ, ਜਪਾਨ ਦੀ ਕਵਿਤਾ ਦਾ ਇੱਕ ਰੂਪ ਹੈ। ਆਕਾਰ ਵਿੱਚ ਇਹ ਬਹੁਤ ਸੰਖੇਪ ਹੁੰਦਾ ਹੈ। ਹਾਇਕੂ ਜਪਾਨ ਦੀ ਸਭਿੱਅਤਾ ਅਤੇ ਲੋਕ ਸਾਹਿਤ ਦਾ ਅਨਿਖੜਵਾਂ ਅੰਗ ਹੈ। ਜਪਾਨ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜਿਸ ਨੇ ਕਦੇ ਹਾਇਕੂ ਨਹੀਂ ਲਿਖਿਆ, ਉਹ ਕਵੀ ਨਹੀਂ ਹੈ। ਕਵਿਤਾ ਦੇ ਇਸ ਖੂਬਸੂਰਤ ਰੂਪ ਦੀ ਰਚਨਾ ਸਭ ਤੋਂ ਪਹਿਲਾਂ ਜਪਾਨ ਦੇ ਬੋਧੀ ਭਿਕਸਖੂਆਂ ਨੇ ਆਰੰਭ ਕੀਤੀ। ਜਦ ਬੋਧੀ ਭਿਕਸਖੂ ਜੰਗਲਾਂ, ਪਹਾੜਾਂ ਆਦਿ ‘ਚੋ ਗੁਜਰਦੇ ਤਾਂ ਕੁਦਰਤ ਦੇ ਰੰਗ ਬਰੰਗੇ ਪਸਾਰੇ ਵਿਚ ਅਨੇਕਾਂ ਅਚੰਭੇ ਵਾਲੀਆਂ ਪ੍ਰਸਥਿਤੀਆਂ ਵੇਖਣ ਨੂੰ ਮਿਲਦੀਆਂ। ਉਨਾਂ ਦੀ ਚੇਤਨ ਅਵਸਥਾ, ਕੁਦਰਤ ਦੇ ਇਨਾਂ ਅਚੰਭਿਤ ਕਰਨ ਵਾਲੇ ਨਜ਼ਾਰਿਆਂ ਨੂੰ ਕੈਦ ਕਰਨ ਲਈ ਬਿਹਬਲ ਹੋ ਉਠਦੀ। ਸ਼ਾਇਦ ਇਨਾਂ ਅਵੱਸਥਾਵਾਂ ‘ਚੋ ਹੀ ਪਹਿਲੀ ਵਾਰ ਹਾਇਕੂ ਦਾ ਜਨਮ ਹੋਇਆ। ਕੁਝ ਪ੍ਰਮੁੱਖ ਹਾਇਕੂ ਕਵੀਆਂ ਦੇ ਨਾਮ ਹਨ, ਮਾਤਸੂਓ ਬਾਸ਼ੋ, ਸਾਨਤੋਕਾ ਤਾਨੇਦਾ, ਚੀਯੋ – ਨੀ, ਯੋਸਾ ਬੂਸੋਨ, ਕੋਬਾਯਾਸ਼ੀ ਇੱਸਾ, ਓਜ਼ਾਕੀ ਹੋਸਾਈ ਆਦਿ, ਜਿੰਨਾਂ ਨੇ ਆਪਣੇ ਆਪਣੇ ਕਾਰਜਕਾਲ ਦੌਰਾਨ ਬਿਹਤਰੀਨ ਹਾਇਕੂ ਰਚੇ।

ਪਰੰਪਰਾਵਾਦੀ ਜਪਾਨੀ ਹਾਇਕੂ ਵਿੱਚ ਬਣਤਰ ਪੱਖੋਂ ਇਸਦਾ ਇੱਕ ਨਿਸ਼ਚਤ ਆਕਾਰ ਹੁੰਦਾ ਹੈ। ਜਪਾਨੀ ਲਿੱਪੀ ਦੇ 17 ਅੱਖਰਾਂ ਨੂੰ 5-7-5 ਦੇ ਕ੍ਰਮ ਅਨੁਸਾਰ ਜੜ ਕੇ ਇਸ ਦੀ ਰਚਨਾ ਕੀਤੀ ਜਾਂਦੀ ਹੈ। ਕਿਉਂਕਿ ਹਾਇਕੂ, ਕੁਦਰਤ ਨਾਲ ਇੱਕ ਮਿੱਕ ਹੋਣ ਤੇ ਇਸ ਨਾਲ ਸੰਵਾਦ ਰਚਾਉਣ ਦਾ ਜਰੀਆ ਹੈ, ਸੋ ਹਾਇਕੂ ਵਿੱਚ ਕੁਦਰਤ ਜਾਂ ਮੌਸਮ ਦਾ ਜ਼ਿਕਰ ਬਹੁਤ ਜਰੂਰੀ ਹੈ। ਇਹ ਜ਼ਿਕਰ ਸਿੱਧੇ ਤੌਰ ਤੇ ਵੀ ਹੋ ਸਕਦਾ ਹੈ ਅਤੇ ਅਸਿੱਧੇ ਤੌਰ ਤੇ ਵੀ। ਸਿੱਧੇ ਤੌਰ ਤੇ ਰੁੱਤਾਂ ਦਾ ਜ਼ਿਕਰ ਜਿਵੇਂ ਪਤਝੜ ਰੁੱਤ, ਗਰਮ ਰੁੱਤ, ਸਰਦ ਰੁੱਤ ਤੇ ਬਹਾਰ ਰੁੱਤ ਆਦਿ। ਮਿਸਾਲ ਦੇ ਤੌਰ ਤੇ ਹਾਇਕੂ –

ਪਤਝੜ ਦਾ ਘੁਸਮੁਸਾ
ਭਿਕਸ਼ੂ ਦੀ ਝੋਲੀ ਵਿਚ ਛਣਕੇ
ਚੰਦ ਖੋਟੇ ਸਿੱਕੇ…. ਡਾ. ਸੰਦੀਪ ਚੌਹਾਨ

ਇਸੇ ਤਰਾਂ ਅਸਿੱਧੇ ਰੂਪ ਵਿੱਚ ਵੀ ਮੌਸਮ ਦਾ ਜ਼ਿਕਰ ਹੋ ਸਕਦਾ ਹੈ, ਜਿਵੇਂ –

ਘਰ ਵਾਪਸੀ-
ਕੋਸੇ ਹੰਝੂਆਂ ‘ਚ ਘੁਲਿਆ
ਪਰਾਲੀ ਦਾ ਧੂੰਆਂ…. ਗੁਰਮੁੱਖ ਭੰਦੋਹਲ

ਉਕਤ ਹਾਇਕੂ ਵਿੱਚ ਪਰਾਲੀ ਦੇ ਧੂੰਏਂ ਤੋਂ ਮੌਸਮ ਬਾਰੇ ਮੌਸਮ ਜਾਂ ਰੁੱਤ ਬਾਰੇ ਸਪਸ਼ਟ ਹੋ ਜਾਂਦਾ ਹੈ। ਇਸ ਤਰਾਂ ਮੌਸਮ / ਰੁੱਤ ਦਾ ਜਿਕਰ ਹਾਇਕੂ ਦਾ ਅਨਿਖੜਵਾਂ ਅੰਗ ਹੈ .

ਇੱਕ ਤੱਤ ਜੋ ਹਾਇਕੂ ਦੀ ਰੂਹ ਹੁੰਦਾ ਹੈ, ਉਹ ਹੈ ਇਸ ਵਿੱਚ ਕਿਸੇ ਵਿਸ਼ੇਸ ਘਟਨਾ ਦਾ ਜ਼ਿਕਰ ਜਿਸਨੇ ਤੁਹਾਡੀ ਅੰਤਰਆਤਮਾ ਨੂੰ ਟੁੰਬਿਆ ਹੋਵੇ। ਇਹੀ ਘਟਨਾ ਹਾਇਕੂ ਕਵੀ ਪਾਠਕਾਂ ਨਾਲ ਇਸ ਢੰਗ ਨਾਲ ਸਾਂਝੀ ਕਰਦਾ ਹੈ ਕਿ ਪਾਠਕ ਨੂੰ  ਵੀ ਉਹ  ਘਟਨਾ ਆਪਣੇ ਸਾਹਮਣੇ ਵਾਪਰਦੀ ਲੱਗਦੀ ਹੈ ਤੇ ਉਹ ਵੀ ਇਸ ਅਚੰਭੇ ਵਾਲੀ ਸਥਿਤੀ ਨੂੰ ਮਾਨਣ ਲੱਗਦਾ ਹੈ। ਅਸਲ ਵਿੱਚ ਹਾਇਕੂ ਦਾ ਮੂਲ ਭਾਵ ਸਾਹਮਣੇ ਵਾਪਰ ਰਹੇ ਉਸ ਖਿਣ ਨੂੰ ਫੜਨਾ ਹੈ ਜਿਸ ਨਾਲ ਸਾਡਾ ਅੰਦਰ ਕਿਸੇ ਚਾਨਣ ਵਾਂਗ ਰੁਸ਼ਨਾ ਉੱਠਿਆ ਹੋਵੇ। ਕੁਦਰਤ ਦੀ ਸਧਾਰਨ ਅਵੱਸਥਾ ਵਿੱਚ ਛੁਪੇ ਰਹੱਸ ਨੂੰ ਜਦ ਸਾਡੀ ਚੇਤੰਨ ਅਵੱਸਥਾ ਫੜ ਲੈਂਦੀ ਹੈ ਤਾਂ ਇਸ ਨੂੰ ਹਾਇਕੂ ਖਿਣ ਕਹਿੰਦੇ ਹਨ ਤੇ ਇਸੇ ਖਿਣ ਨੂੰ ਪਾਠਕ ਤੱਕ ਪਹੁੰਚਾਉਣ ਲਈ, ਜਦ ਇੱਕ ਵਿਸ਼ੇਸ ਵਿਧੀ ਵਿਚ ਸ਼ਬਦਾਂ ਨੂੰ ਜੜਿਆ ਜਾਂਦਾ ਹੈ ਤਾਂ ਇਹ ਹਾਇਕੂ ਕਹਾਉਂਦਾ ਹੈ। ਹਾਇਕੂ ਵਿਚ ਦੱਸਿਆ ਨਹੀਂ ਸਗੋਂ ਦਰਸਾਇਆ ਜਾਂਦਾ ਹੈ ਭਾਵ ਕਿਸੇ ਘਟਨਾ ਦਾ ਖੁਲਾਸਾ ਨਹੀਂ ਕੀਤਾ ਜਾਂਦਾ ਸਗੋਂ ਇੱਕ ਕੈਮਰੇ ਦੇ ਫੋਟੋ ਖਿੱਚਣ ਵਾਂਗ ਬਿੰਬਾਂ ਦੀ ਸਹਾਇਤਾ ਨਾਲ ਘਟਨਾ ਦਾ  ਹੂ ਬ ਹੂ ਚਿਤਰਣ ਕੀਤਾ ਜਾਂਦਾ ਹੈ।

ਸੂਖਮਤਾ ਦੇ ਇਲਾਵਾ ਸਰਲਤਾ ਵੀ ਹਾਇਕੂ ਦਾ ਵਿਸ਼ੇਸ ਗੁਣ ਹੈ। ਹਾਇਕੂ ਦੂਸਰੀਆਂ ਕਵਿਤਾ ਵੰਨਗੀਆਂ ਵਾਂਗ ਭਾਰੀ ਸ਼ਬਦਾਵਲੀ, ਸ਼ਬਦਾਂ ਦੀ ਅਡੰਬਰਤਾ ਤੇ ਅਲੰਕਾਰਾਂ ਦੇ ਗਹਿਣਿਆਂ ਦਾ ਮੁਥਾਜ ਨਹੀਂ ਹੈ। ਬੀ.ਐਚ. ਬ੍ਲੈਥ ਅਨੁਸਾਰ “ਹਾਇਕੂ ਚੰਦ ਵੱਲ ਇਸ਼ਾਰਾ ਕਰਦੀ ਉਂਗਲ ਵਾਂਗ ਹੈ। ਜੇ ਇਸ ਹੱਥ ਨੂੰ ਬੇਲੋੜੇ ਗਹਿਣੇ ਪੁਆ ਦਿੱਤੇ ਜਾਣ ਸਾਡਾ ਧਿਆਨ ਇੰਨਾਂ ਗਹਿਣਿਆਂ ਵੱਲ ਹੋ ਜਾਵੇਗਾ ਤੇ ਅਸੀਂ ਉਸ ਚੰਦ ਨੂੰ ਵੇਖਣਾ ਭੁੱਲ ਜਾਵਾਂਗੇ ਜਿਸ ਵੱਲ ਇਹ ਉਂਗਲ ਇਸ਼ਾਰਾ ਕਰ ਰਹੀ ਹੁੰਦੀ ਹੈ।” ਅਸਲ ਵਿੱਚ ਹਾਇਕੂ ਦਾ ਬੇਲੋੜਾ ਗੁੰਝਲਦਾਰ ਹੋਣਾ ਇਸ ਦੀ ਅਸਲ ਖੂਬਸੂਰਤੀ ਨੂੰ ਨਸ਼ਟ ਕਰ ਦਿੰਦਾ ਹੈ। ਹਾਇਕੂ ਵਿਚ ਘੱਟ ਤੋਂ ਘੱਟ ਦੋ ਬਿੰਬਾਂ ਨੂੰ ਸਮੀਪ ਰੱਖ ਕੇ ਦਰਸਾਇਆ ਜਾਂਦਾ ਹੈ। ਫ੍ਰੈਗ੍ਮਿੰਟ/ਫ੍ਰੇਜ ਵਿਧੀ ਵਿਚ ਇੱਕ ਬਿੰਬ, ਕੁਦਰਤ/ਮੌਸਮ ਦਾ ਜ਼ਿਕਰ ਕਰਦਾ ਹੈ। ਫ੍ਰੈਗ੍ਮਿੰਟ ਇੱਕ ਸਤਰ ਵਿੱਚ ਹੁੰਦਾ ਹੈ। ਆਮ ਤੌਰ ਤੇ ਇਹ ਕੁਦਰਤ ‘ਚੋ ਲਿਆ ਜਾਂਦਾ ਹੈ ਤੇ ਇਹ ਸਤਰ ਉੱਪਰਲੀ ਜਾਂ ਹੇਠਲੀ ਹੋ ਸਕਦੀ ਹੈ। ਫ੍ਰੇਜ ਦੋ ਸਤਰਾਂ ਨੂੰ ਜੋੜ ਕੇ ਬਣਦਾ ਹੈ ਤੇ ਇਸ ਵਿੱਚ ਹਾਇਕੂ ਖਿਣ ਸਮਾਇਆ ਹੋਇਆ ਹੁੰਦਾ ਹੈ। ਇਸ ਤਰਾਂ ਤਿੰਨੇ ਸਤਰਾਂ ਨੂੰ ਮਿਲਾ ਕੇ ਇੱਕ ਪੂਰਨ ਹਾਇਕੂ ਦੀ ਰਚਨਾ ਹੁੰਦੀ ਹੈ।

ਹਾਇਕੂ ਦੀ ਇੱਕ ਹੋਰ ਵਿਸ਼ੇਸਤਾ ਇਸਦਾ ਵਿਕਾਸਮਈ ਤੇ ਬਹੁ ਅਰਥੀ ਹੋਣਾ ਵੀ ਹੈ। ਜਦ ਪਾਠਕ ਇੱਕ ਹਾਇਕੂ ਨੂੰ ਦੂਜੀ ਜਾਂ ਤੀਜੀ ਵਾਰ ਪੜ੍ਹਦਾ ਹੈ ਤਾਂ ਹਰ ਵਾਰ ਇਸਦੇ ਅਰਥ ਵਿਸ਼ਾਲ ਹੁੰਦੇ ਜਾਂਦੇ ਹਨ। ਹਰ ਵਾਰ ਪੜ੍ਹਨ ਤੇ ਉਸ ਨੂੰ ਕੁਝ ਨਵਾਂ ਹੀ ਮਹਿਸੂਸ ਹੁੰਦਾ ਹੈ।ਇਸੇ ਤਰਾਂ ਇੱਕ ਹਾਇਕੂ ਦੇ ਇੱਕ ਪਾਠਕ ਆਪਣੀ ਸਹੂਲਤ ਜਾਂ ਸਮਝ ਅਨੁਸਾਰ ਹੋਰ ਅਰਥ ਗ੍ਰਹਿਣ ਕਰਦਾ ਹੈ ਤੇ ਉਸੇ ਹਾਇਕੂ ਦੇ ਕੋਈ ਦੂਸਰਾ ਪਾਠਕ ਹੋਰ ਅਰਥ। ਇਸ ਤਰਾਂ ਇਹ ਅਵੱਸਥਾ ਹੋਰ ਵੀ ਅਨੰਦਮਈ ਹੋ ਨਿਬੜਦੀ ਹੈ।

ਇੱਕ ਹਾਇਕੂ ਕਵੀ ਜਦ ਆਪਣੇ ਆਲੇ ਦੁਆਲੇ ਵਿੱਚ ਵਿਚਰਦਾ ਹੈ ਤਾਂ ਉਸਦਾ ਚੇਤੰਨ ਮਨ ਕਿਰਿਆਸ਼ੀਲ ਹੋ ਉੱਠਦਾ ਹੈ। ਜੰਗਲ, ਪਹਾੜ, ਧੂੜ, ਮਿੱਟੀ, ਕੰਕਰ, ਛੋਟੇ ਤੋਂ ਛੋਟਾ ਜੀਵ, ਦਰਿਆ, ਫੁੱਲ, ਬੂਟੇ, ਤਿਤਲੀਆਂ ਆਦਿ, ਗੱਲ ਕੀ ਹਰ ਸ਼ੈਅ ਵਿੱਚ ਉਸਨੂੰ ਕੁਦਰਤ ਦੇ ਦਰਸ਼ਨ ਹੁੰਦੇ ਹਨ ਤੇ ਇੰਨਾਂ ਪਲਾਂ ਵਿੱਚ ਉਹ ਦਵੈਤ ਰਹਿਤ ਹੋ ਜਾਂਦਾ ਹੈ। ਉਸਦਾ ਦਵੈਤ ਰਹਿਤ ਮਨ ਪਹਾੜ ਨੂੰ ਵੀ ਉੰਨੀ ਹੀ ਮਹਤਤਾ ਦਿੰਦਾ ਹੈ ਜਿੰਨੀਂ ਪਹਾੜ ਦੇ ਪੈਰਾਂ ‘ਚ ਪਈ ਰੋੜੀ ਨੂੰ। ਸਿੱਕਾ ਉਛਾਲਣ ਤੋਂ ਬਾਅਦ ਉਸਨੂੰ ਸਿੱਕੇ ਤੇ ਚਮਕਦਾ ਹੋਇਆ ਸੂਰਜ ਵੀ ਸਿੱਕੇ ਦੇ ਨਾਲ ਹੀ ਧਰਤੀ ਤੇ ਡਿੱਗਦਾ ਨਜ਼ਰ ਆਉਂਦਾ ਹੈ। ਕੋਈ ਕਿਤਾਬ ਪੜ੍ਹਨ ਬੈਠਦਾ ਹੈ ਤਾਂ ਆਮ ਇਨਸਾਨਾਂ ਵਾਂਗ ਉਸ ਨੂੰ ਸਿਰਫ਼ ਵਰਕੇ ਦੇ ਦੋਹੀਂ ਪਾਸੀਂ ਅੱਖਰਾਂ ਦੀ ਛਪਾਈ ਹੀ ਨਜਰ ਨਹੀਂ ਆਉਂਦੀ ਸਗੋਂ ਉਸਦੀ ਹਾਇਕੂ ਅੱਖ ਦੋਹਾਂ ਪਾਸਿਆਂ ਦੀ ਛਪਾਈ ਦੇ ਅੱਖਰਾਂ ਵਿਚਕਾਰ ਫਸਿਆ ਹੋਇਆ ਚਿੱਟਾ ਕਾਗਜ਼ ਵੀ ਵੇਖਦੀ ਹੈ। ਇੰਤਹਾ ਤਾਂ ਓਦੋਂ ਹੋ ਜਾਂਦੀ ਹੈ ਜਦ ਹਾਇਕੂ ਕਵੀ ਘਰ ਵਾਪਸ ਮੁੜਦਾ ਹੈ ਤਾਂ ਉਸ ਨੂੰ ਆਪਣੀ ਦਹਲੀਜ਼ ਤੇ ਪਿਆ ਰੇਤ ਦਾ ਕਣ ਵੀ ਆਪਣਾ ਸਵਾਗਤ ਕਰਦਾ ਲੱਗਦਾ ਹੈ।

ਅੱਜ ਹਾਇਕੂ ਜਪਾਨ ਦੇ ਹੱਦਾਂ ਬੰਨੇ ਟੱਪ ਕੇ ਪੂਰੇ ਸੰਸਾਰ ਦੇ ਸਾਹਿਤ ਦਾ ਇੱਕ ਮਹੱਤਵਪੂਰਨ ਅੰਗ ਬਣ ਚੁੱਕਾ ਹੈ। ਬੇਸ਼ਕ ਹੋਰਨਾਂ ਭਾਸ਼ਾਵਾਂ ਵਿੱਚ ਵਿਆਕਰਣ ਤੇ ਲਿੱਪੀ ਆਦਿ ਦੇ ਵਖਰੇਵੇਂ ਕਾਰਨ ਇਸਦਾ ਪੰਜ –ਸੱਤ –ਪੰਜ ਸਤਰਾਂ ਵਾਲਾ ਰੂਪ ਕਾਇਮ ਰੱਖਣਾ ਸੰਭਵ ਨਹੀਂ ਹੈ ਪਰ ਇਸਦੇ ਬਾਕੀ ਗੁਣਾਂ ਨੂੰ ਦੂਸਰੀਆਂ ਭਾਸ਼ਾਵਾਂ ਵਿੱਚ ਕਾਇਮ ਰੱਖਿਆ ਜਾ ਰਿਹਾ ਹੈ। ਜੇ ਪੰਜਾਬੀ ਵਿੱਚ ਹਾਇਕੂ ਦੀ ਆਮਦ ਦੀ ਗੱਲ ਕਰੀਏ ਤਾਂ ਬਿਨਾਂ ਸ਼ੱਕ ਇਸਦਾ ਸਿਹਰਾ ਜਪਾਨ ਵਿੱਚ ਵਸਦੇ ਪੰਜਾਬੀ ਕਵੀ ਪਰਮਿੰਦਰ ਸੋਢੀ ਨੂੰ ਜਾਂਦਾ ਹੈ। ਸੰਨ 2001 ਵਿੱਚ ਉਨ੍ਹਾਂ ਨੇ ਪੰਜਾਬੀਆਂ ਨਾਲ ਹਾਇਕੂ ਦੀ ਜਾਣ ਪਛਾਣ ਆਪਣੇ ਅਨੁਵਾਦਿਤ ਹਾਇਕੂ ਸੰਗ੍ਰਹਿ ‘ਜਪਾਨੀ ਹਾਇਕੂ ਸ਼ਾਇਰੀ‘ ਰਾਹੀਂ ਕਰਵਾਈ। ਇਸ ਪੁਸਤਕ ਰਾਹੀਂ ਉਨਾਂ ਨੇ ਹਾਇਕੂ ਸਬੰਧੀ ਮੁੱਢਲੀ ਜਾਣ ਪਛਾਣ ਦੇ ਨਾਲ ਨਾਲ ਇਸ ਸਬੰਧੀ ਸੂਖਮ ਜਾਣਕਾਰੀ ਵੀ ਦਿੱਤੀ। ਨਾਲ ਹੀ ਹਾਇਕੂ ਦੇ ਸਭਿੱਆਚਾਰਕ ਪਿਛੋਕੜ ਬਾਰੇ ਵੀ ਵਿਸਥਾਰ ਸਹਿਤ ਚਾਨਣਾ ਪਾਇਆ। ਪੁਸਤਕ ਵਿੱਚ ਉਨ੍ਹਾਂ ਨੇ ਪ੍ਰਸਿੱਧ ਜਪਾਨੀ ਹਾਇਕੂ ਕਵੀਆਂ ਦੀਆਂ ਹਾਇਕੂ ਕਵਿਤਾਵਾਂ ਨੂੰ ਪੰਜਾਬੀ ਵਿੱਚ ਅਨੁਵਾਦ ਕਰ ਕੇ ਪੇਸ਼ ਕੀਤਾ। ਪੰਜਾਬੀ ਹਾਇਕੂ ਦੇ ਜਨਮ ਵਿਚ ਇਹ ਪੁਸਤਕ ਇੱਕ ਮੀਲ ਪੱਥਰ ਸਾਬਿਤ ਹੋਈ। ਇਸ ਪਿਛੋਂ ਬਹੁਤ ਸਾਰੇ ਪੰਜਾਬੀ ਲੇਖਕਾਂ ਨੂੰ ਹਾਇਕੂ ਵਿਚ ਦਿਲਚਸਪੀ ਪੈਦਾ ਹੋ ਗਈ। ਅੱਜ ਡਾ. ਸੰਦੀਪ ਚੌਹਾਨ ਤੇ ਅਮਰਜੀਤ ਸਾਥੀ ਦੀ ਮਿਹਨਤ ਸਦਕਾ ਕਾਫੀ ਸਾਰੇ ਹਾਇਕੂ ਲੇਖਕ ਪੈਦਾ ਹੋ ਚੁੱਕੇ ਹਨ ਜੋ ਵਧੀਆ ਹਾਇਕੂ ਰਚ ਰਹੇ ਹਨ। ਪੰਜਾਬੀ ਵਿੱਚ ਜ਼ਿਆਦਾਤਰ ਫ੍ਰੈਗ੍ਮਿੰਟ/ਫ੍ਰੇਜ ਵਿਧੀ ਰਾਹੀਂ ਹਾਇਕੂ ਦੀ ਰਚਨਾ ਕੀਤੀ ਜਾ ਰਹੀ ਹੈ।  ਪੰਜਾਬੀ ਵਿੱਚ ਹਾਇਕੂ ਦੇ ਵਿਕਾਸ ਹਿੱਤ ਦੋ ਜੱਥੇਬੰਦਆਂ ਇੰਟਰਨੈਸ਼ਨਲ ਪੰਜਾਬੀ ਹਾਇਕੂ ਡਿਵੈਲਪਮਿੰਟ ਆਰਗੇਨਾਈਜੇਸ਼ਨ (ਇਫਡੋ)  ਅਤੇ ਪੰਜਾਬੀ ਹਾਇਕੂ ਫੋਰਮ  ਵੀ ਹੋਂਦ ਵਿੱਚ ਆ ਚੁੱਕੀਆਂ ਹਨ ਜੋ ਇਸ ਪਾਸੇ ਸਲਾਘਾਯੋਗ ਕੰਮ ਕਰ ਰਹੀਆਂ ਹਨ। ਹੁਣ ਤੱਕ ਵੱਖ ਵੱਖ ਲੇਖਕਾਂ ਦੇ ਕੋਈ ਪੰਦਰਾਂ ਦੇ ਕਰੀਬ ਪੰਜਾਬੀ ਵਿੱਚ ਹਾਇਕੂ ਸੰਗ੍ਰਹਿ ਆ ਚੁੱਕੇ ਹਨ। ਪਰ ਪੰਜਾਬ ਦਾ ਮੀਡੀਆ ਹਾਲੇ ਹਾਇਕੂ ਨੂੰ ਬਣਦਾ ਉਤਸ਼ਾਹ  ਨਹੀਂ ਦੇ ਸਕਿਆ। ਖਾਸ ਕਰਕੇ ਪ੍ਰਿੰਟ ਮੀਡੀਏ ਨੂੰ ਚਾਹੀਦਾ ਹੈ ਕਿ ਸਾਹਿਤ ਦੀ ਇਸ ਨਵੀਂ ਵਿਧਾ ਨੂੰ ਉਤਸ਼ਾਹਿਤ ਕਰਨ ਲਈ ਉਸਾਰੂ ਯੋਗਦਾਨ ਪਾਵੇ। ਸ਼ਾਲਾ, ਕਵਿਤਾ ਦਾ ਫੁੱਲਾਂ ਵਰਗਾ ਇਹ ਰੂਪ ਪੰਜਾਬੀ ਸਾਹਿਤ ਦੇ ਵਿਹੜੇ ਨੂੰ ਹੋਰ ਖੁਸ਼ਬੂਦਾਰ ਬਣਾਵੇ।
***
209
***

About the author

ਹਰਵਿੰਦਰ ਧਾਲੀਵਾਲ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ