20 December 2025

ਦਸਮ ਪਿਤਾ ਦਾ ਆਨੰਦਪੁਰ ਸਾਹਿਬ ਛੱਡਣਾ ਸਿਧਾਂਤਕ ਅਡੋਲਤਾ ਦੀ ਅਦੁੱਤੀ ਮਿਸਾਲ — ਡਾ. ਸਤਿੰਦਰ ਪਾਲ ਸਿੰਘ 

ਇਤਿਹਾਸ ਪੜ੍ਹਦਿਆਂ ਇਹੋ ਗਿਆਤ ਹੁੰਦਾ ਹੈ ਕਿ ਸੰਨ ੧੭੦੦ ਤੋਂ ਨਿਰੰਤਰ ਚਾਰ ਸਾਲ  ਆਨੰਦਪੁਰ ਸਾਹਿਬ ਤੇ ਹੰਮਲੇ ਕਰਨ ਤੋਂ ਬਾਅਦ ਵੀ ਮੁਗਲਾਂ ਅਤੇ ਉਨ੍ਹਾਂ ਦੇ ਮਿੱਤਰ ਪਹਾੜੀ ਰਾਜਿਆਂ ਨੂੰ ਕੋਈ ਕਾਮਿਆਬੀ ਨਾਂ ਪ੍ਰਾਪਤ ਹੋਈ , ਕਈ ਮਹੀਨੇ ਚੱਲੀ  ਆਨੰਦਪੁਰ ਸਾਹਿਬ ਦੀ ਘੇਰਾਬੰਦੀ ਵੀ ਬੇਅਸਰ ਸਾਬਿਤ ਹੋਈ ਤਾਂ ਗੁਰੂ ਗੋਬਿੰਦ ਸਿੰਘ ਜੀ ਕੋਲ  ਸ਼ਾਂਤੀ ਬਹਾਲ ਕਰਨ ਦੀ ਤਜਵੀਜ ਭੇਜੀ ਗਈ ਕਿ ਗੁਰੂ ਸਾਹਿਬ ਅਲਪ ਕਾਲ ਲਈ ਆਨੰਦਪੁਰ ਸਾਹਿਬ ਛੱਡ ਦੇਣ ਤਾਂ ਉਨ੍ਹਾਂ ਨੂੰ ਸੁਰੱਖਿਅਤ ਜਾਣ ਦਿੱਤਾ ਜਾਵੇਗਾ , ਕੋਈ ਨੁਕਸਾਨ ਨਹੀਂ ਪੁਜਾਇਆ ਜਾਵੇਗਾ।  ਗੁਰੂ ਸਾਹਿਬ ਵੈਰੀ ਦੀ ਨੀਅਤ ਜਾਣਦੇ ਸਨ। ਉਨ੍ਹਾਂ ਨੇ ਕੁੱਝ ਗੱਡੇ ਪੁਰਾਨੇ ਕੱਪੜੇ ਤੇ ਹੋਰ ਸਮਾਨ ਨਾਲ ਭਰ ਕੇ ਉੱਪਰ ਰੇਸ਼ਮੀ ਵਸਤਰ ਪਾ ਦਿੱਤੇ ਤੇ ਸਿੱਖਾਂ ਦੇ ਇੱਕ ਦਲ ਨਾਲ ਬਾਹਰ ਭੇਜੇ। ਮੁਗਲਾਂ ਨੂੰ ਭੁਲੇਖਾ ਪਿਆ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਕਾਰਵਾਂ ਜਾ ਰਿਹਾ ਹੈ।  ਆਪਣੀ ਕਸਮ ਤੋੜ ਕੇ ਉਨ੍ਹਾਂ ਫੌਰਨ ਹੰਮਲਾ ਕਰ ਦਿੱਤਾ ਤੇ ਸਾਰਾ ਸਮਾਨ ਲੁੱਟ ਲਿਆ। ਗੁਰੂ ਸਾਹਿਬ ਨੇ ਇਵੇਂ ਵੈਰੀ ਦੀ ਨੀਅਤ ਨੂੰ ਬੇਨਕਾਬ ਕਰ ਦਿੱਤਾ। ਕੁੱਝ ਸਮੇਂ ਬਾਅਦ ਮੁਗਲਾਂ ਨੇ ਆਪਣੇ ਕੀਤੇ ਦੀ ਮੁਆਫੀ ਮੰਗੀ ਤੇ ਔਰੰਗਜੇਬ ਦੀ ਚਿੱਠੀ ਅਤੇ ਉਸ ਦੇ ਦਸਤਖਤ ਕੀਤੀ ਕੁਰਾਨ ਭੇਜੀ ਕਿ ਗੁਰੂ ਸਾਹਿਬ ਆਨੰਦਪੁਰ ਸਾਹਿਬ ਛੱਡ ਦੇਣ , ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪੁਜਾਇਆ ਜਾਵੇਗਾ।ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਸਿੱਖਾਂ ਨੇ ਜਿਵੇਂ ਵੀ ਆਨੰਦਪੁਰ ਸਾਹਿਬ ਛੱਡਿਆ ਵੈਰੀ ਨੇ ਵਚਨ ਤੋੜਨ ‘ਚ ਦੇਰ ਨਹੀਂ ਕੀਤੀ ਤੇ ਹਮਲਾਵਰ ਹੋ ਗਿਆ। ਵੈਰੀ ਨੇ ਧੋਖਾ ਕੀਤਾ।ਪਰ ਕੀ ਗੁਰੂ ਗੋਬਿੰਦ ਸਿੰਘ ਜੀ ਨੇ ਧੋਖਾ ਖਾਧਾ। ਪਹਿਲਾਂ ਇੱਕ ਵਾਰ ਵੈਰੀ ਦੀ ਨੀਅਤ ਬੇਨਕਾਬ ਹੋਣ ਤੋਂ ਬਾਅਦ ਦੂਜੀ ਵਾਰ ਝੂਠੀ ਕਸਮ ਤੇ ਭਰੋਸਾ ਕਿਵੇਂ ਕਰ ਲਿਆ। ਦਰਅਸਲ ਕਈ ਵਾਰ ਇਤਿਹਾਸ ਜਿਵੇਂ ਦਿੱਸਦਾ ਹੈ ਉਵੇਂ ਹੁੰਦਾ ਨਹੀਂ ਹੈ। ਸੱਚ ਜਾਨਣ ਤੇ ਸਮਝਣ ਲਈ  ਇਤਿਹਾਸ ਦੀਆਂ ਲਿਖੀਆਂ ਇਬਾਰਤਾਂ ਦੇ ਵਿੱਚ ਉਹ ਪੜ੍ਹਨਾ ਪੈਂਦਾ ਹੈ ਜੋ ਲਿਖਿਆ ਨਹੀਂ ਗਿਆ ਜਾਂ ਸਮਝਿਆ ਨਹੀਂ ਜਾ ਸਕਦਾ ਸੀ। ਗੁਰੂ ਨੂੰ ਕੋਈ ਕਿਵੇਂ ਧੋਖਾ ਦੇ ਸਕਦਾ ਹੈ।  ਧੋਖਾ ਤਾਂ ਕੋਈ ਉਸ ਨੂੰ ਵੀ ਨਹੀਂ ਦੇ ਸਕਦਾ ਜੋ ਪਰਮਾਤਮਾ ਨਾਲ ਜੁੜਿਆ ਹੋਇਆ ਹੈ , ਜਿਸ ਨੇ ਪਰਮਾਤਮਾ ਦੀ ਟੇਕ ਲਈ ਹੋਈ ਹੈ “ ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ “ . ਜੇ ਪਰਮਾਤਮਾ ਦੇ ਭਗਤ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ ਤਾਂ ਗੁਰੂ ਗੋਬਿੰਦ ਸਿੰਘ ਜੀ ਤਾਂ ਆਪ ਪਰਮਾਤਮਾ ਰੂਪ ਸਨ।ਗੁਰੂ ਗੋਬਿੰਦ ਸਿੰਘ ਜੀ ਜਾਣਦੇ ਸਨ ਕਿ ਵੈਰੀ ਦੀ ਕਸਮ ਫਰੇਬ ਹੈ। ਫਿਰ ਵੀ ਆਨੰਦਪੁਰ ਸਾਹਿਬ ਛੱਡਣਾ ਗੁਰੂ ਸਾਹਿਬ ਦਾ ਲਿਆ ਗਿਆ ਆਪਣਾ ਫੈਸਲਾ ਸੀ।  ਇਹ ਫੈਸਲਾ  ਠੀਕ ਉਸ ਤਰਹ ਦਾ ਸੀ ਜੋ ਗੁਰੂ ਤੇਗ ਬਹਾਦਰ ਸਾਹਿਬ ਨੇ ਕਸ਼ਮੀਰ ਦੇ ਬ੍ਰਾਹਮਣਾਂ ਦੀ ਫਰਿਆਦ ਸੁਣਨ ਤੋਂ ਬਾਅਦ ਆਪਣਾ ਜੀਵਨ ਵਾਰ ਦੇਣ ਲਈ ਲਿਆ ਸੀ। ਗੁਰੂ ਗੋਬਿੰਦ ਸਿੰਘ ਜੀ ਦਾ ਆਨੰਦਪੁਰ ਸਾਹਿਬ ਛੱਡਣਾ ਇੱਕ ਵੱਡਾ ਫੈਸਲਾ ਸੀ ਜਿਸ ਨੇ ਇਤਿਹਾਸ ਦੀ ਧਾਰਾ ਨੂੰ ਮੋੜ ਦਿੱਤਾ। ਕੁਰਾਨ ਦੀ ਕਸਮ ਤੇ ਮੁਗਲਾਂ ਦਾ ਵਚਨ ਜਿਹੇ ਤੱਤ ਨਾ  ਤਾਂ ਇਸ ਫੈਸਲੇ ਦਾ ਆਧਾਰ ਬਣੇ ਨਾਂ ਗੁਰੂ ਸਾਹਿਬ ਨੇ ਕੋਈ ਧੋਖਾ ਖਾਧਾ ਕਿਉਂਕਿ ਉਹ ਗੁਰੂ ਗੋਬਿੰਦ ਸਿੰਘ ਜੀ ਸਨ ।  ਇਸ ਫੈਸਲੇ ਨੂੰ ਸਮਝਣ ਲਈ ਗੁਰੂ ਸਾਹਿਬ ਦੀ ਸ਼ਖ਼ਸੀਅਤ ਨੂੰ ਸਮਝਣ ਦੀ ਲੋੜ ਹੈ। 

ਗੁਰੂ ਗੋਬਿੰਦ ਸਿੰਘ ਜੀ ਲਈ ਆਦਿ ਤੋਂ ਹੀ ਜੀਵਨ ਨਹੀਂ ਜੀਵਨ ਦਾ ਮਨੋਰਥ ਮੁੱਖ ਸੀ।  ਧਰਮ ਪਹਿਲਾਂ ਸੀ , ਜੀਵਨ ਧਰਮ ਲਈ ਸੀ। ਗੁਰੂ ਸਾਹਿਬ ਦੀ ਦ੍ਰਿਸ਼ਟੀ ਵਿੱਚ ਮਨੁੱਖੀ ਤਨ ਠੀਕਰੇ ਜਿਹਾ ਸੀ ਤਾਂ ਹੀ ਉਹ ਕਹਿ ਸਕੇ ਸਨ “ ਠੀਕਰਿ ਫੋਰਿ ਦਿਲੀਸਿ ਸਿਰਿ ਪ੍ਰਭ ਪੁਰ ਕੀਯਾ ਪਯਾਨ “ । ਆਪਣੇ ਪਿਤਾ , ਸਿੱਖ ਪੰਥ ਦੇ ਗੁਰੂ ਦੇ ਤਨ ਦਾ ਨਹੀਂ ਧਰਮ ਲਈ ਮੋਹ ਤੇ ਸਮਰਪਣ ਸੀ ਤਾਂ ਹੀ ਆਪ ਗੁਰੂ ਤੇਗ ਬਹਾਦਰ ਜੀ ਨੂੰ ਬਲਿਦਾਨ ਲਈ ਪ੍ਰੇਰਿਤ ਕਰ ਸਕੇ ਸਨ।  ਆਮ ਮਨੁੱਖ ਜੀਵਨ ਦੀ ਆਸ ਕਰਦਾ ਹੈ , ਮਰਨਾ ਨਹੀਂ ਚਾਹੁੰਦਾ ਪਰ ਗੁਰਸਿੱਖ ਜੀਵਨ ਦੀ ਸਾਰਥਕਤਾ ਜੀਵਨ ਅਵਧੀ ਵਿੱਚ ਨਹੀਂ ਧਰਮੀ ਜੀਵਨ ਜਿਉਣ ਵਿੱਚ ਵੇਖਦਾ ਹੈ “ ਬਹੁਤਾ ਜੀਵਣੁ ਮੰਗੀਐ ਮੁਆ ਨ ਲੋੜੈ ਕੋਇ।। ਸੁਖ ਜੀਵਣੁ ਤਿਸੁ ਆਖੀਐ ਜਿਸੁ ਗੁਰਮੁਖਿ ਵਸਿਆ ਸੋਇ।। “ ।  ਜੀਵਨ ਦੀ ਸਫਲਤਾ ਧਰਮ ਵਿੱਚ ਹੈ।  ਧਰਮ ਨਹੀਂ ਤਾਂ ਜੀਵਨ ਦਾ ਕੋਈ ਅਰਥ ਨਹੀਂ ਰਹਿ ਜਾਂਦਾ।  ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਜੀਵਨ ਗੁਰੂ ਨਾਨਕ ਸਾਹਿਬ ਦੇ ਇਸ ਸਿਧਾਂਤ ਤੇ ਚੱਲਦਾ ਵਿਖਾਈ ਦਿੰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਸਰਬੰਸ ਵਾਰਨਾ ਧਰਮ ਲਈ ਜੀਵਨ ਜਿਉਣਾ ਤੇ ਧਰਮ ਲਈ ਜੀਵਨ ਵਾਰਨਾ ਸੀ। ਧਰਮ ਲਈ ਜਿਉਣਾ ਤੇ ਧਰਮ ਲਈ ਮਰਨਾ ਹੀ ਗੁਰੂ ਸਾਹਿਬ ਦੇ ਜੀਵਨ ਦਾ ਸੁੱਖ ਸੀ। ਇਸ ਸੁੱਖ ਨੂੰ ਮਾਨਣਾ ਹੀ ਪਰਮਾਤਮਾ ਦੀ ਭਗਤੀ ਹੈ। ਇਸ ਭਗਤੀ ਵਿੱਚ ਪਰਿਪੱਕ ਹੋ ਜਾਣਾ ਹੀ ਸੂਰਵੀਰ ਹੋਣਾ ਹੈ  “ ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ “ ।  ਗੁਰੂ ਗੋਬਿੰਦ ਸਿੰਘ ਜੀ ਦੀ ਵੀਰਤਾ ਤੇ ਹਿੰਮਤ  ਦਰਅਸਲ ਪਰਮਾਤਮਾ ਭਗਤੀ ਦੀ ਵੀਰਤਾ ਤੇ ਹਿੰਮਤ ਸੀ। ਗੁਰੂ ਸਾਹਿਬ  ਪਰਮਾਤਮਾ ਭਗਤੀ ਵਿੱਚ  ਦ੍ਰਿੜ੍ਹਤਾ ਦੀ ਮਿਸਾਲ ਸਨ। ਜੰਗ ਦੇ ਮੈਦਾਨ ਵਿੱਚ ਸੂਰਵੀਰਤਾ ਕੁੱਝ ਘੰਟਿਆਂ , ਦਿਨਾਂ ਦੀ ਹੁੰਦੀ ਹੈ ਪਰ ਪਰਮਾਤਮਾ ਭਗਤੀ ਜੀਵਨ ਦੇ ਇੱਕ ਇੱਕ ਪਲ , ਇੱਕ ਇੱਕ ਕਦਮ ਦੀ ਕਰੜੀ ਪ੍ਰੀਖਿਆ ਹੁੰਦੀ ਹੈ। ਮਨੁੱਖ ਮਾਇਆ ਦੇ ਜਾਲ ਵਿੱਚ ਕਿਸੇ ਪਲ ਵੀ ਫਸ ਸਕਦਾ ਹੈ , ਵਿਕਾਰਾਂ ਤੋਂ ਕਦੇ ਵੀ ਹਾਰ  ਸਕਦਾ ਹੈ। ਸਾਲਾਂ ਦੇ ਜੀਵਨ ਭਰ ਦੇ ਤਪ , ਜਪ ਭੰਗ ਹੁੰਦੇ ਵੇਖੇ ਗਏ ਹਨ।ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੂਰਾ ਜੀਵਨ ਕਾਲ ਪ੍ਰੀਖਿਆਵਾਂ ਦਾ ਕਾਲ ਸੀ। ਗੁਰੂ ਸਾਹਿਬ ਹਰ ਵਾਰ ਖਰੇ ਉਤਰੇ ਭਾਵੇਂ ਉਹ ਸਿਧਾਂਤਕ ਪ੍ਰੀਖਿਆ ਸੀ ਜਾਂ ਜੰਗ ਦੇ ਮੈਦਾਨ ਵਿੱਚ ਵੈਰੀ ਦੇ ਹੰਮਲੇ। ਗੁਰੂ ਸਾਹਿਬ ਨੂੰ ਧਾਰਮਕ ਵਿਸ਼ਵਾਸ ਦੀ ਰਾਖੀ ਲਈ ਤੇਗ ਉਠਾਉਣੀ ਪਈ ਤੇ ਸਰਬੰਸ ਵਾਰਨਾ ਪਿਆ ਕਿਉਂਕਿ ਇਸ ਵਿੱਚ ਹੀ ਗੁਰੂ ਨਾਨਕ ਸਾਹਿਬ ਦਾ ਦੱਸਿਆ ਜੀਵਨ ਦਾ ਸੁੱਖ ਸੀ । 

ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੰਨ ੧੬੯੯  ਦੀ ਵਿਸਾਖੀ ਦੇ ਦਿਨ ਆਨੰਦਪੁਰ ਸਾਹਿਬ ਵਿੱਚ ਖਾਲਸਾ ਸਾਜਣ ਤੋਂ ਬਾਅਦ ਮੌਜੂਦ ਸੰਗਤ ਵਿੱਚ ਜੋ ਤਕਰੀਰ ਕੀਤੀ ਸੀ ਉਹ ਇੱਕ ਇਤਿਹਾਸਕ ਅਤੇ ਪ੍ਰਮਾਣਿਕ ਦਸਤਾਵੇਜ ਵਾਂਗੂੰ ਪ੍ਰਵਾਨ ਕੀਤਾ ਜਾਣਾ ਚਾਹੀਦਾ ਹੈ।ਇਹ ਤਕਰੀਰ ਹੀ ਭਵਿੱਖ ਦਾ ਰਾਹ ਦਸੇਰਾ , ਬਲੂ ਪ੍ਰਿੰਟ ਬਣੀ । ਗੁਰੂ ਸਾਹਿਬ ਨੇ ਆਪਣੀ ਤਕਰੀਰ ਵਿਚ ਨਵੇਂ ਸਾਜੇ ਖਾਲਸਾ ਨੂੰ ਕਿਹਾ ਕਿ  “ ਤੁਸੀਂ ਸੰਤਾਂ ਜਿਹੇ ਪਵਿੱਤਰ , ਧਰਮੀ , ਭਜਨੀਕ ,ਪਰਉਪਕਾਰੀ ਤੇ ਈਸ਼ਵਰ ਭਗਤ ਬਣਨਾ ਹੈ ਅਤੇ ਨਾਲ ਹੀ ਸੂਰਬੀਰਾਂ ਜਿਹੇ ਦਿਲੇਰ , ਨਿਰਭੈ ਬਲਵਾਨ ਜੋਧੇ ਬਣਨਾ ਹੈ । ਕਮਜ਼ੋਰਾਂ , ਅਨਾਥਾਂ , ਦੁਖੀਆਂ , ਜਾਬਰਾਂ ਦੇ ਹੇਠ ਮਿੱਧੇ ਹੋਏ ਤੇ ਮਿੱਧੇ ਜਾ ਰਹੇ ਨਿਤਾਣਿਆਂ ਨਿਮਾਣਿਆਂ ਨਿਆਸਰਿਆਂ ਦੀ ਤੁਸੀਂ ਬਾਂਹ ਫੜਨੀ ਤੇ ਬਹੁੜੀ ਕਰਨੀ ਹੈ।ਕਿਸੇ ਉੱਤੇ ਜਬਰ ਨਹੀਂ ਕਰਨਾ , ਕਿਸੇ ਨੂੰ ਡਰਾਉਣਾ ਨਹੀਂ ਪਰ ਨਾਲ ਹੀ ਕਿਸੇ ਦਾ ਜਬਰ ਸਹਿਣਾ ਨਹੀਂ , ਜਬਰ ਹੁੰਦਾ ਵੇਖ ਕੇ ਦੜ ਵੱਟ ਕੇ ਬਹਿਣਾ ਨਹੀਂ ਸਗੋਂ ਜਬਰ ਹੁੰਦਾ ਰਹਿਣ ਨਹੀਂ ਦੇਣਾ। ਕਿਸੇ ਦਾ ਡਰ ਮੰਨਣਾ ਨਹੀਂ , ਧਰਮ ਨਹੀਂ ਛੱਡਣਾ   ਭਾਵੇਂ ਕਿੰਨੇ ਕਸ਼ਟ ਝੱਲਣੇ ਪੈਣ ਧਰਮ ਤੋਂ ਡੋਲਣਾ ਨਹੀਂ “।  ਗੁਰੂ ਸਾਹਿਬ ਨੇ ਅੱਗੇ ਕਿਹਾ ਕਿ“ ਤੁਹਾਡੇ ਖਿਆਲ , ਤੁਹਾਡੇ ਬਚਨ , ਤੁਹਾਡੇ ਕੰਮ ਸਭ ਗੁਰਸਿੱਖੀ ਦੇ ਰੰਗ ਵਾਲੇ ਸੱਚੇ ਸੁੱਚੇ ਧਰਮੀ ਬੰਦਿਆਂ ਵਾਲੁ ਹੋਣੇ ਜਰੂਰੀ ਹਨ “। ਸਪਸ਼ਟ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਸਾਜਿਆ ਖਾਲਸਾ ਕੋਈ ਫੌਜ ਨਹੀਂ , ਪੂਰਨ ਸਮਰਪਿਤ , ਉੱਚ ਆਤਮਿਕ ਅਵਕਸਥਾ ਵਾਲੇ ਧਰਮੀ ਸਿੱਖਾਂ ਦਾ  ਇੱਕ ਸਭਿਆਚਾਰ ਸੀ ਜੋ ਮਨ , ਵਚਨ , ਕਰਮ ਨਾਲ ਪਰਮਾਤਮਾ ਪ੍ਰਤੀ ਵਚਨਬੱਧ ਸੀ। ਇਸ ਦੇ ਨਾਲ ਉਹ ਆਪਣੀ ਵਚਨਬੱਧਤਾ ਦੀ ਰਾਖੀ ਕਰਨ ਦੀ ਸਮਰੱਥਾ ਰੱਖਦਾ ਸੀ। ਗੁਰੂ ਸਾਹਿਬ ਨੇ ਖਾਲਸਾ ਨੂੰ ਪੰਜ ਕਕਾਰ ਬਖਸ਼ੇ ਜਿਨ੍ਹਾਂ ‘ ਚੋਂ ਚਾਰ ਕਕਾਰ ਕੇਸ਼ , ਕੰਘਾ ,ਕੜਾ ਤੇ ਕਛਹਿਰਾ ਆਤਮਿਕ ਗੁਣਾਂ ਦੇ ਪ੍ਰਤੀਕ ਸਨ ਤੇ ਕਿਰਪਾਨ ਉਨ੍ਹਾਂ ਗੁਣਾਂ ਦੀ ਸੰਭਾਲ ਲਈ ਲੋੜੀਂਦੇ ਬਲ ਨੂੰ ਪ੍ਰਗਟ ਕਰਨ ਵਾਲੀ ਸੀ।ਇਸ ਕਿਰਪਾਨ ਦੀ ਵੀ ਇੱਕ ਮਰਿਆਦਾ ਸੀ। ਕਿਰਪਾਨ ਦੀ ਵਰਤੋਂ ਨੂੰ ਗੁਰੂ ਸਾਹਿਬ ਨੇ ਅੰਤਮ ਵਿਕਲਪ  ਮੰਨਿਆ ਸੀ  “   ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ ਹਲਾਲ ਅਸਤ ਬੁਰਦਨ ਬ ਸ਼ਮਸ਼ੇਰ ਦਸਤ “। ਗੁਰੂ ਗੋਬਿੰਦ ਸਿੰਘ ਜੀ ਪਰਮ ਜੋਧਾ ਸਨ ਪਰ ਉਨ੍ਹਾਂ ਦਾ ਭਰੋਸਾ ਫੌਜੀ ਤਾਕਤ ਤੇ ਨਹੀਂ, ਸਦਾ ਹੀ ਪਰਮਾਤਮਾ ਦੀ ਓਟ ਤੇ ਹੀ ਰਿਹਾ “ ਤੁਰਾ ਗਰ ਨਜ਼ਰ ਹਸਤ ਲਸ਼ਕਰ ਵ ਜ਼ਰ ਕਿ ਮਾਰਾ ਨਿਗ੍ਹਾਅਸਤ ਯਜ਼ਦਾਂ ਸ਼ੁਕਰ ”। ਗੁਰੂ ਸਾਹਿਬ ਲਈ ਪਰਮਾਤਮਾ ਦੀ ਮਿਹਰ ਅੱਗੇ ਸੰਸਾਰ ਦੇ ਰਾਜ ਪਾਟ ਦੀ ਵੀ ਕੋਈ ਕੀਮਤ ਨਹੀਂ ਸੀ “ ਕਿ ਤੋ ਰਾ ਗ਼ਰੂਰ ਅਸਤ ਬਰ ਮੁਲਕੋ ਮਾਲ ਵ ਮਾਰਾ ਪਨਾਹ ਅਸਤ ਯਜ਼ਦਾਂ ਅਕਾਲ ” । ਗੁਰੂ ਗੋਬਿੰਦ ਸਿੰਘ ਜੀ ਦਾ ਆਨੰਦਪੁਰ ਸਾਹਿਬ ਛੱਡਣ ਦਾ ਫੈਸਲਾ ਇੱਕ ਜੋਧਾ ਦਾ ਨਹੀਂ ਪਰਮਾਤਮਾ ਦੇ ਇੱਕ ਸੱਚੇ ਭਗਤ ਦਾ ਫੈਸਲਾ ਸੀ ਜੋ ਸੰਸਾਰ ਸੰਦਰਭਾਂ ਤੋਂ ਨਿਰਲੇਪ ਪਰਮਾਤਮਾ ਦੇ ਪ੍ਰੇਮ ਵਿੱਚ ਰੰਗੇ ਹੋਏ , ਰਮੇ ਹੋਏ ਪਰਮ ਪੁਰਖ ਦਾ ਫੈਸਲਾ ਸੀ।  ਇਸ ਫੈਸਲੇ ਨੂੰ ਸਮਝਣ ਲਈ ਗੁਰੂ ਅਰਜਨ ਸਾਹਿਬ ਦੇ ਇਸ ਵਚਨ ਦੀ ਦ੍ਰਿਸ਼ਟੀ ਚਾਹੀਦੀ ਹੈ ਕਿ “ ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ “ . ਆਨੰਦਪੁਰ ਸਾਹਿਬ ਛੱਡਣ ਦੇ ਫੈਸਲੇ ਵਿੱਚ ਨਾ ਹਾਰ ਦਾ ਭਾਵ ਸੀ ਨਾਂ ਜਿੱਤ ਦਾ ਭਾਵ ਸੀ।  ਗੁਰੂ ਸਾਹਿਬ ਕਿਸੇ ਵੀ ਕੀਮਤ ਤੇ ਧਰਮ ਦੀ ਪ੍ਰਤਿਸ਼ਠਾ ਚਾਹੁੰਦੇ ਸਨ।  ਇਸ ਲਈ ਪਿਤਾ ਵੀ ਵਾਰਿਆ , ਪੁੱਤਰ ਤੇ ਮਾਂ ਵੀ ਵਾਰ ਦਿੱਤੀ। ਆਨੰਦਪੁਰ ਸਾਹਿਬ ਛੱਡਣਾ ਕੋਈ ਮਜਬੂਰੀ ਨਹੀਂ, ਧਰਮ ਲਈ ਤਿਆਗ ਸੀ।  

ਕਿਸੇ ਅਸਥਾਨ ਦਾ ਕੋਈ ਮਹੱਤਵ ਨਹੀਂ ਹੁੰਦਾ ਹੈ।  ਅਸਥਾਨ ਦੀ ਮਹੱਤਤਾ ਗੁਰੂ ਤੋਂ ਬਣਦੀ ਹੈ। ਗੁਰੂ ਰਾਮਦਾਸ ਸਾਹਿਬ ਦਾ ਵਚਨ ਹੈ “ ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ “.  ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪਟਨਾ ਸਾਹਿਬ ਵਿਖੇ ਹੋਇਆ, ਵਿਦਿਆ ,ਸਿਖਿਆ ਆਨੰਦਪੁਰ ਸਾਹਿਬ ਹੋਈ। ਗੁਰੂ ਸਾਹਿਬ ਨੇ ਨਵਾਂ ਨਗਰ ਪਾਉਂਟਾ ਸਾਹਿਬ ਵਸਾਇਆ ਤੇ ਆਨੰਦਪੁਰ ਸਾਹਿਬ ਛੱਡ ਕੇ ਉੱਥੇ ਚਲੇ ਗਏ।ਪਾਉਂਟਾ ਸਾਹਿਬ ਛੱਡ ਕੇ ਗੁਰੂ ਸਾਹਿਬ ਮੁੜ ਆਨੰਦਪੁਰ ਸਾਹਿਬ ਪਰਤ  ਆਏ। ਉਨ੍ਹਾਂ ਦਾ ਮੋਹ ਕਿਸੇ ਅਸਥਾਨ ਨਾਲ ਨਹੀਂ ਸੀ। ਹਰ ਉਹ ਥਾਂ ਆਨੰਦਪੁਰ ਸਾਹਿਬ ਬਣ ਗਈ ਜਿੱਥੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਪਏ  “ ਧਨੁ ਧੰਨੁ ਸੁਹਾਵਾ ਸੋ ਸਰੀਰੁ ਥਾਨੁ ਹੈ ਜਿਥੈ ਮੇਰਾ ਗੁਰੁ ਧਰੇ ਵਿਖਾ “।  ਇਹ ਸਰਲਤਾ ਨਾਲ ਸਮਝਿਆ ਜਾ ਸਕਦਾ ਹੈ ਕਿ ਆਨੰਦਪੁਰ ਸਾਹਿਬ ਛੱਡਣਾ ਗੁਰੂ ਗੋਬਿੰਦ ਸਿੰਘ ਜੀ ਲਈ ਤਿਲ ਮਾਤਰ ਵੀ ਮਾਨਸਿਕ ਦਬਾਵ ਦਾ ਕਾਰਨ ਨਹੀਂ ਬਣਿਆ ਹੋਵੇਗਾ। ਆਨੰਦਪੁਰ ਸਾਹਿਬ ਵਿੱਚ ਮੌਜੂਦ ਸਿੱਖਾਂ ਦੀ ਜੋ ਵੀ ਰਾਇ ਰਹੀ , ਮੁਗਲਾਂ ਦੀ ਘੇਰਾਬੰਦੀ ਤੋਂ ਬਾਅਦ ਜੋ ਵੇ ਸਥਿਤੀਆਂ ਬਣਿਆਂ, ਗੁਰੂ  ਸਾਹਿਬ ਉਨ੍ਹਾਂ ਤੋਂ ਬੇਅਸਰ ਸਨ ਇਹ ਜਫ਼ਰਨਾਮਾ ਦੀ ਭਾਸ਼ਾ ਤੇ ਭਾਵਨਾ ਤੋਂ ਹੀ ਸਮਝ ਆ ਜਾਂਦਾ ਹੈ। ਗੁਰੂ ਸਾਹਿਬ ਦਾ ਫੈਸਲਾ ਉਨ੍ਹਾਂ ਦੀ ਸਰਵ ਵਿਆਪੀ ਨਿਰਮਲ ਸੋਚ ਤੋਂ ਨਿਕਲਿਆ ਫੈਸਲਾ ਸੀ । ਚਮਕੌਰ ਦੀ ਜੰਗ ਵਿੱਚ ਅਤੇ ਸਰਹਿੰਦ ਵਿੱਚ ਹੋਈਆਂ ਸ਼ਹੀਦੀਆਂ ਤੋਂ ਬਾਅਦ ਗੁਰੂ ਸਾਹਿਬ ਨੇ ਜਿਵੇਂ ਮੁਕਤਸਰ ਦੀ ਜੰਗ ਜਿੱਤੀ , ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕੀਤਾ , ਦਮਦਮਾ ਸਾਹਿਬ ਵਿੱਚ ਪ੍ਰਚਾਰ ਕੇਂਦਰ ਥਾਪਿਆ , ਹਜੂਰ ਸਾਹਿਬ ਤੱਕ ਧਰਮ ਪ੍ਰਚਾਰ ਕੀਤਾ , ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਸੌਂਪੀ , ਭਾਵ ਸੰਨ 1704 ਤੋਂ ਸੰਨ 1708 ਤੱਕ ਦੇ ਸਾਰੇ ਘਟਨਾ ਕ੍ਰਮ ਵਿੱਚ ਇੱਕ ਵੀ ਪਲ ਅਜਿਹਾ ਨਹੀਂ ਵਿਖਾਈ ਦਿੰਦਾ ਕਿ ਗੁਰੂ ਸਾਹਿਬ ਨੇ ਕੋਈ ਦਬਾਵ ਝੱਲਿਆ ਹੋਵੇ ਜਾਂ ਉਨ੍ਹਾਂ ਦਾ ਸਹਿਜ ਕਿਤੇ ਭੰਗ ਹੋਇਆ ਹੋਵੇ। 

ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਮੁਗਲ ਫੌਜ ਨੇ ਭਾਵੇਂ ਸਮਝਿਆ ਕਿ ਉਸ ਦੀ ਚਾਲ ਕਾਮਿਆਬ ਹੋ ਗਈ ਹੈ ਪਰ ਉਹ ਗੁਰੂ ਸਾਹਿਬ ਦੇ ਨੇੜੇ ਤੱਕ ਨਹੀਂ ਪੁੱਜ ਸਕੀ। ਸਾਹਿਬਜਾਦਿਆਂ ਦੀਆਂ , ਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ ਪਰ ਅੱਜ ਜਦੋਂ ਇਤਿਹਾਸਕ ਮੁੱਲਾਂਕਣ ਹੁੰਦਾ ਹੈ ਤਾਂ ਇਸ ਵਿੱਚ ਵੀ ਸਿੱਖਾਂ ਦੀ ਜਿੱਤ ਤੇ ਜਾਬਰ ਦੀ ਹਾਰ ਨਜਰ ਆਉਂਦੀ ਹੈ। ਇਤਿਹਾਸਕ ਫੈਸਲੇ  ਉਹ ਹੁੰਦੇ ਹਨ ਜਿਨ੍ਹਾਂ ਵਿੱਚ ਤੱਤਕਾਲਿਕ ਲਾਭ ਨਹੀਂ ਭਵਿੱਖ ਤੇ ਪ੍ਰਭਾਵ ਦੀ ਸੋਚ ਸ਼ਾਮਿਲ ਹੁੰਦੀ ਹੈ। ਗੁਰੂ ਸਾਹਿਬ ਜਾਣਦੇ ਸਨ ਕਿ ਵੈਰੀ ਵਚਨ ਦਾ ਪੱਕਾ ਨਹੀਂ ਹੈ , ਵਚਨ ਭੰਗ ਕਰੇਗਾ , ਵੈਰੀ ਦੀ ਫੌਜੀ ਤਾਕਤ ਵੀ ਵੱਡੀ ਹੈ ਇਸ ਕਾਰਨ ਸ਼ਹੀਦੀਆਂ ਵੀ  ਹੋਣਗੀਆਂ ਪਰ ਫਿਰ ਵੀ ਗੁਰੂ ਸਾਹਿਬ ਆਨੰਦਪੁਰ ਸਾਹਿਬ ਤੋਂ ਨਿੱਕਲੇ।ਆਨੰਦਪੁਰ ਸਾਹਿਬ ਤੋਂ ਉਨ੍ਹਾਂ ਦਾ ਚੱਲਣਾ ਠੀਕ ਉਸ ਤਰਹ ਸੀ ਜਿਵੇਂ ਗੁਰੂ ਅਰਜਨ ਸਾਹਿਬ  ਅੰਮ੍ਰਿਤਸਰ ਤੋਂ ਲਾਹੌਰ ਵੱਲ ਤੁਰੇ ਸਨ ਤੇ ਗੁਰੂ ਤੇਗ ਬਹਾਦਰ ਜੀ ਨੇ ਆਨੰਦਪੁਰ ਸਾਹਿਬ ਤੋਂ ਦਿੱਲੀ ਲਈ ਚਾਲੇ ਪਾਏ ਸਨ। ਗੁਰੂ ਅਰਜਨ ਸਾਹਿਬ ਵੀ ਜਾਣਦੇ ਸਨ ਕਿ ਸ਼ਹੀਦੀ ਹੋਣੀ ਹੈ ਤੇ ਗੁਰੂ ਤੇਗ ਬਹਾਦਰ ਜੀ ਵੀ ਜਾਣਦੇ ਸਨ ਕਿ ਸੀਸ ਅਰਪਣ ਕਰਨਾ ਹੈ। ਇਹ ਸ਼ਹੀਦੀ ਦੀਆਂ ਨਹੀਂ ਸਿਧਾਂਤਕ ਅਡੋਲਤਾ ਪ੍ਰਗਟ ਕਰਨ ਦੀਆਂ ਯਾਤਰਾਵਾਂ ਸਨ। ਸੰਸਾਰ ਨੂੰ ਕਿਵੇਂ ਗਿਆਤ ਹੁੰਦਾ ਕਿ ਧਰਮ ਦੀ ਰਾਖੀ ਦੀ ਕੀ ਕੀਮਤ ਚੁਕਾਉਣੀ ਪੈਂਦੀ ਹੈ ਤੇ ਕਿਵੇਂ ਭੁਗਤਾਨ ਕਰਨਾ ਪੈਂਦਾ ਹੈ।ਇਹ ਵੀ ਪ੍ਰਗਟ ਹੋਣਾ ਜਰੂਰੀ ਹੋ ਗਿਆ ਸੀ ਕਿ ਧਰਮ ਸਦਾ ਹੀ ਅਜਿੱਤ ਰਹਿੰਦਾ ਹੈ , ਕੋਈ ਵੀ ਵਿਘਨ ਸਿਦਕ ਨੂੰ ਡਿਗਾ  ਨਹੀਂ ਸਕਦਾ।  ਦਰਅਸਲ ਸਿਦਕ ਤੇ ਸਮਰਪਣ ਦੀ ਇਹ ਯਾਤਰਾ ਨਨਕਾਣਾ ਸਾਹਿਬ ਤੋਂ ਸੰਨ 1469 ਵਿੱਚ ਆਰੰਭ ਹੋਈ ਸੀ ਤੇ ਆਨੰਦਪੁਰ ਸਾਹਿਬ ਹੁੰਦੀਆਂ ਹਜੂਰ ਸਾਹਿਬ ਨਾਂਦੇੜ ਵਿਖੇ ਸੰਪੂਰਣ ਹੋਈ। ਇਸ ਯਾਤਰਾ ਦਾ ਇੱਕ ਇੱਕ ਪੜਾਅ ਸਿੱਖ ਪੰਥ ਲਈ ਹੀ ਨਹੀਂ , ਪੂਰੀ ਮਨੁੱਖਤਾ ਲਈ ਸਬਕ ਤੇ ਪ੍ਰੇਰਨਾ ਹੈ ਧਾਰਮਕ ਸਿਧਾਂਤਾਂ ਦੇ ਅਡੋਲ ਰਹਿਣ ਦਾ ਤਾਂ ਜੋ ਪੂਰਾ ਸੰਸਾਰ ਆਨੰਦਪੁਰ ਸਾਹਿਬ ਬਣ ਸਕੇ।
***
ਡਾ. ਸਤਿੰਦਰ ਪਾਲ ਸਿੰਘ
ਈ 1716, ਰਾਜਾਜੀਪੁਰਮ
ਲਖਨਊ – 226017
ਈ ਮੇਲ – akaalpurkh.7@gmail.com

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1690
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਸਤਿੰਦਰ ਪਾਲ ਸਿੰਘ
ਦਿ ਪਾਂਡਸ
ਸਿਡਨੀ , ਆਸਟ੍ਰੇਲੀਆ
ਈ ਮੇਲ - akaalpurkh.7@gmail.com   

ਡਾ. ਸਤਿੰਦਰ ਪਾਲ ਸਿੰਘ

ਡਾ. ਸਤਿੰਦਰ ਪਾਲ ਸਿੰਘ ਦਿ ਪਾਂਡਸ ਸਿਡਨੀ , ਆਸਟ੍ਰੇਲੀਆ ਈ ਮੇਲ - akaalpurkh.7@gmail.com   

View all posts by ਡਾ. ਸਤਿੰਦਰ ਪਾਲ ਸਿੰਘ →