24 May 2024

ਪੰਜ ਕਵਿਤਾਵਾਂ/ਚਾਰ ਗ਼ਜ਼ਲਾਂ—ਅਮਰਜੀਤ ਸਿੰਘ ਸਿੱਧੂ, ਜਰਮਨੀ

1.ਗ਼ਜ਼ਲ 

ਉਸ ਹਾਦਸੇ ਨੂੰ ਭੁੱਲ ਜਾ, ਸੁਣ ਨਾ ਲੋਕਾਂ ਦੀਆਂ ਗੱਲਾਂ। 
ਇਸ ਕਾਫਲੇ ਵਿਚ ਰੁੱਲ ਜਾ, ਸੁਣ ਨਾਂ ਲੋਕਾਂ ਦੀਆਂ ਗੱਲਾਂ। 

ਇੰਨਾ ਸਮਾਂ ਹੈ ਕਦ ਜਮਾਨੇ ਕੋਲੇ ਤੇਰੀ ਗੱਲ ਕਰੇ, 
ਤੂੰ ਵਾਂਗ ਝੱਖੜ ਝੁੱਲ ਜਾ, ਸੁਣ ਨਾ ਲੋਕਾਂ ਦੀਆਂ ਗੱਲਾਂ। 

ਜੇ ਦੀਦ ਕਰਨਾ ਯਾਰ ਦਾ ਤਾਂ ਮਕਤਲ ਤੋਂ ਡਰਨਾ ਕਿਉਂ 
ਤੂੰ ਰੰਗ ਬਣ ਕੇ ਘੁੱਲ ਜਾ, ਸੁਣ ਨਾਂ ਲੋਕਾਂ ਦੀਆਂ ਗੱਲਾਂ। 

ਹੈ ਬੋਲ-ਬਾਲਾ ਝੂਠ ਦਾ, ਕਦਰ ਨਹੀਂ ਸੱਚੇ ਦੀ ਇੱਥੇ, 
ਤੂੰ ਸੱਚ ਦੇ ਨਾਂ ਤੁੱਲ ਜਾ, ਸੁਣ ਨਾਂ ਲੋਕਾਂ ਦੀਆਂ ਗੱਲਾਂ। 

ਇਸ ਨੂੰ ਸਮੇਂ ਦੀ ਚਾਲ ਆਖੇ, ਜਾਂ ਮੰਨੇ ਸਾਜਿਸ਼ ਕੋਈ, 
ਇਸ ਬਾਤ ਨੂੰ ਤੂੰ ਭੁੱਲ ਜਾ, ਸੁਣ ਨਾਂ ਲੋਕਾਂ ਦੀਆਂ ਗੱਲਾਂ। 

ਤੂੰ ਪੱਤਝੜ ਦਾ ਫੁੱਲ ਬਣਕੇ, ਹੁਣ ਵੰਡ ਮਹਿਕ ਐ ਸਿੱਧੂ, 
ਤੂੰ ਚੀਜ ਬਣ ਅਣਮੁੱਲ ਜਾ, ਸੁਣ ਨਾਂ ਲੋਕਾਂ ਦੀਆਂ ਗੱਲਾਂ।
*
2. ਗ਼ਜ਼ਲ

ਬਹੁਤ ਮੁਸ਼ਕਲਾਂ ਨਾਲ ਬਣਾਉਂਦਾ ਘਰਬਾਰ ਬੰਦਾ। 
ਉੱਚਾ ਵੇਖਣ  ਖਾਤਰ ਆਪਣਾ  ਪਰਵਾਰ ਬੰਦਾ। 

ਤਾ- ਉਮਰ ਰਹੇ  ਲੜਦਾ ਜੰਗ ਜੋ ਸੰਗ ਗੁਰਬਤ ਦੇ, 
ਜਾਂਦਾ  ਆਪਣਿਆਂ  ਦੇ ਸਾਹਵੇਂ  ਉਹ  ਹਾਰ ਬੰਦਾ। 

ਲਾਲਚ ਰਿਸ਼ਤੇਦਾਰਾਂ  ਦੇ ਵਿਚ ਜਦੋਂ  ਵੱਧ ਜਾਵੇ,
ਫਿਰ ਰੱਖ ਇਕੱਠਾ ਸਕਦਾ ਨਹੀਂ ਪਰਵਾਰ ਬੰਦਾ। 

ਉਹ ਦੁੱਖ ਕਿਸੇ ਦਾ ਹਰ ਸਕਣ ਦੇ ਕਾਬਿਲ ਨਹੀ ਹੈ,
ਜਾਂਦਾ  ਦੂਸਰਿਆਂ  ਦੇ  ਹੱਕ  ਨੂੰ  ਜੋ ਮਾਰ ਬੰਦਾ

ਜਨਤਾ ਸਾਹਮਣੇ  ਇੱਜਤ ਆਪਣੇ ਦੀ ਰੋਲਦਾ ਜੋ, 
ਸਿੱਧੂ ਉਹ ਨੀ  ਹੋ ਸਕਦਾ ਕਦੇ  ਸਰਦਾਰ ਬੰਦਾ

3. ਗ਼ਜ਼ਲ
 
ਛੱਡ ਖਹਿੜਾ ਭਿੜਨ ਭੜਾਉਣ ਦਾ, ਕਰ ਕੰਮ ਚੰਗਾ। 
ਫਾਇਦਾ ਕੀ ਲੂਤੀ  ਲਾਉਣ  ਦਾ, ਕਰ ਕੰਮ ਚੰਗਾ।

ਮਾਰ ਠੱਗੀਆਂ ਜੋੜ ਰਿਹਾਂ ਕੀ ਇਹ ਨਾਲ ਜਾਊ? 
ਕੱਢ ਰਸਤਾ ਲੇਖੇ ਲਾਉਣ ਦਾ ਕਰ ਕੰਮ ਚੰਗਾ। 

ਦੱਸ ਔਝੜ ਰਾਹਾਂ ਦਾ ਰਾਹੀ ਕਿਉਂ ਬਣ ਰਿਹਾਂ ਤੂੰ, 
ਕੇਸਰੀ ਝੰਡਾ ਲਹਿਰਾਉਣ ਦਾ ਕਰ ਕੰਮ ਚੰਗਾ। 

ਢਿੱਡ  ਤੋਂ  ਭੁੱਖੇ  ਨੂੰ  ਰੋਟੀ  ਦੇਣਾ  ਹੈ ਵਧੀਆ, 
ਇਸ ਤਰ੍ਹਾਂ ਦੀ ਪਿਰਤ ਚਲਾਉਣ ਦਾ ਕਰ ਕੰਮ ਚੰਗਾ

ਦਰਦ ਦੁੱਖੀ ਦਾ ਹਰਨਾ ਵਿਰਸੇ ਦਾ ਅੰਗ ਸਿੱਧੂ, 
ਘਰ ਘਰ ਚ ਗੱਲ ਪਹੁੰਚਾਉਣ ਦਾ ਕਰ ਕੰਮ ਚੰਗਾ।
*

4. ਗ਼ਜ਼ਲ 

ਆ ਬੈਠ ਕਰੀਏ ਕੋਈ ਗੱਲ ਪਿਆਰ ਦੀ। 
ਭੁਲ ਕੇ ਬਾਤ ਪੁਰਾਣੀ ਉਹ ਤਕਰਾਰ ਦੀ। 

ਲੰਘੇ ਨੂੰ ਭੁਲ ਜਾਈਏ ਸੁਪਨਾ ਜਾਣ ਕੇ, 
ਲੋੜ ਨਹੀਂ ਪੈਣੀ ਫੇਰ ਕਿਸੇ ਹਥਿਆਰ ਦੀ।

ਮਾਂ ਤੇ ਪਿਉ ਨੂੰ ਸਾਂਭੇ ਵਾਗੂੰ ਭਗਵਾਨ ਜੋ, 
ਸੋਭਾ ਹੈ ਚਾਰੇ ਪਾਸੇ ਉਸ ਪਰਿਵਾਰ ਦੀ। 

ਗੱਲਾਂ ਦੀ ਖੱਟੀ ਖਾਣ ਭਲੇ ਨੂੰ ਨਿੰਦਣਾ, 
ਬਣ ਚੱਲੀ ਆਦਤ ਵੇਖੋ ਹੁਣ ਸੰਸਾਰ ਦੀ। 

ਭੇਤੀ ਘਰ ਦਾ ਹੀ ਜਦ ਲੰਕਾ ਨੂੰ ਸਾੜਦਾ,
ਕਿਹੜੀ ਗੱਲ ਉਥੇ ਰਹਿਗੀ ਦੱਸ ਪਿਆਰ ਦੀ

ਖੰਭਾਂ ਦੀ ਡਾਰ ਬਣਾ ਲੋਕ ਉਡਾਉਣ ਜਦੋਂ, 
ਉਡਦੀ ਹੈ ਖੇਹ ਉਦੋਂ ਸਿੱਧੂ ਸਤਕਾਰ ਦੀ
*
5. ਪਤਾ ਲੱਗ ਜਾਊ

ਕੁੱਝ ਦਿਨਾਂ ਵਿਚ ਸਾਰਾ ਹੀ ਪਤਾ ਲੱਗ ਜਾਊ। 
ਕਿਹੜਾ ਜਿੱਤੂ ਕਿਹੜਾ ਹਾਰ ਕੇ ਭੱਜ ਜਾਊ। 

ਖੇਡ ਰਿਹਾ ਹਰ ਨੇਤਾ ਖੇਡ ਹੈ ਲਾਰਿਆਂ ਦੀ, 
ਕਿਹੜਾ ਵੋਟਰ ਨੂੰ ਉਗਲਾਂ ਉਤੇ ਹੁਣ ਨਚਾਊ। 

ਜੇਕਰ ਵੋਟਰ ਕੰਮ ਲਵੇ ਅਕਲ ਆਪਣੀ ਤੋਂ 
ਫਿਰ ਧੋਖੇ ਤੋਂ ਇਸ ਵਾਰੀ ਇਹੇ ਬੱਚ ਜਾਊ। 

ਲੀਡਰ ਕਰਨ ਤਮਾਸ਼ਾ ਚੜ ਸਟੇਜਾਂ ਉਪਰ ਜੇ, 
ਬੇਰੁਜ਼ਗਾਰ ਸਵਾਲ ਕਰ ਜਨਤਾ ਨੂੰ ਹਸਾਊ। 

ਸਿੱਧੂ ਮੈਨੂੰ ਇਸ ਵਾਰੀ ਇਉ ਲੱਗਦਾ ਹੈ, 
ਵੋਟਰ ਨੇਤਾਵਾਂ ਨੂੰ ਯਾਦ ਨਾਨੀ ਕਰਾਊ।
*

***
637
***

About the author

ਅਮਰਜੀਤ ਸਿੰਘ ਸਿੱਧੂ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਅਮਰਜੀਤ ਸਿੰਘ ਸਿੱਧੂ
ਬੱਧਨੀ ਕਲਾਂ 142037, ਜਿਲ੍ਹਾ ਮੋਗਾ
ਹਾਲ ਆਬਾਦ
Amarjit Singh sidhu
Ellmenreich Str 26, 
20099 Hamburg (Germany) 
+4917664197996
Amarjit Sidhu <amarjitsidhu365@gmail.com>

ਅਮਰਜੀਤ ਸਿੰਘ ਸਿੱਧੂ

ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ 142037, ਜਿਲ੍ਹਾ ਮੋਗਾ ਹਾਲ ਆਬਾਦ Amarjit Singh sidhu Ellmenreich Str 26,  20099 Hamburg (Germany)  +4917664197996 Amarjit Sidhu <amarjitsidhu365@gmail.com> 

View all posts by ਅਮਰਜੀਤ ਸਿੰਘ ਸਿੱਧੂ →