ਤਾਰੀਖ਼-ਇ-ਪੰਜਾਬ
*
ਅਜਮਲ ਕਾਦਰਾ
ਗੱਲ ਸੁਣ ਤੂੰ ਜ਼ਹੀਰਾ ਓਏ!
ਤਾਰੀਖ਼-ਇ-ਪੰਜਾਬ
ਮੁੜ ਲਿਖ ਦਈਏ ਵੀਰਾ ਓਏ!
ਘੁੰਮਦਾ ਖਿਆਲ
ਅੱਖਾਂ ਅੱਗੇ ਨਨਕਾਣੇ ਦਾ ।
ਜਿਲ੍ਹਾ ਸ਼ੇਖੂਪੁਰ
ਪਿੰਡ ਚੱਕ ਦਾਮੂਆਣੇ ਦਾ ।
ਜਿੱਥੇ ਦਾਦੀ ਜੰਮਿਆਂ ਸੀ
ਬਾਪ ਮੇਰਾ ਹੀਰਾ ਓਏ!
ਅਜਮਲ ਕਾਦਰਾ
ਗੱਲ ਸੁਣ ਤੂੰ ਜ਼ਹੀਰਾ ਓਏ!
ਵੱਜੇ ਕਾਦਰਾ ਓਏ ਗੇੜਾ
ਤੇਰੇ ਨੰਦਾਚੌਰ ਦਾ ।
ਅੱਖਾਂ ਅੱਗੇ ਘੁੰਮ ਜਾਂਦਾ
ਬੁਰਜ ਲਹੌਰ ਦਾ ।
ਜਿੱਥੋਂ ਸੀ ਰੰਗਾਉਂਦਾ ਬਾਬਾ
ਮਜੀਠ ਰੰਗਾ ਚੀਰਾ ਓਏ!
ਅਜਮਲ ਕਾਦਰਾ
ਗੱਲ ਸੁਣ ਤੂੰ ਜ਼ਹੀਰਾ ਓਏ !
ਮਾਣ ਜਾਈਂ ਜ਼ਹੀਰਾ
ਰੁੱਤ ਅੰਬੀਆਂ ਦੇ ਬੂਰ ਦੀ।
ਦੇਖ ਜਾਈਂ ਜੂਹ
ਆ ਕੇ ਆਪਣੇ ਖਨੂਰ ਦੀ ।
ਜਿੱਥੇ ਤੇਰੇ ਬਾਬੇ ਦਾ ਸੀ
ਚਲਦਾ ਗਡੀਰਾ ਓਏ!
ਅਜਮਲ ਕਾਦਰਾ
ਗੱਲ ਸੁਣ ਤੂੰ ਜ਼ਹੀਰਾ ਓਏ!
ਵਾਹਗੇ ਵਾਲੀ ਲੀਕ
ਪਾਈਆਂ ਐਸੀਆਂ ਵੰਡੀਆਂ ।
‘ਰੂਪ’ ਸੁਲਗਣ ਯਾਦਾਂ
ਹੋਣੀਆਂ ਨਾ ਠੰਡੀਆਂ ।
ਹਾਕਮਾਂ ਪੰਜਾਬ ਕੀਤਾ
ਅੱਖੀਆਂ ਤੋਂ ਟੀਰਾ ਓਏ!
ਅਜਮਲ ਕਾਦਰਾ
ਗੱਲ ਸੁਣ ਤੂੰ ਜ਼ਹੀਰਾ ਓਏ !
*
ਕੁੰਡਲੀ ਛੰਦ (ਸੋਲਾਂ ਕਲਾ)
*
ਪਲ ਪਲ ਯਾਦ ਆਵੇ, ਬੈਠ ਸੁਣ ਯਾਰਾ ਗਲ।
ਗਲ ਡੂੰਘੀ ਰਮਜ਼ ਦੀ, ਕਰੀਂ ਨਾ ਤੂੰ ਵਲ ਛਲ।
ਛਲ ਤਾਂ ਜਹਾਨ ਕਰੇ, ਸੁੱਟ ਦਿੰਦਾ ਦਲ ਦਲ।
ਦਲ ਦਲ ਦੁਨੀਆਂ ਦੀ, ਇਸ਼ਕ ਦਾ ਦੇਖੇ ਝਲ੍ਹ ।
ਝਲ੍ਹ ਤਾਈਂ ਖਿਲਾਰੀਏ, ਯਾਰ ਵਿਚ ਹੋਏ ਬਲ।
ਬਲ ਬਿਨਾਂ ਦਿਸਦਾ ਨਾ, ਮੰਜ਼ਿਲਾਂ ਦੇ ਵਾਲਾ ਤਲ।
ਤਲ ਉੱਤੇ ਨਜ਼ਰ ਹੋਵੇ ,ਔਕੜਾਂ ਦਾ ਹੋਵੇ ਹਲ।
ਹਲ ਦੇ ਬਿਨਾਂ ਜ਼ਿੰਦਗੀ, ਸੂਲੀ ਚੜ੍ਹੇ ਪਲ ਪਲ ।
*
ਕੁੰਡਲੀ ਛੰਦ (ਸੋਲਾਂ ਕਲਾ)
ਛਣ ਛਣ ਨਾਰ ਕਰੇ, ਗਿੱਧੇ ਵਿਚ ਬਣ ਬਣ।
ਬਣ ਬਣ ਨੱਚਦੀ ਨੂੰ, ਚਾਅ ਚੜ੍ਹੇ ਮਣ ਮਣ ।
ਮਣ ਮਣ ਨੂਰ ਵਰ੍ਹੇ, ਝੂਮ ਉੱਠੇ ਕਣ ਕਣ ।
ਕਣ ਕਣ ਮਾਣਦਾ ਏ, ਹੁਸਨਾਂ ਦੀ ਘਣ ਘਣ।
ਘਣ ਘਣ ਵੱਜਦੀ ਏ, ਦਿਲਾਂ ਉੱਤੇ ਟਣ ਟਣ।
ਟਣ ਟਣ ਖੇਡਦੀ ਏ, ਚੋਬਰਾਂ ਨਾ’ ਪਣ ਪਣ।
ਪਣ ਪਣ ਜਿੱਤੀਦਾ ਨਾ, ਛਾਤੀਆਂ ਨੂੰ ਤਣ ਤਣ।
ਤਣ ਤਣ ਮੋਮ ਹੋਵੇ, ‘ਰੂਪ ‘ ਸੁਣ ਛਣ ਛਣ।
ਘਣ – ਚਮਕ, ਪਣ – ਜੂਆ
*
ਰੂਪ ਲਾਲ ਰੂਪ
ਪਿੰਡ ਭੇਲਾਂ ਡਾਕਖਾਨਾ ਨਾਜਕਾ
ਜਿਲ੍ਹਾ ਜਲੰਧਰ (ਪੰਜਾਬ)
94652-25722 |