27 April 2024

ਸੱਤ ਗ਼ਜ਼ਲਾਂ—-✍️ਗੁਰਸ਼ਰਨ ਸਿੰਘ ਅਜੀਬ (ਲੰਡਨ)

ਮੇਰੀ ਮਾਸੀ ਵਰਗੀ ਦੇਵੀ ਘਰ ਘਰ ਦੇ ਵਿਚ ਹੋਵੇ॥
SSx7)
1.  ਗ਼ ਜ਼ ਲ
****************************
* ਸੁਰਗੀਂ ਰਹਿੰਦੇ ਆਪਣੇ ਸਤਿਕਾਰਯੋਗ *
* ਸ਼ਾਂਤੀ-ਮਾਸੀ  ਜੀ  ਨੂੰ  ਚੇਤੇ  ਕਰਦਿਆਂ *
* ਉਹਨਾਂ ਦੀ ਨਜ਼ਰ  ਬਤੌਰ ਸ਼ਰਧਾਂਜਲੀ *
*      ਇਕ  ਮੁਸਲਸਲ ਗ਼ਜ਼ਲ !        *

************************

ਮੇਰੀ ਮਾਸੀ ਵਰਗੀ  ਦੇਵੀ ਘਰ ਘਰ ਦੇ  ਵਿਚ ਹੋਵੇ॥
ਜਿੱਥੇ  ਜਿੱਥੇ  ਵੀ  ਜਾਵੇ ਉਹ ਰਬ ਉਸ ਨਾਲ ਖਲੋਵੇ॥

ਸ਼ਾਤਮਈ ਪੁਰ-ਸਾਗਰ ਮਾਸੀ ਰੱਬਾ ਸਭ ਨੂੰ ਦੇਵੀਂ,
ਦੁੱਖ-ਦਲਿੱਦਰ ਘਰ ਅਪਣੇ ਦੇ ਵਾਰ-ਵਾਰ ਜੋ ਧੋਵੇ॥

ਦੂਰ ਰਹੀ ਉਹ ਜੀਵਨ ਭਰ ਹੀ ਭਾਵੇਂ ਮੇਰੇ ਕੋਲ਼ੋਂ,
ਚੇਤੇ ਕਰ ਅਜ ਉਸ ਦੇਵੀ ਨੂੰ ਡੁਸਕੇ ਮਨ ਦਿਲ ਰੋਵੇ॥

ਯਾਦ ਤਿਰੀ ਵਿਚ ਨੀਰ ਵਹਾਵਾਂ ਮੁੜ-ਮੁੜ ਸੀਸ ਨਿਵਾਵਾਂ,
ਦਰਦ ਵਿਛੋੜਾ ਮਾਸੀ ਤੇਰਾ ਦਿਲ ਮੇਰੇ ਨੂੰ  ਕੋਵ੍ਹੇ॥

ਮੇਰਾ ਸਜਦਾ  ਤੈਨੂੰ ਮਾਸੀ “ਪੈਰੀਂ-ਪੈਨਾਂ”  ਕਹਿੰਨਾਂ,
ਤੇਰੇ ਬਿਨ ਜਗ ਸੁਰਗ ਨਾ ਲਗਦਾ ਕਾਸ਼ ਕਿ ਜੰਨਤ ਹੋਵੇ॥

ਤੇਰੇ ਵਰਗੀ ਰੂਹ ਪਵਿੱਤਰ ਲੋੜੇ ਪਾਕ ਰਿਹਾਇਸ਼,
ਰੱਬਾ ਮੇਰੇ ਡੇਰਾ ਮਾਸੀ ਦਾ ਜੰਨਤ ਵਿਚ ਹੋਵੇ॥

ਸ਼ਬਦ ਹਰਿਕ ਮੈਂ ਚੁਣਿਆਂ ਮੋਤੀ ਏਸ ਗ਼ਜ਼ਲ ਦੀ ਖ਼ਾਤਰ,
ਸੋਚ ਮਿਰੀ ਜਾ ਵਿੱਚ ਸਮੁੰਦਰ ਮੋਤੀ  ਸਿੱਪੀਆਂ ਟੋਵ੍ਹੇ॥

ਯਾਰ ‘ਅਜੀਬਾ’ ਮਾਸੀ ਤੇਰੀ ਰੱਬ ਦਾ ਰੂਪ-ਇਲਾਹੀ,
ਜੁੱਗਾਂ ਬਾਦ ਕਿਤੇ ਹੀ ਪਰਗਟ ਦੇਵੀ ਐਸੀ ਹੋਵੇ॥
(30.04.2021)
*

ਪੜ੍ਹੋ ਜਪੁਜੀ ਬਣੋ ਨਾਨਕ ਦੇ ਸ਼ਿਸ਼ ਇਨਸਾਨ ਧਰਤੀ ‘ਤੇ
(ISSSx4)

2.  ਗ਼ ਜ਼ ਲ

ਪੜ੍ਹੋ ਜਪੁਜੀ ਬਣੋ ਨਾਨਕ ਦੇ ਸ਼ਿਸ਼ ਇਨਸਾਨ ਧਰਤੀ  ‘ਤੇ॥
ਨਹੀਂ ਤਾਂ ਉਮਰ ਭਰ ਰਹਿਸੋ ਬਣੇ ਅਗਿਆਨ ਧਰਤੀ ‘ਤੇ॥

ਉਸਾਰੂ  ਸੋਚ  ਦੀ  ਨੀਤੀ  ਜਦੋਂ ਅਪਨਾ ਲਈ  ਆਪਾਂ,
ਸਕਾਂਗੇ ਜਾਰੀ ਕਰ ਨਿਸ ਦਿਨ ਅਮਨ-ਫ਼ੁਰਮਾਨ ਧਰਤੀ ‘ਤੇੇ॥

ਬੜੇ ਆਏ ਅੜੇ ਅਕਬਰ ਹਿਮਾਯੂੰ ਬਾਬਰੀ ਭਾਰਤ,
ਗਏ ਕਰ ਕੂਚ ਏਥੋਂ ਆਏ ਜੋ ਮਹਿਮਾਨ ਧਰਤੀ ‘ਤੇ।।

ਜਦੋਂ ਕੁਇ ਹਾਰਦੈ ਥਕ-ਟੁਟ ਕੇ ਚਕਨਾ-ਚੂਰ ਹੋ ਜਾਂਦੈ,
ਨਹੀਂ ਤਾਂ  ਮਾਰਦੈ  ਬੜ੍ਹਕਾਂ  ਹਰਿਕ  ਇਨਸਾਨ  ਧਰਤੀ  ‘ਤੇ॥

ਮੁਹੱਬਤ-ਪਰੇਮ ਦੀ ਦੁਨੀਆ ਵਸਾਉਣੀ  ਹੈ ਅਸਾਂ ਜਗ ਵਿਚ,
ਤੇ  ਕਰਨੇ ਬੰਦ  ਨੇ ਝਗੜੇ ਤੇ ਯੁਧ ਘਮਸਾਨ ਧਰਤੀ ‘ਤੇ॥

ਅਮਨ ਤੇ ਚੈਨ ਬਿਨ ਕੁਝ ਹੋਰ ਲੋੜੇ ਨਾ ਤਿਰੀ ਪਬਲਿਕ,
ਐ ਹਾਕਮ ਰੱਖ ਸਭ ਮਜ਼ਦੂਰ ਖ਼ੁਸ਼ ਕਿਰਸਾਨ ਧਰਤੀ  ‘ਤੇ॥

ਕਹੇ ‘ਤੇ “ਰਾਮ ਦਾ ਇਹ ਰਾਜ” ਕੇਵਲ ਹੀ  ਨਹੀਂ  ਆਉਣੈਂ,
ਰਤਾ ਕੁਝ ਕਰ ਵਿਖਾ ਈਮਾਨ ਕੁਝ ਅਹਿਸਾਨ ਧਰਤੀ ‘ਤੇ॥

ਹਜ਼ਾਰਾਂ ਮੰਦਰੀਂ ਜਾ  ਕੇ ਘਸਾ ਮੱਥੇ  ਲੁਆ  ਟਿੱਕੇ,
ਨਾ ਆਉਣਾ ਹੀ ਕਹੇ ਤੇਰੇ ਕੋਈ ਭਗਵਾਨ ਧਰਤੀ ‘ਤੇ॥

ਨਾ ਛੱਪਨ ਇੰਚ ਦੀ ਛਾਤੀ ਨਾ ਦਾਹੜੀ ਮੁੱਛ ਇਹ ਲੰਮੀਂ,
ਕਿ ਰਾਜਾ ਬਣਨ ਨੂੰ ਨਾ ਲੋੜੀਏ ਭਲਵਾਨ ਧਰਤੀ ‘ਤੇ॥

ਜੇ ਬਣਨਾ “ਰਾਮ” ਲਾ ਧੋਤੀ ਜੋ ਲਛਮਣ ਰਾਮ ਲਾਉਂਦੇ ਸਨ,
ਨਾ ਪਾ ਕੇ  ਫਿਰ ਪੁਸ਼ਾਕਾਂ ਕੀਮਤੀ ਕਪਤਾਨ ਧਰਤੀ ‘ਤੇ॥

ਸੁਚੱਜੇ ਲੋਕ  ਖ਼ਿਦਮਤਦਾਰ ਹੁੰਦੇ  ਜੇ ਸਦਨ ਅੰਦਰ,
ਨਾ ਰੁਲਦੇ ਫਿਰ ਮਿਰੇ ਵੀਰੋ ਇਹ ਸਭ ਕਿਰਸਾਨ ਧਰਤੀ ‘ਤੇ॥

ਗ਼ਬਨਬਾਜ਼ੀ ਲੁਟੇਰੇ  ਚੋਰ  ਅੰਬਾਨੀ  ਤੇ ਅੱਡਾਨੀ,
ਵਤਨ ਨੂੰ ਲੁੱਟ ਜੋ ਖਾਂਦੇ ਨੇ ਸਭ ਬਈਮਾਨ ਧਰਤੀ ‘ਤੇ॥

ਖ਼ੁਦਾ-ਤਾਲ਼ਾ ਉਠਾ ਲੈ ਚੋਰ ਰਿਸ਼ਵਤਖ਼ੋਰ ਸਭ ਏਥੋਂ,
ਕਹੇ ‘ਗੁਰਸ਼ਰਨ’ ਦੇਣੇ ਰਹਿਣ ਨਾ ਸ਼ੈਤਾਨ ਧਰਤੀ ‘ਤੇ॥

ਬੜਾ ਹੀ ਖ਼ੁਸ਼ਨੁਮਾ ‘ਗੁਰਸ਼ਰਨ’ ਹੋਵੇਗਾ ਮਿਰਾ ਤਦ ਦੇਸ਼,
ਜਦੋਂ ਸਭ ਦੇ ਵਧਣ ਤੇ ਫੁਲਣਗੇ ਅਰਮਾਨ ਧਰਤੀ ‘ਤੇ॥

ਸਮਝ ਸ਼ਤਰੰਜ ਜੋ  ਚੱਲਣ ‘ਅਜੀਬਾ’ ਭੱਦੀਆਂ ਚਾਲਾਂ,
ਨਾ ਮਾੜੇ ਲੋਕ ਦੇਣੇ ਰਹਿਣ ਅਸੀਂ ਸੁਲਤਾਨ ਧਰਤੀ ‘ਤੇ॥
29.04.2021
**

ਨਾਜ਼ਲ ਹੋਈ ਅਜ ਨਵ-ਗ਼ਜ਼ਲ ਕਿਰਪਾ ਜਨਾਬ ਦੀ
(SSISx3+IS)

3. ਗ਼ ਜ਼ ਲ

ਨਾਜ਼ਲ ਹੋਈ ਅਜ  ਨਵ-ਗ਼ਜ਼ਲ ਕਿਰਪਾ ਜਨਾਬ ਦੀ॥
ਉੱਗੀ ਜੋ ਬਣ ਕਾਵਿਕ-ਫ਼ਸਲ ਕਿਰਪਾ ਜਨਾਬ ਦੀ॥

ਬੇਮੌਸਮੀ   ਰੁਤ  ਵਿਚ ਜਿਵੇਂ   ਬੱਦਲ ਹੈ ਵਰਸਿਆ,
ਸਹਿਰਾ ‘ਚ ਹੋਈ ਜਲਥਲ  ਕਿਰਪਾ  ਜਨਾਬ  ਦੀ॥

ਤੇਰੇ  ਹੀ  ਕਰਕੇ ਅਹੁੜਿਆ ਮਤਲਾ  ਹਸੀਂ  ਸਨਮ,
ਦਿਲ ਵਿਚ ਮਚੀ ਤਦ ਹੱਲ-ਚੱਲ ਕਿਰਪਾ ਜਨਾਬ ਦੀ॥

ਉੱਗੀ ਨਾ  ਕੋਈ   ਥੋਹਰ  ਜਿਉਂ  ਫੁੱਟੀ  ਕਪਾਹ  ਜਿਵੇਂ,
ਹੈ ਖ਼ੁਸ਼ ਬੜਾ ਮਨ-ਮਾਰੂਥਲ  ਕਿਰਪਾ  ਜਨਾਬ  ਦੀ॥

ਉੱਤਰੀ   ਜਿਵੇਂ ਆਕਾਸ਼-ਗੰਗਾ  ਆਸਮਾਨ  ਤੋਂ,
ਮਨ ਵਿਚ ਮਚੀ ਏ ਕਲਕਲ ਕਿਰਪਾ ਜਨਾਬ  ਦੀ॥

ਰੂਹੇ-ਰਵਾਂ  ‘ਚੋਂਂ  ਜਨਮੀ ਤੇਰੀ ਜੋ  ਇਹ ਗ਼ਜ਼ਲ,
ਰਹਿਸੀ ਕਿਆਮਤ ਤਕ ਅਟਲ ਕਿਰਪਾ ਜਨਾਬ  ਦੀ॥

ਲਗਦੈ  ਕਿ ਤੈਥੋਂ  ਹੋ  ਗਿਐ  ਕਾਰਜ ‘ਅਜੀਬ’  ਗੁੱਡ,
ਖਿੜਿਆ ਜੋ ਮਨ ‘ਚੋਂ  ਹੈ ਕੰਵਲ ਕਿਰਪਾ ਜਨਾਬ ਦੀ॥
(29.04.2021)
*

ਗ਼ਜ਼ਲ ਦੇ ਬਾਗ਼ ਦਾ ਬਣਣਾ ਤਾਂ ਸੀ  ‘ਗੁਰਸ਼ਰਨ’ ਤੂੰ ਮਾਲੀ॥
(ISSSx4)

4.  ਗ਼ ਜ਼ ਲ

ਗ਼ਜ਼ਲ  ਦੇ  ਬਾਗ਼  ਦਾ  ਬਣਣਾ ਤਾਂ  ਸੀ  ‘ਗੁਰਸ਼ਰਨ’ ਤੂੰ  ਮਾਲੀ॥
ਕਿ  ਕਰ ਕੇ ਘਾਲਣਾ ਇਸ ਦੀ ਗਿਆ  ਬਣ ਹੈਂ  ਗ਼ਜ਼ਲ-ਘਾਲੀ॥

ਮਿਰਾ ਮਨ ਲੀਨ  ਰਹਿੰਦਾ  ਹੈ  ਸੁਬ੍ਹਾ  ਤੇ  ਸ਼ਾਮ  ਹੀ  ਇਸ  ਵਿਚ,
ਨਸ਼ਾ  ਗ਼ਜ਼ਲਈ  ਰਹੇ  ਚੜ੍ਹਿਆ  ਮਿਰੇ   ਨੈਣੀਂ ਗ਼ਜ਼ਲ-ਲਾਲੀ॥

ਕਰਾਂਗਾ  ਚਾਕਰੀ    ਤੇਰੀ   ਮਿਰੀ   ਗ਼ਜ਼ਲੇ  ਕਿਆਮਤ  ਤਕ,
ਨਿਭਾਵਾਂਗਾ  ਤਿਰੇ  ਅੰਦਰ  ਹਮੇਸ਼ਾਂ  ਤਾਲ  ਸੁਰਤਾਲੀ॥

ਗ਼ਜ਼ਲ  ਦਾ  ਰੰਗ  ਵੀ ਅਪਣਾ  ਗ਼ਜ਼ਲ  ਦਾ  ਢੰਗ  ਵੀ  ਅਪਣਾ,
ਮਿਰੇ ਹਰ ਮਿਸਰੇ  ਵਿਚ  ਦਿੱਸੇ  ਘੁਲੀ  ਮਿਸ਼ਰੀ  ਨਿਹੁੰ  ਵਾਲੀ॥

ਕਹਾਂ ਗ਼ਜ਼ਲਾਂ  ਪੰਜਾਬੀ  ਵਿਚ  ਜੋ  ਕਹੀਆਂ  ਨਾ  ਕਿਸੇ ਪਹਿਲੋਂ,
ਕਰਾਂ   ਭਰਪੂਰ   ਗ਼ਜ਼ਲਾਂ  ਦੀ  ਤਿਜੌਰੀ  ਜਦ   ਦਿਖੇ  ਖਾਲੀ॥

ਗ਼ਜ਼ਲ  ਦਾ  ਰੂਪ  ਮਨਮੋਹਣਾ  ਅਦਾਵਾਂ ਇਸ  ਦੀਆਂ  ਕਾਤਲ,
ਇਹ  ਖਿੱਚੇ  ਆਪਣੇ  ਵਲ  ਨੂੰ  ਬੜੀ  ਕਾਤਲ  ਹੈ  ਮਤਵਾਲੀ॥

ਗ਼ਜ਼ਲ-ਦੀਵਾਨੜਾ  ਬਣ ਕੇ  ‘ਅਜੀਬਾ’ ਕਰ  ਗ਼ਜ਼ਲ-ਗਾਇਣ,
ਤੇ ਫਿਰ  ਵੇਖੀਂ  ਗ਼ਜ਼ਲ-ਗੁਣ-ਗਾਵਣਾ  ਕਿਤਨੀ ਅਸਰਸ਼ਾਲੀ॥

ਗ਼ਜ਼ਲ  ‘ਗੁਰਸ਼ਰਨ’ ਅਪਨਾਈ  ਸਮਝ  ਕੇ  ਆਪਣੀ ਦੁਲਹਨ,
ਇਦ੍ਹੀ   ਭਰ   ਮਾਂਗ੍ਹ   ਸੰਧੂਰੀ   ਗਲੇ   ਲਾਈ  *ਇਰਾਂ-ਵਾਲੀ॥
*ਇਰਾਂ-ਵਾਲੀ: ਇਰਾਨ ਦੀ ਰਹਿਣ ਵਾਲੀ

(20. 04.2021)

ਪਾ ਪਾ ਲਕੀਰਾਂ ਥਾਂ ਥਾਂ ਵੰਡੋ ਨਾ ਲੋਕ ਯਾਰੋ
(SSI.SISS.SSI.SISS)

5.  ਗ਼ ਜ਼ ਲ

ਪਾ  ਪਾ  ਲਕੀਰਾਂ  ਥਾਂ  ਥਾਂ ਵੰਡੋ  ਨਾ ਲੋਕ  ਯਾਰੋ॥
ਵੰਡਾਂ  ਤੇ  ਪਾੜਿਆਂ ‘ਤੇ  ਲਾਓ  ਕੋਈ ਰੋਕ  ਯਾਰੋ॥

ਜੀਵਣ ਇਹ ਬੀਤ ਚੱਲਿਆ ਝੇੜੇ ਮਗਰ ਨਾ ਮੁੱਕੇ,
ਕੰਬਖ਼ਤ  ਬਣ ਕੇ  ਚੰਬੜੇ  ਜਿੱਦਾਂ ਨੇ ਜੋਕ  ਯਾਰੋ॥

ਸੁਖ ਚੈਨ ਕਦ ਮਿਲੇਗਾ   ਏਸੇ ਦੀ ਭਾਲ ਵਿਚ ਹਾਂ,
ਲੱਖਾਂ ਹੀ  ਭਾਲਦੇ ਇਹ  ਟੁਰਗੇ  ਨੇ  ਲੋਕ  ਯਾਰੋ॥

ਯੋਗਾ  ਗੁਰੂ  ਨੇ  ਕਹਿੰਦੇ  ਲੌਕੀ  ਦਾ   ਜੂਸ  ਪੀਵੋ,
ਹਾਨੀ  ਪੁਚਾਂਦਾ   ਜੋ  ਹੈ  ਪੀਵੋ  ਨਾ  ਕੋਕ   ਯਾਰੋ॥

ਆਦਮ   ਦੀ   ਜ਼ਾਤ  ਰੱਖਦੀ  ਬਾਰੂਦ  ਦੇ  ਖਿਡੌਣੇ,
ਥਾ  ਥਾਂ  ‘ਤੇ  ਬੰਬ  ਫਟਦੇ  ਨਿਤ  ਵਿਚ ਥੋਕ ਯਾਰੋ॥

ਜਾਗੋ  ਤੇ  ਇੱਕ  ਹੋਵੋ  ਬੈਠਣ  ਦਾ  ਹੁਣ  ਸਮਾਂ  ਨਾ,
ਹੋਣਾ  ਨਾ  ਹੁਣ  ਗੁਜ਼ਾਰਾ  ਬਿਨ  ਰੋਕ  ਟੋਕ ਯਾਰੋ॥

ਹਰ ਧਰਮ ਮਜ਼ਬ੍ਹ ਪਾਉਂਦਾ  ਪਾੜਾ ਅਵਾਮ ਵਿਚ ਹੈ,
ਜੋ    ਵੰਡਦੇ   ਲੁਕਾਈ   ਅੱਛੇ   ਨਾ   ਲੋਕ   ਯਾਰੋ॥

‘ਗੁਰਸ਼ਰਨ’ ਕਰ ਉਪਾ ਤੂੰ ਖ਼ੁਦ ਜਾਗ ਜਗ ਜਗਾ ਦੇ,
ਤਲਵਾਰ ਫੜ ਕਲਮ  ਦੀ  ਆਵੇ  ਨਾ  ਝੋਕ  ਯਾਰੋ॥
*

ਬੜਾ ਹੀ ਰੋਕਿਆ ਮਨ ਨੂੰ ਮਗਰ ਰੁਕਿਆ ਨਾ ਇਹ ਮਨਵਾ॥
(ISSSx4)

6. ਗ਼ ਜ਼ ਲ

ਬੜਾ ਹੀ ਰੋਕਿਆ ਮਨ  ਨੂੰ  ਮਗਰ ਰੁਕਿਆ ਨਾ ਇਹ ਮਨਵਾ॥
ਕਿ ਰਾਹੇ  ਇਸ਼ਕ  ਦੇ  ਜਾਣੋਂ ਅੜਬ ਮੁੜਿਆ ਨਾ ਇਹ ਮਨਵਾ॥

ਬਥੇਰਾ  ਆਖਿਆ   ਇਸ  ਨੂੰ  ਕਿ   ਪੈਂਡਾ   ਇਸ਼ਕ   ਦਾ  ਔਖੈ,
ਮਗਰ ਇਸ ਪੰਧ ‘ਤੇ ਟੁਰਣੋਂ  ਰਤਾ ਟਲਿਆ ਨਾ  ਇਹ ਮਨਵਾ॥

ਫ਼ਤੂਰੇ-ਇਸ਼ਕ  ਸੀ  ਚੜ੍ਹਿਆ  ਇਦ੍ਹੇ  ਸਿਰ  ਭੂਤ  ਇਕ  ਬਣ ਕੇ,
ਹਟਾਏ ਜੱਗ ਦੇ  ਲਖ  ਵਾਰ  ਵੀ  ਹਟਿਆ ਨਾ  ਇਹ  ਮਨਵਾ॥

ਬੜੇ    ਕੱਢੇ   ਇਦੇ    ਹਾੜੇ   ਵੀ   ਮਿਨਤਾਂ   ਕੀਤੀਆਂ   ਲੱਖਾਂ,
ਮਗਰ ਇਸ਼ਕੇ ਦੀ  ਚੜ੍ਹ ਪੌੜੀ ਉੱਤਰਿਆ ਹੈ ਨਾ ਇਹ ਮਨਵਾ॥

ਮੁਹੱਬਤ ਜੰਗ  ਵਿਚ ਸੁਣਿਐਂ  ਕਿ ਸਭ  ਕੁਝ  ਜਾਇਜ਼ ਹੀ ਹੁੰਦੈ,
ਮਗਰ ਨਿਤ  ਪ੍ਰੇਮ ਹੀ ਕਰਦੈ  ਕਦੇ ਲੜਿਆ ਨਾ ਇਹ ਮਨਵਾ॥

ਕਿਹਾ  ਜਦ   ਏਸ   ਨੂੰ   ਖੜਨੈਂ   ਹਮੇਸ਼ਾਂ   ਹੱਕ-ਸਚ   ਖ਼ਾਤਰ,
ਇਹ ਡਟ ਕੇ ਜੂਝਿਆ ਲੜਿਆ ਕਦੇ ਨਿਵਿਆ ਨਾ ਇਹ ਮਨਵਾ॥

‘ਅਜੀਬਾ’  ਇਸ਼ਕ  ਦੀ ਮੰਜ਼ਲ ਨੂੰ  ਪਾਉਣਾ!  ਰੱਬ ਪਾਉਣਾ  ਏਂ,
ਮੁਹੱਬਤ-ਚਾਲ ‘ਤੇ  ਟੁਰਿਆ ਕਦੇ  ਮੁੜਿਆ  ਨਾ  ਇਹ ਮਨਵਾ॥
(08.4.2021)
*

ਦਰਦ ਮੇਰਾ ਹੀ ਨਹੀਂ ਲੋਕਾਂ ‘ਤੇ ਝੁਲਿਆ ਕਹਿਰ ਹੈ।
(SISSx3+SIS)

7. ਗ਼ ਜ਼ ਲ

ਦਰਦ   ਮੇਰਾ ਹੀ   ਨਹੀਂ   ਲੋਕਾਂ  ‘ਤੇ  ਝੁੱਲਿਆ   ਕਹਿਰ  ਹੈ।
ਛੱਡਿਆ   ਪਰਦੂਸ਼ਣਾਂ   ਨਾ   ਪਿੰਡ   ਨਾ   ਕੋਈ  ਸ਼ਹਿਰ  ਹੈ। 

ਕਿਸ  ਤਰਾਂ   ਦਾ  ਦੌਰ  ਹੈ   ਲਗਦੈ  ਕਿਆਮਤ  ਆ   ਗਈ,
ਦੇਸ ਵਿਚ  ਬਚਿਆ ਨਾ ਨਿਰਮਲ ਨੀਰ ਨਾ ਕੋਈ ਨਹਿਰ ਹੈ। 

ਤਨ  ਮਿਰੇ  ਵਿਚ  ਖੰਡ  ਦੀ  ਮਿਕਦਾਰ  ਵਧਦੀ  ਜਾ  ਰਹੀ,
ਜਾਪਦੀ   ਮੈਨੂੰ   ਜੋ   ਮਿੱਠੀ  ਤਨ   ਨੂੰ  ਖਾਊ   ਜ਼ਹਿਰ   ਹੈ। 

ਹਰ   ਦਿਸ਼ਾ   ਵਲ    ਵੇਖਿਆ   ਅੰਧੇਰ   ਹੀ   ਅੰਧੇਰ   ਮੈਂ,
ਕਿਰਨ ਆਸ਼ਾ ਦੀ ਦਿਖੇ  ਨਾ ਗਹਿਰ  ਹੀ  ਬਸ  ਗਹਿਰ  ਹੈ। 

ਹਰ   ਕੋਈ  ਦੀਵਾਨਗੀ  ਤੇਰੀ  ਦਾ  ਹੋਇਆ   ਹੈ  ਸ਼ਿਕਾਰ,
ਐ   ਗ਼ਜ਼ਲ  ਚਾਰੋਂ  ਤਰਫ਼  ਤੇਰੀ   ਹੀ  ਚੱਲੀ  ਲਹਿਰ   ਹੈ। 

ਹਰ ਸਮੇਂ  ਬਿਰਤੀ  ਤਿਰੀ  ਰਹਿੰਦੀ ‘ਅਜੀਬਾ’ ਵਿਚ ਗ਼ਜ਼ਲ,
ਨਾ  ਪਤਾ   ਚੱਲੇ  ਕਿ  ਕਦ  ਦਿਨ  ਰਾਤ  ਜਾਂ  ਦੋਪਹਿਰ  ਹੈ। 

ਇਹ ਗ਼ਜ਼ਲ  ਕਵਿਤਾ ਨਹੀਂ  ਖੁੱਲ੍ਹੀ ਜੋ  ਖੁੱਲ੍ਹ  ਕੇ  ਕਹਿ  ਸਕੇਂ,
ਏਸ   ਵਿਚ  ‘ਗੁਰਸ਼ਰਨ’  ਹੁੰਦੀ  ਸੋਚ   ਬੰਦਸ਼  ਬਹਿਰ  ਹੈ।
***
171
***

About the author

ਗੁਰਸ਼ਰਨ ਸਿੰਘ ਅਜੀਬ
ਗੁਰਸ਼ਰਨ ਸਿੰਘ ਅਜੀਬ
07932752850 | merekhatt@hotmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਸ਼ਰਨ ਸਿੰਘ ਅਜੀਬ

View all posts by ਗੁਰਸ਼ਰਨ ਸਿੰਘ ਅਜੀਬ →