ਚੇਤਨਾ ਕੀ ਹੈ ਅਤੇ ਕਿਉਂ ਜ਼ਰੂਰੀ ਹੈ, ਮਨੁੱਖੀ ਵਿਕਾਸ ਲਈ? ਬਹੁਤ ਹੀ ਗੰਭੀਰ ਵਿਸ਼ਾ। ਸਿਰ ਜੋੜ ਕੇ ਸੋਚਣ ਦੀ ਲੋੜ। ਵਰਨਾ ਚਿੰਤਨ ਵਿਹੂਣੇ ਪੰਜਾਬੀਆਂ ਦਾ ਮਾਰਗ-ਦਰਸ਼ਨ ਕੌਣ ਕਰੇਗਾ? ਚਿੰਤਨਸ਼ੀਲ ਲੋਕ ਅਕਸਰ ਹੀ ਅਜੇਹੇ ਸੰਜੀਦਾ ਸਰੋਕਾਰ ਬਾਰੇ ਸੰਵਾਦ ਰਚਾਉਣ ਬਾਰੇ ਸੋਚਦੇ ਕਿ ਕੀ ਅਜੇਹਾ ਵਰਤਾਰਾ ਪੰਜਾਬੀਆਂ ਦੀ ਜੀਵਨ-ਸ਼ੈਲੀ ਤਾਂ ਨਹੀਂ ਬਣ ਗਿਆ। ਮੈਂ ਪੰਜਾਬੀ ਮਾਂ ਬੋਲੀ ਦਿਵਸ ਦੇ ਸੰਬੰਧ ਵਿਚ ਸ਼ਿਕਾਗੋ ਵਿਖੇ ਯੂਨੀਵਰਸਿਟੀ ਦੀ ਇਕ ਵਿਦਿਆਰਥਣ ਨੂੰ ਮਿਲਿਆ ਜਿਸਦਾ ਕਹਿਣਾ ਸੀ ਕਿ ਮੈਂ ਆਪਣੇ ਪਰਿਵਾਰ ਅਤੇ ਸਮਾਜ ਤੋਂ ਉਕਤਾ ਚੁੱਕੀ ਹਾਂ ਕਿਉਂਕਿ ਸਾਡਾ ਸਮਾਜ ਪਰਤਾਂ ਵਿਚ ਜਿਉਂਦਾ ਅਤੇ ਮਖੌਟਿਆਂ ਵਿਚ ਵਿਚਰਦਾ ਹੈ। ਮੇਰੇ ਮਾਪਿਆਂ ਕੋਲ ਮੇਰੇ ਨਾਲ ਗੱਲ ਕਰਨ ਦਾ ਸਮਾਂ ਹੀ ਨਹੀਂ ਹੈਂ। ਮੈਂ ਕਿਸ ਨਾਲ ਆਪਣੀ ਵੇਦਨਾ ਸਾਂਝੀ ਕਰਾਂ? ਮੇਰੇ ਦੋਸਤ ਸਿਰਫ਼ ਗੋਰੇ ਜਮਾਤੀ ਹੀ ਹਨ ਜਿਨ੍ਹਾਂ ਨਾਲ ਮੈਂ ਗੱਲਾਂ ਸਾਂਝੀਆਂ ਕਰ ਸਕਦੀ ਹਾਂ ਕਿਉਂਕਿ ਗੋਰੇ ਵਿਦਿਆਰਥੀ ਬਹੁਤ ਹੀ ਪਾਰਦਰਸ਼ੀ ਅਤੇ ਸੱਚੇ ਹੁੰਦੇ। ਕੋਈ ਨਹੀਂ ਓਹਲਾ ਰੱਖਦੇ ਅਤੇ ਨਾ ਹੀ ਤੁਹਾਨੂੰ ਬਲੈਕਮੇਲ ਕਰਦੇ। ਮੈਂ ਸੋਚਣ ਲੱਗਾ ਕਿ ਇਹ ਬੱਚੀ ਪੰਜਾਬੀ ਸਮਾਜ ਤੋਂ ਇੰਨੀ ਉਚਾਟ ਹੋ ਚੁੱਕੀ ਹੈ ਕਿ ਇਸਦਾ ਪੰਜਾਬੀ ਸਮਾਜ ਵਿਚ ਪਰਤਣਾ ਬਹੁਤ ਹੀ ਮੁਹਾਲ ਹੋਵੇਗਾ। ਦਰਅਸਲ ਅਸੀਂ ਪਰਵਾਸ ਤਾਂ ਕਰ ਲਿਆ ਪਰ ਅਸੀਂ ਇੰਨੇ ਚੇਤੰਨ ਨਹੀਂ ਹੋਏ ਕਿ ਸਾਨੂੰ ਪਤਾ ਹੋਵੇ ਕਿ ਵਿਦੇਸ਼ ਵਿਚ ਸਾਡੇ ਬੱਚਿਆਂ ਦੀਆਂ ਕੀ ਚੁਣੌਤੀਆਂ ਹਨ? ਉਨ੍ਹਾਂ ਨੂੰ ਸਮਝਾ ਕੇ ਇਨ੍ਹਾਂ ਚੁਣੌਤੀਆਂ ਵਿਚੋਂ ਉਭਰਨ ਦਾ ਵਲ ਕਿਵੇਂ ਸਿਖਾਉਣਾ ਹੈ? ਅਸੀਂ ਤਾਂ ਸਿਰਫ਼ ਵੱਡੇ ਘਰਾਂ ਅਤੇ ਨਵੇਂ ਮਾਡਲ ਦੀਆਂ ਕਾਰਾਂ ਲੈਣ ਲਈ ਇੰਨੇ ਉਲਝ ਗਏ ਕਿ ਪਰਿਵਾਰ ਅਤੇ ਬੱਚਿਆਂ ਲਈ ਸਾਡੇ ਕੋਲ ਸਮਾਂ ਹੀ ਨਹੀਂ। ਇਹ ਚੇਤਨਾ ਦੀ ਗੁੰਮਸ਼ੁਦਗੀ ਦਾ ਪ੍ਰਮਾਣ ਹੈ। ਅਸੀਂ ਚੇਤਨਾ ਵਿਹੂਣੇ ਹੋ, ਹਰੀ ਕਰਾਂਤੀ ਦੇ ਭੁਲੇਖੇ ਵਿਚ ਆ ਕੇ ਪੰਜਾਬ ਨੂੰ ਤਬਾਹੀ ਦੇ ਕੰਢੇ `ਤੇ ਲਿਆ ਖਲਿਆਰਿਆ? ਖ਼ਾਦਾਂ ਤੇ ਕੀਟਨਾਸ਼ਕਾਂ ਨਾਲ ਧਰਤੀ ਜ਼ਹਿਰੀਲੀ ਹੋ ਗਈ, ਵਾਤਾਵਰਣ ਪਲੀਤ ਕਰ ਲਿਆ। ਝੋਨੇ ਸਦਕਾ ਪੰਜਾਬ ਦਾ ਜ਼ਿਆਦਾਤਰ ਹਿੱਸਾ ਧਰਤੀ ਹੇਠਲੇ ਪਾਣੀ ਦੇ ਮਾਮਲੇ ਵਿਚ ਡਾਰਕ ਜ਼ੋਨ ਵਿਚ ਚਲਾ ਗਿਆ ਹੈ। ਕੁਦਰਤੀ ਸਰੋਤ ਗਵਾ ਕੇ ਪੰਜਾਬ ਨੇ ਕੀ ਖੱਟਿਆ? ਬਿਮਾਰ ਪੰਜਾਬੀਆਂ ਨੂੰ ਹਸਪਤਾਲ ਮਿਲ ਗਏ। ਮਰਦਾਨਗੀ ਵਿਹੂਣੇ ਪੰਜਾਬੀਆਂ ਦੇ ਹਿੱਸੇ ਫਰਟੀਲਿਟੀ ਸੈਂਟਰ ਆ ਗਏ। ਇਹ ਸਾਡੇ ਹੁਕਮਰਾਨਾਂ ਅਤੇ ਚਿੰਤਕਾਂ ਦੀ ਭਵਿੱਖਮੁਖੀ ਚੇਤਨਾ ਦੀ ਅਣਹੋਂਦ ਹੀ ਸੀ ਕਿ ਉਨ੍ਹਾਂ ਸੋਚਿਆ ਹੀ ਨਾ ਕਿ ਹਰੀ ਕ੍ਰਾਤੀ ਕਿਵੇਂ ਪੰਜਾਬ ਦੇ ਭਵਿੱਖ ਨੂੰ ਪ੍ਰਭਾਵਿਤ ਕਰੇਗੀ? ਹੁਕਮਰਾਨਾਂ ਦੀ ਸ਼ਹਿ `ਤੇ ਪੰਜਾਬੀ ਜਵਾਨੀ ਨੂੰ ਨਸ਼ਿਆਂ ਵਿਚ ਡੋਬਿਆ ਗਿਆ। ਫਿਰ ਸਿਹਤ ਅਤੇ ਵਿਦਿੱਅਕ ਢਾਂਚੇ ਨੂੰ ਅਜੇਹਾ ਖੋਖ਼ਲਾ ਕੀਤਾ ਕਿ ਪੰਜਾਬੀ ਨੌਜਵਾਨਾਂ ਨੇ ਆਈਲੈਟਸ ਤੀਕ ਹੀ ਖੁਦ ਨੂੰ ਸੀਮਤ ਕਰ ਕੇ ਵਿਦੇਸ਼ਾਂ ਨੂੰ ਜਾਣ ਦਾ ਸੋਚਿਆ। ਕੀ ਹੁਕਮਰਾਨਾਂ ਨੂੰ ਇਹ ਅਹਿਸਾਸ ਹੈ ਕਿ ਜਵਾਨੀ ਦੇ ਇਸ ਅੰਨ੍ਹੇਵਾਹ ਪ੍ਰਵਾਸ ਨਾਲ ਪੰਜਾਬ ਦਾ ਸਭਿਆਚਾਰਕ, ਸਮਾਜਿਕ ਅਤੇ ਵਿਰਾਸਤੀ ਢਾਂਚਾ ਕਿਵੇਂ ਪ੍ਰਭਾਵਤ ਹੋਵੇਗਾ? ਕੁਝ ਹੀ ਸਾਲਾਂ ਤੱਕ ਪੰਜਾਬ, ਪੰਜਾਬ ਨਹੀਂ ਰਹੇਗਾ। ਕੀ ਕਦੇ ਸਾਡੇ ਹੁਕਮਰਾਨਾਂ ਨੇ ਇਸ ਬਾਰੇ ਚਿੰਤਨ ਕੀਤਾ ਏ? ਕੋਈ ਫ਼ਿਕਰਮੰਦੀ ਜ਼ਾਹਰ ਕੀਤੀ ਹੈ? ਦਰਅਸਲ ਚੇਤਨਾ ਤਾਂ ਵਕਤ ਦੇ ਬਦਲਦੇ ਸਰੋਕਾਰਾਂ ਅਨੁਸਾਰ ਆਪਣੀ ਸੋਚ, ਸੁਪਨੇ ਸਾਧਨਾਂ ਅਤੇ ਸੰਭਾਵਨਾਵਾਂ ਨੂੰ ਤਰਜੀਹ ਬਣਾ ਕੇ ਆਪਣੇ ਹੱਕ ਵਿਚ ਭੁਗਤਾਉਣਾ ਹੁੰਦਾ। ਸਮੇਂ ਦੇ ਬਦਲਣ ਨਾਲ ਬਹੁਤ ਕੁਝ ਬਦਲ ਜਾਂਦਾ ਹੈ। ਪੁਰਾਣੀ ਸੋਚ ਅਤੇ ਧਾਰਨਾਵਾਂ ਨਾਲ ਨਵੀਆਂ ਚੁਣੌਤੀਆਂ ਦਾ ਸਾਹਮਣਾ ਨਹੀਂ ਕੀਤਾ ਜਾ ਸਕਦਾ। ਚੇਤੰਨ ਹੋਣ ਲਈ ਜ਼ਰੂਰੀ ਹੁੰਦਾ ਕਿ ਪਤਾ ਹੋਵੇ ਕਿ ਸਾਡੇ ਆਲੇ-ਦੁਆਲੇ ਕੀ ਵਾਪਰ ਰਿਹਾ? ਕਿਉਂ ਵਾਪਰ ਰਿਹਾ? ਕੌਣ ਵਰਤਾ ਰਿਹਾ? ਇਸਦਾ ਕੀ ਪ੍ਰਭਾਵ ਪਵੇਗਾ ਅਤੇ ਇਸ ਵਰਤਾਰੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਕਿਵੇਂ ਪ੍ਰਭਾਵਤ ਹੋਣਗੀਆਂ ਅਤੇ ਸਾਡੀਆਂ ਅਗਲੀਆਂ ਨਸਲਾਂ ਦਾ ਭਵਿੱਖ ਕੀ ਹੋਵੇਗਾ? ਚੌਗਿਰਦੇ ਅਤੇ ਸਮਾਜ ਵਿਚ ਕੀ ਉਥਲ-ਪੁਥਲ ਹੋਵੇਗੀ? ਦਰਅਸਲ ਮਨੁੱਖ ਦਾ ਕਿਸੇ ਵਰਤਾਰੇ ਨੂੰ ਦੇਖਣਾ, ਸਮਝਣਾ, ਪਰਤਾਂ ਫਰੋਲਣਾ ਅਤੇ ਇਸਦੇ ਮਾੜੇ ਅਤੇ ਚੰਗੇ ਪ੍ਰਭਾਵਾਂ ਦੀ ਨਿਰਖ-ਪਰਖ ਕਰ ਕੇ, ਆਪਣੀ ਜੀਵਨ-ਸ਼ੈਲੀ ਨੂੰ ਉਸਾਰੂ ਰੰਗਤ ਦੇਣੀ, ਚੇਤੰਨ ਹੋਣ ਦੀ ਨਿਸ਼ਾਨੀ ਹੁੰਦਾ। ਚੇਤਨਾ ਦੇ ਬਹੁਤ ਸਾਰੇ ਰੂਪ ਹਨ ਜਿਵੇਂ ਕਿ- 1. ਸਵੈ-ਚੇਤਨਾ: ਜਿਵੇਂ ਸਰੀਰਕ, ਮਾਨਸਿਕ, ਬੌਧਿਕ ਅਤੇ ਭਾਵਨਾਤਮਿਕ ਚੇਤਨਾ। 2. ਪਰਿਵਾਰਕ ਚੇਤਨਾ: ਪਰਿਵਾਰ ਕੀ ਹੈ? ਸਬੰਧਾਂ ਦੀ ਕੀ ਅਹਿਮੀਅਤ ਤੇ ਲੋੜ ਅਤੇ ਇਨ੍ਹਾਂ ‘ਚ ਪਾਰਦਰਸ਼ਤਾ ਕਿਵੇਂ ਆਵੇ? ਇਸਦੀ ਸਦੀਵਤਾ ਕੀ ਹੁੰਦੀ? 3. ਸਮਾਜਿਕ ਚੇਤਨਾ: ਸਮਾਜਿਕ ਉਸਾਰੀ ਵਿਚ ਇਕ ਵਿਅਕਤੀ ਦੀ ਕੀ ਭੂਮਿਕਾ ਹੈ? ਅਸੀਂ ਸਮਾਜ ਨੂੰ ਕੀ ਦੇ ਰਹੇ ਹਾਂ? ਕੀ ਦੇਣਾ ਚਾਹੀਦਾ? ਕਿੱਥੇ ਖੜਾ ਹੈ ਸਾਡਾ ਸਮਾਜ? ਉਧੜ ਰਹੇ ਸਮਾਜਿਕ ਤਾਣੇ-ਬਾਣੇ ਲਈ ਕੌਣ, ਕਿੰਨਾ ਕੁ ਕਸੂਰਵਾਰ ਅਤੇ ਅਸੀਂ ਖ਼ੁਦ ਕਿੰਨੇ ਕੁ ਜ਼ਿੰਮੇਵਾਰ? 4. ਧਾਰਮਿਕ ਚੇਤਨਾ: ਕੀ ਅਸੀਂ ਧਰਮ ਨੂੰ ਮੰਨਦੇ ਹਾਂ ਜਾਂ ਧਰਮ ਦੀ ਮੰਨਦੇ ਹਾਂ? ਕੀ ਅਸੀਂ ‘ਗਲੀ ਅਸੀ ਚੰਗੀਆ ਆਚਾਰੀ ਬੁਰੀਆਹ’ ਤਾਂ ਨਹੀਂ? ਧਾਰਮਿਕ ਬਾਣੇ ਵਿਚ ਅਧਾਰਮਿਕਤਾ ਤਾਂ ਨਹੀਂ? ਧਾਰਮਿਕ ਅਡੰਬਰ ਨੇ ਕਿੰਨਾ ਕੁ ਨੁਕਸਾਨ ਕੀਤਾ? ਧਾਰਮਿਕ ਪ੍ਰਦੂਸ਼ਣ, ਚੇਤਨਾ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ? 5. ਰਾਜਸੀ ਚੇਤਨਾ: ਰਾਜੀਨਤਕ ਤੌਰ `ਤੇ ਅਸੀਂ ਕਿੰਨੇ ਕੁ ਸੰਜੀਦਾ ਹਾਂ? ਕੀ ਅਸੀਂ ਰਾਜਨੀਤੀਵਾਨਾਂ ਦੀਆਂ ਚਲਾਕੀਆਂ ਦੇ ਸ਼ਿਕਾਰ ਤਾਂ ਨਹੀਂ। ਸਾਨੂੰ ਰਾਜਨੀਤਕ ਲੋਕਾਂ ਵਲੋਂ ਕੁਰਸੀ ਦੇ ਪਾਵੇ ਕਿਵੇਂ ਬਣਾਇਆ ਜਾ ਰਿਹਾ? ਕਿਵੇਂ ਅਸੀਂ ਰਾਜੀਨਤਕ ਪ੍ਰਕਿਰਿਆ ਵਿਚ ਉਸਾਰੂ ਭੂਮਿਕਾ ਨਿਭਾ ਸਕਦੇ ਹਾਂ? 6. ਵਾਤਾਵਰਣੀ ਚੇਤਨਾ: ਹਵਾ, ਪਾਣੀ, ਧਰਤੀ, ਅਵਾਜ਼, ਰੌਸ਼ਨੀ, ਰੇਡੀਓਐਕਟਿਵ ਤੇ ਈਐਮ ਤਰੰਗਾਂ ਦੇ ਪ੍ਰਦੂਸ਼ਣ ਪ੍ਰਤੀ ਅਸੀਂ ਕਿੰਨੇ ਕੁ ਸੁਚੇਤ ਹਾਂ? ਕੀ ਸਾਨੂੰ ਪਤਾ ਹੈ ਕਿ ਅਸੀਂ ਜ਼ਹਿਰੀਲੀ ਫਿਜ਼ਾ ਵਿਚ ਸਾਹ ਲੈਂਦੇ, ਜ਼ਹਿਰਾਂ ਖਾ ਰਹੇ ਹਾਂ? ਚੇਤਨਾ ਦਾ ਪੈਦਾ ਹੋਣਾ ਕੋਈ ਜਾਦੂ ਨਹੀਂ। ਇਹ ਤਾਂ ਮਨੁੱਖੀ ਵਰਤਾਰਾ ਹੈ ਅਤੇ ਇਕ ਦਮ ਪੈਦਾ ਨਹੀਂ ਹੁੰਦਾ। ਇਹ ਜਾਂ ਤਾਂ ਤੁਹਨੂੰ ਵਿਰਸੇ ਵਿਚ ਮਿਲਦਾ, ਜਾਂ ਆਲਾ-ਦੁਆਲਾ ਚੇਤੰਨ ਕਰਦਾ, ਜਾਂ ਗਿਆਨ (ਡਿਗਰੀਆਂ, ਗਿਆਨ ਨਹੀਂ ਹੁੰਦੀਆਂ ਅਤੇ ਪਰ ਗਿਆਨ ਜ਼ਰੂਰ ਡਿਗਰੀਆਂ ਹੁੰਦਾ।) ਰਾਹੀਂ ਚੇਤੰਨ ਹੁੰਦੇ, ਅਤੇ ਜਾਂ ਕੁਝ ਕੁ ਰੋਲ-ਮਾਡਲਾਂ ਦੇ ਪੈਰੋਕਾਰ ਬਣ ਕੇ ਵੀ ਚੇਤੰਨ ਹੁੰਦੇ। ਹੁਣ ਦੇਖਣਾ ਹੈ ਕਿ ਪੰਜਾਬੀ ਸਮਾਜ ਕਿੱਥੇ ਖੜ੍ਹਾ ਹੈ? ਅਸੀਂ ਤਾਂ ਉਹ ਕੁਝ ਹਾਂ ਜਿਹੜਾ ਸਮਾਜ ਵਿਚ ਹੋ ਰਿਹਾ ਹੈ ਕਿਉਂਕਿ ਅਸੀਂ ਸਮਾਜ ਦਾ ਹੀ ਤਾਂ ਹਿੱਸਾ ਹਾਂ। ਯਾਦ ਰਹੇ ਕਿ ਚਿੰਤਾ ਤੋਂ ਚਿੰਤਨ ਪੈਦਾ ਹੁੰਦਾ, ਚਿੰਤਨ ਤੋਂ ਚਾਹਤ ਪੈਦਾ ਹੁੰਦੀ ਤੇ ਫਿਰ ਚੇਤਨਾ ਪੈਦਾ ਹੁੰਦੀ। ਇਸ ਚੇਤਨਾ ਵਿਚੋਂ ਹੀ ਫਿਰ ਚੇਤੰਨ ਸੋਚ ਪੈਦਾ ਹੁੰਦੀ, ਸੁਪਨੇ ਪੈਦਾ ਹੁੰਦੇ, ਸੰਭਾਵਨਾਵਾਂ ਉਤਪੰਨ ਹੁੰਦੀਆਂ, ਸਾਧਨ ਪੈਦਾ ਹੁੰਦੇ ਅਤੇ ਫਿਰ ਇਹੀ ਸੰਭਾਵਨਾਵਾਂ ਦਾ ਸੱਚ, ਨਰੋਏ ਤੇ ਚੇਤੰਨ ਵਿਰਸੇ ਦੀ ਅਧਾਰਸ਼ਿਲਾ ਬਣਦਾ। ਮਾਣਮੱਤੇ ਅਤੇ ਚਿੰਤਨਸ਼ੀਲ ਵਿਰਸੇ ਦੇ ਮਾਲਕ ਉਹ ਲੋਕ ਹੁੰਦੇ ਜਿਨ੍ਹਾਂ ਨੇ ਆਪਣੀਆਂ ਕੀਰਤੀਆਂ, ਕਿਰਿਆਸ਼ੀਲਤਾ, ਕਰਮਯੋਗਤਾ ਤੇ ਕਾਰਨਾਮਿਆਂ ਰਾਹੀਂ ਨਾਮ ਕਮਾਇਆ ਹੁੰਦਾ। ਚਿੰਤਨਸ਼ੀਲ ਲੋਕ ਸਮਿਆਂ ਦਾ ਸਭ ਤੋਂ ਵੱਡਾ ਮਾਣ ਹੁੰਦੇ ਅਤੇ ਵਕਤ ਉਨ੍ਹਾਂ `ਤੇ ਨਾਜ਼ ਕਰਦਾ। ਚੇਤਨਤਾ ਗੁੰਮ ਹੁੰਦੀ ਤਾਂ ਮਨੁੱਖ ਆਪੇ ਨੂੰ ਭੁਲਾ ਦਿੰਦਾ ਅਤੇ ਖ਼ੁਦ ਤੋਂ ਗਵਾਚੇ ਵਿਅਕਤੀ ਨੂੰ ਆਪਣਾ ਸਿਰਨਾਵਾਂ ਵੀ ਯਾਦ ਨਹੀਂ ਰਹਿੰਦਾ। ਅਜੇਹਾ ਪੰਜਾਬੀਆਂ ਨਾਲ ਵਾਪਰ ਰਿਹਾ ਹੈ। ਇਹ ਪੰਜਾਬ ਅਤੇ ਵਿਦੇਸ਼ਾਂ ਵਿਚ ਆਮ ਵਰਤਾਰਾ ਹੈ। ਪਰਵਾਸੀ ਚੇਤਨਾ ਦੀ ਅਣਹੋਂਦ ਦਾ ਅੰਦਾਜ਼ਾ ਇਸ ਗੱਲ ਤੋਂ ਲਗਾ ਸਕਦੇ ਹਾਂ ਕਿ ਅਸੀਂ ਵਿਦੇਸ਼ਾਂ ਵਿਚ ਰਾਜਸੀ ਰੁਤਬੇ ਤਾਂ ਹਾਸਲ ਕਰ ਲਏ ਪਰ ਕੋਈ ਵੀ ਸਾਂਝਾ ‘ਲੌਬੀਇੰਗ’ ਗਰੁੱਪ ਨਹੀਂ ਬਣਾ ਸਕੇ ਜਿਸ ਰਾਹੀਂ ਵਿਦੇਸ਼ ਵਿਚ ਪੰਜਾਬੀਆਂ ਦੇ ਮਸਲਿਆਂ ਨੂੰ ਵਿਚਾਰਿਆ ਜਾਵੇ। ਚੇਤਨਾ ਤੀਕ ਪਹੁੰਚਣ ਦੇ ਚਾਰ ਪੜਾਅ ਹਨ ਜਿਨ੍ਹਾਂ ਦੀ ਸਾਨੂੰ ਸੋਝੀ ਹੋਣੀ ਚਾਹੀਦੀ ਹੈ। ਸੱਚ ਇਹ ਹੈ ਕਿ ਭਾਵੁਕਤਾ ਵਿਚੋਂ ਬੌਧਿਕਤਾ ਪੈਦਾ ਹੁੰਦੀ, ਬੌਧਿਕਤਾ ਵਿਚੋਂ ਚਿੰਤਾ ਪੈਦਾ ਹੁੰਦੀ, ਚਿੰਤਾ ਵਿਚੋਂ ਚਿੰਤਨ ਪੈਦਾ ਹੁੰਦਾ ਅਤੇ ਫਿਰ ਚਿੰਤਨ ਵਿਚੋਂ ਚੇਤਨਾ ਪੈਦਾ ਹੁੰਦੀ। ਇਸ ਲਈ ਪੰਜਾਬੀਆਂ ਲਈ ਬਹੁਤ ਜ਼ਰੂਰੀ ਹੈ ਕਿ ਉਹ ਭਾਵੁਕਤਾ ਦੇ ਨਾਲ ਨਾਲ, ਬੌਧਿਕ ਵਿਕਾਸ ਦੇ ਨਾਲ ਹੀ ਸਰੀਰਕ ਤੇ ਮਾਨਸਿਕ ਵਿਕਾਸ ਕਰਨ, ਫ਼ਿਕਰ ਕਰਨ, ਚਿੰਤਨ ਕਰਨ ਅਤੇ ਫਿਰ ਚੇਤਨਾ ਦੇ ਮਾਰਗੀ ਬਣਨ। ਪੰਜਾਬੀਆਂ ਦੀ ਫ਼ਿਤਰਤ ਨੂੰ ਬਦਲਣ ਦੀ ਲੋੜ ਹੈ ਅਤੇ ਇਹ ਸਿਰਫ਼ ਚੇਤਨਾ ਰਾਹੀਂ ਹੀ ਬਦਲੀ ਜਾ ਸਕਦੀ ਹੈ। ਪੰਜਾਬੀ ਸਮਾਜ ਵਿਚ ਚੇਤਨਾ ਪੈਦਾ ਕਰਨ ਵਾਸਤੇ ਸਾਨੂੰ ਹਰ ਪੱਧਰ `ਤੇ ਚਿੰਤਨ ਕਰਨ ਦੀ ਲੋੜ ਹੈ ਤਾਂ ਹੀ ਅਸੀਂ ਪੰਜਾਬੀ ਕਮਿਊਨਿਟੀ ਨੂੰ ਚੇਤਨ ਕਰ ਕੇ ਅਜੋਕੇ ਸਮੇਂ ਦਾ ਹਾਣੀ ਬਣਾ ਸਕਦੇ ਹਾਂ। ਪੰਜਾਬੀਆਂ ਲਈ ਅੱਖਰ ਨਾਲ ਜੁੜਨਾ ਜ਼ਰੂਰੀ। ਤਾਂ ਹੀ ਅਸੀਂ ਸਾਹਿਤ ਨਾਲ ਜੁੜ ਸਕਾਂਗੇ ਜਿਸ ਵਿਚੋਂ ਸਾਨੂੰ ਸਮਾਜਿਕ ਵਰਤਾਰਿਆਂ ਅਤੇ ਹੋਣ ਵਾਲੀਆਂ ਸੰਭਾਵਤ ਭਵਿੱਖਮੁਖੀ ਤਬਦੀਲੀਆਂ ਦੀ ਜਾਣਕਾਰੀ ਮਿਲੇਗੀ। ਸਾਨੂੰ ਘਰਾਂ ਵਿਚ ਬੀਅਰ ਬਾਰ ਦੀ ਥਾਂ ਬੁੱਕ ਸ਼ੈਲਫ਼ਾਂ ਬਣਾਉਣ ਦੀ ਲੋੜ ਹੈ। ਪਰ ਜਿਹੜਾ ਸਮਾਜ ਆਪਣੀ ਮਾਂ ਬੋਲੀ ਬਾਰੇ ਵੀ ਫ਼ਿਕਰਮੰਦ ਨਾ ਹੋਵੇ ਉਸ ਵਿਚ ਚੇਤਨਾ ਬਾਰੇ ਚਿੰਤਾ ਪੈਦਾ ਹੋਣੀ ਵੀ ਵੱਡਾ ਪ੍ਰਸ਼ਨ ਆ? ਸਭ ਤੋਂ ਅਹਿਮ ਹੈ ਕਿ ਵਿਸ਼ਵ ਪੱਧਰ `ਤੇ ਪੰਜਾਬੀਆਂ ਦਾ ਥਿੰਕ ਟੈਂਕ ਹੋਣਾ ਚਾਹੀਦਾ ਹੈ। ਫਿਰ ਵੱਖ ਵੱਖ ਗਰੁੱਪ ਹੋਣ ਜਿਸਦੇ ਮੈਂਬਰ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟ ਚੁੱਕੇ ਮਾਹਿਰ ਹੋਣ ਅਤੇ ਜਿਹੜੇ ਵੱਖੋ ਵੱਖਰੇ ਖੇਤਰਾਂ ਵਿਚ ਜਾਣ ਵਾਲਿਆਂ ਲਈ ਚੇਤਨਾ ਦੇ ਕੈਂਪ ਲਾਉਣ ਭਾਵੇਂ ਇਹ ਬਿਜ਼ਨਸ ਹੋਵੇ, ਅਕਾਦਮਿਕ, ਧਾਰਮਿਕ ਜਾਂ ਕੋਈ ਪ੍ਰੋਫੈਸ਼ਨਲ ਖੇਤਰ ਹੋਵੇ। ਫਿਕਰ ਤੋਂ ਫਿਕਰਮੰਦੀ ਤੇ ਫਿਰ ਚੇਤਨਾ ਦਾ ਸਫ਼ਰ ਤਾਂ ਘਰ ਤੋਂ ਸ਼ੁਰੂ ਕਰਨਾ ਪਵੇਗਾ। ਸਭ ਤੋਂ ਜ਼ਰੂਰੀ ਹੁੰਦਾ ਹੈ ਬਦਲਦੇ ਹਾਲਾਤ ਦੇ ਪੈ ਰਹੇ ਪ੍ਰਭਾਵਾਂ ਬਾਰੇ ਮਾਪਿਆਂ ਦਾ ਚੇਤੰਨ ਹੋਣਾ ਅਤੇ ਚੇਤਨਾ ਦਾ ਜਾਗ ਆਪਣੇ ਬੱਚਿਆਂ ਵਿਚ ਲਾਉਣਾ। ਇਕ ਵਿਅਕਤੀ ਲਈ ਚੇਤੰਨ ਹੋਣ ਵਾਸਤੇ ਆਪਣੇ ਅੰਦਰ ਉਤਰਨਾ, ਖੁਦ ਦੇ ਰੂ-ਬ-ਰੂ ਹੋਣਾ ਅਤੇ ਆਪਣੀਆਂ ਕਮੀਆਂ, ਕੁਤਾਹੀਆਂ, ਕਮੀਨਗੀਆਂ ਤੇ ਖਾਮੀਆਂ ਦੀ ਪਛਾਣ ਕਰਨਾ ਅਤੇ ਫਿਰ ਖਤਮ ਕਰ ਕੇ, ਨਵੀਂ ਊਰਜਾ ਅਤੇ ਹੌਂਸਲੇ, ਹੱਠ ਅਤੇ ਹਿੰਮਤ ਨੂੰ ਹਾਣੀ ਬਣਾਉਣਾ ਜ਼ਰੂਰੀ ਹੁੰਦਾ। ਕੁਝ ਵੀ ਅਸੰਭਵ ਨਹੀਂ ਹੁੰਦਾ ਸਿਰਫ਼ ਸ਼ੁਰੂਆਤ ਦੀ ਲੋੜ ਹੁੰਦੀ ਹੈ। ਇਕ ਗੱਲ ਤਾਂ ਸੱਚੀ ਹੈ ਕਿ ਸਾਡੇ ਬਜੁਰਗ ਸਾਡੇ ਨਾਲੋਂ ਜ਼ਿਆਦਾ ਚੇਤਨ ਅਤੇ ਜ਼ਿੰਦਗੀ ਦੀ ਸੰਪੂਰਨ ਕਿਤਾਬ ਸਨ। ਉਨ੍ਹਾਂ ਕੋਲ ਡਿਗਰੀਆਂ ਨਹੀਂ ਸਨ ਪਰ ਪੂਰਨ ਗਿਆਨ ਸੀ। ਮੇਰੇ ਬਾਪ ਨੇ ਅਨਪੜ੍ਹ ਹੁੰਦਿਆਂ ਯੂਨੀਵਰਸਿਟੀ ਤੀਕ ਪੜ੍ਹਾਇਆ। ਉਸਦੀ ਸੀਮਤ ਸਾਧਨਾਂ ਵਿਚ ਜੀਵਨ-ਜਾਚ ਸਬਰ, ਸੁਖਨ ਅਤੇ ਸਿਰੜ ਕਮਾਲ ਦਾ ਸੀ। ਕਦੇ ਹਾਰ ਨਹੀਂ ਮੰਨੀ। ਹੜ੍ਹਾਂ ਨਾਲ ਫਸਲਾਂ ਮਾਰੀਆਂ ਜਾਣ `ਤੇ ਵੀ ਕਦੇ ਖੁਦਕੁਸ਼ੀ ਨਹੀਂ ਸੀ ਕੀਤੀ। ਸਦਾ ਚੜ੍ਹਦੀ ਕਲਾ ਵਿਚ ਰਹਿੰਦੇ। ਇਮਾਨਦਾਰੀ ਬਾਰੇ ਉਨ੍ਹਾਂ ਦਾ ਤਰਕ ਕਮਾਲ ਦਾ ਸੀ ਕਿ ਕਿਸੇ ਦੇ ਚੋਰੀ ਪੱਠੇ ਨਾ ਵੱਢੋ, ਤੁਹਾਨੂੰ ਗੁਰਦੁਆਰੇ, ਮੱਸਿਆ ਜਾਂ ਸੱਤਸੰਗ `ਤੇ ਜਾਣ ਦੀ ਲੋੜ ਨਹੀਂ ਪਵੇਗੀ। ਮੇਰੇ ਪ੍ਰੈਪ ਵਿਚੋਂ ਫੇਲ੍ਹ ਹੋਣ `ਤੇ ਬਾਪ ਨੇ ਹੱਲਾਸ਼ੇਰੀ ਦਿੰਦਿਆਂ ਕਿਹਾ ਸੀ ਕਿ ਕੋਈ ਨਾ ਅਗਲੇ ਸਾਲ ਪਾਸ ਹੋ ਜਾਈਂ। ਰੂੜੀ ਪਵਾ ਲਾ ਅਤੇ ਕੱਲ ਨੂੰ ਦੁਬਾਰਾ ਕਾਲਜ ਵਿਚ ਦਾਖਲ ਹੋ ਜਾ। ਅੱਜ ਕੱਲ੍ਹ ਤਾਂ ਬੱਚੇ ਦੇ ਘੱਟ ਨੰਬਰ ਆਉਣ `ਤੇ ਮਾਪੇ, ਬੱਚਿਆਂ ਦੀ ਜਾਨ ਕੱਢ ਲੈਂਦੇ ਨੇ। ਅਤੇ ਕਈ ਵਾਰ ਬੱਚੇ ਖੁਦਕੁਸ਼ੀ ਵੀ ਕਰ ਲੈਂਦੇ। ਇਹ ਚੇਤਨਾ ਸਾਡੇ ਮਾਪਿਆਂ ਨੇ ਅਚੇਤ ਰੂਪ ਵਿਚ ਸਾਡੇ ਮਨਾਂ ਵਿਚ ਧਰੀ ਜੋ ਹਰ ਮੋੜ `ਤੇ ਮਾਰਗ ਦਰਸ਼ਨ ਕਰ ਰਹੀ ਏ। ਅਫਸੋਸ ਨਾਲ ਕਹਿਣਾ ਪੈਂਦਾ ਕਿ ਹੁਣ ਮਾਪਿਆਂ ਕੋਲ ਆਪਣੇ ਬੱਚਿਆਂ ਦੀ ਸਾਰ ਲੈਣ ਦਾ ਸਮਾਂ ਹੀ ਨਹੀਂ। ਬੱਚੇ ਕਿਸ ਕੋਲੋਂ ਰਹਿਨੁਮਾਈ ਪ੍ਰਾਪਤ ਕਰਨ। ਮੇਰੀ ਵੱਡੀ ਬੇਟੀ ਬੀ.ਡੀ.ਐਸ. ਵਿਚ ਦਾਖ਼ਲ ਹੋਈ ਤਾਂ ਮੈਂ ਉਸ ਨੂੰ ਹਰ ਹਫ਼ਤੇ ਚਿੱਠੀ ਲਿਖਦਾ ਸਾਂ ਕਿ ਨਵੇਂ ਮਾਹੌਲ ਵਿਚ ਕਿਹੜੀਆਂ ਚੁਣੌਤੀਆਂ ਹੋ ਸਕਦੀਆਂ, ਇਨ੍ਹਾਂ ਦਾ ਕਿਵੇਂ ਸਾਹਮਣਾ ਕਰਨਾ ਅਤੇ ਇਸ ਵਿਚੋਂ ਕਿਵੇਂ ਉਭਰਨਾ ਹੈ? ਮੇਰੀਆਂ ਚਿੱਠੀਆਂ ਮੇਰੀ ਬੇਟੀ ਤੋਂ ਪਹਿਲਾਂ ਹੀ ਉਸ ਦੀਆਂ ਸਹੇਲੀਆਂ ਪੜ੍ਹ ਲੈਂਦੀਆਂ ਸਨ। ਮੈਨੂੰ ਲੱਗਾ ਕਿ ਜੀਵਨ ਵਿਚ ਕੰਮ ਆਉਣ ਵਾਲੀਆਂ ਸਲਾਹੁਤਾਂ ਬਾਰੇ ਬੱਚਿਆਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਜਿਸਦੀ ਬਹੁਤ ਘਾਟ ਹੈ। ਮੈਂ ਇਨ੍ਹਾਂ ਚਿੱਠੀਆਂ ਦੇ ਅਧਾਰ `ਤੇ ਅਜੀਤ ਅਖ਼ਬਾਰ ਵਿਚ ਮਿਡਲ ਲੇਖ ਲਿਖੇ ਜਿਨ੍ਹਾਂ ਦਾ ਹੁੰਗਾਰਾ ਕਮਾਲ ਦਾ ਸੀ। ਮੇਰੀ ਪਹਿਲੀ ਪੁਸਤਕ ‘ਰੰਗਾਂ ਦਾ ਦਰਿਆ’ ਇਨ੍ਹਾਂ ਚਿੱਠੀਆਂ ਦਾ ਵਿਸਥਾਰ ਹੀ ਸੀ ਅਤੇ ਮੈਂ ਕਵਿਤਾ ਤੋਂ ਵਾਰਤਕ ਵੱਲ ਨੂੰ ਮੁੜਿਆ ਸਾਂ। ਕੀ ਮਾਪਿਆਂ ਕੋਲ ਇੰਨੀ ਕੁ ਵਿਹਲ ਹੈ ਕਿ ਉਹ ਆਪਣੇ ਬੱਚਿਆਂ ਨੂੰ ਸੁਚੱਜੀ ਸੇਧ ਦੇਣ ਲਈ ਕੁਝ ਸਮਾਂ ਕੱਢ ਸਕਣ? ਚੇਤਨਾ ਦੀ ਲਹਿਰ ਪੈਦਾ ਕਰਨ ਲਈ ਖ਼ੁਦ ਨੂੰ ਚੇਤੰਨ ਹੋਣਾ ਪੈਂਦਾ ਹੈ। ਬਾਬਾ ਸੇਵਾ ਸਿੰਘ ਜੀ ਕੋਲ ਕੋਈ ਡਿਗਰੀ ਨਹੀਂ ਪਰ ਉਹ ਚੇਤਨਾ ਦਾ ਚਿਰਾਗ ਹਨ। ਉਹ ਵਾਤਾਵਰਣ ਨੂੰ ਬਚਾਉਣ ਲਈ ਦਰਖਤ ਲਗਾ ਕੇ ਹਵਾ ਦੇ ਲੰਗਰ ਲਗਾ ਰਹੇ ਹਨ। ਵਿੱਦਿਆ ਦਾ ਚਾਨਣ ਵੰਡਣ ਲਈ ਵੱਖ ਵੱਖ ਅਦਾਰੇ ਬਿਹਤਰੀਨ ਵਿੱਦਿਆ ਪ੍ਰਦਾਨ ਕਰ ਰਹੇ। ਪੀਐਮਟੀ/ਸੀਈਟੀ ਅਦਾਰੇ ਵਿਚੋਂ ਹਰ ਸਾਲ ਬਹੁਤ ਸਾਰੇ ਵਿਦਿਆਰਥੀ ਮੈਡੀਕਲ/ਇੰਜਨੀਅਰਿੰਗ ਕਾਲਜਾਂ, ਤੇ ਆਈਆਈਟੀ ਵਿਚ ਜਾ ਰਹੇ ਹਨ। ਉਨ੍ਹਾਂ ਵਲੋਂ ਚਲਾਏ ਜਾ ਰਹੇ ਹਾਕੀ ਕਲੱਬ ਦੇ ਖਿਡਾਰੀ ਹੁਣ ਤਾਂ ਇੰਡੀਆ ਦੀ ਕੌਮੀ ਟੀਮ ਵਿਚ ਖੇਡ ਰਹੇ ਹਨ। ਕੁੜੀਆਂ ਦੀ ਪੰਜਾਬ ਪੁਲੀਸ, ਬੀਐਸਐਫ, ਦਿੱਲੀ ਪੁਲੀਸ ਜਾਂ ਸੀਆਰਪੀਐਫ ਵਿਚ ਭਰਤੀ ਲਈ ਫਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਹੁਣ ਤੀਕ 700 ਦੇ ਕਰੀਬ ਲੜਕੀਆਂ ਇਨ੍ਹਾਂ ਅਦਾਰਿਆਂ ਵਿਚ ਕਾਂਸਟੇਬਲ, ਸਬ ਇੰਸਪੈਕਟਰ ਜਾਂ ਇੰਸਪੈਕਟਰ ਵਜੋਂ ਸੇਵਾਵਾਂ ਨਿਭਾ ਰਹੀਆਂ ਹਨ ਅਤੇ ਪਰਿਵਾਰਾਂ ਲਈ ਮਾਣ ਬਣ ਰਹੀਆਂ ਹਨ। ਐਨਡੀਏ ਦੀ ਤਿਆਰੀ ਲਈ ਵੱਖਰਾ ਅਦਾਰਾ ਹੈ ਅਤੇ ਅਦਾਰੇ ਦੇ ਵਿਦਿਆਰਥੀ ਐਨਡੀਏ ਵਿਚ ਸਿੱਧੇ ਜਾ ਰਹੇ ਹਨ ਜੋ ਆਉਣ ਵਾਲੇ ਸਮਿਆਂ ਵਿਚ ਫੌਜ ਵਿਚ ਵੱਡੇ ਅਹੁਦਿਆਂ `ਤੇ ਪਹੁੰਚਣਗੇ। ਅਜੇਹੇ ਅਫਸਰ ਮਨ ਵਿਚ ਸਿੱਖੀ ਪ੍ਰੰਪਰਾਵਾਂ ਅਤੇ ਮੂਲ ਭਾਵਨਾਵਾਂ ਨੂੰ ਜੀਵਨ ਵਿਚ ਜ਼ਰੂਰ ਅਪਨਾਉਣਗੇ। ਸਿਵਲ ਸਰਵਿਸ਼ਜ ਦੀ ਤਿਆਰੀ ਲਈ ਇਕ ਹੋਰ ਅਦਾਰਾ ਆਪਣੀਆਂ ਸੇਵਾਵਾਂ ਦੇ ਰਿਹਾ। ਧਾਰਮਿਕ ਖ਼ੇਤਰ ਵਿਚ ਜਾਣ ਵਾਲਿਆਂ ਲਈ ਧਾਰਮਿਕ ਅਦਾਰਾ ਉੱਚ ਕੋਟੀ ਦਾ ਯੋਗਦਾਨ ਪਾ ਰਿਹਾ ਹੈ। ਕੀ ਕੋਈ ਹੋਰ ਸੰਸਥਾ ਅਜੇਹੀਆਂ ਬਹੁ-ਵਿਧਾਵੀ ਕੋਸ਼ਿਸ਼ਾਂ ਕਰ ਕੇ ਆਮ ਲੋਕਾਂ ਵਿਚ ਚੇਤਨਾ ਪੈਦਾ ਕਰਨ ਦਾ ਭਵਿੱਖਮੁਖੀ ਕਾਰਜ ਕਰ ਰਹੀ ਹੈ? ਅਰਬਾਂ ਦੇ ਬਜਟ ਵਾਲੀ ਸਾਡੀ ਸ਼੍ਰੋਮਣੀ ਕਮੇਟੀ ਕੀ ਕਰ ਰਹੀ ਹੈ? ਪੰਜਾਬੀਆਂ ਨੂੰ ਲੰਗਰਾਂ ਦੀ ਬਜਾਏ ਗਿਆਨ ਦੇ ਲੰਗਰਾਂ ਵੱਲ ਤਵੱਜੋਂ ਦੇਣ ਦੀ ਲੋੜ ਹੈ। ਇਹ ਵੀ ਚੇਤੇ ਹੋਣਾ ਚਾਹੀਦਾ ਕਿ ਚੇਤਨ ਲੋਕ ਆਪਣੇ ਪੁਰਖ਼ਿਆਂ ਦੀਆਂ ਗੁੰਮ ਗਈਆਂ ਕਬਰਾਂ ਵੀ ਭਾਲ ਲੈਂਦੇ ਹਨ ਜਦ ਕਿ ਚੇਤਨਾ ਤੋਂ ਵਿਹੂਣੇ ਲੋਕ ਆਪਣੀ ਵਿਰਾਸਤ ਨੂੰ ਦਫ਼ਨ ਕਰਨ ਲਈ ਕਾਹਲੇ ਹੁੰਦੇ ਹਨ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਚਿੰਤਾ ਤੋਂ ਚਿੰਤਨ ਅਤੇ ਫਿਰ ਚੇਤਨਾ ਤੀਕ ਦਾ ਸਫ਼ਰ ਬਿਖੜਾ ਤਾਂ ਹੈ ਪਰ ਅਸੰਭਵ ਬਿਲਕੁਲ ਨਹੀਂ। ਸਿਰਫ਼ ਖੜੇ ਲੋਕ ਹੀ ਹਾਰੇ ਹੁੰਦੇ ਜਦ ਕਿ ਤੁਰਨ ਵਾਲੇ ਕਦੇ ਹਾਰਦੇ ਨਹੀਂ ਹੁੰਦੇ। ਆਸ ਹੈ ਕਿ ਪੰਜਾਬੀ ਜ਼ਰੂਰ ਚੇਤੰਨ ਹੋਣਗੇ ਕਿ ਕਿਵੇਂ ਉਨ੍ਹਾਂ ਨਵੀਆਂ ਚੁਣੌਤੀਆਂ ਨਾਲ ਖਹਿੰਦਿਆਂ, ਆਢਾ ਲਾਉਂਦਿਆਂ, ਆਪਣੇ ਜੀਵਨ ਨੂੰ ਨਵੇਂ ਅਰਥ ਦੇਣੇ ਹਨ ਜਿਸ ਨਾਲ ਉਹ ਸਮਾਜ ਨੂੰ ਨਵੀਂ ਨਰੋਈ ਦਿੱਖ ਦੇਣ ਦੇ ਯੋਗ ਹੋ ਸਕਣ ਜਿਵੇਂ ਉਹ ਪਹਿਲਾਂ ਦਿੰਦੇ ਆਏ ਹਨ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |