25 April 2024

ਤਿੰਨ ਕਵਿਤਾਵਾਂ— ਮਨੀਸ਼ ਕੁਮਾਰ ਬਹਿਲ, ਕਪੂਰਥਲਾ

1. ਮਜ਼ਦੂਰ ਦਿਵਸ

ਮਜ਼ਦੂਰ ਦਿਵਸ
ਕੋਝਾ ਮਜ਼ਾਕ ਲਗਦਾ ਮੈਨੂੰ

ਜਦੋਂ ਸੁੱਕੀਆਂ ਬਚੀਆਂ ਰੋਟੀਆਂ
ਤੇ ਫਰਿੱਜ ਚ ਪਈ ਪੁਰਾਣੀ ਮਿਠਾਈ 
ਪੈਕ ਕਰਕੇ ਏਦਾਂ ਦਿੱਤੀ ਜਾਂਦੀ
ਜਿਵੇਂ ਅਹਿਸਾਨ ਕੀਤਾ ਹੋਵੇ

ਮਜ਼ਦੂਰ ਦਿਵਸ
ਕੋਝਾ ਮਜ਼ਾਕ ਲਗਦਾ ਮੈਨੂੰ

ਜਦੋਂ ਦਸ ਦਸ ਮਿੰਟ ਕਰਕੇ
ਅੱਧੀ ਦਿਹਾੜੀ ਵੱਧ ਲਵਾ ਕੇ
ਹਿਸਾਬ ਕਰਨ ਵੇਲੇ ਉਸ ਨਾਲ
ਇੱਕ ਇੱਕ ਘੰਟਾ ਗਿਣਵਾਇਆ ਜਾਂਦਾ

ਮਜ਼ਦੂਰ ਦਿਵਸ
ਕੋਝਾ ਮਜ਼ਾਕ ਲਗਦਾ ਮੈਨੂੰ

ਜਦੋਂ ਧਨਾਢ ਸੋਚਦਾ
ਕਿ ਇਹ ਪ੍ਰਵਾਸੀ ਕੌਨ ਹੁੰਦਾ
ਠੇਕੇਦਾਰ ਕਹਿਲਾਉਣ ਵਾਲਾ
ਪੈਸੇ ਤਾਂ ਸਾਡੇ ਕੋਲੋਂ ਲੈਣੇ ਨੇ

ਮਜ਼ਦੂਰ ਦਿਵਸ
ਕੋਝਾ ਮਜ਼ਾਕ ਲਗਦਾ ਮੈਨੂੰ

ਜਦੋਂ ਕੰਮ ਵਾਲੀ ਬਾਈ 
ਆਪਣੇ ਬੱਚੇ ਨੂੰ ਗੇਟ ਕੋਲ 
ਛੱਡ ਕੇ ਕੰਮ ਨਿਪਟਾਉਂਦੀ ਹੈ
ਕਿ ਮਾਲਕ ਦਾ ਘਰ ਗੰਦਾ ਨਾ ਹੋਜੇ

ਮਜ਼ਦੂਰ ਦਿਵਸ
ਕੋਝਾ ਮਜ਼ਾਕ ਲਗਦਾ ਮੈਨੂੰ

ਜਦੋਂ ਮਾਲੀ ਤਪਦੀ ਧੁੱਪੇ
ਤੁਹਾਡੀ ਕੋਠੀ ਦੀ ਸ਼ਾਨ
ਤੁਹਾਡੇ ਲਾਨ ਨੂੰ ਸੰਵਾਰਦਾ
ਤੇ ਤੁਸੀਂ ਇਕ ਫ਼ਲ ਉਸਨੂੰ ਨਹੀਂ ਦਿੰਦੇ

ਮਜ਼ਦੂਰ ਦਿਵਸ
ਕੋਝਾ ਮਜ਼ਾਕ ਲਗਦਾ ਮੈਨੂੰ

ਜਦੋਂ ਡਰਾਈਵਰ ਬਾਹਰ ਬੈਠਦਾ
ਤੇ ਤੁਸੀਂ ਅੰਦਰ ਫ਼ੰਕਸ਼ਨ ਮਾਣਦੇ
ਉਹ ਭੁੱਖਾ ਬੈਠਾ ਰਹਿੰਦਾ ਕਿ ਕਿਤੇ
ਪਿੱਛਿਓਂ ਮਾਲਕ ਨਾ ਆ ਜਾਵਣ

ਮਜ਼ਦੂਰ ਦਿਵਸ
ਕੋਝਾ ਮਜ਼ਾਕ ਲਗਦਾ ਮੈਨੂੰ

ਜਦੋਂ ਇਮਾਰਤਾਂ ਪੁਲ ਡਿਗ ਜਾਂਦੇ ਨੇ
ਕੰਟਰੈਕਟਰਾਂ ਦੇ ਰੌਲੇ ਚ ਗੁੰਮ ਜਾਂਦੀਆਂ ਮੌਤਾਂ
ਖਬਰਾਂ ਲੱਗ ਕੇ ਪੁਰਾਣੀਆਂ ਹੋ ਜਾਂਦੀਆਂ
ਪਰ ਉਸ ਦੇ ਘਰ ਫ਼ਿਰ ਕਦੀ ਦੀਵਾ ਨਹੀਂ ਜਲਦਾ

ਮਜ਼ਦੂਰ ਦਿਵਸ
ਕੋਝਾ ਮਜ਼ਾਕ ਲਗਦਾ ਮੈਨੂੰ

ਕਹਾਣੀ ਬਹੁਤ ਲੰਮੀ ਤੇ ਗੱਲਾਂ ਵੀ ਬਹੁਤ ਨੇ
ਹਰ ਘਰ ਮੈਂ ਤੱਕਦਾ ਹਾਂ ਇਹ ਹਾਲਾਤ
ਬਾਈ ਮਾਲੀ ਮਿਸਤਰੀ ਦਾ ਸ਼ੋਸ਼ਣ ਹੁੰਦੇ
ਤੇ ਮਾਲਕ ਦਾ ਹੁੰਦੈ ਸੋਸ਼ਣ ਅਫਸਰ-ਸ਼ਾਹੀ ਵਲੋਂ

ਮਜ਼ਦੂਰ ਦਿਵਸ
ਕੋਝਾ ਮਜ਼ਾਕ ਲਗਦਾ ਮੈਨੂੰ
*

2. ਮੇਰਾ ਜੀਵੇ ਪੰਜਾਬ

ਕੰਕਰੀਟ, ਕਿੱਲਾਂ, ਤੇ ਹੱਥਾਂ ਚ ਤਲਵਾਰਾਂ ….
ਝੂਠ ਪੰਡ ਖਬਰਾਂ, ਤੇ ਵਿਕੀਆਂ ਹੋਈਆਂ ਅਖ਼ਬਾਰਾਂ….
ਜਮ੍ਹਾਂ ਮੂੜ੍ਹ ਮੱਤ ਨੇਤਾ, ਤੇ ਮੂੜ੍ਹ ਮੱਤ ਸਰਕਾਰਾਂ…
ਮਸਲਾ ਸੀ ਕਿਰਸਾਨੀ,  ਤੇ ਬਣਾ ਦਿੱਤਾ ਖ਼ਿਲਾਫ਼ ਸਰਦਾਰਾਂ ….

ਇਹ ਫੁੱਟ ਪਾਉਂਦੇ ਸ਼ੁਰੂ ਤੋਂ, ਤੇ ਲੜਾਉਂਦੇ ਭਰਾਵਾਂ ਨੂੰ…
ਹਜ਼ੂਮ ਜਿੱਧਰ ਤੁਰਦਾ, ਇਹ ਬੰਦ ਕਰਨ ਰਾਹਵਾਂ ਨੂੰ…
ਇਤਿਹਾਸ ਪਏ ਸੀ ਰਚਦੇ, ਨਾਮ ਦੇ ਤੇ ਸੀ ਥਾਵਾਂ ਨੂੰ…
ਹਾਕਮ ਗੱਲ ਦਿੰਦੇ ਅੰਗੂਠੇ, ਰੋਕਣ ਪਏ ਨੇ ਸਾਹਵਾਂ ਨੂੰ…

ਜਬਰਦਸਤੀ ਦੇ ਲਾਭ ਦੇਣ, ਜਿਹੜੇ ਕਿਸੇ ਨੇ ਨਾ ਮੰਗੇ…
ਇਹ ਰਚਦੇ ਨੇ ਸਾਜਿਸ਼ਾਂ, ਹੱਥ ਇਹਨਾਂ ਦੇ ਲਹੂ ਰੰਗੇ…
ਸ਼ਾਂਤ ਸੀ ਹੈ ਇਕੱਠ ਤਾਂ, ਇਹ ਬਣਦੇ ਰਹੇ ਨੇ ਚੰਗੇ…
ਹੁਣ ਹੱਕ ਲਈ ਨੇ ਬੋਲੇ, ਤਾਂ ਕਹਿਣ ਇਹਨਾਂ ਕਾਨੂੰਨ ਛਿੱਕੇ ਟੰਗੇ…

ਬੋਲ ਹੋ ਜਾਣਾ ਜਿਆਦਾ, ਹੁਣ ਕਲਮ ਕੌਣ ਰੋਕੇ..
ਇਹਨਾਂ ਪਥਰਦਿਲਾਂ ਨੂੰ ਦਿਸਦੇ,  ਨਾ ਹੰਝੂ ਤੇ ਨਾ ਹੋਕੇ..
ਇਹ ਘਰ ਪਏ ਕੀ ਜਾਨਣ,  ਕੀ ਰੋੜ੍ਹ ਨੇ ਤੇ ਕੀ ਸੋਕੇ..
ਜਿਸਦਾ ਅੰਨ ਪਏ ਨੇ ਖਾਵਣ, ਉਹਨੂੰ ਛੇਕਣ ਅਜੋਕੇ..

ਮਾਲਕ ਸੋਝੀ ਦੇ ਸਭਨੂੰ, ਹੁਣ ਮਸਲਾ ਹੱਲ ਹੋਜੇ…
ਜਿੱਦ ਤੇ ਅੜਿਆਂ ਦੇ ਮਨੀਂ, ਬਸ ਕਿਧਰੇ ਠੱਲ ਹੋਜੇ..

ਜਿਸਦੇ ਆਪਣੇ ਨੇ ਤੁਰ ਗਏ, ਉਹਥੋਂ ਦੁੱਖ ਝੱਲ ਹੋਜੇ..
ਐਵੇਂ ਕਿਤੇ ਦੇਰ ਕੀਤਿਆਂ, ਨਾ ਓਹੀ ਗੱਲ ਹੋਜੇ..
**

3. ਕਰੋਨਾ ਮਹਾਂਮਾਰੀ

ਗੰਧਲੇ ਕਰਕੇ ਸਾਰੇ ਪੌਣ ਪਾਣੀ
ਅੱਜ ਤਰਸਦੇ ਫ਼ਿਰਦੇ ਹਾਂ ਸਾਹਵਾਂ ਨੂੰ।
ਇਨਸਾਨ ਅੰਦਰਾਂ ਚ ਲੁਕੇ ਫ਼ਿਰਦਾ
ਲਾਸ਼ਾਂ ਲਭਦੀਆਂ ਨੇ ਖ਼ਾਲੀ ਰਾਹਵਾਂ ਨੂੰ।

ਖੌਰੇ ਅਗਨੀ ਨਸੀਬ ਹੋਣੀ ਕਿਸ ਹੱਥੋਂ
ਕਿਸੇ ਦੇ ਮਾਪੇ ਕਿਸੇ ਦੇ ਜੁਆਕ ਗਏ।
ਰੌਲੇ ਗੌਲੇ ਧਰਮ ਅਣਗੌਲਿਆ ਗਿਆ
ਕੁਝ ਦੱਬ ਹੋਏ ਕੁਝ ਵਿਚ ਰਾਖ਼ ਗਏ।

ਇਕ ਵਿਸ਼ਾਨੂ ਨੇ ਕੱਢ ਸਚਾਈ ਦਿੱਤੀ
ਤਰੱਕੀਆਂ ਕੰਮ ਕਿਸੇ ਵੀ ਆਈ ਨਾ।
ਜੇਹੜੇ ਸੋਨੇ ਦੇ ਬਰਤਨ ਚ ਖਾਵੰਦੇ ਸੀ
ਸੁਣਿਆਂ ਚਿਖ਼ਾ ਵੀ ਕਿਸੇ ਸਜਾਈ ਨਾ।

ਕੁਦਰਤ ਨਾਲ ਖੇਡਾਂ ਖੇਡਦੇ ਅਸੀਂ,
ਖ਼ੁਦ ਨਿਆਮਤਾਂ ਨੂੰ ਹੱਥੀਂ ਰੋੜ੍ਹ ਬੈਠੇ।
ਮੰਦਰ ਮਸਜਿਦ ਵੱਲ ਸੋਚ ਉਲਝਾ ਕੇ,
ਮੁੱਖ ਜਰੂਰਤਾਂ ਤੋਂ ਮੁੱਖ ਮੋੜ ਬੈਠੇ।
***
163
***

About the author

mannish behal
ਮਨੀਸ਼ ਕੁਮਾਰ ਬਹਿਲ, ਕਪੂਰਥਲਾ
+91 9872927584 | manish.brock85@gmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਮਨੀਸ਼ ਕੁਮਾਰ ਬਹਿਲ,
ਕਲਰਕ,
ਦਫ਼ਤਰ ਜਿਲ੍ਹਾ ਸਿੱਖਿਆ ਅਫਸਰ,
ਕਪੂਰਥਲਾ

209 Urban Estate, Kapurthala

ਮਨੀਸ਼ ਕੁਮਾਰ ਬਹਿਲ, ਕਪੂਰਥਲਾ

ਮਨੀਸ਼ ਕੁਮਾਰ ਬਹਿਲ, ਕਲਰਕ, ਦਫ਼ਤਰ ਜਿਲ੍ਹਾ ਸਿੱਖਿਆ ਅਫਸਰ, ਕਪੂਰਥਲਾ 209 Urban Estate, Kapurthala

View all posts by ਮਨੀਸ਼ ਕੁਮਾਰ ਬਹਿਲ, ਕਪੂਰਥਲਾ →