ਪੁਸਤਕ ਸਿਰਲੇਖ ਦੇ ਉਪਰੋਕਤ ਵਿਚਾਰਾਂ ਦੀ ਪ੍ਰਮਾਣਿਕਤਾ/ਅੰਦਰੂਨੀ ਗਵਾਹੀ ਵਜੋਂ ਲੇਖਿਕਾ ਅਤੇ ਉਸ ਦੇ ਅਧਿਐਨ ਖ਼ੇਤਰ ਨਾਲ ਜੁੜੇ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦੇ ਮੌਲਿਕ ਲਫ਼ਜ਼ਾਂ ਦਾ ਹਵਾਲਾ ਦੇਣਾ ਵੀ ਇਥੇ ਅਯੋਗ ਨਹੀਂ ਹੋਵੇਗਾ, ਇਸ ਲਿਹਾਜ਼ ਨਾਲ ਉਨ੍ਹਾਂ ਸ਼ਬਦਾਂ ਦਾ ਪ੍ਰਯੋਗ ਖੋਜੀ ਬਿਰਤੀ ਵਾਲੇ ਵਿਦਵਾਨ- ਆਲੋਚਕਾਂ ਵਲੋਂ ਵੀ, ਲੋੜੀਂਦੀ ਥਾਂ ‘ਤੇ ਭਲੀਭਾਂਤ ਕੀਤਾ ਜਾ ਸਕਦਾ ਹੈ: “ਜਿਨਾਂ ਕੁ ਮੈਨੂੰ ਪਤਾ ਹੈ ਕਿ ਨਿਆਜ਼ਬੋ ਦਾ ਅਰਥ ‘ਮਰੂਏ ਦਾ ਬੂਟਾ’ ਹੁੰਦਾ ਹੈ। ਮਨਦੀਪ ਕੌਰ ਭੰਮਰਾ ਵੀ ਸਾਨੂੰ ਮਰੂਏ ਦੇ ਬੂਟੇ ਵਾਂਗ ਮਹਿਕਾਂ ਵੰਡਦੀ ਰਹੇ, ਬੱਸ ਇਹੀ ਦੁਆ ਹੈ!! “ “ਮੈਨੂੰ ਇਹ ਬੂਟਾ (ਨਿਆਜ਼ਬੋ) ਜਲੰਧਰ ਦੀ ਮਿੱਟੀ ਦੀ ਖ਼ੁਸ਼ਬੋ ਸਮੇਤ ਤੋਹਫ਼ੇ ਵਜੋਂ ਮਿਲਿਆ ਸੀ ਅਤੇ ਇਸ ਨੂੰ ਮੈਂ ਆਪਣੇ ਨਾਲ ਲੁਧਿਆਣੇ ਲੈ ਆਈ ਸਾਂ ਅਤੇ —- ਖ਼ੈਰ ਮਗਰੋਂ ਨਵੇਂ ਮੌਜੂਦਾ ਘਰ ਵਿੱਚ ਤਬਦੀਲ ਹੋਣ ਸਮੇਂ ਮੇਰੇ ਬਾਕੀ ਪਾਲ਼ੇ ਹੋਏ ਬੂਟਿਆਂ ਵਾਂਗ ਇਹ ਮੈਥੋਂ ਵਿੱਛੜ ਗਿਆ, ਜਲੰਧਰ ਦੀਆਂ ਬਾਕੀ ਯਾਦਾਂ ਵਾਂਗ — । ਨਿਆਜ਼ਬੋ ਇੰਜ ਮੇਰੇ ਲਈ ਦੋ ਸ਼ਹਿਰਾਂ ਵਿਚਕਾਰ ਸਾਂਝਾਂ ਦੇ ਪੁਲ ਦਾ ਪ੍ਰਤੀਕ ਹੈ। ਇੰਝ ਨਿਆਜ਼ਬੋ ਮੇਰੀਆਂ ਸੋਚਾਂ ਵਿੱਚੋਂ ਨਿਕਲਿਆ ਸ਼ਬਦ ਹੈ। ਮੈਂ ਨਿਆਜ਼ਬੋ ਕਵਿਤਾ ਵਿਚ ਲਿਖਿਆ ਹੈ: ਉਹੀ ਰੰਗਤ ਉਹ ਤਾਸੀਰ ਅਤੇ ਉਹੀ ਖ਼ੁਸ਼ਬੋ ਹੋਵੇ, ਹਥਲੀ ਪੁਸਤਕ ਵਿੱਚੋਂ ਉਭਰਦਾ ਅਗਲਾ ਵਿਸ਼ੇਸ਼ ਤੇ ਵਿਚਾਰਨਯੋਗ ਅਤੇ ਚਰਚਿਤ ਨੁਕਤਾ ਹੈ – ਪੁਸਤਕ ਦੇ ਕਾਵਿ- ਖੰਡ ਦਾ ਆਗਾਜ਼ ਕਰਨ ਤੋਂ ਪਹਿਲਾਂ ਇਸ ਕਾਵਿ-ਸੰਗ੍ਰਹਿ ਵਿੱਚ ਡਾਕਟਰ ਸਰਬਜੀਤ ਸਿੰਘ ਦੀ ਅੰਕਿਤ ਕਵਿਤਾ —– ਜੋ ਅਚਨਚੇਤ ਹੀ ਨਹੀਂ ਸਗੋਂ ਬੜੇ ਹੀ ਸਪੱਸ਼ਟ ਰੂਪ ਵਿੱਚ ਸੂਝਵਾਨ ਪਾਠਕਾਂ ਦੀ ਦ੍ਰਿਸ਼ਟੀ ਦਾ ਕੇਂਦਰਬਿੰਦੂ ਬਣਦੀ ਹੈ ਕਿਉਂਕਿ ਨਾ ਤਾਂ ਲੇਖਿਕਾ ਵਲੋਂ ਕਿਸੇ ਵੀ ਤਰ੍ਹਾਂ ਉਸ ਕਵਿਤਾ ਦੀ ਸੰਪਾਦਨਾ ਦਾ ਸੰਕੇਤ ਹੈ ਅਤੇ ਨਾ ਹੀ ਪੰਜਾਬੀ ਕਾਵਿ ਵਿੱਚ ਅਜਿਹੀ ਕੋਈ ਪ੍ਰਚਲਿਤ ਕਾਵਿ-ਪ੍ਰੰਪਰਾ ਹੀ ਹੈ ਜਿਸ ਦੇ ਆਧਾਰ ‘ਤੇ ਕਿਸੇ ਵਿਅਕਤੀ-ਵਿਸ਼ੇਸ਼ ਨੂੰ ਆਪਣੀਆਂ ਮੌਲਿਕ ਰਚਨਾਵਾਂ ਵਿਚ ਅਜਿਹੀ ਵਿਸ਼ੇਸ਼ ਥਾਂ ਦਿੱਤੀ ਜਾਵੇ। ਖ਼ੈਰ ਜੇ ਕਿਸੇ ਥਾਂ ‘ਤੇ ਅਜਿਹਾ ਹੋਇਆ ਵੀ ਹੋਵੇਗਾ ਤਾਂ ਉਹ ਰਚਨਾ ਜ਼ਰੂਰ ਕਿਸੇ ਮਕਬੂਲ ਨਾਂ/ਥਾਂ ਨੂੰ ਸਮਰਪਿਤ ਹੋਈ ਹੋਵੇਗੀ ਜਾਂ ਸੰਪਾਦਕੀ ਜੁਗਤ ਵਜੋਂ ਸਪੱਸ਼ਟ ਹੋਵੇਗੀ।— ਇੱਥੇ ਡਾ਼ ਸਰਬਜੀਤ ਸਿੰਘ ਦੀ ਇਸ ਕਵਿਤਾ ਦਾ ਅੰਕਿਤ ਹੋਣਾ — ਅਜਿਹਾ ਕਿਉਂ ਹੋਇਆ? ਬਿਨਾਂ ਠੋਸ ਤੱਥਾਂ ਤੋਂ ਇਸ ਬਾਰੇ ਪ੍ਰਮਾਣਿਕ ਰੂਪ ਵਿੱਚ ਕੋਈ ਦਾਅਵਾ ਨਹੀਂ ਕੀਤਾ ਜਾ ਸਕਦਾ। ਇਹ ਨਿਰਣਾ ਤਾਂ ਭਾਵੇਂ ਸੰਬੰਧਿਤ ਪਾਠਕਾਂ ਵਲੋਂ ਵੀ ਅਗਲੀਆਂ ਸਤਰਾਂ ਦੇ ਆਧਾਰ ‘ਤੇ ਲਿਆ ਜਾ ਸਕਦਾ ਹੈ — ਪਾਠਕਾਂ ਦੀ ਜਾਣਕਾਰੀ ਹਿਤ ਪਹਿਲਾਂ ਕਵਿਤਾ ਨੂੰ ਅੰਸ਼ਿਕ ਰੂਪ ਪੇਸ਼ ਕੀਤਾ ਜਾਂਦਾ ਹੈ : “ਸੱਚ ਦੀ ਤਲਾਸ਼” ਸਵਾਲ ਤਾਂ ਇਹ ਹੈ, ਕੀ ਮਨਦੀਪ ਭੰਮਰਾ ਨੇ ਡਾ. ਸਰਬਜੀਤ ਸਿੰਘ ਹੁਰਾਂ ਦੀ ਉਪਰੋਕਤ ਕਵਿਤਾ ਨੂੰ ਆਪਣੇ ਥੀਮਿਕ ਪਾਸਾਰਾਂ/ਵਿਚਾਰਧਾਰਕ ਸਾਂਝ ਦੇ ਅੰਤਰਗਤ ਆਪਣੀ ਸਮੁੱਚੀ ਕਵਿਤਾ ਦਾ ਕੇਂਦਰ ਬਿੰਦੂ ਮੰਨਿਆ ਹੈ ਜਾਂ ਫ਼ਿਰ ਆਪਣੇ ਕਾਵਿ ਦਾ ਰੋਲ ਮਾਡਲ ਜਾਂ ਪ੍ਰੇਰਨਾਸ੍ਰੋਤ? ਪਰੰਤੂ ਜਿਥੋਂ ਤੱਕ ਇਤਿਹਾਸਕ ਪਰਿਪੇਖ ਵਿੱਚ ‘ਸੱਚ ਦੀ ਤਲਾਸ਼ ‘ ਦਾ ਸੰਬੰਧ ਹੈ, ਇਹ ਕਵਿਤਾ ਦਾ ਕੋਈ ਪੇਤਲਾ ਮਾਨਵੀ ਪਰਿਪੇਖ ਨਹੀਂ ਜਾਂ ਜ਼ਿੰਦਗੀ ਦੇ ਸਦੀਵੀ ਸੱਚ ਦਾ ਪ੍ਰਯੋਜਨਮੁਖੀ ਆਮ ਤਥਾ-ਕਥਿਤ ਵਰਤਾਰਾ ਹੀ ਨਹੀਂ, ਆਪਣੇ ਸਮੁੱਚ ਵਜੋਂ ਕਰਮਸ਼ੀਲਤਾ ਦੀ ਅਦੁੱਤੀ ਮਿਸਾਲ ਵੀ ਹੈ। ਕਿਉਂਕਿ ਕੋਈ ਵੀ ਵਿਅਕਤੀ ਅਗਰ ਜੀਵਨ-ਤਲਾਸ਼ ਦੇ ਦਿਸਹੱਦਿਆਂ ਪ੍ਰਤਿ ਅਗਰਸਰ ਨਹੀਂ ਹੁੰਦਾ ਤਾਂ ਸਮਝੋ ਉਸ ਲਈ ਤਾਂ ਜ਼ਿੰਦਗੀ ਦੇ ਅਸਲ ਮਾਅਨੇ ਹੀ ਖ਼ਤਮ ਹੋ ਗਏ। ਇਹੋ ਕਾਰਨ ਹੈ, ਗੁਰਬਾਣੀ ਦਾ ‘ਖੋਜੀ ਉਪਜੈ ਬਾਦੀ ਬਿਨਸੈ’ ਜਾਂ ‘ ਬੰਦੇ ਖੋਜੁ ਦਿਲ ਹਰ ਰੋਜ’ ਜਾਂ ‘ਉਦਮੁ ਕਰੇਂਦਿਆ ਜੀਉ ਤੂੰ’ ਦਾ ਬੁਨਿਆਦੀ ਸਿਧਾਂਤ ਮਨੁੱਖ ਨੂੰ ਹਮੇਸ਼ਾਂ ਸੰਘਰਸ਼ਸ਼ੀਲ ਹੋਣ ਲਈ ਪ੍ਰੇਰਿਤ ਕਰਦਾ ਹੈ। ਉਤਰ ਆਧੁਨਿਕਤਾ ਦੇ ਪਰਿਪੇਖ ਵਿੱਚ ਦੇਖਿਆ ਜਾਵੇ ਤਾਂ ਕਵਿਤਾ ਵਿੱਚ ਅੰਕਿਤ ਇਹ ਜੁੱਟ ‘ਆਪਣਾ/ਆਪਣਾ ਰਸਤਾ’, ਗੁਰੂ ਨਾਨਕ’ ਤੇ ਮਰਦਾਨਾ’ , ‘ਰਬਾਬ’ ਤੇ ‘ ਸ਼ਬਦ’ ਵਿਸ਼ੇਸ਼ ਤੌਰ ‘ਤੇ ਵਰਨਣਯੋਗ ਹਨ, ਪ੍ਰਤੱਖ ਹੈ ਇਥੇ ਮਿਸ਼ਨ ਪ੍ਰਾਪਤੀ ਦਾ ਕੇਂਦਰ-ਬਿੰਦੂ/ਅੰਤਿਮ- ਬਿੰਦੂ (ਉਦਾਸੀ-ਤਲਾਸ਼) ਅੰਤਰਮੁਖੀ ਸਾਂਝ ਦਾ ਪ੍ਰਤੀਕ ਹੈ ਪਰੰਤੂ ਰਸਤੇ ਵੱਖ਼ਰੇ-ਵੱਖ਼ਰੇ ਹਨ ਭਾਵੇਂ ਅੰਤਰਮੁਖੀ ਬਿਰਤੀ ਵਜੋਂ ਇਨ੍ਹਾਂ ਦੀ ਸੁਰ/ਪਹੁੰਚ ਸਮਨਵੈਵਾਦੀ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਰੂਹਾਨੀਅਤ ਮੰਡਲਾਂ ਦਾ ਵਿਸ਼ੇਸ਼ ਮੌਕਾ ਬਣਨ ‘ਤੇ ਤੁਰੰਤ ਕਹਿੰਦੇ ਹਨ, ‘ਮਰਦਾਨਿਆਂ ਵਜਾ ਰਬਾਬ ਬਾਣੀ ਆਈ ਹੈ।’ ਸੱਚ ਤਾਂ ਇਹ ਹੈ ਕਿ ਬਾਣੀ ਦਾ ਸਿੱਧਾ ਸੰਬੰਧ ਗੁਰੂ ਨਾਨਕ ਸਾਹਿਬ ਨਾਲ ਹੈ ਅਤੇ ਰਬਾਬ ਦਾ ਸੰਬੰਧ ਮਰਦਾਨੇ ਨਾਲ; ਕੁਲ ਮਿਲਾ ਕੇ ਗਾਉਣ ਤੇ ਵਜਾਉਣ ਦੀ ਇਹ ਰੱਬੀ- ਸਾਂਝ ਬਾਕਮਾਲ ਹੈ। ਸਿੱਧੇ- ਅਸਿੱਧੇ ਤੌਰ ‘ਤੇ ਜਾਂ ਅਨੁਪਾਤਿਕ ਰੂਪ ਵਿੱਚ ਅਜਿਹੀ ਸਾਂਝ ਦਾ ਅਹਿਸਾਸ ਮੈਨੂੰ ਉਪਰੋਕਤ ਕਵਿਤਾ ਅਤੇ ਮਨਦੀਪ ਭੰਮਰਾ ਦੇ ਕਾਵਿ- ਅਨੁਭਵ/ਕਾਵਿ – ਖ਼ਿਆਲਾਂ ਵਿਚੋਂ ਵੀ ਪ੍ਰਤੀਤ ਹੋਇਆ ਹੈ।—- —- ਕੋਈ ਸ਼ੱਕ ਨਹੀਂ, ਮਨਦੀਪ ਭੰਮਰਾ ਦੇ ਪ੍ਰੇਰਨਾਸ੍ਰੋਤ ਗੁਰੂ ਗ੍ਰੰਥ ਦੇ ਬਾਣੀਕਾਰ ਵੀ ਹਨ/ਗੁਰਬਾਣੀ ਚਿੰਤਨ ਵੀ ਹੈ; ਸਿੱਖ ਕੌਮ ਦੀ ਇਤਿਹਾਸਕ ਚੇਤਨਾ ਵੀ ਹੈ। ਆਪਣੇ ਮੂਲ ਉਦੇਸ਼ ਵਜੋਂ ਉਸ ਦੇ ਸ਼ਬਦ-ਸੱਭਿਆਚਾਰ ਦੀ ਜਾਂ ਇਉਂ ਕਹਿ ਲਵੋ, ਉਸ ਦੀ ‘ਕਾਵਿ-ਰੰਗ ਸੁੰਦ੍ਰਤਾਈ’ ਉਨ੍ਹਾਂ ਕਾਵਿ-ਗੁਣਾਂ ‘ਤੇ ਹੀ ਕੇਂਦ੍ਰਿਤ ਹੈ ਜੋ ਆਪਣੇ ਲੌਕਿਕ ਤੇ ਅਲੌਕਿਕ ਸਰੋਕਾਰਾਂ ਦੀ ਪੇਸ਼ਕਾਰੀ ਦੇ ਆਧਾਰ ‘ਤੇ ਵਿਸ਼ੇਸ਼ ਮਾਨਵੀ ਗੁਣਾਂ ਦੀ ਨਿਸ਼ਾਨਦੇਹੀ ਕਰਦੇ ਹਨ। ਇਸ ਦਾ ਆਗਾਜ਼ ਤਾਂ ਸਮਝੋ, ਸ਼ਾਇਰਾ ਦੀ ਪਹਿਲੀ ਕਵਿਤਾ ਤੋਂ ਹੋ ਜਾਂਦਾ ਹੈ ਅਤੇ ਅੱਗੋਂ ਪੜਾਅ- ਦਰ- ਪੜਾਅ ਉਸ ਦੀ ਵਿਆਖਿਆ ਵੀ। ਉਸ ਦੀ ਕਲਮਕਾਰੀ/ਕਾਵਿ-ਸਿਰਜਣ ਪ੍ਰਕਿਰਿਆ ਦੀ ਇਹੋ ਕੁਦਰਤੀ/ਕਾਵਿ-ਆਵੇਸੀ. ਰਮਜ਼ ਹੈ; ਮੇਰਾ ਇਹ ਵੀ ਮੰਨਣਾ ਹੈ ਕਿ ਜੇਕਰ ਵਿਚਾਰਾਧੀਨ ਸ਼ਾਇਰਾ ਦਾ ਇਹ ਕਾਵਿ-ਭੇਦ ਕਿਸੇ ਵੀ ਪਾਠਕ ਦੇ ਸਮਝ ਗੋਚਰੇ ਹੋਵੇਗਾ ਤਦ ਹੀ ਉਹ, ਉਸ ਦੇ ਕਾਵਿ-ਅਨੁਭਵ ਨੂੰ ਸਮਝਣ ਦੇ ਸਮਰੱਥ ਹੋਵੇਗਾ। ਇਹ ਅਕਾਰਨ ਨਹੀਂ, ਕੁਦਰਤੀ ਹੈ ਮਨਦੀਪ ਭੰਮਰਾ ਦੀ ਅਲੌਕਿਕ ਸ਼ਕਤੀ ਪ੍ਰਤਿ ਵਿਸ਼ਵਾਸ਼ੀ ਭਾਵਨਾ ਅਤੇ ਉਸ ਦੇ ਨਾਲ-ਨਾਲ ਦੁਨਿਆਵੀ ਵਰਤਾਰੇ ਦੀ ਸੁਰ ਤਾਲ, ਪਾਠਕਾਂ ਨੂੰ ਇਨ੍ਹਾਂ ਦੋਹਾਂ ਦੇ ਸੰਗਮ/ਸੰਦਰਭ ਨੂੰ ਵੀ ਨੇੜਿਓਂ ਹੋ ਕੇ ਸਮਝ ਦਾ ਹਿੱਸਾ ਬਣਾਉਣਾ ਪਵੇਗਾ। ਇਨ੍ਹਾਂ ਦੋਹਾਂ ਵਿਚੋਂ ਕਿਸੇ ਵੀ ਵਜਹਾ ਕਰਕੇ, ਇੱਕ ਬਿੰਦੂ ਵੀ ਮਨਫੀ ਹੋ ਜਾਂਦਾ ਹੈ ਤਾਂ ਸ਼ਾਇਰਾ ਦੀ ਕਾਵਿ-ਪਹੁੰਚ ਪ੍ਰਤਿ ਬੇਇਨਸਾਫ਼ੀ ਹੀ ਨਹੀਂ ਸਗੋਂ ਕਾਵਿ ਦੇ ਭਵਿੱਖਮੁਖੀ/ਫ਼ੈਸਲਾਕੁਨ/ਸਹੀ ਨਤੀਜਿਆਂ ਦੀ ਆਸ ਕਤੱਈ ਨਹੀਂ ਕੀਤੀ ਜਾ ਸਕਦੀ ਕਿਉਂਕਿ ਸ਼ਰਤ ਤਾਂ ਇਹ ਹੈ ਕਿ ਅੰਦਰੂਨੀ ਅਤੇ ਬਾਹਰੀ ਅਨੁਭਵ ਦਾ ਇਹ ਸੁਮੇਲ ਤਦ ਹੀ ਸੰਭਵ ਹੁੰਦਾ ਹੈ ਜਦੋਂ ‘ਦੀਜੈ ਬੁਧਿ ਬਿਬੇਕਾ’ ਦੇ ਬਾਣੀ ਬੋਲਾਂ ਅਨੁਸਾਰ,ਇਨ੍ਹਾਂ ਦੋਹਾਂ ਦੀ ਬਿਬੇਕੀ ਸਮਝ ਦਾ ਧੁਰ ਅੰਦਰੋਂ ਅਹਿਸਾਸ ਹੁੰਦਾ ਹੈ। ਮਿਸਾਲ ਦੇ ਤੌਰ ‘ਤੇ ਜਿਵੇਂ ਗੁਰਬਾਣੀ ਕੇਵਲ ‘ਧੁਰ ਕੀ ਬਾਣੀ’ ਜਾਂ ਰੱਬ- ਕੇਂਦ੍ਰਿਤ ਨਹੀਂ ਸਗੋਂ ਸਰਬ ਪ੍ਰਵਾਣਿਤ/ਪ੍ਰਮਾਣਿਤ, ਦੁਨਿਆਵੀ ਸੱਚ/ਸੱਭਿਆਚਾਰ ਤੋਂ ਵੀ ਨਿਰਲੇਪ ਨਹੀਂ ਜੋ ਕਿਸੇ ਵਿਅਕਤੀ-ਵਿਸ਼ੇਸ਼ ਜਾਂ ਧਰਮ, ਕੌਮ, ਜਾਤ, ਇਲਾਕੇ ਲਈ ਹੀ ਨਹੀਂ ਸਗੋਂ ਵਿਸ਼ਵਵਿਆਪੀ ਅਰਥਾਂ ਵਿੱਚ ਮਨੁੱਖੀ ਕਦਰਾਂ-ਕੀਮਤਾਂ ਨੂੰ ਵੀ ਆਪਣੇ ਕਲਾਵੇ ਵਿੱਚ ਲੈਂਦੀ ਹੈ।—- —- ਇਥੇ ਹੀ ਬੱਸ ਨਹੀਂ, ਕਿਸੇ ਵੀ ਸੂਝਵਾਨ ਪਾਠਕ/ਵਿਦਵਾਨ ਆਲੋਚਕ ਲਈ ਵੀ ਇਹ ਲਾਜ਼ਮੀ ਸ਼ਰਤ ਬਣ ਜਾਂਦੀ ਹੈ ਕਿ ਕਾਵਿ ਦੇ ਅੰਤਰਗਤ ਵਰਤਮਾਨ/ਕਿਰਿਆਸ਼ੀਲ ਨਿਯਮਾਂ ਨੂੰ ਆਪਣੀ ਦ੍ਰਿਸ਼ਟੀ ਦਾ ਕੇਂਦਰਬਿੰਦੂ ਬਣਾਵੇ। ਲੇਖਕ ਅਤੇ ਪਾਠਕ ਦੀ ਇਹ ਸਾਹਿਤਮੁਖੀ ਧਰਾਤਲੀ ਸਾਂਝ ਹੀ ਸਾਹਿਤ ਦੀਆਂ ਭਵਿੱਖਮੁਖੀ ਸੰਭਾਵਨਾਵਾਂ ਨੂੰ ਸਹੀ ਮਾਅਨਿਆਂ ਵਿੱਚ ਉਜਾਗਰ ਕਰ ਸਕਦੀ ਹੈ। ਨਿੱਜੀ ਤੌਰ ‘ਤੇ ਕਹਿ ਦੇਵਾਂ, ਮੈਨੂੰ ਇਹ ਅਹਿਸਾਸ ਉਸ ਵਕਤ ਹੋ ਗਿਆ ਸੀ ਜਦੋਂ ਮੈਂ ਆਪਣੇ ਜੀਵਨ -ਕਾਲ ਵਿੱਚ ਅਧਿਐਨ ਅਤੇ ਅਧਿਆਪਨ ਦੇ ਕਾਰਜ ਸਮੇਂ ਆਪਣੇ ਵਿਦਿਆਰਥੀਆਂ ਦੇ ਰੂਬਰੂ ਹੁੰਦਾ ਸੀ ਅਤੇ ਉਸੇ ਸਮੇਂ ਦੌਰਾਨ ਹੀ ਆਪਣੀ ਆਲੋਚਨਾਤਮਿਕ ਪੁਸਤਕ, “ਪਰਮਜੀਤ ਸੋਹਲ – ਕਾਵਿ ਦਾ ਪਾਠਗਤ ਵਿਸ਼ਲੇਸ਼ਣ” ਲਿਖੀ ਸੀ, ਉਸ ਦੀ ਭੂਮਿਕਾ ਦੇ ਸ਼ਬਦ ਵੀ ਨਾਮਵਰ ਪੰਜਾਬੀ ਆਲੋਚਕ ਡਾਕਟਰ ਹਰਿਭਜਨ ਸਿੰਘ ਭਾਟੀਆ ਨੇ ਲਿਖੇ ਸਨ।— ਮੈਂ ਬਤੌਰ ਪਾਠਕ ਸੱਚ ਕਹਾਂ, ਮਾਅਰਕੇ ਵਾਲੀ ਗੱਲ ਤਾਂ ਇਹ ਹੈ ਕਿ ਮੈਂ ਜਿਉਂ- ਜਿਉਂ ‘ਨਿਆਜ਼ਬੋ’ ਕਾਵਿ- ਸੰਗ੍ਰਹਿ ਦਾ ਅਧਿਐਨ ਕਰ ਰਿਹਾ ਸਾਂ, ਮੈਨੂੰ ਇਸ ਦੇ ਸ਼ਬਦ – ਸਿਧਾਂਤ/ਸ਼ਬਦ – ਸੁਰਤਿ ਦੇ ਕਾਵਿਕ-ਮਾਹੌਲ ਵਿੱਚੋਂ ਇਉਂ ਪ੍ਰਤੀਤ ਹੋ ਰਿਹਾ ਸੀ ਜਿਵੇਂ ਮੈਂ ਜੀਵਨ-ਹਿਯਾਤੀ ਨੂੰ ਪ੍ਰਮਾਣਿਕ ਰੂਪ ਵਿੱਚ ਪਰਿਭਾਸ਼ਿਤ ਕਰਨ ਵਾਲੇ ਸਾਧੂ ਦਯਾ ਸਿੰਘ ਆਰਿਫ਼ ਦੀ ਮਕਬੂਲ ਪੁਸਤਕ ‘ਜ਼ਿੰਦਗੀ ਬਿਲਾਸ’ ਦਾ ਪਾਠ ਕਰ ਰਿਹਾ ਹੋਵਾਂ। ਮੇਰੀ ਆਪਣੀ ਬਿਰਤੀ-ਪ੍ਰਕ੍ਰਿਤੀ ਅਨੁਸਾਰ ਵੀ ‘ਨਿਆਜ਼ਬੋ’ ਦਾ ਅਧਿਐਨ ਮੇਰੀ ਖ਼ੁਸ਼ਨਸੀਬੀ ਹੈ। —- —- ਇਨ੍ਹਾਂ ਪ੍ਰਮਾਣਿਕ ਤੱਥਾਂ/ਵਿਚਾਰਾਂ ਦੇ ਸੰਦਰਭ ਵਿੱਚ ਡਾ. ਸਰਬਜੀਤ ਸਿੰਘ ਦੀ ਉਪਰੋਕਤ ਕਵਿਤਾ ਦਾ ਖ਼ੁਲਾਸਾ ਮਨਦੀਪ ਭੰਮਰਾ-ਕਾਵਿ ਦੇ ਲਿਖਤ – ਪਾਠ ਦੇ ਆਧਾਰ ‘ਤੇ ਸਹਿਜੇ ਹੀ ਕੀਤਾ ਜਾ ਸਕਦਾ ਹੈ ਅਤੇ ਉਪਰੋਕਤ ਕਵਿਤਾ ਦੀ ਸਾਰਥਿਕਤਾ ਦੀ ਵੀ ਭਲੀਭਾਂਤ ਪਛਾਣ ਹੋ ਸਕੇਗੀ। ਮੇਰੀ ਜਾਚੇ, ਭੰਮਰਾ-ਕਾਵਿ ਦੇ ਵਿਸ਼ਲੇਸ਼ਣਮਈ ਅਧਿਐਨ ਉਪਰੰਤ ਹੀ ਇੱਕ ਮੁਲਾਂਕਣ ਵਜੋਂ ਇਸ ਕਾਵਿ-ਚੌਖ਼ਟੇ ਦੀਆਂ ਦਰਪੇਸ਼ ਧਾਰਨਾਵਾਂ/ਸਥਾਪਨਾਵਾਂ ਦੇ ਅੰਤਰਗਤ ਇਹ ਸਾਰਾ ਕੁਝ ਪਾਠਕਾਂ ਦੇ ਰੂਬਰੂ ਹੋ ਸਕੇਗਾ। ਇਸ ਦੇ ਮਾਧਿਅਮ ਰਾਹੀਂ ਹੀ ਪਾਠ, ਪਾਠਕ ਤੇ ਪ੍ਰਤਿਕਰਮ ਦੀ ਤ੍ਰਿਵੈਣੀ ਵਿਧੀਵੱਤ ਰੂਪ ਵਿੱਚ, ਭੰਮਰਾ- ਕਾਵਿ ਦੀਆਂ ਬਹੁਪਰਤੀ ਅਤੇ ਬਹੁਦਿਸ਼ਾਵੀ ਭਾਵਨਾਵਾਂ/ਅਕਾਖਿਆਵਾਂ ਨੂੰ ਆਪਣੀ ਦ੍ਰਿਸ਼ਟੀ ਦਾ ਕੇਂਦਰਬਿੰਦੂ ਬਣਾ ਸਕੇਗੀ।
ਮਨਦੀਪ ਭੰਮਰਾ ਦੇ ਕਾਵਿ-ਸਿਧਾਂਤ ਦੀ ਵਿਚਾਰਨਯੋਗ ਗੱਲ ਤਾਂ ਇਹ ਹੈ ਕਿ ਉਹ ਸ਼ਬਦਾਂ ਦੇ ਅੱਖਰੀ ਗਿਆਨ ਜਾਂ ਕੋਸ਼ਿਕ ਅਰਥਾਂ ਤੱਕ ਸੀਮਿਤ ਨਹੀਂ ਸਗੋਂ ਉਹ ਹਮੇਸ਼ਾਂ, ਪ੍ਰਯੋਗ ਹੋਏ ਉਨ੍ਹਾਂ ਸ਼ਬਦਾਂ ਦੀ ਤਹਿ ਤੱਕ ਜਾਣ ਦੀ ਲੋਚਾ ਰੱਖਦੀ ਹੈ। ਆਮ ਸ਼ਾਇਰਾਂ ਦੀ ਤਰ੍ਹਾਂ,ਉਸ ਦੀ ਤਥਾ-ਕਥਿਤ ਕਾਵਿ ਕਲਪਨਾ ਹੀ ਉਸ ਦੇ ਅਧਿਐਨ ਦੀ ਸੀਮਾ ਰੇਖਾ ਨਹੀਂ ਬਣਦੀ, ਉਸ ਦੀ ਮਨਸ਼ਾ ਵਿਸ਼ਾਗਤ ਪਰਿਪੇਖ ਅਨੁਸਾਰ ਕਾਵਿ ਦੇ ਅਸਲ ਅਰਥਾਂ ਨੂੰ ਸਮਝਣ/ਸਮਝਾਉਣ ਲਈ ਵੀ ਯਤਨਸ਼ੀਲ ਹੋਣਾ ਹੈ। ਉਸ ਦੀ ਇਹੋ ਕਾਵਿ ਵਿਲੱਖਣਤਾ ਹੈ ਜੋ ਉਸ ਨੂੰ ਆਪਣੇ ਅਮੀਰ ਸੱਭਿਆਚਾਰਕ/ ਵਿਰਸਾਗਤ ਚੇਤਨਾ ਨਾਲ ਹੀ ਨਹੀਂ ਜੋੜਦੀ ਸਗੋਂ ਇਸ ਨੂੰ ਪੰਜਾਬੀ ਮਾਂ-ਬੋਲੀ ਦੇ ਮਾਧਿਅਮ ਰਾਹੀਂ, ਆਪਣੇ ਵਿਰਸੇ ਨਾਲ ਜੁੜੇ ਪ੍ਰਮਾਣਿਕ ਤੱਥਾਂ ਦੇ ਆਧਾਰ ‘ਤੇ, ਮਨੁੱਖੀ ਇਤਿਹਾਸ ਦਾ ਅੰਗ ਬਣਾਉਣ ਦੀ ਵੀ ਚਾਹਵਾਨ ਪ੍ਰਤੀਤ ਹੁੰਦੀ ਹੈ ਕਿਉਂਕਿ ਇਨ੍ਹਾਂ ਤੱਥਾਂ ਦੀ ਪ੍ਰਾਸੰਗਿਕ ਵਿਆਖਿਆ ਪੀੜ੍ਹੀ-ਦਰ-ਪੀੜ੍ਹੀ ਆਪਣਾ ਨਿਵੇਕਲਾ ਪ੍ਰਭਾਵ ਛੱਡਦੀ ਹੈ ; ਸ਼ਾਇਰਾ ਮਨਦੀਪ ਭੰਮਰਾ ਭਵਿੱਖ ਵਿੱਚ ਵੀ ਆਪਣੀ ਵਿਸ਼ਾਗਤ/ਥੀਮਿਕ ਨਿਰੰਤਰਤਾ ਨੂੰ ਲਾਜ਼ਮੀ ਕਾਇਮ ਰੱਖੇਗੀ, ਉਸ ਦੇ ਇਨ੍ਹਾਂ ਕਾਵਿ-ਗੁਣਾਂ ਦਾ ਮੈਂ ਧੁਰ ਅੰਦਰੋਂ ਚਾਹਵਾਨ ਹਾਂ। ਸ਼ਬਦਾਂ ਦਾ ਸਾਹਿੱਤਕ ਮੁੱਲ ਪਵਾਉਣ ਪ੍ਰਤਿ ਉਸ ਦੀ ਚੇਤੰਨਤਾ/ਸੁਹਿਰਦਤਾ ਵੀ ਆਪਣੀ ਮਿਸਾਲ ਆਪ ਹੈ; ਉਸ ਦੇ ਇਨ੍ਹਾਂ ਨਿਮਨਲਿਖਤ ਮੌਲਿਕ ਸ਼ਬਦਾਂ ਤੋਂ ਇਹ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ; ਜਿਵੇਂ ਕਿ ਉਸ ਦੇ ਕਾਵਿ-ਅਨੁਭਵ ਦਾ ਅੰਗ ਬਣੇ-ਮੱਥੇ ‘ਤੇ ਚਿੰਤਨ ਦਾ ਡਲ੍ਹਕਦਾ ਹੀਰਾ, ਜਾਗੀ ਹੋਈ ਸੁਰਤ, ਚੇਤਨਾ ‘ਚ ਉੱਗੀ ਸੋਚ, ਆਤਮਾ ਦਾ ਨੂਰ, ਵਿੱਦਿਆ ਦਾ ਚਾਨਣ ਵਰਗੇ ਵੱਡਮੁੱਲੇ/ਪ੍ਰਯੋਗ ਹੋਏ ਲਫ਼ਜ਼ ਵਿਸ਼ੇਸ਼ ਧਿਆਨ ਦੀ ਮੰਗ ਕਰਦੇ ਹਨ: —– ਮੱਥੇ ‘ਤੇ ਚਿੰਤਨ ਦਾ ਡਲ੍ਹਕਦਾ ਹੀਰਾ ਚਮਕੇ, —– ਨਾਮ ਪੁਸਤਕ ਦਾ ‘ ਨਿਆਜ਼ਬੋ ‘ ਹੈ ਤੁਹਾਡੀ ਨਜ਼ਰ, —– ਸਿਰਜਣਾ ਦੇ ਸਮੇਂ ਤੇਰੇ ਅੰਦਰ ਜੋ ਜੋਤ ਜਗਦੀ, —- ਇਕ ਸੁੱਚੇ ਸ਼ਬਦਾਂ ਦੀ ਮਾਲਾ ਅਸਾਂ ਪਰੋ ਹੀ ਜਾਣੀ, —- ਸੋਹਣੇ ਸ਼ਬਦਾਂ ਸੰਗ ਸੋਹਣੇ ਜੋ ਵਾਕ ਸਿਰਜੀਏ, ਵਿਚਾਰਾਧੀਨ ਸ਼ਾਇਰਾ ਮਨਦੀਪ ਭੰਮਰਾ ਦਾ ਕਾਵਿ-ਸਿਧਾਂਤ, ਉਸ ਦੇ ਸਮੁੱਚੇ ਕਾਵਿ-ਸੰਗ੍ਰਹਿ ਵਿੱਚ ਥਾਂ- ਪੁਰ- ਥਾਂ ਮੂਰਤੀਮਾਨ ਹੋਇਆ ਹੈ ਜੋ ਉਸ ਦੇ ਕਾਵਿ ਨੂੰ ਸੁਹਜਮਈ ਅਤੇ ਸਹਿਜਭਾਵੀ ਹੋਣ ਦੀ ਆਧਾਰਸ਼ਿਲਾ ਬਣਦਾ ਹੈ। ਦੇਖਿਆ ਜਾਵੇ ਤਾਂ ਇਹ ਦੋਨੋਂ ਲਫ਼ਜ਼ (ਸੁਹਜ ਤੇ ਸਹਿਜ) ਅਨੁਪਾਤਿਕ ਰੂਪ ਵਿੱਚ ਕਿਸੇ ਮਾਪਦੰਡ ਜਾਂ ਪ੍ਰਤਿਮਾਨ ਦੇ ਮੁਥਾਜ ਨਹੀਂ ਨਾ ਹੀ ਇਨ੍ਹਾਂ ਨੂੰ ਕਿਸੇ ਵਿਗਿਆਨਕ ਫ਼ਾਰਮੂਲੇ ਰਾਹੀਂ ਪਰਿਭਾਸ਼ਿਤ ਹੀ ਕੀਤਾ ਜਾ ਸਕਦਾ ਹੈ। ਅੰਤਰਮੁਖੀ ਕਿਰਿਆਸ਼ੀਲਤਾ ਵਜੋਂ ਇਹ ਇੱਕ ਦੂਜੇ ਦੇ ਪੂਰਕ ਵੀ ਹਨ।ਵਿਸ਼ੇਸ਼ ਗੱਲ ਤਾਂ ਇਹ ਹੈ ਕਿ ਵਿਅਕਤੀਗਤ ਅਮਲ/ਪਹੁੰਚ ਵਜੋਂ ਇਨ੍ਹਾਂ ਦਾ ਹਾਸਲ ਹੋਣਾ ਵੀ ਨਿੱਜ ਤੋਂ ਪਰ ਤੱਕ ਦੀ ਵਿਆਖਿਆ ਹੈ। ਸਮਝੋ, ਜਦੋਂ ‘ਕਰਮੀ ਆਪੋ ਆਪਣੀ ‘ ਦਾ ਸਾਕਾਰਾਤਮਿਕ ਜਾਂ ਸਮੂਹਕ ਰੂਪ ਵਿੱਚ ਪ੍ਰਵਾਨਗੀ ਵਾਲਾ ਸਿਧਾਂਤ, ਆਪਣੇ ਅਭਿਆਸੀ ਦਾਇਰੇ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਇਹੋ ਕਰਮਸ਼ੀਲਤਾ ਆਪਣੇ ਜਲੌਅ ਵਜੋਂ, ਆਨੰਦ ਦਾ ਮੂਲ ਸ੍ਰੋਤ ਬਣ ਜਾਂਦੀ ਹੈ। ਅਜਿਹੀ ਲਗਨ ਦੀ ਅਵਸਥਾ ਵਿੱਚ, ਮਨੁੱਖ ਆਪਣੇ ਬੇਲੋੜੇ ਦੁਨਿਆਵੀ ਝਮੇਲਿਆਂ ਤੋਂ ਮੁਕਤੀ ਪ੍ਰਾਪਤ ਕਰਕੇ, ਆਪਣੇ ਆਪ ਨੂੰ ਤਣਾਓਮੁਕਤ ਮਹਿਸੂਸ ਕਰਦਾ ਹੈ; ਆਪਣੇ ਮਿੱਠੇ ਪਿਆਰੇ ਬੋਲਾਂ ਦੀ ਓਟ ਲੈ ਕੇ, ਟਿਕਾਓ ਦੇ ਪਲਾਂ ਤਹਿਤ ਮਾਨਸਿਕ ਖਿੜਾਓ ਵਾਲੀ ਸੁਹਜ ਭਰਪੂਰ ਜ਼ਿੰਦਗੀ ਬਸਰ ਕਰਦਾ ਹੈ, ਫਿਰ ਉਸ ਨੂੰ ਕੋਈ ਵੀ ਓਪਰਾ ਨਹੀਂ ਲੱਗਦਾ, ਸਭ ਆਪਣੇ ਹੀ ਲੱਗਦੇ ਹਨ ; ਇਹ ਸਾਰਾ ਕੁਝ ਤਦ ਹੀ ਸੰਭਵ ਹੈ ਜੇਕਰ ਕਵੀ, ਕਵੀ ਹੋਵੇ- ਕਵਿਤਾ, ਕਵਿਤਾ ਹੋਵੇ। ਮਨਦੀਪ ਭੰਮਰਾ-ਕਾਵਿ ਬਾਰੇ ਇਹ ਮੁੱਲਵਾਨ ਲਫ਼ਜ਼ਾਂ ਦਾ ਪ੍ਰਯੋਗ ਹੋਣਾ ਕਿੰਨਾ ਕੁ ਜ਼ਾਇਜ਼ ਹੈ ? ਇਹ ਵਿਚਾਰਨਯੋਗ ਨੁਕਤਾ ਹੈ। ਅਗਰ ਭੰਮਰਾ-ਕਾਵਿ ਸੰਬੰਧੀ ਇਨ੍ਹਾਂ ਲਫ਼ਜ਼ਾਂ (ਸੁਹਜ ਤੇ ਸਹਿਜ) ਦਾ ਪ੍ਰਯੋਗ ਹੋਣਾ ਜ਼ਾਇਜ਼ ਹੈ ਤਾਂ ਇਨ੍ਹਾਂ ਦੇ ਮੂਲ ਸ੍ਰੋਤ ਕੀ ਹਨ ? ਇਹ ਕੁਝ ਵਿਸ਼ੇਸ਼ ਪਹਿਲੂ ਹਨ ਜਿਨ੍ਹਾਂ ਬਾਰੇ ਚਰਚਾ ਕਰਨੀ ਵੀ ਅਤਿ ਜ਼ਰੂਰੀ ਹੈ ਕਿਉਂਕਿ ਲਫ਼ਜ਼ਾਂ ਨੂੰ ਕੋਸ਼ਿਕ ਅਰਥਾਂ ਤੱਕ ਨਹੀਂ ਸਗੋਂ ਸਾਹਿੱਤਕ ਅਤੇ ਮਨੁੱਖੀ ਸਰੋਕਾਰਾਂ ਦੀ ਰੌਸ਼ਨੀ ਵਿੱਚ ਸਮਝਣ ਦੀ ਲੋੜ ਹੈ। ਜਿਵੇਂ ਕਿ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ, ਮਨਦੀਪ ਭੰਮਰਾ ਗੁਰੂ ਸਾਹਿਬਾਨ ਦੀ ਵਰੋਸਾਈ ਧਰਤਿ ਪੰਜਾਬ ਦੀ ਵਾਰਸ ਹੈ; ਇਸ ਲਈ ਗੁਰਬਾਣੀ ਚਿੰਤਨ ਉਸ ਦੇ ਜੀਵਨ ਦਾ ਆਧਾਰ ਵੀ ਹੈ ਅਤੇ ਅਮਲ ਵਜੋਂ ਇਕ ਵੱਡਾ ਢਾਰਸ ਵੀ। ਇਹ ਉਸ ਲਈ ਪ੍ਰੇਰਨਾਸ੍ਰੋਤ ਵੀ ਹੈ ਅਤੇ ਸਿਧਾਂਤਕ ਤੌਰ ‘ਤੇ ਵਿਚਾਰਧਾਰਕ ਰੂਪਾਂਤਰਣ ਵਜੋਂ ਉਸ ਦੀ ਕਾਵਿ-ਚੇਤਨਾ ਵੀ।ਉਸ ਦੀ ਵਿਸ਼ੇਸ਼ ਖ਼ੂਬੀ ਇਹ ਹੈ ਕਿ ਉਹ ਗੁਰਮਤਿ ਦੇ ਕ੍ਰਾਂਤੀਕਾਰੀ ਸਿਧਾਂਤਕ ਪਰਿਪੇਖ ਤੱਕ ਸੀਮਿਤ ਨਹੀਂ ਸਗੋਂ ਗੁਰਮਤਿ ਦੇ ਪੋਰੋਕਾਰਾਂ ਵਿੱਚ ਆਏ ਨਿਘਾਰ ਬਾਰੇ ਵੀ ਧੁਰ ਅੰਦਰੋਂ ਚਿੰਤਤ ਹੈ ਕਿਉਂਕਿ ਉਹ ਗੁਰਬਾਣੀ ਸਿਧਾਂਤਾਂ ਦੀ ਨਿਰੰਤਰਤਾ ਦੀ ਚਾਹਵਾਨ ਹੈ। ਵਿਅਕਤੀਗਤ ਤੌਰ ‘ਤੇ ਇਹੋ ਉਸ ਦੇ ਜੀਵਨ-ਸੁਹਜ/ਸੁਹਿਰਦਤਾ ਦਾ ਚਿੱਟੇ ਦਿਨ ਵਰਗਾ ਸਬੂਤ ਹੈ। ਉਹ ਆਪਣੇ ਕਾਵਿ – ਆਗ਼ਾਜ਼/ਕਾਵਿ-ਅਨੁਭਵ ਵਜੋਂ ਕੇਵਲ ਗੁਰੂ ਨਾਨਕ ਸਾਹਿਬ ਦੇ ਜੀਵਨ – ਸਿਧਾਤਾਂ ਜਾਂ ਜੀਵਨ- ਸ਼ੈਲੀ ਨੂੰ ਹੀ ਆਪਣੇ ਪਾਠਕਾਂ ਦੇ ਰੂਬਰੂ ਨਹੀਂ ਕਰ ਰਹੀ ਸਗੋਂ ਉਨ੍ਹਾਂ ਸਿਧਾਂਤਾਂ ਨੂੰ ਰੋਲ ਮਾਡਲ ਦੇ ਤੌਰ ‘ਤੇ ਪ੍ਰੇਰਨਾਸ੍ਰੋਤ ਵਜੋਂ ਵੀ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਆਪਣਾ ਨੈਤਿਕ ਫ਼ਰਜ਼ ਸਮਝਦੀ ਹੈ। ਜਦੋਂ ਇਹ ਸਾਰਾ ਕੁਝ ਸਿੱਖ ਸੱਭਿਆਚਾਰ ਦੇ ਤੌਰ ‘ਤੇ ਯੋਜਨਾਬੱਧ ਜੁਗਤ ਨਾਲ ਇਕ ਆਦਰਸ਼ਕ ਮਨੁੱਖ ਦੀ ਘਾੜਤ/ਸਥਾਪਤੀ ਵਿੱਚ ਜੁੱਟਦਾ ਹੈ ਤਾਂ ਹੋਰ ਵੀ ਸੁਹਜਮਈ ਮਾਹੌਲ ਦੀ ਉਸਾਰੀ ਹੁੰਦੀ ਹੈ।—- —- ਗੁਰੂ ਨਾਨਕ ਸਾਹਿਬ ਸੰਬੰਧੀ ਲਿਖੀ ਉਸ ਦੀ ਪ੍ਰਥਮ ਰਚਨਾ ਵਿਸ਼ੇਸ਼ ਤੌਰ ‘ਤੇ ਵਰਨਣਯੋਗ ਹੈ। ਉਹ ਗੁਰੂ ਜੀ ਦੀ ਧੁਰ-ਦਰਗਾਹੀ ਸ਼ਬਦ-ਸ਼ਕਤੀ ‘ਤੇ ਵੀ ਕੇਂਦ੍ਰਿਤ ਹੁੰਦੀ ਹੈ ਦੂਜੇ ਪਾਸੇ ਸਿੱਖੀ ਜੀਵਨ ਵਰਤਾਰੇ ਦੇ ਤਥਾ-ਕਥਿਤ ਪੈਰੋਕਾਰ ਕਿਹੋ ਜਿਹੇ ਅਣਕਿਆਸੇ/ਅਣਸੁਖਾਵੇਂ ਮਾਹੌਲ ਦਾ ਪ੍ਰਦਰਸ਼ਨ ਕਰ ਰਹੇ ਹਨ, ਧਰਮ- ਚੇਤਨਾ-ਸਿਧਾਂਤ ਅਤੇ ਵਿਵਹਾਰ ਦੇ ਪ੍ਰਸਪਰ ਟਕਰਾਓ ਪ੍ਰਤਿ ਉਸ ਦਾ ਨਜ਼ਰੀਆ ਬੜਾ ਸਪੱਸ਼ਟ ਹੈ; ਉਸ ਲਈ ਇਹ ਵੱਡੀ ਚਿੰਤਾ ਦਾ ਵਿਸ਼ਾ ਵੀ ਹੈ।ਉਸ ਦੀ ਇਹ ਸੰਵੇਦਨਸ਼ੀਲਤਾ ਬਤੌਰ ਸ਼ਾਇਰਾ ਉਸ ਨੂੰ ਧਾਰਮਿਕ/ਸਮਾਜਿਕ ਚੇਤਨਾ ਦੇ ਬੜੇ ਵੱਡੇ ਕੈਨਵਸ ਨੂੰ ਕਲਾਵੇ ਵਿੱਚ ਲੈਣ ਦੀ ਸਮਰੱਥਾ ਪ੍ਰਦਾਨ ਕਰਦੀ ਹੈ। ਇਸ ਨੂੰ ਉਸ ਦੀ ਵਿਗਿਆਨਕ ਪ੍ਰਗਤੀਵਾਦੀ ਸੁਰ ਕਹਿ ਲਵੋ ਜਾਂ ਕੁਝ ਹੋਰ ਜਾਂ ਉਸ ਦੀ ਮੱਧਕਾਲੀ ਚਿੰਤਨ ਦੀ ਓਟ ਤੱਕਦੀ ਅਭਿਲਾਖਾ: ਪਰੰਤੂ ਇਹ ਸਾਰਾ ਕੁਝ ਉਸ ਦੇ ਕਾਵਿ ਦਾ ਵਿਸ਼ਾ ਬਣਨਾ ਸੁਖਾਵੇਂ ਮਾਹੌਲ ਦਾ ਪ੍ਰਤਿਕਰਮ ਨਹੀਂ, ਜ਼ਿੰਦਗੀ ਦੇ ਕੌੜੇ- ਮਿੱਠੇ ਤਜ਼ਰਬਿਆਂ/ਅਨੁਭਵਾਂ ਦਾ ਸਾਖਿਆਤ ਨਤੀਜਾ ਹੈ। ਤ੍ਰਾਸਦੀ ਤਾਂ ਇਹ ਹੈ ਕਿ ਗੁਰੂ ਨਾਨਕ ਸਾਹਿਬ ਦੇ ਪਰਉਪਕਾਰੀ ਸੁਭਾਅ ਅਤੇ ਉਹਨਾਂ ਦੇ ਦਿਬ-ਕੇਂਦ੍ਰਿਤ ਚਿੰਤਨ ਦੀ ਕ੍ਰਾਂਤੀਕਾਰੀ ਬਿਰਤੀ ਦੀਆਂ ਅਦਭੁਤ/ਅਗੰਮੀ ਪ੍ਰਕਿਰਿਆਵਾਂ ਜੋ ਮਨੁੱਖੀ ਜੀਵਨ ਦੀਆਂ ਅਥਾਹ/ਅਨੰਤ ਸੰਭਾਵਨਾਵਾਂ ਨਾਲ ਜੁੜੀਆਂ ਹੋਈਆਂ ਹਨ, ਉਹਨਾਂ ਦੇ ਚਿੰਤਨ ਦੇ ਪਾਂਧੀ ਬਣਨ ਦੀ ਬਜਾਏ ਉਨ੍ਹਾਂ ਨੂੰ ਦਿਨੋਂ- ਦਿਨ ਭੁਲਾ ਰਹੇ ਹਾਂ; ਸ਼ਾਇਰਾ ਮਨਦੀਪ ਭੰਮਰਾ ਦੀਆਂ ਨਿਮਨਲਿਖਤ ਸਤਰਾਂ ਤੋਂ ਪ੍ਰਤੱਖ ਹੈ: —- ਸਿੱਖੀ ਮਹਾਨ ਧਰਮ ਦੁਨੀਆਂ ਵਿੱਚ ਹੈ ਨਿਆਰਾ, —- ਨਾਨਕ ਦੇ ਪੈਰੋਕਾਰ ਕੌਣ ਹਨ ਅੱਜ, — ਕਰਮ ਧਰਮ ਸਮਝਾ ਨਾਨਕ ਜਿਉਣਾ ਸਿਖਾ ਗਏ, ਇਸੇ ਲੜੀ ਵਿੱਚ ਮਨਦੀਪ ਭੰਮਰਾ ਦੀ ਦੂਜੀ ਕਵਿਤਾ ‘ਸ਼ਹੁ ਤੇ ਸ਼ਾਹ ਫ਼ਕੀਰ’ ਅਧਿਆਤਮ ਰੰਗ ਵਿੱਚ ਰੰਗੀ ਰਚਨਾ ਹੈ ਜਿਸ ਵਿੱਚ ਪਰਮਾਤਮਾ ਦੇ ਨਿਰਗੁਣ ਤੇ ਸਰਗੁਣ ਸਰੂਪ ਦੇ ਪਰਸਪਰ ਸੰਬੰਧਾਂ ਦੇ ਆਧਾਰ ‘ਤੇ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਭਗਤ ਪੀਪਾ ਜੀ ਦੇ ਬਾਣੀ- ਬੋਲਾਂ ਦੀ ਵਿਆਖਿਆ, ਆਪਣੀ ਕਾਵਿ- ਸਿਰਜਣਾ/ ਕਾਵਿ -ਅਨੁਭਵ ਦੇ ਤਹਿਤ ਉਸ ਨੇ ਬੜੀ ਖ਼ੂਬਸੂਰਤੀ ਨਾਲ ਦ੍ਰਿਸ਼ਟੀਗੋਚਰ ਕੀਤੀ ਹੈ। ਵਿਸ਼ੇਸ਼ ਗੱਲ ਤਾਂ ਇਹ ਹੈ ਕਿ ਇਹ ਕੋਈ ਅਜਿਹੀ ਵਿਚਾਰਧਾਰਕ/ਸਿਧਾਂਤਕ ਫੋਟੋਗ੍ਰਾਫੀ਼ ਨਹੀਂ ਜਾਂ ਕੇਵਲ ਵਿਦਵਤਾ ਭਰਪੂਰ ਗਿਆਨ ਮੰਡਲ ਦਾ ਪ੍ਰੰਪਰਾਗਤ ਵਿਸਥਾਰ ਨਹੀਂ ਜੋ ਕਿਸੇ ਹਵਾਲੇ ਵਜੋਂ ਕਿਸੇ ਵੀ ਵਾਰਤਕ-ਵਿਧਾ ਦਾ ਅੰਗ ਬਣਿਆ ਹੋਵੇ ਕਿਉਂਕਿ ਮੂਲ ਰੂਪ ਵਿੱਚ ਉਹ ਗੁਰਮਤਿ ਨੂੰ ਪ੍ਰਣਾਈ ਸ਼ਾਇਰਾ ਹੈ ਇਸ ਲਈ ਉਸ ਦੀ ਕਾਵਿ-ਸ਼ਖ਼ਸੀਅਤ ਤੋਂ ਗੁਰਬਾਣੀ ਸਿਧਾਂਤਾਂ ਦਾ ਅਜਿਹਾ ਰੂਪਾਂਤਰਣ ਹੋਣਾ, ਕਿਸੇ ਵੀ ਤਰ੍ਹਾਂ ਗ਼ੈਰ ਸੁਭਾਵਿਕ ਪ੍ਰਤੀਤ ਨਹੀਂ ਹੁੰਦਾ; ਉਸ ਵਲੋਂ ਹੱਡੀਂ- ਹੰਢਾਏ ਸ਼ਬਦ-ਸੱਭਿਆਚਾਰ ਪ੍ਰਤਿ ਲਗਾਓ/ ਸਮਝ/ਇਕਸੁਰਤਾ/ਇਕਾਗ੍ਰਤਾ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਉਸ ਦੀਆਂ ਹੇਠ ਲਿਖੀਆਂ ਕਾਵਿ- ਸਤਰਾਂ ਵਿਸ਼ੇਸ਼ ਤੌਰ ‘ਤੇ ਵਿਚਾਰਨਯੋਗ ਹਨ : — ਜੋ ਪਿੰਡੇ ਸੋ ਬ੍ਰਹਮਿੰਡੇ ਜਾਣੋ ਸ਼ਹੁ-ਨਗਰੀ, —- ਖ਼ਲਕਤ ਸਾਰੀ ਖਾਲਕ ਦੀ ਇੱਕੋ ਸਾਡਾ ਮਾਲਕ, — ਪਰਮ ਤੱਤ ਸੀਨੇ ਆਪਣੇ ਵਿੱਚ ਐਸਾ ਤੂੰ ਭਰੀਂ, — ਮੇਰਾ ਦਿਲ ਪਤਾ ਨਹੀਂ ਕਦ ਮੰਦਰ ਹੋ ਗਿਆ, — ਸਿਮਰਤੀਆਂ ਦੇ ਚਾਨਣੇ ਵਿੱਚ ਤੁਰਦੀ ਆਤਮਾ, ਪ੍ਰਤੱਖ ਹੈ, ਮਨਦੀਪ ਭੰਮਰਾ-ਕਾਵਿ ਦਾ ਪ੍ਰਯੋਜਨ ‘ਸੋਹਣੈ ਘਰ ਹੈ ਸ਼ਹੁ ਵਸਦਾ ਸੋਹਣੀ ਨਗਰੀ’ ਦੀ ਅੰਤਰਮੁਖੀ ਬਿਰਤੀ – ਪ੍ਰਕਿਰਤੀ ‘ਤੇ ਆਧਾਰਿਤ ਹੈ ਜੋ ਆਪਣੇ ਲੌਕਿਕ/ ਅਲੌਕਿਕ ਪਰਿਪੇਖ ਵਜੋਂ ਦੁਵੱਲੇ ਸੰਬੰਧਾਂ ਦਾ ਪ੍ਰਤੀਕ ਹੈ। ਮੱਧਕਾਲੀ ਚਿੰਤਨਧਾਰਾ ਅਨੁਸਾਰ ਉਹ ਰੱਬੀ- ਵਿਸ਼ਵਾਸ ਦੀ ਧਾਰਨੀ ਹੈ ਇਹੋ ਕਾਰਨ ਹੈ ਸਾਹਿਤਕਾਰੀ ਵਿੱਚ, ਜਿਸ ਨੂੰ ਅਸੀਂ ਵਿਗਿਆਨਕ ਪਹੁੰਚ ਵਾਲੇ/ਪ੍ਰਗਤੀਵਾਦੀ ਵਿਚਾਰਧਾਰਾਈ ਆਧਾਰਾਂ ਦੀ ਸੰਗਿਆ ਦਿੰਦੇ ਹਾਂ, ਉਹ ਆਮ ਸ਼ਾਇਰਾਂ/ਸਾਹਿਤਕਾਰਾਂ ਦੀ ਤਰ੍ਹਾਂ, ਮੂਲ਼ੋਂ ਹੀ ਉਸ ਦੀ ਸਮਰੱਥਕ ਨਹੀਂ ਸਗੋਂ ਉਹ ਆਪਣੇ ਪਰਿਪੱਕ ਅਕੀਦੇ ਅਨੁਸਾਰ ਪ੍ਰਭੂ ਸਿਰਜੀ ਕਾਇਨਾਤ ਦੀਆਂ ਮੂਲ ਕਦਰਾਂ-ਕੀਮਤਾਂ ਨੂੰ ਪਹਿਲ ਦੇ ਆਧਾਰ ‘ਤੇ ਸਵੀਕ੍ਰਿਤੀ ਦਿੰਦੀ ਹੈ। ਸੱਚ ਤਾਂ ਇਹ ਹੈ ਕਿ ਉਹ ਆਪਣੇ ਸਮਕਾਲੀ ਸਮਾਜ ਦੀਆਂ ਸਮੱਸਿਆਂਵਾਂ/ਦੁਸ਼ਵਾਰੀਆਂ ਤੋਂ ਵੀ ਬੇਲਾਗ਼ ਜਾਂ ਅਭਿੱਜ ਨਹੀਂ ਪਰੰਤੂ ਉਨ੍ਹਾਂ ਦਾ ਸਮਾਧਾਨ ਕਰਨ ਦੀ ਉਸ ਦੀ ਸੰਵੇਦਨਸ਼ੀਲਤਾ/ਕਰਮਸ਼ੀਲਤਾ, ਰੱਬੀ ਗੁਣਾਂ ਵਾਲੇ ਆਦਰਸ਼ਕ ਮਨੁੱਖ ਨੂੰ ਆਪਣਾ ਤੁਸੱਬਰ ਮੰਨਦੀ ਹੈ; ਉਸ ਦੀ ਇਹੋ ਕਾਵਿ- ਖ਼ੂਬੀ ਹੈ ਜੋ ਉਸ ਨੂੰ ਆਪਣੀ ਕਾਵਿ – ਸਿਧਾਂਤਕ ਪਹੁੰਚ ਦੇ ਆਧਾਰ ‘ਤੇ ਆਮ ਪ੍ਰਗਤੀਵਾਦੀ ਕਵੀਆਂ ਤੋਂ ਵੱਖਰਿਆਉਂਦੀ ਹੈ। ਕੁਲ ਮਿਲਾ ਕੇ ਉਸ ਦਾ ਪ੍ਰਗਤੀਵਾਦ ਕੇਵਲ ਭੌਤਿਕ ਜਗਤ ਤੱਕ ਸੀਮਿਤ ਨਹੀਂ ਜੋ ਕੇਵਲ ਤੇ ਕੇਵਲ ਮਨੁੱਖੀ ਤਾਕਤਾਂ ਨੂੰ ਆਪਣਾ ਅੰਤਿਮ ਲਖਸ਼ ਮੰਨਦਾ ਹੋਵੇ ; ਇਸੇ ਕਾਰਨ ਉਹ ਇਨ੍ਹਾਂ ਬਾਹਰੀ ਸ਼ਕਤੀਆਂ ਉਤੇ, ਅਲੌਕਿਕ ਸ਼ਕਤੀ ਦੇ ਅੰਤਰੀਵੀ ਅੰਕੁਸ਼ ਦੀ ਦਖ਼ਲ ਅੰਦਾਜ਼ੀ ਤੋਂ ਮੁਨਕਰ ਨਹੀਂ।—– —– ਪ੍ਰਤੀਤ ਹੁੰਦਾ ਹੈ ਕਿ ਮਨਦੀਪ ਸ਼ਾਇਰਾ ਗੁਰਮਤਿ ਸਿਧਾਂਤਾਂ ‘ਚੋ ਉਘੜਦੀ ਮਨੁੱਖੀ ਪਰਿਭਾਸ਼ਾ ਨੂੰ ਆਪਣੇ ਜੀਵਨ ਦਾ ਮੂਲ-ਬਿੰਦੂ ਮੰਨਦੀ ਹੈ ਜੋ ਭਾਈਚਾਰਕ ਸਾਂਝਾਂ ‘ਤੇ ਉਸਰੀ ਵਿਸ਼ਵਵਿਆਪੀ ਚੇਤਨਾ ਦੀ ਪ੍ਰਤੀਕ/ਸਮਰੱਥਕ ਹੈ ; ਮਨੁੱਖ ਵਿਚੋਂ ਮਨੁੱਖਤਾ ਦਾ ਮਨਫੀ ਹੋਣਾ ਉਸ ਨੂੰ ਕਤੱਈ ਪਸੰਦ ਨਹੀਂ। ਉਸ ਦੇ ਇਹੋ ਵਿਸ਼ੇਸ਼ ਕਾਵਿ-ਗੁਣ ਹਨ ਜੋ ਉਸ ਦੇ ਕਾਵਿ – ਸੁਹਜ ਨੂੰ ਅੰਦਰੂਨੀ ਅਤੇ ਬਾਹਰੀ ਬੱਲ ਬਖ਼ਸ਼ਦੇ ਹਨ। ਇਸੇ ਕਾਰਨ ਉਸ ਦੇ ਜੀਵਨ ਦੇ ਰੋਲ ਮਾਡਲ ਦੁਨਿਆਵੀ /ਮਾਇਆਵੀ ਆਮ ਵਿਅਕਤੀ ਨਹੀਂ, ਸਿੱਖੀ ਚੇਤਨਾ/ਇਤਿਹਾਸਕ ਪਾਤਰਤਾ ਵਾਲੇ ਵਿਅਕਤੀ- ਵਿਸ਼ੇਸ਼ ਹਨ ; ਇਸ ਦਾ ਇਹ ਭਾਵ ਵੀ ਕਤੱਈ ਨਹੀਂ ਕਿ ਪੰਜਾਬ ਧਰਤਿ ਦੇ ਆਜ਼ਾਦੀ ਦੇ ਪਰਵਾਨਿਆਂ/ਸ਼ਹੀਦਾਂ/ ਮਰਜੀਵੜਿਆਂ ਨੂੰ, ਉਹ ਆਪਣਾ ਕਾਵਿ- ਵਿਸ਼ਾ ਜਾਂ ਪ੍ਰੇਰਨਾਸ੍ਰੋਤ ਨਹੀਂ ਮੰਨਦੀ। ਲੋੜੀਂਦੇ ਰੂਪ ਵਿੱਚ ਕਾਵਿਕ ਪ੍ਰਾਸੰਗਿਕਤਾ/ਇਤਿਹਾਸਕ ਵੇਰਵਿਆਂ ਅਨੁਸਾਰ ਉਨ੍ਹਾਂ ਦੇ ਹਵਾਲੇ ਦੇਣੇ ਵੀ ਆਪਣਾ ਨੈਤਿਕ ਫ਼ਰਜ਼ ਸਮਝਦੀ ਹੈ।ਇਸ ਤਰ੍ਹਾਂ ਉਸ ਦਾ ਇਹ ਪ੍ਰਗਤੀਵਾਦੀ ਸੰਭਾਵੀ ਕਾਵਿ-ਮਾਡਲ ਨਾ ਹੀ ਕਿਸੇ ਤਥਾ- ਕਥਿਤ ਮਨੁੱਖੀ ਇਤਿਹਾਸ ਦੇ ਚਿੰਤਕਾਂ/ਅਰਥ ਸ਼ਾਸ਼ਤ੍ਰ ਦੇ ਦਾਰਸ਼ਨਿਕ ਸਿਧਾਂਤਾਂ/ਵਿਰੋਧਵਿਕਾਸੀ ਭੌਤਿਕ ਯਥਾਰਥਵਾਦ ਦੀਆਂ ਨੀਹਾਂ ‘ਤੇ ਉਸਰਿਆ ਹੈ ਅਤੇ ਨਾ ਹੀ ਉਹ ਆਪਣੇ ਮੂਲ ਵਜੋਂ/ਮੁੱਢੋਂ-ਸੁੱਢੋਂ ਵਿਗਿਆਨਕ ਫਾ਼ਰਮੂਲਿਆਂ ਦਾ ਮੁਥਾਜ ਹੈ। ਪ੍ਰਮਾਣ ਵਜੋਂ ਉਸ ਦੀਆਂ ਇਨ੍ਹਾਂ ਕਾਵਿ- ਸਤਰਾਂ ਦੇ ਆਧਾਰ ‘ਤੇ,ਉਸ ਦੀਆਂ ਉਪਰੋਕਤ ਧਾਰਨਾਵਾਂ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ : —- ਹੁੰਦੈ ਬਖ਼ਸ਼ਿਸ਼ ਦਾ ਸਮਾਂ ਤਾਂ ਕਲਾ ਵਿਗਸਦੀ, —- ਰਹਿਮਤ ਤੋਂ ਬਿਨਾਂ ਪ੍ਰਾਪਤੀ ਸੰਭਵ ਨਾ ਇਕੱਲੀ, —- ਹਿੱਕਾਂ ਡਾਹ ਕੇ ਖੜ੍ਹੀਦੈ ਕਾਲ਼ੀ ਤਾਕਤਾਂ ਸਾਹਵੇਂ, —- ਤੁਰਦੇ ਰਹਾਂਗੇ ਇਸ ਅਨੰਤ ਸਫ਼ਰ ਵਿਚ ਅੰਤ ਤੀਕ, —- ਸ਼ਬਦ ਦਾ ਪੁਲ ਬਣਾਵਾਂਗੇ ਤੇ ਅਸੀਂ ਪਾਰ ਜਾਵਾਂਗੇ, ਵਿਚਾਰਾਧੀਨ ਸ਼ਾਇਰਾ ਮਨਦੀਪ ਭੰਮਰਾ ਦੀ ਕਵਿਤਾ ਦਾ ਵਿਸ਼ੇਸ਼ ਪਹਿਲੂ ਇਹ ਵੀ ਹੈ ਕਿ ਉਹ ਆਪਣੇ ਵਿਚਾਰ ਪ੍ਰਗਟਾਵੇ ਜਾਂ ਮਨੁੱਖੀ ਭਾਵਨਾਵਾਂ ਨੂੰ ਅਭਿਵਿਅਕਤ ਕਰਨ ਲਈ ਭਾਸ਼ਾਈ ਹੱਦਬੰਦੀ ਜਾਂ ਗਣਿਤ ਦੇ ਸਿਧਾਂਤਕ ਚੌਖ਼ਟੇ ਦੀ ਤਰ੍ਹਾਂ, ਉਨ੍ਹਾਂ ਦੀ ਸੀਮਾ- ਰੇਖਾ ਨਹੀਂ ਬਣਾਉਂਦੀ ਸਗੋਂ ਪ੍ਰਕਿਰਤੀ ਦੇ ਮਾਧਿਅਮ ਰਾਹੀਂ ਅਦਿੱਖ ਤੋਂ ਦਿੱਖ ਜਾਂ ਸੂਖਮ ਤੋਂ ਸਥੂਲ ਦੀ ਕਾਵਿ- ਯਾਤਰਾ ਤੈਅ ਕਰਦੀ ਹੈ। ਉਸ ਵਲੋਂ ਪ੍ਰਕਿਰਤੀ ਦਾ ਹੋਇਆ ਇਹ ਸੂਖ਼ਮਭਾਵੀ ਮਾਨਵੀਕਰਣ, ਕਾਵਿ – ਸੁਹਜ ਵਿੱਚ ਹੀ ਵਾਧਾ ਨਹੀਂ ਕਰਦਾ ਸਗੋਂ ਰੌਚਿਕਤਾ ਦੇ ਵਿਭਿੰਨ ਕਾਵਿ-ਰੰਗਾਂ ਦੀ ਸੁਖੈ਼ਨ ਵਿਆਖਿਆ ਕਰਕੇ, ਪਾਠਕਾਂ ਦੀਆਂ ਸਮੂਹ ਸੰਚਾਰ – ਵਿੱਥਾਂ ਦੀ ਨਵਿਰਤੀ ਵੀ ਕਰਦਾ ਹੈ। ਮੂਲ਼ ਰੂਪ ਵਿੱਚ ਪ੍ਰਕਿਰਤੀ ਉਸ ਲਈ ਕੇਵਲ ਪ੍ਰਤੱਖ ਸ਼ੈਅ/ਵਸਤ ਨਹੀਂ, ਪ੍ਰਭੂ ਸਿਰਜੀ ਕਾਇਨਾਤ ਨੂੰ ਧੁਰ-ਅੰਦਰੋਂ ਨਿਹਾਰਨ ਅਤੇ ਉਸ ਨਾਲ ਮੁਹੱਬਤੀ ਸਾਂਝ ਬਣਾਉਣ ਦਾ ਕਾਰਗਰ ਵਸੀਲਾ ਵੀ ਹੈ। ਪ੍ਰਕਿਰਤੀ ਪ੍ਰਤਿ ਉਤਪੰਨ ਹੁੰਦੀ ਇਕਸੁਰਤਾ ਦੀ ਖ਼ੂਬਸੂਰਤੀ ਇਹ ਵੀ ਹੈ ਕਿ ਉਹ ਡੀਕੋਡ ਹੋ ਕੇ, ਮਨੁੱਖੀ ਜ਼ਿੰਦਗੀ ਦੇ ਵੱਖ-ਵੱਖ ਪ੍ਰਾਸੰਗਿਕ ਵਿਚਾਰਾਂ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਹੈ; ਮਿਸਾਲ ਦੇ ਤੌਰ ‘ਤੇ ਸ਼ਾਇਰਾ ਨੇ ‘ਜੰਗਲ’ ਸ਼ਬਦ ਦਾ ਪ੍ਰਯੋਗ ਕੇਵਲ ਸਮਾਨਾਰਥੀ/ਇਕੱਲੇ-ਇਕਹਿਰੇ ਅਰਥਾਂ ਵਿੱਚ ਨਹੀਂ ਕੀਤਾ , ਵੱਖਰੇ- ਵੱਖਰੇ ਪਰਿਪੇਖ ਮੁਤਾਬਿਕ ਇਸ ਸ਼ਬਦ ਦੇ ਬਹੁ-ਦਿਸ਼ਾਵੀ ਅਰਥਾਂ ਦਾ ਇਜ਼ਹਾਰ ਵੀ ਕੀਤਾ ਹੈ। ਅਜਿਹਾ ਹੋਣ ਦੇ ਬਾਵਜ਼ੂਦ ਵੀ ਪ੍ਰਤੀਤ ਹੁੰਦਾ ਹੈ ਕਿ ਸ਼ਾਇਰਾ ਦੀ ਕਾਵਿਕ ਸਿਰਜਣਾਤਮਕ ਸ਼ੈਲੀ ਦੁਹਰਾਅ- ਕੇਂਦ੍ਰਿਤ/ਅਕਾਊ/ ਬੇਰਸੀ ਦੇ ਭਾਵਾਂ ਵਾਲੀ ਨਹੀਂ, ਵੱਖ- ਵੱਖ ਰੂਪਾਂ ਵਿੱਚ ਸੁਤੰਤਰ ਅਰਥਾਂ ਦੀ ਤਲਾਸ਼ ਵਿੱਚ ਹੈ। ਪ੍ਰਕਿਰਤੀ ਅਤੇ ਮਨੁੱਖ ਦੀ ਇਹ ਸਾਂਝ ਜਦੋਂ ਕਾਵਿ-ਪ੍ਰਗਟਾਵੇ/ਕਾਵਿਕ ਮਾਹੌਲ ਵਿੱਚ ਸਿੱਖਣ ਪ੍ਰਕਿਰਿਆ ਦਾ ਹਿੱਸਾ ਬਣਦੀ ਹੈ ਤਾਂ ਮਨੁੱਖ ਨੂੰ ਪ੍ਰਕਿਰਤੀ ਪ੍ਰਤਿ ਮੋਹ ਉਤਪੰਨ ਹੋਣ ਦੇ ਆਸਾਰ ਬਣ ਜਾਣੇ ਵੀ ਸੁਭਾਵਿਕ ਹੁੰਦੇ ਹਨ। ਕਿਉਂਕਿ ਅਜੋਕੇ ਮਨੁੱਖ ਦੀ ਤ੍ਰਾਸਦੀ ਹੈ ਕਿ ਉਸ ਨੇ ਆਪਣੇ ਸਵਾਰਥੀ ਹਿੱਤਾਂ ਤਹਿਤ, ਪ੍ਰਕਿਰਤੀ ਦੇ ਮੋਹ ਨੂੰ ਮੂਲੋਂ ਹੀ ਤਿਆਗ ਦਿੱਤਾ ਹੈ, ਇਥੋਂ ਤੱਕ ਕਿ ਵਿਗਿਆਨਕ ਸੱਚ ਜੋ ਸਾਹ-ਪ੍ਰਕਿਰਿਆ ਦੇ ਪ੍ਰਸਪਰ ਮੂਲ- ਸਿਧਾਂਤ ਨਾਲ ਜੁੜਿਆ ਹੋਇਆ ਹੈ, ਪ੍ਰਕਿਰਤੀ ਦੀ ਖ਼ੁਸ਼ਹਾਲੀ ਦੇ ਪ੍ਰਤੀਕ ਰੁੱਖਾਂ ਦੇ ਮਹੱਤਵ ਨੂੰ ਵੀ ਮਨੁੱਖ ਨੇ ਮੂਲ਼ੋਂ ਮਨੋਂ ਵਿਸਾਰ ਦਿੱਤਾ ਹੈ; ਇਹੋ ਕਾਰਨ ਹੈ, ਸੈਂਕੜੇ ਰੋਗਾਂ ਤੋਂ ਪੀੜਤ ਹੋਣ ਕਰਕੇ ਉਸ ਦਾ ਜਿਉਣਾ ਵੀ ਦੁੱਭਰ ਹੋ ਗਿਆ। ਵਿਚਾਰਾਧੀਨ ਸ਼ਾਇਰਾ ਦੀ ਕਾਵਿ-ਮਕਬੂਲੀਅਤ ਇਸ ਪੱਖੋਂ ਵੀ ਹੈ ਕਿ ਉਹ ਆਪਣੀ ਮੂਲ ਵਿਚਾਰਧਾਰਾ/ਦ੍ਰਿਸ਼ਟੀਕੋਣ ਨੂੰ ਪ੍ਰਚਾਰਨ/ਪ੍ਰਸਾਰਨ ਦੀ ਮਾਨਸਿਕ ਸੁਵਿਧਾ ਵਜੋਂ ਸਹਿਜਭਾਵੀ ਰੂਪ ਵਿੱਚ ਪ੍ਰਕਿਰਤੀ ਦੀ ਓਟ/ਆਸਰਾ ਤੱਕਦੀ ਹੈ: —– ਅਸਮਾਨੀ ਸਤਰੰਗੀ ਪੀਂਘ ਨੂੰ ਦੇਖਿਆ ਕਰੀਏ, —- ਪਪੀਹਾ ਬਣ ਜਾਵਾਂ ਰੋਜ਼ ਸਵਾਂਤੀ ਬੂੰਦ ਪੀਵਾਂ, — ਤਰੇਲ ਤੁਪਕੇ ਜਦ ਨੇ ਪੱਤਿਆਂ ਤੇ ਪੈਂਦੇ, —– ਬੀਜ ਦੇਵੋ ਬਾਗਾਂ ਵਿੱਚ ਮੁਸਕਰਾਹਟਾਂ ਦਾ ਜੰਗਲ, —- ਜੰਗਲ ਵਰਗਾ ਦੇਸ਼ ਬਿਗਾਨਾ ਰੁੱਖੀ ਪਰਜਾ, —- ਇਨ੍ਹਾਂ ਭੀੜ ਦੇ ਜੰਗਲਾਂ ਲਈ ਮੈਂ ਬਣੀ ਹੀ ਨਹੀਂ ਸਾਂ, ਮਨਦੀਪ ਭੰਮਰਾ – ਕਾਵਿ ਦੀ ਮੁੱਲਵਾਨ ਪ੍ਰਾਪਤੀ ਇਹ ਵੀ ਹੈ ਕਿ ਉਹ ਮਰਦ-ਪ੍ਰਧਾਨ ਸਮਾਜ ਪ੍ਰਤਿ ਪ੍ਰੰਪਰਾਗਤ ਤਥਾ-ਕਥਿਤ ਸੋਚ ਨੂੰ ਐਨ ਹੂਬਹੂ ਰੂਪ ਵਿੱਚ ਪ੍ਰਵਾਨ ਨਹੀਂ ਕਰਦੀ ਜੋ ਪਾਠਕ-ਬਿਰਤੀ ਵਿੱਚ ਵਿਰੋਧ ਲਈ ਵਿਰੋਧ ਦਾ ਅਹਿਸਾਸ ਕਰਵਾਵੇ। ਪ੍ਰਸਥਿਤੀਆਂ ਦੇ ਇੱਕੜ – ਦੁੱਕੜ ਸੱਚ ਤੋਂ ਭਾਵੇਂ ਕਤੱਈ ਮੁਨਕਰ ਨਹੀਂ ਹੋਇਆ ਜਾ ਸਕਦਾ ਪਰੰਤੂ ਆਪਣੇ ਕਾਵਿ – ਸਮੁੱਚ ਵਜੋਂ ਉਹ ਰੱਬੀ- ਨੂਰ ਦੀ ਸਮਦ੍ਰਿਸ਼ਟੀ ਦੀ ਧਾਰਨੀ ਹੈ। ਕੇਵਲ ਮਰਦ- ਇਸਤਰੀ ਦੇ ਦਾਇਰੇ ਦੀ ਗੱਲ ਨਹੀਂ, ਜੀਵਨ ਦੀ ਕਿਸੇ ਵੀ ਸਮੱਸਿਆ ਪ੍ਰਤਿ ਨਿਰਣਾ ਲੈਣ ਦਾ ਉਸ ਦਾ ਇਹ ਸਾਰਥਿਕ ਮਾਪਦੰਡ ਸਦੀਵੀ ਚੇਤਨਾ ਵਾਲਾ ਵੀ ਹੈ ਅਤੇ ਆਪਣੇ ਸੁਭਾਅ- ਸਰੂਪ ਜਾਂ ਸਮੂਹਿਕ ਰੂਪ ਵਿੱਚ ਪ੍ਰਮਾਣਿਕ ਅਤੇ ਸਰਬ ਪ੍ਰਵਾਨਿਤ ਵੀ। ਨਾਰੀ- ਜਗਤ ਪ੍ਰਤਿ ਉਸ ਦੀ ਇਹ ਭਾਵਨਾਤਮਿਕ ਪਹੁੰਚ ਸਮੱਸਿਆ ਦੀ ਤਸਵੀਰਕਸ਼ੀ ਵਾਲੀ ਵੀ ਨਹੀਂ, ਉਹ ਇਸਤ੍ਰੀ ਜਾਤੀ ਦੀ ਮਾਨਸਿਕਤਾ ਅਤੇ ਉਸਦੀ ਹੋਂਦ ਨੂੰ ਸਮਝਣ/ਬਰਕਰਾਰ ਰੱਖਣ ਲਈ ਵੀ ਚੇਤੰਨ ਹੈ। ਮੇਰੀ ਜਾਚੇ, ਉਸ ਦਾ ਕਾਵਿ-ਸੱਚ ਆਪਣੀ ਕਿਰਿਆਸ਼ੀਲਤਾ ਪੱਖੋਂ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਪ੍ਰੀਤਮ ਸਿੰਘ ਸਫ਼ੀਰ ਦੇ, ‘ਹਰ ਇਕ ਬੰਦਾ ਸ਼ਾਹ ਦੁਨੀਆਂ ਦਾ, ਹਰ ਇਕ ਤੀਵੀਂ ਰਾਣੀ’ ਕਾਵਿ- ਬੋਲਾਂ ਦਾ ਸਮਰੱਥਕ ਹੈ। ਕੋਈ ਸ਼ੱਕ ਨਹੀਂ ਜੀਵਨ ਦੇ ਉਤਰਾਅ-ਚੜ੍ਹਾਅ ਕਈ ਵਾਰ ਵਕਤੀ ਤੌਰ ‘ਤੇ ਜਾਂ ਪੂਰਨ ਤੌਰ ‘ਤੇ ਸਾਜ਼ਗਾਰ ਨਹੀਂ ਹੁੰਦੇ ਪਰੰਤੂ ਉਨ੍ਹਾਂ ਨੂੰ ਨੇੜਿਓਂ ਹੋ ਕੇ ਸਮਝਣ ਲਈ ਬਿਬੇਕ- ਬੁੱਧੀ ਦਾ ਪ੍ਰਚੰਡ ਹੋਣਾ ਵੀ ਓਨਾ ਹੀ ਜ਼ਰੂਰੀ ਹੁੰਦਾ ਹੈ। —– —- ਇਹੋ ਕਾਰਨ ਹੈ ਕਿ ਮਨਦੀਪ ਭੰਮਰਾ ਦੀ ਮੁਹੱਬਤੀ ਸੋਚ, ਤਥਾ- ਕਥਿਤ ਸਮਾਜਿਕ ਲਿੰਗਕ ਵੱਖਰੇਵਿਆਂ ਦੀ ਕੁਦਰਤੀ ਪ੍ਰਵਿਰਤੀ/ਪ੍ਰਕਿਰਿਆ ਨੂੰ ਸਮੱਸਿਆਵੀ ਦ੍ਰਿਸ਼ਟੀਕੋਣ ਤੋਂ ਆਪਣੇ ਕਾਵਿ ਦਾ ਅੰਗ ਨਹੀਂ ਬਣਾਉਂਦੀ, ਉਹ ਹਮੇਸ਼ਾਂ ਦਰਪੇਸ਼ ਸਮੱਸਿਆ ਦੀਆਂ ਮੂਲ ਜੜ੍ਹਾਂ ਨੂੰ ਸਮਝਣ ਦੇ ਆਹਰ ਵਿੱਚ ਹੁੰਦੀ ਹੈ ਤਾਂ ਕਿ ਜੀਵਨ ਯਥਾਰਥ ਨੂੰ ਪੇਤਲੇ ਰੂਪ ਨਾ ਸਮਝਿਆ ਜਾਵੇ ਸਗੋਂ ਤਾਰਕਿਕ ਢੰਗ ਨਾਲ ਉਸ ਦਾ ਹੱਲ ਲੱਭਿਆ ਜਾ ਸਕੇ। ਦੇਖਿਆ ਜਾਵੇ ਤਾਂ ਸਾਹਿਤਕਾਰੀ ਦਾ ਮੂਲ ਮਕਸਦ ਭਾਵਨਾਤਮਿਕ ਪੱਧਰ ‘ਤੇ ਜੀਵਨ-ਮੁੱਲਾਂ ਦੀ ਪੈਰਵਾਈ ਕਰਨੀ ਹੈ ਨਾ ਕਿ ਕਾਨੂੰਨੀ ਨੁਕਤਾਨਿਗਾਹ ਤੋਂ ਉਸ ਬਾਰੇ ਕੋਈ ਵਿਗਿਆਨਕ ਜਾਂ ਸੰਵਿਧਾਨਕ ਹੱਕ – ਹਕੂਕਾਂ ਵਾਲਾ ਨਿਰਣਾ ਦੇਣਾ; ਮੌਕੇ ਦੀਆਂ ਪ੍ਰਸਥਿਤੀਆਂ ਅਨੁਸਾਰ ਇਹ ਇੱਕ ਵੱਖਰਾ ਵਿਸ਼ਾ ਹੈ। ਸ਼ਾਇਰਾ ਦੇ ਲਿਖਤ – ਪਾਠ ਦੇ ਅਰੰਭਕ ਭਾਵ ਸਮਰਪਣ ਵਾਲੇ ਪੰਨੇ ਨੂੰ ਧਿਆਨ ਪੂਰਵਕ ਦੇਖਿਆ ਜਾਵੇ ਤਾਂ ਸਪੱਸ਼ਟ ਹੈ ਕਿ ਉਹ ਆਪਣੇ ਜੀਵਨ- ਸਾਥੀ, ਹੁਣ ਮਰਹੂਮ ਸ. ਗੁਰਚਰਨ ਸਿੰਘ ਭੰਮਰਾ ਪ੍ਰਤਿ ਜਿਵੇਂ ਸਨੇਹ ਤੇ ਸੁਹਿਰਦਤਾ ਦਾ ਸਬੂਤ ਦਿੰਦੀ ਹੈ, ਇਹ ਉਸ ਦੀ ਦਰਿਆਦਿਲੀ ਹੀ ਨਹੀਂ ਪਾਠਕ- ਬਿਰਤੀ ਵਾਲੇ ਸਾਹਿਤ ਪ੍ਰੇਮੀਆਂ ਲਈ ਇੱਕ ਕ੍ਰਾਂਤੀਕਾਰੀ ਸੰਦੇਸ਼ ਵੀ ਹੈ। ਪਤੀ- ਭੰਮਰਾ ਉਸ ਲਈ ਯਾਦਾਂ ਦੀ ਪਟਾਰੀ/ਫ਼ੁਲਕਾਰੀ ਵੀ ਹੈ ਅਤੇ ਬਿਰਹੋਂ ਭਿੱਜੇ ਬੋਲਾਂ ਦਾ ਮੁਜੱਸਮਾ ਵੀ; ਅਜਿਹੇ ਸੰਕੇਤ ਉਸ ਨੇ ਇਸ ਹਥਲੀ ਪੁਸਤਕ ਵਿੱਚ ਥਾਂ- ਪੁਰ- ਥਾਂ ਕੀਤੇ ਹਨ ਜੋ ਪਰਿਵਾਰਕ ਰਿਸ਼ਤੇ ਦੀ ਪਛਾਣ ਹੀ ਨਹੀਂ ਬਣਦੇ ਸਗੋਂ ਸਮਾਜ ਵਿੱਚ ਪ੍ਰਚਲਿਤ ਮਾਨਵ ਵਿਰੋਧੀ ਧਾਰਨਾਵਾਂ ਦਾ ਖੰਡਣ ਵੀ ਕਰਦੇ ਹਨ। ਭੰਮਰਾ – ਕਾਵਿ ਵਿੱਚ ਨਾਰੀ- ਜਗਤ ਦਾ ਇਹ ਸੱਚ, ਇਕ ਦਰਪਣ ਵਜੋਂ ਕਿਵੇਂ ਸਮਕਾਲੀਨ ਪ੍ਰਸਥਿਤੀਆਂ ਮੁਤਾਬਿਕ ਸਿਧਾਂਤਕ ਨਤੀਜਿਆਂ ਦੀ ਤਲਾਸ਼ ਵਿੱਚ ਹੈ,ਪ੍ਰਮਾਣ ਵਜੋਂ ਇਥੇ ਕੁਝ ਹਵਾਲੇ ਦਿੱਤੇ ਜਾ ਸਕਦੇ ਹਨ: — ਭੀਖ਼ ਨਹੀਂ ਜਿਉਂਣ ਦਾ ਹੀ ਹੱਕ ਮੰਗਾਂ ਮੈ, — ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਸਮਝੋ ਹੁੰਦੀਆਂ, — ਇਹ ਕੁੜੀਆਂ ਜੰਨਤ ਦੀਆਂ ਹੂਰਾਂ ਇਹ ਪਰੀਆਂ, — ਆਪਣੇ ਵੀ ਨਿੱਜੀ ਜਜ਼ਬਾਤ ਰੱਖਣ ਇਹ ਕੁੜੀਆਂ, ਮਨਦੀਪ ਭੰਮਰਾ- ਕਾਵਿ ਦੀ ਖ਼ਾਸੀਅਤ ਇਹ ਵੀ ਹੈ ਕਿ ਉਹ ਆਪਣੀ ਜੀਵਨ ਗਤੀ ਵਿੱਚ ਮਨੁੱਖੀ ਰਿਸ਼ਤਿਆਂ, ਵਿਸ਼ੇਸ਼ ਕਰਕੇ ਪਰਿਵਾਰਕ ਰਿਸ਼ਤਿਆਂ ਦੀ ਪਾਕੀਜ਼ਗੀ/ਪਰਿਪੱਕਤਾ ਨੂੰ ਪ੍ਰਧਾਨ ਮੰਨਦੀ ਹੈ। ਬਜਾ਼ਤੇ ਖ਼ੁਦ ਆਪਣੇ ਪਰਿਵਾਰਕ ਮੈਂਬਰਾਂ- ਸਮੇਤ ਆਪਣੇ ਮਾਤਾ/ਪਿਤਾ ਦੇ, ਧੁਰ-ਅੰਦਰੋਂ ਉਪਜੇ ਮੁਹੱਬਤੀ ਮਾਹੌਲ ਦਾ ਇਜ਼ਹਾਰ, ਉਸ ਨੇ ਬੜੇ ਹੀ ਕਲਾਤਮਿਕ ਸੁਹਜ ਨਾਲ ਕੀਤਾ ਹੈ। ਇਥੋਂ ਤੱਕ ਕਿ ਉਸ ਨੇ ਆਪਣੇ ਪਿਤਾ ਡਾਕਟਰ ਆਤਮ ਹਮਰਾਹੀ ਦਾ ਤਾਂ ਕਾਵਿ- ਰੇਖਾ ਚਿੱਤਰ ਵੀ ਬਾਖ਼ੂਬੀ ਆਪਣੇ ਪਾਠਕਾਂ ਦੇ ਦ੍ਰਿਸ਼ਟੀਗੋਚਰ ਕੀਤਾ ਹੈ। ਉਸ ਵਲੋਂ ਸ਼ਬਦ-ਸੁਹਜ-ਸੰਚਾਰ ਦਾ ਅਜਿਹਾ ਪ੍ਰਗਟਾਵਾ ਹੋਣਾ, ਜੀਵਨ ਦੇ ਚੰਗੇਰੇ ਚੱਜ ਆਚਾਰ/ਸਲੀਕੇ ਦੀ ਬਿਰਤੀ-ਪ੍ਰਕਿਰਤੀ ਤਾਂ ਹੈ ਹੀ, ਪੀਡੇ ਪਰਿਵਾਰਕ ਰਿਸ਼ਤਿਆਂ ਦੇ ਨਿੱਘ ਦਾ ਪ੍ਰਤੀਕ ਵੀ ਹੈ। ਸਮਝੋ, ਇਹ ਸਾਰਾ ਕੁਝ ਚੰਗੇਰੇ ਜੀਵਨ ਸੰਸਕਾਰਾਂ ‘ਚੋਂ ਉਤਪੰਨ ਹੋਏ ਸਹਿਜ ਦਾ ਅੰਤਰਮੁਖੀ ਪ੍ਰਗਟਾਵਾ ਹੈ। ਖ਼ੂਨੀ ਸਾਂਝ ਦੇ ਰਿਸ਼ਤਿਆਂ ਦੀ ਇਹ ਵਰਣਮਾਲਾ ਬਹੁਤ ਘੱਟ ਪਰਿਵਾਰਾਂ ਨੂੰ ਨਸੀਬ ਹੁੰਦੀ ਹੈ। ਮੈਂ ਪੂਰਨ ਤੌਰ ‘ਤੇ ਆਸਵੰਦ ਹਾਂ,ਬਤੌਰ ਸ਼ਾਇਰਾ ਮਨਦੀਪ ਭੰਮਰਾ ਦੇ ਇਹ ਕਾਵਿ- ਬੋਲ, ਜਦੋਂ ਵੀ ਸੂਝਵਾਨ ਪਾਠਕ-ਬਿਰਤੀ ਸੰਗ ਆਪਣਾ ਨਾਤਾ ਜੋੜਨਗੇ ਤਾਂ ਨਿਸਚੇ ਹੀ, ਅਜੋਕੇ ਖ਼ੰਡਿਤ ਹੋ ਰਹੇ ਮਾਨਵੀ ਰਿਸ਼ਤਿਆਂ ਲਈ ਵਿਸ਼ੇਸ਼/ਪ੍ਰਮਾਣਿਕ ਸੰਦੇਸ਼ ਵਾਹਕ ਹੋਣ ਦਾ ਰੋਲ ਅਦਾ ਕਰਨਗੇ। ਕੋਈ ਸ਼ੱਕ ਨਹੀਂ, ਬੇਲੋੜੇ ਸਵਾਰਥੀ ਹਿੱਤਾਂ ਦੀ ਝੋਲੀ ਪੈ ਕੇ ਅਤੇ ਪੈਸੇ ਦੀ ਅੰਨ੍ਹੀ ਦੌੜ ਕਾਰਨ ਇਨ੍ਹਾਂ ਨਜ਼ਦੀਕੀ ਰਿਸ਼ਤਿਆਂ/ਸੰਬੰਧਾਂ ‘ਤੇ ਵੀ ਸਵਾਲੀਆ ਚਿੰਨ੍ਹ ਲੱਗਣੇ ਸ਼ੁਰੂ ਹੋ ਗਏ ਹਨ। ਸੁਭਾਵਿਕ ਹੈ,ਪਰਿਵਾਰਕ ਤੌਰ ‘ਤੇ ਖ਼ੁਸ਼ਗਵਾਰ ਮਾਹੌਲ ਪੀੜ੍ਹੀ-ਦਰ-ਪੀੜ੍ਹੀ ਸੰਬੰਧਾਂ ਦੇ ਸੁਹਜ ਵਿੱਚ ਹੀ ਵਾਧਾ ਨਹੀਂ ਕਰਦਾ ਸਗੋਂ ਪਰਿਵਾਰ ਦੇ ਜੀਆਂ ਨੂੰ ਸਹਿਜਭਾਵੀ ਹੋਣ ਅਤੇ ਉਸਾਰੂ ਸੰਵਾਦ ਰਚਾਉਣ ਲਈ ਵੀ ਰਾਹ ਪੱਧਰਾ ਕਰਦਾ ਹੈ। ਰਿਸ਼ਤਿਆਂ ਦੇ ਸੰਦਰਭ ਵਿੱਚ, ਪ੍ਰਮਾਣ ਵਜੋਂ ਕੁਝ ਹਵਾਲੇ ਦੇਣੇ ਵੀ ਇਥੇ ਕੁਥਾਂ ਨਹੀਂ ਹੋਣਗੇ : —– ਸੁੱਚੇ ਭਾਵਾਂ ਸੰਗ ਸਭ ਰੱਬੀ ਰਿਸ਼ਤੇ ਹੁੰਦੇ ਪਰੁੱਤੇ, —- ਜ਼ਹੀਨ ਬੜੀ ਬੁੱਧ ਤੇ ਕਵਿਤਾ ਦੀ ਰਮਜ਼ ਸੀ, —–ਰੂਹਾਂ ਦੀ ਗੱਲ ਕੋਈ ਵਿਰਲਾ ਸਮਝਦੈ ਇਥੇ, ਉਪਰੋਕਤ ਪ੍ਰਮੁੱਖ ਵਿਸ਼ਿਆਂ ਤੋਂ ਇਲਾਵਾ ਕੁਝ ਹੋਰ ਵੀ ਗੌਣ ਪਰੰਤੂ ਬੜੇ ਮਹੱਤਵਪੂਰਨ ਵਿਸ਼ੇ ਵੀ ਹਨ ਜੋ ਮਨਦੀਪ ਭੰਮਰਾ ਦੀ ਕਲਮ/ਰਚਨਾਤਮਿਕ ਪ੍ਰਤਿਭਾ ਦਾ ਹਿੱਸਾ ਬਣੇ ਹਨ। ਉਨ੍ਹਾਂ ਵਿਚੋਂ ਕੁਝ ਅਜਿਹੇ ਵੀ ਹਨ ਜੋ ਵੱਖ-ਵੱਖ ਖੋਜ ਪੱਤਰਾਂ ਦੀ ਮੰਗ ਕਰਦੇ ਹਨ; ਜਿਵੇਂ ਪੰਜਾਬੀ ਸੱਭਿਆਚਾਰ ਦੀਆਂ ਵਿਭਿੰਨ ਵੰਨਗੀਆਂ, ਬਾਲ ਮਨੋਵਿਗਿਆਨ ਨੂੰ ਸਮਝਣ ਪ੍ਰਤਿ ਸੁਹਿਰਦਤਾ, ਵਿੱਦਿਆ ਪ੍ਰਤਿ ਚੇਤੰਨਤਾ, ਪੰਜਾਬੀ ਨੌਜਵਾਨ ਪੀੜ੍ਹੀ ਦੇ ਪ੍ਰਵਾਸੀ ਹੋਣ ਦਾ ਪ੍ਰਤਿਕਰਮ, ਲੋਕਤਾਂਤ੍ਰਿਕ ਢਾਂਚੇ ਅਥਵਾ ਮੌਕੇ ਦੀਆਂ ਸਰਕਾਰਾਂ ਵਿੱਚ ਨਿਘਾਰ ਦੀ ਚਿੰਤਾ, ਕਰੋਨਾ-ਕਾਲ ਦੀਆਂ ਵਿਸ਼ਵਵਿਆਪੀ ਸਮੱਸਿਆਵਾਂ, ਪੈਸੇ ਦੀ ਅੰਨ੍ਹੀ ਦੌੜ ਤੇ ਇਨਸਾਨੀਅਤ ਦਾ ਘਾਣ, ਸਵੈ-ਵਿਸ਼ਲੇਸ਼ਣ/ਆਤਮ- ਚੀਨਣ ਦਾ ਮਹੱਤਵ ਆਦਿ ਕਾਵਿ-ਪਹਿਲੂ ਮਨੁੱਖੀ ਜ਼ਿੰਦਗੀ ਦੀਆਂ ਭਵਿੱਖਮੁਖੀ ਸੰਭਾਵਾਨਾਵਾਂ ਨੂੰ ਬੜੀ ਗੰਭੀਰਤਾ ਨਾਲ ਆਪਣੀ ਵਲਗਣ ਵਿੱਚ ਲੈਂਦੇ ਹਨ। ਇਨ੍ਹਾਂ ਵਿਸ਼ਿਆਂ ਪ੍ਰਤਿ ਉਸ ਦੀ ਪਕੜ ਸੰਤੁਲਨ ਬਣਾਈ ਰੱਖਣ ਵਿੱਚ ਹੈ ਕਿਉਂਕਿ ਉਹ ਕਈ ਵਾਰ ਉਨ੍ਹਾਂ ਦਰਪੇਸ਼ ਸਮੱਸਿਆਵਾਂ/ਦੁਸ਼ਵਾਰੀਆਂ ਦੇ ਨਾਕਾਰਾਤਮਿਕ ਪ੍ਰਭਾਵਾਂ ਨੂੰ ਘੱਟ ਸਗੋਂ ਉਨ੍ਹਾਂ ਦੇ ਸਾਕਾਰਾਤਮਿਕ/ਗੁਣਾਤਮਿਕ ਪੱਖਾਂ ਦੇ ਵੇਰਵੇ ਦੇਣੇ ਵਧੇਰੇ ਯੋਗ ਸਮਝਦੀ ਹੈ। ਮੇਰੀ ਜਾਚੇ, ਉਸ ਦੀ ਇਹ ਕਾਵਿ- ਜੁਗਤਿ ਮਨੁੱਖੀ ਅਧਿਕਾਰਾਂ/ਹੱਕਾਂ- ਹਕੂਕਾਂ ਨੂੰ ਸਹੀ ਸੰਦਰਭ ਵਿੱਚ ਪੇਸ਼ ਕਰਕੇ ਨਵਿਆਂ ਰਾਹਾਂ ਦੇ ਪਾਂਧੀ ਬਣਾਉਣ ਵਿੱਚ ਵਿਸ਼ਵਾਸ ਕਰਦੀ ਹੈ ਤਾਂ ਕਿ ਪ੍ਰੰਪਰਾਗਤ ਕਦਰਾਂ-ਕੀਮਤਾਂ ਤੋਂ ਮੁਕਤੀ ਹਾਸਲ ਕਰਕੇ ਜ਼ਿੰਦਗੀ ਦੇ ਅਸਲ ਪਰਿਪੇਖ ਨੂੰ ਸਮਝਿਆ ਜਾ ਸਕੇ। ਮਿਸਾਲ ਦੇ ਤੌਰ ‘ਤੇ ਪ੍ਰਕਿਰਤੀ ਦਾ ਮਸਲਾ ਹੋਵੇ ਜਾਂ ਇਸਤਰੀ ਦਾ, ਉਹ ਉਨ੍ਹਾਂ ਦੇ ਪ੍ਰਕਿਰਤਕ ਗੁਣਾਂ ਤੇ ਪਰਿਵਾਰਕ ਸੰਬੰਧਾਂ ਵਾਲੇ ਸਮਾਜਿਕ ਮਹੱਤਵ ਨੂੰ ਉਜਾਗਰ ਕਰਨਾ ਆਪਣਾ ਨੈਤਿਕ ਫ਼ਰਜ਼ ਸਮਝਦੀ ਹੈ, ਕਾਵਿ-ਦ੍ਰਿਸ਼ਟੀ ਦਾ ਅਜਿਹਾ ਜ਼ਰੀਆ ਬਣ ਕੇ ਉਹ ਸਮੱਸਿਆ ਤੇ ਸਮਾਧਾਨ, ਗੁਣ ਤੇ ਔਗੁਣ, ਨੇਕੀ ਤੇ ਬਦੀ, ਚੰਗਿਆਈ ਤੇ ਬੁਰਿਆਈ ਦੇ ਦਰਮਿਆਨ ਪਈਆਂ ਵਿੱਥਾਂ/ਖ਼ਲਾਵਾਂ/ਦੂਰੀਆਂ ਨੂੰ ਮੇਟਣਾ, ਆਪਣੀ ਸ਼ਬਦ- ਸੱਭਿਆਚਾਰਕ ਚੇਤਨਾ ਦਾ ਵਿਸ਼ੇਸ਼ ਆਧਾਰ ਮੰਨਦੀ ਪ੍ਰਤੀਤ ਹੁੰਦੀ ਹੈ; ਭਾਵੇਂ ਪਾਠਕਾਂ ਦੇ ਸਨਮੁੱਖ ਇਹ ਸਵਾਲ ਜ਼ਰੂਰ ਹਾਜ਼ਰੀ ਲਵਾਉਂਦਾ ਹੈ ਕਿ ਉਸ ਦਾ ਅਜਿਹਾ ਸਹਿਜਭਾਵੀ ਮੌਲਿਕ ਦ੍ਰਿਸ਼ਟੀਕੋਣ ਕਿੰਨੇ ਕੁ ਅਨੁਪਾਤ ਵਿੱਚ, ਸਾਰਥਿਕ ਨਤੀਜਿਆਂ/ਨਿਰਣਿਆਂ ਨੂੰ ਅਮਲ ਵਿੱਚ ਲਿਆਉਣ ਦਾ ਸਹੀ ਸਾਧਨ ਜਾਂ ਉਪਰਾਲਾ ਬਣ ਸਕਦਾ ਹੈ ? ਕਾਵਿ-ਸੁਹਜ ਪੱਖੋਂ ਇਹ ਉਸ ਦੀ ਮਾਣਯੋਗ ਪ੍ਰਾਪਤੀ ਹੈ: —- ਵਿਚਾਰਾਂ ਦੀ ਜੰਗ ‘ਚੋਂ ਨਿਕਲੇ਼ਂਗਾ ਅੰਮ੍ਰਿਤ ਪੀਵਾਂਗੇ, — ਸਲੀਕਾ ਸਿਖਣਾ ਪਵੇਗਾ ਜੀ ਜ਼ਿੰਦਗੀ ਜਿਉਣ ਦਾ,
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਪ੍ਰਿੰ. ਕ੍ਰਿਸ਼ਨ ਸਿੰਘ
# 264 ਸੀ ਰਾਜ ਗੁਰੂ ਨਗਰ ਲੁਧਿਆਣਾ - 141012
+91 9463989639
ਈਮੇਲ: krishansingh264c@gmail.com