24 January 2026

ਅਗਲੀ ਵਾਢੀ—ਗੁਰਚਰਨ ਸੱਗੂ

ਅਗਲੀ ਵਾਢੀ ਦੂਰ ਨਹੀਂ
ਨਿਸਰੀਆਂ ਕਣਕਾਂ ਦੂਰ ਨਹੀਂ
ਸਿੱਟਿਆਂ ਚੋਂ ਦਾਣੇ ਨਿਕਲਣਗੇ
ਰੋਟੀ ਪੱਕਣੀ ਦੂਰ ਨਹੀਂ

ਖਾਣ ਤੋਂ ਪਹਿਲਾਂ ਸੋਚ ਲੈਣਾ
ਇਹ ਬੁਰਕੀ ਕਿੱਥੋਂ ਆਈ ਹੈ
ਤੁਸੀਂ ਟੋਏ ਪੁੱਟੇ ਸੜਕਾਂ ਵਿੱਚ
ਸਾਡੇ ਚੁੱਲ੍ਹੇ ਅੱਗ ਬੁਝਾਈ ਹੈ

ਸਾਡਾ ਖ਼ੂਨ ਵਹਾਇਆ ਸੜਕਾਂ ਤੇ
ਸਾਡੀ ਰੋਈ ਬੁੱਢੀ ਮਾਈ ਹੈ
ਸਾਡੇ ਸ਼ਾਂਤਮਈ ਦੇ ਧਰਨੇ ਤੇ
ਸਾਡੇ ਸਿਰ  ਦੀ ਬੋਲੀ ਲਾਈ ਹੈ

ਅਸੀਂ ਲੰਗਰ ਲਾਏ ਸੜਕਾਂ ਤੇ
ਤੁਸੀਂ ਪੁੱਟੀ ਡੂੰਘੀ ਖਾਈ ਹੈ
ਭਾਈ ਕਿਰਤ ਕਰੋ ਤੇ ਵੰਡ ਛਕੋ
ਇਹ ਨਾਨਕ ਦੀ ਰੁਬਾਈ ਹੈ !

ਤੁਹਾਡਾ ਹਰ ਦੂਸ਼ਨ ਹੰਕਾਰੀ ਹੈ
ਤੁਹਾਡੀ ਇਹੀਓ ਹੀ ਕਮਾਈ ਹੈ
ਅਸੀਂ ਸਿਰੜੀ ਯੋਧੇ ਜੰਮੇਂ ਹਾਂ
ਸਾਨੂੰ ਗੋਬਿੰਦ ਦੀ ਰੁਸ਼ਨਾਈ ਹੈ

ਸਾਡਾ ਸਿਦਕ ਤੁਸੀਂ ਹੋ ਪਰਖ ਰਹੇ
ਇਸ ਸਿਦਕ ਦੀ ਇਕ ਦਿ੍ਰੜਾਈ ਹੈ
ਇਹ ਦਿ੍ਰੜਤਾ ਹੀ ਹੈ ਧਰਮ ਅਸਾਡਾ
ਚਾਂਦਨੀ ਚੌਕ ਗਵਾਹੀ ਹੈ

ਜੋਬਨ ਰੁੱਤੇ ਕਣਕਾਂ ਦੀ
ਹਰ ਪਾਸੇ ਹਰਿਆਈ ਹੈ
ਰਿੜਕਿਆ ਅਸੀਂ ਪਸੀਨੇ ਨੂੰ
ਹੁਣ ਆਉਣੀ ਕਿਰਤ ਮਲਾਈ ਹੈ

ਵਿਸਾਖੀ ਬਹੁਤੀ ਦੂਰ ਨਹੀਂ
ਨਹੀਂ ਦੂਰ ਕਣਕ ਵਢਾਈ ਹੈ
ਖਾਣ ਤੋਂ ਪਹਿਲਾਂ ਸੋਚ ਲੈਣਾ
ਇਹ ਬੁਰਕੀ ਕਿੱਥੋਂ ਆਈ ਹੈ[
***
(92)
1.03. 2021

gurcharan sago
(44) 07887942552 | sgu21@hotmail.com |  + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ