23 February 2024

ਗ਼ਜ਼ਲਗੋ ਸ਼ਮਸ਼ੇਰ ਸਿੰਘ ਸੰਧੂ ਦੀ ਪੰਜਾਬੀ ਕਾਵਿ ਨੂੰ ਵੱਡਮੁੱਲੀ ਦੇਣ -ਕਸ਼ਮੀਰਾ ਸਿੰਘ ਚਮਨ

ਗ਼ਜ਼ਲਗੋ ਸ਼ਮਸ਼ੇਰ ਸਿੰਘ ਸੰਧੂ
ਦੀ
ਪੰਜਾਬੀ ਕਾਵਿ ਨੂੰ ਵੱਡਮੁੱਲੀ ਦੇਣ

-ਕਸ਼ਮੀਰਾ ਸਿੰਘ ਚਮਨ –

ਸ਼ਮਸ਼ੇਰ ਸਿੰਘ ਸੰਧੂ ਨੇ ਆਪਣਾ ਪਹਿਲਾ ਗ਼ਜ਼ਲ ਸੰਗ੍ਰਹਿ ‘ਗਾ ਜਿ਼ੰਦਗੀ ਦੇ ਗੀਤ ਤੂੰ’ ਆਪਣੀ ਉਮਰ ਦੇ 66ਵੇਂ ਸਾਲ ਵਿੱਚ ਕੈਲਗਰੀ ਵਿਖੇ ਮਾਰਚ 2003 ਵਿੱਚ ਛਪਵਾ ਕੇ ਪਾਠਕਾਂ ਦੀ ਝੋਲੀ ਪਾਕੇ ਇਕ ਅਚੰਭਾ ਕਰ ਵਖਾਇਆ ਸੀ। ਜਿੱਥੇ ਇਹ ਸੰਧੂ ਦੀ ਪਹਿਲੀ ਰਚਨਾ ਸੀ ਓਥੇ ਕੈਲਗਰੀ ਵਿੱਚ ਛਪਣ ਵਾਲੀ ਪੰਜਾਬੀ ਦੀ ਵੀ ਪਹਿਲੀ ਕਿਤਾਬ ਸੀ। ‘ਗਾ ਜਿ਼ੰਦਗੀ ਦੇ ਗੀਤ ਤੂੰ’ ਗ਼ਜ਼ਲ ਸੰਗ੍ਰਹਿ ਵਿੱਚ 99 ਗ਼ਜ਼ਲਾਂ ਹਨ। ਜਿੱਥੇ ਇਸ ਸੰਗ੍ਰਹਿ ਦਾ ਨਾਮ ਬੜਾ ਸੰਕੇਤਕ ਹੈ ਓਥੇ 99 ਗ਼ਜ਼ਲਾਂ ਦੀ ਗਿਣਤੀ ਵੀ ਬੜੀ ਸੰਕੇਤਕ ਹੈ।

99 ਦੇ ਨਾ ਪੂਰੇ ਹੋਣ ਵਾਲੇ ਚੱਕਰ ਦਾ ਸਬੂਤ ਦੇਂਦਿਆਂ ਸੰਧੂ ਨੇ ਇਸ ਵਰ੍ਹੇ ਆਪਣਾ ਦੂਜਾ ਨਵਾਂ ਕਾਵਿ ਸੰਗ੍ਰਹਿ ‘ਜੋਤ ਸਾਹਸ ਦੀ ਜਗਾ’ ਪੰਜਾਬੀ ਸਾਹਿਤ ਦੀ ਝੋਲੀ ਪਾਇਆ ਹੈ। ਇਹ ਪੁਸਤਕ ਵੀ ਕੈਲਗਰੀ ਵਿੱਚ ਹੀ ਛਪੀ ਹੈ। ‘ਜੋਤ ਸਾਹਸ ਦੀ ਜਗਾ’ ਕਾਵਿ ਸੰਗ੍ਰਹਿ ਵਿੱਚ 40 ਗ਼ਜ਼ਲਾਂ, 10 ਗੀਤ ਅਤੇ 29 ਕਵਿਤਾਵਾਂ ਹਨ।

ਜਿਸ ਲਗਨ ਨਾਲ ਸੰਧੂ ਹੋਰਾਂ 65 ਸਾਲ ਦੀ ਉਮਰ ਵਿੱਚ ਗ਼ਜ਼ਲ ਰਚਨਾ ਦੇ ਖੇਤਰ ਵਿੱਚ ਪੈਰ ਧਰਿਆ ਤੇ ਪ੍ਰਾਪਤੀਆਂ ਕੀਤੀਆਂ ਉਸ ਦੀ ਭਰਪੂਰ ਦਾਦ ਦੇਣੀ ਬਣਦੀ ਹੈ।

ਸ. ਸ਼ਮਸ਼ੇਰ ਸਿੰਘ ਸੰਧੂ ਨੂੰ, ਆਪਣੇ ਪਿਤਾ ਸ. ਮੋਹਨ ਸਿੰਘ ਸੰਧੂ ਦੇ ਜਮਾਤੀ ਤੇ ਦੋਸਤ, ਪੰਜਾਬੀ ਦੇ ਮਹਾਨ ਸਾਹਿਤਕਾਰ ਸੋਹਣ ਸਿੰਘ ਸੀਤਲ ਦਾ ਦਾਮਾਦ ਹੋਣ ਦਾ ਸ਼ਰਫ ਹਾਸਲ ਹੈ। ਸੰਧੂ ਹੋਰੀਂ 1995 ਵਿੱਚ ਚੰਡੀਗੜ੍ਹ ਤੋਂ ਡਿਪਟੀ ਡਾਇਰੈਕਟਰ ਸਿਖਿਆ ਵਿਭਾਗ ਪੰਜਾਬ ਪੀ.ਈ.ਐਸ (1) ਦੇ ਉਚ ਉਹਦੇ ਤੋਂ ਰੀਟਾਇਰ ਹੋਕੇ 1997 ਵਿੱਚ ਪੱਕੇ ਤੌਰ ਤੇ ਆਪਣੇ ਬੇਟੇ ਹਰਪ੍ਰੀਤ ਸਿੰਘ ਸੰਧੂ ਕੋਲ ਕੈਲਗਰੀ, ਕੈਨੇਡਾ ਆ ਵੱਸੇ। ਉਨ੍ਹਾਂ ਦੇ ਪਿਤਾ ਜੀ ਸ. ਮੋਹਨ ਸਿੰਘ ਸੰਧੂ ਰੀ. ਇਨਸਪੈਕਟਰ ਪੰਜਾਬ ਪੁਲੀਸ, 92 ਸਾਲ ਦੀ ਆਯੂ ਭੋਗਕੇ, 26 ਜਨਵਰੀ 2004 ਨੂੰ ਗੁਜ਼ਰ ਗਏ। ਸ. ਸੋਹਣ ਸਿੰਘ ਸੀਤਲ ਦੀ ਪੰਜਾਬੀ ਸਾਹਿਤ ਨੂੰ ਅਮੁੱਲ ਦੇਣ ਹੈ। ਉਹ 28 ਸਤੰਬਰ 1998 ਨੂੰ 89 ਸਾਲ ਦੀ ਉਮਰ ਭੋਗਕੇ ਸਾਨੂੰ ਸਦੀਵੀ ਵਛੋੜਾ ਦੇ ਗਏ ਸਨ। ਉਨ੍ਹਾਂ ਦੇ ਮਸ਼ਹੂਰ ਨਾਵਲ ‘ਜੁਗ ਬਦਲ ਗਿਆ’ ਤੇ ਉਨ੍ਹਾਂ ਨੂੰ ਸਾਹਿਤ ਅਕੈਡੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੀਆਂ ਢਾਡੀ ਵਾਰਾਂ ਸਦੀਆਂ ਤਕ ਢਾਡੀ ਗਾਉਂਦੇ ਰਹਿਣਗੇ। ਉਨ੍ਹਾਂ ਦਾ ਨਾਵਲ ‘ਤੂਤਾਂ ਵਾਲਾ ਖੂਹ’ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਕਰੀਬਨ ਵੀਹ ਸਾਲ ਨਾਂਵੀਂ ਦਸਵੀਂ ਦੇ ਕੋਰਸ ਵਿੱਚ ਲੱਗਾ ਰਿਹਾ।

ਸੰਧੂ ਨੂੰ ਸ਼ਾਇਰ ਬਣਾਉਣ ਵਿੱਚ ਸ. ਸੋਹਣ ਸਿੰਘ ਸੀਤਲ ਤੇ ਹੋਰ ਪੰਜਾਬੀ ਕਵੀਆਂ ਤੇ ਸਾਹਿਤਕਾਰਾਂ ਦੀਆਂ ਲਿਖਤਾਂ ਦੇ ਨਾਲ ਨਾਲ ਬੀਬੀ ਮੁਹਿੰਦਰ ਕੌਰ ਦੇ ਪਿਆਰ ਦਾ ਵੀ ਵੱਡਾ ਯੋਗਦਾਨ ਹੈ। ਉਹਨਾਂ ਦਾ ਪਿਆਰ ਪਰਵਾਨ ਚੜ੍ਹਿਆ ਤੇ 3 ਦਸੰਬਰ 1960 ਨੂੰ ਉਨ੍ਹਾਂ ਦੀ ਸ਼ਾਦੀ ਹੋ ਗਈ। ਸੰਧੂ ਹੁਰਾਂ ਦਾ ਕਥਨ ਹੈ ਕਿ ‘ਕਵਿਤਾ ਲਿਖਣ ਦਾ ਸ਼ੌਕ ਮੈਨੂੰ 1954 ਤੋਂ ਹੀ ਸੀ। ਮੁਹਿੰਦਰ ਦੇ ਪਿਆਰ ਨੇ ਆਪ ਮੁਹਾਰੇ ਮੈਨੂੰ ਕਵਿਤਾ ਲਿਖਣੀ ਸਿਖਾ ਦਿੱਤੀ ਸੀ’। ਉਹਨਾਂ ਦਾ ਪਿਆਰ ਪਰਵਾਨ ਚੜ੍ਹਿਆ ਤੇ 1960 ਵਿੱਚ ਉਹਨਾਂ ਦੀ ਸ਼ਾਦੀ ਹੋ ਗਈ।

ਪਿਆਰ ਤਿਰੇ ਇਉ ਰਾਹਾਂ ਨੂੰ ਰੁਸ਼ਨਾਇਆ ਹੈ
ਚਾਨਣ ਦਾ ਇਕ ਦਰਿਆ ਜੀਕਣ ਵਗਦਾ ਹੈ।
—ਅਤੇ

ਹੈ ਪਿਆਰ ਤੇਰੇ ਤੇ ਸਦਾ, ਇਕ ਮਾਨ ਹੀ ਅਜੀਬ
ਲਾਇਆ ਕਿਨਾਰੇ ਆਪ ਤੂੰ, ਮੈਨੂੰ ਨਸੀਬ ਵਾਂਗ।

ਸੁਜੱਗ ਚੇਤਨਾ ਵਾਲੇ ਮਨੁੱਖ ਦੀ ਸੋਚ ਤੇ ਪਰਵਾਜ਼, ਉਮਰ ਵੱਡੀ ਹੋਣ ਨਾਲ ਕਮਜ਼ੋਰ ਨਹੀਂ ਹੁੰਦੀ। ਢਲੀ ਉਮਰਾ ਦੇ ਬਾਵਜੂਦ ਚੇਤਨਾ ਦੇ ਖੰਭ ਲਾਈ ਸੰਧੂ ਨ੍ਹੇਰਿਆ ਨੂੰ ਸੁਬਹ ਦੀ ਲਾਲੀ ਬਣਕੇ ਚੀਰਦਾ ਹੈ।

ਚਾਹਿ ਉਮਰਾ ਢਲ ਗਈ ਤੇ ਵਕਤ ਪੀਰੀ ਆ ਗਿਆ
ਪਰ ਖਿਆਲਾਂ ਦੀ ਉਡਾਰੀ ਹੈ ਅਜੇ ਵੀ ਬਾਜ਼ ਦੀ।
—ਅਤੇ

ਵਾਂਗੂੰ ਹਵਾ ਦਿ ਉੱਡਾਂ ਲਾ ਖੰਭ ਚੇਤਨਾ ਦੇ
ਨੇ੍ਹਰਾ ਮਿਟਾਕੇ ਆਵੇ ਜੀਕਣ ਸੁਬਹ ਦੀ ਲਾਲੀ।

ਸੰਧੂ ਹੁਰੀਂ ਗੌਰਮਿੰਟ ਕਾਲਜ ਲੁਧਿਆਣੇ ਤੋਂ ਐਮ. ਏ. ਕਰਦਿਆਂ 1956-57 ਵਿੱਚ ਕਾਲਜ ਮੈਗਜ਼ੀਨ ‘ਸਤਲੁਜ’ ਦੇ ਐਡੀਟਰ ਰਹੇ ਤੇ ਫੇਰ 1957-58 ਵਿੱਚ ਮਾਲਵਾ ਟ੍ਰੇਨਿੰਗ ਕਾਲਜ ਲੁਧਿਆਣਾ ਤੋਂ ਬੀ.ਟੀ. ਕਰਦਿਆਂ ਕਾਲਜ ਮੈਗਜ਼ੀਨ ‘ਮਾਲਵਾ’ ਦੇ ਐਡੀਟਰ ਵੀ ਰਹੇ।

ਠਾਠ ਨਾਲ ਭੋਗੀ ਜਵਾਨੀ ਤੇ ਲੰਮਾਂ ਸਮਾਂ ਕੀਤੀ ਅਫਸਰੀ ਤੋਂ ਰੀਟਾਇਰ ਹੋਕੇ ਆਪਣੇ ਸੁੱਖਾਂ ਲੱਦੇ ਘਰ ਦਾ ਤਿਆਗ ਕਰਕੇ ਪਰਵਾਸੀ ਹੋਣ ਦਾ ਮੁਹ ਬੱਧੀ ਮਜਬੂਰੀ ਵੱਸ ਕੀਤਾ ਫੈਸਲਾ ਹਸਾਸ ਮਨ ਲਈ ਬੜਾ ਅਸਹਿ ਹੁੰਦਾ ਹੈ। ਕੈਨੇਡਾ ਆਉਣ ਲਈ ਲੰਮੀਆਂ ਸਾਂਝਾਂ ਦਾ ਖਿਲਾਰਾ ਸਾਂਭਦਿਆਂ ਉਨ੍ਹਾਂ ਤੋਂ ਇਕ ਵੱਡੀ ਭੁੱਲ ਹੋ ਗਈ। ਸੰਧੂ ਦਾ ਆਪਣਾ ਕਥਨ ਹੈ ਕਿ ‘ਲੰਮੀ ਮਾਨਸਿਕ ਖਿੱਚੋ ਤਾਣ ਉਪਰੰਤ ਜਦੋਂ ਜਾਣ ਦਾ ਫੈਸਲਾ ਕਰ ਲਿਆ ਤਾਂ ਘਰ ਦੀਆਂ ਲੰਮੀਆਂ ਸਾਂਝਾਂ ਦਾ ਖਲਾਰਾ ਸਾਂਭਦਿਆਂ ਤਨਾਅ ਵਿੱਚ ਇਕ ਦੁੱਖਦਾਈ ਫੈਸਲਾ ਕਰ ਲਿਆ ਕਿ 1954 ਤੋਂ 1995 ਤਕ ਜੋ ਕੁਛ ਲਿਖਿਆ ਹੈ ਉਹ ਅਗਨ ਭੈਂਟ ਕਰ ਦਿਆਂ। ਸੋ ਕਰ ਦਿੱਤਾ ! ਅਫਸੋਸ !! ਸਦ ਅਫਸੋਸ’ !!!

1997 ਵਿੱਚ ਕੈਲਗਰੀ ਆਉਣ ਤੋਂ ਕੁਛ ਦਿਨ ਮਗਰੋਂ ਹੀ ਉਹ ਪੰਜਾਬੀ ਸਾਹਿਤ ਸਭਾ ਦੇ ਮੈਂਬਰ ਬਣ ਗਏ ਤੇ ਫੇਰ ਲਿਖਣਾ ਸ਼ੁਰੂ ਕਰ ਦਿੱਤਾ। ਮੇਰਾ ਉਨ੍ਹਾਂ ਨਾਲ ਮੇਲ ਪੰਜਾਬੀ ਸਾਹਿਤ ਸਭਾ ਵਿੱਚ ਹੀ ਹੋਇਆ। ਉਹ ਵਧੇਰੇ ਤੁਕਾਂਤ ਬੱਧ ਕਵਿਤਾ ਲਿਖਦੇ ਸਨ, ਖੁੱਲ੍ਹੀ ਕਵਿਤਾ ਵੀ ਤੇ ਟਾਂਵਾਂ ਟਾਂਵਾਂ ਗੀਤ ਵੀ।

ਗ਼ਜ਼ਲ ਲਿਖਣ ਦਾ ਸ਼ੌਕ ਉਨ੍ਹਾਂ ਨੂੰ ਮੇਰੇ ਸੰਪਰਕ ਤੇ ਪ੍ਰੇਰਨਾ ਨਾਲ ਪਿਆ। ਉਨ੍ਹਾਂ ਦਾ ਕਥਨ ਹੈ ਕਿ ‘ਕੈਲਗਰੀ ਨਿਵਾਸੀ ਗ਼ਜ਼ਲ-ਗੋ ਸ. ਕਸ਼ਮੀਰਾ ਸਿੰਘ ਚਮਨ ਕਿੰਨਾ ਚਿਰ ਮੈਨੂੰ ਗ਼ਜ਼ਲ ਲਿਖਣ ਲਈ ਪ੍ਰੇਰਤ ਕਰਦੇ ਰਹੇ। ਉਹ ਕਹਿੰਦੇ ਸਨ ਕਿ ਤੇਰੀਆਂ ਕਵਿਤਾਵਾਂ ਗ਼ਜ਼ਲ ਦੇ ਕਾਫੀ ਲਾਗੇ ਹਨ, ਸ਼ਬਦ-ਭੰਡਾਰ ਦੀ ਵੀ ਘਾਟ ਨਹੀਂ, ਇਸ ਲਈ ਜੇ ਤੂੰ ਯਤਨ ਕਰੇਂ ਤਾਂ ਸਹਿਜੇ ਹੀ ਗ਼ਜ਼ਲ ਲਿਖ ਸਕਦਾ ਹੈਂ। ਚਮਨ ਹੋਰਾਂ ਮੇਰੀਆਂ ਕੁਛ ਕਵਿਤਾਵਾਂ ਵਿੱਚ ਗ਼ਜ਼ਲ ਦਾ ਰੰਗ ਦੱਸਕੇ, ਵਜ਼ਨ ਦੀ ਅਟਕਲ ਸਮਝਾਕੇ, ਸੇਧ ਦੇ ਕੇ ਮੈਨੂੰ ਗ਼ਜ਼ਲ ਲਿਖਣ ਲਈ ਪ੍ਰੇਰ ਹੀ ਲਿਆ ਤੇ ਅਗਵਾਈ ਵੀ ਦਿੱਤੀ। ਇਸ ਪ੍ਰੇਰਨਾ ਤੇ ਅਗਵਾਈ ਲਈ ਮੈਂ ਉਨ੍ਹਾਂ ਦਾ ਬਹੁਤ ਰਿਣੀ ਹਾਂ। ਨਵੇਂ ਉਭਰਦੇ ਸ਼ਾਇਰਾਂ ਦੀ ਅਗਵਾਈ ਲਈ ਉਹ ਸਦਾ ਤਤਪਰ ਰਹਿੰਦੇ ਹਨ’।

ਸੁਰ ਮਿਰੀ ਚੋਂ ਨਾਮ ਤੇਰਾ ਗੂੰਜਦਾ
ਬੇ ਸੁਰੇ ਨੂੰ ਸੁਰ ਸਿਖਾਵਣ ਵਾਲਿਆ।
ਦੇ ਉਡਾਰੀ ਤੂੰ ਉਕਾਬੋਂ ਵੀ ਬੜੀ
ਕਲਪਨਾ ਦੇ ਪਰ ਲਗਾਵਣ ਵਾਲਿਆ।

ਇਕਬਾਲ ਅਰਪਨ (ਕੈਲਗਰੀ) ਦੇ ਕਥਨ ਅਨੁਸਾਰ ‘ਸ਼ਮਸ਼ੇਰ ਸਿੰਘ ਸੰਧੂ ਕੈਲਗਰੀ ਵਿਚ ਇੱਕ ਚਰਚਿਤ ਨਾਂ ਹੈ। ਸ਼ਾਇਦ ਹੀ ਪੰਜਾਬੀ ਭਾਈਚਾਰੇ ਚੋਂ ਕੋਈ ਐਸਾ ਵਿਅਕਤੀ ਹੋਵੇ ਜਿਹੜਾ ਇਸ ਨਾਂ ਤੋਂ ਵਾਕਫ ਨਾ ਹੋਵੇ। ਉਹ ਹਰ ਖੇਤਰ ਵਿੱਚ, ਚਾਹੇ ਉਹ ਧਾਰਮਿਕ ਹੋਵੇ ਜਾਂ ਰਾਜਨੀਤਿਕ, ਸਾਹਿਤਕ ਜਾਂ ਸੱਭਿਆਚਾਰਕ, ਪੂਰੀ ਤਰ੍ਹਾਂ ਸਰਗਰਮ ਹੈ। ਸਾਹਿਤਕ ਹਲਕਿਆਂ ਵਿੱਚ ਉਸ ਨੂੰ ਸਾਰੇ ਹੀ ਚੰਗੀ ਤਰ੍ਹਾਂ ਜਾਣਦੇ ਹਨ। ਉਹ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ। ਉਸ ਦੀਆਂ ਰਚਨਾਵਾਂ ਸਥਾਨਕ ਮੈਗਜ਼ੀਨਾਂ ਦਾ ਸ਼ੰਗਾਰ ਬਣਦੀਆਂ ਰਹਿੰਦੀਆਂ ਹਨ’।

ਬੰਦਗੀ ਦੇ ਵਾਂਗ ਜੋ ਨੇ ਲਿਵ ਲਗਾਂਦੇ ਯਾਰ ਦੀ
ਜਿ਼ੰਦਗੀ ਭਰਪੂਰ ਦੇਵੇ ਉਸ ਮੁਹੱਬਤ ਦਾ ਸਿਲਾ।

ਪ੍ਰੋਫੈਸਰ ਊਧਮ ਸਿੰਘ ਸ਼ਾਹੀ (ਖਾਲਸਾ ਕਾਲਜ, ਅਮ੍ਰਿਤਸਰ) ਦੇ ਕਥਨ ਅਨੁਸਾਰ “ਗ਼ਜ਼ਲ ਸਿੱਕੇ-ਬੰਦ ਅਤੇ ਕਰੜੇ ਸਿਰਜਨ-ਵਿਧਾਨ ਦੀ ਪਾਲਣਾ ਕਰਨ ਵਾਲੀ ਸਿਨਫ ਹੈ। ਇਕ ਵਿਸ਼ੇਸ਼ ਅਰੂਜ਼ੀ-ਜ਼ਬਤ ਵਿਚ ਰਚਨਾ ਨੂੰ ਬੰਨ੍ਹਣਾ ਅਤੇ ਸਿਰਜਣਾ ਹਾਰੀ ਸਾਰੀ ਦਾ ਕੰਮ ਨਹੀਂ ਹੈ । ਆਪਣੇ ਸੈਟ ਸਿਰਜਣ ਨੇਮਾਂ ਕਾਰਣ ਹੀ ਗ਼ਜ਼ਲ ਨੇ ਆਪਣੇ ਰੂਪਾਕਾਰ ਵਿੱਚ ਰਲੇਵਾ ਨਹੀਂ ਪੈਣ ਦਿੱਤਾ। ਹੋਰਨਾ ਰੂਪਾਕਾਰਾਂ ਦੇ ਟਾਕਰੇ ਉਤੇ ਇਹ ਰੂਪਾਕਾਰ ਵਧੇਰੇ ਸ਼ੁੱਧ ਹੈ। ਇਸ ਨੇ ਆਪਣੇ ਸਿ਼ਲਪੀ ਬੰਧੇਜ ਦਾ ਪਾਲਣ ਕਰਨਾ ਹੀ ਕਰਨਾ ਹੈ। ਗ਼ਜ਼ਲ ਵਿੱਚ ਤਮਾਮ ਸਿ਼ਅਰਾਂ ਦੀ ਬਣਤਰ ਇੱਕੋ ਹੀ ਰਹਿੰਦੀ ਹੈ ਪਰੰਤੂ ਹਰ ਸਿ਼ਅਰ ਨੂੰ ਵਿਚਾਰਧਾਰਿਕ-ਅਲਹਿਦਗੀ ਦਾ ਹੱਕ ਹਾਸਲ ਹੈ। ਸਿ਼ਅਰਾਂ ਦੀ ਸੰਰਚਨਿਕ ਏਕਤਾ ਅਤੇ ਵਿਚਾਰਧਾਰਿਕ ਅਨੇਕਤਾ ਦੀ ਆਪਸੀ ਸਾਂਝ ਬੜੀ ਮਹੱਤਵਪੂਰਨ ਹੈ। ਗ਼ਜ਼ਲ ਦੇ ਯਾਨਰ ਵਿੱਚ ਰਹਿਕੇ ਸ਼ਾਇਰ ਆਪਣੇ ਅਤਿ ਕੋਮਲ ਭਾਵਾਂ ਅਤੇ ਸੂਖਮ ਅਨੁਭਵਾਂ ਨਾਲ ਰਚਨਾ ਦੀ ਫੁਲਕਾਰੀ ਕੱਢਦਾ ਹੈ। ਤਰ੍ਹਾਂ ਤਰ੍ਹਾਂ ਦੇ ਅਹਿਸਾਸਾਂ ਦੀਆਂ ਫੁੱਲ ਬੂਟੀਆਂ ਪਾਉਂਦਾ ਹੈ। ਇਕ ਬੂਟੀ ਜੇ ਪਿਆਰ ਦੀ ਹੈ ਤਾਂ ਦੂਜੀ ਵਿਛੋੜੇ ਦੀ, ਤੀਜੀ ਰੋਹ ਦੀ, ਚੌਥੀ ਵਿਸ਼ਵਾਸ ਦੀ…ਆਸ ਦੀ…ਉਦਾਸੀ ਦੀ…ਭੁੱਖ ਦੀ…ਜੰਗ ਦੀ…ਅਮਨ ਦੀ… ਖੁਸ਼ਹਾਲੀ ਦੀ …। ਗ਼ਜ਼ਲ ਦਾ ਸ਼ਾਇਰ ਮਧੂ-ਮੱਖੀ ਵਾਂਗ ਜਿ਼ੰਦਗੀ ਦੇ ਬਾਗ਼ ਵਿੱਚੋਂ ਭਾਂਤ ਭਾਂਤ ਦੇ ਰੰਗਾਂ-ਸੁਗੰਧਾਂ ਦਾ ਅਮਿਉਂ ਇਕੱਠਾ ਕਰਕੇ ਇਸ ਦੇ ਛੱਤੇ ਨੂੰ ਭਰਦਾ ਹੈ। ਛੋਟੇ ਆਕਾਰ ਵਾਲੀ ਗ਼ਜ਼ਲ ਵਿਚਾਰਾਂ ਦੀ ਵਿਸ਼ਾਲ ਕਹਿਕਸ਼ਾਂ ਹੈ”।………”ਸ਼ਾਇਰ ਜਜ਼ਬਾਤੀ ਤੌਰ ਤੇ ਜਾਗਰਕੁ, ਬੌਧਿਕ ਤੌਰ ਤੇ ਰੈਸ਼ਨਲ ਅਤੇ ਸਦਾਚਾਰਕ ਤੌਰ ਤੇ ਈਮਾਨਦਾਰ ਹੰੁਦਾ ਹੈ। ਸ਼ਾਇਰੀ ਉਸਦੀਆਂ ਕਰਤਾਰੀ ਘੜੀਆਂ ਦੀ ਘਾਲਣਾ ਹੁੰਦੀ ਹੈ। ਇਸ ਵੇਲੇ ਉਹ ਅਨੇਕ ਸਮਿਆਂ, ਸਥਾਨਾਂ, ਅਤੇ ਸਚਾਈਆਂ ਨਾਲ ਵਰੋਸਾਇਆ ਹੁੰਦਾ ਹੈ। ਉਹ ਉਕਾਬ ਵਾਂਗ ਬਹੁਤ ਉੱਚਾ ਉੱਡਦਾ ਹੈ। ਉਸਦੀ ਵੇਖਣੀ ਜਗ ਵੇਖਣੀ ਨਾਲੋਂ ਕਿਤੇ ਮਹੀਨ ਹੁੰਦੀ ਹੈ। ਉਸ ਦੀ ਪਾਰਖੂ ਪ੍ਰਤਿਭਾ ਖਰੇ ਖੋਟੇ ਦੀ ਪਛਾਣ ਕਰ ਲੈਂਦੀ ਹੈ। ਉਹ ਕੰਨਾਂ ਨਾਲ ਵੇਖਦਾ ਅਤੇ ਅੱਖਾਂ ਨਾਲ ਸੁਣਦਾ ਹੈ। ਉਸ ਦਾ ਸਮਕਾਲੀ ਜੀਵਣ ਪ੍ਰਤੀ ਵਤੀਰਾ ‘ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ’ ਕਰਨ ਵਾਲਾ ਬੜਾ ਕਰੜਾ ਹੁੰਦਾ ਹੈ। ਉਹ ਸਮਕਾਲੀ ਜੀਵਣ ਦਾ ਯਥਾਰਥਕ ਵਿਖਾਲਾ ਇਸ ਲਈ ਪਾਉਂਦਾ ਹੈ ਕਿ ਜੋ ਹੈ ਉਸ ਪ੍ਰਤੀ ਆਪਣੇ ਪਾਠਕਾਂ ਵਿੱਚ ਚੇਤਨਤਾ ਪੈਦਾ ਕਰ ਸਕੇ ਅਤੇ ਜੋ ਹੋਣਾ ਚਾਹੀਦਾ ਹੈ ਉਸਦੀ ਪ੍ਰੇਰਨਾ ਦੇ ਸਕੇ”।

ਸੰਧੂ ਨੂੰ ਜਿੱਥੇ ਆਪਣੀ ਜਨਮ ਭੂਮੀਂ ਹਿੰਦੋਸਤਾਨ ਨਾਲ ਅਥਾਹ ਪਿਆਰ ਹੈ ਓਥੇ ਪਰਵਾਸ ਲਈ ਆਪ ਚੁਣੇ ਦੇਸ਼ ਕੈਨੇਡਾ ਨਾਲ ਵੀ ਕੋਈ ਘੱਟ ਪਿਆਰ ਨਹੀਂ। ਜਿੱਥੇ ਉਸ ਨੂੰ ਆਪਣੀ ਵਿੱਛੜੀ ਜਨਮ ਭੁਮੀਂ ਦਾ ਹੇਰਵਾ ਹੈ ਓਥੇ ਇਸ ‘ਗਰਾਂ’ ਨੂੰ ਛੱਡਣਾ ਵੀ ਹੁਣ ਉਸ ਲਈ ਓਨਾਂ ਹੀ ਮੁਸ਼ਕਲ ਹੈ। ਪਰ ਦੋਂਹ ਬੇੜੀਆਂ ਵਿੱਚ ਤਰਨਾ ਵੀ ਬੜਾ ਔਖਾ ਹੈ!

ਜਦ ਵਤਨ ਦੀ ਯਾਦ ਆਵੇ ਕੀ ਕਰਾਂ
ਡੁਬ ਡੁਬਾਂਦੇ ਨੈਣ ਧੀਰਜ ਕਿਵ ਧਰਾਂ।
ਫੜ ਫੜਾਵਾਂ ਵਾਂਗ ਜ਼ਖਮੀ ਪੰਛੀਆਂ
ਕੀ ਕਰਾਂ ਨਾ ਉੱਡ ਪਾਵਾਂ ਬਿਨ ਪਰਾਂ।
ਇੱਕ ਪਾਸੇ ਖਿੱਚ ਪਾਂਦੀ ਧਰਤ ਉਹ
ਛੱਡਣਾ ਮੁਸ਼ਕਲ ਬੜਾ ਪਰ ਇਹ ਗਰਾਂ।
ਇਸ ਗਰਾਂ ਵੀ ਵੰਸ਼ ਮੇਰੀ ਵੱਸਦੀ
ਬੇੜੀਆਂ ਦੋਹਾਂ ‘ਚ ਕੱਠਾ ਕਿਵ ਤਰਾਂ।

ਉਸ ਲਈ ਤਾਂ ਸਾਰੀ ਧਰਤੀ ਹੀ ਉਸ ਦੀ ਧਰਤੀ ਮਾਤਾ ਹੈ। ਜਿਸ ਦੇਸ਼ ਵਿੱਚ ਅਸੀਂ ਹੁਣ ਵੱਸਦੇ ਹਾਂ, ਜਿੱਥੋਂ ਦਾ ਅੰਨ ਪਾਣੀ ਰੋਜ਼ ਖਾਂਦੇ ਪੀਂਦੇ ਹਾਂ ਉਸ ਨੂੰ ਭਲਾ ਕਿਵੇਂ ਵਿਸਾਰ ਸਕਦੇ ਹਾਂ, ਉਸ ਨਾਲ ਅਪਨੱਤ ਕਿਵੇਂ ਨਾ ਪਾਈਏ। ਇਕ ਗ਼ਜ਼ਲ ਵਿੱਚ ਉਹ ਲਿਖਦਾ ਹੈ:

ਦਿਲ ਨਿਮਾਣਾ ਰੋਜ਼ ਚਾਹੇ,ਦੇਸ ਜਾਵਾਂ ਦੋਸਤੋ
ਬਾਪ ਤੇ ਘਰ ਬਾਰ ਬੱਚੇ, ਕਿਵ ਭੁਲਾਵਾਂ ਦੋਸਤੋ।
ਨਾਲ ਮਿੱਟੀ ਮੋਹ ਬਣਿਆਂ,ਤੋੜ ਹੋਇਆ ਨਾ ਅਜੇ
ਜਾਨ ਵੀ ਮੈਂ ਵਾਰ ਦੇਵਾਂ, ਨਾਲ ਚਾਵਾਂ ਦੋਸਤੋ।
ਅੰਨ ਪਾਣੀ ਏਸ ਥਾਂ ਵੀ, ਨਿੱਤ ਜੋ ਮੈਂ ਲੈ ਰਿਹਾਂ
ਕਰਜ਼ ਇਹਜੋ ਲੈ ਰਿਹਾਂ ਕਿਉ,ਨਾ ਚੁਕਾਵਾਂ ਦੋਸਤੋ?
ਇਹ ਵੀ ਮੇਰੀ ਉਹ ਵੀ ਮੇਰੀ,ਵੰਡ ਪਾਵਾਂ ਕਿੰਜ ਮੈਂ
ਧਰਤ ਮਾਂ ਤੇ ਹਰ ਜਗ੍ਹਾ ਤੇ, ਲੈ ਬਲਾਵਾਂ ਦੋਸਤੋ।

ਸਾਰੀ ਧਰਤੀ ਨੂੰ ਮਾਂ ਸਮਝਣ ਵਾਲੇ ਇਸ ਸ਼ਾਇਰ ਨੇ ਏਸੇ ਭਾਵਨਾ ਅਧੀਨ 2003 ਵਿੱਚ ਕੈਨੇਡਾ ਦੇ ਰਾਸ਼ਟਰੀ ਗੀਤ ‘ਓ ਕੈਨੇਡਾ’ ਦਾ ਪੰਜਾਬੀ ਰੂਪ ਤਿਆਰ ਕਰਕੇ ਕੈਨੇਡਾ ਭਰ ਵਿੱਚ ਨਾਮਨਾ ਖੱਟਿਆ ਜਿਸ ਤੇ ਸਾਨੂੰ ਸਾਰਿਆਂ ਨੂੰ ਬੜਾ ਮਾਨ ਹੈ। ਉਸ ਨੇ ‘ਓ ਕੈਨੇਡਾ’ ਦਾ ਹਿੰਦੀ ਰੂਪਾਂਤਰ ਤਿਆਰ ਕਰਕੇ ਇਕ ਹੋਰ ਮੱਲ ਮਾਰ ਵਖਾਈ ਹੈ। ਹੁਣ ਜਦ ਕਿ ਅਲਬਰਟਾ ਆਪਣਾ 100ਵਾ ਜਨਮ ਦਿਨ ਮਨਾ ਰਿਹਾ ਹੈ ਸ਼ਮਸ਼ੇਰ ਸਿੰਘ ਸੰਧੂ ਨੇ ਮੈਰੀ ਕੈਫਟਨਬੈਲਡ ਦੁਆਰਾ ਲਿਖੇ ਗਏ ਗੀਤ ‘ਅਲਬਰਟਾ’ ਦਾ ਬਹੁਤ ਖੁਬਸੂਰਤ ਅਨੁਵਾਦ ਕੀਤਾ ਹੈ। ਉਸ ਦੀਆਂ ਇਹ ਪ੍ਰਾਪਤੀਆਂ ਕੈਨੇਡਾ ਦੇ ਇਤਹਾਸ ਵਿੱਚ ਸਦਾ ਜਾਣੀਆਂ ਤੇ ਸਰਾਹੀਆਂ ਜਾਣਗੀਆਂ।

ਸੰਧੂ ਬਹੁਤ ਨਰੋਈ ਸੋਚ ਤੇ ਜਾਗ੍ਰਤਿ ਤੀਖਣ ਬੁੱਧੀ ਦਾ ਮਾਲਕ ਹੈ। ਅਮਰੀਕਾ ਦੇ ਈਰਾਕ ਤੇ ਹਮਲਾ ਕਰਨ ਤੋਂ ਪਹਿਲਾਂ ਦੇ ਹਾਲਾਤ ਤੋਂ ਹੀ ਸਥਿਤੀ ਦਾ ਅੰਦਾਜ਼ਾ ਲਗਾਕੇ ਉਸ ਨੇ ਆਪਣੀ ਇਕ ਗ਼ਜ਼ਲ ਵਿੱਚ ਲਿਖਿਆ ਸੀ ਕਿ:

ਨਜ਼ਰ ਔਂਦਾ ਹੈ ਫਰੰਗੀ, ਹੋਰ ਇਕ ਕਾਰਾ ਕਰੂ
ਛੈਲ ਬਾਂਕੇ ਪੁਤ ਬਗਾਨੇ, ਮਾਰਕੇ ਖੱਪਰ ਭਰੂ।
ਵੀਤਨਾਮੀ ਮਾਰ ਦਿੱਤੇ, ਏਸ ਨੇ ਜਿਵ ਖੂਹਨੀਆਂ
ਜਾਪਦਾ ਈਰਾਕ ਦਾ ਵੀ, ਘੁੱਟ ਇਹ ਛੇਤੀ ਭਰੂ!
ਤੇਲ ਪੀਣੇ ਅੱਗ ਖਾਣੇ, ਹਾਬੜੇ ਇਸ ਦੈਂਤ ਦਾ
ਮਾਰਕੇ ਖਲਕੇ ਖੁਦਾ ਹੀ, ਕਾਲਜਾ ਜਾਪੇ ਠਰੂ।
ਕਰ ਰਿਹਾਹੈ ਧਾਕਿਆਂ ਤੋਂ,ਮਾਨਸਾਂ ਦਾ ਘਾਣ ਇਹ
ਹੋਰ ਕਿੰਨੀ ਦੇਰ ਧਰਤੀ, ਕਤਲ ਬੇਦੋਸੇ ਜਰੂ।
ਹਨ ਉਡੀਕਾਂ ਪਹੁਫੁਟਾਲਾ, ਏਕਤਾ ਦਾ ਦੂਰ ਪਰ
ਅਮਨ ਸੀਤਾ ਹਰਨ ਕਰਕੇ,ਮੌਤ ਇਹ ਰਾਵਣ ਵਰੂ।

ਇਸ ਉਪਰੰਤ ਜਦੋਂ ਅਮਰੀਕਾ ਨੇ ਈਰਾਕ ਤੇ ਹਮਲਾ ਕਰ ਦਿੱਤਾ ਤਾਂ ਸੰਧੂ ਦਾ ਜੰਗ ਵਿਰੋਧੀ ਕਵੀ ਮਨ ਤੜਪ ਉਠਿਆ ਤੇ ਉਸ ਨੇ ਅਪਣੀ ਗ਼ਜ਼ਲ ‘ਫਿਰ ਫਰੰਗੀ ਕਰ ਵਖਾਇਆ’ ਲਿਖੀ ਜੋ ਉਸ ਨੇ ਜੂਨ 2003 ਵਿੱਚ ਵੈਨਕੂਵਰ ਵਿਖੇ ਹੋਈ ਵਰਲਡ ਪੰਜਾਬੀ ਕਾਨਫਰੰਸ ਸਮੇਂ 13 ਜੂਨ ਨੂੰ ਹੋਏ ਕਵੀ ਦਰਬਾਰ ਵਿੱਚ ਪੜ੍ਹੀ ਗਈ ਸੀ। ਸਾਰੇ ਕਵੀ ਦਰਬਾਰ ਵਿੱਚ ਆਪਣੀ ਕਿਸਮ ਦੀ ਇਹ ਇਕੋ ਇਕ ਕਾਵਿ ਰਚਨਾ ਸੀ ਅਤੇ ਏਸ ਨੂੰ ਸੂਝਵਾਨ ਸਰੋਤਿਆਂ ਤੋਂ ਭਰਪੂਰ ਦਾਦ ਮਿਲੀ।

ਫਿਰ ਫਰੰਗੀ ਕਰ ਵਖਾਇਆ, ਹੋਰ ਕਾਰਾ ਦੋਸਤੋ
ਘੁੱਗ ਵਸਦਾ ਦੇਸ ਢਾਇਆ, ਏਸ ਸਾਰਾ ਦੋਸਤੋ।
ਇਹ ਅਜ਼ਾਦੀ ਵੰਡਦਾ ਹੈ, ਸਾੜਕੇ ਘਰ ਬਾਰ ਨੂੰ
ਜ਼ੁਲਮ ਇਸ ਦਾ ਵਧ ਗਿਆ ਹੈ, ਬੇਸ਼ੁਮਾਰਾ ਦੋਸਤੋ।
ਏਕਤਾ ਦਾ ਪਾਠ ਪੜ੍ਹਕੇ, ਤੋਰ ਤੋਰੋ ਅਮਨ ਦੀ
ਧਰਤ ਦਾ ਹਰ ਬਸ਼ਰ ਮਾਣੇ, ਇਹ ਨਜ਼ਾਰਾ ਦੋਸਤੋ।
ਤੂਤਨੀ ਇਹ ਜੰਗ ਦੀ ਨਿਤ, ਘਾਣ ਮਾਨਸ ਦਾ ਕਰੇ
ਬਣ ਬਲੀ ਦਿਉ ਮਾਰ ਅਮਨਾਂ, ਦਾ ਨਗਾਰਾ ਦੋਸਤੋ।
ਰੰਗ ਨਸਲਾਂ ਮਜ਼ਹਬਾਂ ਵਿਚ, ਲੋਕ ਵੰਡੇ ਨਾ ਰਹੋ
ਰਲ ਮਿਟਾਓ ਨਫਰਤਾਂ ਦਾ, ਧੁੰਦਕਾਰਾ ਦੋਸਤੋ।

ਵੱਡੇ ਦੁੱਖ ਦੀ ਗੱਲ ਤਾਂ ਇਹ ਹੈ ਕਿ ਇਕ ਪਾਸੇ ਸਾਰਾ ਸੰਸਾਰ ਰੰਗ ਨਸਲਾਂ ਮਜ਼ਹਬਾਂ ਤੇ ਨਫਰਤਾਂ ਵਿੱਚ ਵੰਡਿਆ ਪਿਆ ਹੈ ਤੇ ਜੰਗਬਾਜ਼ ਸਾਰੀ ਧਰਤੀ ਤੇ ਤਬਾਹੀ ਮਚਾ ਰਹੇ ਹਨ। ਸਾਮਰਾਜੀ ਤਾਕਤਾਂ ਲੋਕ ਤੰਤਰ ਦਾ ਮਖੌਟਾ ਪਾਕੇ ਸਾਰੀ ਦੁਨੀਆਂ ਨੂੰ ਡਰਾ ਰਹੀਆਂ ਹਨ। ਥਾਂ ਥਾਂ ਨਿਰਦੋਸ਼ਾਂ ਦਾ ਖੂਨ ਡੁਲ੍ਹਦਾ ਵੇਖ ਸ਼ਾਇਰ ਨੂੰ ਪਿਆਰ ਦੇ ਗੀਤ ਗਾਉਣੇ ਵੀ ਮੁਸ਼ਕਲ ਜਾਪਦੇ ਹਨ।

ਲੋਕਤੰਤਰ ਦਾ ਮਖੌਟਾ, ਪਾ ਫਰੰਗੀ ਭੂਤਿਆ
ਅੱਗ ਤੇ ਅਸਪਾਤ ਵਰਤੇ, ਜਗਤ ਸਾਰਾ ਲੈ ਡਰਾ।
ਪਿਆਰ ਦੇ ਹੁਣ ਗੀਤ ਕੀਕਣ, ਗਾ ਸਕੇਗੀ ਜਿ਼ੰਦਗੀ
ਜਦ ਤਲਕ ਨਿਰਦੋਸ਼ ਦਾ ਹੀ, ਖੂਨ ਡੁਲ੍ਹੇ ਜਾ ਬਜਾ।

ਕੁਟਲ ਸਾਮਰਾਜੀ ਜੰਗਬਾਜ਼ ਆਪ ਹਥਿਆਰ ਵੰਡਦੇ ਤੇ ਵੇਚਦੇ ਹਨ ਅਤੇ ਅਮਨ ਕਰਾਉਣ ਦਾ ਪਖੰਡ ਵੀ ਕਰਦੇ ਹਨ। ਉਨ੍ਹਾਂ ਦੇ ਅਸਲ ਰੂਪ ਨੂੰ ਨੰਗਿਆਂ ਕਰਦਾ ਉਹ ਲਿਖਦਾ ਹੈ

ਆਪ ਵਣਜੀ ਅੱਗਦਾ ਤੇ, ਖੁਦ ਕਰਾਵੇ ਅਮਨ ਇਹ
ਰਾਵਨਾਂ ਦੁਰਯੋਧਨਾਂ ਦਾ, ਲੱਗਦਾ ਵੱਡਾ ਭਰਾ।
ਲਾਇਲਮ ਲਾਚਾਰ ਲੋਕੀਂ,ਜਾਲ ਇਸ ਦੇ ਆ ਫਸਣ
ਪੁੱਤ ਖੋਹੇ ਮਾਪਿਆਂ ਤੋਂ, ਭੈਣ ਤੋਂ ਖੋਹੇ ਭਰਾ।

ਲੋਕ ਤੰਤਰ ਤੇ ਸਾਰੀ ਦੁਨੀਆਂ ਨੂੰ ਬੜੀਆਂ ਆਸਾਂ ਸਨ ਪਰ ਮਾਨਵੀ ਸੋਚਾਂ ਤੇ ਕਦਰਾਂ ਕੀਮਤਾਂ ਦੀ ਗਿਰਾਵਟ ਅਤੇ ਘਾਟ ਕਰਕੇ ਹੁਣ ਤਾਂ ਐਂ ਜਾਪਦਾ ਹੈ ਜਿਵੇਂ ਚੋਰ ਡਾਕੂ ਇਸ ਦਾ ਅੰਗ ਬਣ ਗਏ ਹੋਣ:

ਲੋਕ ਤੰਤਰ ਖੇਲ੍ਹ ਐਸੀ, ਬਣ ਗਿਆ ਹੈ ਜਾਪਦਾ
ਚੋਰ ਡਾਕੂ ਬਣ ਗਏ ਨੇ, ਏਸ ਦਾ ਹੀ ਅੰਗ ਵੇਖ।

ਸੰਧੂ ਲੁੱਟ ਖਸੁੱਟ ਤੇ ਜੰਗ ਜਦਲ ਦਾ ਡਟਕੇ ਵਰੋਧ ਕਰਦਾ ਹੈ, ਅਮਨ ਦਾ ਹਾਮੀਂ ਹੈ ਤੇ ਜਲ ਰਹੀ ਸਾਰੀ ਧਰਤੀ ਤੇ ਉਹ ਏਕਤਾ ਤੇ ਅਮਨ ਦੀ ਵਰਖਾ ਨੂੰ ਤਾਂਘਦਾ ਹੈ:

ਦਿਲ ਚਾਹੇ ਰੰਗ ਐਸਾ ਬਦਲੇ ਸਾਰੀ ਲੋਕਾਈ ਮਾਣੇ
ਯਾਰੋ ਅਮਨਾਂ ਦਾ ਰੰਗ ਪੂਰੀ ਧਰਤੀ ਨੂੰ ਕੋਈ ਲਾਦੇ
—ਅਤੇ
ਜਲ ਰਹੇ ਇਸ ਜਗਤ ਨੂੰ ਹੈ,ਲੋੜ ਅਮਨਾਂ ਦੀ ਬੜੀ
ਇਸ ਧੁਆਂਖੀ ਧਰਤ ਉੱਤੇ,ਮੀਂਹ ਅਮਨਾਂ ਦਾ ਵਸਾ

ਐਂਵੈਂ ਭੰਗ ਦੇ ਭਾੜੇ ਮਾਰੀ ਜਾ ਰਹੀ ਮਨੁੱਖਤਾ ਦੀ ਪੀੜ ਨਾਲ ਉਹ ਤੜਪ ਉਠਦਾ ਹੈ ਅਤੇ ਮਿਹਨਤਾਂ ਦੇ ਬਲ ਧਰਤੀ ਤੇ ਸੁਰਗ ਲਿਆਉਣ ਤੇ ਏਕਤਾ ਦਾ ਮੈਕਦਾ ਵਸਾਉਣ ਲਈ ਵੰਗਾਰਦਾ ਹੈ।

ਮਿਟ ਰਹੀ ਮਾਨੁੱਖ ਨੂੰ, ਮਨੁੱਖ ਦੀ ਪਹਿਚਾਨ ਹੈ,
ਲੈ ਰਿਹਾ ਮਾਨੁੱਖ ਹੀ , ਮਨੁੱਖ ਦੀ ਕਿਓਂ ਜਾਨ ਹੈ।
ਅਮਨ ਕਰੀਏ ਕਾਇਮ, ਏਸ ਪਿਆਰੀ ਧਰਤ ਤੇ,
ਬਾਰੂਦ ਕਰੀਏ ਨਸ਼ਟ, ਅਮਨ ਦੀ ਇਸ ਸ਼ਰਤ ਤੇ।
ਬਸ ਅਸਤਰ ਸ਼ਸਤਰ ਹੋਰ ਨਾ, ਘੜੀਏ ਸਾਰੇ ਜੰਗ ਦੇ,
ਤੇ ਮਨੁੱਖਤਾ ਨਾ ਮਾਰੀਏ, ਐਂਵੈਂ ਭਾੜੇ ਭੰਗ ਦੇ।
ਬੰਦੇ ਸੁਰਗ ਨੂੰ ਭਾਲਦੇ ਨਾ, ਸੱਤੀਂ ਸਮਾਨੀ ਚਾਹੜੀਏ,
ਆਓ ਕਿ ਬਲ ਮਿਹਨਤਾਂ ਦੇ, ਸੁਰਗ ਧਰਤੀ ਵਾੜੀਏ।
ਬਸ ਕਰੀਏ ਬਹੁਤ ਹੋਇਆ, ਨਾਚ ਹੁਣ ਤਕ ਮੌਤ ਦਾ,
ਆਓ ਰਲਕੇ ਵਸਾਈਏ, ਹੁਣ ਏਕਤਾ ਦਾ ਮੈਕਦਾ।

ਸਾਰੀ ਮਖਲੂਕ ਨੂੰ ਇਕ ਨਜ਼ਰ ਨਾਲ ਵੇਖਣ ਵਾਲੇ ਇਸ ਕਵੀ ਨੂੰ ਪਿਆਰ ਵਿੱਚ ਵੀ ਇਨਸਾਨੀ ਥੁੜਾਂ ਤੇ ਜੰਗ ਜਦਲ ਦੀ ਪੀੜ ਨਹੀਂ ਭੁੱਲਦੀ ਤੇ ਕੁਲਹਿਣੀ ਬਰਬਰੀਅਤ ਦੇ ਵਧਦੇ ਜ਼ੋਰ ਤੇ ਉਹ ਅਤਿਅੰਤ ਚਿੰਤਾਤੁਰ ਹੋ ਵਿਲ੍ਹਕ ਉਠਦਾ ਹੈ:

ਦਰਦ ਇਨਸਾਨੀ ਥੁੜਾਂ ਤੇ, ਜੰਗ ਜਦਲੀ ਪੀੜ ਦਾ
ਕਿਵ ਭਲਾ ਮੈਂ ਪਿਆਰ ਵਿਚ ਵੀ, ਭੁੱਲ ਜਾਵਾਂ ਦੋਸਤਾ।
ਚੰਦਰੀ ਜਿ਼ੱਲਤ ਗੁਲਾਮੀ, ਦਾ ਅਜੋਕਾ ਦੌਰ ਜੋ
ਬਰਬਰੀਅਤ ਦਾ ਕੁਲਹਿਣਾ, ਜ਼ੋਰ ਵਧਦਾ ਜਾ ਰਿਹਾ।

ਅੰਧਵਿਸ਼ਵਾਸ ਤੇ ਕਰਮ ਕਾਂਡਾਂ ਦੇ ਪਿਛਲਗਾਂ ਵਾਲੇ ਧਰਮ ਉਸ ਲਈ ਬੇਕਾਰ ਹਨ ਤੇ ਇਨਸਾਨ ਬਣਕੇ ਜਿਓਣਾ ਹੀ ਉਸ ਲਈ ਉੱਤਮ ਧਰਮ ਹੈ। ਉਹ ਏਕ ਪਿਤਾ ਏਕਸ ਕੇ ਹਮ ਬਾਰਿਕ ਦਾ ਅਨੁਯਾਈ ਹੈ।

ਕਰਮ ਕਾਂਡੀ ਧਰਮ ਸਾਰੇ, ਨਾ ਕਿਸੇ ਵੀ ਕੰਮ ਦੇ
ਧਰਮ ਹੈ ਇਨਸਾਨ ਹੋਣਾ, ਸੱਚ ਕਰਕੇ ਦੇ ਵਖਾ।
ਧਰਮ ਹੈ ਇਨਸਾਨ ਦਾ ਤੇ,ਜੀਵਣਾ ਇਨਸਾਨ ਹੋ
ਸਬਕ ਵਾਧੂ ਕਰਮਕਾਂਡੀ, ਵੀਰ ਸਾਨੂੰ ਨਾ ਪੜ੍ਹਾ।

ਕਵੀ ਧਰਮ ਬਿਨਾ ਵੀ ਜਿ਼ੰਦਗੀ ਨੂੰ ਬੇਤੁਕੀ ਸਮਝਦਾ ਹੈ ਪਰ ਜੋ ਧਰਮ ਸਾਨੂੰ ਵੱਖ ਵੱਖ ਟੋਲਿਆਂ ਵਿੱਚ ਪਾੜਦਾ ਹੈ ਇਸ ਤਰ੍ਹਾਂ ਦਾ ਵੱਖਵਾਦੀ ਧਰਮ ਇਨਸਾਨ ਦਾ ਧਰਮ ਨਹੀਂ ਹੋ ਸਕਦਾ:

ਧਰਮ ਬਿਨ ਵੀ ਬੇਤੁਕੀ ਹੈ ਜਿ਼ੰਦਗੀ ਤੂੰ ਜਾਣ ਲੈ
ਧਰਮ ਹੀ ਕਰਦਾ ਅਸਾਂ ਨੂੰ ਵੀ ਸਮੇਂ ਦੇ ਹਾਣ ਦਾ।
ਜੋ ਅਸਾਂ ਨੂੰ ਵੱਖ ਕਰਦਾ ਪਾੜਦਾ ਵਿੱਚ ਟੋਲਿਆਂ
ਇਸ ਤਰ੍ਹਾਂਦਾ ਵੱਖਵਾਦੀ ਧਰਮ ਨਾ ਇਨਸਾਨ ਦਾ।

ਪਰ ਉਹ ਰੱਬ ਹੈ ਕਿਸ ਤਰ੍ਹਾਂ ਦਾ ਜਿਸ ਨੂੰ ਕਵੀ ਮੰਨਦਾ ਹੈ? ਉਹ ਤਾਂ ਕਹਿੰਦਾ ਕਿ ਮੈਨੂੰ ਮੇਰੇ ਗੁਰੂ ਜਾਂ ਮੁਰਸ਼ਦ ਨੇ ਤਾਂ ਸੌਖਾ ਰਾਹ ਦੱਸਿਆ ਹੈ। ਮੈਂ ਤਾਂ ਆਪਣੇ ਯਾਰ ਤੇ ਰੱਬ ਦੀ ਸ਼ਕਲ ਵੀ ਇੱਕੋ ਮਿਥ ਲਈ ਹੈ। ਐਸੀ ਸੂਰਤ ਵਿੱਚ ਫੇਰ ਸਵੇਰੇ ਉਠਕੇ ਬਾਂਗਾਂ ਦੇਣ ਦੀ ਕੀ ਲੋੜ ਹੈ। ਉਸਦਾ ਨਾਮ ਤਾਂ ਹਰ ਘੜੀ ਪਲ ਮੇਰੇ ਖਿਆਲਾਂ ਵਿੱਚ ਵੱਸਦਾ ਹੈ।

ਵੱਸਦਾ ਜਦ ਵਿਚ ਖਿਆਲਾਂ,ਵਿਰਦ ਉਸਦਾ ਦਮ ਬਦਮ
ਨਾ ਇਬਾਦਤ ਵਾਸਤੇ ਫਿਰ, ਲੋੜ ਹੈ ਈਜ਼ਾਨ ਦੀ।
ਸਦਕੜੇ ਮੈਂ ਮੁਰਸ਼ਦਾ ਤੂੰ, ਰਾਹ ਸੌਖਾ ਦੱਸਿਆ
ਸ਼ਕਲ ਇਕੋ ਮਿਥ ਲਈ ਮੈਂ, ਯਾਰ ਤੇ ਭਗਵਾਨ ਦੀ।

ਉਹ ਸਾਨੂੰ ਸੱਚ ਨੂੰ ਪਹਿਚਾਨਣ ਲਈ ਪ੍ਰੇਰਦਾ ਹੈ ਅਤੇ ਜਿਨ੍ਹਾਂ ਧਰਮਾਂ ਦੇ ਨਾਮ ਤੇ ਸਦੀਆਂ ਜ਼ੁਲਮ ਹੋਏ ਹਨ ਐਸੇ ਅਣਮਨੁੱਖੀ ਧਰਮ ਤਿਅਗਣ ਲਈ ਵੰਗਾਰਦਾ ਹੈ।

ਜਾਗ ਮਾਨਵ ਸੱਚ ਨੂੰ ਪਹਿਚਾਨ ਤੂੰ
ਕਰਮ ਤੇਰਾ ਹੀ ਬਣਾਵੇ ਲੇਖ ਨੂੰ
ਧਰਮ ਦੇ ਨਾਂ ਜ਼ੁਲਮ ਸਦੀਆਂ ਜੋ ਕਰੇ
ਦੇ ਅਣਮਨੁੱਖੀ ਧਰਮ ਐਸੇ ਛੇਕ ਤੂੰ।

ਰਸਤਿਆਂ ਦੇ ਬਿਖੜੇ ਹੋਣ ਦੇ ਬਾਵਜੂਦ ਵੀ ਸੰਧੂ ਸਾਹਸ ਦੀ ਜੋਤ ਜਗਾਉਣ ਲਈ ਉਤਸਾਹ ਦੇਣ ਵਾਲਾ ਕਵੀ ਹੈ। ਗੁਲਾਬ ਵਾਂਗ ਕੰਡਿਆਂ ਵਿੱਚ ਘਿਰੇ ਹੋਣ ਤੇ ਵੀ ਉਹ ਤਾਂ ਖੁਸ਼ਬੋ ਵੰਡਣ ਲਈ ਪ੍ਰੇਰਦਾ ਹੈ।

ਜੋਤ ਸਾਹਸ ਦੀ ਜਗਾ ਤੂੰ, ਜੋਤ ਸਾਹਸ ਦੀ ਜਗਾ
ਰਾਹ ਬਿਖੜੇ ਹੋਣ ਤੇ ਵੀ, ਸਾਥੀਆ ਤੂੰ ਮੁਸਕਰਾ।
……ਅਤੇ
ਹੈ ਕੰਡਿਆਂ ਨੇ ਘੇਰਿਆ, ਚਾਹੇ ਗੁਲਾਬ ਨੂੰ
ਫਿਰ ਵੀ ਤੁ ਯਾਰਾ ਵੇਖ ਲੈ, ਮਹਿਕਾਂ ਖਲੇਰਦਾ।

ਸੰਧੂ ਦਲੇਰੀ ਨਾਲ ਸਿਰ ਉੱਚਾ ਕਰਕੇ ਜਿਓਣਾ ਜਾਣਦਾ ਹੈ ਅਤੇ ਵਹਿਮ ਤੇ ਅਗਿਆਨ ਦੇ ਫਰੇਬਾਂ ਨੂੰ ਜਰਨ ਤੋਂ ਡਟਕੇ ਇਨਕਾਰੀ ਹੈ।

ਜਦ ਨਾਲ ਜੀਣਾ ਬੁਜ਼ਦਿਲੀ, ਮੈਂ ਸਿੱਖਿਆ ਨਾ ਦੋਸਤੋ
ਫਿਰ ਵਹਿਮ ਤੇ ਅਗਿਆਨ ਦੇ, ਮੈਂ ਕਿਵ ਫਰੇਬਾਂ ਨੂੰ ਜਰਾਂ

ਅਮਨ ਹਾਮੀਂ ਹੋਣ ਦਾ ਭਾਵ ਇਹ ਤਾਂ ਨਹੀਂ ਕਿ ਆਪਣੇ ਹੱਕਾਂ ਲਈ ਲੜਨਾ ਛੱਡ ਦਿੱਤਾ ਜਾਵੇ, ਸਗੋਂ ਆਪਣੇ ਹੱਕਾਂ ਲਈ ਜੀਵਣ ਭਰ ਨਿਰੰਤਰ ਘੋਲ ਦੀ ਲੋੜ ਹੈ।

ਬੁਜ਼ਦਿਲ ਨਹੀਂ ਗੇ ਜ਼ਾਲਮਾਂ, ਵਾਰਾਂ ‘ਗ ਜਾਨ ਵੀ
ਲੜਦੇ ਰਹਾਂਗੇ ਹੱਕ ਲੀ, ਰਹਿੰਦੇ ਜਹਾਨ ਤਕ।

ਉਸ ਦਾ ਪੱਕਾ ਵਿਸ਼ਵਾਸ ਹੈ ਕਿ ਕਾਮਯਾਬੀ ਸਿਰਫ ਸੰਘਰਸ਼ ਕਰਨ ਵਾਲੇ ਨੂੰ ਹੀ ਨਸੀਬ ਹੁੰਦੀ ਹੈ ਤੇ ਉਹ ਹੀ ਸੂਹੀ ਸਵੇਰ ਦਾ ਮੱਥਾ ਚੁੰਮਦਾ ਹੈ।

ਕਰਦਾ ਰਹੇ ਜੋ ਸਾਮਨਾ, ਛਾਏ ਹਨੇਰ ਦਾ
ਮੱਥਾ ਜ਼ਰੂਰੀ ਚੁੰਮਸੀ, ਸੂਹੀ ਸਵੇਰ ਦਾ।

ਸਮਾਜਿਕ ਵਾਤਾਵਰਨ ਅਜਿਹਾ ਦੂਸਿ਼ਤ ਹੋ ਚੁੱਕਾ ਹੈ ਕਿ ਹਰ ਥਾਂ ਹੈਂਕੜ ਹੌਂਮੇ ਤੇ ਗੁੱਟ ਬੰਦੀ ਪਰਧਾਨ ਬਣੀ ਬੈਠੀ ਹੈ। ਇਹ ਉਲਾਰ ਮਨਾਂ ਦੀ ਸੋਚਣੀ ਕਰਕੇ ਹੈ। ਐਸੀਆਂ ਸਭਾਵਾਂ ਤੱਜਣਾ ਹੀ ਯੋਗ ਹੈ

ਹੈਂਕੜ ਹੌਂਮੇ ਤੇ ਗੁਟ ਬੰਦੀ, ਹਰ ਥਾਵੇਂ ਪਰਧਾਨ ਬਣੀ
ਚੋਰ ਸਭਾਵਾਂ ਐਸੀਆਂ ਨੇ ਜੋ,ਛਡਦੇ ਨਾ ਤੂੰ ਵਕਤ ਗਵਾਲ

ਡਾ. ਬਲਬੀਰ ਸਿੰਘ ਪੂੰਨੀ (ਵੈਨਕੂਵਰ) ਆਪਣੇ ਲੇਖ ‘ਸ਼ਮਸ਼ੇਰ ਸਿੰਘ ਸੰਧੂ ਦਾ ਕਾਵਿ ਜਗਤ’ ਵਿੱਚ ਲਿਖਦੇ ਹਣ ਹੈ ਕਿ “ਸ਼ਮਸ਼ੇਰ ਸਿੰਘ ਸੰਧੂ ਨੇ ਜਿੱਥੇ ਵਿਭਿੰਨ ਵਿਸਿ਼ਆਂ ਨੂੰ ਆਪਣੀਆਂ ਗ਼ਜ਼ਲਾਂ, ਕਵਿਤਾਵਾਂ ਵਿੱਚ ਪੇਸ਼ ਕੀਤਾ ਹੈ ਓਥੇ ਉਹ ਰੂਪਕ ਪੱਖ ਤੋਂ ਕਲਾਤਮਕ ਜੁਗਤਾਂ ਦੀ ਵਰਤੋਂ ਕਰਦਾ ਹੈ। ਉਸ ਨੇ ਨਵੇਂ ਪ੍ਰਤੀਕ ਬਿੰਬਾਂ ਦੀ ਸਿਰਜਣਾ ਕੀਤੀ ਹੈ। ਉਹ ਅਮਨ ਪਸੰਦ ਸ਼ਾਇਰ ਹੈ ਜਿਸ ਨੂੰ ਜੰਗ ਨਾਲ ਨਫਰਤ ਹੈ। ਉਹ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ”।

ਇਕਬਾਲ ਅਰਪਨ (ਕੈਲਗਰੀ) ਦਾ ਕਹਿਣਾ ਹੈ ਕਿ “ਗ਼ਜ਼ਲ ਦੇ ਖੇਤਰ ਵਿੱਚ ਸ਼ਮਸ਼ੇਰ ਸਿੰਘ ਸੰਧੂ ਨੇ……ਪਾਠਕਾਂ ਨੂੰ ਨਿਰਾਸ਼ ਨਹੀਂ ਕੀਤਾ। ਸ਼ਮਸ਼ੇਰ ਸਿੰਘ ਸੰਧੂ ਦੀਆਂ ਗ਼ਜ਼ਲਾਂ ਦੇ ਦੋ ਪਹਿਲੂ ਹਨ। ਉਸ ਦੀ ਪੂਰੀ ਦੀ ਪੂਰੀ ਸ਼ਾਇਰੀ ਪਿਆਰ ਦੇ ਰੰਗ ਅਤੇ ਸਮਾਜ ਵਿੱਚ ਵਾਪਰ ਰਹੀਆਂ ਕੁਰੀਤੀਆਂ ਦੁਆਲੇ ਘੁੰਮਦੀ ਹੈ। ਲੋਕਾਂ ਨਾਲ ਪਿਆਰ ਜਾਂ ਸਮੁੱਚੀ ਮਨੁੱਖਤਾ ਨਾਲ ਪਿਆਰ ਅਤੇ ਮਹਿਬੂਬ ਜਾਂ ਮਹਿਬੂਬਾ ਨਾਲ ਪਿਆਰ। …ਸ਼ਮਸ਼ੇਰ ਸਿੰਘ ਸੰਧੂ ਦਾ ਗ਼ਜ਼ਲ ਦੇ ਖੇਤਰ ਵਿੱਚ ਇਕ ਵਧੀਆ ਉਪਰਾਲਾ ਹੈ। ਪੰਜਾਬੀ ਸਾਹਿਤ ਵਿੱਚ ਉਸ ਦਾ ਨਿੱਘਾ ਸਵਾਗਤ ਹੈ”।

ਲੁਧਿਆਣਾ ਨਿਵਾਸੀ ਪ੍ਰਸਿੱਧ ਗ਼ਜ਼ਲਗੋ ਤੇ ਅਲੋਚਕ ਪ੍ਰਿੰ. ਕਰਤਾਰ ਸਿੰਘ ਕਾਲੜਾ ਅਤੇ ਡਾ. ਮੁਹਿੰਦਰ ਸਿੰਘ ਚੀਮਾ ਨੇ ਗ਼ਜ਼ਲ ਦੀ ਸ਼ਾਹ ਸਵਾਰੀ ਲਈ ਨਿੱਤਰੇ ਸ਼ਮਸ਼ੇਰ ਸਿੰਘ ਸੰਧੂ ਦਾ ਭਰਪੂਰ ਤੇ ਨਿੱਘਾ ਸਵਾਗਤ ਕੀਤਾ ਹੈ।

ਲੁਧਿਆਣਾ ਸਥਿੱਤ ਪਰਮੁੱਖ ਸਾਹਿਤਕ ਸੰਸਥਾ ‘ਸਿਰਜਨਧਾਰਾ’ ਨੇ ਸ਼ਮਸ਼ੇਰ ਸਿੰਘ ਸੰਧੂ ਦੇ ਗ਼ਜ਼ਲ ਸੰਗ੍ਰਹਿ ‘ਗਾ ਜਿ਼ੰਦਗੀ ਦੇ ਗੀਤ ਤੂੰ’ ਤੇ ਉਨ੍ਹਾਂ ਨੂੰ 2004 ਵਿੱਚ ‘ਪੰਜਾਬ ਦੀ ਖੁਸ਼ਬੂ’ ਅਵਾਰਡ ਨਾਲ ਸਨਮਾਨਿਤ ਕੀਤਾ। ਸ. ਕਰਮਜੀਤ ਸਿੰਘ ਔਜਲਾ ਇਸ ਸੰਸਥਾ ਦੇ ਪਰਧਾਨ ਤੇ ਸ. ਪ੍ਰੋ. ਕੁਲਵੰਤ ਸਿੰਘ ਜਗਰਾਉਂ ਜਨਰਲ ਸਕੱਤਰ ਹਨ।

ਸੰਧੂ ਸਾਹਿਬ ਦੀਆਂ ਛਪ ਚੁਕੀਆਂ ਦੋਹਾਂ ਪੁਸਤਕਾਂ ਵਿੱਚ ਕੁਲ 99+40=139 ਗ਼ਜ਼ਲਾਂ ਹਨ। ਵਜ਼ਨ ਪੱਖੋਂ ਇਨ੍ਹਾਂ ਗ਼ਜ਼ਲਾਂ ਵਿੱਚ ਕੋਈ ਗ਼ਲਤੀ ਨਹੀਂ। ਤਗ਼ਜ਼ਲ ਵੀ ਹੈ ਤੇ ਰਵਾਨੀ ਵਿੱਚ ਵੀ ਕਿਤੇ ਫਰਕ ਨਹੀਂ। ਸੰਧੂ ਸਾਹਿਬ ਨੇ ਮੁਹਾਵਰੇ, ਬਿੰਬ, ਪਰਤੀਕਾਂ, ਨੈਤਿਕਤਾ, ਜੀਵਨ ਜਾਚ, ਘਰ ਦਾ ਪਿਆਰ, ਦੇਸ਼ ਵਿਛੋੜੇ ਦੀ ਕਸਕ, ਸਮਾਜਿਕ ਜ਼ੁੰਮੇਵਾਰੀਆਂ ਭਰਿਆ ਪਿਆਰ ਅਨੁਭਵ, ਸੁਹਜ ਸੁਆਦ, ਸਮਕਾਲੀ ਸਮਾਜਿਕ-ਰਾਜਨੀਤਿਕ ਚੋਭਾਂ, ਆਪਾ ਵਾਰਦੀ ਸਵੈ ਪੜਚੋਲ ਦੀਆਂ ਝਲਕੀਆਂ ਨੂੰ ਦਿਲਕਸ਼ ਤੇ ਨਵੀਨ ਢੰਗ ਨਾਲ ਇਨ੍ਹਾਂ ਗ਼ਜ਼ਲਾਂ ਵਿੱਚ ਪੇਸ਼ ਕੀਤਾ ਹੈ।

ਸ਼ਮਸ਼ੇਰ ਸਿੰਘ ਸੰਧੂ ਨੇ ਆਪਣੀਆਂ ਗ਼ਜ਼ਲਾਂ, ਗੀਤਾਂ ਅਤੇ ਕਵਿਤਾਵਾਂ ਰਾਹੀਂ ਆਪਣੀ ਜਿ਼ੰਦਗੀ ਦੇ ਭਰਪੂਰ ਤਜਰਬੇ ਤੇ ਅਨੁਭਵ ਬਹੁਤ ਹੀ ਸੁਹਣੇ ਤੇ ਕਾਵਿਮਈ ਢੰਗ ਨਾਲ ਪੇਸ਼ ਕੀਤੇ ਹਨ। ਆਸ ਹੈ ਸੂਝਵਾਨ ਪਾਠਕ ਇਨ੍ਹਾਂ ਦਾ ਪੂਰਾ ਆਨੰਦ ਮਾਨਣਗੇ ਤੇ ਉਨ੍ਹਾਂ ਦੇ ਅਗਲੇ ਆ ਰਹੇ ਗ਼ਜ਼ਲ ਸੰਗ੍ਰਹਿ ‘ਬਣ ਸ਼ੁਆ ਤੂੰ’ ਦਾ ਤੀਬਰਤਾ ਨਾਲ ਇੰਤਜ਼ਾਰ ਕਰਨਗੇ।

ਗੀਤ ਮੈਨੂੰ ਰਾਗ ਬਣਕੇ, ਨਿੱਤ ਵਾਜਾਂ ਮਾਰਦੇ
ਚਾਹਤਾਂ ਸੁਰਤਾਲ ਬਣਕੇ,ਹਰ ਤਰਫ ਛਾਇਆ ਕਰੇ।
ਯਾਰ ਮਿੱਤਰ ਵੇਖਕੇ ਹਨ, ਹੋ ਰਹੇ ਹੈਰਾਨ ਹੀ
ਉਮਰ ਪੀਰੀ ਰਾਗ ਸੰਧੂ, ਇਸ਼ਕ ਦੇ ਗਾਇਆ ਕਰੇ।

ਮੈਂ ਸ਼ਮਸ਼ੇਰ ਸਿੰਘ ਸੰਧੂ ਦੀਆਂ ਮੁੱਲਵਾਨ ਪ੍ਰਾਪਤੀਆਂ ਲਈ ਵਧਾਈ ਪੇਸ਼ ਕਰਦਾ ਹਾਂ ਅਤੇ ਉਨ੍ਹਾਂ ਦੀਆਂ ਵਧੀਆ ਸਾਹਿਤਕ ਰਚਨਾਵਾਂ ਦਾ ਇਸਤਕਬਾਲ ਕਰਦਾ ਹਾਂ!

ਤੇਰਿਆਂ ਪੈਰਾਂ ‘ਚ ਛਣਕੇ, ਝਾਂਜਰਾਂ ਦੇ ਬੋਰ ਜਦ
ਸਰਗਮਾਂ ਦੀ ਗੂੰਜ ਜਾਪੇ, ਛਾ ਗਈ ਹੈ ਦੋਸਤਾ।
ਸਾਮਣੇ ਮੰਜ਼ਲ ਮਿਰੀ ਤੇ, ਘੋਰ ਹੈ ਸੰਗਰਾਮ ਵੀ
ਸ਼ੌਕ ਦੀ ਬਿਜਲੀ ਇਵੇਂ ਲਹਿਰਾ ਗਈ ਹੈ ਦੋਸਤਾ।

***

 

*****

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 2003)
(ਦੂਜੀ ਵਾਰ 18 ਸਤੰਬਰ 2021)

***
375
***

About the author

ਕਸ਼ਮੀਰਾ ਸਿੰਘ ਚਮਨ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

Phone/Fax (403) 248-2841
8231 Saddle Ridge. NE. CALGARY AB.Canada. T3J 4K7

ਕਸ਼ਮੀਰਾ ਸਿੰਘ ਚਮਨ

Phone/Fax (403) 248-2841 8231 Saddle Ridge. NE. CALGARY AB.Canada. T3J 4K7

View all posts by ਕਸ਼ਮੀਰਾ ਸਿੰਘ ਚਮਨ →