13 June 2024

ਬਾਜ ਸਿੰਘ ਮਹਿਲੀਆ ਦਾ ਮਿੰਨੀ ਕਹਾਣੀ ਸੰਗ੍ਰਹਿ ‘ਰੰਗਲੇ ਸੱਜਣ’ ਸਮਾਜਿਕਤਾ ਦਾ ਪ੍ਰਤੀਕ—ਉਜਾਗਰ ਸਿੰਘ

ਬਾਜ ਸਿੰਘ ਮਹਿਲੀਆ ਸਰਬੰਗੀ ਲੇਖਕ ਹੈ। ਉਹ ਬਾਲ ਸਾਹਿਤ, ਮਿੰਨੀ ਕਹਾਣੀਆਂ ਅਤੇ ਗੀਤ ਲਿਖਦਾ ਹੈ। ਪਰੰਤੂ ਮੁੱਢਲੇ ਤੌਰ ‘ਤੇ ਉਹ ਬਾਲ ਸਾਹਿਤਕਾਰ ਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਉਸ ਦੀਆਂ ਬਾਲ ਸਾਹਿਤ ਦੀਆਂ 4 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਹ ਪਿਛਲੇ 27 ਸਾਲਾਂ ਤੋਂ ਸਾਹਿਤ ਦੇ ਇਨ੍ਹਾਂ ਤਿੰਨਾ ਰੂਪਾਂ ‘ਤੇ ਆਪਣਾ ਹੱਥ ਅਜ਼ਮਾ ਰਿਹਾ ਹੈ। ਉਸ ਦਾ ਮਿੰਨੀ ਕਹਾਣੀ ਸੰਗ੍ਰਹਿ ‘ਰੰਗਲੇ ਸੱਜਣ’ ਬਹੁੱਪੱਖੀ ਤੇ ਬਹੁਪਰਤੀ ਕਹਾਣੀਆਂ ਦਾ ਪੁਲੰਦਾ ਹੈ।

ਸਮਾਜਿਕ ਤਾਣੇ ਬਾਣੇ ਵਿੱਚ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਅਤੇ ਚਲੰਤ ਮਸਲਿਆਂ ਨੂੰ ਉਸ ਨੇ ਆਪਣੀਆਂ ਕਹਾਣੀਆਂ ਦੇ ਵਿਸ਼ੇ ਬਣਾਇਆ ਹੈ। ਉਸ ਦਾ ਕਹਾਣੀ ਸੰਗ੍ਰਹਿ ਪੜ੍ਹ ਕੇ ਇਉਂ ਮਹਿਸੂਸ ਹੁੰਦਾ ਹੈ ਕਿ ਉਸ ਨੇ ਇਹ ਮਿੰਨੀ ਕਹਾਣੀਆਂ ਆਪਣੀ ਜ਼ਿੰਦਗੀ ਦੇ ਲੰਬੇ ਤਜ਼ਰਬੇ ਤੋਂ ਬਾਅਦ ਲਿਖੀਆਂ ਹਨ। ਸਮਾਜ ਵਿੱਚ ਵਿਚਰਦਿਆਂ ਇਨਸਾਨ ਨੂੰ ਬਹੁਤ ਸਾਰੀਆਂ ਕੁਰੀਤੀਆਂ ਨੂੰ ਵੇਖਣ ਦਾ ਮੌਕਾ ਮਿਲਦਾ ਰਹਿੰਦਾ ਹੈ। ਉਹ ਕੁਰੀਤੀਆਂ ਜਦੋਂ ਸਾਹਿਤਕਾਰ ਦੇ ਮਨਾਂ ਨੂੰ ਕੁਰੇਦਦੀਆਂ ਹਨ ਤਾਂ ਉਹ ਆਪਣੇ ਪ੍ਰਭਾਵਾਂ ਬਾਰੇ ਜ਼ਰੂਰ ਕਲਮ ਅਜਮਾਉਂਦੇ ਹਨ। ਬਾਜ ਸਿੰਘ ਮਹਿਲੀਆ ਨੇ ਵੀ ਇਸੇ ਤਰ੍ਹਾਂ ਕੀਤਾ ਹੈ। ਉਸ ਦੀਆਂ ਕਹਾਣੀਆਂ ਸਮਾਜ ਦੀ ਅੰਦਰਲੀ ਕਸਮਕਸ਼ ਦੀ ਤਸਵੀਰ ਪੇਸ਼ ਕਰਦੀਆਂ ਹਨ। ਬਹੁਤੀਆਂ ਕਹਾਣੀਆਂ ਨਿੱਜੀ ਦ੍ਰਿਸ਼ਟੀਕੋਣ ਵਾਲੀਆਂ ਲਗਦੀਆਂ ਹਨ। ਕਈ ਕਹਾਣੀਆਂ ਪਿੰਡਾਂ ਦੇ ਜੀਵਨ ਦੇ ਵਰਤਾਰੇ ਨਾਲ ਸੰਬੰਧਤ ਹਨ। ਕੁਝ ਕਿਸਾਨੀ ਨਾਲ ਸੰਬੰਧਤ ਹਨ। ਇਨ੍ਹਾਂ ਕਹਾਣੀਆਂ ਦੇ ਵਿਸ਼ੇ ਵੰਨ-ਸਵੰਨੇ ਹਨ। ਸਮਾਜ ਦੇ ਵਰਤਾਰੇ ਦੇ ਕਿਸੇ ਪੱਖ ਨੂੰ ਉਸ ਨੇ ਆਪਣੀਆਂ ਮਿੰਨੀ ਕਹਾਣੀਆਂ ਵਿੱਚ ਅਣਗੌਲਿਆਂ ਨਹੀਂ ਕੀਤਾ। ਭਾਵ ਉਸ ਦੀਆਂ ਕਹਾਣੀਆਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ।

ਇਸ ਕਹਾਣੀ ਸੰਗ੍ਰਹਿ ਵਿੱਚ 70 ਮਿੰਨੀ ਕਹਾਣੀਆਂ ਹਨ। ਸਾਰੀਆਂ ਕਹਾਣੀਆਂ ਬਾਰੇ ਤਾਂ ਇਕ ਲੇਖ ਵਿਚ ਪੜਚੋਲ ਨਹੀਂ ਕੀਤੀ ਜਾ ਸਕਦੀ। ਪਰੰਤੂ ਕੁਝ ਕੁ ਕਹਾਣੀਆਂ ਬਾਰੇ ਜ਼ਿਕਰ ਕਰਾਂਗਾ। ਸਮੁਚਾ ਜੋ ਉਸ ਦੀਆਂ ਕਹਾਣੀਆਂ ਦੇ ਰਹੀਆਂ ਹਨ, ਉਹ ਹੀ ਲਿਖ ਰਿਹਾ ਹਾਂ। ਹਰ ਕਹਾਣੀ ਨੂੰ ਪੜ੍ਹਨ ਤੋਂ ਬਾਅਦ ਚੇਤੰਨ ਪਾਠਕ ਸਮਾਜਿਕ ਬੁਰਾਈਆਂ ਬਾਰੇ ਗੰਭੀਰਤਾ ਨਾਲ ਸੋਚਣ ਲਈ ਮਜ਼ਬੂਰ ਹੋ ਜਾਂਦਾ ਹੈ। ਉਸ ਦੀਆਂ ਕਹਾਣੀਆਂ ਵਿੰਗ ਵਲੇਵੇਂ ਵਾਲੀਆਂ ਨਹੀਂ ਹਨ ਅਤੇ ਨਾ ਹੀ ਸੰਕੇਤਕ ਹਨ। ਸਿੱਧੀਆਂ ਸਪਾਟ ਗੱਲਾਂ ਕਹਿਣ ਵਾਲੀਆਂ ਹਨ। ਪਾਠਕ ਨੂੰ ਅੱਗੇ ਕੀ ਹੋਇਆ ਸੋਚਣਾ ਨਹੀਂ ਪੈਂਦਾ? ਕਹਾਣੀਕਾਰ ਦਾ ਮੁੱਖ ਮੰਤਵ ਸਮਾਜ ਨੂੰ ਹਲੂਣਾ ਦੇਣਾ ਹੁੰਦਾ ਹੈ, ਹਲੂਣਾ ਦੇਣ ਵਿਚ ਕਹਾਣੀਕਾਰ ਬਾਜ ਸਿੰਘ ਮਹਿਲੀਆ ਸਫ਼ਲ ਹੋ ਜਾਂਦਾ ਹੈ। ਸਮਾਜਿਕ ਬੁਰਾਈਆਂ ਸਾਡੇ ਸਮਾਜ ਨੂੰ ਘੁਣ ਵਾਂਗ ਨਿਗਲ ਰਹੀਆਂ ਹਨ। ਸਮਾਜ ਦੀ ਸੋਚ ਨੂੰ ਨਿਗਰ ਬਣਾ ਕੇ ਬਦਲਣ ਵਿੱਚ ਸਾਹਿਤਕਾਰ ਵਧੇਰੇ ਯੋਗਦਾਨ ਪਾ ਸਕਦੇ ਹਨ। ਇਹ ਮਿੰਨੀ ਕਹਾਣੀ ਸੰਗ੍ਰਹਿ ਅਜਿਹਾ ਹੀ ਉਦਮ ਹੈ।

ਵਰਤਮਾਨ ਹਾਲਾਤ ਵਿੱਚ ਪਿਆਰ-ਮੁਹੱਬਤ ਵਾਲਾ ਸੰਕਲਪ ਨਿਰਾਰਥਕ ਬਣਦਾ ਜਾ ਰਿਹਾ ਹੈ। ਇਸ਼ਕ ਮੁਹੱਬਤ ਖ਼ੁਸ਼ਹਾਲ ਲੋਕਾਂ ਦੇ ਚੋਚਲੇ ਹੁੰਦੇ ਹਨ। ਸਮਾਜ ਦੇ ਦੱਬੇ ਕੁਚਲੇ ਲੋਕਾਂ ਲਈ ਰੁਮਾਂਸ ਬੇਮਾਇਨਾ ਹੁੰਦਾ ਹੈ। ਜੇ ‘ਪੱਲੇ ਨਾ ਹੋਵੇ ਧੇਲਾ ਕਰਦੀ ਮੇਲਾ ਮੇਲਾ’ ਦੀ ਕਹਾਵਤ ਸਹੀ ਹੁੰਦੀ ਹੈ। ਰੋਮਾਂਟਿਕ ਕਹਾਣੀਆਂ ਭਾਵਨਾਵਾਂ ਵਿੱਚ ਲਿਪਟੀਆਂ ਹੁੰਦੀਆਂ ਹਨ। ਵਕਤ ਗੁਜ਼ਾਰਨ ਦਾ ਸਾਧਨ ਬਣਦੀਆਂ ਹਨ। ਅੱਜ ਕਲ੍ਹ ਤਾਂ ਪਾਠਕ ਕੋਲ ਸਮੇਂ ਦੀ ਘਾਟ ਮਹਿਸੂਸ ਹੋ ਰਹੀ ਹੈ। ਅਜੋਕੇ ਆਧੁਨਿਕ ਅਤੇ ਤੇਜ਼ ਤਰਾਰ ਵਾਤਾਵਰਨ ਵਿੱਚ ਲੰਬੀਆਂ ਰਚਨਾਵਾਂ ਪੜ੍ਹਨ ਲਈ ਪਾਠਕਾਂ ਕੋਲ ਸਮਾਂ ਹੀ ਨਹੀਂ ਹੈ। ਅੱਜ ਕਲਪਨਵਾਂ ਦਾ ਯੁਗ ਨਹੀਂ ਰਿਹਾ। ਇਸ ਲਈ ਬਾਜ ਸਿੰਘ ਮਹਿਲੀਆ ਦੀਆਂ ਮਿੰਨੀ ਕਹਾਣੀਆਂ ਸਮੇਂ ਦੀ ਲੋੜ ਅਨੁਸਾਰ ਹਨ। ਨਤੀਜੇ ਅਤੇ ਪ੍ਰੇਰਨਾ ਦੇਣ ਵਾਲੇ ਯਥਾਰਥਵਾਦੀ ਸਾਹਿਤ ਦੀ ਅਤਿਅੰਤ ਜ਼ਰੂਰਤ ਹੈ। ਇਸ ਲਈ ਜੇਕਰ ਇਨਸਾਨ ਦੀ ਮਾਨਸਿਕਤਾ ਨੂੰ ਝੰਜੋੜਨ ਵਾਲੀ ਮਿੰਨੀ ਕਹਾਣੀ ਲਿਖੀ ਜਾਵੇ ਤਾਂ ਲੋਕਾਂ ਤੇ ਗਹਿਰਾ ਪ੍ਰਭਾਵ ਪੈ ਸਕਦਾ ਹੈ।
ਬਾਜ ਸਿੰਘ ਮਹਿਲੀਆ ਲੲਂੀ ਮਾਣ ਦੀ ਗੱਲ ਹੈ ਕਿ ਉਸ ਦੀ ‘ਹੰਝੂ’ ਕਹਾਣੀ ਉਪਰ ਟੈਲੀਫਿਲਮ ਬਣਾਈ ਗਈ ਹੈ, ਜਿਸ ਵਿੱਚ ਪਿਤਾ ਨੇ ਆਪਣੇ ਪੁੱਤਰ ਨੂੰ ਉਸ ਦੀ ਮਾਂ ਦੀ ਮੌਤ ਤੋਂ ਬਾਅਦ ਮਾਤਾ-ਪਿਤਾ ਦੋਹਾਂ ਦਾ ਪਿਆਰ ਦਿੱਤਾ। ਗ਼ਰੀਬੀ ਦੀ ਹਾਲਤ ਵਿੱਚ ਦਿਹਾੜੀ-ਦੱਪਾ ਕਰਕੇ, ਔਖੇ ਸੌਖੇ ਹੋ ਕੇ ਪੜ੍ਹਾਇਆ ਪਰੰਤੂ ਪੁੱਤਰ ਪੜ੍ਹ ਲਿਖ ਕੇ ਅਧਿਕਾਰੀ (ਐਸ.ਡੀ.ਓ.) ਬਣ ਗਿਆ, ਸ਼ਹਿਰ ਵਿੱਚ ਜਾ ਕੇ ਗਿੱਲ ਸਾਹਿਬ ਅਖਵਾਉਣ ਲੱਗ ਗਿਆ। ਆਪਣੀ ਜ਼ਾਤ ਨੂੰ ਲੁਕੋ ਕੇ ਵੱਡਾ ਕਹਾਉਣ ਵਿੱਚ ਟੌਹਰ ਸਮਝਣ ਲੱਗ ਪਿਆ ਅਤੇ ਉਸ ਨੇ ਆਪਣੇ ਹੀ ਪਿਤਾ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਦਾ ਪਿਤਾ ਸ਼ਹਿਰ ਵਿੱਚ ਪੁੱਤਰ ਦੇ ਘਰ ਦੀ ਫੁਲਵਾੜੀ ਵਿੱਚੋਂ ਘਾਹ ਕੱਢ ਰਿਹਾ ਸੀ ਤਾਂ ਪੁੱਤਰ ਨੇ ਉਸ ਨੂੰ ਕਿਹਾ ‘ਬੁੜ੍ਹਿਆ … ਇਹ ਕੀ ਕਰਦਾ ਪਿਆ ਏਂ? ਜੇ ਕਿਸੇ ਨੇ ਵੇਖ ਲਿਆ ਫਿਰ ਸਾਡੀ ਕੀ ਇੱਜ਼ਤ ਰਹੂ? ਨਾਲੇ ਮੇਰੀ ਇਕ ਗੱਲ ਸੁਣ ਲੈ….. ਮੈਨੂੰ ਇੱਥੇ ਸਾਰੇ ਗਿੱਲ ਸਾਬ੍ਹ ਆਖਦੇ ਨੇ.. ਵੇਖੀਂ ਕਿਤੇ ਆਪਣੀ ਜਾਤ ਬਰਾਦਰੀ ਦੱਸ ਕੇ ਮੇਰਾ ਨੱਕ ਨਾ ਵੱਢਵਾ ਦੇਵੀਂ। ਇੰਜ ਕਰਕੇ ਮੇਰੀ ਬੇਇਜ਼ਤੀ ਕਰਵਾਏਂਗਾ ਅਤੇ ਫਿਰ ਉਸ ਤੋਂ ਖੁਰਪਾ ਖੋਹ ਕੇ ਵਗਾਹ ਮਾਰਿਆ। ਕਿਤੇ ਜ਼ਾਤ ਬਰਾਦਰੀ ਦਾ ਪਤਾ ਨਾ ਲੱਗ ਜਾਵੇ।’

ਜਦੋਂ ਉਸ ਦੇ ਦੋਸਤ ਨੇ ਪੁੱਛਿਆ ਸੀ, ‘ਗਿੱਲ ਸਾਬ੍ਹ! ਇਹ ਬਜ਼ੁਰਗ ਪਿੰਡੋਂ ਆਏ ਨੇ?’

‘ਹਾਂ ਯਾਰ-ਇਹ ਸਾਡਾ ਨੌਕਰ ਆਇਆ ਹੈ’ ਸਪੁੱਤਰ ਨੇ ਆਪਣੇ ਪਿਤਾ ਨੂੰ ਪਰਿਵਾਰ ਦਾ ਨੌਕਰ ਕਹਿ ਦਿੱਤਾ ਤਾਂ ਪਿਤਾ ਦੀ ਮਾਨਸਿਕਤਾ ਨੂੰ ਗਹਿਰੀ ਸੱਟ ਵੱਜੀ। ਫਿਰ ਪਿਤਾ ਨਿੰਮੋਝੂਣਾ ਹੋ ਕੇ ਘਰੋਂ ਤੁਰਦਾ ਹੋਇਆ ਵਿਅੰਗ ਮਾਰਦਾ ਬਾਹਰ ਖਲੋਤੇ ਪੁੱਤਰ ਦੀ ਕੰਡ ‘ਤੇ ਹੱਥ ਫੇਰਦਾ ਹੋਇਆ ਬੋਲਿਆ, ‘ਅੱਛਾ ਗਿੱਲ ਸਾਬ੍ਹ.. ਪਰਮਾਤਮਾ ਤੁਹਾਨੂੰ ਖ਼ੁਸ਼ ਰੱਖੇ.. ਤੁਹਾਡਾ ਇਹ ਨੌਕਰ ਹਮੇਸ਼ਾ ਤੁਹਾਡੀ ਤਰੱਕੀ ਲਈ ਅਰਦਾਸਾਂ ਕਰਦਾ ਰਹੇਗਾ’ ਇਹ ਕਹਾਣੀ ਦਾ ਸਿਖ਼ਰ ਸੀ, ਜਿਸ ਨੇ ਪਾਠਕਾਂ ਦਾ ਦਿਲ ਹਲੂਣ ਦਿੱਤਾ। ਨੌਜਵਾਨ ਆਪਣੀ ਵਿਰਾਸਤ ਨੂੰ ਭੁੱਲ ਕੇ ਪੈਰ ਛੱਡ ਜਾਂਦੇ ਹਨ ਅਤੇ ਮਾਪਿਆਂ ਨਾਲ ਦੁਰਵਿਵਹਾਰ ਕਰਦੇ ਹਨ। ਮਾਪਿਆਂ ਨਾਲ ਆਪਣੀ ਹੀ ਔਲਾਦ ਵੱਲੋਂ ਅਣਗੌਲਿਆਂ ਅਤੇ ਨਿਰਾਦਰ ਕਰਨ ਨਾਲ ਸੰਬੰਧਤ ਹੋਰ ਕਹਾਣੀਆਂ ਵੀ ਹਨ।

ਉਜਾਗਰ ਸਿੰਘਇਸ ਤੋਂ ਇਲਾਵਾ ਉਸ ਦੀਆਂ ਕੁਝ ਮਿੰਨੀ ਕਹਾਣੀਆਂ ਦਾ ਨਾਟਕੀਕਰਨ ਵੀ ਹੋ ਚੁੱਕਾ ਹੈ। ਰੇਡੀਓ ‘ਤੇ ਵੀ ਪ੍ਰਸਾਰਿਤ ਹੋਈਆਂ ਹਨ। ਦਾਜ ਅਤੇ ਭਰੂਣ ਹੱਤਿਆ ਦੇ ਵਿਸ਼ੇ ‘ਤੇ ਬਹੁਤ ਸਾਰਾ ਸਾਹਿਤ ਰਚਿਆ ਗਿਅ ਹੈ ਪਰੰਤੂ ਕਹਾਣੀਕਾਰ ਨੇ ਆਪਣੀਆਂ ਕਹਾਣੀਆਂ ਵਿੱਚ ਨੂੰਹਾਂ ਵੱਲੋਂ ਭਰੂਣ ਹੱਤਿਆ ਕਰਵਾਉਣ ਤੋਂ ਇਨਕਾਰ ਕਰਵਾਕੇ ਦਲੇਰੀ ਵਾਲਾ ਕਦਮ ਚੁਕਵਾਇਆ ਹੈ। ਇਹ ਹੀ ਕਹਾਣੀਕਾਰ ਨੇ ਇਕ ਨਵੀਂ ਦਿਸ਼ਾ ਦਿੱਤੀ ਹੈ। ਬਾਕੀ ਸਾਹਿਤਕਾਰਾਂ ਦੀ ਤਰ੍ਹਾਂ ਕਹਾਣੀਕਾਰ ਨੇ ਆਪਣੀਆਂ ਕਹਾਣੀਆਂ ਦੇ ਵਿਸ਼ੇ ਭਰਿਸ਼ਟਾਚਾਰ, ਬਲਾਤਕਾਰ, ਇਸਤਰੀਆਂ ਨਾਲ ਦੁਰਵਿਵਹਾਰ, ਵਹਿਮ ਭਰਮ, ਮਖੌਟਾਵਾਦ, ਗ਼ੈਰ ਕਾਨੂੰਨੀ ਕਾਰਵਾਈਆਂ, ਸਿਆਸਤ, ਮੁਫ਼ਤਖ਼ੋਰੀ, ਪਰਿਵਾਰਿਕ ਰਿਸ਼ਤਿਆਂ, ਪਦਾਰਥਵਾਦੀ ਸੋਚ, ਦਾਜ ਅਤੇ ਭਰੂਣ ਹੱਤਿਆ ਵਰਗੀਆਂ ਸਮਾਜਿਕ ਵਿਸੰਗਤੀਆਂ ਨੂੰ ਬਣਾਇਆ ਹੈ। ਕਹਾਣੀ ਸੰਗ੍ਰਹਿ ਦੀ ਪਹਿਲੀ ਹੀ ਕਹਾਣੀ ‘ਨਜ਼ਰੀਆ’ ਇਸਤਰੀਆਂ ਨੂੰ ਮਾੜੀ ਨਿਗਾਹ ਨਾਲ ਵੇਖਣ ਵਾਲਿਆਂ ਦੇ ਕਿਰਦਾਰ ਦਾ ਪ੍ਰਗਟਾਵਾ ਕਰਦੀ ਹੈ। ਅੱਜ ਕਲ ਪਖੰਡੀ ਸਾਧਾਂ ਸੰਤਾਂ ਦੇ ਚਕਰ ਵਿੱਚ ਇਸਤਰੀਆਂ ਪੈਂਦੀਆਂ ਹਨ। ਇਸ ਸੰਬੰਧੀ ‘ਚਾਨਣ’ ਨਾਮ ਦੀ ਮਿੰਨੀ ਕਹਾਣੀ ਸਾਧਾਂ ਦੀਆਂ ਕਰਤੂਤਾਂ ਦਾ ਪਰਦਾ ਫਾਸ਼ ਕਰਦੀ ਹੈ। ਆਮ ਤੌਰ ‘ਤੇ ਪੁਲਿਸ ਦੇ ਵਿਵਹਾਰ ‘ਤੇ ਕਿੰਤੂ ਪਰੰਤੂ ਕੀਤਾ ਜਾਂਦਾ ਹੈ। ਕਹਾਣੀਕਾਰ ਨੇ ਪੁਲਿਸ ਵਾਲਿਆਂ ਦੇ ਚੰਗੇ ਤੇ ਮਾੜੇ ਦੋਹਾਂ ਪੱਖਾਂ ਬਾਰੇ ਕਹਾਣੀਆਂ ਲਿਖੀਆਂ ਹਨ। ‘ਲਾਵਾਰਿਸ ਬੈਗ’ ਕਹਾਣੀ ਵਿੱਚ ਪੁਲਿਸ ਦੀ ਤਲਾਸ਼ੀ ਲੈਣ ਦੀ ਕਰਤੂਤ ਦਾ ਪ੍ਰਟਾਵਾ ਕਰਕੇ ਵਿਅੰਗ ਮਾਰਿਆ ਹੈ। ‘ਭਰਿਸ਼ਟਾਚਾਰ ਦੇ ਬੋਲ ਬਾਲੇ’ ਬਾਰੇ ਲਿਖਦਿਆਂ ਕਹਾਣੀਕਾਰ ਨੇ ਰਿਸ਼ਵਤ ਨੂੰ ਫੀਸ ਦਾ ਨਾਮ ਦੇ ਕੇ ਸਰਕਾਰੀ ਤੰਤਰ ਦੀ ਪੋਲ ਖੋਲ੍ਹ ਦਿੱਤੀ ਹੈ। ਪਟਵਾਰੀਆਂ ਨੂੰ ਲੋਕ ਭਰਿਸ਼ਟ ਕਹਿੰਦੇ ਹਨ ਪਰੰਤੂ ਕਹਾਣੀਕਾਰ ਨੇ ‘ਕੋਈ ਹਰਿਆ ਬੂਟ ਰਹਿਓ ਰੀ’ ਕਹਾਣੀ ਵਿੱਚ ਇਕ ਪਟਵਾਰੀ ਦੀ ਇਮਾਨਦਾਰੀ ਬਾਰੇ ਚਾਨਣਾ ਪਾਇਆ ਹੈ।

ਰੰਗਦਾਰ ਸਰਵਰਕ, 200 ਰੁਪਏ ਕੀਮਤ, 104 ਪੰਨਿਆਂ ਵਾਲੀ ਇਹ ਪੁਸਤਕ ਨਵਰੰਗ ਪਬਲੀਕੇਸ਼ਨਜ਼ ਸਮਾਣਾ ਨੇ ਪ੍ਰਕਾਸ਼ਤ ਕੀਤੀ ਹੈ।
***
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।*

***
948
***

About the author

ੳੁਜਾਗਰ ਸਿੰਘ
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ