19 March 2024

ਕਾਰਲ ਮਾਰਕਸ ਦੇ ਜਨਮ ਦਿਹਾੜੇ ’ਤੇ ਵਿਚਾਰ-ਚਰਚਾ–ਕਰੋਨਾ ਦੀ ਆੜ ’ਚ ਜ਼ਿੰਦਗੀਆਂ ਨਾਲ ਖੇਡ ਰਹੇ ਨੇ ਅੰਨ੍ਹੇ ਮੁਨਾਫ਼ਾਖੋਰ: ਡਾ. ਦੀਪਤੀ

ਜਲੰਧਰ: 5 ਮਈ: ਕਾਰਲ ਮਾਰਕਸ ਦੇ 203ਵੇਂ ਜਨਮ ਦਿਹਾੜੇ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਕਰੋਨਾ ਅਤੇ ਕਿਸਾਨ ਸੰਘਰਸ਼ ਨੂੰ ਸਮਰਪਤ ਵਿਚਾਰ-ਚਰਚਾ ਨੇ ਅਨੇਕਾਂ ਪੱਖਾਂ ਦੀ ਸਮੀਖਿਆ ਕਰਦਿਆਂ ਤੱਤ ਕੱਢਿਆ ਕਿ ਕਾਰਲ ਮਾਰਕਸ ਦਾ ਫਲਸਫ਼ਾ ਸਿਰ ਕੱਢਵੇਂ ਰੂਪ ’ਚ ਸੱਚ ਸਾਬਤ ਹੋ ਰਿਹਾ ਹੈ ਕਿ ਮੁਨਾਫ਼ੇ ’ਤੇ ਟਿਕੇ ਰਾਜ ਅਤੇ ਸਮਾਜ ਦੇ ਹੁਕਮਰਾਨਾ ਦੀ ਨਜ਼ਰ ’ਚ ਮਨੁੱਖ ਦੀ ਕੀਮਤ ਕਾਣੀ ਕੌਡੀ ਵੀ ਨਹੀਂ ਹੁੰਦੀ ਉਹ ਮਹਾਂਮਾਰੀ ਦੇ ਦੌਰ ’ਚ ਵੀ ਮੁਨਾਫ਼ਿਆਂ ਦੇ ਅੰਬਾਰ ਲਾਉਂਦੇ ਹਨ। ਮਰਜ਼ ਦਾ ਓਟ-ਆਸਰਾ ਲੈ ਕੇ ਲੋਕਾਂ ਨੂੰ ਲੁੱਟਣ, ਕੁੱਟਣ ਅਤੇ ਜਮਹੂਰੀ ਹੱਕਾਂ ਦਾ ਘਾਣ ਕਰਨ ਲਈ ਕਾਲ਼ੇ ਕਾਨੂੰਨ ਅਤੇ ਨੀਤੀਆਂ ਘੜਨ ਲਈ ਸ਼ੁੱਭ ਮੌਕਾ ਸਮਝਦੇ ਹਨ।

ਕਿਰਤੀ ਲਹਿਰ ਦੇ ਆਗੂ ਅਤੇ ‘ਕਿਰਤੀ’ ਅਖ਼ਬਾਰ ਦੇ ਸੰਪਾਦਕ ਭਾਈ ਸੰਤੋਖ ਸਿੰਘ ਭਾਸ਼ਣ ਲੜੀ ਦੇ ਤੌਰ ’ਤੇ ਹਰ ਸਾਲ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ’ਚ ਮਨਾਏ ਜਾਂਦੇ ਕਾਰਲ ਮਾਰਕਸ ਦੇ ਜਨਮ ਦਿਵਸ ਸਮਾਗਮ ਦੀ ਮਹੱਤਤਾ ਅਤੇ ਪ੍ਰਸੰਗਕਤਾ ਉਪਰ ਚਾਨਣ ਪਾਉਂਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਚਰੰਜੀ ਲਾਲ ਕੰਗਣੀਵਾਲ ਨੇ ਕਿਹਾ ਕਿ ਆਰਥਕ, ਸਮਾਜਕ ਪਾੜਾ ਮੇਟਣ ਲਈ ਸਾਨੂੰ ਇਹਨਾਂ ਮਹਾਨ ਸਖਸ਼ੀਅਤਾਂ ਦੇ ਸੰਗਰਾਮੀ ਜੀਵਨ ਸਫ਼ਰ ਤੋਂ ਸਬਕ ਲੈਣ ਦੀ ਲੋੜ ਹੈ।

ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੀਤ ਪ੍ਰਧਾਨ ਸੀਤਲ ਸਿੰਘ ਸੰਘਾ ਨੇ ਕਿਹਾ ਕਿ ਕਾਰਲ ਮਾਰਕਸ ਦੀ ਬਹੁ-ਪੱਖੀ ਅਮਿੱਟ ਦੇਣ ਅਜੋਕੇ ਅਤੇ ਭਵਿੱਖ਼ ਦੇ ਸਰੋਕਾਰਾਂ ਵਿੱਚ ਵੀ ਮਨੁੱਖਤਾ ਦੇ ਕਲਿਆਣ ਲਈ ਮਾਰਗ-ਦਰਸ਼ਕ ਹੈ।

ਵਿਚਾਰ-ਚਰਚਾ ਦੇ ਮੁੱਖ ਵਕਤਾ ਡਾ. ਸ਼ਿਆਮ ਸੁੰਦਰ ਦੀਪਤੀ ਨੇ ਕਰੋਨਾ, ਚੁਣੌਤੀਆਂ, ਕਿਸਾਨ ਅੰਦੋਲਨ, ਰਾਜ ਭਾਗ ਦਾ ਨਿਘਾਰ ਅਤੇ ਕੀ ਕਰਨਾ ਲੋੜੀਏ? ਵਿਸ਼ਿਆਂ ਨੂੰ ਆਪਣੀ ਤਕਰੀਰ ਵਿੱਚ ਸਮੇਟਦਿਆਂ ਕਿਹਾ ਕਿ ਕਰੋਨਾ ਨੂੰ ਹਰਾਉਣ ਲਈ ਗੰਭੀਰ ਉੱਦਮ ਨਹੀਂ ਕੀਤਾ ਗਿਆ ਸਗੋਂ ਕਰੋਨਾ ਦਾ ਲੱਕ ਤੋੜ ਦੇਣ, ਫਤਿਹ ਪਾ ਲੈਣ ਦੇ ਫੋਕੇ ਦਮਗਜੇ ਮਾਰਕੇ ਰਾਜਨੀਤਕ ਰੋਟੀਆਂ ਸੇਕਣ ਦਾ ਕੰਮ ਕੀਤਾ ਗਿਆ।

ਡਾ. ਸ਼ਿਆਮ ਸੁੰਦਰ ਦੀਪਤੀ ਨੇ ਤਿੱਖੀ ਚੋਟ ਕਰਦਿਆਂ ਕਿਹਾ ਕਿ ਜਦੋਂ ਮੁਲਕ ਕਬਰਸਤਾਨ ਬਣਦਾ ਜਾ ਰਿਹਾ ਹੈ, ਜਦੋਂ ਆਕਸੀਜਨ ਸੈਲੰਡਰ ਲਈ ਲੋਕ ਤਰਾਹ ਤਰਾਹ ਕਰਦਿਆਂ ਦਮ ਤੋੜ ਰਹੇ ਹਨ ਅਜੇਹੇ ਮੌਕੇ 30 ਹਜ਼ਾਰ ਕਰੋੜ ਰੁਪਿਆ ਲਗਾਕੇ ਦਿੱਲੀ ਦੇ ਮੱਧ ਵਿੱਚ ਸੰਸਦ ਭਵਨ, ਪ੍ਰਧਾਨ ਮੰਤਰੀ ਨਿਵਾਸ ਦਾ ਜੋਰ ਸ਼ੋਰ ਨਾਲ ਨਿਰਮਾਣ ਕਰਨਾ ਕਿਵੇਂ ਜਾਇਜ਼ ਹੈ।

ਉਹਨਾਂ ਕਿਹਾ ਕਿ ਇੱਕ ਬੰਨੇ ਕਿਸਾਨ ਅੰਦੋਲਨ ਨੂੰ ਕਰੋਨਾ ਦੇ ਬਹਾਨੇ ਖ਼ਤਮ ਕਰਨ ਦੇ ਪਾਪੜ ਵੇਲੇ ਜਾ ਰਹੇ ਹਨ। ਸਕੂਲ, ਕਾਲਜ, ਬਾਜ਼ਾਰ ਬੰਦ ਕੀਤੇ ਜਾ ਰਹੇ ਹਨ ਪਰ ਦੂਜੇ ਬੰਨੇ ਲਾਕ ਡਾਊਨ ਦੇ ਦੌਰ ਅੰਦਰ ਵੀ ਮੁਲਕ ਦਾ ਕਰੋੜਾਂ ਅਰਬਾਂ ਰੁਪਿਆ ਲੋਕਾਂ ਦੀ ਸਿਹਤ ਅਤੇ ਜ਼ਿੰਦਗੀਆਂ ਦੇ ਬਚਾਅ ਲਈ ਖਰਚਣ ਦੀ ਬਜਾਏ ਆਪਣੇ ਆਲੀਸ਼ਾਨ ਭਵਨਾਂ ਦੀ ਬੇਲੋੜਾ ਉਸਾਰੀ ਉਪਰ ਖਰਚਿਆ ਜਾ ਰਿਹਾ ਹੈ।

ਡਾ. ਦੀਪਤੀ ਨੇ ਕਿਹਾ ਕਿ ਕਰੋਨਾ ਨੂੰ ਨਿਆਮਤ ਸਮਝਕੇ ਨਿੱਜੀ ਹਸਪਤਾਲ ਗਰੁੱਪ, ਮੋਟੀਆਂ ਕਮਾਈਆਂ ਕਰ ਰਹੇ ਹਨ। ਇਥੋਂ ਤੱਕ ਕਿ ਵੈਕਸੀਨ ਬਾਰੇ ਵੀ ਗੱਪ ਘੜੀ ਗਈ ਕਿ ਦੁਨੀਆਂ ਦਾ ਨੰਬਰ ਇੱਕ ਮੁਲਕ ਬਣ ਗਿਆ ਹੈ ਪਰ ਹੁਣ ਚੜ੍ਹਦੇ ਸੂਰਜ ਇਹ ਸਾਰੇ ਝੂਠ ਦੇ ਅਡੰਬਰਾਂ ਦਾ ਨੰਗ ਜ਼ਾਹਰ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ 35 ਹਜ਼ਾਰ ਕਰੋੜ ਰੁਪਿਆ ਸਿਰਫ਼ ਵੈਕਸੀਨ ਵਾਸਤੇ ਰੱਖਣ ਦੇ ਦਮਗਜੇ ਮਾਰਨਾ ਮੁੜਕੇ ਪੱਲਾ ਝਾੜ ਦੇਣਾ, ਸਿਰੇ ਦੀ ਅਮਾਨਵੀ ਰਣਨੀਤੀ ਹੈ।

ਡਾ. ਸ਼ਿਆਮ ਸੁੰਦਰ ਦੀਪਤੀ ਨੇ ਤਿੱਖੇ ਸੁਆਲ ਖੜ੍ਹੇ ਕੀਤੇ ਕਿ ਕਾਰਪੋਰੇਟ ਜਗਤ ਦੀਆਂ ਕਮਾਈਆਂ ਲਈ ਸਾਰੇ ਰਾਹ ਮੋਕਲੇ ਕਰਕੇ, ਲੋਕਾਂ ਨੂੰ ਮਰਜ਼ ਤੋਂ ਦਹਿਸ਼ਤਜ਼ਦਾ ਕਰਕੇ, ਕਾਰਪੋਰੇਟਾਂ ਦੇ ਗਾਹਕ ਬਣਾਉਣ ਦੀ ਵਿਧੀ ਤੇਜ਼ ਕੀਤੀ ਜਾ ਰਹੀ ਹੈ। ਡਾ. ਦੀਪਤੀ ਨੇ ਕਿਹਾ ਕਿ ਵੈਕਸੀਨ, ਆਕਸੀਜਨ ਸਿਲੰਡਰ ਅਤੇ ਲੋੜੀਂਦਾ ਦਵਾਈਆਂ ਦੀ ਕਾਲਾ ਬਾਜ਼ਾਰੀ, ਸ਼ਰਮਿੰਦਗੀ ਭਰਿਆ ਵਰਤਾਰਾ ਹੈ।

ਉਨਾਂ ਕਿਹਾ ਕਿ ਭੁੱਖ ਮਰੀ, ਬਿਮਾਰੀ ਵਰਗੀਆਂ ਅਨੇਕਾਂ ਅਲਾਮਤਾਂ ਦੀ ਜੜ੍ਹ ਸਾਡਾ ਪ੍ਰਬੰਧ ਹੈ, ਜਿਥੇ ਮਨੁੱਖ  ਭੈਅ-ਭੀਤ ਕਰਕੇ ਵਿਸ਼ਵ ਬੈਂਕ, ਆਈ.ਐਮ.ਐਫ. ਦੇਸੀ-ਬਦੇਸ਼ੀ ਕਾਰਪੋਰੇਟ ਘਰਾਣੇ, ਜ਼ਮੀਨਾਂ ਖੋਹਣ, ਕਿਸਾਨਾਂ ਮਜ਼ਦੂਰਾਂ ਸਮੂਹ ਮਿਹਨਤਕਸ਼ਾਂ ਨੂੰ ਤਬਾਹ ਕਰਨ ਦੀਆਂ ਨੀਤੀਆਂ ਦੇ ਘੋੜੇ ਨੂੰ ਅੱਡੀ ਲਗਾ ਰਹੇ ਹਨ।

ਡਾ. ਸ਼ਿਆਮ ਸੁੰਦਰ ਦੀਪਤੀ, ਉਨ੍ਹਾਂ ਦੀ ਜੀਵਨ-ਸਾਥਣ ਊਸ਼ਾ ਦਾ ਸੁਆਗਤ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਕਿਤਾਬਾਂ ਦੇ ਸੈੱਟ ਨਾਲ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਖਜ਼ਾਨਚੀ ਰਣਜੀਤ ਸਿੰਘ ਔਲਖ, ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਕ੍ਰਿਸ਼ਨਾ, ਹਰਮੇਸ਼ ਮਾਲੜੀ ਅਤੇ ਦੇਵਰਾਜ ਨਯੀਅਰ ਵੀ ਮੰਚ ’ਤੇ ਹਾਜ਼ਰ ਸਨ।

ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਮੰਗਤ ਰਾਮ ਪਾਸਲਾ ਨੇ ਫੀਲਡ ਕਾਸਟਰੋ ਦੇ ਹਵਾਲੇ ਨਾਲ ਕਿਹਾ ਕਿ ਕਰੋਨਾ ਵਰਗੀਆਂ ਬਿਮਾਰੀਆਂ ਦੀ ਅਸਲ ਮਾਂ ਤਾਂ ਪੂੰਜੀਵਾਦੀ ਪ੍ਰਬੰਧ ਹੈ, ਜਿਹੜਾ ਲੋਕਾਂ ਦੀਆਂ ਮੌਤਾਂ ਅਤੇ ਬੀਮਾਰੀਆਂ ਤੇ ਜਸ਼ਨ ਮਨਾ ਰਿਹਾ ਹੈ।

ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਮਾਰਕਸ ਨੇ ਕਿਹਾ ਸੀ ਕਿ, ‘‘ਅਸਲ ਮਸਲਾ ਤਾਂ ਸਮਾਜ ਨੂੰ ਬਦਲਣ ਦਾ ਹੈ।’’ ਉਹਨਾਂ ਕਿਹਾ ਕਿ ਮਾਰਕਸਵਾਦ ਅਜੇਹਾ ਵਿਗਿਆਨ ਹੈ, ਜਿਸਨੂੰ ਸਾਡੀਆਂ ਠੋਸ ਹਾਲਤਾਂ ਨੂੰ ਸਮਝਕੇ ਲਾਗੂ ਕਰਨ ਲਈ ਅਧਿਐਨ ਕਰਨਾ ਚਾਹੀਦਾ ਹੈ।

ਕਮੇਟੀ ਦੇ ਮੈਂਬਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਵਿਚਾਰ-ਚਰਚਾ ’ਚ ਮੰਚ ਸੰਚਾਲਨ ਦੀ ਭੂਮਿਕਾ ਅਦਾ ਕੀਤੀ। ਉਹਨਾਂ ਨੇ ਕਾਰਲ ਮਾਰਕਸ ਦੇ ਵਿਸ਼ਵ ਪ੍ਰਸਿੱਧ ਕਵਿਤਾ ‘ਜ਼ਿੰਦਗੀ ਦਾ ਮਕਸਦ’ ਪੇਸ਼ ਕਰਦਿਆਂ ਉਸ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ।

ਜਾਰੀ ਕਰਤਾ:
ਅਮੋਲਕ ਸਿੰਘ, ਕਨਵੀਨਰ, ਸਭਿਆਚਾਰਕ ਵਿੰਗ
(172)

About the author

ਅਮੋਲਕ ਸਿੰਘ, ਕਨਵੀਨਰ,ਸਭਿਆਚਾਰਕ ਵਿੰਗ
98778-68710 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਅਮੋਲਕ ਸਿੰਘ, ਕਨਵੀਨਰ,ਸਭਿਆਚਾਰਕ ਵਿੰਗ

View all posts by ਅਮੋਲਕ ਸਿੰਘ, ਕਨਵੀਨਰ,ਸਭਿਆਚਾਰਕ ਵਿੰਗ →