27 April 2024
ਖੁਸ਼ੀ ਮੁਹੰਮਦ ਚੱਠਾ

ਚਾਰ ਕਵਿਤਾਵਾਂ—✍️ਖੁਸ਼ੀ ਮੁਹੰਮਦ “ਚੱਠਾ”

੧. ਮਜ਼ਦੂਰ ਔਰਤ

ਕੜਕਦੀ ਧੁੱਪ ਵੇਲਾ ਸਿਖਰ ਦੁਪਹਿਰ ਦਾ 
ਧਾਰਾਂ ਬੰਨ੍ਹ ਮੱਥੇ ਤੋਂ ਪਸੀਨਾ ਚੋਵੇ ਕਹਿਰ ਦਾ 
ਭੁੱਖ ਨਾਲ ਆਂਦਰਾਂ ਵੀ ਹੋਈ ਜਾਣ ਕੱਠੀਆਂ
ਨੰਗੇ ਪੈਰ ਸੜਕ ਵੀ ਤਪੇ ਵਾਂਗ ਭੱਠੀਆਂ
ਕੱਪੜੇ ਵੀ ਪੂਰੇ ਨਹੀਂ ਜੋ ਤਨ ਨੂੰ ਢਕਣ ਮੇਰੇ, 
ਨਿੱਕੀ ਜਿੰਨੀ ਜਿੰਦ ਰੱਬਾ, ਦੁੱਖੜੇ ਹਜ਼ਾਰ ਨੇ 
ਮੁੜ੍ਹਕੇ ਨਾ ਸਿੰਜੇ ਹੋਏ, ਮਿਹਨਤਾਂ ਦੇ ਬੂਟਿਆਂ ‘ਤੇ 
ਦੱਸ ਰੱਬਾ ਕਿਹੜੀ ਰੁੱਤੇ ਆਉਣੀ ਆਂ ਬਹਾਰ ਏ…?

ਔਰਤ ਹਾਂ, ਮਾਂ ਵੀ  ਹਾਂ, ਨਾਲੇ ਇੱਕ ਮਜ਼ਦੂਰ ਹਾਂ
ਜ਼ਿੰਦਗੀ ਜਿਊਣ ਲਈ ਮੈਂ ਬੜੀ ਮਜ਼ਬੂਰ ਹਾਂ 
ਹੋ ਗਿਆ ਏ ਔਖਾ ਬੜਾ ਕਰਨਾ ਗੁਜ਼ਾਰਾ ਏ
ਮੇਰੇ ਜਿਹੀ ਗਰੀਬਣੀ ਦਾ ਕੋਈ ਨਹੀਂ ਸਹਾਰਾ ਏ
ਚੁੱਲ੍ਹੇ ਲਈ ਕੱਠੀਆਂ ਜੋ ਕੀਤੀਆਂ ਨੇ ਲੱਕੜਾਂ 
ਗੋਦੀ ਵਿੱਚ ਲਾਲ, ਸਿਰ ਲੱਕੜਾਂ ਦਾ ਭਾਰ ਏ
ਮੁੜ੍ਹਕੇ ਨਾ ਸਿੰਜੇ ਹੋਏ, ਮਿਹਨਤਾਂ ਦੇ ਬੂਟਿਆਂ ‘ਤੇ 
ਦੱਸ ਰੱਬਾ ਕਿਹੜੀ ਰੁੱਤੇ ਆਉਣੀ ਆਂ ਬਹਾਰ ਏ…?

ਬੇਰੰਗੀ ਜ਼ਿੰਦਗੀ ਇਹ, ਸਾਡੀ ਜਿਉਂ ਵੀਰਾਨ ਏ
ਬੁੱਲ੍ਹਾਂ ਉੱਤੇ ਸਾਡੇ ਨਹੀਂਓਂ ਆਉਂਦੀ ਮੁਸਕਾਨ ਏ
ਪੈਂਦਾ ਨਹੀਂ ਕਿਉਂ ਪੂਰਾ, ਸਾਡੀ ਮਿਹਨਤਾਂ ਦਾ ਮੁੱਲ ਏ
ਕਿਹੜੀ ਰੱਬਾ ਸਾਡੇ ਕੋਲੋਂ ਹੋਈ ਐਸੀ ਭੁੱਲ ਏ
ਸਾਰਾ ਦਿਨ ਕੰਮ ਕਰ, ਥੱਕ ਟੁੱਟ ਚੂਰ ਹੋਕੇ 
ਮੰਗਾਂ ਮਜ਼ਦੂਰੀ ਜਦੋਂ, ਘੂਰੇ ਸ਼ਾਹੂਕਾਰ ਏ
ਮੁੜ੍ਹਕੇ ਨਾ ਸਿੰਜੇ ਹੋਏ, ਮਿਹਨਤਾਂ ਦੇ ਬੂਟਿਆਂ ‘ਤੇ 
ਦੱਸ ਰੱਬਾ ਕਿਹੜੀ ਰੁੱਤੇ ਆਉਣੀ ਆਂ ਬਹਾਰ ਏ…?

ਕਾਹਦੀ ਇਹੇ ਜਿੰਦ “ਖੁਸ਼ੀ” ਜੂਨ ਹੀ ਹੰਢਾਉਂਨੇ ਆਂ
ਅਸੀਂ ਵੀ ਕੋਈ ਸੋਹਣੀ, ਜ਼ਿੰਦਗੀ ਜਿਉਣਾ ਚਾਹੁੰਨੇ ਆਂ 
ਕੱਖਾਂ ਦੀ ਜੋ ਕੁੱਲੀ ਨੂੰ ਹੀ ਘਰ ਅਸੀਂ ਕਹਿਨੇ ਆਂ
ਜਿਸ ਦਿਨ ਮਿਲੇ ਨਾ ਦਿਹਾੜੀ ਭੁੱਖੇ ਰਹਿਨੇ ਆਂ
ਮਿਲੇ ਨਾ ਦਿਹਾੜੀ ਨਾ ਹੀ ਪੱਕਾ ਰੁਜ਼ਗਾਰ ਕੋਈ 
ਸਾਡੇ ਲਈ ਤਾਂ ਕੁੱਝ ਵੀ ਨਾ ਸੋਚੇ ਸਰਕਾਰ ਏ
ਮੁੜ੍ਹਕੇ ਨਾ ਸਿੰਜੇ ਹੋਏ, ਮਿਹਨਤਾਂ ਦੇ ਬੂਟਿਆਂ ‘ਤੇ 
ਦੱਸ ਰੱਬਾ ਕਿਹੜੀ ਰੁੱਤੇ ਆਉਣੀ ਆਂ ਬਹਾਰ ਏ…?
*

੨. ਕਿਰਤੀ

ਅਸੀਂ ਕਿਰਤੀਆਂ ਦੇ ਘਰ ਜੰਮੇਂ ਆਂ
ਅਸੀਂ ਕਿਰਤੀ ਹੋਏ
ਸਾਡੇ  ਗੁਰਬਤ ਨਾਲ ਯਾਰਾਨੇ ਆਂ
ਅਸੀਂ  ਜਿਉਂਦੇ  ਮੋਏ

ਅਸੀਂ  ਬੋਹਲ਼  ਦੁੱਖਾਂ  ਦੇ  ਲਾ  ਲਏ
ਛੱਟ ਜ਼ਖ਼ਮ ਉਡਾਏ 
ਸਾਡੀ ਖੁਸ਼ੀਆਂ ਨਾਲ ਨਹੀਂ ਬਣਦੀ 
ਗ਼ਮ ਯਾਰ ਬਣਾਏ 

ਸਾਡੇ ਪਿੰਡੇ ਗਿੱਠ ਗਿੱਠ ਮੈਲ਼ਾਂ
ਤਨ ਪਾਟੀਆਂ ਲੀਰਾਂ
ਸਾਡੇ ਪੈਰ ਬਿਆਈਆਂ ਪਾਟੀਆਂ 
ਸਾਡੀਆਂ ਤਕਦੀਰਾਂ 

ਸਾਡੇ ਅੱਗ ਸੀਨੇ ਵਿੱਚ ਬਲ਼ਦੀ
ਸਾਡੇ ਚੁੱਲ੍ਹੇ ਠੰਢੇ 
ਸਾਡੇ  ਬੱਚੇ ਨੰਗ ਧੜੰਗੜੇ
ਨੱਕ ਬੁੱਲ੍ਹਾਂ ਕੰਢੇ

ਸਾਡੀ ਅੱਖੀਆਂ ਨੂੰ ਨਹੀਂ ਸੁਰਮਾ
ਰਹਿਣ ਭਰੀਆਂ ਗਿੱਦਾਂ 
ਸਾਡੇ ਦੰਦ ਬੁਰਸ਼ ਨੂੰ ਤਰਸਦੇ
ਰੰਗ  ਪੀਲਾ  ਜਿੱਦਾਂ

ਸਾਡੇ ਨਹੁੰਆਂ ਦੇ ਵਿੱਚ ਮਿੱਟੀਆਂ 
ਮੂੰਹ  ਡੱਬ – ਖੜੱਬੇ
ਸਾਡੀ ਦੇਹ ਹੱਡੀਆਂ ਦੀ ਮੁੱਠ ਹੈ
ਜਿਉਂ ਖੜਕਣ ਡੱਬੇ 

ਹੋਰਾਂ ਦੇ ਮਹਿਲ ਉਸਾਰਦੇਂ
ਸਾਡੇ ਕੁੱਝ ਨਾ ਪੱਲੇ
ਸਾਡੀ ਕੁੱਲੀ ‘ਤੇ ਜੋ ਕੱਖ ਸੀ
ਉਹ ਵੀ ਉੱਡ ਚੱਲੇ

ਕੰਮੀਆਂ ਦਾ “ਖੁਸ਼ੀ ਮੁਹੰਮਦਾ” 
ਜਿੱਥੇ ਰੈਣ ਬਸੇਰਾ 
ਓਥੇ ਅਰਜ਼ ਕਰਾਂ ਮੈਂ ਮਾਲਕਾ
ਨਾ ਕਰੀਂ ਹਨ੍ਹੇਰਾ

ਓਥੇ ਅਰਜ਼ ਕਰਾਂ ਮੈਂ ਮਾਲਕਾ
ਨਾ ਕਰੀਂ ਹਨ੍ਹੇਰਾ
**

੩. ਸਾਡੇ ਹੱਕ

ਅੱਜ ਨਹੀਂ ਤਾਂ ਕੱਲ੍ਹ ਹੋਵੇਗਾ
ਪਾਸਾ  ਸਾਡੇ  ਵੱਲ  ਹੋਵੇਗਾ

ਕਦ ਤੱਕ ਸਾਡੇ ਹੱਕ ਮਾਰੋਗੇ
ਕਦੋਂ ਤੀਕਰ ਇਹ ਛੱਲ ਹੋਵੇਗਾ

ਹਿਸਾਬ ਤੇਰੇ ਸਭ ਗੁਨਾਹਾਂ ਦਾ 
ਵੇਖੀਂ ਹੁਣ ਹਰ ਪਲ ਹੋਵੇਗਾ

ਚਿਣਗ ਲੱਗੀ ਜੋ ਬਣਨੀ ਭਾਂਬੜ
ਹੋਰ ਨਾ ਬਹੁਤਾ ਝੱਲ ਹੋਵੇਗਾ

‘ਖੁਸ਼ੀ ਮੁਹੰਮਦਾ’ ਹੁਣ ਚੁੱਪ ਬੈਠਿਆਂ 
ਇਹ ਮਸਲਾ ਨਹੀਂ ਹੱਲ ਹੋਵੇਗਾ
***

੪. ਸਾਹਾਂ ਦਾ ਲੰਗਰ

free oxygen

ਸਾਡੀ ਜੱਦੋ-ਜਹਿਦ ਹੈ ਹੱਕਾਂ ਦੀ
ਇਹ ਕੌਮ ਸਾਡੀ ਅਣਥੱਕਾਂ ਦੀ

ਇਹ ਆਤੰਕਵਾਦੀ ਆਖ ਜਿਨ੍ਹਾਂ ਨੂੰ ਭੰਡਦੇ ਫਿਰਦੇ ਨੇ
ਉਹ ਵੇਖ ਹਾਕਮਾਂ ਸੜਕਾਂ ‘ਤੇ ਸਾਹ  ਵੰਡਦੇ ਫਿਰਦੇ ਨੇ

ਅਸੀਂ ਭਲ਼ਾ ਸਰਬੱਤ ਦਾ ਚਾਹੁੰਦੇ ਹਾਂ
ਗੁਰੂ ਨਾਨਕ ਨਾਮ ਧਿਆਉਂਦੇ ਹਾਂ
ਜਿਸ  ਥਾਂ  ਵੀ  ਭਾਰੀ  ਪੈ  ਜਾਵੇ
ਉੱਥੇ  ਜਾ ਕੇ ਦਰਦ ਵੰਡਾਉਂਦੇ  ਹਾਂ
ਜਦੋਂ ਲੋੜ ਅਸਾਡੀ ਹੁੰਦੀ ਤਾਂ ਬਣਦੇ ਖੰਡ ਦੇ ਫਿਰਦੇ ਨੇ
ਉਹ ਵੇਖ ਹਾਕਮਾਂ ਸੜਕਾਂ ‘ਤੇ ਸਾਹ  ਵੰਡਦੇ ਫਿਰਦੇ ਨੇ

ਤੂੰ ਸਾਰ ਨਾ ਜਾਣੇ ਰਾਹਾਂ ਦੀ
ਉਨ੍ਹਾਂ ਟੁੱਟਦੇ ਜਾਂਦੇ ਸਾਹਾਂ ਦੀ
ਕੀ ਦਰਦ ਵਿਛੋੜਾ ਆਪਣੇ ਦਾ
ਮਾਵਾਂ ਦੀਆਂ ਪੈਂਦੀਆਂ ਧਾਹਾਂ ਦੀ
ਦੁਖੀਆਂ ਦੇ ਸਿਰ ਤੋਂ ਦੁੱਖ ਦੇ ਬੱਦਲ ਛੰਡਦੇ ਫਿਰਦੇ ਨੇ
ਉਹ ਵੇਖ ਹਾਕਮਾਂ ਸੜਕਾਂ ‘ਤੇ ਸਾਹ  ਵੰਡਦੇ ਫਿਰਦੇ ਨੇ

ਸਾਡਾ ਹੱਕਾਂ ਖਾਤਿਰ ਧਰਨਾ ਏ
“ਖੁਸ਼ੀ” ਝੁਕਣਾ ਨਹੀਂ ਪਰ ਮਰਨਾ ਏ
ਗੱਲ ਮਾਨਵਤਾ ਦੀ ਕਰਦੇ ਹਾਂ
ਦੁੱਖ ਦੀਨ ਦੁਖੀ ਦਾ ਹਰਨਾ ਏ
ਸਾਡਾ ਧਰਨਾ ਖਤਮ ਕਰਾਉਣ ਗੰਡਾਸੇ ਚੰਡਦੇ ਫਿਰਦੇ ਨੇ
ਉਹ ਵੇਖ ਹਾਕਮਾਂ ਸੜਕਾਂ ‘ਤੇ ਸਾਹ  ਵੰਡਦੇ ਫਿਰਦੇ ਨੇ…..

****
161
****

270d.pngਖੁਸ਼ੀ ਮੁਹੰਮਦ ਚੱਠਾ
Khushi Mohammed Chatha
ਪਿੰਡ ਤੇ ਡਾਕ:  ਦੂਹੜੇ (ਜਲੰਧਰ )
ਮੋਬਾ:  9779025356

About the author

ਖੁਸ਼ੀ ਮੁਹੰਮਦ ਚੱਠਾ
✍️ਖੁਸ਼ੀ ਮੁਹੰਮਦ "ਚੱਠਾ"
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

270d.pngਖੁਸ਼ੀ ਮੁਹੰਮਦ ਚੱਠਾ
Khushi Mohammed Chatha
ਪਿੰਡ ਤੇ ਡਾਕ:  ਦੂਹੜੇ (ਜਲੰਧਰ )
ਮੋਬਾ:  9779025356

Lyricist (Water) @Punjabi Folk Songs and Poetry
Former Petty Officer Radio at Indian Navy

✍️ਖੁਸ਼ੀ ਮੁਹੰਮਦ "ਚੱਠਾ"

270d.pngਖੁਸ਼ੀ ਮੁਹੰਮਦ ਚੱਠਾ Khushi Mohammed Chatha ਪਿੰਡ ਤੇ ਡਾਕ:  ਦੂਹੜੇ (ਜਲੰਧਰ ) ਮੋਬਾ:  9779025356 Lyricist (Water) @Punjabi Folk Songs and Poetry Former Petty Officer Radio at Indian Navy

View all posts by ✍️ਖੁਸ਼ੀ ਮੁਹੰਮਦ "ਚੱਠਾ" →