17 September 2024

ਸਪੈਨਿਸ਼ ਕਵੀ ਪਾਬਲੋ ਨਿਰੂਦਾ ਦੀਆਂ ਚਾਰ ਕਵਿਤਾਵਾਂ ਦਾ ਪੰਜਾਬੀ ਅਨੁਵਾਦ — ਰਵਿੰਦਰ ਸਿੰਘ ਸੋਢੀ

ਵਿਸ਼ਾਲ ਬਿਆਸ ਦੀ ਸੰਪਾਦਨਾ ਹੇਠ ਛਪਦੇ ਪੰਜਾਬੀ ਹਫਤਾਵਾਰ  7 RIVER TIMES ਵਿਚ ਸਪੈਨਿਸ਼ ਕਵੀ ਪਾਬਲੋ ਨਿਰੂਦਾ ਦੀਆਂ ਚਾਰ ਕਵਿਤਾਵਾਂ ਦਾ ਪੰਜਾਬੀ ਅਨੁਵਾਦ । ਧੰਨਵਾਦ ਅਦਾਰਾ 7 RIVER TIMES.

nobel-puraskaar
  1. ਤੁਸੀਂ ਹੋਲੀ-ਹੌਲੀ ਮਰਨ ਲੱਗਦੇ  ਹੋ

ਤੁਸੀਂ ਹੌਲੀ-ਹੌਲੀ ਮਰਨ ਲੱਗਦੇ ਹੋ;
ਜੇ ਤੁਸੀਂ ਸਫਰ ਨਹੀਂ ਕਰਦੇ
ਜੇ ਤੁਸੀਂ ਨਹੀਂ ਪੜ੍ਹਦੇ
ਜੇ ਤੁਸੀਂ ਜ਼ਿੰਦਗੀ ਦੀਆਂ ਅਵਾਜਾਂ ਨਹੀਂ ਸੁਣਦੇ
ਜੇ ਤੁਸੀਂ ਆਪਣੀ ਪ੍ਰਸੰਸਾ ਆਪ ਨਹੀਂ ਕਰਦੇ।

ਤੁਸੀਂ ਹੌਲੀ-ਹੌਲੀ ਮਰਨ ਲੱਗਦੇ ਹੋ;
ਜਦੋਂ ਤੁਸੀਂ ਮਾਰ ਲੈਂਦੇ ਹੋ ਆਪਣੀਆਂ ਇਛਾਵਾਂ
ਜਦੋਂ ਤੁਸੀਂ ਦੂਜਿਆਂ ਤੋਂ ਸਹਾਇਤਾ ਲੈਣ ਤੋਂ ਵੱਟਦੇ ਹੋ ਪਾਸਾ

ਤੁਸੀਂ ਹੌਲੀ-ਹੌਲੀ ਮਰਨ ਲੱਗਦੇ ਹੋ;
ਜੇ ਤੁਸੀਂ ਗੁਲਾਮ ਬਣਦੇ ਹੋ ਆਪਣੀਆਂ ਆਦਤਾਂ ਦੇ
ਰੋਜ਼ਾਨਾ ਇਕੋ ਰਾਹ ਦੇ ਬਣਦੇ ਹੋ ਪਾਂਧੀ।
ਜੇ ਤੁਸੀਂ ਆਪਣੇ ਹਰ ਰੋਜ ਦੇ ਕੰਮ-ਕਾਜ ਨੂੰ ਨਹੀਂ ਦਿੰਦੇ ਨਵੀਂ ਦਿਸ਼ਾ
ਨਵੇਂ-ਨਵੇਂ ਰੰਗ ਨਹੀਂ ਪਾਉਂਦੇ
ਜਾਂ ਓਪਰਿਆਂ ਨਾਲ ਨਹੀਂ ਕਰਦੇ ਗੱਲ।

ਤੁਸੀਂ ਹੌਲੀ-ਹੌਲੀ ਮਰਨ ਲੱਗਦੇ ਹੋ;
ਜੇ ਤੁਸੀਂ ਆਪਣੇ ਮਕਸਦ
ਅਤੇ ਆਪਣੇ ਬੇ ਰੋਕ ਵਲਵਲਿਆਂ ਨੂੰ ਨਹੀਂ ਕਰਦੇ ਮਹਿਸੂਸ
ਜਿਸ ਨਾਲ ਤੁਹਾਡੀਆਂ ਅੱਖਾਂ ਵਿਚ ਆਵੇ ਚਮਕ
ਤੇ ਦਿਲ ਦੀ ਧੜਕਣ ਹੋਵੇ ਤੇਜ।

ਤੁਸੀਂ ਹੌਲੀ-ਹੌਲੀ ਮਰਨ ਲੱਗਦੇ ਹੋ;
ਤੁਸੀਂ ਆਪਣੀ ਜ਼ਿੰਦਗੀ ਦੀ ਚਾਲ ਨਹੀਂ ਬਦਲਦੇ
ਜਦੋਂ ਤੁਸੀਂ ਆਪਣੇ ਕੰਮ ਜਾਂ ਪਿਆਰ ਤੋਂ ਨਹੀਂ ਸੰਤੁਸ਼ਟ
ਜੇ ਤੁਸੀਂ ਆਪਣੇ ਸੁੱਖ-ਅਰਾਮ ਨੂੰ ਬੇ-ਅਰਾਮੀ ਲਈ ਨਹੀਂ ਤਿਆਗਦੇ
ਜੇ ਸੁਪਨਿਆਂ ਪਿੱਛੇ ਨਹੀਂ ਭੱਜਦੇ
ਜੇ ਜ਼ਿੰਦਗੀ ਵਿਚ ਘੱਟੋ-ਘੱਟ ਇਕ ਵਾਰ
ਕਿਸੇ ਵਧੀਆ ਸਲਾਹ ਤੋਂ ਦੂਰ ਨਹੀਂ ਭੱਜਦੇ।

ਆਪਣੇ ਆਪ ਨੂੰ ਨਾ ਮਰਨ ਦਿਓ ਹੌਲੀ-ਹੌਲੀ
ਨਾ ਭੁੱਲੋ ਖੁਸ਼ ਰਹਿਣਾ।

2. ਮੇਰੀ ਰਾਣੀ

ਮੈਂ ਦਿੱਤਾ ਹੈ ਤੈਨੂੰ ਰਾਣੀ ਦਾ ਨਾਂ
ਹੋਰ ਵੀ ਹੋਣਗੀਆਂ ਵੱਡੀਆਂ, ਤੇਰੇ ਤੋਂ ਵੱਡੀਆਂ
ਹੋਰ ਵੀ ਹੋਣਗੀਆਂ ਸੁੱਚੀਆਂ, ਤੇਰੇ ਤੋਂ ਸੁੱਚੀਆਂ
ਹੋਰ ਵੀ ਹੋਣਗੀਆਂ ਪਿਆਰੀਆਂ, ਤੇਰੇ ਤੋਂ ਪਿਆਰੀਆਂ
ਪਰ ਰਾਣੀ ਸਿਰਫ ਤੂੰ ਹੀ ਹੈਂ।

ਜਦੋਂ ਤੂੰ ਗਲੀਆਂ ‘ਚੋਂ ਲੰਘਦੀ
ਤੈਨੂੰ ਕੋਈ ਪਹਿਚਾਣ ਨਾ ਸਕੇ
ਨਾ ਨਜ਼ਰ ਆਵੇ ਕਿਸੇ ਨੂੰ ਤੇਰਾ ਹੀਰਿਆਂ ਵਾਲਾ ਮੁਕਟ
ਉਹ ਲਾਲ ਸੁਨਹਿਰੀ ਗਲਿਚਾ
ਜਿਸ ਤੇ ਤੂੰ ਤੁਰੇਂ
ਗਲਿਚਾ-ਜੋ ਹੈ ਹੀ ਨਹੀਂ।

ਜਦੋਂ ਤੂੰ ਸਾਹਮਣੇ ਆਵੇਂ
ਸਾਰੀਆਂ ਨਦੀਆਂ ਦੀਆਂ ਅਵਾਜਾਂ
ਮੇਰੇ ਸਰੀਰ ‘ਚ ਵੱਜਦੀਆਂ ਟੱਲੀਆਂ
ਅੰਬਰ ਝੂਮਦਾ
ਦੁਨੀਆਂ ਤੇ ਜਿਵੇਂ ਛਾ ਜਾਵੇ ਕੋਈ ਜਾਦੂ।

ਸਿਰਫ ਤੂੰ ਅਤੇ ਮੈਂ
ਸਿਰਫ ਤੂੰ ਅਤੇ ਮੈਂ, ਮੇਰੇ ਪਿਆਰ
ਸੁਣ ਤਾਂ ਸਹੀ।

3. ਹਮੇਸ਼ਾ
ਮੈਨੂੰ ਈਰਖਾ ਨਹੀਂ
ਜੋ ਮੇਰੇ ਤੋਂ ਪਹਿਲਾਂ ਆਏ।

ਆਪਣੇ ਮੋਢਿਆ ਤੇ ਬੈਠਾ ਕੇ
ਕਿਸੇ ਇਕ ਆਦਮੀ ਨਾਲ ਆ
ਆਪਣੇ ਵਾਲਾਂ ਵਿਚ ਸੌ ਆਦਮੀਆਂ ਨੂੰ ਲੈ ਕੇ ਆ
ਹਜ਼ਾਰ ਆਦਮੀਆਂ ਨੂੰ ਆਪਣੇ ਸੀਨੇ ਦੇ ਉਭਾਰਾਂ ਅਤੇ ਪੈਰਾਂ ‘ਚ ਲੈ ਕੇ ਆ

ਕਿਸੇ ਦਰਿਆ ਦੀ ਤਰਾਂ ਆ
ਜੋ ਭਰਿਆ ਹੋਵੇ ਡੁੱਬੇ ਹੋਇਆਂ ਨਾਲ
ਜੋ ਵਿਸ਼ਾਲ ਸਾਗਰ ਵੱਲ ਵਧੇ
ਸਮੇਂ ਦੇ ਆਖਰੀ ਸਫਰ ਵੱਲ ਵਧੇ।

ਸਭ ਨੂੰ ਲਿਆ
ਜਿਥੇ ਮੈਂ ਤੇਰਾ ਇੰਤਜ਼ਾਰ ਕਰ ਰਿਹਾ ਹਾਂ
ਅਸੀਂ ਹਮੇਸ਼ਾ ਇਕੱਲੇ ਹੋਵਾਂ ਗੇ
ਤੂੰ ਤੇ ਮੈਂ ਹਮੇਸ਼ਾ ਲਈ
ਧਰਤੀ ਤੇ ਇਕੱਲੇ
ਆਪਣੀ ਜ਼ਿੰਦਗੀ ਸ਼ੁਰੂ ਕਰਨ ਲਈ।

4. ਮੈਂ ਸਿਰਫ ਤੈਨੂੰ ਪਿਆਰ ਨਹੀਂ ਕਰਦਾ ਕਿਉਂ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ

ਮੈਂ ਤੈਨੂੰ ਪਿਆਰ ਨਾ ਕਰਨ ਤੋਂ ਪਿਆਰ ਕਰਨ ਤੱਕ ਦਾ ਸਫਰ ਕਰਦਾ ਹਾਂ
ਤੇਰਾ ਇੰਤਜ਼ਾਰ ਕਰਨ ਤੋਂ ਇੰਤਜ਼ਾਰ ਨਾ ਕਰਨ ਤੱਕ
ਮੇਰਾ ਦਿਲ ਬਰਫ ਤੋਂ ਅੱਗ ਬਣਦਾ ਹੈ।

ਮੈਂ ਸਿਰਫ ਤੈਨੂੰ ਹੀ ਪਿਆਰ ਕਰਦਾ ਹਾਂ
ਕਿਉਂ ਕਿ ਇਕ ਤੂੰ ਹੀ ਹੈ ਜਿਸ ਨੂੰ ਮੈਂ ਪਿਆਰ ਕਰਦਾ ਹਾਂ
ਮੈਂ ਤੈਨੂੰ ਨਫਰਤ ਵੀ ਬਹੁਤ ਕਰਦਾ ਹਾਂ ਅਤੇ ਨਫਰਤ ਕਰਦੇ
ਤੇਰੇ ਸਾਹਮਣੇ ਝੁਕਦਾ ਹਾਂ
ਅਤੇ ਤੈਨੂੰ ਪਿਆਰ ਕਰਨ ਦਾ ਪੈਮਾਨਾ ਬਦਲ ਜਾਂਦਾ ਹੈ
ਮੈਂ ਤੈਨੂੰ ਮਿਲਦਾ ਨਹੀਂ ਪਰ ਤੈਨੂੰ ਬੇ ਇੰਤਹਾ ਪਿਆਰ ਕਰਦਾ ਹਾਂ।

ਸ਼ਾਇਦ ਜਨਵਰੀ ਦੀਆਂ ਰਾਤਾਂ ਦੀ ਰੌਸ਼ਨੀ ‘ਚ ਲੁਪਤ ਹੋ ਜਾਣ
ਮੇਰੇ ਦਿਲ ਅਤੇ ਇਸ ਦੀਆਂ ਜਾਲਮ ਕਿਰਨਾਂ
ਆ ਸਕੇ ਮੇਰੇ ਦਿਲ ਨੂੰ ਕੁਝ ਚੈਨ।

ਸਾਡੀ ਇਸ ਕਹਾਣੀ ਵਿਚ ਸਿਰਫ ਮੈਂ ਹੀ ਮਰਦਾ ਹਾਂ
ਕਿਉਂ ਕਿ ਮੈਂ ਹੀ ਇਕਲਾ ਪਿਆਰ ‘ਚ ਮਰ ਰਿਹਾ ਹਾਂ
ਕਿਉਂ ਕਿ ਮੈਂ ਹੀ ਤੈਨੂੰ ਪਿਆਰ ਕਰਦਾ ਹਾਂ
ਕਿਉਂ ਕਿ ਮੈਂ ਹੀ ਤੈਨੂੰ ਪਿਆਰ ਕਰਦਾ ਹਾਂ,
ਪਿਆਰ, ਅੱਗ ਅਤੇ ਖੂਨ ਵਿਚ।
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1151
***