ਕਮਲਜੀਤ ਸਿੰਘ ਬਨਵੈਤ ਮੁੱਢਲੇ ਤੌਰ ‘ਤੇ ਪੱਤਰਕਾਰ ਹੈ। ਪੱਤਰਕਾਰੀ ਵਿੱਚੋਂ ਸੇਵਾ ਮੁਕਤੀ ਤੋਂ ਬਾਅਦ ਉਹ ਕਾਲਮ ਨਵੀਸ ਅਤੇ ਵਾਰਤਕਕਾਰ ਦੇ ਤੌਰ ‘ਤੇ ਜਾਣਿਆਂ ਜਾਂਦਾ ਹੈ। ਹਰ ਰੋਜ਼ ਉਸਦੇ ਲੇਖ ਅਖ਼ਬਾਰਾਂ ਦਾ ਸ਼ਿੰਗਾਰ ਬਣਦੇ ਹਨ। ਉਸ ਦੀ ਕਮਾਲ ਇਸ ਗੱਲ ਵਿੱਚ ਹੈ ਕਿ ਆਮ ਲੇਖਕਾਂ ਵੱਲੋਂ ਅਣਡਿਠ ਮੁੱਦਿਆਂ ਨੂੰ ਉਹ ਬੜੀ ਬਾਰੀਕੀ ਨਾਲ ਬਹੁਤ ਥੋੜ੍ਹੇ ਸ਼ਬਦਾਂ ਵਿੱਚ ਲਿਖ ਕੇ ਪਾਠਕਾਂ ਦੇ ਦਿਲਾਂ ਵਿੱਚ ਤੁਣਕੇ ਮਾਰਦਾ ਹੈ। ਉਸਦੇ ਲੇਖਾਂ ਦੀ ਰਵਾਨਗੀ ਦਰਿਆ ਦੀਆਂ ਲਹਿਰਾਂ ਦੀ ਤਰ੍ਹਾਂ ਪਾਠਕਾਂ ਦੇ ਮਨਾਂ ਵਿੱਚ ਤਰੰਗਾਂ ਪੈਦਾ ਕਰ ਦਿੰਦੀਆਂ ਹਨ। ਉਸ ਨੇ ਹੁਣ ਤੱਕ ਇੱਕ ਦਰਜਨ ਪੁਸਤਕਾਂ ਪ੍ਰਕਾਸ਼ਤ ਕਰਵਾਈਆਂ ਹਨ। ਚਰਚਾ ਅਧੀਨ ਪੁਸਤਕ ‘ਤੋਕੜ’ ਵਿੱਚ ਛੋਟੇ-ਛੋਟੇ 28 ਲੇਖ ਹਨ। ਇਨ੍ਹਾਂ ਲੇਖਾਂ ਦੇ ਵਿਸ਼ੇ ਤੇ ਮੁੱਦੇ ਇਨਸਾਨੀਅਤ ਦੀ ਮਾਨਸਿਕਤਾ ਨਾਲ ਸੰਬੰਧਤ ਹਨ। ਇੱਕ ਸੁਜੱਗ ਕਾਲਮ ਨਵੀਸ ਤੇ ਲੇਖਕ ਹੋਣ ਕਰਕੇ ਉਹ ਵਰਤਮਾਨ ਸਮਾਜ ਦੀ ਮਾਨਸਿਕਤਾ ਨੂੰ ਮਹਿਸੂਸ ਕਰਦਾ ਹੋਇਆ ਲਘੂ ਲੇਖ ਲਿਖਦਾ ਹੈ ਕਿਉਂਕਿ ਪਾਠਕਾਂ ਕੋਲ ਨਾ ਸਮਾਂ ਹੁੰਦਾ ਅਤੇ ਨਾ ਹੀ ਲੰਬੇ ਲੇਖਾਂ ਵਿੱਚ ਦਿਲਚਸਪੀ ਰੱਖਦੇ ਹਨ। ਉਸ ਦੇ ਲੇਖਾਂ ਦੇ ਨਾਮ ਵੀ ਪਾਠਕਾਂ ਨੂੰ ਪ੍ਰਭਾਵਤ ਕਰਦੇ ਹਨ, ਜਿਸ ਕਰਕੇ ਪਾਠਕ ਤੁਰੰਤ ਪੜ੍ਹ ਲੈਂਦੇ ਹਨ। ਪੁਸਤਕ ਦਾ ਨਾਮ ‘ਤੋਕੜ’ ਪੰਜਾਬ ਦੀ ਦਿਹਾਤੀ ਵਿਰਾਸਤ ਵਿੱਚ ਵਰਤਿਆ ਜਾਣ ਵਾਲਾ ਸ਼ਬਦ ਹੈ, ਜਿਸ ਬਾਰੇ ਸ਼ਹਿਰੀ ਸਭਿਅਚਾਰ ਵਾਲੇ ਲੋਕਾਂ ਨੂੰ ਜਾਣਕਾਰੀ ਨਹੀਂ। ਤੋਕੜ ਲੇਖ ਇੱਕ ਬਜ਼ੁਰਗ ਦੇ ਬੁਢਾਪੇ ਵਿੱਚ ਉਸ ਦੇ ਪਰਿਵਾਰ ਵੱਲੋਂ ਅਣਡਿਠ ਕਰਨ ਦੀ ਤ੍ਰਾਸਦੀ ਦਾ ਪ੍ਰਗਟਾਵਾ ਹੈ। ਬਜ਼ੁਰਗ ਨੇ ਆਪਣੇ ਪਰਿਵਾਰ ਦਾ ਬਾਖ਼ੂਬੀ ਪਾਲਣ ਪੋਸ਼ਣ ਕੀਤਾ ਪ੍ਰੰਤੂ ਜਦੋਂ ਉਸਨੂੰ ਬੁਢਾਪੇ ਵਿੱਚ ਵੇਖ ਭਾਲ ਕਰਨ ਦੀ ਲੋੜ ਪਈ ਤਾਂ ਬੱਚੇ ਉਸ ਨੂੰ ਵਾਧੂ ਭਾਰ ਸਮਝਣ ਲੱਗ ਪਏ। ਮੇਰੀ ਸਮਝ ਅਨੁਸਾਰ ਅਜਿਹੇ ਸ਼ਬਦਾਂ ਤੇ ਸਿਰਲੇਖਾਂ ਦੀ ਵਰਤੋਂ ਕਰਕੇ ਕਮਲਜੀਤ ਬਨਵੈਤ ਆਧੁਨਿਕ ਸਮੇਂ ਦੀ ਨਵੀਂ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨ ਦਾ ਮਹੱਤਵਪੂਰਨ ਕਾਰਜ ਕਰ ਰਹੇ ਹਨ। ਪੁਸਤਕ ਦਾ ਪਹਿਲਾ ਲੇਖ ਪੜ੍ਹਨ ਤੋਂ ਬਾਅਦ ਮਹਿਸੂਸ ਹੁੰਦਾ ਹੈ ਕਿ ਮਿਹਨਤ ਹਮੇਸ਼ਾ ਬਚਨ ਸਿੰਘ ਦੀ ਤਰ੍ਹਾਂ ਰੰਗ ਲਿਆਉਂਦੀ ਹੈ ਪ੍ਰੰਤੂ ਨੌਜਵਾਨ ਪੀੜ੍ਹੀ ਆਪਣੇ ਬਜ਼ੁਰਗਾਂ/ਮਾਨਵਤਾ ਨੂੰ ਬਣਦਾ ਮਾਨ ਸਨਮਾਨ ਨਹੀਂ ਦਿੰਦੀ ਸਗੋਂ ਪਾਲਤੂ ਕੁਤਿਆਂ ਨੂੰ ਤਰਜੀਹ ਦਿੰਦੀ ਹੈ। ਦਸਵੰਧ ਲੇਖ ਦਿਹਾਤੀ ਭਾਈਚਾਰੇ ਦੀ ਸਾਂਝੀਵਾਲਤਾ ਦੀ ਭਾਵਨਾ ਅਤੇ ਹਰ ਝਗੜੇ ਵਿੱਚ ਸਮਝੌਤਾ ਕਰਨ ਦੀ ਸਿਆਣਪ ਦੀ ਪ੍ਰਤੀਕ ਹੈ। ਇਸ ਵਿੱਚ ਪੁਲਿਸ ਦੇ ਲਾਲਚੀ ਸੁਭਾਅ ਬਾਰੇ ਵੀ ਚਾਨਣਾ ਪਾਉਂਦਾ ਹੈ। ‘ਡੇਰਾ ਸੰਤ ਬਾਬਾ ਰੱਬ ਸਿੰਘ’ ਲੇਖ ਜੁਗਾੜੀ ਅਧਿਕਾਰੀਆਂ ਅਤੇ ਸਿਆਸਤਦਾਨਾ ਦਾ ਵੋਟਾਂ ਬਦਲੇ ਗ਼ਲਤ ਕੰਮ ਕਰਨ, ਡੇਰਿਆਂ ਦੀ ਮਹੱਤਤਾ ਅਤੇ ਕਾਨੂੰਨ ਵਿਵਸਥਾ ਬਾਰੇ ਸੁਚੱਜੇ ਢੰਗ ਨਾਲ ਜਾਣਕਾਰੀ ਪ੍ਰਦਾਨ ਕਰਦਾ ਹੈ। ‘ਟੈਰਾਲੀਨ ਦੀ ਸ਼ਰਟ’ ਪੁਰਾਤਨ ਤੇ ਆਧੁਨਿਕ ਜ਼ਿੰਦਗੀ ਦੀਆਂ ਲੋੜਾਂ ਦੇ ਅੰਤਰ ਦਾ ਪ੍ਰਗਟਾਵਾ ਕਰਦੀ ਹੈ। ‘ਬੰਦਾ’ ਲੇਖ ਵਿੱਚ ਉਚੇ ਅਹੁਦਿਆਂ ਵਾਲੇ ਵਿਅਕਤੀ ਹੋਰ ਲੋਕਾਂ ਨੂੰ ਬੰਦਾ ਹੀ ਨਹੀਂ ਸਮਝਦੇ, ਉਨ੍ਹਾਂ ਦੇ ਅਹੁਦਿਆਂ ਦੀ ਹਓਮੈ ਮੂੰਹ ਚੜ੍ਹਕੇ ਬੋਲਦੀ ਹੈ। ‘ਇਨਸਾਨੀਅਤ’ ਲੇਖ ਵਿੱਚ ਦਰਸਾਇਆ ਗਿਆ ਹੈ ਕਿ ਸਮੇਂ ਦੇ ਬਦਲਣ ਨਾਲ ਬੀਮਾਰੀਆਂ, ਉਨ੍ਹਾਂ ਦੇ ਇਲਾਜ ਅਤੇ ਇਨਸਾਨ ਬਦਲ ਗਏ ਹਨ। ਮਾਨਵਤਾ ਦੇ ਦਰਦ ਵਾਲਾ ਭਾਵਨਾਤਮਿਕ ਲੇਖ ਹੈ। ‘ਧਨ ਪਿਰੁ’ ਲੇਖ ਸਾਂਝੇ ਪਰਿਵਾਰਾਂ, ਵੱਡਿਆਂ ਦੀ ਕਦਰ, ਦਾਨ ਕਰਨ ਦਾ ਸਕੂਨ ਅਤੇ ਸਾਦਗੀ ਬਾਰੇ ਚਾਨਣਾ ਪਾਉਂਦਾ ਹੋਇਆ ਇਨਸਾਨੀਅਤੀ ਦੀ ਕਦਰ ਕਰਨ ਦੀ ਪ੍ਰੇਰਨਾ ਦਿੰਦਾ ਹੈ। ‘ਇੰਝ ਮਿਲੀ ਮੈਨੂੰ ਕਾਰ’ ਲੇਖ ਵਿੱਚ ਪੀ.ਜੀ.ਆਈ. ਵਿੱਚੋਂ ਚੋਰੀ ਹੋਈ ਕਾਰ ਲੱਭਣ ਵਿੱਚ ਪੀ.ਜੀ.ਆਈ.ਸਟਾਫ ਤੇ ਚੰਡੀਗੜ੍ਹ ਪੁਲਿਸ ਦੀ ਚੁਸਤੀ ਫੁਰਤੀ ਅਤੇ ਪੰਜਾਬ ਪੁਲਿਸ ਦੀ ਅਵੇਸਲੀ ਕਾਰਗੁਜ਼ਾਰੀ ਦਾ ਪ੍ਰਗਟਾਅ ਕਰਦਾ ਹੈ। ‘ਕੌਕਟੇਲ ਮੌਕਟੇਲ’ ਵਿੱਚ ਦਰਸਾਇਆ ਗਿਆ ਹੈ ਕਿ ਪੁਰਾਣੀ ਸੋਚ ਵਾਲੇ ਮਾਪੇ ਲੜਕੀਆਂ ਨੂੰ ਬਰਾਬਰ ਦੇ ਮੌਕੇ ਦੇਣ ਦੇ ਵਿਰੁੱਧ ਹੁੰਦੇ ਹਨ ਪ੍ਰੰਤੂ ਜਦੋਂ ਹੋਰ ਲੜਕੀਆਂ ਦੇ ਮਾਪਿਆਂ ਦੀ ਫਰਾਕਦਿਲੀ ਵੇਖਦੇ ਹਨ ਫਿਰ ਉਨ੍ਹਾਂ ਨੂੰ ਸਮਝ ਆਉਂਦੀ ਹੈ। ‘ਕੀੜੀ ਦਾ ਆਟਾ’ ਲੇਖ ਮਾੜੀ ਮੋਟੀ ਤਕਲੀਫ਼ ਤੋਂ ਬੱਚਿਆਂ ਦਾ ਧਿਆਨ ਹਟਾਉਣ ਲਈ ਅਜਿਹੀ ਗੱਲ ਕਰਕੇ ਬਜ਼ੁਰਗ ਟਾਲ ਦਿੰਦੇ ਸਨ ਪ੍ਰੰਤੂ ਅੱਜ ਕਲ੍ਹ ਦੇ ਲੋਕਾਂ ਵਿੱਚ ਇਹ ਘਾਟ ਮਹਿਸੂਸ ਹੁੰਦੀ ਹੈ, ਉਹ ਲੜਾਈ ਮੁੱਲ ਲੈਣ ਲਈ ਤਿਆਰ ਰਹਿੰਦੇ ਹਨ ਕਿਉਂਕਿ ਉਨ੍ਹਾਂ ਵਿੱਚ ਬਰਦਾਸ਼ਤ ਕਰਨ ਲਈ ਸ਼ਹਿਨਸ਼ੀਲਤਾ ਦੀ ਅਣਹੋਂਦ ਹੈ। ‘ਮੈਂ ਭਿਖਾਰੀ ਨਹੀਂ’ ਲੇਖ ਸਾਈਬਰ ਫਰਾਡ ਅਤੇ ਸ਼ੋਸ਼ਲ ਮੀਡੀਅ/ਫੇਸ ਬੁੱਕ ਦੀ ਦੁਰਵਰਤੋਂ ਕਰਨ ਤੋਂ ਬਚਣ ਦੀ ਸਲਾਹ ਦਿੰਦੀ ਹੈ। ‘ਬੇਬੀ’ ਲੇਖ ਪਰਵਾਸ ਦੀ ਜ਼ਿੰਦਗੀ ਦੀ ਤਸਵੀਰ ਖਿਚਦਾ ਹੈ, ਜਿਸ ਵਿੱਚ ਪਤੀ ਪਤਨੀ ਦੀ ਵਫ਼ਦਾਰੀ ਦੀ ਘਾਟ ਮਹਿਸੂਸ ਹੁੰਦੀ ਹੈ। ‘ਕਿਤੇ ਮੈਂ ਮੰਤਰੀ ਨਹੀਂ ਸੰਤਰੀ ਹੁੰਦਾ’ ਸਿਆਸਤਦਾਨਾ ਵੱਲੋਂ ਭਰਿਸ਼ਟਾਚਾਰ ਕਰਨ ਅਤੇ ਫਿਰ ਬਚਣ ਲਈ ਢੰਗ ਤਰੀਕੇ ਲੱਭਣ ਬਾਰੇ ਜਾਣਕਾਰੀ ਦਿੰਦਾ ਹੈ। ‘ਖਾਲਿਸਤਾਨੀ’ ਲੇਖ ਭਾਰਤ ਵਿੱਚ ਘੱਟ ਗਿਣਤੀਆਂ ਨਾਲ ਹੋ ਰਹੇ ਵਰਤਾਓ ਦਾ ਪਰਦਾ ਫਾਸ਼ ਕਰਦਾ ਹੈ, ਜਦੋਂ ਇੱਕ ਸਿੱਖ ਕਾਰੋਬਾਰ ਲਈ ਕਲੀਨ ਸ਼ੇਵ ਬਣਦਾ ਹੈ ਪ੍ਰੰਤੂ ਫਿਰ ਵੀ ਬਚਾਅ ਨਹੀਂ ਹੁੰਦਾ। ‘ਬਾਰ ਪਰਾਏ ਬੈਸਣਾ’ ਵਿੱਚ ਇਸਤਰੀਆਂ ਦਾ ਆਮ ਤੌਰ ‘ਤੇ ਆਪਣੇ ਮਰਦਾਂ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਣਾ, ਲੜਕੀਆਂ ਦੇ ਜੰਮਣ ‘ਤੇ ਇਸਤਰੀਆਂ ਵੱਲੋਂ ਬੁਰਾ ਮਨਾਉਣਾ ਅਤੇ ਇਨਸਾਨ ਦੇ ਮਾੜੇ ਵਕਤ ਵਿੱਚ ਆਪਣਿਆਂ ਦਾ ਬਿਗਾਨੇ ਬਣਨ ਬਾਰੇ ਹੈ। ‘ਗਹੂਣੀਆਂ ਆਈ.ਏ.ਐਸ.’ ਲੇਖ ਨੌਜਵਾਨ ਵਿਦਿਆਰਥੀਆਂ ਨੂੰ ਮਾਪਿਆਂ ਵੱਲੋਂ ਆਪਣੇ ਅਨੁਸਾਰ ਚਲਾਉਣ ਦੇ ਗ਼ਲਤ ਨਤੀਜੇ ਨਿਕਲਣ ਬਾਰੇ ਚੇਤੰਨ ਕਰਦਾ ਹੈ। ‘ਬਗਲੇ ਭਗਤ’ ਅਤੇ ‘ਮਨ ਮੰਦਰ’ ਲੇਖਾਂ ਰਾਹੀਂ ਗੁਰਦੁਆਰਿਆਂ ਦੀ ਬਹੁਤਾਤ, ਸਕੂਲਾਂ ਤੇ ਹਸਪਤਾਲਾਂ ਦੀ ਘਾਟ ਪ੍ਰੰਤੂ ਗੁਰਦੁਆਰੇ ਗੋਲਕ ਦੀ ਮਾਇਆ ਕਰਕੇ ਝਗੜਿਆਂ ਦਾ ਕੇਂਦਰ ਬਣ ਗਏ ਹਨ। ‘ਮਾਂ ਮਰੀ ਨਹੀਂ’ ਲੇਖ ਵਿੱਚ ਕੈਂਸਰ ਦੀ ਬੀਮਾਰੀ ਦਾ ਵਧਣਾ, ਪੀ.ਜੀ.ਆਈ. ਵਿੱਚ ਇਲਾਜ ਲਈ ਖੱਜਲ ਖੁਆਰੀ ਪ੍ਰੰਤੂ ਵਧੀਆ ਇਲਾਜ, ਮੁਫ਼ਤ ਲੰਗਰ ਦੂਜੇ ਪਾਸੇ ਚੋਰੀਆਂ ਦੀ ਬਹੁਤਾਤ ਬਾਰੇ ਹੈ। ਚੋਣਵੇਂ ਪਰਿਵਾਰ ਮੁਫ਼ਤ ਲੰਗਰ ਦੀ ਥਾਂ ਆਪਣੀ ਜ਼ਮੀਨ ਦੀ ਕਮਾਈ ਤੇ ਵਿਸ਼ਵਾਸ਼ ਕਰਦੇ ਹਨ। ‘ਬਦਲਾਅ’ ਵਿੱਚ ਦੱਸਿਆ ਹੈ ਕਿ ਪਹਿਲੇ ਸਮੇਂ ਹੱਥੀਂ ਕੰਮ ਕਰਕੇ ਜਦੋਜਹਿਦ ਕਰਨੀ ਪੈਂਦੀ ਸੀ ਪ੍ਰੰਤੂ ਨਵੀਂ ਪੀੜ੍ਹੀ ਬੇਪ੍ਰਵਾਹ ਹੈ। ਮਾਪੇ ਜੋ ਬੱਚਿਆਂ ਨੂੰ ਸਿਖਾਉਣਗੇ, ਉਸ ਦਾ ਅਸਰ ਉਨ੍ਹਾਂ ਤੇ ਵੀ ਹੋਵੇਗਾ। ਜੋ ਬੀਜੋਗੇ ਉਹੀ ਵੱਢਣਾ ਪਵੇਗਾ। ‘ ‘ਤੇ ਅੱਕ ਚੱਬਣਾ ਪਿਆ’ ਵਿੱਚ ਸਖ਼ਤ ਮਿਹਨਤ ਦੀ ਲੋੜ ‘ਤੇ ਜ਼ੋਰ ਦਿੱਤਾ। ਮਜ਼ਬੂਰੀ ਹਰ ਜਾਇਜ਼ ਨਜ਼ਾਇਜ ਕੰਮ ਕਰਵਾਉਂਦੀ ਹੈ। ‘ਹਵਾ ‘ਚ ਲਟਕਦਾ ਮਨੁੱਖ’ ਵਿੱਚ ਪੁਰਾਣੀਆਂ ਤੇ ਨਵੀਂਆਂ ਪਰੰਪਰਾਵਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ‘ਬੰਦਾ-ਕੁਬੰਦਾ ਲੇਖ ਦੋ ਪਰਿਵਾਰਾਂ ਦੀ ਤੁਲਨਾ ਰਾਹੀਂ ਇਕ ਪਰਿਵਾਰ ਦਾ ਮਰਦ ਆਪਣੀ ਪਤਨੀ ਲਈ ਅਗਾਊਂ ਸੇਵਾ ਮੁਕਤੀ ਲੈਂਦਾ ਹੈ, ਦੂਜਾ ਪਤਨੀ ਦੀ ਵੇਖ ਭਾਲਦੀ ਥਾਂ ਸੈਰ ਸਪਾਟਾ ਕਰਨ ਨੂੰ ਤਰਜ਼ੀਹ ਦਿੰਦਾ ਹੈ। ਤੇਰਾਂ-ਤੇਰਾਂ ਮਾਪਿਆਂ ਵੱਲੋਂ ਦੋਹਾਂ ਲੜਕਿਆਂ ਨੂੰ ਵਿਤੋਂ ਬਾਹਰੇ ਹੋ ਕੇ ਕਰਜ਼ੇ ਨਾਲ ਪੜ੍ਹਾਇਆ ਪ੍ਰੰਤੂ ਬੱਚਿਆਂ ਨੇ ਡਾਕਟਰ ਬਣਕੇ ਆਪਣੇ ਬਾਪ ਦੇ ਭੋਗ ‘ਤੇ ਤੇਰਾਂ-ਤੇਰਾਂ ਦੇ ਨਾਂ ਦਾ ਡੱਬਾ ਰੱਖਕੇ ਪੈਸੇ ਇਕੱਠੇ ਕਰਨ ਨੂੰ ਤਰਜ਼ੀਹ ਦਿੱਤੀ। ਇਸ ਤੋਂ ਅੱਜ ਕਲ੍ਹ ਬਜ਼ੁਰਗਾਂ ਪ੍ਰਤੀ ਬੱਚਿਆਂ ਦੀ ਮਾਨਸਿਕਤਾ ਦਾ ਪਤਾ ਲੱਗਦਾ ਹੈ। ‘ਟੈਡੀ ਬਿਅਰ’ ਲੇਖ ਪਰਵਾਸ ਵਿੱਚ ਲੜਕੀਆਂ ਵਿਆਹ ਤੋਂ ਪਹਿਲਾਂ ਲਿਵ ਇਨ ਰਿਲੇਸ਼ਨ ਵਿੱਚ ਰਹਿਕੇ ਮਰਦਾਂ ਦੀ ਪਛਾਣ ਕਰਦੀਆਂ ਹਨ ਕਿ ਉਨ੍ਹਾਂ ਨਾਲ ਰਹਿ ਵੀ ਸਕਦੀਆਂ ਹਨ। ਇੱਥੋਂ ਤੱਕ ਕਿ ਕੁੱਤੇ ਬਿਲੀਆਂ ਰੱਖਕੇ ਦਿਲ ਪਰਚਾਉਂਦੀਆਂ ਹਨ। ਟੈਡੀ ਬਿਅਰ ਨਾਲ ਵਿਆਹ ਵੀ ਕਰ ਲੈਂਦੀਆਂ ਹਨ ਕਿਉਂਕਿ ਉਹ ਇਸਤਰੀਆਂ ਨੂੰ ਮਰਦਾਂ ਦੀ ਤਰ੍ਹਾਂ ਟੋਕਦੇ ਤੇ ਰੋਕਦੇ ਨਹੀਂ। ‘ਪੰਜਾਬ ਡੁੱਬਿਆ’ ਲੇਖ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿੰਮਾ ਦੀ ਤਰ੍ਹਾਂ ਪੰਜਾਬ ਦੇ ਲੋਕ ਕੁਦਰਤੀ ਆਫ਼ਤਾਂ ਦਾ ਖੁਦ ਮੁਕਾਬਲਾ ਕਰਦੇ ਹਨ ਤੇ ਸਰਕਾਰਾਂ ਨੂੰ ਕੋਸਦੇ ਤਾਂ ਹਨ ਪ੍ਰੰਤੂ ਬਹੁਤੀ ਆਸ ਨਹੀਂ ਰੱਖਦੇ। ਹੜ੍ਹਾਂ ਤੋਂ ਪ੍ਰਭਾਵਤ ਲੋਕ ਖੁਦ ਵੀ ਬਹੁਤੇ ਪ੍ਰਭਾਵਤ ਲੋਕਾਂ ਨੂੰ ਲੰਗਰ ਵੰਡਦੇ ਫਿਰਦੇ ਰਹਿੰਦੇ ਹਨ। ਇਹੋ ਸੋਚ ਪੰਜਾਬੀਆਂ ਦੀ ਖਾਸੀਅਤ ਦਾ ਵਰਣਨ ਕਰਦੀ ਹੈ। ਕਰੋਨਾ ਵਿੱਚ ਵੀ ਮਦਦਗਾਰ ਸਾਬਤ ਹੋਏ ਹਨ। ਸਿਆਸੀ ਲੋਕ ਤੇ ਫੁਕਰੇ ਲੋਕ ਵੀਡੀਓਜ਼ ਬਣਾਕੇ ਬਿਨਾਂ ਕੋਈ ਮਦਦ ਕੀਤੇ ਸ਼ਾਹਵਾ ਵਾਹਵਾ ਖੱਟਦੇ ਹਨ। ‘ਮਾਂ ਦਾ ਢਿੱਡ’ ਲੇਖ ਵਿੱਚ ਦਰਸਾਇਆ ਹੈ ਕਿ ਮਾਂ ਆਪਣੇ ਪੁੱਤਰਾਂ ਦੀ ਹਮੇਸ਼ਾ ਤਰਫਦਾਰੀ ਕਰਦੀ ਹੈ ਪ੍ਰੰਤੂ ਪਿਤਾ ਪੁੱਤਰਾਂ ਦੇ ਸੁਨਹਿਰੇ ਭਵਿਖ ਲਈ ਸਖ਼ਤੀ ਨਾਲ ਵਰਤਦਾ ਹੈ। ਭਵਿਖ ਵਿੱਚ ਕਮਲਜੀਤ ਸਿੰਘ ਬਨਵੈਤ ਤੋਂ ਹੋਰ ਬਿਹਤਰੀਨ ਪੁਸਤਕਾਂ ਦੀ ਉਮੀਦ ਕੀਤੀ ਜਾ ਸਕਦੀ ਹੈ। 100 ਪੰਨਿਆਂ, 220 ਰੁਪਏ ਕੀਮਤ, ਦਿਲਕਸ਼ ਮੁੱਖ ਕਵਰ ਅਤੇ ਵਿਲੱਖਣ ਸਿਰਲੇਖ ਵਾਲੀ ਇਹ ਪੁਸਤਕ ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤੀ ਹੈ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |