ਕੈਨੇਡਾ ਰਹਿੰਦਾ ਸੁਖਿੰਦਰ ਪੰਜਾਬੀ ਸਾਹਿਤ ਵਿਚ ਇਕ ਚਰਚਿੱਤ ਹਸਤਾਖਰ ਹੈ। ਉਸ ਨੇ 1972 ਤੋਂ ਹੁਣ ਤੱਕ ਵਿਗਿਆਨ (3), ਕਵਿਤਾ(22), ਆਲੋਚਨਾ(4), ਵਾਰਤਕ(5), ਨਾਵਲ(2), ਬੱਚਿਆਂ ਲਈ (1), ਸੰਪਾਦਨ(5) ਅਤੇ ਇਕ ਅੰਗਰੇਜ਼ੀ ਭਾਵ ਕੁੱਲ 43 ਪੁਸਤਕਾਂ ਦੀ ਸਿਰਜਣਾ ਕੀਤੀ ਹੈ। ਕਵਿਤਾਵਾਂ ਦੀਆਂ ਕੁਝ ਪੁਸਤਕਾਂ ਦੂਸਰੇ ਕਵੀਆਂ ਨਾਲ ਸਾਂਝੀਆਂ ਵੀ ਹਨ। ਉਹ ਇਕ ਬੇਬਾਕ ਸਖਸ਼ ਹੈ, ਜਦੋਂ ਕਿਸੇ ਸਾਹਿਤਕ ਜਾਂ ਅਸਾਹਿਤਕ ਵਰਤਾਰੇ ਤੇ ਟਿੱਪਣੀ ਕਰਦਾ ਹੈ ਤਾਂ ਦਿਲ ਦੀ ਹਰ ਗੱਲ ਸ਼ਬਦਾਂ ਵਿਚ ਬਿਆਨ ਕਰ ਜਾਂਦਾ ਹੈ, ਭਾਵੇਂ ਕਿਸੇ ਦੇ ਗੋਡੇ ਲੱਗੇ ਭਾਵੇਂ ਗਿੱਟੇ। ਪ੍ਰਸਤੁਤ ਪੁਸਤਕ ‘ਪੰਜਾਬੀ ਸਾਹਿਤ ਅਤੇ ਸਭਿਆਚਾਰ’ ਦੀ ਸੰਪਾਦਨਾਂ ਸਮੇਂ ਡਾ.ਦਲਬੀਰ ਸਿੰਘ ਕਥੂਰੀਆ ਨੇ ਵੀ ਉਸ ਦਾ ਸਾਥ ਨਿਭਾਇਆ ਹੈ। ਮੁੱਖ ਬੰਦ ਵਿਚ ਸੁਖਿੰਦਰ ਨੇ ਇਹ ਸਪਸ਼ਟ ਤੌਰ ਤੇ ਲਿਖਿਆ ਹੈ ਕਿ ਡਾ.ਦਲਬੀਰ ਸਿੰਘ ਕਥੂਰੀਆ ਨੇ ਪੁਸਤਕ ਨੂੰ ਪ੍ਰਕਾਸ਼ਿਤ ਕਰਵਾਉਣ ਦੀ ਜ਼ਿੰਮੇਵਾਰੀ ਓਟੀ ਅਤੇ ਕਿਤਾਬ ਲਈ ਨਿਬੰਧਾਂ ਦੇ ਵਿਸ਼ੇ, ਲੇਖਕਾਂ ਨਾਲ ਸੰਪਰਕ ਅਤੇ ਨਿਬੰਧਾਂ ਦੀ ਚੋਣ ਦਾ ਕੰਮ ਉਸ ਦਾ ਭਾਵ ਸੁਖਿੰਦਰ ਦਾ ਸੀ। ਇਸ ਵਿਚ ਭਾਰਤ ਤੋਂ ਇਲਾਵਾ ਬਰਤਾਨੀਆ, ਅਮਰੀਕਾ, ਕੈਨੇਡਾ, ਆਸਟਰੇਲੀਆ, ਜਰਮਨੀ, ਇਟਲੀ ਅਤੇ ਪਾਕਿਸਤਾਨ ਦੇ ਚਾਲੀ ਵਿਦਵਾਨਾਂ ਦੇ ਲੇਖ ਪੰਜਾਬੀ ਸਾਹਿਤ ਜਾਂ ਸਭਿਆਚਾਰਕ ਵਰਤਾਰਿਆਂ ਸੰਬੰਧੀ ਹਨ। ਚਾਲੀ ਲੇਖਕਾਂ ਨੂੰ ਨਿਸ਼ਚਿਤ ਸਮੇਂ ਤੇ ਆਪਣੀਆਂ ਰਚਨਾਵਾਂ ਭੇਜਣ ਨੂੰ ਪ੍ਰੇਰਿਤ ਕਰਨਾ, ਲੇਖਾਂ ਦੀ ਚੋਣ ਕਰਨੀ, ਸ਼ਾਹਮੁਖੀ ਲਿਪੀ ਤੋਂ ਗੁਰਮੁਖੀ ਲਿਪੀ ਵਿਚ ਲਿਖਣਾ ਅਤੇ ਪੁਸਤਕ ਨੂੰ ਛਪਵਾਉਣ ਦਾ ਕੰਮ ਕੋਈ ਛੋਟਾ ਨਹੀਂ। ਇਸ ਕਾਰਜ ਨੂੰ ਨੇਪਰੇ ਚੜ੍ਹਾਉਣ ਲਈ ਪੁਸਤਕ ਦੇ ਦੋਵੇਂ ਸੰਪਾਦਕਾਂ ਦੀ ਪ੍ਰਸੰਸਾ ਕਰਨੀ ਬਣਦੀ ਹੈ। ਇਸ ਪੁਸਤਕ ਦੀ ਪੜਚੋਲ ਕਰਮ ਸਮੇਂ ਦੋ ਪਹਿਲੂਆਂ ਨੂੰ ਅਧਾਰ ਬਣਾਇਆ ਜਾ ਸਕਦਾ ਹੈ। ਇਕ ਤਾਂ ਨਿਬੰਧਾਂ ਦਾ ਸਾਹਿਤਕ ਪੱਖ ਤੋਂ ਅਧਿਐਨ ਅਤੇ ਦੂਜਾ ਸੰਪਾਦਨ ਕਲਾ। ਪੁਸਤਕ ਦੇ ਮੁੱਖ ਬੰਦ ਵਿੱਚ ਸੁਖਿੰਦਰ ਨੇ ਲਿਖਿਆ ਹੈ ਕਿ ਉਸ ਨੇ ਆਪਣੇ ਵੱਲੋਂ ਵਿਸ਼ਿਆਂ ਦੀ ਜੋ ਸੂਚੀ ਬਣਾਈ ਉਹ ਇਸ ਤਰਾਂ ਸੀ: ਪੰਜਾਬੀ ਸਭਿਆਚਾਰ ਦੀਆਂ ਖ਼ੂਬਸੂਰਤ ਗੱਲਾਂ, ਪੰਜਾਬੀ ਲੋਕ ਗੀਤਾਂ ਵਿਚ ਸਭਿਆਚਾਰ ਦੀ ਪੇਸ਼ਕਾਰੀ, ਡਰੱਗ ਕਲਚਰ ਅਤੇ ਪੰਜਾਬੀ ਸਭਿਆਚਾਰ, 35-35 ਲੱਖ ਰੁਪਏ ਵਿਚ ਵਿਆਹ ਲਈ ਵਿਕਦੀਆਂ ਕੁੜੀਆਂ, ਪੰਜਾਬੀ ਸਾਹਿਤਕ-ਸਭਿਆਚਾਰਕ ਭਰਿਸ਼ਟਾਚਾਰ, ਧਰਤੀ, ਹਵਾ, ਪਾਣੀ ਵਿਚ ਵਧ ਰਿਹਾ ਪ੍ਰਦੂਸ਼ਣ, ਗੈਂਗਸਟਰ ਪੰਜਾਬੀ ਗਾਇਕੀ ਅਤੇ ਸਭਿਆਚਾਰ, ਵਿਸ਼ਵ ਪੰਜਾਬੀ ਕਾਨਫਰੰਸਾਂ ਦਾ ਭਰਿਸ਼ਟਾਚਾਰ, ਆਈਲੈਟਸ ਪੰਜਾਬੀ ਸਭਿਆਚਾਰ, ਯੂਰਪ ਵਿਚ ਹੋ ਰਿਹਾ ਪੰਜਾਬੀ ਸਾਹਿਤ ਅਤੇ ਸਭਿਆਚਾਰ, ਖੇਡਾਂ ਵਿਚ ਵਧ ਰਿਹਾ ਡਰੱਗ ਸਭਿਆਚਾਰ, ਕੈਨੇਡਾ ਵਿਚ ਇੰਟਰਨੈਸ਼ਨਲ ਪੰਜਾਬ ਸਟੂਡੈਂਟਸ ਦੀਆਂ ਸਭਿਆਚਾਰਕ ਸਮੱਸਿਆਵਾਂ ਆਦਿ। ਇਹਨਾਂ ਮੁੱਦਿਆਂ ਨੂੰ ਲੈ ਕੇ ਚਾਲੀ ਵਿਦਵਾਨਾਂ ਨੇ ਵੱਖ-ਵੱਖ ਸਿਰਲੇਖਾਂ ਅਧੀਨ ਆਪਣੇ ਲੇਖ ਲਿਖੇ। ਡਾ.ਦਲਬੀਰ ਸਿੰਘ ਕਥੂਰੀਆ ਨੇ ਆਪਣੇ ਮੁੱਖ ਬੰਦ ਵਿਚ ਇਕ ਗੱਲ ਬੜੀ ਵਧੀਆ ਲਿਖੀ ਹੈ ਕਿ ਪੰਜਾਬ ਦੇ ਸਭਿਆਚਾਰ ਵਿਚ “ਕਈ ਨਵੇਂ ਪੱਖ ਦ੍ਰਿਸ਼ਟੀਗੋਚਰ ਹੁੰਦੇ ਹਨ ਜੋ ਸਾਡੇ ਸਭਿਆਚਾਰ ਦਾ ਹਿੱਸਾ ਨਹੀਂ” ਅਤੇ ਪਤਾ ਹੀ ਨਹੀਂ ਲੱਗਿਆ ਕਿ “ਅਸੀਂ ਸਵੈ ਕੇਂਦ੍ਰਿਤ ਤੋਂ ਸਵਾਰਥੀ ਕਦ ਹੋ ਗਏ?” ਪੁਸਤਕ ਦੇ ਪਹਿਲੇ ਲੇਖ ‘ਪੰਜਾਬੀ ਸੁਭਾਅ ਅਜਿਹਾ ਕਿਉਂ ਹੈ? ਵਿਚ ਡਾ.ਲੋਕ ਰਾਜ(ਬਰਤਾਨੀਆ) ਨੇ ਪੰਜਾਬੀਆਂ ਦੇ ਹਰ ਪੱਖੋਂ ਉਲਾਰ ਸੁਭਾਅ ਨੂੰ ਇਸ ਖ਼ਿੱਤੇ ਦੇ ਮੌਸਮ ਨਾਲ ਜੋੜਿਆ ਹੈ, ਜਿਥੇ ਗਰਮੀ ਵੀ ਅੱਤ ਦੀ ਪੈਂਦੀ ਹੈ ਅਤੇ ਸਰਦੀ ਵੀ, ਕਦੇ ਸੋਕਾ ਹੋ ਜਾਂਦਾ ਹੈ ਅਤੇ ਕਦੇ ਹੜ ਆ ਜਾਂਦੇ ਹਨ। ਪੰਜਾਬੀ ਹਮੇਸ਼ਾ ਬੇਯਕੀਨੀ ਦਾ ਸ਼ਿਕਾਰ ਰਿਹਾ ਹੈ, ਇਸ ਲਈ ਸ਼ੱਕੀ ਮਿਜ਼ਾਜ ਦੇ ਹਨ ਅਤੇ ਮੁਕਾਬਲੇਬਾਜ਼ੀ ਵਾਲੇ ਵੀ ਹਨ। ਇਹਨਾਂ ਦੀ ਦਿਖਾਵੇ ਵਾਲੀ ਰੁਚੀ ਵੀ ਇਸ ਵਿਚੋਂ ਹੀ ਪੈਦਾ ਹੋਈ ਹੈ। ਬਰਤਾਨੀਆ ਦੇ ਲੇਖਕ ਬਲਵਿੰਦਰ ਸਿੰਘ ਚਾਹਲ ਨੇ ‘ਰਾਤੋ ਰਾਤ ਅਮੀਰ ਹੋਣ ਦੇ ਸਭਿਆਚਾਰ’ ਲੇਖ ਵਿਚ ਪੰਜਾਬ ਦੇ ਸਭਿਆਚਾਰ ਨੂੰ “ਹਰ ਪੱਖੋਂ ਮੁਕੰਮਲ ਅਤੇ ਅਮੀਰ ਸਭਿਆਚਾਰ” ਮੰਨਿਆ ਹੈ। ਉਸ ਨੇ ਆਪਣੇ ਲੇਖ ਵਿਚ ‘ਅੱਜ ਇਹੋ ਸਭਿਆਚਾਰ ਕਿਸੇ ਹੋਰ ਦਿਸ਼ਾ ਵੱਲ ਕਿਉਂ ਜਾ ਰਿਹਾ ਹੈ?’ ਦੇ ਪੱਖ ਤੇ ਵੀ ਚਰਚਾ ਕੀਤੀ ਹੈ। ਉਸ ਨੇ ਪੰਜਾਬੀਆਂ ਵੱਲੋਂ ਪ੍ਰਦੇਸ਼ ਜਾਣ ਲਈ ਖ਼ਤਰੇ ਸਹੇੜਨ ਦੀ ਰੁਚੀ, ਆਈਲੈਟਸ ਕਲਚਰ, ਬਾਹਰ ਜਾ ਕੇ ਰਾਤੋ-ਰਾਤ ਅਮੀਰ ਬਣਨ ਦੇ ਸੁਪਨੇ ਅਤੇ ਇਹਨਾਂ ਰੁਝਾਨਾਂ ਦੇ ਮੱਦੇਨਜ਼ਰ ਗਲਤ ਪੈਦਾ ਹੋ ਰਹੇ ਹਾਲਾਤ ਲਈ ਸਰਕਾਰਾਂ ਨੂੰ ਵੀ ਦੋਸ਼ੀ ਠਹਿਰਾਇਆ ਹੈ ਕਿ ਉਹਨਾਂ ਨੇ ਅਜਿਹੇ ਹਾਲਾਤ ਨੂੰ ਠਲ੍ਹ ਪਾਉਣ ਲਈ ਕੋਈ ਯੋਗ ਯਤਨ ਨਹੀਂ ਕੀਤੇ। ਡਾ.ਸ਼ਿਆਮ ਸੁੰਦਰ ਦੀਪਤੀ ਨੇ ‘ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਿਹਾ ਚਿੱਟਾ ਸਭਿਆਚਾਰ’ ਵਿਚ ਇਕ ਗੱਲ ਬਹੁਤ ਵਧੀਆ ਲਿਖੀ ਹੈ ਕਿ “ਸਭਿਆਚਾਰ ਕੋਈ ਖੜੋਤ ਨਹੀਂ, ਸਗੋਂ ਗਤੀਸ਼ੀਲ ਹੈ।” ਆਪਣੇ ਲੇਖ ਦੇ ਵਿਸ਼ੇ ਨੂੰ ਉਦਾਹਰਣਾਂ ਸਮੇਤ ਸਮੇਟਿਆ ਹੈ ਅਤੇ ਲਿਖਿਆ ਹੈ ਕਿ ਪੰਜਾਬੀ ਜਵਾਨੀ ਨੂੰ ਬਰਬਾਦ ਕਰਨ ਲਈ ਚਿੱਟੇ ਦਾ ਸਹਾਰਾ ਲਿਆ ਗਿਆ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਪੜ੍ਹਾਈ ਦੇ ਖੇਤਰ ਵਿਚ ਵੀ ਕੋਈ ਸੇਧ ਪ੍ਰਦਾਨ ਨਹੀਂ ਕੀਤੀ ਗਈ। ਡਾ.ਦੀਪਤੀ ਅਨੁਸਾਰ ਬਾਹਰ ਭੇਜਣ ਵਾਲੇ ਏਜੰਟ, ਬਾਂਝਪਨ ਦਾ ਇਲਾਜ ਵਾਲੇ ਸੈਂਟਰ, ਨਸ਼ਾ ਛੁਡਾਊ ਸੈਂਟਰ, ਵਧ ਰਹੇ ਬੁਢਾਪਾ ਘਰ ਵਿਕਾਸ ਦੇ ਸੂਚਕ ਨਹੀਂ, ਵਿਨਾਸ਼ ਵੱਲ ਲੈ ਕੇ ਜਾ ਰਹੇ ਹਨ। ਡਾ.ਹਰਜੋਤ ਕੌਰ ਖੈਹਿਰਾ ਨੇ ‘ਅਜੋਕੀ ਗਾਇਕੀ ਬਨਾਮ ਗੈਂਗਸਟਰ ਕਲਚਰ’ ਵਿਸ਼ੇ ਤੇ ਵਿਚਾਰ ਪ੍ਰਗਟਾਉਂਦੇ ਹੋਏ ਲਿਖਿਆ ਹੈ ਕਿ ਹਥਿਆਰਾਂ ਦੀ ਮਹਿਮਾ ਕਰਦੇ ਗੀਤ ਸੁਣ ਕੇ “ਨੌਜਵਾਨ ਅਸਲੀ ਜ਼ਿੰਦਗੀ ਨੂੰ ਭੁੱਲ ਕੇ ਰੀਲ ਲਾਈਫ ਵਿਚ ਰਹਿਣਾ ਸ਼ੁਰੂ ਕਰ ਦਿੰਦੇ ਹਨ।” ਪੁਸਤਕ ਦੇ ਸੰਪਾਦਕ ਸੁਖਿੰਦਰ ਨੇ ‘ਕੈਨੇਡਾ ‘ਚ ਪੰਜਾਬੀ ਗੈਂਗਸਟਰ ਸਭਿਆਚਾਰ ‘ ਤੇ ਵਿਸਤਾਰ ਵਿਚ ਚਰਚਾ ਕੀਤੀ ਹੈ ਅਤੇ ਉਸ ਨੇ ਬਿਨਾਂ ਕਿਸੇ ਡਰ ਤੋਂ ਕੈਨੇਡਾ ਵਿਚ ਪੈਰ ਪਸਾਰ ਚੁੱਕੇ ਗੈਂਗਸਟਰ ਟੋਲਿਆਂ ਦੇ ਨਾਂ ਲਿਖੇ ਹਨ। ਉਸ ਨੂੰ ਆਪਣੇ ਦੇਸ਼ ਵਾਸੀਆਂ ਦੀ ਇਸ ਮਾੜੀ ਰੁਚੀ ਨੂੰ ਭੰਡਿਆ ਹੈ ਕਿ ਉਹ ਜਿਥੇ ਵੀ ਜਾਂਦੇ ਹਨ ਆਪਣੀਆਂ ਕੁਝ ਬੁਰੀਆਂ ਆਦਤਾਂ ਨਾਲ ਹੀ ਲੈ ਜਾਂਦੇ ਹਨ। ਉਸ ਦਾ ਇਹ ਵੀ ਮੰਨਣਾ ਹੈ ਕਿ ਕੈਨੇਡਾ ਵਿਚ ਗੈਂਗਸਟਰ ਸਭਿਆਚਾਰ ਕੈਨੇਡਾ ਵਿਚ ਪ੍ਰਚਲਿਤ ਨਸਲਵਾਦ ਦੇ ਵਿਰੋਧ ਵਿਚੋਂ ਹੀ ਪੈਦਾ ਹੋਇਆ ਹੈ। ਸੁਖਿੰਦਰ ਨੇ ਪੰਜਾਬੀ ਗਾਇਕਾਂ ਤੇ ਨਿਸ਼ਾਨਾ ਸਾਧਦੇ ਹੋਏ ਲਿਖਿਆ ਹੈ ਕਿ ਵੀਡੀਓ ਦਾ ਖਰਚ ਪੂਰਾ ਕਰਨ ਲਈ ਉਹ ਗੈਂਗਸਟਰਾਂ ਦੇ ਨੇੜੇ ਹੁੰਦੇ ਹਨ ਅਤੇ ਇਸ ਦੇ ਨਾਲ ਹੀ ਖੇਡਾਂ ਦੇ ਖੇਤਰ ਵਿਚ ਵੀ ਖੇਡ ਗੈਂਗਸਟਰਾ ਦਾ ਬੋਲ-ਬਾਲਾ ਵਧ ਰਿਹਾ ਹੈ। ਕੈਨੇਡਾ ਦੇ ਲੇਖਿਕਾ ਬਲਬੀਰ ਕੌਰ ਢਿੱਲੋਂ ਨੇ ਆਪਣੇ ਨਿਬੰਧ ਵਿਚ ਕੈਨੇਡਾ ਵਿਚ ‘ਆਲਮੀ ਵਿਦਿਆਰਥੀਆਂ ਦੀਆਂ ਹਾਰਟ ਅਟੈਕ ਨਾਲ ਹੋ ਰਹੀਆਂ ਮੌਤਾਂ’ ਤੇ ਚਰਚਾ ਕਰਦੇ ਲਿਖਿਆ ਹੈ ਕਿ ਕੈਨੇਡਾ ਵਿਚ ਮਿਲਦੇ ਨਸ਼ਿਆਂ ਵਿਚ ਮਿਲਾਵਟ ਹੁੰਦੀ ਹੈ। ਉਸ ਨੇ ਬੱਚਿਆਂ ਦੇ ਮਾਤਾ-ਪਿਤਾ ਦਾ ਮਾਰਗ ਦਰਸ਼ਨ ਕਰਦੇ ਹੋਏ ਵਿਚਾਰ ਪ੍ਰਗਟਾਇਆ ਹੈ ਕਿ ਛੋਟੀ ਉਮਰ ਦੇ ਬੱਚਿਆਂ ਨੂੰ ਬਾਹਰਲੇ ਮੁਲਕਾਂ ਵਿਚ ਨਹੀਂ ਭੇਜਣਾ ਚਾਹੀਦਾ। ਅਜੋਕੇ ਪੰਜਾਬੀ ਗੀਤਾਂ ਵਾਲੇ ਕਿਰਦਾਰ ਵੀ ਨੌਜਵਾਨਾਂ ਦੇ ਰੋਲ ਮਾਡਲ ਬਣ ਜਾਂਦੇ ਹਨ। ਉਸ ਅਨੁਸਾਰ ਅਜੋਕੀ ਪੰਜਾਬੀ ਗਾਇਕੀ ਕਲਾ ਨਹੀਂ, ਪੈਸੇ ਕਮਾਉਣ ਦਾ ਸਾਧਨ ਬਣ ਗਈ ਹੈ। ਗੁਰਮੀਤ ਸਿੰਘ ਸਿੰਗਲ ਨੇ ਬਾਹਰਲੇ ਮੁਲਕਾਂ ਵਿਚ ਜਾਣ ਲਈ 35-35 ਲੱਖ ਵਿਚ ਵਿਕਦੀਆਂ ਲੜਕੀਆਂ ਦੇ ਚਲਣ ਤੇ ਚਰਚਾ ਕਰਦੇ ਲਿਖਿਆ ਹੈ ਕਿ “ਜਹਾਜ ਭਰ-ਭਰ ਬਾਹਰ ਇਵੇਂ ਜਾ ਰਹੇ ਹਨ ਜਿਵੇਂ ਛਪਾਰ ਦਾ ਮੇਲਾ ਦੇਖਣ ਜਾ ਰਹੇ ਹੋਣ।” ਸੁਰਜੀਤ ਸਿੰਘ ਫਲੋਰਾ ਦਾ ਵਿਚਾਰ ਹੈ ਕਿ ਪੰਜਾਬ ਤੋਂ ਆਏ ਮੁਢਲੇ ਪਰਵਾਸੀਆਂ ਨੇ ਆਪਣਾ ਸਭਿਆਚਾਰ ਬਚਾ ਕੇ ਰੱਖਿਆ, ਪਰ ਅੱਜ ਕੱਲ੍ਹ ਕੁਝ ਪੰਜਾਬੀ ਗਲਤ ਸਭਿਆਚਾਰ ਲੈ ਕੇ ਆ ਰਹੇ ਹਨ। ਕੈਨੇਡਾ ਦੇ ਬਰੈਂਪਟਨ ਸ਼ਹਿਰ ਦੀ ਗੱਲ ਕਰਦੇ ਉਹ ਲਿਖਦਾ ਹੈ ਕਿ ਉਥੇ ਇਕ ਵੱਖਰਾ ‘ਸਥਾਨ’ ਬਣ ਗਿਆ ਹੈ, ਬਸ ਵੱਖਰੀ ਸਰਕਾਰ ਦਾ ਐਲਾਨ ਬਾਕੀ ਹੈ। ਪ੍ਰਸਿੱਧ ਸਾਹਿਤਕਾਰ ਅਤੇ ਆਲੋਚਕ ਨਿਰੰਜਣ ਬੋਹਾ ਨੇ ਆਪਣੇ ਪਰਚੇ ‘ਸਭਿਆਚਾਰ ਦੇ ਓਹਲੇ ਲੁਕਿਆ ਸਭਿਆਚਾਰ ‘ਵਿਚ ਲਿਖਿਆ ਹੈ, “ਸਭਿਆਚਾਰ ਮਨੁੱਖੀ ਸਮਾਜ ਨੂੰ ਸਭਿਅਕ, ਸਲੀਕੇਦਾਰ ਤੇ ਆਚਰਣ ਪੱਖੋਂ ਮਿਸਾਲੀ ਬਣਾਉਣ ਦੀਆਂ ਕੋਸ਼ਿਸ਼ਾਂ ਦਾ ਹੀ ਪ੍ਰਤੀਫ਼ਲ ਹੈ। ਤਤਕਾਲੀਨ ਸਮਾਜਿਕ, ਮਾਨਸਿਕ ਤੇ ਆਰਥਿਕ ਲੋੜਾਂ ਅਨੁਸਾਰ ਸਭਿਆਚਾਰ ਦੀਆਂ ਰਹੁ ਰੀਤਾਂ ਤੇ ਵਿਚਾਰਕ ਧਾਰਨਾਵਾਂ ਵਿਚ ਤਬਦੀਲੀ ਆਉਂਦੀ ਰਹਿੰਦੀ ਹੈ।” ਵਰਤਮਾਨ ਸਮੇਂ ਦੇ ਸਭਿਆਚਾਰ ਵਿਚ ਆਏ ਮਾੜੇ ਵਿਗਾੜ ਸੰਬੰਧੀ ਵੀ ਉਹਨਾਂ ਦੇ ਵਿਚਾਰ ਬੜੇ ਸਪੱਸ਼ਟ ਹਨ–ਸਭਿਆਚਾਰ ਦੇ ਓਹਲੇ ਖੜ੍ਹੇ ਅਸਭਿਆਚਾਰ ਨੂੰ ਪਛਾਣ ਕੇ ਵਿਗਾੜ ਦੀ ਗਤੀ ਨੂੰ ਮੱਠਾ ਜਰੂਰ ਕਰ ਸਕਦੇ ਹਾਂ। ਬੋਹਾ ਨੇ ਆਪਣੇ ਵਿਚਾਰਾਂ ਨੂੰ ਬੜੇ ਸਲੀਕੇ ਨਾਲ ਪੇਸ਼ ਕੀਤਾ ਹੈ ਜੋ ਪਾਠਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਹਨ। ਅੰਤ ਵਿਚ ਆਪਣੇ ਵਿਚਾਰਾਂ ਨੂੰ ਸੁਚੱਜੇ ਢੰਗ ਨਾਲ ਸਮੇਟਦੇ ਹੋਏ ਲਿਖਿਆ ਹੈ, “ਆਪਣੇ ਸਭਿਆਚਾਰ ਦੀ ਨਵੀਂ ਸਿਰੇ ਤੋਂ ਉਸਾਰੀ ਕਰਨ ਦੇ ਯਤਨ ਕਰਨੇ ਚਾਹੀਦੇ ਹਨ।” ਆਸਟਰੇਲੀਆ ਦੇ ਵਸਨੀਕ ਡਾ.ਅਮਰਜੀਤ ਟਾਂਡਾ ਨੇ ‘ਪੰਜਾਬੀ ਸਾਹਿਤ ‘ਚ ਅਸਾਹਿਤਕ ਪਹਿਰਾਵੇ’ ਨੂੰ ਕਾਵਿਕ ਸ਼ੈਲੀ ਵਿਚ ਪੇਸ਼ ਕੀਤਾ ਹੈ। ਛੋਟੇ-ਛੋਟੇ ਵਾਕਾਂ ਨਾਲ ਵਿਚਾਰਾਂ ਨੂੰ ਵਧੀਆ ਢੰਗ ਨਾਲ ਪ੍ਰਗਟਾਇਆ ਹੈ ਜੋ ਪਾਠਕਾਂ ਨੂੰ ਟੁੰਬਦੇ ਵੀ ਹਨ। ਜਿਵੇਂ: ਅੱਜ-ਕੱਲ੍ਹ ਕਾਰੋਬਾਰੀ ਅਸਾਹਿਤਕਾਰਾਂ ਵੱਲੋਂ ਡਾਲਰਾਂ ਨਾਲ ਦੇਸ਼-ਵਿਦੇਸ਼ ਵਿਚ ਸਨਮਾਨ ਕਰਵਾਏ ਜਾ ਰਹੇ ਹਨ; ਕੀ ਫਾਇਦਾ ਅਜਿਹੀਆਂ ਅਸਾਹਿਤਕ ਮਿਲਣੀਆਂ ਦਾ, ਜਿਥੇ ਸਾਰਥਿਕ ਨਤੀਜੇ ਨਾ ਨਿਕਲਣ—; ਦੋ ਡਾਇਲਾਗ, ਚਾਰ ਸਤਰਾਂ, ਦੋ ਪਹਿਰੇ ਕਈ ਵਾਰ ਲਿਖਤ ਨੂੰ ਜਾਣ ਬਖ਼ਸ਼ ਦਿੰਦੇ ਹਨ, ਲੇਖਕ ਦਾ ਨਾਂ ਵੀ ਕਰ ਦਿੰਦੇ ਹਨ ਆਦਿ। ਡਾ. ਅਮਰਜੀਤ ਨੇ ਫੇਸਬੁੱਕ ਅਸਾਹਿਤਕਤਾ ਦਾ ਵੀ ਜ਼ਿਕਰ ਕੀਤਾ ਹੈ। ਹਰਪ੍ਰੀਤ ਕੌਰ ਨੇ ‘ਪੰਜਾਬੀ ਸਾਹਿਤਕ-ਸਭਿਆਚਾਰਕ ਦਾ ਨਿਘਾਰ ‘ ਵਿਚ ਲਿਖਿਆ ਹੈ, “ਵਿਸ਼ਵੀਕਰਨ ਉੱਤਰ-ਆਧੁਨਿਕਤਾ ਦੀ ਲੋਕਾਂ ਵਿਚ ਅਧੂਰੀ ਸਮਝ ਹੈ।” ਦਰਸ਼ਨ ਸਿੰਘ ਦਰਸ਼ੀ ਨੇ ਪੰਜਾਬੀ ਵਿਦਿਅਕ ਸਭਿਆਚਾਰ ‘ਚ ਆ ਰਹੇ ਨਿਘਾਰ ਤੇ ਚਰਚਾ ਕੀਤੀ ਹੈ। ਮਰਹੂਮ ਸਾਹਿਤਕਾਰ ਕੇਹਰ ਸ਼ਰੀਫ਼ ਨੇ ਆਪਣੇ ਨਿਬੰਧ ‘ਪਰਵਾਸ-ਆਵਾਸ ਦਾ ਯੂਰਪੀ ਪੰਜਾਬੀ ਸਾਹਿਤ ਅਤੇ ਅਗਲੀ ਪੀੜ੍ਹੀ’ ਵਿਚ ਇਕ ਬਹੁਤ ਹੀ ਮਹੱਤਵਪੂਰਨ ਨੁਕਤੇ ਤੇ ਗੱਲ ਕੀਤੀ ਹੈ ਕਿ ਯੂਰਪ ਵਿਚ ਸਾਹਿਤਕ ਸਿਰਜਣਾ ਦੇ ਮੁਕਾਬਲੇ ਸਾਹਿਤਕ ਆਲੋਚਨਾ ਦੀ ਘਾਟ ਰਹੀ ਹੈ। ਇਸ ਲਈ “ਦੇਸੀ ਪਰਵਚਨਾਂ” ਦੇ ਆਸਰੇ ਬੁੱਤਾ ਸਾਰ ਰਹੇ ਹਨ। ਉਹਨਾਂ ਨੇ ਯੂਰਪ ਦੇ ਕੁਝ ਪ੍ਰਸਿੱਧ ਪੰਜਾਬੀ ਲੇਖਕਾਂ ਅਤੇ ਉਹਨਾਂ ਦੀਆਂ ਰਚਨਾਵਾਂ ਦਾ ਜ਼ਿਕਰ ਵੀ ਕੀਤਾ ਹੈ। ਉਹਨਾਂ ਨੇ ਇਕ ਹੋਰ ਭਾਵਪੂਰਤ ਕਥਨ ਵੀ ਲਿਖਿਆ ਹੈ, “ਸਾਹਿਤ ਲਿਖਿਆ ਤਾਂ ਵਰਤਮਾਨ ਵਿਚ ਜਾਂਦਾ ਹੈ, ਪਰ ਉਹ ਬੀਤ ਗਈ ਅਤੇ ਆਉਣ ਵਾਲੀ ਪੀੜ੍ਹੀ ਵਿਚਕਾਰ ਪੁਲ ਹੁੰਦਾ ਹੈ।” ਵਿਸ਼ਵ ਪੰਜਾਬੀ ਕਾਨਫਰੰਸਾਂ ਸੰਬੰਧੀ ਵੀ ਕੁਝ ਲੇਖਕਾਂ(ਸਲੀਮ ਪਾਸ਼ਾ, ਮਲਵਿੰਦਰ, ਹਜ਼ਰਤ ਸ਼ਾਮ) ਨੇ ਚਰਚਾ ਕੀਤੀ ਹੈ। ਮਲਵਿੰਦਰ ਨੇ ਸੰਖੇਪਤਾ ਦਾ ਸਹਾਰਾ ਲੈਂਦਿਆਂ ਵੀ ਪਹਿਲੀ ਆਲਮੀ ਕਾਨਫਰੰਸ ਤੋਂ ਹੁਣ ਤੱਕ ਦੀਆਂ ਕਾਨਫਰੰਸਾਂ ਵਿਚ ਆ ਰਹੇ ਨਿਘਾਰ ਨੂੰ ਬਿਆਨਿਆ ਹੈ ਅਤੇ ਇਕ ਕਾਨਫਰੰਸ ਵਿਚ ਭੀੜ ਵਧਾਉਣ ਲਈ ਸਕੂਲ ਦੇ ਬੱਚਿਆਂ ਅਤੇ ਟੂਰਿਸਟ ਵੀਜ਼ੇ ਤੇ ਆਏ ਲੋਕਾਂ ਨੂੰ ਸਰੋਤੇ ਬਣਾਉਣ ਦੀ ਗੱਲ ਕੀਤੀ ਹੈ। ਉਸ ਮੁਤਾਬਕ ਅਜਿਹੀਆਂ ਕਾਨਫਰੰਸਾਂ ‘ਮੌਜ ਮੇਲਾ’ ਹੀ ਹੁੰਦੀਆਂ ਹਨ ਜਿਥੇ ‘ਗਲਾਸੀ ਸਭਿਆਚਾਰ’ ਜਿਆਦਾ ਭਾਰੂ ਰਹਿੰਦਾ ਹੈ। ਹਜ਼ਰਤ ਸ਼ਾਮ ਨੇ ਤਾਂ ਇਹਨਾਂ ਲਈ ‘ਧੰਦਾ’ ਸ਼ਬਦ ਵਰਤਿਆ ਹੈ ਅਤੇ ਵਿਚਾਰ ਪੇਸ਼ ਕੀਤਾ ਹੈ ਕਿ ਵੀਜ਼ੇ ਵੇਚਣ ਵਾਲੀ ਪ੍ਰਪੰਰਾ ਨੂੰ ਖਤਮ ਕਰਨ ਦੀ ਲੋੜ ਹੈ ਅਤੇ ਇਹਨਾਂ ਆਲਮੀ ਕਾਨਫਰੰਸਾਂ ਦਾ ਬਦਲ ਲੱਭਣਾ ਚਾਹੀਦਾ ਹੈ। ਅਮਨਦੀਪ ਹਾਂਸ ਦੇ ਨਿਬੰਧ ਦੀ ਸ਼ੈਲੀ ਬਹੁਤ ਵਧੀਆ ਹੈ। ਕੁਝ ਗੱਲਾਂ ਸੰਪਾਦਨ ਕਲਾ ਸੰਬੰਧੀ ਵੀ ਕਰਨੀਆਂ ਜ਼ਰੂਰੀ ਹਨ। ਚਾਲੀ ਲੇਖਕਾਂ ਦੇ ਲੇਖਾਂ ਨੂੰ ਇਕ ਪੁਸਤਕ ਵਿਚ ਇਕੱਠਾ ਕਰਨਾ ਅਸਾਨ ਕਾਰਜ ਨਹੀਂ। ਬਹੁਤੇ ਲੇਖਾਂ ਦੀ ਚੋਣ ਸੁਖਿੰਦਰ ਨੇ ਸੁਚੱਜਤਾ ਨਾਲ ਕੀਤੀ ਹੈ, ਪਰ ਮੇਰੇ ਵਿਚਾਰ ਅਨੁਸਾਰ ਜੇ ਇਹਨਾਂ ਚਾਲੀ ਨਿਬੰਧਾਂ ਵਿਚੋਂ ਘੱਟੋ-ਘੱਟ ਦਸ ਕੁ ਲੇਖਾਂ ਦੀ ਛਾਂਟੀ ਕੀਤੀ ਜਾਂਦੀ ਤਾਂ ਇਹ ਪੁਸਤਕ ਜਿਆਦਾ ਵਧੀਆ ਬਣ ਜਾਂਦੀ। ਇਹ ਜ਼ਰੂਰੀ ਨਹੀਂ ਹੁੰਦਾ ਕਿ ਜਿਹੜੀ ਵੀ ਰਚਨਾ ਆਈ ਹੈ, ਉਸ ਨੂੰ ਕਿਤਾਬ ਵਿਚ ਸ਼ਾਮਲ ਕਰਨਾ ਹੀ ਹੈ। ਸੰਪਾਦਕ ਨੇ ਇਹ ਦੇਖਣਾ ਹੁੰਦਾ ਹੈ ਕਿ ਸਾਰੀਆਂ ਰਚਨਾਵਾਂ ਦੇ ਮਿਆਰ ਵਿਚ ਜ਼ਮੀਨ ਅਸਮਾਨ ਦਾ ਫਰਕ ਨਹੀਂ ਹੋਣਾ ਚਾਹੀਦਾ। ਪ੍ਰਸਤੁਤ ਪੁਸਤਕ ਦਾ ਸਿਰਲੇਖ ‘ਪੰਜਾਬੀ ਸਾਹਿਤ ਅਤੇ ਸਭਿਆਚਾਰ’ ਹੈ, ਪਰ ਕੁਝ ਲੇਖਾਂ ਦਾ ਸੰਬੰਧ ਵਿਸ਼ੇ ਨਾਲ ਨਹੀਂ। ਇਕ ਲੇਖ ਦੇ ਸਿਰਲੇਖ ਵਿਚ ‘ਬੇਫ਼ਾਲਤੂ’ ਸ਼ਬਦ ਵਰਤਿਆ ਹੈ ਜਦ ਕਿ ਫਾਲਤੂ ਸ਼ਬਦ ਆਪਣੇ ਆਪ ਵਿਚ ਹੀ ਨਾਂਹ ਵਾਚੀ ਹੈ। ਇਹਨਾਂ ਇਕ ਦੋ ਘਾਟਾਂ ਤੋਂ ਇਲਾਵਾ ਪ੍ਰਸਤੁਤ ਪੁਸਤਕ ਪੜ੍ਹਨ ਯੋਗ ਪੁਸਤਕਾਂ ਦੀ ਫ਼ਹਿਰਿਸਤ ਵਿਚ ਸ਼ਾਮਲ ਕੀਤੀ ਜਾ ਸਕਦੀ ਹੈ। ਸਪਤਰਿਸ਼ੀ ਪਬਲੀਕੇਸ਼ਨ ਵੱਲੋਂ 200 ਪੰਨਿਆਂ ਦੀ ਇਸ ਪੁਸਤਕ ਦਾ ਮੁੱਲ 200 ਰੁਪਏ ਬਹੁਤ ਹੀ ਵਾਜਿਬ ਹੈ। ਪੁਸਤਕ ਦਾ ਸਵਰਕ ਵੀ ਕਲਾਤਮਕ ਹੈ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |