15 September 2025

ਧੁੰਦ ਵਿੱਚ ਜਗਦੀ ਬੱਤੀ, ਮੋਹਿੰਦਰਪਾਲ ਧਾਲੀਵਾਲ ਦਾ ਸੱਜਰਾ ਸਮਕਾਲੀ ਸੰਗ੍ਰਹਿ — ਰੂਪ ਢਿੱਲੋਂ

ਅੱਜ ਬਾਹਰ ਕੋਸੀ ਧੁੱਪ ਸੇਕ ਦੇ ਰਹੀ ਹੈ। ਬਾਹਰ ਬਗੀਚੇ ਵਿੱਚ ਤਰ੍ਹਾਂ ਤਰ੍ਹਾਂ ਦੇ ਰੁੱਖ ਬੂਟੇ ਪੋਲੀ ਪੱਛਮੀ ਪੌਣ ਵਿੱਚ ਫਰਫਰਾਂਦੇ ਨੇ। ਵੰਨ ਸੁਵੰਨਾ ਹਰੀਆਲ ਅਤੇ ਫੁੱਲਾਂ ਦਾ ਕਈ ਰੰਗਾਂ ਦਾ ਕਟਕ ਮੈਨੂੰ ਯਾਦ ਕਰਾਉਂਦਾ ਉਸ ਦਿਹਾੜੇ ਬਾਰੇ ਜਦ ਮੈਂ ਮੋਹਿੰਦਰਪਾਲ ਸਿੰਘ ਧਾਲੀਵਾਲ ਦੇ ਘਰ ਗਿਆ ਸੀ ਅਤੇ ਚੁਪੱਟ ਦਲ੍ਹੀਜ਼ ਰਾਹੀਂ ਉਨ੍ਹਾਂ ਦਾ ਗੁਲਸ਼ਨ ਵੀ ਇੰਞ ਜਾਪਦਾ ਸੀ। ਜਿੰਨੇ ਰੰਗ ਉਸ ਫੁਲਵਾੜੀ ਵਿੱਚੋਂ ਮੈਨੂੰ ਮੁਖਮੂਰ ਕਰ ਰਹੇ ਸਨ, ਉਸ ਤਰ੍ਹਾਂ ਉਨ੍ਹਾਂ ਦੇ ਕਹਾਣੀ ਸੰਗ੍ਰਹਿ ਵਿੱਚੋਂ ਵਿਸ਼ੇ ਲਿਵ ਲੱਗਾਉਂਦੇ ਹਨ।

ਮੋਹਿੰਦਰਪਾਲ ਦਾ ਮੁਸਕਰਾਉਂਦਾ ਮੁਖੜਾ ਮੈਨੂੰ ਇੱਕ ਤੱਕਣੀ ਵਿੱਚ ਹੀ ਕੀਲ ਦਿੰਦਾ ਇੰਝ ਹੀ ਉਸ ਦਾ ਲਿਖਣ ਵਾਲ਼ਾ ਤਰੀਕਾ ਹਰ ਪਾਠਕ ਨੂੰ ਆਪਣੇ ਨਾਲ਼ ਜੋੜ ਕੇ ਇੱਕ ਖੂਬਸੂਰਤ ਅਤੇ ਕ੍ਰਿਤਾਰਥ ਯਾਤਰਾ ਉੱਤੇ ਲੈ ਜਾਂਦਾ ਹੈ। ਧਾਲੀਵਾਲ਼ ਸਾਹਿਬ ਯਥਾਰਥਵਾਦੀ ਕਥਾ ਦਾ ਖ਼ਾਸ ਉਤਪਾਦਕ ਹੈ। ਯਥਾਰਥਵਾਦ ਅਤੇ ਤਾਰੀਖੀ ਕਹਾਣੀ ਦਾ ਉਸਤਾਦੀ ਮਖਦੂਮ ਹੈ, ਖ਼ਾਸ ਕਰ ਨਾਵਲਾਂ ਦਾ। ਧੁੰਦ ਵਿੱਚ ਜਗਦੀ ਬੱਤੀ ਉਸਦਾ ਸੱਜਰਾ ਸੰਗ੍ਰਹਿ ਹੈ ਅਤੇ ਮੈਂ ਪਹਿਲੀ ਵਾਰੀ ਉਸ ਦੀਆਂ ਕਹਾਣੀਆਂ ਪੜ੍ਹੀਆਂਹਨ।

ਹੁਣ ਤੀਕਰ ਉਨ੍ਹਾਂ ਨੇ ਬਾਰਾਂ ਨਾਵਲ, ਚਾਰ ਅਨੁਵਾਦ ਅਤੇ ਤਿੰਨ ਹੋਰ ਸੰਗ੍ਰਹਿ ਸੰਸਾਰ ਨੂੰ ਦਿੱਤੇ ਹਨ। ਹਥਲੇ ਸੰਗ੍ਰਹਿ ਵਿੱਚ ਇੱਕੀ ਕਹਾਣੀਆਂ ਹਨ, ਵੱਖ ਵੱਖ ਸ਼ੈਲੀ ਅਤੇ ਕਾਲ ਰੂਪ ਵਿੱਚ ਲਿਖੀਆਂ। ਕਈ ਜਣੀਆਂ ਕਰਾਇਆ ‘ਚ ਲਿਖੀਆਂ ਗਈਆਂ, ਪਰ ਅੱਧ ਤੋਂ ਸ਼ਾਇਦ ਜ਼ਿਆਦੀਆਂ ਕਥਾ ਕਾਰਦੇ ਪੱਖ ਤੋਂ ਪੇਸ਼ ਕੀਤੀਆਂਹਨ। ਇਸ ਲਈ ਸੰਗ੍ਰਹਿ ਵਿੱਚ ਵਿਵਿਧਤਾ ਹੈ ਅਤੇ ਇਸ ਲਈ ਰੌਚਕ ਤਰੀਕੇ ਨਾਲ਼ ਪੜ੍ਹਨ ਵਾਲ਼ੇ ਨੂੰ ਆਪਣੇ ਨਾਲ਼ ਜੋੜ ਕੇ ਰੱਖਦੀਆਂ ਹਨ।

ਤਕਰੀਬਨ ਹਰ ਕਹਾਣੀ ਵਿੱਚ ਸਮਾਜ ਸੰਬੰਧੀ ਸੁਨੇਹਾ ਹੈ ਅਤੇ ਪੜ੍ਹਨ ਵਾਲ਼ੇ ਨੂੰ ਡੂੰਘੀ ਸੋਚ ਨਾਲ਼ ਆਪਣੇ ਅਮਲ਼ਾਂ ਅਤੇ ਸਮਾਜ ਦੇ ਕਰਮ ਫਲਾਂ ਉੱਤੇ ਸਵਾਲ ਪਾਉਣ ਲਈ ਮਜ਼ਬੂਰ ਹੋਣਾ ਪੈਣਾ ਹੈ। ਹਰ ਚੰਗੇ ਲਿਖਾਰੀ ਵਾਂਙ ਧਾਲੀਵਾਲ ਸਮਾਜ ਸਾਹਮਣੇ ਸ਼ੀਸ਼ਾ ਧਰਦਾ, ਖ਼ਾਸ ਕਰ ਪੰਜਾਬੀ ਸਮਾਜ ਦੇ ਨੁਕਸਾਂ ਉੱਤੇ। ਪਰ ਸਿਰਫ਼ ਪੰਜਾਬੀ ਸਮਾਜ ਦੇ ਹਾਲਾਤ ਉੱਤੇ ਨਹੀਂ; ਪਰ ਸਾਰੀ ਦੁਨੀਆ ਦੇ ਦੁੱਖਾਂ ਸੁੱਖਾਂ ਉੱਤੇ। ਮਿਸਾਲ ਹੈ ਸੰਗ੍ਰਹਿ ਦੇ ਸਿਰਨਾਵੇ ਵਾਲ਼ੀ ਕਹਾਣੀ, ‘ਧੁੰਦ ਵਿੱਚ ਜਾਗਦੀ ਬੱਤੀ’, ਜੋ ਅਫ਼ਰੀਕਾ ਤੋਂ ਸਮੁੰਦਰ ਪਾਰ ਕਰਨ ਵਾਲ਼ੇ ਪਨਾਹੀਆਂ ਬਾਰੇ ਹੈ। ਇਸ ਵਿੱਚ ਇੱਕ ਪਨਾਹੀ, ਜਿਸਦਾ ਨਾਂ ਨੀਜ਼ਾਰ ਹੈ, ਆਪਣੀ ਧੀ ਬਾਨੇ ਨੂੰ ਗੁਆਉਂਦਾ, ਕਾਲੇ ਪਾਣੀ ਦੀ ਡੂੰਘਾਈ ਵਿੱਚ, ਕਿਉਂਕਿ ਉਸ ਦੇ ਲੋਕ ਆਸ ਹੀਣ ਹਨ ਅਤੇ ਤਖਤ ਜਾਂ ਤਖ਼ਤ ’ਚ ਤਰਲੇ ਕਰਦੇ ਹਨ, ਯੂਰਪ ਦੇ ਕੰਢਾਵਾਂ ਤੱਕ ਪੁੱਜਣ।

ਦੂਜਿਆਂ ਕਿਦਾਰਾਂ ਦੀ ਗਿਣਤੀ ਵਿੱਚ ਜੈਨੀ, ਡੇਵਿਡ ਅਤੇ ਰਣਜੀਤ ਹਨ। ਜੈਨੀ ਅਤੇ ਡੇਵਿਡ ਦੀ ਕਹਾਣੀ ਵੀ ਨੀਜ਼ਾਰ ਅਤੇ ਬਾਨੇ ਵਰਗੀ ਹੈ, ਕੇਵਲ ਉਨ੍ਹਾਂ ਨੇ ਜਰਮਨੀ ਤੋਂ ਬਰਤਾਨੀਆ ਤੱਕ ਪਰਵਾਸ ਕੀਤਾ ਹੈ। ਮੁਖ ਕਿਦਾਰ ਤਾਂ ਰਣਜੀਤ ਹੈ, ਜਿਸ ਦੀ ਨਜ਼ਰ ਤੋਂ ਸਾਨੂੰ ਸਭ ਕੁਝ ਦਿੱਸਦਾ ਹੈ। ਕਹਾਣੀ ਵਿੱਚ ਜ਼ਬਰਦਸਤ ਬਿੰਬਾਵਲੀਹੈ। ਅੰਧਕਾਰ ਕਹਾਣੀ ਦਾ ਵਿਸ਼ਾ ਕੁੜੀਆਂਨੂੰ ਗੁਲਾਮੀ ’ਚ ਰੱਖ ਕੇ ਉਨ੍ਹਾਂ ਨੂੰ ਵੇਚਣ ਬਾਰੇ ਹੈ। ਕੁਝ ਕਹਾਣੀਆਂ ਬਰਤਾਨੀਆ ਦੇ ਜੀਵਨ ਬਾਰੇ ਹਨ, ਜਿੰਞ ਨਵਾਂ ਬੰਦਾ ( ਸ਼ਰਾਬ ਦੀ ਨਸ਼ਈ ਬਾਰੇ), ਓਲਡ ਇਜ਼ ਗੋਲਡ ( ਮਾਪੇ ਨੂੰ ਬਿਮਾਰਖਾਨੇ ’ਚ ਬੁੱਢਾਪੇ ’ਚ  ਛੱਡਣਾ ਚਾਹੀਦਾ ਹੈ?), ਬੌਰਨ ਅਗੇਨ ( ਇੱਕ ਗੋਰੀ ਬਾਰੇ ਜਿਸ ਦਾ ਨਾਂ ਕਮੀਲਾ ਹੈ) ਅਤੇ ਸੁਧਾਰ ( ਉਪੱਦਰ ’ਤੇ ਬੇਕਾਰੀ ਬਾਰੇ)। ਕੁਝ ਭਾਰਤ ਵਿੱਚ ਸੈਟ ਕੀਤੀਆਂ ਹਨ, ਜਿੰਞ ਹਰਾਮੀ (ਇੱਜ਼ਤ ਲੁੱਟਣ ਦਾ ਅੰਜਾਮ ਬਾਰੇ) ਕਹਾਣੀ ਹੈ। ਤਰ੍ਹਾਂ ਤਰ੍ਹਾਂ ਜ਼ਿੰਦਗੀ ਦੇ ਮਸਲੇ ਛੇੜੇ ਜਾਂਦੇ ਨੇ।

ਬੌਰਨ ਅਗੇਨ ’ਚ ਅਨਾਥ ਨੂੰ ਮਿਲਦੇ ਹਨ, ਪਹਿਲਾ ਦਿਨ ਵਿੱਚ ਇੰਗਲੈਂਡ ਦਾ ਫੈਕਟਰੀ ਜੀਵਨ ’ਤੇ ਮੇਜਰ ਵਰਗੇ ਔਰਤ ਨਾਲ਼ ਗਿੱਦੜ ਕੁੱਟ ਕਰਨ ਵਾਲ਼ੇ ਮਿਲਦੇ ਨੇ। ਥੋੜੀ ਜਿਹੀ ਕੁਰਬਾਨੀ ਕਥਾ ਵਿੱਚ ਲਾਪਤੇ ਹੋਏ ਬੁੱਢੇ ਦੀ ਦਿਮਾਗ਼ ਵਾਲ਼ੀ ਬਿਮਾਰੀ ਸਾਹਮਣੇ ਆਉਂਦੀ ਹੈ ਜੋ ਸਾਡਾ ਸਮਾਜ ਲੁਕਾਉਣ ਦੀ ਕੋਸ਼ਿਸ਼ ਕਰਦਾ ਹੈ। ਵਾਧੂ ਕਮਰਾ ਵਿੱਚ ਰਾਜੇਸ ਦੱਸਦਾ ਬਾਹਰ ਕੂੰਜ ਬਣਕੇ ਉਡਾਰੀ ਮਾਰਨ ਨਾਲ਼ ਪਿੱਛੇ ਕੀ ਗਵਾਚ ਜਾਂਦਾ; ਗੁਆਚੇ ਪਲ ਵਿੱਚ ਸਟੀਵ ਲਈ ਦੋ ਇਸਤਰੀਆਂ…ਖ਼ੈਰ ਪੜ੍ਹ ਕੇ ਵੇਖੋ। ਸੋਲਜਰ ਵਿੱਚ ਜੰਗ ਦਾ ਨਤੀਜਾ ਕੀ ਹੁੰਦਾ ਸਾਡੇ ਸਾਹਮਣੇ ਆਉਂਦਾ; ਸੌਦਾ ਵਿੱਚ ਕਿੰਞ ਭਾਰਤੀ ਬਾਹਰ ਆ ਕੇ ਕਿਸੇ ਨਾਲ਼ ਵਿਆਹ ਕਰ ਕੇ ਉਨ੍ਹਾਂ ਨੂੰ ਛੱਡਦੇ ਹੋਰ ਕਿਸੇ ਵਾਸਤੇ…ਅਤੇ ਸੱਚ ਵਿੱਚ ਵੀਜ਼ਾ ਲੈਣ ਵਾਸਤੇ ਹੀ ਵਿਆਹ ਕਰਦੇ ਨੇ। ਸੁਪਨਿਆਂ ਦੇ ਸਿਵੇ ਵਿੱਚ ਗੋਰੀਆਂ ਨੂੰ ਕਾਮ ਦੇ ਗੁਲਾਮੀ ਬਣਾਇਆ ਜਾਂਦਾ ਹੈ। ਸਾਡੇ ਲੋਕ ਆਪ ਨੂੰ ਨੇਕ ਸਮਝਦੇ ਪਰ ਇਹ ਕਹਾਣੀਆਂ ਫ਼ਰੋਲ ਕੇ ਸਾਡਾ ਅਸਲੀ ਚਿਹਰਾ ਦਿੱਸਦਾ ਹੈ। ਸੱਚ ਵਿੱਚ ਸਾਡੇ ਆਪਣੇ ਹੀ ਗੱਦਾਰ ਹੁੰਦੇ ਨੇ, ਕਿਸੇ ਦੀ ਭੈਣ, ਕਿਸੇ ਦੀ ਮਾਸੀ, ਕਿਸੇ ਦਾ ਮਾਮਾ। ਇਹ ਗੱਲ ਮਾਸ ਨਾਲ਼ ਲਟਕਦੇ ਨਹੁੰ ’ਚ ਸਾਫ਼ ਜਾਪਦੀ ਹੈ। ਨਾਲ ਪੀੜ੍ਹੀ ਤੋਂ ਪੀੜ੍ਹੀ, ਮੁਲਕ ਤੋਂ ਮੁਲਕ ਵਿੱਚ ਬਹੁਤ ਫ਼ਰਕ ਹੁੰਦਾ ਹੈ, ਖਿਆਲਾਂ ’ਚ ਅਤੇ ਸੋਚਾਂ ਵਿੱਚ। ਇੰਞ ਹੀ ਰਿਸ਼ਤਿਆਂ ਦੀ ਮਹਿਕ ’ਚ ਪਤਾ ਲੱਗਦਾ ਹੈ। ਸਾਕੀ ਵਿੱਚ ਫੇਰ ਸ਼ਰਾਬ ਦਾ ਮਾਮਲਾ ਆਉਂਦਾ ਹੈ ਅਤੇ ਅਜੇ ਉਹ ਠੀਕ ਹਨ ਵਿੱਚ ਜ਼ਾਤ ਪਾਤ ਦਾ ਹਾਲ ਦਿੱਸਦਾਹੈ। ਸਾਡੇ ਲੋਕ ਦਿਖਾਵੇ ਦੇ ਗੁਲਾਮ ਹਨ ਅਤੇ ਇਸਦਾ ਨਤੀਜਾ ਵੀ ਰਬੜ ਦੀ ਮੋਹਰ ਵਿੱਚ ਪੇਸ਼ ਹੈ, ਅਤੇ ਅਸੀਂ ਕਦੋਂ ਬਦਲਾਂਗੇ ਵਿੱਚ ਵੀ। ਅਤੇ ਗ਼ਲਤ ਫ਼ੈਸਲੇ ਵੀ ਗ਼ਲਤ ਨਤੀਜੇ ਕਰਵਾਉਂਦੇ ਹਨ ਜਿੰਞ ਪਛਤਾਵਾ ਵਿੱਚ ਜਾਪਦਾਹੈ।

ਤਰ੍ਹਾਂ ਤਰ੍ਹਾਂ ਦੇ ਵਿਸ਼ੇ ਅਤੇ ਕੁਝ ਇੱਕ ਦੂਜੇ ਤੋਂ ਅਲੱਗ ਬਿਆਨੀਆ ਵਿੱਚ ਕਹਾਣੀਆਂ ਪੇਸ਼ ਕੀਤੀਆਂ ਹਨ।ਪਰ ਕਹਾਣੀਆਂ ਦਿਲਚਸਪ ਹਨ ਅਤੇ ਸਮਾਜ ਦੇ ਮਸਲੇ ਪਿਆਰ ਅਤੇ ਧਿਆਨ ਨਾਲ਼ ਪੇਸ਼ ਕੀਤੇ ਹਨ।

ਕਹਾਣੀਆਂ ਪਰਵਾਹ ਰਫ਼ਤਾਰ ਨਾਲ਼ ਚਲਦੀਆਂ ਅਤੇ ਪੰਜਾਬੀ ਬੋਲ਼ੀ ਨੂੰ ਭਲੀ ਭਾਂਤ ਨਾਲ਼ ਵਰਤਿਆ ਹੈ। ਹੋ ਸਕਦਾ ਕੁਝ ਪਾਠਕ ਸੋਚ ਸਕਦੇ ਕਿ ਕਿੱਤੇ ਕਿੱਤੇ ਅੰਗ੍ਰੇਜ਼ੀ ਸ਼ਬਦ ਪੰਜਾਬੀ ਲਫ਼ਜ਼ਾਂ ਦੀ ਥਾਂ ਕਿਉਂ ਵਰਤੇ ਹਨ? ਗੱਲ ਹੈ ਕਈ ਸ਼ੈਵਾਂ ਵਾਸਤੇ ਪੰਜਾਬੀ ਵਾਕ ਹੈ ਨਹੀਂ; ਫੇਰ ਨਹੀਂ ਤਾਂ ਲੇਖਕਨੂੰ ਘੜਣੇ ਪੈਂਦੇ ਜਾਂ ਜੇ ਹੁਣ ਆਮ ਪੰਜਾਬੀ ਵਿੱਚ ਦਾਖ਼ਲ ਹੋ ਚੁੱਕੇ, ਉਨ੍ਹਾਂ ਨੂੰ ਵਰਤਣਾ ਚਾਹੀਦਾ ਵੀ ਹੈ। ਪੰਜਾਬੀ ਦਾ ਰੂਪ ਹਰ ਸਾਲ ਬਦਲਦਾ ਹੈ। ਇਸ ਤੋਂ ਇਲਾਵਾਂ ਮੈਂ ਸ਼ਾਇਦ ਇਹ ਕਹਿ ਸਕਦਾ ਕਿ ਜੋ ਪਹਿਲਾਂ ਹੀ ਜ਼ਬਰਦਸਤ ਹੈ ਨੂੰ ਹੋਰ ਜ਼ਬਰਦਸਤ ਬਣਾਉਣ ਵਾਸਤੇ ਵਿਚਿੱਤਰਵਾਦ ਤਫਸੀਲ ਦਾ ਫ਼ਾਇਦਾ ਲੈਣਾ ਚਾਹੀਦਾ ਹੈ, ਲਿਖਤ ਨੂੰ ਹੋਰ ਵੀ ਚਮਤਕਾਰੀ ਕਰਨ ਲਈ। ਚੰਗੀ ਗਲਪ ਲਿਖਣ ਵਿੱਚ ਹਰ ਸੀਨ ਨੂੰ ਜ਼ਿਆਦਾ ਵਿਆਖਿਆ ਦੇਣੀ ਚਾਹੀਦੀ ਹੈ ਫੇਰ ਬਿਰਤਾਂਤ ਹੋਰ ਵੀ ਰਮਣੀਕ ਹੋ ਜਾਣੇ। ਕਿਦਾਰ ਦੇ ਰੂਪ ਲੀੜੇ ਜਾਂ ਸ਼ਕਲਾਂ ਨੂੰ ਹੋਰ ਬਿਓਰਾ ਦੇ ਸਕਦੇ ਨੇ। ਕਹਾਣੀ ਅਤੇ ਫ਼ਿਲਮ ਦਾ ਇਹ ਹੀ ਫ਼ਰਕ ਹੈ।ਲਿਖਾਰੀ ਨੂੰ ਤਸਵੀਰ ਸ਼ਬਦਾਂ ਨਾਲ਼ ਬਣਾਉਣੀ ਚਾਹੀਦੀ ਹੈ ਅਤੇ ਇਹ ਕਹਾਣੀਆਂ ਨੂੰ ਹੋਰਵੀ ਕਮਾਲ ਬਣਾਉਣ ਕਿਦਾਰਾਂ ਨੂੰ, ਉਨ੍ਹਾਂ ਦੇ ਆਲ਼ੇ ਦੁਆਲ਼ੇ ਨੂੰ ਵੇਰਵੇ ਸਹਿਤ ਦੇ ਕੇ ਹੋਰ ਰੰਗੀਲਾ ਕਰ ਸਕਦੇਨੇ। ਪਰ ਇਹ ਤਾਂ ਸ਼ਾਇਦ ਮੈਂ ਛੋਟੀਆਂ ਗੱਲਾਂ ਕੱਢ ਰਿਹਾ ਹਾਂ। ਸੱਚ ਹੈ ਇਹ ਸੰਗ੍ਰਹਿ ਕਮਾਲ ਵਾਲ਼ਾ ਹੈ ਅਤੇ ਸਭ ਨੂੰ ਪੜ੍ਹਨਾ ਚਾਹੀਦਾ ਹੈ।

ਉਸ ਦੇ ਆਉਣ ਵਾਲ਼ੇ ਨਾਵਲ, ਅੱਧੇ ਚੰਨ ਦੀ ਚਾਨਣੀ ਨੂੰ ਵੀ ਚਾ ਨਾਲ਼ ਉਡੀਕਦੇ ਨੇ!

ਕੈਲੀਬਰ ਪਬਲੀਕੇਸ਼ਨ ਤੋਂ ਕਿਤਾਬ ਮਿਲਸਕਦੀ ਹੈ।+91 98154 48958
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1589

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ