19 April 2024

ਹਾਜ਼ਰ ਨੇ ‘ਪਰਮਪ੍ਰੀਤ ਕੌਰ ਬਠਿੰਡਾ’ ਦੀਆਂ ਸੱਤ ਕਵਿਤਾਵਾਂ/ਗ਼ਜ਼ਲ

1. ਮੈਂ ਪੰਜਾਬੀ ਮਾਂ ਬੋਲੀ/2. ਸੋਹਣੀ/3. ਗ਼ਜ਼ਲ/4. ਪੰਜਾਬੀ ਸੱਭਿਅਆਚਾਰ/5. ਹਾਂ ! ਮੈਂ ਇੱਕ ਔਰਤ…/6. ਮਾਂਏਂ ਨੀ ਸੁਣ ਮੇਰੀਏ ਮਾਂਏਂ/ 7. ਮਜ਼ਦੂਰ ਔਰਤ

-ਪਰਮਪ੍ਰੀਤ ਕੌਰ ਬਠਿੰਡਾ-

1. ਮੈਂ ਪੰਜਾਬੀ ਮਾਂ ਬੋਲੀ

ਮੈਂ ਪੰਜਾਬੀ ਭਾਸ਼ਾ ਹਾਂ, ਮਾਲਕ ਦੋ ਤਲਵਾਰਾਂ ਦੀ।
ਮੀਰੀ ਦੀ, ਇੱਕ ਪੀਰੀ ਦੀ ਪਿਆਰਾਂ ਸਤਿਕਾਰਾਂ ਦੀ।

ਇਕੱਲੀ ਨਹੀਂ ਕਿਤਾਬਾਂ ਜੋਗੀ, ਮੈਂ ਹਾਂ ਮਿੱਟੀ ਖੇਤਾਂ ਦੀ,
ਮੈਂ ਹਸਤੀ ਹਾਂ ਵਾਰਿਸ, ਬੁੱਲ੍ਹੇ, ਹਾਸ਼ਮ, ਕਾਦਰ ਯਾਰਾਂ ਦੀ।

ਮੈਂ ਗੁਰੂਆਂ ਦੀ ਬਾਣੀ, ਧੁਰ ਤੋਂ ਆਈ ਨਾਲ ਰਬਾਬਾਂ ਦੇ,
ਮੈਂ ਹਾਸਾ, ਤੇ ਗੁੱਸਾ-ਗਿੱਲਾ, ਅਣਖ ਜਿਉਂਦੀ ਢਾਡੀ ਵਾਰਾਂ ਦੀ।

ਬੇ-ਸ਼ੱਕ ਹਿੰਦੀ ਤੇ ਅੰਗਰੇਜ਼ੀ ਇੱਕ ਗੁਆਂਢਣ ਵਰਗੀ ਏ,
ਮਾਣ ਵਿਦੇਸਾਂ ਦੇ ਵਿੱਚ ਮਿਲਿਆ, ਸ਼ਾਨ ਬਣੀ ਅਖ਼ਬਾਰਾਂ ਦੀ।

ਬੇਬੇ ਬਾਪੂ ਫ਼ਿਕਰਾਂ ਦੇ ਵਿਚ, ਨਵੀਂ ਪਨੀਰੀ ਆਕੀ ਐ,
ਖਾਣ, ਪੀਣ ਪਛਾਣ ਬਣੀ, ਸਰਦਾਰਾਂ ਤੇ ਦਸਤਾਰਾਂ ਦੀ।

ਬਾਂਦਰ ਕਿੱਲਾ, ਪਿੱਠੂ ਗਰਮ ਤੇ ਗੁੱਲੀ-ਡੰਡਾਂ,ਅੰਨ੍ਹਾਂ ਝੋਟਾ ਜੀ
ਮੈਂ ਬੱਚਿੱਆਂ ਦੀਆਂ ਖੇਡਾਂ ਦੇ ਵਿੱਚ, ਵੇਖੋ ਟੌਹਰ ਬਹਾਰਾਂ ਦੀ।

ਮੈਂ ਖੇਤਾਂ ਵਿੱਚ ਉੱਗੀ ਸਰਸੋਂ ਦੇ ਫੁੱਲਾਂ ਵਰਗੀ ਸੋਹਣੀ ਹਾਂ
ਉਹਨਾਂ ਪੁੱਤਰਾਂ ਨੂੰ ਕੀ ਆਖਾਂ, ਜੋ ਭਾਸ਼ਾ ਕਹਿਣ ਗੰਵਾਰਾਂ ਦੀ ।

ਸਾਫ਼ ਹੋ ਗਏ ਨੇ ਸ਼ੀਸ਼ੇ ਸਾਰੇ, ਸਘੰਰਸ਼ ਗਵਾਹੀ ਭਰਦੇ ਨੇ,
ਧਾਕੜ ਦੀ ਤਾਕ਼ਤ ਗੋਡੇ ਟੇਕ ਗਈ, ਜਦ ਗੂੰਜ ਪਈ ਲਲਕਾਰਾਂ ਦੀ।

ਭਲਿਓ ਵੇ ਅਕ਼ਲਾਂ ਵਾਲਿਓ, ਮਾਂ ਨੂੰ ਮਾਂ ਦਾ ਵੀ ਸਤਿਕਾਰ ਦਿਓ,
‘ਪ੍ਰੀਤ’ ਦੁਆਵਾਂ ਕਰ ਕਰਦੀ ਰਹਿੰਦੀ, ਫੜਕੇ ਰੱਖਿਓ ਲੱਜ ਉਦਾਰਾਂ ਦੀ।
***
2. ਸੋਹਣੀ

ਘੜਿਆ ਸੁਣ ਘੜਿਆ
ਮਹਿਰਮ ਯਾਰ ਮਿਲਾ ਦੇ ਅੜਿਆ
ਰਾਤ ਹਨ੍ਹੇਰੀ ਤਾਂਘ ਮਿਲਣ ਦੀ
ਪਿਆ ਝਨਾਬ ਵੀ ਕਰਦਾ ਅੜੀਆ ਅੜਿਆ

ਮੈਂ ਵੀ ਮਿੱਟੀ, ਤੂੰ ਵੀ ਮਿੱਟੀ
ਸਾਡੀ ਸਾਂਝ ਪੁਰਾਣੀ
ਅੰਤ ਦੋਹਾਂ ਮਿੱਟੀ ਵਿੱਚ ਮਿਲਣਾ
ਇੱਕੋ ਜਿਹੀ ਕਹਾਣੀ
ਗੱਲ ਪਾਕੇ ਬਾਹ ਸੋਹਣੀ ਦੀ
ਝਨਾਂ ਪਾਰ ਲੈ ਜਾ ਵੇ ਅੜਿਆ
       ਘੜਿਆ ਸੁਣ ਘੜਿਆ
       ਮਹਿਰਮ ਯਾਰ ਮਿਲਾਦੇ ਅੜਿਆ

ਚੋਟਾਂ ਹੰਢਾਈਆ ਤੂੰ ਵੀ ਤਨ ਤੇ
ਪੰਜੇ ਤੱਤਾਂ ਦੀ ਮੈਂ ਵੀ ਸੂਰਤ ਸਾਂਵੀ
ਕੁੱਝ ਘੜੀਆਂ ਦੇ ਦੋਹੇਂ ਪਰੋਣੇ
ਤਿੜਕਿਆਂ ਖਤਮ ਕਹਾਣੀ
ਬਿਨ ਦੀਦ ਯਾਰ ਦੀ ਮੁੱਕਦੀ ਜਾਵਾਂ
ਲੱਗੀਆਂ ਦੀ ਲੱਜ ਪੁਗਾ ਦੇ ਅੜਿਆ
        ਘੜਿਆ ਸੁਣ ਘੜਿਆ
        ਮਹਿਰਮ ਯਾਰ ਮਿਲਾਦੇ ਅੜਿਆ

ਦਿਲ ਦੀਆਂ ਲੱਗੀਆਂ ਤੂੰ ਕੀ ਜਾਣੇ
ਕੀ ਲੱਗੀਆਂ ਦੇ ਦੁੱਖ ਸਮਝਾਵਾਂ
ਮੁਨਕਰ ਹੋਕੇ ਯਾਰ ਦੇ ਦਰ ਤੋਂ
ਕਿਵੇਂ ਖੁਦਾਂ ਨੂੰ ਮੁੱਖ ਦਿਖਾਵਾਂ ?
ਮੈਂ ਵੀ ਸਾਥ ਨਿਵਾਵਣ ਚੱਲੀ
ਤੂੰ ਵੀ ਸਾਥ ਨਿਭਾਦੇ ਅੜਿਆ
         ਘੜਿਆ ਸੁਣ ਘੜਿਆ
         ਮਹਿਰਮ ਯਾਰ ਮਿਲਾਦੇ ਅੜਿਆ

ਪਾਣੀ ਝਨਾਬ ਦਾ ਠਾਠਾਂ ਮਾਰੇ
ਉਤੋਂ ਲੱਗੀਆਂ ਨੇ ਝੜੀਆਂ
ਜਾ ਮੁੜ ਜਾ ਗੱਲ ਮੰਨ ਸੋਹਣੀਏ
ਕਿਉਂ ਕਰਦੀਂ ਏ ਅੜੀਆਂ
ਭਲਕੇ ਜਾਵੀ ਮਿਲਣ ਸੱਜਣ ਨੂੰ
ਜਦ ਪਾਣੀ ਝਨਾਬ ਦਾ ਖੜਿਆ
          ਚੜਿਆ ਸੁਣ ਚੜਿਆ
          ਨਾਲ ਤੁਫਾਨਾਂ ਝਨਾਬ ਹੈ ਚੜਿਆ

ਇੱਕ ਨਾ ਮੰਨੀ ਸੋਹਣੀ ਨੇ ਗੱਲ
ਘੜਾ ਚੁੱਕ ਪੈਰ ਪਾਣੀ ‘ਚ ਧਰਿਆ
ਕੱਚਾ ਖੁਰ ਗਿਆ ਅੱਧਵਿਚਕਾਰੇ
ਝਨਾਬ ਦੋਹਾਂ ਨੂੰ ਲੈ ਹੜਿਆ
ਜਾ ਮੁਰਸ਼ਦ ਦਾ ਪੱਲਾ ਫੜਿਆ
         ਘੜਿਆ ਸੁਣ ਘੜਿਆ
         ਮਹਿਰਮ ਯਾਰ ਮਿਲਾਦੇ ਅੜਿਆ
***

3. ਗ਼ਜ਼ਲ

ਨੈਣਾਂ ਨੂੰ ਸਮਝਾਅ ਨਹੀਂ ਹੁੰਦਾ।
ਹੰਝੂਆਂ ਦੇ ਵਿੱਚ ਨ੍ਹਾਅ ਨਹੀਂ ਹੁੰਦਾ।

ਨਦੀਆਂ ਵਾਂਗੂੰ ਵਹਿ ਤੁਰਦੇ ਨੇ,
ਮੈਥੋਂ ਹੋਰ ਸੁਆਹ ਨਹੀਂ ਹੁੰਦਾ।

ਕਾਲ ਸਮੁੰਦਰ ਖਾਰਾ ਪਾਣੀ,
ਜੀਵਨ ਦਾ ਨਿਰਬਾਹ ਨਹੀਂ ਹੁੰਦਾ।

ਉਮਰ ਗ਼ਮਾਂ ਵਿਚ ਬੀਤੀ ਸਾਰੀ,
ਕੌਣ ਕਹੇ ਗ਼ਮ ਖਾ ਨਹੀਂ ਹੁੰਦਾ।

ਪਿਆਰ ਮੁਹੱਬਤ, ਰੂਹ ਤੋਂ ਜੇ ਨਹੀਂਂ,
ਜਨਮਾਂ ਤੀਕ ਨਿਭਾਅ ਨਹੀਂ ਹੁੰਦਾ।

ਸੱਜਣਾ ਤਾਂਘ ਮਿਲਣ ਦੀ ਹੋਵੇ,
ਕੱਚਿਆਂ ‘ਤੇ ਕੀ ਆ ਨਹੀਂ ਹੁੰਦਾ।

ਭਗਤੀ ਵਿਚ ਵਿਸ਼ਵਾਸ਼ ਜ਼ਰੂਰੀ,
ਸਿਦਕ ਬਿਨਾ ਰੱਬ ਪਾ ਨਹੀਂ ਹੁੰਦਾ

“ਹਰ ਇੱਕ ਨਾਲ ‘ਪ੍ਰੀਤ’ ਨਿਭਾਈਏ
ਐਂਵੇਂ ਯਾਰ ਖ਼ੁਦਾ ਨਹੀਂ ਹੁੰਦਾ”।
***

4. ਪੰਜਾਬੀ ਸੱਭਿਅਆਚਾਰ

ਵਰਕੇ ਖੜ-ਖੜ ਸ਼ੋਰ ਮਚਾਂਵਦੇ,
ਸੁੱਤੀ ਕਲਮ ਨੂੰ ਰਹੇ ਜਗਾ।
ਛੇਤੀ ਉੱਠ ਕੁੜੇ ਨੀ ਸੁੱਤੀਏ,
ਤੂੰ ਅੱਖਰਾਂ ਦੇ ਜੋੜ ਮਿਲਾ ।

ਕੋਈ ਗੀਤ, ਨਜ਼ਮ, ਤੇ ਗ਼ਜ਼ਲ ਨੂੰ,
ਖਿਆਲਾਂ ਵਿਚੋਂ ਲੱਭ ਲਿਆ।
ਸੁਣ ਕੇ ਰੂਹ ਨੂੰ ਚੈਨ ਜੋ ਆ ਜਵੇ,
ਕੋਈ ਦੇਵੇਂ ਸੁਰ ਨਾਲ ਗਾ।

ਅੱਖਰ ਬਣ ਬਣ ਚਿੜੀਆਂ ਉੱਡਣੇ,
ਤੂੰ ਪਰਵਾਜ਼ ਅੰਬਰ ਨੂੰ ਲਾ।
ਤਾਰੇ, ਚੰਦ ਅਸਮਾਨੋਂ ਤੋੜ ਕੇ,
ਲਿਖ ਕੇ ਸੂਰਜ ਅਰਘ ਚੜ੍ਹਾ।

ਕੁਮਲਾਏ ਫੁੱਲਾਂ ਨੂੰ ਦੇਅ ਤਾਜ਼ਗੀ,
ਬੂੰਦਾਂ ‘ਓਸ’ ਦੀਆਂ ਟਪਕਾ।
ਖਿਲਰੇ ਵਰਕੇ ਮਾਰੇ ਤੇਹ ਦੇ,
ਤੁਪਕੇ ਤੁਪਕੇ ਨਾਲ ਬੁਝਾ।

ਸੋਮੇ ਜਿਹੜੇ ਨਿਰਮਲ ਪਾਣੀ ਦੇ,
ਲਿਖ ਨਦੀਆਂ ਤੇ, ਦਰਿਆ ।
ਬੰਦਾ ਕਰਦਾ ਗੰਦੀਆਂ ਹਰਕਤਾਂ,
ਦਿੱਤੇ ਪਾਣੀ ਵੀ ਗੰਧਲਾਅ।

ਉੱਚੇ ਪਰਬਤ ਖੜ੍ਹੇ ਅਚੱਲ ਨੇ,
ਇਹ ਵੀ ਰਹੇ ਨੇ ਕੁੱਝ ਸਮਝਾਅ।
ਝੂੰਮਣ ਰੁੱਖ ਤੇ ਪੱਤਰ, ਟਾਹਣੀਆਂ,
ਸੁਣ ਸੰਗੀਤ ਜ਼ਰਾ ਕੰਨ ਲਾ।

ਗੁੱਤ ਮੁਟਿਆਰਾਂ ਵਾਂਗੂੰ ਗੁੰਦ ਕੇ,
ਸੱਗੀ-ਫੁੱਲ, ਪਰਾਂਦੀ ਪਾ।
ਰੱਤੀ ਸਿਰ ਫੁੱਲਕਾਰੀ ਫੱਬਦੀ,
ਕੰਨੀ ਲੋਟਣ, ਡੰਡੀਆਂ ਪਾ।

ਕੈਂਠੇ, ਸ਼ਮਲੇ, ਕੁੜਤੇ, ਚਾਦਰੇ
ਜੁੱਤੀ ਕੱਢਵੀਂ ਨੂੰ ਲਿਸ਼ਕਾਅ
ਨਖ਼ਰੇ, ਮੜਕਾਂ, ਜ਼ਰਕਾਂ ਲੱਭ ਕੇ,
ਚੱਲ ਖੁੰਡਾ ਹੱਥ ਫੜਾ।

ਕੇਡ ਦਲੇਰੀ ਜਿਉਣੇ ਮੋੜ ਦੀ,
ਕਿੱਸਾ ਸਾਹਿਬਾਂ, ਹੀਰ, ਸੁਣਾ।
ਲੱਸੀ, ਸਾਗ, ਮੱਖਣ ਦੇ ਸੁਆਦ ਨੂੰ
ਰੋਟੀ ਮੱਕੀ, ਨਾਲ ਖੁਆ।

ਲਿਖ ਭੰਗੜੇ ਪਈ ਧਮਾਲ ਜੋ
ਭੜਥੂ ਗਿੱਧਾ ਧਰਤ ਹਿਲਾਅ।
ਲਿਖ ਤਿੱਥ-ਤਿਉਹਾਰ ਵੀ ਰੰਗਲੇ,
ਕਲਮੇਂ ਐਸਾ ਗੀਤ ਬਣਾ।
***

5. ਹਾਂ ! ਮੈਂ ਇੱਕ ਔਰਤ….

ਹਾਂ! ਹਾਂ ਮੈਂ ਇੱਕ ਔਰਤ ਹਾਂ
ਖੁੱਲ਼ਕੇ ਜਿਉਂਣਾ ਚਾਹੁੰਦੀ ਹਾਂ

ਚੰਨ ਅੰਬਰੀ ਭਾਵੇਂ ਛੂਹ ਲਏ ਨੇ
ਸੁਰੱਖਿਅਤ ਧਰਤੀ ਤੇ ਵੀ ਹੋਣਾ
ਚਾਹੁੰਦੀ ਹਾਂ।

ਹਾਂ ! ਮੈਂ ਇੱਕ ਔਰਤ ਹਾਂ,
ਖੁੱਲ਼ਕੇ ਜਿਉਂਣਾ ਚਾਹੁੰਦੀ ਹਾਂ।

ਨਹੀਂ! ਨਹੀਂ ਨਫ਼ਰਤ ਮੈਨੂੰ ਮਰਦਾਂ ਨਾਲ
ਆਕੀ ਹਾਂ ਮੈਂ ਦੇਸ਼ ਦੇ ਸਿਸਟਮ ਤੋਂ

ਵਿੱਚ ਜ਼ਹਿਨ ਬੀਜ ਜਿਹਨੇ ਬੋਅ ਦਿੱਤੇ
ਮਾਨਸਿਕਤਾ ਦੀ ਉਸ ਫ਼ਸਲ ਉੱਤੇ,
ਰੋਟਾਵੇਟਰ ਚਲਾਉਣਾ ਚਾਹੁੰਦੀ ਹਾਂ।

ਹਾਂ ! ਮੈਂ ਇੱਕ ਔਰਤ ਹਾਂ,
ਖੁੱਲ਼ਕੇ ਜਿਉਂਣਾ ਚਾਹੁੰਦੀ ਹਾਂ।

ਜਾ ! ਜਾਕੇ ਪੁੱਛਿਓ ਆਪਣੀਆਂ ਧੀਆਂ ਨੂੰ
ਘਰੋਂ ਪੈਰ ਜਦ ਬਾਹਰ ਧਰਦੀਆਂ ਨੇ

ਕਿਉਂ ਘਬਰਾਉਂਦੀਆਂ,
ਡਰ-ਡਰਕੇ ਪਗ ਭਰਦੀਆਂ ਨੇ
ਤੇ ਓਸ ਖ਼ੋਫ ਨੂੰ ਵਿੱਚ ਚੁਰਾਹੇ
ਮੈਂ ਫਾਹੇ ਲਾਉਣਾ ਚਾਹੁੰਦੀ ਹਾਂ

ਹਾਂ ! ਮੈਂ ਇੱਕ ਔਰਤ ਹਾਂ,
ਖੁੱਲ਼ਕੇ ਜਿਉਂਣਾ ਚਾਹੁੰਦੀ ਹਾਂ।

ਕਿਉਂ ? ਭਲਾ ਮੈਂ ਖੁੱਲ ਕੇ ਨਹੀਂ ਜਿਉਂ ਸਕਦੀ
ਕਿਉਂ ਮਿਲੀ ਨਹੀਂ ਅਜੇ ਅਜਾਦੀ ਮੈਨੂੰ,

ਸਵਤੰਤਰਤਾ ਦਿਵਸ ਜੋ ਪੂਰਾ ਦੇਸ਼ ਮਨਾਉਂਦਾ
ਉਹ ਪਰਚਮ ਅਜਾਦੀ ਵਾਲਾ
ਮੈਂ ਵੀ ਲਹਿਰਾਉਂਣਾ ਚਾਹੁੰਦੀ ਹਾਂ

ਹਾਂ ! ਮੈਂ ਇੱਕ ਔਰਤ ਹਾਂ,
ਖੁੱਲ਼ਕੇ ਜਿਉਂਣਾ ਚਾਹੁੰਦੀ ਹਾਂ।

ਹਾਂ ! ਲੋੜ ਹੈ ਪੁਰਸ਼ਾਂ ਨੂੰ ਸੰਵੇਦਨਸ਼ੀਲ ਹੋਣੇ ਦੀ
ਔਰਤ ਦੇ ਹਰ ਰੂਪ ਦੀ ਇੱਜ਼ਤ ਕਰਨਾ

ਪੁੱਤਰਾਂ ਨੂੰ ਇੱਜ਼ਤਾਂ ਦੇ ਨਾਲੇ ਅਰਥ ਸਮਝਾਉਣੇ ਦੀ
ਦੇਕੇ ਵਿੱਦਿਆ, ਆਰਥਿਕ ਨਿਰਭਰ
ਧੀਆਂ ਨੂੰ ਬਣਾਉਣਾ ਚਾਹੁੰਦੀ ਹਾਂ

ਹਾਂ ! ਮੈਂ ਇੱਕ ਔਰਤ ਹਾਂ,
ਖੁੱਲ਼ਕੇ ਜਿਉਂਣਾ ਚਾਹੁੰਦੀ ਹਾਂ।
***

6. ਮਾਂਏਂ ਨੀ ਸੁਣ ਮੇਰੀਏ ਮਾਂਏਂ 

ਮਾਏ ਨੀ !
ਮੇਰਾ ਦਿਲ ਪਿਆ ਕਰਦਾ, ਵਿਹੜੇ ਤੇਰੇ ਚਰਖ਼ਾ ਡਾਹਵਾਂ ,
ਲੋਕ ਗੀਤ ਜਿਹੀ, ਲੰਬੀ ਹੇਕ ਦਾ, ਤੰਦ ਪਿਆਰ ਦਾ ਪਾਂਵਾਂ।

ਇੱਕ ਗੀਤ ਮਾਂ ਤੇਰੇ ਨਾਂ ਦਾ, ਜਿਸ ਨੇ ਜੱਗ ਦਿਖਾਇਆ।
ਸਹੁਰੇ ਘਰ ਦੀਆਂ ਘੂਰਾਂ ਸਹਿਕੇ, ਪਾਲ-ਪੋਸ ਪੜ੍ਹਾਇਆ।
ਜ਼ੋ ਕੁੱਝ ਵੀ ਹਾਂ ਤੇਰੇ ਕਰਕੇ, ਨਹੀਂ ਜਾਣਾ ਕਰਜ਼ਾ ਲਾਹਿਆ।
ਆਇਆ।

ਦੂਜਾ ਗੀਤ, ਬਾਬੁਲ ਦੇ ਨਾਂ ਦਾ, ਹਰ ਹਰ ਗੇੜੇ, ਗਾਉਣਾ ਚਾਹਿਆ।
ਪੂਰੇ ਕੀਤੇ, ਚਾਅ ਨੀ ਜਿਸ ਨੇ, ਗੋਦੀ ਚੁੱਕ-ਚੁੱਕ, ਆਪ ਖਿਡਾਇਆ,
ਜੀਵੇ ਥੀਵੇ, ਬਾਬੁਲ ਨੀ ਮਾਏਂ, ਜੋ ਹੈ ਘਰ ਦੀ, ਸ਼ਫ਼ਕ਼ਤ ਨੂੰ ਪਰਨਾਇਆ।

ਚੌਥਾ ਗੀਤ, ਵੀਰਾਂ ਦੇ ਨਾਂ ਦਾ, ਜਾਂਵਾਂ ਨੀ ਮੈਂ, ਪਲ ਪਲ ਸਦਕੇ ਜਾਵਾਂ।
ਸਾਰੀ ਉਮਰ ਦੇ, ਪੇਕੇ ਜਿਸ ਨਾਲ, ਤਿੱਥ-ਤਿਓਹਾਰ ਮੰਨਾਵਾਂ।
ਰੱਖੜੀ ਬੰਨ੍ਹ ਕੇ, ਸੋਹਣੇ ਗੁੱਟ ‘ਤੇ, ਉਮਰ ਦਾ ਸਾਕ ਨਿਭਾਵਾਂ।

ਪੰਜਵਾਂ ਗੀਤ, ਭਾਬੋ ਦੇ ਨਾਂ ਦਾ, ਜਿਹਦੇ ਸੰਗ ਖ਼ੁਸ਼ੀਆਂ ਦੇ ਖੇੜੇ।
ਗਲ ਨਾਲ ਲਾ ਕੇ, ਢਾਰਸ ਦੇਂਦੀ, ਨਾਲ ਕੱਢਾਉਂਦੀ, ਆਪ ਸਲਾਹ ਦੇ ਪੇੜੇ
ਅੱਲੜ੍ਹ ਮੱਤੀ, ਭੈਣ ਨੀ ਛੋਟੀ, ਚੱਬ ਚੱਲ ਚੱਬ ਜਾਂਦੀ, ਚੁੰਨਰੀ, ਦੇ ਲੜ ਲੇੜ੍ਹੇ।

ਪੰਜ ਵਕ਼ਤ ਦੀਆਂ, ਪੰਜ ਨਮਾਜ਼ਾਂ, ਨੀ ਮਾਂਏਂ ਮੇਰੇ ਪੰਜੇ ਤੰਦ ਪੰਜਾਬੀ।
‘ਪ੍ਰੀਤ’ ਪ੍ਰਾਹੁਣੀ, ਬਣ ਬਣ ਲਿਖਦੀ, ਮੇਰੀ ਕਲਮ ਗ਼ਮਾਂ ਦੀ ਚਾਬੀ।
ਸ਼ਾ-ਅੱਲ੍ਹਾ ਸਾਰੇ, ਪੂਰੇ ਹੋਵਣ, ਕੁੜੀਆਂ ਦੇ ਸੁਪਨੇ ਲਾਲ ਗ਼ੁਲਾਬੀ ।
ਮਾਏ ਨੀ ਸੁਣ ਮੇਰੀਏ ਮਾਏਂ !
ਮਾਏ ਨੀ ਸੁਣ…
ਮੇਰੀਏ ਮਾਏਂ !
***

7. ਮਜ਼ਦੂਰ ਔਰਤ

ਮੈਂ ਕੇਵਲ ਪੱਥਰ ਨਹੀਂ ਤੋੜਦੀ
ਰੋਜ਼ ਟੁਕੜੇ-ਟੁਕੜੇ ਕਰਦੀ ਹਾਂ

ਅਰਮਾਨਾਂ ਦੇ ,ਖੁਆਇਸ਼ਾਂ ਦੇ
ਸੁਪਨਿਆਂ ਦੇ,ਖਿਆਲਾਂ ਦੇ
ਚਾਵਾਂ ਦੇ,ਮਲਾਰਾਂ ਦੇ
ਸੱਧਰਾਂ ਦੇ,ਲੋੜਾਂ ਦੇ

ਮੈਂ ਕੇਵਲ ਇੱਟਾਂ ਨਹੀਂ ਢੋਹਦੀ ਹਾਂ
ਕੰਧਾੜੇ ਚੁੱਕੀ ਫਿਰਦੀ ਹਾਂ
ਮਜਬੂਰੀਆਂ ਨੂੰ,
ਜਿੰਮੇਵਾਰੀਆਂ ਨੂੰ
ਫ਼ਰਜਾਂ ਨੂੰ,ਕਰਜ਼ਾਂ ਨੂੰ
ਨਸੀਹਤਾਂ ਨੂੰ,ਸਲਾਹਾਂ ਨੂੰ
ਨਵਜੰਮੀਂ ਧੀ ਨੂੰ,ਪੈਸੇ ਦੀ ਕਮੀ ਨੂੰ

ਮੈਂ ਸਰਮਾਏਦਾਰਾਂ ਦਾ ਸੋ਼ਸ਼ਣ ਹੀ ਨਹੀਂ ਸਹਿੰਦੀ?
ਜਰਦੀ ਹਾਂ
ਪੇਟ ਦੀ ਭੁੱਖ ਨੂੰ
ਗੁਰਬਤ ਦੇ ਦੁੱਖ ਨੂੰ
ਘੂਰਦੀ ਅੱਖ ਨੂੰ
ਮਰਦੇ ਹੱਕ ਨੂੰ
ਚੋਂਦੀਂ ਛੱਤ ਨੂੰ
ਗਰਮੀ ਅੱਤ ਨੂੰ
ਜ਼ਖਮੀ ਹੱਥ ਨੂੰ
ਚੋਂਦੇ ਰੱਤ ਨੂੰ
***

11 ਜਨਵਰੀ 2022

***
577
***

About the author

ਪਰਮਪ੍ਰੀਤ ਕੌਰ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਨਾਂ-ਪਰਮਜੀਤ ਕੌਰ
ਕਲਮੀ ਨਾਂ - ਪਰਮਪ੍ਰੀਤ ਕੌਰ
ਪਤੀ ਦਾ ਨਾਂ-ਡਾ.ਗੁਰਸੇਵਕ ਜਿੰਘ (ਵੈਟਰਨਰੀ)
ਜਨਮ- 06/02/1982
ਪਤਾ- ਪਿੰਡ-ਬਾਘਾ ਜਿਲ੍ਹਾ-ਬਠਿੰਡਾ
ਕਿੱਤਾ- ਹਿੰਦੀ ਅਧਿਆਪਿਕਾ
ਵਿਦਿਅਕ ਯੋਗਤਾ -ਬੀ.ਏ, ਬੀ. ਐੱਡ, ਐਮ.ਏ. ਪੋਲੀਟੀਕਲ, ਐਮ. ਏ. ਹਿੰਦੀ,ਐਮ. ਫਿਲ ਹਿੰਦੀ, ਐਮ. ਏ. ਐਜੂਕੇਸ਼ਨ, ਐਮ. ਸੀ. ਏ. ਲੇਖਨ
ਵਿਧਾ-ਨਜ਼ਮ, ਗੀਤ, ਗ਼ਜ਼ਲ
ਭਾਸ਼ਾ ਗਿਆਨ - ਪੰਜਾਬੀ, ਹਿੰਦੀ, ਅੰਗਰੇਜ਼ੀ
**

ਪਰਮਪ੍ਰੀਤ ਕੌਰ

ਨਾਂ-ਪਰਮਜੀਤ ਕੌਰ ਕਲਮੀ ਨਾਂ - ਪਰਮਪ੍ਰੀਤ ਕੌਰ ਪਤੀ ਦਾ ਨਾਂ-ਡਾ.ਗੁਰਸੇਵਕ ਜਿੰਘ (ਵੈਟਰਨਰੀ) ਜਨਮ- 06/02/1982 ਪਤਾ- ਪਿੰਡ-ਬਾਘਾ ਜਿਲ੍ਹਾ-ਬਠਿੰਡਾ ਕਿੱਤਾ- ਹਿੰਦੀ ਅਧਿਆਪਿਕਾ ਵਿਦਿਅਕ ਯੋਗਤਾ -ਬੀ.ਏ, ਬੀ. ਐੱਡ, ਐਮ.ਏ. ਪੋਲੀਟੀਕਲ, ਐਮ. ਏ. ਹਿੰਦੀ,ਐਮ. ਫਿਲ ਹਿੰਦੀ, ਐਮ. ਏ. ਐਜੂਕੇਸ਼ਨ, ਐਮ. ਸੀ. ਏ. ਲੇਖਨ ਵਿਧਾ-ਨਜ਼ਮ, ਗੀਤ, ਗ਼ਜ਼ਲ ਭਾਸ਼ਾ ਗਿਆਨ - ਪੰਜਾਬੀ, ਹਿੰਦੀ, ਅੰਗਰੇਜ਼ੀ **

View all posts by ਪਰਮਪ੍ਰੀਤ ਕੌਰ →