19 May 2024

ਰੰਗਮੰਚ: ਡਾ. ਸਾਹਿਬ ਸਿੰਘ ਦਾ ਲਛੂ ਕਬਾੜੀਆ ਬਨਾਮ ਦੇਸ ਦਾ ਕਬਾੜਖਾਨਾ — ਰਵਿੰਦਰ ਸਿੰਘ ਸੋਢੀ

ਸਾਹਿਤ ਦੇ ਸਾਰੇ ਰੂਪਾਂ ਦੀ ਹੀ ਆਪਣੀ-ਆਪਣੀ ਮਹਤਤਾ ਹੈ, ਪਰ ਨਾਟ ਸਾਹਿਤ ਇਸ ਲਈ ਵਧੇਰੇ ਮਹਤਵਪੂਰਨ ਹੈ ਕਿਉਂ ਕਿ ਇਹ ਦੋ ਧਰਾਤਲਾਂ ਤੇ ਵਿਚਰਦਾ ਹੈ। ਇਹ ਪੜਿਆ ਵੀ ਜਾਂਦਾ ਹੈ ਅਤੇ ਮੰਚ ਤੇ ਪੇਸ਼ ਵੀ ਕੀਤਾ ਜਾਂਦਾ ਹੈ। ਮੰਚ ਦੀ ਪੇਸ਼ਕਾਰੀ ਕਰਕੇ ਇਹ ਦਰਸ਼ਕਾਂ ਨਾਲ ਸਿਧਾ ਰਾਬਤਾ ਕਾਇਮ ਕਰਦਾ ਹੈ। ਇਸੇ ਲਈ ਜਦੋਂ ਦਰਸ਼ਕ ਆਪਣੀਆਂ ਅਖਾਂ ਦੇ ਸਾਹਮਣੇ ਸਭ ਕੁਝ ਵਾਪਰਦਾ ਦੇਖਦੇ ਹਨ ਤਾਂ ਉਹ  ਜ਼ਿੰਦਗੀ ਦੀਆਂ ਸਚਾਈਆਂ ਅਤੇ ਨਾਟਕਕਾਰ ਵਲੋਂ ਪੇਸ਼ ਕੀਤੀਆਂ ਘਟਨਾਵਾਂ ਦੀ ਤੁਲਨਾ ਕਰਦੇ ਹਨ। ਜਦੋਂ ਦਰਸ਼ਕਾਂ ਨੂੰ ਮਹਿਸੂਸ ਹੁੰਦਾ ਹੈ ਕਿ ਨਾਟਕਾਰ ਨੇ ਜ਼ਿੰਦਗੀ ਦੇ ਆਮ ਵਰਤਾਰਿਆਂ ਨੂੰ ਕਲਾਤਮਕ ਛੋਹਾਂ ਪ੍ਰਦਾਨ ਕਰਕੇ ਪੇਸ਼ ਕੀਤਾ ਹੈ ਤਾਂ ਉਹ ਜਲਦੀ ਹੀ ਮੰਚ ਤੇ ਕੀਤੀ ਜਾ ਰਹੀ ਪੇਸ਼ਕਾਰੀ ਨਾਲ ਇਕ-ਮਿਕ ਹੋ ਜਾਂਦੇ ਹਨ। ਜਦੋਂ ਮੰਚ ਤੇ ਵਿਚਰ ਰਹੇ ਪਾਤਰ ਵਧੀਆ ਅਦਾਕਾਰੀ ਕਰ ਰਹੇ ਹੁੰਦੇ ਹਨ ਤਾਂ ਦਰਸ਼ਕ ਕੁਝ ਸਮੇਂ ਲਈ ਆਪਣੇ ਆਲੇ-ਦੁਆਲੇ ਨਾਲੋਂ ਟੁਟ ਕੇ ਮੰਚ ਵੱਲ ਹੀ ਟਿਕਟਿਕੀ ਲਾ ਕੇ ਦੇਖਦੇ ਰਹਿੰਦੇ ਹਨ। ਜੇ ਕਿਤੇ ਅਜਿਹੀ ਪੇਸ਼ਕਾਰੀ ਇਕ ਪਾਤਰੀ ਹੋਵੇ ਤਾਂ ਦਰਸ਼ਕ ਮੰਤਰ ਮੁਗਧ ਹੀ ਹੋ ਜਾਂਦੇ ਹਨ।

ਡਾ. ਸਾਹਿਬ ਸਿੰਘ ਪੰਜਾਬੀ ਨਾਟ ਸਾਹਿਤ ਅਤੇ ਮੰਚ ਕਲਾਕਾਰੀ ਦਾ ਅਜਿਹਾ ਸੁਮੇਲ ਹੈ ਜਿਸ ਨੇ ਦੋਹਾਂ ਖੇਤਰਾਂ ਵਿਚ ਆਪਣੀ ਗਹਿਰੀ ਛਾਪ ਛੱਡੀ ਹੈ। ਪੰਜਾਬੀ ਰੰਗਮੰਚ ਤੇ ਇਕ ਪਾਤਰੀ ਨਾਟਕ ਘਟ ਗਿਣਤੀ ਵਿਚ ਹੀ ਪੇਸ਼ ਹੋਏ ਹਨ। ਅਸਲ ਵਿਚ ਕਿਸੇ ਵੀ ਅਦਾਕਾਰ ਲਈ ਇਹ ਚੁਣੌਤੀ ਹੁੰਦੀ ਹੈ ਕਿ ਉਹ ਤੀਹ, ਚਾਲੀ ਮਿੰਟਾਂ ਲਈ ਇਕਲਾ ਹੀ ਮੰਚ ਤੇ ਅਜਿਹੇ ਪ੍ਰਭਾਵਸ਼ਾਲੀ ਢੰਗ ਨਾਲ ਅਦਾਕਾਰੀ ਕਰੇ ਕਿ ਦਰਸ਼ਕਾਂ ਲਈ ਰੌਚਿਕਤਾ ਬਣੀ ਰਹੇ। ਪਰ ਜੇ ਇਕ ਹੀ ਕਲਾਕਾਰ ਨੂੰ ਡੇਢ ਘੰਟੇ ਦੇ ਲਗਭਗ ਮੰਚ ਤੇ ਰਹਿਣਾ ਪਵੇ ਤਾਂ ਨਿਸਚੇ ਹੀ ਇਕ ਹੀ ਪਾਤਰ ਲਈ ਇਹ ਬਹੁਤ ਮੁਸ਼ਕਿਲ ਹੁੰਦਾ ਹੈ ਕਿ ਉਹ ਨਾਟਕੀ ਟੱਕਰ ਨੂੰ ਮੰਚ ਤੇ ਕਿਵੇਂ ਸਾਕਾਰ ਕਰੇ। ਨਾਟਕਕਾਰ ਲਈ ਇਹ ਇਕ ਕਿਸਮ ਦਾ ਦੋ ਧਾਰੀ ਤਲਵਾਰ ਤੇ ਚਲਣ ਵਰਗਾ ਇਮਤਿਹਾਨ ਹੁੰਦਾ ਹੈ। ਹੈਰਾਨੀ ਦੀ ਗੱਲ ਹੈ ਕਿ ਡਾ. ਸਾਹਿਬ ਸਿੰਘ ਨੇ ਇਹ ਦੋਵੇਂ ਹੀ ਕਾਰਜ ‘ਲਛੂ ਕਬਾੜੀਆ’ ਵਿਚ ਬੜੀ ਕੁਸ਼ਲਤਾ ਨਾਲ  ਨਿਭਾਏ ਹਨ।

ਡਾ. ਸਾਹਿਬ ਸਿੰੰਘ ਆਪਣੇ ਇਸ ਸ਼ਾਹਕਾਰ ਨਾਟਕ ਦੀਆਂ ਸੈਂਕੜੇ ਹੀ ਪੇਸ਼ਕਾਰੀਆਂ ਦੇਸ-ਵਿਦੇਸ਼ ਵਿਚ ਸਫਲਤਾ ਪੂਰਵਕ ਪੇਸ਼ ਕਰ ਚੁਕਿਆ ਹੈ। 7-8 ਅਕਤੂਬਰ ਨੂੰ ਪੰਜਾਬੀ ਭਵਨ, ਸਰੀ(ਕੈਨੇਡਾ) ਦੇ ਸਲਾਨਾ ਸਮਾਗਮ ਦੇ ਦੂਜੇ ਦਿਨ ਵਿਸ਼ੇਸ਼ ਤੌਰ ਤੇ ਇਸ ਇਕ ਪਾਤਰੀ ਨਾਟਕ ਦੀ ਪੇਸ਼ਕਾਰੀ ਕੀਤੀ ਗਈ। ਮੈਂ ਭਾਵੇਂ ਇਹ ਪੇਸ਼ਕਾਰੀ ਨਹੀਂ ਦੇਖ ਸਕਿਆ, ਪਰ ਇਸ ਦੀ ਰਿਕਾਰਡਿੰਗ ਦੇਖ ਕੇ ਹੀ  ਇਸ ਤੋਂ ਪ੍ਭਾਵਿਤ ਹੋਏ ਬਿਨਾ ਨਹੀਂ ਰਹਿ ਸਕਿਆ।

ਨਾਟਕ ਦਾ ਪਾਤਰ ਲਛਮਣ ਉਰਫ ਲੱਛੂ ਆਪਣੀ ਕਹਾਣੀ ਸੁਣਾਉਂਦਾ ਹੈ, ਜੋ ਕਬਾੜੀਏ ਦਾ ਕੰਮ ਕਰਦਾ ਹੈ। ਕਬਾੜੀਆ ਆਮ ਲੋਕਾਂ ਦੇ ਘਰਾਂ ਵਿਚ ਪਈਆਂ ਬੇਕਾਰ ਦੀਆਂ ਚੀਜ਼ਾਂ ਖਰੀਦ ਕੇ ਉਹਨਾਂ ਨੂੰ ਅੱਗੇ ਵੇਚ ਕੇ ਆਪਣੀ ਕਮਾਈ ਕਰਦਾ ਹੈ। ਅਜਿਹੇ ਕੰਮ ਕਰਨ ਵਾਲਿਆਂ ਦੀ ਜ਼ਿੰਦਗੀ ਦੁਸ਼ਵਾਰੀਆਂ ਭਰੀ ਹੀ ਹੁੰਦੀ ਹੈ। ਉਹਨਾਂ ਦੀ ਪਰਿਵਾਰਕ ਜ਼ਿੰਦਗੀ ਦਾ ਇਸ ਤੋਂ ਵਡਾ ਦੁਖਾਂਤ ਹੋਰ ਕੀ ਹੋ ਸਕਦਾ ਹੈ। ਜਰੂਰੀ ਪਰਿਵਾਰਕ ਕਾਰਜਾਂ ਵਿਚ ਉਹਲਾ ਰੱਖਣ ਲਈ ਉਹਨਾਂ ਨੂੰ ਅਧੋਰਾਣੀਆਂ ਚਾਦਰਾਂ ਦਾ ਸਹਾਰਾ ਲੈਣਾ ਪੈਂਦਾ ਹੈ। ਘਰ ਨੂੰ ਬੰਦ ਕਰਨ ਲਈ ਦਰਵਾਜ਼ੇ ਵੀ ਨਹੀਂ ਹੁੰਦੇ। ਇਸੇ ਲਈ ਲੱਛੂ ਕਿਸੇ ਕਲਪਿਤ ਪਾਤਰ ਨੂੰ ਘਰ ਦੇ ਅੰਦਰ ਬੁਲਾਉਣ ਵੇਲੇ ਕਹਿੰਦਾ ਹੈ ਕਿ ਉਸ ਦੇ ਘਰ ਅੰਦਰ ਆਉਣ ਲਈ ਜਿਧਰੋ ਮਰਜੀ ਅੰਦਰ ਆ ਜਾਓ ਅਤੇ ਜਿਧਰੋ ਮਰਜੀ ਬਾਹਰ ਚਲੇ ਜਾਓ। ਭਾਵੇਂ ਇਹ ਵਾਕ ਉਹ ਬੜੇ ਸਹਿਜ ਨਾਲ ਬੋਲ ਜਾਂਦਾ ਹੈ, ਪਰ ਇਸ ਪਿਛੇ ਉਸ ਦੀ ਲੁਕੀ ਚੀਸ ਉਜਾਗਰ ਜਰੂਰ ਹੋ ਜਾਂਦੀ ਹੈ। ਇਸੇ ਤਰਾਂ ਜਦੋਂ ਉਹ ਇਹ ਕਹਿੰਦਾ ਹੈ ਕਿ ਉਸ ਦੀ ਮਾਂ ਨੇ ਤਾਂ ਉਸ ਦਾ ਨਾਂ ਲਛਮਣ ਰੱਖਿਆ ਸੀ, ਪਰ ਦੁਨੀਆਂ ਨੇ ਉਸ ਨੂੰ ਲੱਛੂ ਹੀ ਬਣਾ ਦਿੱਤਾ ਤਾਂ ਇਥੇ ਸਾਡੇ ਦੇਸ ਦੇ ਗਰੀਬਾਂ ਦੀ ਇਹ ਤਰਾਸਦੀ ਪੇਸ਼ ਕੀਤੀ ਗਈ ਹੈ ਕਿ ਗਰੀਬਾਂ ਨੂੰ ਤਾਂ ਹਰ ਥਾਂ ਦੁਰਕਾਰਿਆ ਹੀ ਜਾਂਦਾ ਹੈ। ਲੱਛੂ ਨੂੰ ਉਹ ਦਿਨ ਵੀ  ਯਾਦ ਆਉਂਦੇ ਹਨ ਜਦੋਂ ਉਹ ਆਪ ਪੜ੍ਹਦਾ ਹੁੰਦਾ ਸੀ, ਹਾਕੀ ਦਾ ਵਧੀਆ ਖਿਡਾਰੀ ਸੀ। ਉਸ ਨੂੰ ਆਪਣੇ ਛਿੰਦੇ ਪੁੱਤ ਦੀ  ਯਾਦ ਵੀ ਆਉਂਦੀ ਹੈ ਜੋ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ। ਉਹ ਆਪਣੇ ਛਿੰਦੇ ਨੂੰ ਇਸ ਗੱਲ ਤੋਂ ਰੋਕਦਾ ਹੈ ਕਿ ਉਹ ਕਿਸੇ ਵੱਡੇ ਘਰ ਦੀ ਕੁੜੀ ਦੇ ਪਿਆਰ ਦੇ ਚੱਕਰਾਂ ਵਿਚ ਨਾ ਪਵੇ। ਉਸ ਨੇ ਦੁਨੀਆ ਦੇਖੀ ਹੋਈ ਸੀ, ਇਸ ਲਈ ਉਸ ਨੂੰ ਪਤਾ ਸੀ ਕਿ ਗਰੀਬੀ ਦਾ ਅਮੀਰੀ ਨਾਲ ਕਦੇ ਵੀ ਮੇਲ ਨਹੀਂ ਹੋ ਸਕਦਾ। ਜਦੋਂ ਘਰ ਵਿਚ ਬੰਦ ਪਏ ਕਬਾੜ ਵਿਚੋਂ ਉਸ ਨੂੰ ਆਪਣੇ ਪੁੱਤਰ ਦੀ ਕਾਪੀ ਮਿਲਦੀ ਹੈ ਤਾਂ ਉਸ ਵਿਚ ਲਿਖੇ ਕੁਝ ਸਫੇ ਹਵਾ ਵਿਚ ਉੜਾ ਦਿੰਦਾ ਹੈ ਅਤੇ ਕੁਝ ਸਾਂਭ ਕੇ ਰੱਖ ਲੈਂਦਾ ਹੈ। ਕਬਾੜ ਦੀ ਬੋਰੀ ਵਿਚੋਂ ਉਸ ਨੂੰ ਮੰਗਣ ਵਾਲਾ ਇਕ ਕਟੋਰਾ ਵੀ ਮਿਲਦਾ ਹੈ, ਜਿਸ ਨੂੰ ਉਹ ‘ਬਾਊ’ ਦੀ ਕੁਰਸੀ ਦੇ ਸਪੁਰਦ ਕਰ ਦਿੰਦਾ ਹੈ। ਅਸਲ ਵਿਚ ਇਹ ‘ਬਾਊ’ ਦਾ ਕਲਪਿਤ ਪਾਤਰ ਸਾਡੇ ਦੇਸ ਦੇ ਸ਼ਾਤਰ ਰਾਜਸੀ ਨੇਤਾਵਾਂ ਨੂੰ ਰੂਪਮਾਨ ਕਰਦਾ ਹੈ। ਲੱਛੂ ਇਹ ਕਟੋਰਾ ‘ਬਾਊ’ ਦੀ ਕੁਰਸੀ ਕੋਲ ਰੱਖਦੇ ਹੋਏ ਜਦੋਂ ਇਹ ਕਹਿੰਦਾ ਹੈ ਕਿ ਇਹ ਤੇਰੇ ਕੰਮ ਆਵੇਗਾ ਤਾਂ ਇਹ ਡੂੰਘੇ ਅਰਥਾਂ ਦਾ ਲਿਖਾਇਕ ਹੈ। ਨਾਟਕਕਾਰ ਰਾਜਸੀ ਨੇਤਾਵਾਂ ਦੇ ਵੋਟਾਂ ਦੇ ਸਮੇਂ ਹਰ ਵਰਗ ਦੇ ਲੋਕਾਂ ਸਾਹਮਣੇ ਹੱਥ ਜੋੜ ਅਤੇ ਪੈਰੀ ਹੱਥ ਲਾ ਕੇ ਵੋਟ ਮੰਗਣ ਦੀ ਪਰਵਿਰਤੀ ਤੇ ਗਹਿਰੀ ਚੋਟ ਕਰਦਾ ਹੈ। ਜਦੋਂ ਨਾਟਕ ਦੇ ਮੁੱਢ ਵਿਚ ਲੱਛੂ ‘ਬਾਊ’ ਨੂੰ ਕਹਿੰਦਾ ਹੈ ਕਿ ਬਾਊ, ਲੱਛੂ ਕਬਾੜੀਏ ਦੇ ਘਰ ਚੱਕਰ ਲਾਉਣ ਦੀਆਂ ਫੋਟੋਆਂ ਦਸ-ਪੰਦਰਾ ਅਖਬਾਰਾਂ ਵਿਚ ਤਾਂ ਲਗਵਾ ਹੀ ਦੇਵੇਗਾ ਤਾਂ ਇਸ ਵਾਕ ਰਾਹੀਂ ਉਹ ਇਕ ਵਾਰ ਫੇਰ ਰਾਜਸੀ ਆਗੂਆਂ ਦੀ ਦਿਖਾਵੇ ਦੀ ਰੁਚੀ ਨੂੰ ਭੰਡਦਾ ਹੈ, ਜੋ ਵੋਟਾਂ ਦੇ ਮੌਸਮ ਵਿਚ ਗਰੀਬਾਂ ਦੇ ਘਰ ਰਹਿਣ ਅਤੇ ਉਹਨਾਂ ਦੀ ਰੁੱਖੀ-ਸੁੱਕੀ ਖਾ ਕੇ ਅਖਬਾਰਾਂ ਰਾਹੀਂ ਆਪਣੇ ਗਰੀਬ ਹਿਤੈਸ਼ੀ ਹੋਣ ਦਾ ਢੰਢੋਰਾ ਪਿੱਟ ਕੇ ਰਾਜਸੀ ਲਾਹਾ ਲੈਣ ਦੇ ਚੱਕਰਾਂ ਵਿਚ ਰਹਿੰਦੇ ਹਨ। ਜਦੋਂ ਉਹ ਕਬਾੜ ਦੀ ਬੋਰੀ ਨੂੰ ਉਲਟਾ ਕੇ ਉਸ ਵਿਚ ਭਰੀਆਂ ‘ਅਧੀਏ’ ਅਤੇ ‘ਪਊਏ’ ਦਾ ਢੇਰ ਲਾਉਂਦਾ ਹੈ ਤਾਂ ਦਰਸ਼ਕਾਂ ਨੂੰ ਇਹ ਸੁਨੇਹਾ ਦਿੰਦਾ ਹੈ ਕਿ ਇਹਨਾਂ ਬਗਲੇ ਭਗਤਾਂ ਵੱਲੋਂ ਵੋਟਾਂ ਦੀ ਖਰੀਦ ਲਈ ਨਸ਼ੇ ਵੰਡਣ ਦੇ ਰੁਝਾਣ ਨੂੰ ਖਤਮ ਕਰਨ ਦਾ ਵਕਤ ਆ ਗਿਆ ਹੈ। ਕਬਾੜ ਵਿਚੋਂ ਨਿਕਲੀ ਆਪਣੀ ਪੁਰਾਣੀ ਪੱਗ ਦੇਖ ਕੇ ਉਹ ਪੱਗ ਨੂੰ ਖੁਸ਼ੀ-ਖੁਸ਼ੀ ਆਪਣੇ ਸਿਰ ਤੇ ਸਜਾਉਂਦਾ ਹੋਇਆ ਜਦੋਂ ਇਹ ਕਹਿੰਦਾ ਹੈ ਕਿ ਉਸ ਨੂੰ ਇਹ ਯਕੀਨ ਸੀ ਕਿ ਇਕ ਦਿਨ ‘ਉਸ ਦੀ ਪੱਗ ਦਾ ਆਖਰੀ ਲੜ ਜਰੂਰ ਪੂਰਾ ਆਵੇਗਾ,’ ਤਾਂ ਇਸ ਵਾਕ ਰਾਹੀਂ ਉਹ ਇਹ ਕਹਿਣਾ ਚਾਹੁੰਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਗੁਰਬਤ ਦੇ ਮਾਰੇ ਅਤੇ ਰਾਜਸੀ ਨੇਤਾਵਾਂ ਦੇ ਝੂਠੇ ਲਾਰਿਆਂ ਦੇ ਝੰਬੇ ਅਤੇ ਹਾਸ਼ੀਏ ਤੇ ਧੱਕੇ ਲੋਕਾਂ ਵਿਚ ਵੀ ਜਾਗ੍ਰਿਤੀ ਪੈਦਾ ਹੋਵੇ ਗੀ ਅਤੇ ਉਹ ਵੀ ਇਜ਼ਤ ਦੀ ਜ਼ਿੰਦਗੀ ਬਸ਼ਰ ਕਰ ਸਕਣ ਗੇ। ਨਾਟਕਕਾਰ ਸਾਹਿਬ ਸਿੰਘ ਆਪਣਾ ਇਹ ਸੁਨੇਹਾ ਦਰਸ਼ਕਾਂ ਤੱਕ ਪਹੁੰਚਾਉਣ ਵਿਚ ਕਾਮਯਾਬ ਹੋਇਆ ਹੈ।

ਸਾਹਿਬ ਸਿੰਘ ਸਿਰਫ ਨਾਟਕਕਾਰ ਦੇ ਤੌਰ ਤੇ ਹੀ ਸਫਲ ਨਹੀਂ ਹੋਇਆ ਬਲਕਿ ਕਲਾਕਾਰ ਦੇ ਤੌਰ ਤੇ ਵੀ ਨਵੀਆਂ ਉਚਾਈਆਂ ਸਰ ਕਰਦਾ ਹੈ। ਉਸ ਨੇ ਨਾਟਕ ਦੀ ਕਹਾਣੀ ਦੇ ਹਰ ਬਦਲਦੇ ਨਵੇਂ ਮੋੜ ਅਨੁਸਾਰ ਅਦਾਕਾਰੀ ਕੀਤੀ ਹੈ। ਆਪਣੀ ਜੀਵਨ ਸਾਥਨ ਨਾਲ ਗੱਲਾਂ ਕਰਦੇ ਸਮੇਂ ਜਿਸ ਢੰਗ ਨਾਲ ਉਹ ਫੁਲਕਾਰੀ ਵਾਲੀ ਚੁੰਨੀ ਨੂੰ ਥੋਹੜਾ ਜਿਹਾ ਮੋੜ ਕੇ ਪਿਆਰ ਭਰੀਆਂ ਗੱਲਾਂ ਕਰਦਾ ਹੈ ਤਾਂ ਉਸ ਦਾ ਲਹਿਜ਼ਾ ਕੁਝ ਹੋਰ ਹੁੰਦਾ ਹੈ, ਜਦੋਂ ਪਿਛੋਕੜ ਤੋਂ ਪਿਓ ਦੇ ਖੰਘਣ ਦੀ ਅਵਾਜ਼ ਆਉਂਦੀ ਹੈ ਤਾਂ ਪਹਿਲੀ ਵਾਰ ਉਹ ਅਰਾਮ ਨਾਲ ਪਿਓ ਨੂੰ ਪਾਣੀ ਪੀਣ ਲਈ ਕਹਿੰਦਾ ਹੈ, ਪਰ ਜਦੋਂ ਉਸਦੇ ਪਿਓ ਦੀ ਖੰਘ ਦੀ ਅਵਾਜ਼ ਬੰਦ ਹੀ ਨਹੀਂ ਹੁੰਦੀ ਤਾਂ ਉਹ ਚੀਕਵੀਂ ਅਵਾਜ਼ ਵਿਚ ਬੋਲਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਮੌਕੇ ਅਨੁਸਾਰ ਆਪਣੀ ਅਵਾਜ਼ ਦੇ ਉਤਰਾ-ਚੜਾਅ ਵਿਚ ਪਰਵੀਨ ਹੈ ਪਤਨੀ ਨਾਲ ਪਿਆਰ ਭਰੀਆਂ ਗਲਾਂ  ਕਰਨ ਸਮੇਂ  ਉਸ ਦਾ ਲਹਿਜ਼ਾ ਰੁਮਾਂਟਿਕ ਹੈ, ਪਰ ਜਦੋਂ ਉਸਦੀ ਮਾਰ ਕੁਟਾਈ ਕਰਦਾ ਹੈ ਤਾਂ ਉਸ ਦੇ ਚਿਹਰੇ ਤੇ ਗੁੱਸੇ ਦੀ ਝਲਕ ਦਿਖਾਈ ਦਿੰਦੀ ਹੈ ਅਤੇ ਅੱਖਾਂ ਵਿਚੋਂ ਅੰਗਿਆਰੇ ਡਿਗਦੇ ਪ੍ਰਤੀਤ ਹੁੰਦੇ ਹਨ। ਆਪਣੇ ਪੁੱਤਰ ਨੂੰ  ਯਾਦ ਕਰਨ ਵੇਲੇ ਉਸਦਾ ਕਰੁਨਾਮਈ ਚਿਹਰਾ ਦਰਸ਼ਕਾਂ ਦੀਆਂ ਅੱਖਾਂ ਵਿਚ ਵੀ ਸਲਾਭਾ ਲਿਆ ਦਿੰਦਾ ਹੈ। ਜਿਥੇ ਸਾਹਿਬ ਸਿੰਘ ਨੇ ਤਕਰੀਬਨ ਬਹੁਤਾ ਸਮਾਂ ਦਰਸ਼ਕਾਂ ਨੂੰ ਆਪਣੀ ਅਦਾਕਾਰੀ ਨਾਲ ਬੰਨ੍ਹ ਕੇ ਰੱਖਿਆ, ਉਥੇ ਨਾਟਕ ਦੇ ਮੁੱਢ ਵਿਚ ਜਦੋਂ ਉਹ ‘ਬਾਊ’ ਨੂੰ ਸੰਬੋਧਨ ਕਰਦਾ ਹੋਇਆ ਵਾਰ-ਵਾਰ ‘ਬਾਊ, ਬਾਊ’ ਦੀ ਮੁਹਾਰਨੀ ਬੋਲਦਾ ਹੈ ਤਾਂ ਕੁਝ ਓਪਰਾ ਜਿਹਾ ਲੱਗਦਾ ਹੈ ਅਤੇ ਮੈਨੂੰ ਮਹਿਸੂਸ ਹੋਇਆ ਕਿ ਜਿਵੇਂ ਉਹ ਸਧਾਰਨ ਪੱਧਰ ਦੀ ਅਦਾਕਾਰੀ ਹੀ ਕਰ ਰਿਹਾ ਹੋਵੇ, ਪਰ ਜਦੋਂ ਇਸ ਤੋਂ ਅਗਲਾ ਹਿੱਸਾ ਸ਼ੁਰੂ ਹੁੰਦਾ ਹੈ ਤਾਂ ਇਕ ਨਵਾਂ ਹੀ ਸਾਹਿਬ ਸਿੰਘ ਦਰਸ਼ਕਾਂ ਦੇ ਸਾਹਮਣੇ ਆਉਂਦਾ ਹੈ ਅਤੇ ਮੇਰੇ ਵਰਗੇ ਕੁਝ ਜਿਆਦਾ ਹੀ ਨਘੋਚੀ ਕਿਸਮ ਦੇ ਦਰਸ਼ਕ ਵੀ ਨਾਟਕ ਦੇ ਪਹਿਲੇ ਦਰਿਸ਼ ਵਾਲੇ ਲੱਛੂ ਨੂੰ ਭੁੱਲ ਕੇ ਨਵੇਂ ਲੱਛੂ ਦੀ ਅਦਾਕਾਰੀ ਦੇ ਵਹਿਣ ਵਿਚ ਵਹਿ ਜਾਂਦੇ ਹਨ। ਜਦੋਂ ਮੰਚ ਤੇ ਵਿਚਰ ਰਿਹਾ ਕੋਈ ਵੀ ਕਲਾਕਾਰ, ਦਰਸ਼ਕਾਂ ਨੂੰ ਆਪਣੇ ਨਾਲ ਤੋਰਨ ਦੀ ਸਥਿਤੀ ਵਿਚ ਪਹੁੰਚ ਜਾਂਦਾ ਹੈ ਤਾਂ ਇਹ ਅਵਸਥਾ ਨਿਰਸੰਦੇਹ ਕਲਾਕਾਰ ਦੀ ਕਲਾ ਦਾ ਸਿਖਰ ਹੁੰਦੀ ਹੈ।

ਜੇ  ਧਿਆਨ ਨਾਲ ਦੇਖਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਨਾਟਕਕਾਰ ਨੇ ਲਛੂ ਕਬਾੜੀਏ ਰਾਹੀਂ ਸਾਡੇ ਦੇਸ ਦੇ ਵੱਖ-ਵੱਖ ਖੇਤਰਾਂ ਨੂੰ ਪ੍ਰਦੂਸ਼ਤ ਕਰ ਰਹੇ ਕਬਾੜ ਨੂੰ ਰੂਪਮਾਨ ਕੀਤਾ ਹੈ। ਪ੍ਰਸਤੁਤ ਨਾਟਕ ਦੀ ਪੇਸ਼ਕਾਰੀ ਨਾਲ ਡਾ. ਸਾਹਿਬ ਸਿੰਘ ਬਤੌਰ ਨਾਟਕਕਾਰ ਅਤੇ ਅਦਾਕਾਰ ਪੂਰਨ ਤੌਰ ਤੇ ਸਫਲ ਰਿਹਾ ਹੈ।

ਡਾ. ਸਾਹਿਬ ਸਿੰਘ ਲੰਮਾਂ ਸਮਾਂ ਪੰਜਾਬੀ ਰੰਗਮੰਚ ਦੇ ਬਾਬਾ ਬੋਹੜ, ਗੁਰਸ਼ਰਨ ਸਿੰਘ ਨਾਲ ਮੰਚ ਤੇ ਵਿਚਰਿਆ ਹੈ। ਉਹਨਾਂ ਤੋਂ ਅਦਾਕਾਰੀ, ਨਿਰਦੇਸ਼ਨਾ ਅਤੇ ਰੰਗ ਮੰਚ ਦੇ ਹੋਰ ਪਹਿਲੂਆਂ ਦੀਆਂ ਬਾਰੀਕੀਆਂ ਨੂੰ ਸਿਖਿਆ ਹੈ। ਵਰਤਮਾਨ ਸਮੇਂ ਵਿਚ ਉਹ ਸਰਦਾਰ ਗੁਰਸ਼ਰਨ ਸਿੰਘ ਉਰਫ ਭਾਈ ਮੰਨਾ ਸਿੰਘ ਵਲੋਂ ਸਥਾਪਿਤ ਕੀਤੀ ਅਮੀਰ ਰੰਗਮੰਚ ਪ੍ਰੰਪਰਾ ਦੇ ਹੋਣਹਾਰ ਵਾਰਿਸ ਦੇ ਰੂਪ ਵਿਚ ਆਪਣੇ ਆਪ ਨੂੰ ਸਥਾਪਤ ਕਰ ਚੁੱਕਿਆ ਹੈ।
***
ਨਾਟਕ ‘ਲੱਛੂ ਕਬਾੜੀਆ’ ਵਿਚ ਨਾਟਕਕਾਰ ਅਤੇ ਅਦਾਕਾਰ ਸਾਹਿਬ ਸਿੰਘ ਦੇ ਵੱਖ-ਵੱਖ ਅੰਦਾਜ਼

***
ਰਵਿੰਦਰ ਸਿੰਘ ਸੋਢੀ

ਰਿਤਮੰਡਰ, ਕੈਨੇਡਾ
604-368-2371

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1211
***

About the author

ਰਵਿੰਦਰ ਸਿੰਘ ਸੋਢੀ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ