29 March 2024

ਚਾਰ ਕਵਿਤਾਵਾਂ—ਗੁਰਮੇਲ ਕੌਰ ਸੰਘਾ, ਲੰਡਨ

ਜੀਵਨ ਬਿਓਰਾ/ਸਵੈ-ਕਥਨ:
ਸ਼ਬਦਾਂ ਤੋਂ ਗੀਤਾਂ ਤੇ ਕਵਿਤਾਵਾਂ ਤੱਕ ਦੀ ਜੰਗ—-ਗੁਰਮੇਲ ਕੌਰ ਸੰਘਾ, ਲੰਡਨ
—-

ਮੈਂ ਪੰਜਾਬ ਦੇ ਜਲੰਧਰ ਜਿਲ੍ਹੇ ਦੇ ਪਿੰਡ ਰਹੀਮਪੁਰ ਜੋ ਨਕੋਦਰ-ਕਪੂਰਥਲਾ ਸੜਕ ਤੇ ਪੈਂਦੇ ਪਿੰਡ ਉੱਗੀ ਤੋਂ ਦੋ ਕੁ ਕਿਲੋਮੀਟਰ ਦੀ ਦੂਰੀ ਤੇ ਹੈ, ਦੀ ਜੰਮਪਲ ਹਾਂ।

ਪ੍ਰਾਇਮਰੀ ਸਕੂਲ, ਰਹੀਮਪੁਰ(ਜਲੰਧਰ) ਵਿੱਚ ਪੜ੍ਹਦਿਆਂ ‘ਸ਼ਹੀਦ ਊਧਮ ਸਿੰਘ’ ਨਾਟਕ ਵਿੱਚ ਸ਼ਹੀਦ ਊਧਮ ਸਿੰਘ ਦਾ ਰੋਲ ਅਦਾ ਕਰਕੇ ਅਦਾਕਾਰੀ ਦਾ ਸਬੂਤ ਦਿੱਤਾ ਤੇ ਨਾਲ ਨਾਲ ਰੱਜ ਕੇ ਪੜ੍ਹਾਈ ਕਰਨ ਦਾ ਵੀ ਸ਼ੌਕ ਸੀ। ਮੈਨੂੰ ਮਾਣ ਹੈ ਕਿ ਮੈਂ ਪੰਜਵੀਂ ਜਮਾਤ ਵਿੱਚ ਪ੍ਰਾਇਮਰੀ ਸਕੂਲ ਮਾਲੜੀ, ਨਕੋਦਰ ਵਿਖੇ ਹੋਏ ਸੁੰਦਰ ਲਿਖ਼ਾਈ ਮੁਕਾਬਲੇ ਵਿੱਚੋਂ ਫੱਟੀ ਤੇ ਸਿਆਹੀ ਨਾਲ ਗੁਰਮੁਖ਼ੀ ਵਿੱਚ ਸੁੰਦਰ ਲਿਖ਼ਾਈ ਲਿਖ ਕੇ ਪਹਿਲਾ ਇਨਾਮ ਜਿੱਤਿਆ ਤੇ ਸਕੂਲ ਵਿੱਚ ਹਮੇਸ਼ਾਂ ਪਹਿਲੇ ਦਰਜੇ ਤੇ ਪਾਸ ਹੋ ਕੇ ਮਾਪਿਆਂ ਤੇ ਆਪਣੇ ਅਧਿਆਪਕਾਂ ਦਾ ਮਾਣ ਵਧਾਇਆ।
 ਸਰਕਾਰੀ ਹਾਈ ਸਕੂਲ, ਰਹੀਮਪੁਰ(ਜਲੰਧਰ) ਤੋਂ ਮੈਂ ਦਸਵੀਂ ਤੱਕ ਦੀ ਸਕੂਲ ਦੀ ਪੜ੍ਹਾਈ ਪੂਰੀ ਕੀਤੀ।

ਦਸਵੀਂ ਜਮਾਤ ਵਿੱਚੋਂ ਚੰਗੇ ਅੰਕਾਂ ਨਾਲ ਪਹਿਲੇ ਦਰਜੇ ਤੇ ਪਾਸ ਹੋਣ ਕਰਕੇ ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮੈਨ,ਨਕੋਦਰ (ਜਲੰਧਰ) ਤੋਂ ਸਕਾਲਰਸ਼ਿੱਪ ਮਿਲਿਆ ਤੇ ਇੱਥੇ ਹੀ ਬੀ. ਏ. ਦੀ ਡਿਗਰੀ ਪ੍ਰਾਪਤ ਕੀਤੀ।
ਕਲਮ ਝਰੀਟਣ ਦੀ ਚੇਟਕ ਤਾਂ ਸਕੂਲ ਤੋਂ ਲੱਗ ਗਈ ਸੀ ਪਰ ਸਮਝ ਨਹੀਂ ਸੀ ਤੇ ਨਾ ਕੋਈ ਪਰਿਵਾਰ ਵਿੱਚ ਜਾਂ ਆਸ ਪਾਸ ਲਿਖਾਰੀ ਸੀ ਜੋ ਲਿਖਣ ਦੀ ਕਲਾ ਨੂੰ ਪਛਾਣ ਸਕਦਾ।
ਇਸੇ ਕਾਲਜ ਪੜ੍ਹਦਿਆਂ ਕਾਲਜ ਤੋਂ ਛਪਣ ਵਾਲੇ ਸਲਾਨਾ ਮੈਗਜ਼ੀਨ ’ਚਿੜੀਆਂ ਦਾ ਚੰਬਾ’ ਵਾਸਤੇ ਵਿਦਿਆਰਥੀ ਸੰਪਾਦਕ ਦੀ ਚੋਣ ਲਈ ਹੋਏੇ ਟੈਸਟ ਵਿੱਚ ਮੈਂ ਹਿੱਸਾ ਲਿਆ ਤੇ ਇਹ ਸਾਹਿਤ ਵਿੱਚ ਕਾਬਿਲ ਹੋਣ ਦੀ ਗਵਾਹੀ ਭਰਨ ਵਾਲੇ ਟੈਸਟ ਵਿੱਚੋਂ ਪਾਸ ਹੋਣ ਉਪਰੰਤ ਮੈਨੂੰ ਇਸ ਮੈਗਜ਼ੀਨ ਲਈ ਪੰਜਾਬੀ ਵਿੰਗ ਦੀ ਵਿਦਿਆਰਥਣ ਸੰਪਾਦਕ ਹੋਣ ਦਾ ਸੁਭਾਗ ਮਿਲਿਆ ਤੇ ਮੇਰੀ ਪੰਜਾਬੀ ਵਿੱਚ ਪਹਿਲੀ ਕਵਿਤਾ ’ਭਟਕਦੀ ਬੇਬਸੀ’ ਇਸ ਮੈਗਜ਼ੀਨ ਵਿੱਚ ਛਪੀ ਤੇ ਕਾਲਜ ਦੀ ਪੜ੍ਹਾਈ ਦੌਰਾਨ ਆਪਣੇ ਗੀਤ ਲਿਖ ਕੇ ਕਾਲਜ/ਯੂਨੀਵਰਸਿਟੀ ਦੀ ਸਟੇਜ ਤੇ ਗਾਉਂਦੀ ਵੀ ਰਹੀ ਹਾਂ ਤੇ ਕਾਲਜ ਟੈਲੈਂਟ ਸ਼ੋਅ ਵਿੱਚ ਗੀਤ ਗਾ ਕੇ ਪਹਿਲਾ ਇਨਾਮ ਲਿਆ ਤੇ ਸਮੇਂ ਸਮੇਂ ਕਵੀ ਦਰਬਾਰਾਂ ਤੇ ਵੀ ਸਨਮਾਨ ਮਿਲਦੇ ਰਹੇ।

ਫਿਰ ਬੀ.ਏ. ਕਰਨ ਤੋਂ ਬਾਅਦ ਬਾਲ ਭਾਰਤੀ ਮਹਾਂਵਿਦਿਆਲਾ, ਉੱਗੀ (ਜਲੰਧਰ)ਵਿਖੇ ਕੁਝ ਕੁ ਸਮਾਂ ਪੜ੍ਹਾਇਆ। ਫਿਰ 1991-1997 ਤੱਕ ਸੰਤ ਹੀਰਾ ਦਾਸ ਕੰਨਿਆਂ ਮਹਾਂਵਿਦਿਆਲਿਆ, ਕਾਲਾ ਸੰਘਿਆਂ(ਕਪੂਰਥਲਾ)ਵਿੱਚ ਹੋਮ ਸਾਇੰਸ ਪੜ੍ਹਾਉਣ ਦਾ ਮੌਕਾ ਮਿਲਿਆ ਤੇ ਨਾਲ ਨਾਲ ਲਿਖਦੀ ਤੇ ਬਹੁਤ ਸਾਰੇ ਪੇਪਰਾਂ ਵਿੱਚ ਛਪਦੀ ਵੀ ਰਹੀ ਜਿਨ੍ਹਾਂ ਵਿੱਚੋਂ ’ਰੋਜ਼ਾਨਾ ਅਜੀਤ’, ਰੋਜ਼ਾਨਾ ਜੱਗਬਾਣੀ,ਸਿਮਰਨ ਵੀਕਲੀ, ਪੰਜਾਬੀ ਪੋਰਟਰੇਟ, ਜਾਗ੍ਰਿਤੀ, ਨਵਾਂ ਜ਼ਮਾਨਾ ਰੋਜ਼ਾਨਾ,ਅਦਬੀ ਮਹਿਕ,ਵਿਗਿਆਨਕ ਸੋਚ,ਬਾਲ ਮਿਲਣੀ, ਸਰਘੀ(ਦੋ ਮਾਸਿਕ), ਚਿਹਰੇ, ਸੁਰਤਾਲ, ਬੇਗ਼ਮਪੁਰਾ ਪਰਿਵਾਰ ਆਦਿ ਬਹੁਤ ਸਾਰੇ ਪੇਪਰ ਸਨ। ਲਿਖਣ ਦੇ ਨਾਲ ਨਾਲ ਮੈਂ ਸ਼ੌਕੀਆ ਤੌਰ ਤੇ ਕੁਝ ਅਖਬਾਰਾਂ ਤੇ ਮੈਗਜ਼ੀਨ ਜਿਵੇਂ ਰੋਜ਼ਾਨਾ ਜੱਗਬਾਣੀ, ਨਵਾਂ ਜ਼ਮਾਨਾ, ਸਿਮਰਨ ਵੀਕਲੀ ਤੇ ਅਦਬੀ ਮਹਿਕ ਦੀ ਆਪਣੇ ਇਲਾਕੇ ਤੋਂ ਪ੍ਰਤੀਨਿਧਤਾ ਵੀ ਕੀਤੀ।
ਸੰਤ ਹੀਰਾ ਦਾਸ ਕੰਨਿਆਂ ਮਹਾਂਵਿਦਿਆਲਿਆ, ਕਾਲਾ ਸੰਘਿਆਂ ਵਿੱਚ ਹੀ ਪੜ੍ਹਾਉਦਿਆਂ ਮੇਰਾ ਇੰਗਲੈਂਡ ਵਿੱਚ ਵਿਆਹ ਹੋ ਗਿਆ ਤੇ 1997 ਵਿੱਚ ਹੀ ਮੈਂ ਇੰਗਲੈਂਡ ਆ ਕੇ ਵਸ ਗਈ।

ਇੱਥੇ ਮੈਂ 1997-1998 ਦੌਰਾਨ ਇੱਥੋਂ ਨਿਕਲਦੇ ਵੀਕਲੀ ਪੇਪਰ ’ਦੇਸ ਪ੍ਰਦੇਸ’ ਨਾਲ ਸਹਾਇਕ ਐਡੀਟਰ ਦੀ ਨੌਕਰੀ ਕੀਤੀ। ਘਰ ਦੇ ਹਾਲਾਤਾਂ ਨੂੰ ਮੁੱਖ ਰੱਖਦਿਆਂ ਇਹ ਨੌਕਰੀ ਛੱਡਣੀ ਪੈ ਗਈ।
ਦੇਸ ਪ੍ਰਦੇਸ ਤੋਂ ਇਲਾਵਾ ਹੋਰ ਪੇਪਰਾਂ ਜਿਵੇਂ ’ਮੇਰੀ ਬੋਲੀ ਮੇਰਾ ਧਰਮ’ ਆਦਿ ਵਿੱਚ ਛਪਦੀ ਰਹੀ ਹਾਂ।
ਫਿਰ ਥੋੜ੍ਹਾ ਸਮਾਂ ਪੈਕਿੰਗ ਦਾ ਕੰਮ ਕੀਤਾ। 2001 ਤੋਂ ਮੈਂ ਲੰਡਨ ਦੇ ਹੀਥਰੋ ਹਵਾਈ ਅੱਡੇ ਦੇ ਹਵਾਈ ਸੁਰੱਖਿਆ ਮਹਿਕਮੇ ਵਿੱਚ ਸਕਿਉਰਿਟੀ ਅਫ਼ਸਰ ਦੀ ਨੌਕਰੀ ਕਰ ਰਹੀ ਹਾਂ।

ਮੇਰੀ ਜ਼ਿੰਦਗੀ ਦਾ ਵੱਡਾ ਹਿੱਸਾ ਨੌਕਰੀ ਦੇ ਨਾਲ ਨਾਲ ਘਰ ਬਣਾਉਣ ਤੇ ਬੱਚਿਆਂ ਦੀ ਪਰਵਰਿਸ਼ ਵਿੱਚ ਗੁਜ਼ਰ ਗਿਆ ਤੇ ਮੇਰੇ ਪਤੀ ਸ.ਨਛੱਤਰ ਸਿੰਘ ਥਿੰਦ ਨੂੰ ਸਾਹਿਤ ਵਿੱਚ ਕੋਈ ਰੁਚੀ ਨਹੀਂ ਹੈ ਜਿਸ ਕਰਕੇ ਮੇਰਾ ਲਿਖਣਾ ਪੜ੍ਹਨਾ ਇੱਕ ਸੁਪਨਾ ਬਣ ਕੇ ਰਹਿ ਗਿਆ।
ਹੁਣ ਬੱਚੇ ਉਡਾਰ ਹੋ ਰਹੇ ਨੇ ਤੇ ਮੇਰੀ ਬੇਟੀ ਮਨਪ੍ਰੀਤ ਕੌਰ ਥਿੰਦ ਜਿਸ ਨੇ ਪੰਜਾਬੀ ਪੜ੍ਹਨੀ ਵੀ ਸਿੱਖੀ ਅਤੇ ਬੇਟੇ ਪ੍ਰਭਪ੍ਰੀਤ ਸਿੰਘ ਥਿੰਦ ਦੀ ਪੇ੍ਰਨਾ ਸਦਕਾ ਇਹ ਦੁਬਾਰਾ ਲਿਖਣਾ ਸ਼ੁਰੂ ਕਰ ਲਿਆ ਹੈ ਤੇ ਹੁਣ ਆਪਾਂ ਰੁਕਣਾ ਨਹੀਂ ਹੈ ਤੇ ਹੁਣ ਦਾ ਸਮਾਂ ਸੰਭਾਲਣਾ ਹੈ ।
ਅਜਕਲ੍ਹ ਮੈਂ ਫੇਸਬੁੱਕ ਤੇ ਇੰਸਟ੍ਰਾਗਰਾਮ ਤੇ ਲਗਾਤਾਰ ਪੋਸਟਾਂ ਪਾਉਂਦੀ ਰਹਿੰਦੀ ਹਾਂ ਤੇ ਮੇਰੇ ਪਾਠਕਾਂ ਵੱਲੋਂ ਬਹੁਤ ਹੌਂਸਲਾ ਅਫ਼ਜ਼ਾਈ ਤੇ ਉਤਸ਼ਾਹ ਮਿਲਦਾ ਹੈ ਤੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ।
ਪਾਠਕ ਵੀ ਰੋਜ਼ ਕੁਝ ਨਵਾਂ ਸਿੱਖਦੇ ਨੇ ਕਿਉਂਕਿ ਬਹੁਤੀਆਂ ਕਵਿਤਾਵਾਂ ਟੁੱਟੇ-ਹਾਰੇ ਇਨਸਾਨ ਨੂੰ ਹਿੰਮਤ ਤੇ ਹੌਂਸਲਾ ਦੇਣ ਵਾਲੀਆਂ ਹਨ।

ਇਸ ਤੋਂ ਇਲਾਵਾ ਮੇਰੀਆਂ ਰਚਨਾਵਾਂ ’ਦੇਸ ਪ੍ਰਦੇਸ ਵੀਕਲੀ,ਮਨ ਜਿੱਤ ਵੀਕਲੀ ਯੂ ਕੇ ਤੋਂ,ਪੰਜਾਬੀ ਅਖ਼ਬਾਰ ਕੈਨੇਡਾ, ਪੰਜਾਬੀ ਅਖ਼ਬਾਰ ਅਸਟ੍ਰੇਲੀਆ, ਸਤ ਸਮੁੰਦਰੋਂ ਪਾਰ, ਪ੍ਰਤੀਮਾਨ, ਪੰਜਾਬੀ ਪੀਪਲਜ਼, ਮਨਜਿੱਤ, ਪ੍ਰੀਤਨਾਮਾ,ਨਿਰਪੱਖ ਆਵਾਜ਼ ਆਦਿ ਪੇਪਰਾਂ ਵਿੱਚ ਤੇ ਪੰਜਾਬੀ ਪ੍ਰਤੀਲਿੱਪੀ ਵੈਬਸਾਇਡ ਤੇ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ।
ਇਸ ਤੋਂ ਇਲਾਵਾ ਪੰਜਾਬੀ ਮਾਂ ਬੋਲੀ ਦੀ ਸੇਵਾ ਵਾਸਤੇ ’ਦੇਸੀ ਰੇਡੀਓ’ ਲੰਡਨ ,ਯੂ ਕੇ ਤੇ ਰੇਡੀਓ ਹੋਸਟ ਦੇ ਤੌਰ ਤੇ ਵੀ ਕੀਤਾ ਹੈ। ਮੇਰੀਆਂ ਕੁਝ ਕਵਿਤਾਵਾਂ ’ਸਾਂਝੀ ਸੁਰ ਪਬਲੀਕੇਸ਼ਨ,ਰਾਜਪੁਰਾ ਵੱਲੋਂ ’ਸਾਂਝੀਆਂ ਸੁਰਾਂ’ ਤੇ ਪ੍ਰੀਤ ਪਬਲੀਕੇਸ਼ਨ ਵੱਲੋਂ ’ਸਿਰਜਣਹਾਰੇ’ਕਾਵਿ ਸੰਗਿ੍ਹ ਅਤੇ ਕਹਾਣੀ ਸੰਗਿ੍ਹ ‘ਫ਼ਲਕ’ ਵਿੱਚ ਮੇਰੀਆਂ ਲਿਖੀਆਂ ਦੋ ਮਿੰਨੀ ਕਹਾਣੀਆਂ ‘ਸਰਾਧ’ ਅਤੇ ‘ਅਧੂਰੀ ਕਹਾਣੀ’ ਛਪੀਆਂ ਹਨ।

ਮੇਰੇ ਦੋ ਕਾਵਿ ਸੰਗ੍ਰਹਿ ’ਸੱਚ ਦੇ ਬੋਲ’ ਤੇ ‘ਦਰਦ ਅਵੱਲੜੇ’ ਕੈਫ਼ੇ ਵਰਲਡ ਪਬਲੀਕੇਸ਼ਨ, ਜਲੰਧਰ ਵੱਲੋਂ ਪ੍ਕਕਾਸ਼ਿਤ ਕੀਤੇ ਗਏ।
ਮਾਰਚ, 2021 ਵਿੱਚ ਮੇਰਾ ਲਿਖਿਆ ਤੇ ਗਾਇਆ ਹੋਇਆ ਪਲੇਠਾ ਗੀਤ ‘ਧਰਵਾਸ’ ਪੰਜਾਬੀਆਂ ਦਾ’ ਰੀਲੀਜ਼ ਹੋਇਆ ਤੇ ਫਿਰ ਆਪਣੇ ਹੀ ਲਿਖੇ ਦੋ ਹੋਰ ਗੀਤ ‘ਜ਼ਿੰਦਗੀ’ ਅਤੇ ‘ਆਪਣੇ ਦਾ ਗ਼ਮ’ ਉਪਰੋਥਲੀ ਰਿਕਾਰਡ ਕਰਵਾਏ।
ਸਮੇਂ ਸਮੇਂ ਤੇ ਕਵੀ ਦਰਬਾਰਾਂ ਤੇ ਹੋਰ ਸਾਹਿਤਕ ਸਰਗਰਮੀਆਂ ਵਿੱਚ ਵੀ ਲਗਾਤਾਰ ਹਾਜ਼ਰੀ ਲਗਵਾਉਣ ਦੇ ਨਾਲ ਨਾਲ ਬੋਲਣ ਦਾ ਵੀ ਮੌਕਾ ਮਿਲਦਾ ਰਹਿੰਦਾ ਹੈ।
ਅੱਗੇ ਵੀ ਮੈਂ ਕਵਿਤਾ, ਕਹਾਣੀ ਤੇ ਵਾਰਤਿਕ ਲਿਖਦੀ ਰਹਾਂਗੀ ਤੇ ਆਸ ਕਰਦੀ ਹਾਂ ਕਿ ਆਪ ਸਾਰੇ ਸਹਿਯੋਗੀ ਤੇ ਪਾਠਕ ਮੇਰੀ ਹੌਂਸਲਾ ਅਫ਼ਜ਼ਾਈ ਕਰਦੇ ਰਹੋਗੇ।
**
ਗੁਰਮੇਲ ਕੌਰ ਸੰਘਾ, ਲੰਡਨ
email: gk.thind@hotmail.co.uk
***

1. ”ਗੁਰਮੁਖੀ ਅੱਖਰ”

ਚੌਂਤੀ   ਭਾਈ   ਤੇ   ਇੱਕ   ਭੈਣ,
ਲਗਾਂ ਮਾਤਰਾਂ ਸ਼ਿੰਗਾਰੇ ਅੱਖਰ।
ਲਿੱਪੀ ਗੁਰਮੁਖ਼ੀ ਕਹਿੰਦੇ ਇਸਨੂੰ,
ਗੁਰੂਆਂ  ਮੁੱਖੋਂ   ਉਚਾਰੇ  ਅੱਖਰ।

ਗੁਰਬਾਣੀ  ਸਾਨੂੰ ਦਿੱਤਾ ਖ਼ਜ਼ਾਨਾ,
ਰਾਗਾਂ  ਨਾਲ  ਸ਼ਿੰਗਾਰੇ  ਅੱਖਰ।
ਭਾਂਤ ਭਾਂਤ ਦੀ  ਵੰਨਗੀ  ਸਾਹਿਤ,
ਸ਼ਬਦਾਂ  ਵਿੱਚ  ਵਿਚਾਰੇ  ਅੱਖਰ।

ਪੰਜ  ਦਰਿਆਵਾਂ ਦੇ ਪਾਣੀ ਸੰਗ,
ਲਹਿਰੀਂ  ਲੈਣ  ਹੁਲਾਰੇ  ਅੱਖਰ।
ਲੋਰੀ  ਮਾਂ ਦੀ ਬਚਪਨ ਦੇ  ਵਿੱਚ,
ਖੇਡੇ  ਅੰਗ-ਸੰਗ ਸਾਰੇ  ਅੱਖਰ।

ਜਾ   ਸਕੂਲ    ਮੁਹਾਰਤ   ਸਿੱਖੀ,
ਹੋ ਗਏ  ਅੱਜ  ਬੁਲਾਰੇ   ਅੱਖਰ।
ਵਿੱਚ  ਸਕੂਲਾਂ  ਸਿੱਖਿਆ  ਲੈ  ਕੇ,
ਜ਼ਿੰਦਗੀ   ਖ਼ੂਬ  ਸੰਵਾਰੇ  ਅੱਖਰ।

ਝੂਮੇ    ਬਨਸਪਤੀ    ਖ਼ੇਤਾਂ   ਬੰਨੇਂ,
ਵਿੱਚ ਫ਼ਸਲਾਂ ਲੈਣ ਹੁਲਾਰੇ ਅੱਖਰ।
ਝਰਨੇ,   ਬਰਫ਼ਾਂ   ਲੱਦੇ    ਪਰਬਤ,
ਕੁਦਰਤ  ਵਾਰੇ  ਨਿਆਰੇ  ਅੱਖਰ।

ਟੱਪੇ,ਘੋੜੀਆਂ,ਸੁਹਾਗ,ਸਿੱਠਣੀਆਂ,
ਵਾਰਾਂ, ਮਾਹੀਏ   ਉਚਾਰੇ   ਅੱਖਰ।
ਤੱਕ    ਬੱਦਲ਼ੀ    ਨੂੰ     ਨੱਚੇ    ਮੋਰ,
ਵਿੱਚ ਮਹਿਕਾਂ ਪੌਣ ਖ਼ਿਲਾਰੇ ਅੱਖਰ।

ਜਦ  ਮੇਰੀ   ਕਵਿਤਾ   ਬਣ   ਜਾਂਦੇ,
ਲੱਗਦੇ   ਬੜੇ   ਪਿਆਰੇ   ਅੱਖਰ।
’ਸੰਘਾ’ਜਦ ਮਨ ਭਰ ਭਰ ਉੱਛਲੇ,
ਬਣਦੇ   ਮੇਰੇ    ਸਹਾਰੇ   ਅੱਖਰ।
**

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥ {ਪੰਨਾ 473}

2. ਧੀਆਂ

ਸੋ ਕਿਉਂ ਮੰਦਾ ਆਖੀਐ
ਜਿਤੁ ਜੰਮਹਿ ਰਾਜਾਨ।
ਨਾ ਭੰਡੋ, ਦੁਰਕਾਰੋ ਔਰਤ,
ਬਾਬੇ ਨਾਨਕ ਦਾ ਫੁਰਮਾਣ।
ਬਿਨ ਔਰਤ ਲੱਗ ਜਾਂਦੇ,
ਵਸਦੇ ਘਰ ਨੂੰ ਤਾਲੇ ਨੇ।
ਜਿਹੜੇ ਘਰ ਵਿੱਚ ਧੀਆਂ,
ਉਹ ਘਰ ਭਾਗਾਂ ਵਾਲੇ ਨੇ।

ਮਾਂ, ਭੈਣ, ਪਤਨੀ ਤੇ ਧੀ ਦੇ,
ਰਿਸ਼ਤੇ ਹੀ ਗੂੜ੍ਹੇ ਨੇ।
ਦਿਨ ਤਿਓਹਾਰ ਤੇ ਖ਼ੁਸ਼ੀਆਂ,
ਔਰਤ ਬਿਨ ਅਧੂਰੇ ਨੇ।
ਛੱਡ ਡਰਨਾ,ਭਰਦੇ ਜਜ਼ਬਾ,
ਇਨ੍ਹਾਂ ਹੀ ਜੁੱਗ ਬਦਲਾਣੇ ਨੇ।
ਜਿਹੜੇ ਘਰ ਵਿੱਚ ਧੀਆਂ,
ਉਹ ਘਰ ਕਰਮਾਂ ਵਾਲੇ ਨੇ।

ਚੰਦਰਯਾਮ ਮਿਸ਼ਨ ਨਾਲੇ,
ਜਿੱਤ ਐਵਰੈਸਟ ਚੋਟੀ ਤੇ।
ਪਾਇਲਟ, ਡਾਕਟਰ, ਨੇਤਾ,
ਸਾਇੰਸਦਾਨ ਉੱਚਕੋਟੀ ਦੇ।
ਮਾਣ ਵਧ ਜਾਵੇ ਮਾਪਿਆਂ ਦਾ,
ਜਿਨ੍ਹਾਂ ਘਾਲਣ ਘਾਲੇ ਨੇ।
ਜਿਹੜੇ ਘਰ ਵਿੱਚ ਧੀਆਂ,
ਉਹ ਘਰ ਭਾਗਾਂ ਵਾਲੇ ਨੇ।

ਸੋਚੋ ! ਜਿਸ ਦੇ ਧੀ ਨਹੀਂ,
ਓਸ ਕੀ ਮਹਿਲ ਬਣਾਂਤੇ ਨੇ।
ਹਰੇਕ ਜੀਅ ਜੱਗ ਤੇ ਆਉਂਦਾ,
ਧੁਰ ਤੋਂ ਲੇਖ ਲਿਖਾ ਕੇ ਵੇ।
ਸੌੜੀਆਂ ਸੋਚਾਂ ਛੱਡ ਕੇ,
ਖੋਲ੍ਹੋ ਮਨ ਦੇ ਤਾਲ਼ੇ ਵੇ।
ਜਿਹੜੇ ਘਰ ਵਿੱਚ ਧੀਆਂ,
ਉਹ ਘਰ ਕਰਮਾਂ ਵਾਲੇ ਨੇ।

ਦੇਣ ਨਹੀਂ ਦੇ ਸਕਦੇ ਲੋਕੋ,
ਧੀਆਂ ਰਾਣੀਆਂ ਦਾ।
ਜੱਗ ਜਨਣੀ,ਜੱਗ ਪਾਲਣਹਾਰ,
ਤਾਹੀਂ ਮੋਹ ਮਰਜਾਣੀਆਂ ਦਾ।
ਕਿੱਥੋਂ ਜੰਮਣਗੇ ਯੋਧੇ,
ਹੀਰੇ ਅਕਲਾਂ ਵਾਲੇ ਨੇ।
ਜਿਹੜੇ ਘਰ ਵਿੱਚ ਧੀਆਂ,
ਉਹ ਘਰ ਭਾਗਾਂ ਵਾਲੇ ਨੇ।

ਨਾ ਮਾਰੋ ! ਨਾ ਮਾਰੋ ! ਧੀਆਂ,
ਇਹ ਪਾਪ ਨਹੀਂ ਧੋ ਹੋਣਾ।
ਜਦ ਪਈ ਡਾਢੇ ਦੀ ਮਾਰ,
ਤੜਪੋਗੇ ਰੋ ਵੀ ਨਹੀਂ ਹੋਣਾ।
ਪਈ ਧਰਮੀ ਭੇਸ ’ਚ ’ਸੰਘਾ’
ਕਰਦੇ ਘਾਲ਼ੇ – ਮਾਲ਼ੇ ਨੇ ।
ਜਿਹੜੇ ਘਰ ਵਿੱਚ ਧੀਆਂ,
ਉਹ ਘਰ ਭਾਗਾਂ ਵਾਲੇ ਨੇ।
**
3. ਰੁੱਖ ਦੀ ਦਾਸਤਾਨ

ਪ੍ਰਦੇਸਾਂ ਵਿੱਚ ਦਿਲ ਲੱਗਦਾ ਨਹੀਂ,
ਇੱਕ ਸੁਪਨਾ ਰਾਤੀਂ ਤੱਕਿਆ ਸੀ।
ਖ਼ੁਦਗ਼ਰਜ਼ ਲੋਕਾਂ ਤੋਂ ਬਚਬਚ ਕੇ,
ਦੁੱਖ ਰੁੱਖ ਨੇ ਰੋ ਇੰਝ ਦੱਸਿਆ ਸੀ।

ਮਨ ਦੁਖ਼ੀ ਹੋ ਗਿਆ ਸੁਣ ਸੁਣ ਕੇ,
ਪੰਜਾਬ ਮੇਰੇ ਦੀਆਂ ਗੱਲਾਂ ਨੂੰ।
ਮੈਂ ਕਿਵੇਂ ਦਬਾਵਾਂ ਸੀਨੇ ਵਿੱਚ,
ਹੰਝੂ ਬਣ ਬਣ ਉਠਦੀਆਂ ਛੱਲਾਂ ਨੂੰ।

ਰੁੱਖ਼ ਦੱਸੇ ਦਾਸਤਾਂ ਰੋ ਰੋ ਕੋ,
ਬਹਿ ਛਾਵੇਂ ਰਾਹੀ ਤੁਰ ਜਾਂਦੇ।
ਭੌਰੇ ਰਸ ਮਾਣਦੇ ਫੁੱਲਾਂ ਦਾ,
ਜਿਸ ਰੁੱਤ ਵਿੱਚ ਆਏ ਫੁੱਲ ਹੁੰਦੇ।

ਪੰਛੀ ਗੋਦ ਵਿੱਚ ਆਲ੍ਹਣੇ ਪਾ ਰਹਿੰਦੇ,
ਫ਼ਲ਼ – ਫੁੱਲ ਖਾਂਦੇ ਨੇ ਚਾਅਵਾਂ ਨਾਲ।
ਜਦ ਆਉਣ ਹਨ੍ਹੇਰੀਆਂ ਜੰਗਲ ਵਿੱਚ,
ਕੁਦਰਤ ਲਾ ਬਹਿੰਦਾ ਬਾਹਵਾਂ ਨਾਲ।

ਮੇਰੇ ਪੱਤ ਲਹਿਰਾਉਂਦੇ ਹਵਾ ਨਾਲ,
ਪੰਛੀ ਗਾਉਂਦੇ ਗੀਤ ਪਿਆਰਾਂ ਦੇ।
ਸੱਚੇ ਰੱਬ ਦਾ ਸ਼ੁਕਰ ਮਨਾਵਾਂ ਮੈਂ,
ਜਦ ਹੁੰਦੇ ਦਿਨ ਬਹਾਰਾਂ ਦੇ।

ਕਰ ਯਾਦ ਪੁਰਾਣੇ ਦਿਨ ਰੋਵਾਂ,
ਨਿੰਮ,ਬੋਹੜ,ਪਿੱਪਲ ਦਿਆਂ ਰੁੱਖਾਂ ਨੂੰ।
ਮੁਟਿਆਰਾਂ ਗਾਉਂਦੀਆਂ ਪੀਘਾਂ ਤੇ,
ਨਾਲੇ ਛੈਲ – ਛਬੀਲੇ ਪੁੱਤਾਂ ਨੂੰ।

ਪਾਣੀ ਮੁੱਕਿਆ,ਰੌਣਕ ਮੁੱਕ ਗਈ,
ਨਰਮੇ, ਗੰਨੇ, ਤਿਲ, ਦਾਲ਼ਾਂ ਵੀ।
ਚਿੜੀਆਂ,ਘੁੱਗੀਆਂ,ਤੋਤੇ,ਬੁਲਬੁਲ,
ਜੁਗਨੂੰ ਤੇ ਤਿੱਤਰਾਂ ਦੀਆਂ ਡਾਰਾਂ ਵੀ।

ਪਾ ਰੂੜੀ ਸਬਜੀ ਲਉਂਦੇ ਨਹੀਂ,
ਲੋਕ ਸਮਝਣ ਕੰਮ ਗੰਵਾਰਾਂ ਦਾ।
ਖ਼ਾਈ ਜਾਂਦੇ ਜ਼ਹਿਰੀ ਫ਼ਲ਼-ਪੱਤੇ,
ਬਣ ਗਿਆ ਪੰਜਾਬ ਬੀਮਾਰਾਂ ਦਾ।

ਕਰਾਂ ਸ਼ੁਕਰ ਮੈਂ ਪਿੰਡ ਤੋਂ ਪਰ੍ਹਾਂ ਜਿਹੇ,
ਹੁਣ ਤੱਕ ਕੋਈ ਵੱਢ ਮੁਕਾ ਦਿੰਦਾ।
ਜਾਂ ਆ ਲੈਂਦਾ ਫਾਹਾ ਅੰਨਦਾਤਾ,
ਕੋਈ ਧੀ ਲੁੱਟ ਕੇ ਲਟਕਾ ਜਾਂਦਾ।

ਸ਼ਾਲਾ! ਪੰਜਾਬੀ ਬਦਲ ਸਕਣ,
ਪੰਜਾਬ ਦੀਆਂ ਗੁਲਜ਼ਾਰਾਂ ਨੂੰ।
ਛੱਡ ਖ਼ਾਬ ਵਿਦੇਸ਼ੀਂ ਭੱਜਣ ਦੇ,
‘ਸੰਘਾ’ ਬਦਲੋ ਕਾਰ-ਵਿਹਾਰਾਂ ਨੂੰ।
**
4. ਚੀਸ

ਕਦੇ-ਕਦੇ ਇੱਕ ਚੀਸ ਜਿਹੀ ਉੱਠਦੀ ਰਹਿੰਦੀ ਏ।
ਜੋ ਬਣ ਕਵਿਤਾ ਮਨ ਮੇਰੇ ’ਚੋਂ ਫੁੱਟਦੀ ਰਹਿੰਦੀ ਏ।
ਕਦੇ ਕਦੇ ਇੱਕ ਚੀਸ ਜਿਹੀ……..

ਜਦ ਤੋਂ ਜਾਣਿਆਂ ਧੀਆਂ ਨਹੀਂ ਮਹਿਫ਼ੂਜ਼ ਕਿਤੇ,
ਜਾਨ ਮੇਰੀ ਇਹ ਸੋਚ ਸੋਚ ਕੇ ਟੁੱਟਦੀ ਰਹਿੰਦੀ ਏ
ਕਦੇ -ਕਦੇ ਇੱਕ ਚੀਸ ਜਿਹੀ……..

ਕਿਰਤੀ ਹਰ ਪਲ ਖ਼ੂਨ-ਪਸੀਨਾ ਇੱਕ ਕਰੇ,
ਉਸਨੂੰ ਪਰ ਸਰਮਾਏਦਾਰੀ ਲੁੱਟਦੀ ਰਹਿੰਦੀ ਏ।
ਕਦੇ -ਕਦੇ ਇੱਕ ਚੀਸ ਜਿਹੀ……..

ਪੜ੍ਹਣਾ ਛੱਡ ਜਦ ਬਾਲ ਵੀ ਭਟਕਣ ਰੋਟੀ ਲਈ
ਵੇਖ ਉਹਨਾ ਨੂੰ ਤੜਪ ਵੀ ਲੁਕਦੀ ਰਹਿੰਦੀ ਏ।
ਕਦੇ -ਕਦੇ ਇੱਕ ਚੀਸ ਜਿਹੀ……..

ਰਿਸ਼ਵਤਖ਼ੋਰੀ ਖਾ ਗਈ ਸੁਪਨੇ ਲੋਕਾਂ ਦੇ
ਸੱਧਰਾਂ ਦੀ ਤੰਦ ਤਾਂ ਹੀ ਟੁੱਟਦੀ ਰਹਿੰਦੀ ਏ।
ਕਦੇ -ਕਦੇ ਇੱਕ ਚੀਸ ਜਿਹੀ……..

ਚੜ੍ਹਦੈ ਸੂਰਜ ਆਸਾਂ ਦਾ ‘ਗੁਰਮੇਲ’ ਜਦੋਂ ,
ਕਿਰਨ ਆਸ ਦੀ ਵੇਖਾਂ ਨਿੱਤ ਜੋ ਫੁੱਟਦੀ ਏ ।
ਕਦੇ -ਕਦੇ ਇੱਕ ਚੀਸ ਜਿਹੀ……..
***
837
***

About the author

ਗੁਰਮੇਲ ਕੌਰ ਸੰਘਾ, ਲੰਡਨ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਮੇਰੀਆਂ ਰਚਨਾਵਾਂ ’ਦੇਸ ਪ੍ਰਦੇਸ ਵੀਕਲੀ,ਮਨ ਜਿੱਤ ਵੀਕਲੀ ਯੂ ਕੇ ਤੋਂ,ਪੰਜਾਬੀ ਅਖ਼ਬਾਰ ਕੈਨੇਡਾ, ਪੰਜਾਬੀ ਅਖ਼ਬਾਰ ਅਸਟ੍ਰੇਲੀਆ, ਸਤ ਸਮੁੰਦਰੋਂ ਪਾਰ, ਪ੍ਰਤੀਮਾਨ, ਪੰਜਾਬੀ ਪੀਪਲਜ਼, ਮਨਜਿੱਤ, ਪ੍ਰੀਤਨਾਮਾ,ਨਿਰਪੱਖ ਆਵਾਜ਼ ਆਦਿ ਪੇਪਰਾਂ ਵਿੱਚ ਤੇ ਪੰਜਾਬੀ ਪ੍ਰਤੀਲਿੱਪੀ ਵੈਬਸਾਇਡ ਤੇ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। 

ਇਸ ਤੋਂ ਇਲਾਵਾਾ ਪੰਜਾਬੀ ਮਾਂ ਬੋਲੀ ਦੀ ਸੇਵਾ ਵਾਸਤੇ ’ਦੇਸੀ ਰੇਡੀਓ’ ਲੰਡਨ ,ਯੂ ਕੇ ਤੇ ਰੇਡੀਓ ਹੋਸਟ ਦੇ ਤੌਰ ਤੇ ਵੀ ਕੀਤਾ ਹੈ।

ਮੇਰੀਆਂ ਕੁਝ ਕਵਿਤਾਵਾਂ ’ਸਾਂਝੀ ਸੁਰ ਪਬਲੀਕੇਸ਼ਨ,ਰਾਜਪੁਰਾ ਵੱਲੋਂ  ’ਸਾਂਝੀਆਂ ਸੁਰਾਂ’ ਤੇ ਪ੍ਰੀਤ ਪਬਲੀਕੇਸ਼ਨ ਵੱਲੋਂ ’ਸਿਰਜਣਹਾਰੇ’ਕਾਵਿ ਸੰਗ੍ਰਹਿ ਅਤੇ ਕਹਾਣੀ ਸੰਗ੍ਰਹਿ ‘ਫ਼ਲਕ’ ਵਿੱਚ ਮੇਰੀਆਂ ਲਿਖੀਆਂ ਦੋ ਮਿੰਨੀ ਕਹਾਣੀਆਂ ‘ਸਰਾਧ’ ਅਤੇ ‘ਅਧੂਰੀ  ਕਹਾਣੀ’ ਛਪੀਆਂ  ਹਨ।

ਮੇਰੇ ਦੋ ਕਾਵਿ ਸੰਗ੍ਰਹਿ ’ਸੱਚ ਦੇ ਬੋਲ’  ਤੇ ‘ਦਰਦ ਅਵੱਲੜੇ’  ਕੈਫ਼ੇ ਵਰਲਡ ਪਬਲੀਕੇਸ਼ਨ, ਜਲੰਧਰ ਵੱਲੋਂ ਪ੍ਕਾਸ਼ਿਤ ਕੀਤੇ ਗਏ।

ਮਾਰਚ, 2021 ਵਿੱਚ ਮੇਰਾ ਲਿਖਿਆ ਤੇ ਗਾਇਆ ਹੋਇਆ ਪਲੇਠਾ ਗੀਤ ‘ਧਰਵਾਸ’ ਪੰਜਾਬੀਆਂ ਦਾ’ ਰੀਲੀਜ਼ ਹੋਇਆ ਤੇ ਫਿਰ ਆਪਣੇ ਹੀ ਲਿਖੇ ਦੋ ਹੋਰ ਗੀਤ ‘ਜ਼ਿੰਦਗੀ’ ਅਤੇ ‘ਆਪਣੇ ਦਾ ਗ਼ਮ’ ਉਪਰੋਥਲੀ ਰਿਕਾਰਡ ਕਰਵਾਏ।

ਸਮੇਂ ਸਮੇਂ ਤੇ ਕਵੀ ਦਰਬਾਰਾਂ ਤੇ ਹੋਰ ਸਾਹਿਤਕ ਸਰਗਰਮੀਆਂ ਵਿੱਚ ਵੀ ਲਗਾਤਾਰ ਹਾਜ਼ਰੀ ਲਗਵਾਉਣ ਦੇ ਨਾਲ ਨਾਲ ਬੋਲਣ ਦਾ ਵੀ ਮੌਕਾ ਮਿਲਦਾ ਰਹਿੰਦਾ ਹੈ।

ਅੱਗੇ ਵੀ ਮੈਂ ਕਵਿਤਾ, ਕਹਾਣੀ ਤੇ ਵਾਰਤਿਕ ਲਿਖਦੀ ਰਹਾਂਗੀ ਤੇ ਆਸ ਕਰਦੀ ਹਾਂ ਕਿ ਆਪ ਸਾਰੇ ਸਹਿਯੋਗੀ ਤੇ  ਪਾਠਕ ਮੇਰੀ ਹੌਂਸਲਾ ਅਫ਼ਜ਼ਾਈ ਕਰਦੇ ਰਹੋਗੇ।

ਗੁਰਮੇਲ ਕੌਰ ਸੰਘਾ, ਲੰਡਨ

ਮੇਰੀਆਂ ਰਚਨਾਵਾਂ ’ਦੇਸ ਪ੍ਰਦੇਸ ਵੀਕਲੀ,ਮਨ ਜਿੱਤ ਵੀਕਲੀ ਯੂ ਕੇ ਤੋਂ,ਪੰਜਾਬੀ ਅਖ਼ਬਾਰ ਕੈਨੇਡਾ, ਪੰਜਾਬੀ ਅਖ਼ਬਾਰ ਅਸਟ੍ਰੇਲੀਆ, ਸਤ ਸਮੁੰਦਰੋਂ ਪਾਰ, ਪ੍ਰਤੀਮਾਨ, ਪੰਜਾਬੀ ਪੀਪਲਜ਼, ਮਨਜਿੱਤ, ਪ੍ਰੀਤਨਾਮਾ,ਨਿਰਪੱਖ ਆਵਾਜ਼ ਆਦਿ ਪੇਪਰਾਂ ਵਿੱਚ ਤੇ ਪੰਜਾਬੀ ਪ੍ਰਤੀਲਿੱਪੀ ਵੈਬਸਾਇਡ ਤੇ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ।  ਇਸ ਤੋਂ ਇਲਾਵਾਾ ਪੰਜਾਬੀ ਮਾਂ ਬੋਲੀ ਦੀ ਸੇਵਾ ਵਾਸਤੇ ’ਦੇਸੀ ਰੇਡੀਓ’ ਲੰਡਨ ,ਯੂ ਕੇ ਤੇ ਰੇਡੀਓ ਹੋਸਟ ਦੇ ਤੌਰ ਤੇ ਵੀ ਕੀਤਾ ਹੈ। ਮੇਰੀਆਂ ਕੁਝ ਕਵਿਤਾਵਾਂ ’ਸਾਂਝੀ ਸੁਰ ਪਬਲੀਕੇਸ਼ਨ,ਰਾਜਪੁਰਾ ਵੱਲੋਂ  ’ਸਾਂਝੀਆਂ ਸੁਰਾਂ’ ਤੇ ਪ੍ਰੀਤ ਪਬਲੀਕੇਸ਼ਨ ਵੱਲੋਂ ’ਸਿਰਜਣਹਾਰੇ’ਕਾਵਿ ਸੰਗ੍ਰਹਿ ਅਤੇ ਕਹਾਣੀ ਸੰਗ੍ਰਹਿ ‘ਫ਼ਲਕ’ ਵਿੱਚ ਮੇਰੀਆਂ ਲਿਖੀਆਂ ਦੋ ਮਿੰਨੀ ਕਹਾਣੀਆਂ ‘ਸਰਾਧ’ ਅਤੇ ‘ਅਧੂਰੀ  ਕਹਾਣੀ’ ਛਪੀਆਂ  ਹਨ। ਮੇਰੇ ਦੋ ਕਾਵਿ ਸੰਗ੍ਰਹਿ ’ਸੱਚ ਦੇ ਬੋਲ’  ਤੇ ‘ਦਰਦ ਅਵੱਲੜੇ’  ਕੈਫ਼ੇ ਵਰਲਡ ਪਬਲੀਕੇਸ਼ਨ, ਜਲੰਧਰ ਵੱਲੋਂ ਪ੍ਕਾਸ਼ਿਤ ਕੀਤੇ ਗਏ। ਮਾਰਚ, 2021 ਵਿੱਚ ਮੇਰਾ ਲਿਖਿਆ ਤੇ ਗਾਇਆ ਹੋਇਆ ਪਲੇਠਾ ਗੀਤ ‘ਧਰਵਾਸ’ ਪੰਜਾਬੀਆਂ ਦਾ’ ਰੀਲੀਜ਼ ਹੋਇਆ ਤੇ ਫਿਰ ਆਪਣੇ ਹੀ ਲਿਖੇ ਦੋ ਹੋਰ ਗੀਤ ‘ਜ਼ਿੰਦਗੀ’ ਅਤੇ ‘ਆਪਣੇ ਦਾ ਗ਼ਮ’ ਉਪਰੋਥਲੀ ਰਿਕਾਰਡ ਕਰਵਾਏ। ਸਮੇਂ ਸਮੇਂ ਤੇ ਕਵੀ ਦਰਬਾਰਾਂ ਤੇ ਹੋਰ ਸਾਹਿਤਕ ਸਰਗਰਮੀਆਂ ਵਿੱਚ ਵੀ ਲਗਾਤਾਰ ਹਾਜ਼ਰੀ ਲਗਵਾਉਣ ਦੇ ਨਾਲ ਨਾਲ ਬੋਲਣ ਦਾ ਵੀ ਮੌਕਾ ਮਿਲਦਾ ਰਹਿੰਦਾ ਹੈ। ਅੱਗੇ ਵੀ ਮੈਂ ਕਵਿਤਾ, ਕਹਾਣੀ ਤੇ ਵਾਰਤਿਕ ਲਿਖਦੀ ਰਹਾਂਗੀ ਤੇ ਆਸ ਕਰਦੀ ਹਾਂ ਕਿ ਆਪ ਸਾਰੇ ਸਹਿਯੋਗੀ ਤੇ  ਪਾਠਕ ਮੇਰੀ ਹੌਂਸਲਾ ਅਫ਼ਜ਼ਾਈ ਕਰਦੇ ਰਹੋਗੇ।

View all posts by ਗੁਰਮੇਲ ਕੌਰ ਸੰਘਾ, ਲੰਡਨ →