1. ਬੂੰਦ * ਬੂੰਦ ਵਿਛੜ ਨਿਮਾਣੀ ਸਾਗਰ ਨਾਲੋਂ, ਮੱਥਾ ਜਾ ਕੇ ਪਹਾੜਾਂ ਦੇ ਨਾਲ ਮਾਰੇ । ਗਲ ਸਖੀਆਂ ਦੇ ਲੱਗ ਲੱਗ ਕੇ ਰੋਵੇ, ਹੰਝੂ ਅੱਖੀਆਂ ‘ਚੋ ਬਰਸਦੇ ਖਾਰੇ। ਬਗੈਰ ਸੱਜਣ ਕੀ ਜੀਵਣਾ ਜਗ ਉੱਤੇ, ਕਸਾਰੇ ਹਿਜਰ ਦੇ ਪੈਂਦੇ ਬਹੁਤ ਭਾਰੇ । ‘ਰੂਪ’ ਸ਼ਾਇਰਾ ਨਦੀ ਦੀ ਤੋਰ ਤੁਰੀਏ , ਫਤਿਹ ਹੋਂਵਦੇ ਦਿਲਾਂ ਦੇ ਖਾਬ ਧਾਰੇ। * 2. ਵਾਰਿਸ ਸ਼ਾਹਾ * ਵਾਰਿਸ ਸ਼ਾਹਾ ਸਮਾਂ ਹੈ ਬਦਲ ਚੁੱਕਾ, ਕੋਈ ਆਪਣਾ ਗੁੜ ਲੁਕਾਂਵਦਾ ਨਾ। ਮਜ਼ਾ ਮੂਲ ਨਾ ਆਵੇ ਗੁੜ ਖਾਵਣੇ ਦਾ , ਕੈਦ ਕੈਮਰੇ ਦੇ ਵਿਚ ਹੋ ਜਾਂਵਦਾ ਨਾ। ਲੱਖਾਂ ਲੂਹਰੀਆਂ ਉੱਠਣ ਵਿਚ ਸੀਨੇ, ਜੇ ਫੇਸਬੁਕ ‘ਤੇ ਫੋਟੋ ਪਾਂਵਦਾ ਨਾ। ‘ਰੂਪ ‘ ਸ਼ਾਇਰ ਸਮੇਂ ਦੇ ਨਾਲ ਚੱਲੇ, ਖੱਬੀ ਖਾਂ ਤੋਂ ਗੱਲ ਅਖਵਾਂਵਦਾ ਨਾ। * 3. ਰੂਹਾਂ ਦੀ ਹਾਥ * ਬੜੀ ਔਖੀ ਰੂਹਾਂ ਦੀ ਹਾਥ ਪਾਉਣੀ, ਔਖਾ ਖੋਲ੍ਹਣਾ ਭੇਤ ਜ਼ਰੂਰਤਾਂ ਦਾ। ਮਾੜੇ ਦਿਨ ਜ਼ਿੰਦਗੀ ਦੇ ਭੁੱਲ ਜਾਂਦੇ, ਚੇਤਾ ਭੁੱਲਦਾ ਨਹੀਂ ਮਹੂਰਤਾਂ ਦਾ। ਸਦਾ ਜ਼ਿੰਦਗੀ ਦੇ ਵਿਚ ਖਾਣ ਧੋਖਾ, ਕਰਦੇ ਵਣਜ ਸੁਹਣੀਆਂ ਸੂਰਤਾਂ ਦਾ। ‘ਰੂਪ ‘ ਸ਼ਾਇਰਾ ਪਰਤ ਕੇ ਦੇਖ ਪੰਨਾ, ਰੰਗ ਹੁੰਦਾ ਬਦਰੰਗ ਏ ਮੂਰਤਾਂ ਦਾ। * ਰੂਪ ਲਾਲ ਰੂਪ ਪਿੰਡ ਭੇਲਾਂ ਡਾਕਖਾਨਾ ਨਾਜਕਾ ਜਿਲ੍ਹਾ ਜਲੰਧਰ (ਪੰਜਾਬ) 94652-25722 *** |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਰੂਪ ਲਾਲ ਰੂਪ
ਪ੍ਰਧਾਨ,
ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ)
ਪੁਸਤਕਾਂ:
ਕਾਵਿ ਰਿਸ਼ਮਾਂ (2020) ਸੰਪਾਦਨਾ
ਸਿਆੜ ਦਾ ਪੱਤਣ (2022) ਸੰਪਾਦਨਾ
ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ
ਪਤਾ:
ਪਿੰਡ ਭੇਲਾਂ ਡਾਕਖਾਨਾ ਨਾਜਕਾ
(ਜਲੰਧਰ) ਪੰਜਾਬ
+94652-29722