28 April 2024

ਅਦੀਬ ਸਮੁੰਦਰੋਂ ਪਾਰ ਦੇ : ਅਣਕਹੇ ਨੂੰ ਕਹਿਣ ਵਾਲਾ ਸ਼ਾਇਰ ਰਾਜਿੰਦਰਜੀਤ—ਹਰਮੀਤ ਸਿੰਘ ਅਟਵਾਲ

 

ਹਰਮੀਤ ਸਿੰਘ ਅਟਵਾਲਉੱਘੇ ਸਾਹਿਤਕਾਰ, ਆਲੋਚਕ ਅਤੇ ‘ਪੰਜਾਬੀ ਸਾਹਿਤ ਸਭਾ (ਰਜਿ:) ਜਲੰਧਰ ਛਾਉਣੀ’ ਦੇ ਪ੍ਰਧਾਨ ਸ. ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ ‘ਅਦੀਬ ਸਮੁੰਦਰੋਂ ਪਾਰ ਦੇ’ ਦੀ (18  ਸਤੰਬਰ 2022 ਨੂੰ) 85ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਅਣਕਹੇ ਨੂੰ ਕਹਿਣ ਵਾਲਾ ਸ਼ਾਇਰ ਰਾਜਿੰਦਰਜੀਤ‘ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਰਾਜਿੰਦਰਜੀਤ‘ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ਨਿਰਪੱਖ ਆਲੋਚਕ ਸ. ਹਰਮੀਤ ਸਿੰਘ ਅਟਵਾਲ ਜੀ ਅਤੇ ‘ਰਾਜਿੰਦਰਜੀਤ’ ਨੂੰ ਹਾਰਦਿਕ ਵਧਾਈ ਹੋਵੇ।  ਇਹ ਰਚਨਾ ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਆਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰ
**

ਅਦੀਬ ਸਮੁੰਦਰੋਂ ਪਾਰ ਦੇ:
ਅਣਕਹੇ ਨੂੰ ਕਹਿਣ ਵਾਲਾ ਸ਼ਾਇਰ ਰਾਜਿੰਦਰਜੀਤ
-ਹਰਮੀਤ ਸਿੰਘ ਅਟਵਾਲ-

ਵਲੈਤ (ਵਲਾਇਤ) ਦੇ ਸ਼ਹਿਰ ਵਾਲਸਾਲ ਵਿਚ ਵਸਦੇ ਪੰਜਾਬੀ ਸ਼ਾਇਰ ਰਾਜਿੰਦਰਜੀਤ ਨੂੰ ਅਣਕਹੇ ਨੂੰ ਕਹਿਣਾ ਬਾਖ਼ੂਬੀ ਆਉਦਾ ਹੈ। ਉਂਝ ਤਾਂ ਕਹੇ ਨੂੰ ਆਪਣੇ ਨਵੇਂ ਤੇ ਨਿਵੇਕਲੇ ਅੰਦਾਜ਼ ਵਿਚ ਮੁੜ ਕਹਿ ਦੇਣਾ ਵੀ ਕਮਾਲ ਦਾ ਕਲਾਤਮਕ ਕਰਮ ਹੁੰਦਾ ਹੈ ਪਰ ਅਣਕਹੇ ਨੂੰ ਕਹਿਣ ਵਾਲਾ ਅਦੀਬ ਤਾਂ ਅਸਲੋਂ ਅਹਿਮ ਹੁੰਦਾ ਹੈ। ਇਹ ਅਹਿਮੀਅਤ ਹੀ ਅਸਲ ਵਿਚ ਉਸ ਨੂੰ ਦੂਜਿਆਂ ਨਾਲੋਂ ਇਕ ਅੰਤਰ ਬਖ਼ਸ਼ਦੀ ਹੈ। ਇਹ ਅੰਤਰ ਹੀ ਉਸ ਦੇ ਕਲਾਮ ਦੀ ਕਾਮਯਾਬੀ ਦੀਆਂ ਸਿਖ਼ਰਾਂ ਨਾਲ ਸਾਂਝ ਪੁਆਉਦਾ ਹੈ ਤੇ ਪਾਠਕਾਂ/ਸਰੋਤਿਆਂ ਦੇ ਦਿਲਾਂ ਵਿਚ ਉਸ ਦੀ ਚਿਰਸਥਾਈ ਥਾਂ ਬਣਾਉਦਾ ਹੈ। ਉਸ ਦੀ ਤਰਕੀਮ ਕਰਵਾਉਂਦਾ ਹੈ ਤੇ ਸਰਬਲੰਦੀ ਦਾ ਸੁੱਖ ਦਿੰਦਾ ਹੈ। ਦਰਅਸਲ ਇਹ ਸਭ ਕੁਝ ਰਚਨਾ ਦੀ ਪਕਿਆਈ, ਮਜ਼ਬੂਤੀ ਜਾਂ ਉਸਤਵਾਰੀ ਸਦਕਾ ਹੀ ਸੰਭਵ ਹੁੰਦਾ ਹੈ। ਰਾਜਿੰਦਰਜੀਤ ਦੀ ਸ਼ਾਇਰੀ ਨੂੰ ਇਹ ਸੁਭਾਗ ਇਕ ਲੰਬੇ ਅਰਸੇ ਤੋਂ ਪ੍ਰਾਪਤ ਹੈ।

ਰਾਜਿੰਦਰਜੀਤ ਦੇ ਗ਼ਜ਼ਲ ਸੰਗ੍ਰਹਿ ‘ਸਾਵੇ ਅਕਸ’ ਨੂੰ ਪੜ੍ਹਦਿਆਂ ਉਪਰੋਕਤ ਵਿਚਾਰਾਂ ਦੀ ਪੁਸ਼ਟੀ ਹੋਰ ਵੀ ਪੱਕੇ ਰੂਪ ’ਚ ਹੋ ਜਾਂਦੀ ਹੈ ਜਦ ਸਾਡੇ ਸਮਿਆਂ ਦਾ ਸਮਰੱਥ ਸ਼ਾਇਰ ਸੁਰਜੀਤ ਪਾਤਰ ਆਖਦਾ ਹੈ ਕਿ :-

ਜਦੋਂ ਕੋਈ ਰਾਜਿੰਦਰਜੀਤ ਵਰਗਾ ਗ਼ਜ਼ਲਕਾਰ ਨਜ਼ਰੀਂ ਪੈਂਦਾ ਹੈ ਤਾਂ ਗ਼ਜ਼ਲ ਦੀ ਸਿਨਫ਼ ’ਤੇ ਇਕ ਵਾਰ ਫਿਰ ਪਿਆਰ ਆ ਜਾਂਦਾ ਹੈ। ਰਾਜਿੰਦਰਜੀਤ ਨੇ ਆਪਣੀਆਂ ਗ਼ਜ਼ਲਾਂ ਵਿਚ ਅਣਕਹੇ ਨੂੰ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਉਸ ਵਿਚ ਜਜ਼ਬੇ ਦੀ ਸ਼ਿੱਦਤ ਵੀ ਹੈ, ਸੋਚ ਦੀ ਬਾਰੀਕੀ ਵੀ ਹੈ, ਕਲਪਨਾ ਦੀ ਪਰਵਾਜ਼ ਵੀ ਹੈ ਤੇ ਭਾਸ਼ਾ ਦੀ ਸਮਰੱਥਾ ਵੀ ਹੈ। ਉਸ ਦੀ ਸ਼ਿਲਪ ਉਸ ਦੀ ਸ਼ਿੱਦਤ ਨੂੰ ਬੇਮੁਹਾਰੀ ਨਹੀਂ ਹੋਣ ਦੇਂਦੀ ਤੇ ਉਸ ਦੀ ਸ਼ਿੱਦਤ ਉਸ ਦੀ ਸ਼ਿਲਪ ਵਿਚ ਜਾਨ ਪਾ ਦੇਂਦੀ ਹੈ।

ਰਾਜਿੰਦਰਜੀਤ ਦਾ ਜਨਮ 1972 ਵਿਚ ਪਿਤਾ ਗੁਰਨੈਬ ਸਿੰਘ ਤੇ ਮਾਤਾ ਕੁਲਵਰਨ ਕੌਰ ਦੇ ਘਰ ਫ਼ਿਰੋਜ਼ਪੁਰ ਵਿਖੇ ਹੋਇਆ। ਐੱਮ.ਏ. ਕਰਦਿਆਂ ਹੀ ਉਸ ਦਾ ਇੰਗਲੈਂਡ ਜਾਣ ਦਾ ਵਸੀਲਾ ਬਣ ਗਿਆ। ਫਰਵਰੀ 2006 ਵਿਚ ਉਹ ਆਪਣੀ ਪਤਨੀ ਪਰਮਿੰਦਰ ਤੇ ਬੇਟੀ ਜਸਮੀਨ ਨਾਲ ਇੰਗਲੈਂਡ ਜਾ ਵਸਿਆ। ਸਾਹਿਤ ਸਿਰਜਣਾ ਵੱਲ ਹੋਏ ਆਪਣੇ ਝੁਕਾਅ ਬਾਰੇ ਰਾਜਿੰਦਰਜੀਤ ਦਾ ਆਖਣਾ ਹੈ ਕਿ :-

ਪਿਤਾ ਜੀ ਨੂੰ ਅਖ਼ਬਾਰ ਰਸਾਲੇ ਪੜ੍ਹਨ ਦਾ ਸ਼ੌਕ ਸੀ। ‘ਨਾਗਮਣੀ’, ‘ਪ੍ਰੀਤਲੜੀ’ ਸਮੇਤ 8-9 ਵੱਖ-ਵੱਖ ਰਸਾਲੇ ਘਰ ਆਉਦੇ ਤੇ ਮੈਂ ਵੀ ਉਨ੍ਹਾਂ ਨੂੰ ਨੇਮ ਨਾਲ ਪੜ੍ਹਦਾ। ਸ਼ਾਇਰੀ ਵਾਲਾ ਹਿੱਸਾ ਪੜ੍ਹਨਾ ਮੈਨੂੰ ਹੋਰ ਵੀ ਚੰਗਾ ਲਗਦਾ ਸੀ। ਮੈਂ 10 ਕੁ ਸਾਲ ਦੀ ਉਮਰ ’ਚ ਕੁਝ ਕਵਿਤਾਵਾਂ ਲਿਖੀਆਂ ਪਰ ਕਿਸੇ ਨੂੰ ਦਿਖਾਈਆਂ ਨਾ। ਬਾਅਦ ਵਿਚ ਵੱਖ-ਵੱਖ ਸ਼ਾਇਰਾਂ ਦੀ ਗ਼ਜ਼ਲ ਪੜ੍ਹਨ ਨੂੰ ਮਿਲੀ। ਗ਼ਜ਼ਲ ਦੀ ਸ਼ਕਤੀ ਦਾ ਅਹਿਸਾਸ ਹੋਇਆ। ਦੋ ਸਤਰਾਂ ’ਚ ਵੱਡੀ ਗੱਲ ਕਹਿਣ ਦਾ ਹੁਨਰ ਬਹੁਤ ਚੰਗਾ ਲੱਗਾ। 1993 ਦੇ ਆਸ ਪਾਸ ਸਾਹਿਤ ਸਭਾ ਕੋਟਕਪੂਰਾ ਵਿਚ ਸ਼ਾਮਲ ਹੋਣ ਤੋਂ ਬਾਅਦ ਸਾਹਿਤ ਬਾਰੇ ਸਮਝ ਵਧੀ। ਪ੍ਰਿੰ: ਹਰੀ ਸਿੰਘ ਮੋਹੀ ਨੇ ਗ਼ਜ਼ਲ ਦੀ ਗਰਾਮਰ ਬਾਰੇ ਮੁੱਢਲੀ ਜਾਣਕਾਰੀ ਦਿੱਤੀ। ਸੁਰਜੀਤ ਪਾਤਰ ਨੂੰ ਪੜ੍ਹਿਆ ਤਾਂ ਗ਼ਜ਼ਲ ਦੀ ਅਸਲ ਸ਼ਕਤੀ ਦਾ ਅਹਿਸਾਸ ਹੋਇਆ ਤੇ ਮੇਰਾ ਗ਼ਜ਼ਲ ਲਿਖਣ ਦਾ ਅਭਿਆਸ ਸ਼ੁਰੂ ਹੋਇਆ।’

ਰਾਜਿੰਦਰਜੀਤ ਦਾ ਗ਼ਜ਼ਲਾਂ ਦਾ ਦੀਬਾਨ ‘ਸਾਵੇ ਅਕਸ’ ਉਸ ਦੀ ਯਥਾਰਥਮਈ ਤੇ ਲੋਕਪੱਖੀ ਸੋਚ ਦੀ ਪੁਸ਼ਟੀ ਕਰਦਾ ਹੈ। ਸਵਰਨ ਚੰਦਨ ਮੁਤਾਬਕ ਉਹ ਨਵੇਂ ਅਰਥਾਂ ਦੀ ਸਿਰਜਣਾ ਕਰਦਾ ਹੈ। ‘ਅਗਰਬੱਤੀ’ ਵਾਲੇ ਜਸਵਿੰਦਰ ਮੁਤਾਬਕ ਤਾਂ ਰਾਜਿੰਦਰਜੀਤ ਆਪਣੇ ਤੀਜੇ ਨੇਤਰ ਨਾਲ ਹਰ ਵਰਤਾਰੇ ਦੀਆਂ ਅਣਦਿਸਦੀਆਂ ਪਰਤਾਂ ਮਹਿਸੂਸ ਕਰ ਕੇ ਕਮਾਲ ਨਾਲ ਸ਼ਿਅਰਾਂ ਵਿਚ ਢਾਲ ਦਿੰਦਾ ਹੈ। ਉਸ ਦੀ ਸੰਵੇਦਨਾ ਵਿਚ ਦਰਦ ਅਤੇ ਬੇਵੱਸੀ ਦੀ ਇੰਤਹਾ ਹੈ। ਪਰ ਰੁਦਨ ਨਹੀਂ।
56 ਗ਼ਜ਼ਲਾਂ ਵਾਲੀ ਇਸ ਪੁਸਤਕ ਦੀ ਇਹ ਲੈਆਤਮਕ ‘ਆਦਿਕਾ’ ਹੀ ਸ਼ਾਇਰ ਦੀ ਕਲਮ ਦੀ ਪੁਖਤਗੀ ਦਾ ਪ੍ਰਮਾਣ ਦੇ ਜਾਂਦੀ ਹੈ:-

ਸਹਿਜ ਹੋ ਜਾਓ, ਸੁਣੋ, ਏਨਾ ਨਾ ਘਬਰਾਓ ਤੁਸੀਂ
ਆਪਣੀ ਸੰਜੀਦਗੀ ਨੂੰ ਸਾਣ ’ਤੇ ਲਾਓ ਤੁਸੀਂ।
———-
ਮੇਰਿਓ ਸ਼ਬਦੋ! ਤੁਹਾਡਾ ਮੰਨਿਆ ਵਕਤਾ ਹਾਂ ਮੈਂ
ਮੈਥੋਂ ਪਰ ਸਿਆਣੇ, ਬੋਲਣੋ ਝਕਦਾ ਹਾਂ ਮੈਂ।
——————-
ਕੀ ਕਹਾਂ ਪਰਵਾਨਿਆਂ ਨੂੰ ਪੀੜ ਦੀ ਪੈਂਤੀ ਪੜ੍ਹੋ?
ਕੀ ਕਹਾਂ ਫੁੱਲਾਂ ਨੂੰ-ਜਾ ਕੇ ਮਹਿਕ ਦੀ ਮੰਡੀ ਵੜੋ?

ਕੀ ਕਹਾਂ ਮੈਂ ਦਾਨਿਆਂ ਨੂੰ- ਅਰਸ਼ ’ਤੇ ਤਾਰੇ ਜੜੋ?
ਕੀ ਕਹਾਂ ਬਾਜਾਂ ਨੂੰ-ਜਾ ਕੇ ਪੌਣ ਦੇ ਮੋਢੇ ਚੜ੍ਹੋ?

ਕੀ ਕਹਾਂ ਰੁੱਖਾਂ ਨੂੰ-ਛਾਵਾਂ ਦੇਣ ਲਈ ਧੁੱਪੇ ਖੜ੍ਹੋ?
ਕੀ ਕਹਾਂ ਦੀਵਾਨਿਆਂ ਨੂੰ -ਇਸ਼ਕ ਦਾ ਕਲਮਾ ਪੜ੍ਹੋ?

ਕੀ ਕਹਾਂ ਰਾਹੀਆਂ ਨੂੰ-ਮੰਜ਼ਿਲ ਦਾ ਸਹੀ ਰਸਤਾ ਫੜੋ?
——————-
ਜੀਹਦੇ ਜੋ ਜ਼ਿੰਮੇ ਹੈ ਆਪੇ ਹੀ ਕਰੇਗਾ ਓਸਨੂੰ,
ਚੀਜ਼ ਜੋ ਜਿੱਥੋਂ ਦੀ ਹੈ, ਓਥੇ ਧਰੇਗਾ ਓਸ ਨੂੰ।

ਆਪ ਹੀ ਵੇਖੇਗਾ, ਜਿੱਥੇ ਜੋ ਵੀ ਜੀਹਦਾ ਫ਼ਰਜ਼ ਹੈ
ਤਾਰ ਕੇ ਛੁੱਟੇਗਾ, ਕਿੱਥੇ ਕੀ ਕਿਸੇ ’ਤੇ ਕਰਜ਼ ਹੈ।

ਫੇਰ ਵੀ ਬੇਚੈਨ ਹੈ ਜੇ, ਗੱਲ ਤਾਂ ਕੁਝ ਹੈ ਜ਼ਰੂਰ
ਜੇ ਕਿਤੇ ਬਦਰੰਗ ਹੈ ਕੁਝ, ਓਸ ਵਿਚ ਸਭ ਦਾ ਕਸੂਰ

ਇਸ ਤਰ੍ਹਾਂ ਜੇ ਹੈ ਤਾਂ, ਜੋ ਬਣਦਾ ਹੈ ਉਹ ਕਹਿਣਾ ਤੁਸੀਂ
ਮੇਰਿਓ ਸ਼ਬਦੋ! ਕਦੇ ਵੀ ਸਹਿਜ ਨਾ ਰਹਿਣਾ ਤੁਸੀਂ

ਪੁਸਤਕ ਦੀ ‘ਅੰਤਿਕਾ’ ਵਿਚ ਸ਼ਾਇਰ ਆਸ਼ਾਵਾਦੀ ਹੁੰਦਿਆਂ ਸੁਪਨਿਆਂ ਦੇ ਮੌਲਣ ਦੀ ਹਾਮੀ ਇਉ ਭਰਦਾ ਹੈ:-

ਲੋਚੀਏ ਸਾਨੂੰ ਵੀ ਆਵੇ ਲਰਜ਼ਦਾ ਸੁਪਨਾ ਕੋਈ
ਦੁੱਧ, ਮਿੱਟੀ, ਪਾਣੀਆਂ ਦੇ ਕਰਜ਼ ਦਾ ਸੁਪਨਾ ਕੋਈ
ਧੜਕਦੇ ਪੱਤਿਆਂ ’ਚੋਂ ਨਿਕਲੀ ਤਰਜ਼ ਦਾ ਸੁਪਨਾ ਕੋਈ
ਸਭ ਤਰ੍ਹਾਂ ਦੇ ਪਾਣੀਆਂ ਦਾ ਖੌਲਣਾ ਹੈ ਲਾਜ਼ਮੀ
ਏਸ ਰੁੱਤੇ ਸੁਪਨਿਆਂ ਦਾ ਮੌਲਣਾ ਹੈ ਲਾਜ਼ਮੀ!

ਗ਼ਜ਼ਲ ਦੇ ਫਾਇਲਾਤੁਨ ਦਾ ਰਾਜਿੰਦਰਜੀਤ ਨੂੰ ਤਕਨੀਕੀ ਗਿਆਨ ਹੈ। ਤਾਸੀਸ, ਬਸੰਤ, ਤਲੱਫੁੱਜ਼, ਮੁਕਤਜ਼ਬ, ਤਵੀਲ, ਮਦੀਦ, ਮੁਹਾਸਨ, ਤਖੱਈਅਲ, ਈਜਾਜ਼, ਮੁਹਾਕਾਤ ਅਰਥਾਤ ਮੁਆਮਲਾਬੰਦੀ, ਮੁਸਾਵਾਤ, ਮਕੱਦਰ, ਮਾਅਕੂਸ, ਇਸ਼ਤਕਾਕ ਆਦਿ ਗ਼ਜ਼ਲ/ਸ਼ਿਅਰ ਸਿਰਜਣਾ ਦੇ ਸਾਰੇ ਨੁਕਤਿਆਂ ਦੀ ਰਾਜਿੰਦਰਜੀਤ ਨੂੰ ਖਾਸੀ ਸਮਝ ਹੈ। ਰਾਜਿੰਦਰਜੀਤ ਨਾਲ ਸਮੇਂ-ਸਮੇਂ ਹੋਏ ਵਿਚਾਰ ਵਿਮਰਸ਼ ’ਚੋਂ ਉਸ ਵਲੋਂ ਕੁਝ ਅੰਸ਼ ਵੀ ਇਥੇ ਸਾਂਝੇ ਕੀਤੇ ਜਾਂਦੇ ਹਨ:-

  • ਬਰਤਾਨੀਆ ਵਿਚ ਲੰਬੇ ਸਮੇਂ ਤੋਂ ਨਵਾਂ ਆਵਾਸ ਇਕ ਤਰ੍ਹਾਂ ਨਾਲ ਬੰਦ ਹੀ ਸੀ। ਨਵੀਂ ਪੀੜ੍ਹੀ ਦਾ ਏਥੇ ਆਉਣਾ ਰੁਕਿਆ ਹੋਇਆ ਹੋਣ ਕਰਕੇ ਪੰਜਾਬੀ ਸਾਹਿਤ ਦੇ ਭਵਿੱਖ ’ਤੇ ਸਵਾਲੀਆ ਨਿਸ਼ਾਨ ਲੱਗਿਆ ਹੋਇਆ ਸੀ। ਹੁਣ ਵਿਦਿਆਰਥੀਆਂ ਦੇ ਉੱਥੇ ਜਾਣ ਨਾਲ ਕੁਝ ਆਸ ਬੱਝੀ ਹੈ ਪਰ ਇਹ ਏਸ ਗੱਲ ’ਤੇ ਮੁਨੱਸਰ ਕਰਦਾ ਹੈ ਕਿ ਕੌਣ ਨਵਾਂ ਆਵਾਸੀ ਸਾਹਿਤ ਸਿਰਜਣਾ ਦੇ ਨੇੜੇ ਹੈ।
  • ਉਸਤਾਦੀ-ਸ਼ਾਗਿਰਦੀ ਦੀ ਪਰੰਪਰਾ ਕੇਵਲ ਗ਼ਜ਼ਲ ਰੂਪ ਨੂੰ ਲੈ ਕੇ ਕੰਮ ਕਰ ਸਕਦੀ ਹੈ। ਉਸਤਾਦ ਕਿਸੇ ਨੂੰ ਸ਼ਾਇਰ ਨਹੀਂ ਬਣਾ ਸਕਦਾ। ਜੇ ਕਿਸੇ ਨੂੰ ਗ਼ਜ਼ਲ ਦੀ ਵਿਆਕਰਣ ਸਮਝ ਹੀ ਨਹੀਂ ਆਉਦੀ ਤਾਂ ਉਸਨੂੰ ਕੋਈ ਉਸਤਾਦ ਧਾਰ ਲੈਣਾ ਚਾਹੀਦਾ ਹੈ। ਕਈ ਲੋਕ ਸਾਰੀ ਉਮਰ ਉਸਤਾਦਾਂ ਦੇ ਮਗਰ ਫਿਰਦੇ ਹਨ, ਇਸਦਾ ਮਤਲਬ ਗ਼ਜ਼ਲ ਦਾ ਰਿਦਮ ਉਨ੍ਹਾਂ ਨੂੰ ਸਮਝ ਨਹੀਂ ਆ ਸਕਦਾ। ਜਾਂ ਇਉ ਕਹੋ ਕਿ ਉਹ ਸਾਰੀ ਉਮਰ ਪਹਿਲੀ ਜਮਾਤ ਵਿਚ ਹੀ ਪੜ੍ਹਦੇ ਰਹਿੰਦੇ ਹਨ।
  • ਮੇਰੇ ਸ਼ੌਕ ਸਾਹਿਤ ਪੜ੍ਹਨ ਤੋਂ ਬਿਨਾਂ ਸੁਚੱਜੀ ਕਿਸਮ ਦਾ ਸੰਗੀਤ ਸੁਣਨਾ, ਪੈਦਲ ਤੁਰਨਾ ਤੇ ਆਪਣੀ ਸੰਗਤ ਮਾਣਨਾ ਹੈ।
  • ਪੰਜਾਬੀ ਸਾਹਿਤ ਸਭਾਵਾਂ ਆਪੋ ਆਪਣੇ ਵਿੱਤ ਮੁਤਾਬਕ ਸਰਗਰਮੀ ਕਰਦੀਆਂ ਰਹਿੰਦੀਆਂ ਹਨ। ਇਨ੍ਹਾਂ ’ਚੋਂ ਬਹੁਤੀਆਂ ਸਭਾਵਾਂ ਕੇਵਲ ਸਾਲਾਨਾ ਸਮਾਗਮਾਂ ਤਕ ਸੀਮਤ ਹਨ।
  • ਪੰਜਾਬੀ ਅਤੇ ਪੰਜਾਬੀ ਸਾਹਿਤ ਦੀ ਨਿਗਰਤਾ ਲਈ ਬਰਤਾਨਵੀ ਅਦੀਬਾਂ ਨੂੰ ਨਵੇਂ ਮੌਕੇ ਪੈਦਾ ਕਰਨੇ ਪੈਣਗੇ। ਆਪੋ ਆਪਣੀ ਨਿੱਜੀ ਪ੍ਰਸਿੱਧੀ ਨਾਲੋਂ ਸਭ ਨੂੰ ਨਾਲ ਲੈ ਕੇ ਤੁਰਨਾ ਜ਼ਰੂਰੀ ਹੈ।
  • ਨਵੇਂ ਲੇਖਕਾਂ ਨੂੰ ਇਕਦਮ ਛਾ ਜਾਣ ਦੀ ਪ੍ਰਵਿਰਤੀ ਨੂੰ ਛੱਡ ਕੇ ਆਪੋ ਆਪਣੀ ਵਿਧਾ ਵਿਚ ਮਿਹਨਤ ਕਰਨੀ ਚਾਹੀਦੀ ਹੈ।

ਨਿਰਸੰਦੇਹ ਅਣਕਹੇ ਨੂੰ ਕਹਿਣ ਵਾਲੇ ਸ਼ਾਇਰ ਰਾਜਿੰਦਰਜੀਤ ਦੇ ਸਾਹਿਤਕ ਬੋਲ ਸੱਚ ਹਨ। ਉਸ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜਿਵੇਂ ਵਿਹਾਰਕ ਸਮੀਖਿਆ ਨਾਲ ਹੀ ਮਾਂਗਵੀਂ ਸਿਧਾਂਤਕਾਰੀ ਤੋਂ ਖਹਿੜਾ ਛੁੱਟਦਾ ਹੈ ਉਵੇਂ ਜ਼ਿੰਦਗੀ ਦਾ ਵਿਹਾਰਕ ਪੱਖ ਹੀ ਹਵਾਈ ਕਿਲਿਆਂ ਨਾਲ ਟਕਰਾਉਣ ਤੋਂ ਬੰਦੇ ਨੂੰ ਬਚਾਅ ਸਕਦਾ ਹੈ। ਉਹ ਸੋਚੀਆਂ-ਸਮਝੀਆਂ ਤੇ ਸਾਧੀਆਂ-ਪ੍ਰਬੋਧੀਆਂ ਗੱਲਾਂ ਵਿਚ ਹੀ ਵਿਸ਼ਵਾਸ ਰੱਖਦਾ ਹੈ। ਵਿਧੀ ਤੇ ਵਿਚਾਰਧਾਰਾ ਵਿਚਲੀ ਸਾਂਝ ਦਾ ਵੀ ਉਹ ਕਾਇਲ ਹੈ। ਭ੍ਰਾਂਤੀ ਤੋਂ ਅਨੁਭਵ ਤਕ ਦੀ ਸਹੀ ਯਾਤਰਾ ਕਰਨੀ ਵੀ ਉਸ ਨੂੰ ਆਉਦੀ ਹੈ। ਉਸ ਦੇ ਇਨ੍ਹਾਂ ਸ਼ਿਅਰਾਂ ਨਾਲ ਹੀ ਇਜਾਜ਼ਤ ਲਈ ਜਾਂਦੀ ਹੈ:-

ਮੇਰਾ ਮਨ ਹੁਣ ਬੇ ਆਬਾਦ ਸਰਾਂ ਲਗਦਾ ਹੈ
ਇਸ ਕਾਰੇ ਵਿਚ ਤੇਰਾ ਹੀ ਤਾਂ ਨਾਂ ਲਗਦਾ ਹੈ

ਤੂੰ ਸੱਚ ਜਾਣੀ ਕਾਲ਼ਾ ਨਹੀਂ ਹੈ ਮੇਰਾ ਅੰਦਰ
ਤੇਰੇ ਮਨ ਵਿਚ ਚੋਰ ਹੈ, ਤੈਨੂੰ ਤਾਂ ਲਗਦਾ ਹੈ

ਪੀੜਾਂ-ਦੁੱਖ ਵੇਖਾਂ ਤਾਂ ਆਪਣਾ ਅੰਗ ਅੰਗ ਮੈਨੂੰ
ਇਨ੍ਹਾਂ ਦੇ ਖੇਡਣ-ਮੱਲ੍ਹਣ ਦੀ ਥਾਂ ਲਗਦਾ ਹੈ

ਸਬਰ ਦਾ ਪੱਕਾ ਘੜਾ ਨਾ ਹੋਵੇ ਜਿਸਦੇ ਕੋਲੇ
ਉਸ ਬੰਦੇ ਨੂੰ ਅੱਖ ਦਾ ਨੀਰ ਝਨਾਂ ਲਗਦਾ ਹੈ
***
881
***

About the author

ਹਰਮੀਤ ਸਿੰਘ ਅਟਵਾਲ
ਹਰਮੀਤ ਸਿੰਘ ਅਟਵਾਲ
+9815505287 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ