ਮਹਿੰਦਰ ਗਿੱਲ ਸਮਕਾਲੀ ਪੰਜਾਬੀ ਕਵਿਤਾ ਵਿਚ ਵੱਖਰੀ ਕਾਵਿ-ਸ਼ੈਲੀ ਅਤੇ ਵਿਚਾਰ-ਪ੍ਰਬੰਧ ਨੂੰ ਸਿਰਜਣ ਵਾਲਾ ਕਵੀ ਹੈ। ਲਗਭਗ ਤਿੰਨ ਦਹਾਕਿਆਂ ਤੋਂ ਕਾਵਿ-ਰਚਨਾ ਕਰ ਰਹੇ ਇਸ ਸ਼ਾਇਰ ਦੀਆਂ ਇਸ ਤੋਂ ਪਹਿਲਾਂ ਚਾਰ ਕਾਵਿ-ਪੁਸਤਕਾਂ; ਮੇਰੇ ਲੋਕ (1983), ਬਿਨ ਬਰਸਾਤੀਂ ਮੇਘਲੇ (1989), ਅੱਖ ਦੇ ਬੋਲ (1995) ਅਤੇ ‘ੳਦੋਂ ਤੇ ਹੁਣ’ (2009) ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਸ ਦੀ ਸਮੁੱਚੀ ਕਵਿਤਾ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਹ ਇਕ ਪਾਸੇ ਤਾਂ ਪੰਜਾਬੀ ਕਵਿਤਾ ਦੇ ਬਰਤਾਨਵੀ ਰੂਪ ਵਿਚ ਪਿਛਲੇ ਤਿੰਨ ਦਹਾਕਿਆਂ ਵਿਚ ਵਾਪਰੇ ਸਮਾਜਿਕ, ਵਿਚਾਰਾਤਮਕ ਅਤੇ ਸੁਹਜਾਤਮਕ ਫੇਰ ਬਦਲ ਨਾਲ ਰਿਸ਼ਤਾ ਜੋੜ ਕੇ ਤੁਰਦੀ ਹੈ ਅਤੇ ਨਾਲ ਦੀ ਨਾਲ ਹੀ ਇਹ ਉਹਨਾਂ ਸਥਾਈ ਅਤੇ ਤਸਦੀਕੀ ਮਾਨਵੀ ਮੁੱਲ-ਵਿਧਾਨ ਦੇ ਧਰਾਤਲ ਉਤੇ ਖੜੀ ਹੈ, ਜੋ ਸਮਿਆਂ ਨਾਲ ਰਿਸ਼ਤਾ ਰੱਖਦਾ ਹੋਇਆ ਵੀ ਸਮਿਆਂ ਤੋਂ ਪਾਰ ਜਾਣ ਦੀ ਵਿਸ਼ੇਸ਼ਤਾ ਰੱਖਦਾ ਹੈ। ‘ਬੱਦਲਾਂ ਤੋਂ ਪਾਰ’ ਕਾਵਿ-ਸੰਗ੍ਰਹਿ ਦੀ ਕਵਿਤਾ ਇਸ ਮੁੱਲ-ਵਿਧਾਨ ਦੀ ਪੇਸ਼ਕਾਰੀ ਦੇ ਵਰਤਮਾਨ ਸੰਦਰਭ ਨੂੰ ਮੁਖਾਤਿਬ ਹੋਣ ਵਾਲੀ ਕਵਿਤਾ ਦੇ ਰੂਪ ਵਿਚ ਦੇਖੀ ਜਾ ਸਕਦੀ ਹੈ। ਇਸ ਕਾਵਿ-ਸੰਗ੍ਰਹਿ ਦੇ ਅਧਿਐਨ ਸਮੇਂ ਅਸੀਂ ਆਪਣੀ ਗੱਲ ਉਸ ਦੀ ਲੰਮੀ ਕਵਿਤਾ ‘ਬਿਨ ਬਰਸਾਤੀਂ ਮੇਘਲੇ’ ਦੇ ਹਵਾਲੇ ਨਾਲ ਵੀ ਸ਼ੁਰੂ ਕਰ ਸਕਦੇ ਹਾਂ। ਇਹ ਦੋਵੇਂ ਰਚਨਾਵਾਂ ਆਪਣੇ ਆਪਣੇ ਸਮੇਂ ਦੇ ਬਰਤਾਨਵੀ ਪੰਜਾਬੀ ਭਾਈਚਾਰੇ ਦੇ ਸੱਚ ਨੂੰ ਆਪਣੇ ਆਪਣੇ ਸੰਦਰਭਾਂ ਵਿਚ ਪੇਸ਼ ਕਰ ਰਹੀਆਂ ਹਨ; ਪਹਿਲੀ, ਉਸ ਸਮੇਂ ਦੇ ਸੱਚ ਨੂੰ ‘ਬਿਨ ਬਰਸਾਤੀਂ ਮੇਘਲੇ’ ਦੇ ਇਸ਼ਤਿਆਰੇ ਨਾਲ ਬਿਆਨ ਕਰ ਰਹੀ ਹੈ, ਜਦ ਕਿ ਦੂਜੀ ‘ਬੱਦਲਾਂ ਤੋਂ ਪਾਰ’ ਜਾਣ ਦੀ ਅਭਿਲਾਸ਼ਾ ਅਤੇ ਜੁਸਤਜੂ ਦੇ ਪ੍ਰਤੀਕਾਂ ਨਾਲ ਰੂਪਮਾਨ ਕਰਦੀ ਹੈ। ਪਹਿਲੀ ਕਵਿਤਾ ਦਾ ਆਪਣਾ ਸਮਾਜਿਕ ਅਤੇ ਰਚਨਾਤਮਕ ਸੰਦਰਭ ਹੈ ਅਤੇ ਦੂਜੀ ਕਵਿਤਾ ਦਾ ਆਪਣਾ। ਪਰ, ਇਹ ਦੋਵੇਂ ਰਚਨਾਵਾਂ ਹੀ ਸੱਚ ਦੇ ਵਿਸ਼ੇਸ਼ ਕਾਲਿਕ ਸੰਦਰਭ ਦੀ ਸੀਮਾ-ਬੱਧਤਾ ਨੂੰ ਮੁਖ਼ਾਤਬ ਹੋ ਕੇ ਇਸ ਤੋਂ ਪਾਰ ਜਾਣ ਦੀ ਲੋੜ ਅਤੇ ਅਹਿਮੀਅਤ ਨੂੰ ਰੂਪਮਾਨ ਕਰ ਰਹੀਆਂ ਹਨ। ਮਹਿੰਦਰ ਗਿੱਲ ਦੀ ਕਾਵਿ-ਸੰਵੇਦਨਾ ਦੀ ਇਹ ਗਤੀ ਹੀ ਉਸ ਦੀ ਸਮੁੱਚੀ ਕਾਵਿ-ਸਾਧਨਾ ਦੇ ਅੰਤਰੀਵੀ ਤਰਕ ਨੂੰ ਉਭਾਰਦੀ ਹੈ। ਉਸ ਦੀ ਕਵਿਤਾ ‘ਅੰਗ’ ਸਮਕਾਲ ਤੇ ਪਾਰਕਾਲ ਦੀ ਇਸ ਵਿਚਾਰਾਤਮਕ ਖੇਡ ਦੇ ਅਸਰਦਾਰ ਦ੍ਰਿਸ਼ ਨੂੰ ਇਸ ਤਰ੍ਹਾਂ ਪੇਸ਼ ਕਰਦੀ ਹੈ: ਮੇਰੇ ਤੇ ਥੋਪ ਇਹ ਕਵਿਤਾ ਇਕ ਪਾਸੇ ਤਾਂ ਸਮਕਾਲੀ ਵਿਸ਼ਵੀਕ੍ਰਿਤ ਮੁਆਸ਼ਰੇ ਦੀ ਉਪਭੋਗਤਾਵਾਦੀ ਸੰਵੇਦਨਾ ਦੀ ਪੇਸ਼ਕਾਰੀ ਕਰਦੀ ਹੈ ਅਤੇ ਨਾਲ ਦੀ ਨਾਲ ਉਸ ਕੋਫ਼ਤ ਨੂੰ ਵੀ ਚਿਤਰ ਰਹੀ ਹੈ, ਜੋ ਇਹ ਸੰਵੇਦਨਸ਼ੀਲ ਮਨੁੱਖੀ ਜੀਵਨ ਵਿਚ ਭਰ ਰਹੀ ਹੈ। ‘ਥੋਪੇ ਜਾ ਰਹੇ ਅੰਗ’ ਇਕ ਪਾਸੇ ਤਾਂ ਸਾਡੇ ਉਤੇ ਮੁਆਸ਼ਰੇ ਦਾ ਅਰੋਪਣ ਹੈ ਅਤੇ ਨਾਲ ਦੀ ਨਾਲ ਸਾਡੇ ਹਿਰਸ ਨੁਮਾ ਚੇਤਨਾ ਦੀ ਤਲਬ ਅਤੇ ਸੀਮਾ ਬੱਧਤਾ ਵੀ। ਇਸ ਕਰਕੇ ਅਸੀਂ ਇਹਨਾਂ ਨੂੰ ਸਵੀਕਾਰ ਵੀ ਕਰ ਰਹੇ ਹਾਂ ਅਤੇ ਇਹਨਾਂ ਤੋਂ ਮੁਨਕਰ ਵੀ ਹੋ ਰਹੇ ਹਾਂ। ਅਸੀਂ ਇਹਨਾਂ ਨੂੰ ਲੋਚਦੇ ਵੀ ਹਾਂ ਅਤੇ ਇਹ ਸਾਡੇ ‘ਸਵੈ’ ਨੂੰ ਕਬਾੜ੍ਹਖਾਨਾ ਵੀ ਬਣਾ ਰਹੇ ਹਨ। ਇਹੀ ਸਾਡੇ ਸਮੇਂ ਦਾ ਸੱਚ ਹੈ। ‘ਬੱਦਲਾਂ ਤੋਂ ਪਾਰ’ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਸਾਡੀਆਂ ਇਹਨਾਂ ਦੋਵਾਂ ਪ੍ਰਵਿਰਤੀਆਂ ਦੇ ਮਿਲਣ ਬਿੰਦੂ ਤੇ ਖਲੋ ਕੇ ਕਾਵਿ-ਅਰਥਾਂ ਦਾ ਨਿਰਮਾਣ ਕਰਦੀਆਂ ਹਨ। ਇਸੇ ਵਾਸਤੇ ਇਹ ਦੋਵਾਂ ਵਿਚੋਂ ਕਿਸੇ ਇਕ ਦੀ ਚੋਣ ਕਰਨ ਦੀ ਥਾਂ, ਦੋਹਾਂ ਵਿਚ ਸੰਤੁਲਨ ਸਿਰਜਣ ਦਾ ਸੰਦੇਸ਼ ਦਿੰਦੀਆਂ ਹਨ। ਇਹ ਉਪਭੋਗ ਦੇ ਵਹਾਓ ਤੋਂ ਵੀ ਮੁਨਕਰ ਨਹੀਂ ਪਰ ਇਹ ਮਾਨਵਵਾਦੀ ਮੁੱਲ-ਵਿਧਾਨ ਦੀ ਰੱਖਿਆ ਕਰਨ ਅਤੇ ਉਸ ਨੂੰ ਨਿਭਾਉਣ ਦੀ ਪ੍ਰਵਿਰਤੀ ਉਪਰ ਪਹਿਰਾ ਦੇਣ ਦੇ ਭਾਵ-ਪ੍ਰਬੰਧ ਦੀ ਸਿਰਜਣਾ ਵੀ ਕਰਦੀਆਂ ਹਨ। ਇਹੀ ਸਥਿਤੀ ਹੀ ਸ਼ਾਇਦ ਸਮੇਂ ਦੇ ਬੱਦਲਾਂ ਤੋਂ ਪਾਰ ਜਾਣ ਦੀ ਸਥਿਤੀ ਹੈ। ਇਸ ਸਥਿਤੀ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਹ ਦੁਬਿਧਾਵਾਂ, ਦੁਚਿੱਤੀਆਂ ਅਤੇ ਹੀਣ ਭਾਵਨਾ ਦੀਆਂ ਮਨੋ-ਸਥਿਤੀਆਂ ਤੋਂ ਪਾਰ ਜਾਣ ਦੀ ਕੋਸ਼ਿਸ਼ ਵਿਚ ਨਿਰੰਤਰ ਗਤੀਮਾਨ ਹੈ। ਹਾਲਾਂਕਿ ਮਹਿੰਦਰ ਗਿੱਲ ਦੀ ਪਹਿਲੀ ਕਵਿਤਾ ਵਿਚ ਪਰਵਾਸੀ ਹੋਣ ਦੀ ਦੁਬਿਧਾ ਅਤੇ ਚੌਗਿਰਦੇ ਦੀਆਂ ਸਿਤਮ ਜ਼ਰੀਫੀਆਂ ਵਿਚ ਉਲਝੇ ਹੋਏ ਬੰਦੇ ਦੀਆਂ ਦੁਚਿੱਤੀਆਂ ਨਿਰੰਤਰ ਸਰਗਰਮ ਰਹਿੰਦੀਆਂ ਹਨ, ਪਰ ਇਸ ਸੰਗ੍ਰਹਿ ਦੀਆਂ ਕਵਿਤਾਵਾਂ ਅਜਿਹੀਆਂ ਸਥਿਤੀਆਂ ਤੋਂ ਪੂਰੀ ਤਰ੍ਹਾਂ ਮੁਕਤ ਹਨ। ਇਹ ਤਾਂ ਹਾਲਾਤ ਦੇ ਵਿਰੋਧਾਂ ਨੂੰ ਉਜਾਗਰ ਕਰਕੇ, ਉਹਨਾਂ ਨਾਲ ਤਾਲਮੇਲ ਸਥਾਪਤ ਕਰਨ ਦੀ ਜਗਿਆਸਾ ਦੇ ਰਾਹਗੀਰ ਮਨੁੱਖ ਦੀਆਂ ਗਤੀਵਿਧੀਆਂ ਨੂੰ ਨਿਆਂਸ਼ੀਲ ਬਣਾ ਰਹੀ ਹੈ: ਕੀ ਕਹਾਂ ਇਹ ਸਮੇਂ ਨੂੰ ਇਸ ਤਰ੍ਹਾਂ ਇਹ ਕਵਿਤਾ ਕਿਸੇ ਸੁਪਨਮਈ ਸੰਸਾਰ ਜਾਂ ਅਦਭੁਤ ਭਾਵ-ਮੰਡਲ ਦੀ ਕਲਪਨਾ ਨਹੀਂ ਕਰਦੀ। ਨਾ ਹੀ ਇਹ ਵਰਤਮਾਨ ਯਥਾਰਥ ਵਿਚ ਲੀਨ ਹੋਣ ਦੀ ਖਸਲਤ ਜਾਂ ਅਕਾਂਖਿਆ ਨੂੰ ਮੁਖਾਤਿਬ ਹੈ। ਇਸ ਦੇ ਉਲਟ ਇਹ ਤਾਂ ਯਥਾਰਥ ਦੀ ਤਹਿ ਵਿਚ ਛੁਪੀ ‘ਹਕੀਕਤ’ ਦੀ ਖ਼ਸਲਤ ਦੀ ਟੋਹ ਲਾਉਣ ਦੀ ਕੋਸ਼ਿਸ਼ ਕਰਦੀ ਹੈ। ਇਸੇ ਕਰਕੇ ਇਹ ਯਥਾਰਥ ਦੀ ਪੇਸ਼ਕਾਰੀ ਅਤੇ ਯਥਾਰਥ ਦੀ ਹਕੀਕਤ ਵਿਚਲੀ ਦੁਫੇੜ ਬਾਰੇ ਪੂਰੀ ਤਰ੍ਹਾਂ ਚੇਤਨ ਹੈ। ਹੋਰ ਸਪੱਸ਼ਟ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਇਸ ਕਵਿਤਾ ਵਿਚ ਪੇਸ਼ ਮਨੁੱਖ ਮਹਾਂ ਕਾਰਜਾਂ ਦੇ ਦਾਅਵਿਆਂ ਨਾਲ ਭਰੇ ਆਦਰਸ਼ ਦੀ ਸਿਰਜਨਾ ਕਰਨ ਦੀ ਥਾਂ, ਆਪਣੇ ਸੱਚ ਦੀਆਂ ਸੇਵਾਵਾਂ ਤੋਂ ਚੇਤਨ ਹੋ ਕੇ ਸੱਚ ਨਾਲ ਨੈਗੋਸ਼ੀਏਟ ਕਰਦਾ ਹੈ: ਪੂਜਿਆ ਇਸੇ ਨੈਗੋਸ਼ੀਏਸ਼ਨ ਦੀ ਸਰਗਰਮੀ ਵਿਚ ਹੀ ਕਵੀ ‘ਕਵਿਤਾ ਦੀ ਭਾਲ’, ‘ਰਿਆਜ਼’, ‘ਕੈਨਵਸ’, ‘ਸੁਪਨੇ’, ਅਤੇ ‘ਤਥਾ ਅਸਤੂ’ ਆਦਿ ਵਰਗੀਆਂ ਖੂਬਸੂਰਤ ਕਵਿਤਾਵਾਂ ਦੀ ਸਿਰਜਣਾ ਕਰਦਾ ਹੈ। ਪਰ, ਇਹ ਧਿਆਨ ਵਿਚ ਰੱਖਣਾ ਜ਼ਰੂਰੀ ਹੈ ਕਿ ਮਹਿੰਦਰ ਗਿੱਲ ਦੀ ਕਾਵਿ ਸੰਵੇਦਨਾ ਵਿਚ ਨੈਗੋਸ਼ੀਏਸ਼ਨ ਹਾਰ ਨੂੰ ਸਵੀਕਾਰ ਕਰਨ ਦਾ ਇਸ਼ਤਿਆਰਾ ਨਹੀਂ। ਇਸ ਦੇ ਉਲਟ ਇਹ ਸਥਿਤੀ ਤਾਂ ਹਾਰਨ ਜਾਂ ਹਰਾਉਣ ਦੀ ਹਿਰਸ ਤੋਂ ਪਾਰ ਜਾਣ ਦੀ ਸਥਿਤੀ ਹੈ। ਇਕ ਦੂਜੇ ਨੂੰ ਸਮਾਨਆਂਤਰ ਮੰਨਣ ਦੀ ਅਵਸਥਾ। ਆਪਣੇ ਆਪ ਵਿਚ ਬਿਰਾਜਮਾਨ ਐਬਾਂ, ਕਮੀਆਂ ਅਤੇ ਸੀਮਾਵਾਂ ਨੂੰ ਸਵੀਕਾਰ ਕਰਨ ਦੇ ਨਾਲ ਨਾਲ ਦੂਸਰੇ ਦੀ ਸੰਪੂਰਨਤਾ ਦੇ ਰੂਬਰੂ ਹੋਣ ਦੀ ਹਿੰਮਤ ਨੂੰ ਧਾਰਨ ਕਰਨ ਦੀ ਮਨੋਅਵਸਥਾ। ਦੂਸਰੇ ਦੇ ਦੂਸਰੇਪਨ ਨੂੰ ਫਨਾਹ ਕਰਨ ਦੀ ਅਕਾਂਖਿਆ ਦੀ ਥਾਂ ਉਸ ਨਾਲ ਧੁਰ ਅੰਦਰ ਤਕ ਸੰਵਾਦ ਸਿਰਜਣ ਦੀ ਅਭਿਲਾਸ਼ਾ। ਇਸ ਸੰਗ੍ਰਹਿ ਦੀਆਂ ਇਕ ਤੋਂ ਵੱਧ ਕਵਿਤਾਵਾਂ ਇਸ ਕਿਸਮ ਦੇ ਕਾਵਿ ਅਰਥਾਂ ਦੀ ਰਚਨਾ ਕਰਦੀਆਂ ਹਨ: ਜੁਆਹਰੀ ਪਰਖ ਕਰਦਾ ਹੈ ਯਥਾਰਥ ਦੇ ਵਿਵੇਕ ਨਾਲ ਸੰਵਾਦ ਸਿਰਜਣ ਦੀ ਇਸ ਰੁਚੀ ਅਧੀਨ ਹੀ ਇਹ ਕਵਿਤਾ ਇਸਦੇ ਸਾਕਾਰ ਦ੍ਰਿਸ਼ ਪ੍ਰਤੀ ਉਤੇਜਤ ਹੋਣ ਦੀ ਥਾਂ, ਉਸ ਪ੍ਰਤੀ ਸਹਿਜਤਾ ਦਾ ਇਜ਼ਹਾਰ ਕਰਦੀ ਹੈ। ਇਹ ਸਹਿਜਤਾ ਯਥਾਰਥ ਦੀਆਂ ਤਹਿ ਵਿਚ ਛੁਪੀਆਂ ਹਕੀਕਤਾਂ ਨੂੰ ਸਮਝਣ ਲਈ ਵੀ ਸੁਚੇਤ ਹੈ ਅਤੇ ਉਸ ਦੀਆਂ ਸੀਮਾਵਾਂ ਨੂੰ ਬਿਆਨ ਕਰਨ ਲਈ ਵੀ। ਜਿਸ ਪ੍ਰਕਾਰ ਸਾਡੀ ਮੁਢਲੀ ਬਰਤਾਨਵੀ ਕਵਿਤਾ ਪੱਛਮੀ ਸਮਾਜਕ ਯਥਾਰਥ ਪ੍ਰਤੀ ਆਕਰਸ਼ਮਈ ਜਾਂ ਖੌਫਮਈ ਰੁਝਾਨ ਰੱਖਣ ਦੀ ਕਮਜ਼ੋਰੀ ਦਾ ਸ਼ਿਕਾਰ ਸੀ, ਇਹ ਕਵਿਤਾ ਇਸ ਵਿਚ ਸੁੰਤਲਨ ਸਿਰਜਣ ਲਈ ਸਰਗਰਮ ਹੈ। ਜਿੱਥੇ ਇਹ ਪੱਛਮੀ ਮੁਆਸ਼ਰੇ ਦੇ ਚੰਗੇ ਗੁਣਾਂ ਨੂੰ ਉਭਾਰਦੀ ਹੈ ਉੱਥੇ ਉਸ ਦੀ ਆਲੋਚਨਾ ਵੀ ਕਰਦੀ ਹੈ। ਇਸੇ ਪ੍ਰਕਾਰ ਇਹ ਪੂਰਬੀ ਜੀਵਨ-ਵਿਧੀ ਅਤੇ ਸਮਾਜਕ ਆਰਥਕ ਯਥਾਰਥ ਦੇ ਵੀ ਵੱਖਰੇ ਕਿਸਮ ਦੇ ਦ੍ਰਿਸ਼ ਚਿਤਰਣ ਦੀ ਕੋਸ਼ਿਸ਼ ਕਰਦੀ ਹੈ। ਇਸ ਸੰਦਰਭ ਵਿਚ ਉਸ ਦੀ ਕਵਿਤਾ ‘ਤਰੱਕੀ’ ਨੂੰ ਵਿਚਾਰਨਾ ਲਾਹੇਵੰਦ ਹੋਵੇਗਾ: ਡੀਟਰੋਇਟ, ਦਿਵਾਲੀਆ, ਕਰਜ਼ਦਾਰ, ਏਦਾਂ ਡਿਗਦੇ ਨੇ ਹਿਮਾਲਾ ਜ਼ਾਹਿਰ ਹੈ ਕਿ ਇਹ ਕਵਿਤਾ ਕਿਸੇ ਵੀ ਥਾਂ ਉਤੇ ਰਹਿੰਦੇ ਪਰਵਾਸੀ, ਮੂਲਵਾਸੀ ਜਾਂ ਡਾਇਸਪੋਰਕ ਸਬਜੈਕਟ ਦੀ ਧਿਰ ਬਣ ਕੇ ਆਪਣੇ ਕਾਵਿ ਪ੍ਰਵਚਨ ਦਾ ਨਿਰਮਾਣ ਨਹੀਂ ਕਰਦੀ। ਇਸ ਦੇ ਉਲਟ ਇਸ ਵਿਚ ਇਹ ਸਾਰੀਆਂ ਕੋਟੀਆਂ ਇਕ ਦੂਜੇ ਵਿਚ ਰਲ਼ ਮਿਲ਼ ਕੇ ਪਹਿਲੇ ਪੱਧਰ ਤੇ ਸਮਜਾਕ ਯਥਾਰਥ ਦੀਆਂ ਬੇਤਰਤੀਬੀਆਂ ਦੀ ਪੇਸ਼ਕਾਰੀ ਕਰਦੀਆਂ ਹਨ। ਦੂਜੇ ਪੱਧਰ ਤੇ ਇਹ ਮਾਨਵਵਾਦੀ ਮੁੱਲ-ਵਿਧਾਨ ਦਾ ਨਿਰਮਾਣ ਕਰਨ ਲਈ ਸਰਗਰਮ ਹਨ। ਇਹੀ ਵਜ੍ਹਾ ਹੈ ਕਿ ਇਸ ਵਿਚ ਤਾਹਨੇ, ਮਿਹਣੇ, ਉਦਾਸੀਆਂ, ਬੇਵਸੀਆਂ ਅਤੇ ਵਿਡੰਬਨਾਵਾਂ ਦਾ ਚਿਤਰਣ ਹੀ ਨਹੀਂ ਸਗੋਂ ਇਹਨਾਂ ਤੋਂ ਪਾਰ ਜਾਣ ਦੀ ਕੋਸ਼ਿਸ਼ ਹੈ। ਇਹ ਕੋਸ਼ਿਸ਼ ਸਮਾਜਕ ਯਥਾਰਥ ਨਾਲ ਰਸਾਈ ਕਾਇਮ ਕਰਨ ਦੀ ਵੀ ਹੈ ਅਤੇ ਇਸ ਨੂੰ ਦਿਸ਼ਾ ਪ੍ਰਦਾਨ ਕਰਨ ਵਾਲੇ ਵਿਚਾਰਾਂ ਨੂੰ ਪ੍ਰਸਤੁਤ ਕਰਨ ਦੀ ਵੀ। ਯਥਾਰਥ ਦੀ ਸੁਚੇਤ ਦ੍ਰਿਸ਼ਟੀਕੋਨ ਤੋਂ ਵਿਆਖਿਆ ਤੇ ਪੇਸ਼ਕਾਰੀ ਕਰਨ ਤੋਂ ਬਚਣ ਦੀ ਇਸ ਰੁਚੀ ਕਰਕੇ ਹੀ ਕਵੀ ਕਦੇ ਵੀ ਪੂਰਬ-ਪੱਛਮ, ਮੈਂ-ਤੁਸੀਂ, ਮੂਲਵਾਸੀ-ਪਰਵਾਸੀ, ਸੱਚ-ਸੁਪਨੇ ਅਤੇ ਹਕੀਕਤ-ਆਦਰਸ਼ ਨੂੰ ਵਿਰੋਧੀ ਧਿਰਾਂ ਦੇ ਰੂਪ ਵਿਚ ਪੇਸ਼ ਨਹੀਂ ਕਰਦਾ। ਇਸ ਦੇ ਉਲਟ ਇਥੇ ਗੁਰੂ ਅਰਜਨ ਦੇਵ, ਮਹਾਤਮਾ ਬੁੱਧ, ਈਸਾ ਮਸੀਹ ਅਤੇ ਹਜ਼ਰਤ ਮੁਹੰਮਦ ਸਾਰੇ ਇਕੋ ਸੱਚ ਨੂੰ ਪੇਸ਼ ਕਰਨ ਵਾਲੇ ਦੈਵੀ ਪੁਰਸ਼ ਬਣਦੇ ਹਨ। ਸਿੱਟੇ ਵਜੋਂ ਇਹ ਕਵਿਤਾ ਦਾਇਰੇ ਰਚਣ ਦੇ ਕਾਰਜ ਵਿਚ ਪੈਣ ਦੀ ਥਾਂ ਹਰ ਤਰ੍ਹਾਂ ਦੇ ਦਾਇਰਿਆਂ ਤੋਂ ਪਾਰ ਜਾਣ ਦੇ ਕਾਵਿ-ਅਰਥਾਂ ਦੀ ਰਚਨਾ ਕਰਨ ਦੇ ਰਾਹੇ ਪੈਂਦੇ ਹਨ। ਪਰ ਦਾਇਰਿਆਂ ਤੋਂ ਪਾਰ ਜਾਣ ਦਾ ਅਰਥ ਸੱਚ ਤੋਂ ਬੇਮੁੱਖ ਹੋਣਾ ਨਹੀਂ, ਸਗੋਂ ਇਸ ਦੀ ਅਸਲੀਅਤ ਦੇ ਰੂਬਰੂ ਹੋਣਾ ਹੈ। ਆਪਣੇ ਸਮਕਾਲੀ ਸੰਦਰਭ ਵਿਚ ਇਹ ਸੱਚ ਵਿਸ਼ਵੀਕ੍ਰਿਤ ਉਪਭੋਗਵਾਦ, ਪਾਸਾਰਵਾਦ ਅਤੇ ਦਮਨਕਾਰੀ ਮੰਡੀਕਰਨ ਦੇ ਸੱਚ ਦੇ ਸਨਮੁੱਖ ਹੋਣਾ ਹੈ। ਇਹ ਸੱਚ ਨਾ ਕੇਵਲ ਮਨੁੱਖ ਦੇ ਸੁਚੇਤ ਵਿਹਾਰ ਨੂੰ ਪੇਸ਼ ਕਰ ਰਿਹਾ ਹੈ ਸਗੋਂ ਉਸ ਦੀਆਂ ਸਭਿਆਚਾਰਕ ਯਾਦਾਂ, ਪਰੰਪਰਾਵਾਂ ਅਤੇ ਅਵਚੇਤਨੀ ਕਿਰਿਆਵਾਂ-ਪ੍ਰਤੀਕਿਰਿਆਵਾਂ ਨੂੰ ਰੂਪਗਤ ਵੀ ਕਰ ਰਿਹਾ ਹੈ। ਇਸ ਕਾਵਿ-ਸੰਗ੍ਰਹਿ ਦੀ ਕਵਿਤਾ ‘ਤਖ਼ਤ ਹਜ਼ਾਰਾ’ ਇਸ ਉਪਭੋਗਤਾਵਾਦੀ ਨਿਜ਼ਾਮ ਦੇ ਦਿਸਦੇ ਪਾਸਾਰਾਂ ਅਤੇ ਅਦ੍ਰਿਸ਼ ਸਰੋਕਾਰਾਂ ਨੂੰ ਬਹੁ-ਅਰਥੀ ਬਿੰਬ-ਵਿਧਾਨ ਅਧੀਨ ਇਸ ਤਰ੍ਹਾ ਪੇਸ਼ ਕਰਦੀ ਹੈ: ਤਖ਼ਤ ਹਜ਼ਾਰੇ ਪਰਤਣ ਦੀ ਜ਼ਾਹਿਰ ਹੈ ਕਿ ਇਥੇ ਤਖ਼ਤ ਹਜ਼ਾਰਾ ਇਕ ਬਹੁ-ਅਰਥੀ ਕਾਵਿ-ਪ੍ਰਤੀਕ ਹੈ। ਹੁਣ ਇਹ ਰਾਂਝੇ ਦਾ ਉਹ ਤਖ਼ਤ ਹਜ਼ਾਰਾ ਨਹੀਂ ਜੋ ਝੰਗ ਸਿਆਲ ਦੇ ਅਸਰਾਂ ਤੋਂ ਮੁਕਤ ਹੋ ਕੇ ਉਸ ਦੇ ਬਰਾਬਰ ਖੜਾ ਹੁੰਦਾ ਸੀ। ਹੁਣ ਤਾਂ ਇਹ ਮੰਡੀ ਦੀ ਵਸਤੂ ਬਣ ਚੁੱਕਿਆ ਹੈ। ਇਥੇ ਰਾਂਝੇ ਦੇ ਇਸ਼ਕ ਤੋਂ ਲੈ ਕੇ ਉਥੋਂ ਦੇ ਚੌਧਰੀਆਂ ਸੰਗ ਸਾਰਾ ਤਖ਼ਤ ਹਜ਼ਾਰਾ ਹੀ ਚੂਚਕ ਅਤੇ ਖੇੜਿਆਂ ਦੀ ਸਿੱਕਦਾਰੀ ਅਤੇ ਮਾਇਆ ਦੇ ਬੱਦਲਾਂ ਵਿਚ ਉਪਭੋਗ ਦੀ ਵਸਤੂ ਬਣ ਗਿਆ ਹੈ। ਪਰ, ਇਸ ਕਵਿਤਾ ਦੀ ਖੂਬਸੂਰਤੀ ਇਸ ਨੂੰ ਦ੍ਰਿਸ਼ ਪੇਸ਼ ਕਰਨ ਤੋਂ ਵੱਧ ਅਜਿਹੇ ਅਰਥਾਂ ਦੀ ਰਚਨਾ ਕਰਨਾ ਹੈ, ਜਿਥੇ ਕਵਿਤਾ ਦਾ ਸੱਚ ਮੁਆਸ਼ਰੇ ਦੇ ਉਪਰੋਕਤ ਸੱਚ ਨੂੰ ਸਵੀਕਾਰ ਕਰਨ ਦੀ ਥਾਂ ਉਸ ਪ੍ਰਤੀ ਨਾਬਰੀ ਦਾ ਹੁੰਘਾਰਾ ਭਰਨ ਦੇ ਭਾਵ-ਪ੍ਰਬੰਧ ਦੀ ਸਿਰਜਣਾ ਕਰਦਾ ਹੈ। ਉਪਰੋਕਤ ਵਿਚਾਰ ਚਰਚਾ ਦੇ ਅਧਾਰ ‘ਤੇ ਕਿਹਾ ਜਾ ਸਕਦਾ ਹੈ ਕਿ ਮਹਿੰਦਰ ਗਿੱਲ ਦਾ ਕਾਵਿ ਸੰਗ੍ਰਹਿ ‘ਬੱਦਲਾਂ ਤੋਂ ਪਾਰ’ ਸਮਕਾਲੀ ਪੰਜਾਬੀ ਕਵਿਤਾ ਦੇ ਨਵੇਂ ਬਰਤਾਨਵੀ ਪ੍ਰਸੰਗ ਦੀ ਅਰਥਪੂਰਨ ਪੇਸ਼ਕਾਰੀ ਕਰ ਰਿਹਾ ਹੈ। ਇਹ ਇਥੋਂ ਦੀ ਰਵਾਇਤੀ ਕਾਵਿ-ਸਿਰਜਣ ਦੀ ਪ੍ਰਕਿਰਿਆ ਤੋਂ ਵਿੱਥ ‘ਤੇ ਵੀ ਖੜਾ ਹੋ ਰਿਹਾ ਹੈ ਅਤੇ ਉਸ ਨੂੰ ਨਵਾਂ ਕਾਵਿ-ਪ੍ਰਸੰਗ ਵੀ ਪ੍ਰਦਾਨ ਕਰ ਰਿਹਾ ਹੈ। ਦੂਜੇ ਸ਼ਬਦਾਂ ਵਿਚ ਮਹਿੰਦਰ ਗਿੱਲ ਦੀ ਵਰਤਮਾਨ ਕਵਿਤਾ ਨਾਲ ਪੰਜਾਬੀ ਕਵਿਤਾ ਮੂਲਵਾਦ-ਪਰਵਾਸ, ਪੂਰਬ-ਪੱਛਮ, ਨਿੱਜ-ਪਰ ਅਤੇ ਬੰਧਨਾਂ ਆਦਿ ਦਾਇਰਿਆਂ ਦੇ ਮੰਜ਼ਰਾਂ ਦੀ ਸਿਰਜਣਾ ਕਰਨ ਦੀ ਥਾਂ ਇਸ ਤੋਂ ਪਾਰ ਜਾਣ ਦੇ ਅਰਥਾਂ ਦਾ ਕਾਵਿ-ਨਿਰਮਾਣ ਕਰਦੀ ਹੈ। ਇਹ ਯਥਾਰਥ ਦੀ ਪੇਸ਼ਕਾਰੀ ਦੇ ਸੱਚ ਤੋਂ ਅੱਗੇ ਜਾ ਕੇ ਯਥਾਰਥ ਦੀ ਹਕੀਕਤ ਦੇ ਰੂਬਰੂ ਹੋਣ ਲਈ ਸਰਗਰਮ ਹੈ। ਸ਼ਾਇਦ ਇਹ ਪ੍ਰਵਿਰਤੀ ਹੀ ਭਵਿੱਖ ਵਿਚ ਰਚੀ ਜਾਣ ਵਾਲੀ ਪੰਜਾਬੀ ਕਵਿਤਾ ਦੇ ਬਰਤਾਨਵੀ ਪ੍ਰਸੰਗ ਨੂੰ ਨਵੀਂ ਦਿਸ਼ਾ ਅਤੇ ਸਰੂਪ ਪ੍ਰਦਾਨ ਕਰਨ ਵਿਚ ਸਹਾਈ ਹੋਵੇਗੀ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਪੰਜਾਬ ਯੂਨੀਵਰਸਿਟੀ,
ਚੰਡੀਗੜ੍ਹ