7 December 2024

ਕਹਾਣੀ: ਤਾਰ—ਰੂਪ ਢਿੱਲੋਂ

ਤੇਰਾ ਤੰਤਰ ਮੰਤਰ ਮੇਰੇ ਉੱਤੇ ਕੰਮ ਕਰ ਗਿਆ। ਜ਼ਨਾਨੀ ਨਹੀਂ ਤਾਂ ਬਹੁਤ ਸੁੰਦਰ ਹੁੰਦੀ ਜਾਂ ਚੁਸਤ ਦਿਮਾਗੀ। ਉਂਝ ਇਹ ਫ਼ਿਕਰਾ ਤਾਂ ਬੰਦੇ ਵਾਸਤੇ ਵੀ ਸਹੀ ਹੈ। ਤੂੰ ਤਾਂ ਇਨ੍ਹਾਂ ਦੋਹਾਂ ਗੱਲਾਂ ਦਾ ਸੁਮੇਲ਼ ਹਂੈ। ਤੇਰਾ ਜਾਦੂ ਮੇਰੇ ਉੱਤੇ ਕੰਮ ਕਰ ਗਿਆ। ਕਾਲਜ ਵਿੱਚ ਹਰ ਮੁੰਡਾ ਤੇਰੇ ਮਗਰ ਸੀ, ਪਰ ਕਿਸਮਤ ਤੈਨੂੰ ਮੇਰੀ ਜੋਰੂ ਬਣਾਉਣ ਲੱਗੀ ਸੀ। ਕਾਲਜ ‘ਚ ਅਸੀਂ ਹਰ ਪਾਸੇ ਹੱਥ ਫੜ ਕੇ ਜਾਂਦੇ ਸਾਂ। ਇੱਕ ਦੂਜੇ ਦੇ ਬੌਧਿਕ ਸਾਥੀ ਸਾਂ। ਪਰ ਜਦ ਸੂਰੀ ਜੀ ਦੀ ਕਲਾਸ ਵਿੱਚ ਦਾਖਲ ਹੋਏ, ਅਸੀਂ ਦੋਵੇਂ ਸਮਝ ਪੱਖੋਂ ਚੌੜੇ ਹੋ ਗਏ। ਉਸ ਦੀ ਸਿਖਲਾਈ ਨੇ ਸਾਨੂੰ ਫੁਸਲਾ ਦਿੱਤਾ ਸੀ। ਨਵੇਂ ਮਿਲੇ ਇਲਮ ਦਾ ਵਿਚਾਰ ਕਰ ਕੇ ਤੂੰ’ਤੇ ਮੈਂ ਹਰ ਜਣੇ ਤੋਂ ਖ਼ੁਦ ਨੂੰ ਚੰਗੇਰੇ ਸਮਝਣ ਲੱਗ ਪਏ। ਆਪਣੇ ਆਪ ਨੂੰ ਹਰ ਜਣੇ ਤੋਂ ਵੱਧ ਭਾਅ ਵਾਲ਼ੇ ਸਮਝਣ ਲੱਗ ਪਏ।

ਪਰ ਤੂੰ ਤਾਂ ਵਾਧੂ ਹੀ ਨਿਕਲ਼ੀ। ਸੂਰੀ ਦੀਆਂ ਗੱਲਾਂ ਵਿੱਚ ਪੈ ਕੇ ਹਰ ਥਿਊਰੀ ਹਜ਼ਮ ਕਰ ਲਈ। ਭਾਵੇਂ ਚੰਗੀ, ਭਾਵੇਂ ਮਾੜੀ। ਹੁਣ ਉਸ ਦਾ ਨਤੀਜਾ ਤੂੰ ‘ਤੇ ਮੈਂ ਭੁਗਤ ਰਹੇ ਹਾਂ। ਵਿਚਾਰਾ ਰੋਹਿਤ! ਸੋਹਲ ਬੱਚਾ! ਸਾਡੇ…ਨਹੀਂ! ਉਹ ਤੇਰੇ ਤਜਰਬੇ ਦੀ ਬਲੀ ਚੜ੍ਹ ਗਿਆ! ਤੇਰੇ ਖਹਿੜਾ ਦਾ ਸ਼ਿਕਾਰ!

ਤੇਰੇ ਮਗਰ ਲੱਗ ਕੇ ਹੁਣ ਮੈਂ ਜਿਊਂਦਾ ਜਹੰਨਮ ਰਸੀਦ ਹਾਂ। ਤੇਰੇ ਮਗਰ ਲੱਗਾ ਜਾਂ ਉਸ ਫਲਸਫ਼ੀ ਕਲਾਸ ਮਾਸਟਰ ਸੁਕਰਾਤ ਸੂਰੀ ਪਿੱਛੇ? ਗੱਲ ਤਾਂ ਉਹੀ ਹੋ ਗਈ। ਦੇਖਣ ਵਿੱਚ ਸੂਰੀ ਇੱਕ ਸਾਊ ਕਵੀ ਹੈ। ਗੱਲ ਵੀ ਸੱਚ ਹੈ। ਆਪਣੇ iਖ਼ਆਲ ਜ਼ਰੂਰ ਦੱਸਦਾ ਹੈ। ਸਾਨੂੰ ਪੜ੍ਹਾਉਂਦਾ ਹੈ। ਪਰ ਸਿਰਫ਼ ਗੱਲਾਂ ਹੀ ਕਰਦਾ। ਤੂੰ ਤਾਂ ਕਦਮ ਚੁੱਕ ਲਿਆ…’ਤੇ ਮੈਂ ਤੇਰੇ ਜਾਲ਼ ਵਿੱਚ ਆ ਕੇ ਪੇਚਾ ਹੋ ਗਿਆ। ਦੇਖਣ ਵਿੱਚ ਅਕਸਰ ਤੂੰ ਦੇਵੀ ਹੈਂ। ਪਰ ਕਿਸ ਤਰ੍ਹਾਂ ਦੀ ਦੇਵੀ?

ਜਦ ਪਹਿਲੀ ਵਾਰੀ ਮੇਰੀ ਨਿਗ੍ਹਾ ਤੇਰੇ ਉੱਤੇ ਪਈ ਥਾਂ ਖਲੋਤਾ ਤੇਰੇ ਉੱਤੇ ਮਰ ਗਿਆ। ਉਸ ਹੀ ਪਲ ਤੇਰਾ ਗੁਲਾਮ ਬਣ ਗਿਆ ਸੀ! ਆਮ ਪੰਜਾਬਣ ਤੋਂ ਇੱਕ ਸਿਰ ਲੰਬੀ, ਰੰਗ ਕਰੀਨਾ ਕਪੂਰ ਤੋਂ ਦੁੱਧੀ। ਬਿੱਲੇ ਨੈਣ। ਪਿਆਰ ਇੱਕ ਦਮ ਹੀ ਹੋ ਗਿਆ। ਜਿੰਨੀ ਸੁਨੱਖੀ, ਓਨੀ ਹੁਸ਼ਿਆਰ, ਤੂੰ ਤਾਂ ਆਪਣੀਆਂ ਉਂਗਲ਼ਾਂ ਉੱਤੇ ਨਚਾਇਆ, ਜਿੰਞ ਮੈਂ ਤੇਰਾ ਮਰਦ ਨਹੀਂ ਪਰ ਕੋਠੀ ਦੀ ਨਚਾਰ ਸਾਂ!

ਹਾਲੇ ਵੀ ਇਹੀ ਹਾਲ ਹੈ ਮੇਰਾ! ਸੂਰੀ ਦੀ ਦਲੀਲ ਹਮੇਸ਼ਾ ਯਕੀਨ ਕਰਾਉਂਦੀ ਹੈ ਅਤੇ ਫੁਸਲਾਹਟ ਵੀ ਕਰਦੀ ਹੈ। ਸਾਨੂੰ ਹਰ ਗੱਲ ਉੱਤੇ ਸਵਾਲੀ ਬਣਾ ਦਿੱਤਾ ਹੈ। ਪਰ ਕੁੱਝ iਖ਼ਆਲ ਨਿਹਾਇਤ ਲਹਿਰੀ ਹਨ। ਉਨ੍ਹਾਂ ਗੱਲਾਂ ਉੱਤੇ ਤੂੰ ਵਿਸ਼ਵਾਸ ਕਰ ਲਿਆ ਅਤੇ ਮੈਨੂੰ ਵੀ ਆਪਣੀ ਸੁਰੀਲੀ ਜ਼ੁਬਾਨ ਨਾਲ ਕਾਇਲ ਕਰ ਲਿਆ ਸੀ। ਤੇਰੀ ਵਜ੍ਹਾ ਮੈਂ ਹੁਣ ਦੋਸ਼ੀ ਹਾਂ। ਹੁਣ ਮੇਰੇ ਹੱਥ ਵੀ ਮੈਲ਼ੇ ਹਨ।ਪ੍ਰੀਤੀ ਅਸੀਂ ਆਪਣੇ ਆਪ ਨੂੰ ਆਮ ਆਦਮੀ ਤੋਂ ਅਲੱਗ ਸਮਝਿਆ। ਉਨ੍ਹਾਂ ਤੋਂ ਜ਼ਿਆਦਾ ਆਪਣੇ ਆਪ ਨੂੰ ਵਿਦਵਾਨ ਸਮਝਿਆ। ਪਰ ਬੁੱਧੀ ਬਲ ਦਾ ਕੀ ਫ਼ਾਇਦਾ ਜੇ ਬੰਦੇ ਦਾ ਦਿਲ ਪੱਥਰ ਹੈ? ਮੈਥੋਂ ਨਹੀਂ ਸਹਾਰ ਹੁੰਦਾ! ਤੇਰੇ ਕਰਕੇ ਸਭ ਨੂੰ ਪਤਾ ਲੱਗ ਜਾਣਾ ਏ! ਸਭ ਨੂੰ!

ਹੁਣ ਵਿਚਾਰਾ ਰੋਹਿਤ! ਵਿਚਾਰਾ ਰੋਹਿਤ…ਉਸ ਪੇਟੀ ਵਿੱਚ ਹੈ! ਭਾਵੇਂ ਸੂਰੀ ਨੇ ਕਲਾਸਾਂ ਵਿੱਚ ਜੀਵਨ ਦੇ ਮੁੱਲ ਨੂੰ ਕੁੱਝ ਨਹੀਂ ਸਮਝਿਆ, ਇੱਕ ਜਾਨ ਜਾਂ ਹਜ਼ਾਰ ਜਾਨਾਂ ਨੂੰ ਬੇਕੀਮਤੀ ਕਿਹਾ, ਤੈਨੂੰ ਪੂਰਾ ਪਤਾ ਸੀ ਕਿ ਸਾਡੀ ਚਾਲ ਵਿੱਚ ਉਸ ਨੇ ਸ਼ਾਮਲ ਨਹੀਂ ਸੀ ਹੋਣਾ। ਉਸ ਨੇ ਵੀ ਤੇਰਾ ਕਰਿਆ ਬਦਕਾਰ ਸਮਝਣਾ ਹੈ। ਅਤੇ ਤੂੰ ਤਕਦੀਰ ਨੂੰ ਟੁੰਬ ਰਹੀ ਏਂ, ਉਸ ਨੂੰ ਅਤੇ ਰੋਹਿਤ ਦੇ ਬਾਪੂ ਨੂੰ ਇੱਥੇ ਸੱਦ ਕੇ! ਜੇ ਤੂੰ ਉਂਗਲ਼ੀ ਲੈਣੀ ਹੈ, ਤੇਰੀ ਮਰਜ਼ੀ…ਪਰ ਮੈਂ ਵੀ ਹੁਣ ਕੀ ਕਰ ਸਕਦਾ ਹਾਂ? ਆਪਾਂ ਆਪਣਾ ਕੀਤਾ ਭੁਗਤਾਂਗੇ! ਕੀਤਾ ਅੱਗੇ ਆਉਣਾ ਹੀ ਹੈ! ਤੂੰ ਤਾਂ ਨਿਰੀ ਡੈਣ ਹੀ ਨਿਕਲ਼ੀ! ਇਹ ਕਰਨਾ ਤੇਰਾ ਹੀ ਖਿਆਲ ਸੀ। ਤੂੰ ਮੈਨੂੰ ਅਪਣੇ ਜਾਲ਼ ਵਿੱਚ ਚੰਗੀ ਤਰ੍ਹਾਂ ਫਸਾ ਦਿੱਤਾ ਪ੍ਰੀਤੀ! ਤੂੰ ਹੀ ਥੱਕੇ ਥਕਾਏ ਮੈਨੂੰ ਜਿੱਤ ਲਿਆ! ਤੂੰ ਇੰਝ ਸਭ ਨਾਲ਼ ਕਰਦੀ ਏਂ। ਬਿੰਦ ਝੱਟ ਮੈਂ ਵਿਰੋਧ ਕਰਨ ਲੱਗਾ ਸਾਂ, ਪਰ ਸ਼ਬਦ ਅੰਦਰ ਪੀ ਲਏ। ਤੂੰ ਤਾਂ ਹਮੇਸ਼ਾ ਵਾਂਗਰ ਯਕੀਨ ਦਿਵਾਉਣ ਵਾਲੀ ਸੀ ਅਤੇ ਮੈਨੂੰ ਆਪਣੇ ਪਾਸੇ ਹੀ ਕਰ ਲਿਆ। ਤੇਰੇ ਤਰਕ ਨੇ ਮੇਰੇ ਦਿਲ ਦੀਆਂ ਚੀਕਾਂ ਪੁਕਾਰਾਂ ਪਾਸੇ ਕਰ ਦਿੱਤੀਆਂ! ਹਾਏ! ਤੇਰੀਆਂ ਮਿੱਠੀਆਂ ਚੌਪੜੀਆਂ ਗੱਲਾਂ! ਜੇ ਮੈਂ ਤੇਰੀ ਸਕੀਮ ਦੇ ਨੁਕਸ ਸਾਹਮਣੇ ਕਰਨ ਦੀ ਕੋਸ਼ਿਸ਼ ਕੀਤੀ ਤੂੰ ਹੋਰ ਤੀਰ ਛੱਡ ਕੇ ਗੱਲ ਮੁਕਾ ਦਿੱਤੀ। ਅਤੇ ਤੂੰ ਮੈਥੋਂ ਕੀ ਕਰਵਾਇਆ?

ਤੇਰੀ ਸਬੀਲ ਸੀ ਕਿ ਗੁਮਜਣੇ ਬੰਦੇ ਦਾ ਕਤਲ ਕਰਨਾ। ਉਂਞ ਹੀ। ਮਜ਼ਾ ਵਾਸਤੇ। ਬਿਨਾ ਵਜ੍ਹਾ, ਬੇਮਕਸਦ ਹੱਤਿਆ।
* * * * *

ਤੂੰ ਇੱਕ ਵਾਰੀ ਮੈਨੂੰ ਕਿਹਾ – ਨੀਚਰ ਨੇ ਹੀ ਐਲਾਨ ਕੀਤਾ ਕਿ ਆਚਾਰ ਸਾਡੇ ਵਾਸਤੇ ਜ਼ੰਜੀਰ ਹਨ! ਨੇਕੀ ਸਾਨੂੰ ਖ਼ਰਾਬ ਕਰਦੀ ਹੈ! ਜ਼ੰਜੀਰ ਤੋੜੀਏ! ਇਨਸਾਨ ਨੂੰ ਉੱਤਮ ਜ਼ਾਤ ਬਣਨ ਦਾ ਮੌਕਾ ਚਾਹੀਦਾ ਹੈ। ਇਖ਼ਲਾਕੀ iਖ਼ਆਲ ਰੋਕ ਦਿਓ! ਜਦ ਦਾ ਬੰਦੇ ਨੂੰ ਪਤਾ ਲੱਗਾ ਰੱਬ ਨਹੀਂ ਹੈ ਆਮ ਜੀਵਨ ਬੇਮਤਲਬ ਹੋ ਚੁੱਕਾ ਹੈ ਅਤੇ ਸਾਨੂੰ ਪਾਗਲ ਹੋਣ ਤੋਂ ਬਚਾਉਣਾ ਮਤਲਬੀ ਜ਼ਿੰਦਗੀ ਚਾਹੀਦੀ ਹੈ-। ਇਹ ਤੇਰੀ ਸੋਚ ਨਹੀਂ ਸੀ ਪਰ ਨੀਚਰ ਦੀ। ਫੇਰ ਵੀ ਇਸ ਨੂੰ ਤੂੰ ਜ਼ਿੰਦਗੀ ਵਿੱਚ ਲਾਗੂ ਕਰਨੀ ਚਾਹੁੰਦੀ ਸੀ। ਤੂੰ ਤਾਂ ਪਹਿਲਾਂ ਹੀ ਆਪਣੇ ਆਪ ਨੂੰ ਹੋਰਾਂ ਤੋਂ ਅਗਾਂਹ ਸਮਝਦੀ ਸੀ। ਕਿਉਂ ਨਹੀਂ? ਭਾਰਤ ਤਾਂ ਜ਼ਾਤਪਾਤ ਵਿੱਚ ਡੁੱਬਿਆ ਹੈ। ਜ਼ਾਤਪਾਤ ਵਿੱਚ ਬਹੁਤ ਮਾਣ ਰੱਖਦਾ ਹੈ। ਭਾਵੇਂ ਤੂੰ ਭਾਰਤ ਦੀ ਜੰਮਪਲ ਨਹੀਂ ਹੈ, ਪਰ ਯੂ.ਕੇ ਦੀ ਏਂ; ਉੱਥੋਂ ਦੀਆਂ ਕੁੱਝ ਰੀਤਾਂ ਤੇਰੇ ਵਿੱਚ ਹਨ। ਸਾਡੇ ਸਾਰਿਆਂ ਵਿੱਚ ਹਨ। ਸੂਰੀ ਦੇ ਹਿਸਾਬ ਦੇ ਨਾਲ਼ ਗੋਰੇ ਭਾਰਤੀਆਂ ਤੋਂ ਜ਼ਿਆਦਾ ਜ਼ਮੀਰ ਵਾਲੇ ਹਨ। ਭਾਰਤ ਵਿੱਚ ਤਾਂ ਪਹਿਲਾਂ ਹੀ ਇਨਸਾਨ ਦਾ ਮੁੱਲ ਨਹੀਂ ਹੈ। ਉੱਥੇ ਤਾਂ ਬੰਦੇ ਨੂੰ ਮਾਰ ਕੇ ਮੁਜਰਮ ਫੇਰ ਵੀ ਬਚ ਜਾਂਦੈ। ਪਰ ਬਰਤਾਨੀਆ ਵਿੱਚ ਤਾਂ ਕਾਨੂੰਨ ਆਮ ਬੰਦੇ ਨੂੰ ਬਚਾਉਣ ਵਾਸਤੇ ਕਾਇਮ ਹੈ। ਇਸ ਗੱਲ ਸੁਣ ਕੇ ਤੇਰਾ ਦਿਮਾਗ਼ ਹੋਰ ਜੁਸ਼ੀਲਾ ਹੋ ਗਿਆ। ਇਹ ਤਾਂ ਇੱਕ ਵੰਗਾਰ ਸੀ ਤੇਰੇ ਵਾਸਤੇ। ਤੂੰ ਤਾਂ ਚੰਗੀ ਤਰ੍ਹਾਂ ਬੀੜਾ ਚੁੱਕ ਲਿਆ!

ਪਹਿਲਾਂ ਤਾਂ ਮੈਂ ਤੇਰੀ ਗੱਲ ਸੁਣ ਕੇ ਹੱਸਿਆ। ਪਰ ਹੌਲ਼ੀ ਹੌਲ਼ੀ ਤੂੰ ਤਾਂ ਮੈਨੂੰ ਕਾਇਲ ਹੀ ਕਰ ਦਿੱਤਾ ਅਤੇ ਮੈਂ ਵੀ ਜੋਸ਼ ਵਿੱਚ ਆ ਬੈਠਾ!

– ਆਪਾਂ ਆਮ ਆਦਮੀਆਂ ਤੋਂ ਆਹਲੇ ਹਾਂ! ਉਨ੍ਹਾਂ ਦੀਆਂ ਜਾਨਾਂ ਓਨੀਆਂ ਕੀਮਤੀ ਨਹੀਂ ਜਿੰਨੀਆਂ ਉੱਚੀ ਜ਼ਾਤ ਜਾਂ ਜ਼ਿਹਨ ਵਾਲੀਆਂ ਦੀਆਂ ਹਨ। ਉਨ੍ਹਾਂ ਨੇ ਸਮਾਜ ਨੂੰ ਕੀ ਦੇਣਾ? ਕਾਮੇ ਹੀ ਹਨ। ਕਾਮ ਚੇਸ਼ਟੇ ਪੂਰੇ ਕਰਨ ਵਾਲੇ ਹਨ ਜਾਂ ਬੱਚੇ ਪੈਦਾ ਕਰਨ ਵਾਲ਼ੇ ਛੇੜ! ਹਵਸੀ ਜਾਂ ਲਾਲਚੀ ਸ਼ਾਇਦ ਪੈਸੇ ਜਮ੍ਹਾਂ ਕਰਲੈਣਗੇ। ਸੰਪਤੀ ਇਕੱਠੀ ਕਰਨ ਤੋਂ ਵੱਧ ਕੀ ਜਾਣਦੇ ਨੇ? ਜੋ ਵੇਦ ਦੱਸਦੇ ਨੇ ਜਾਂ ਲੀਡਰ ਕਹਿੰਦੇ ਨੇ, ਮਗਰ ਲੱਗ ਜਾਂਦੇ ਹਨ। ਆਪਣੇ ਆਪ ਲਈ ਕੋਈ ਮੌਲਿਕ ਸੋਚ ਬਿਲਕੁਲ ਨਹੀਂ ਹੈ। ਸਾਡੀ ਜ਼ਾਤ ਸਾਡੀ ਔਕਾਤ ਉਨ੍ਹਾਂ ਤੋਂ ਉੱਚੀ ਹੈ। ਅਸੀਂ ਦੁਨੀਆ ‘ਤੇ ਰਾਜ ਕਰਨਾ ਹੈ। ਸਾਡੇ ਵਰਗੇ ਹੀ ਜੱਗ ਨੂੰ ਕੁੱਝ ਨਵਾਂ ਦਿੰਦੇ ਨੇ। ਦੁਨੀਆ ਨੂੰ ਚਲਾਉਂਦੇ ਨੇ। ਮਨੂ ਨੇ ਸਾਨੂੰ ਕੁਜਾਤਾਂ ਤੋਂ ਉੱਪਰ ਰੱਖਿਆ ਹੈ!- ਤੂੰ ਨੇ ਮੈਨੂੰ ਜੋਸ਼ ਨਾਲ਼ ਕਿਹਾ।

ਤੂੰ ਹਰ ਵਾਰੀ ਵਾਂਗਰ ਮੈਨੂੰ ਆਪਣੇ ਮਗਰ ਮਗਰ ਲਾ ਲਿਆ। ਫੇਰ ਬੋਲ਼ੀ, – ਉਨ੍ਹਾਂ ਦੀ ਜ਼ਿੰਦਗੀ ਦਾ ਕੋਈ ਮੁੱਲ ਨਹੀਂ ਹੈ। ਇੱਕ ਦੂਜੇ ਨੂੰ ਆਪਣਿਆਂ ਡੇਰਿਆਂ ਵਾਸਤੇ ਵੱਢ ਲੈਂਦੇ ਨੇ! ਸੌਖੀ ਦੇਣੀ ਉਨ੍ਹਾਂ ਦੇ ਦਿਮਾਗ਼ ਘੁੰਮਾ ਸਕਦੇ ਆਂ! ਆਪਣੇ ਮਜ਼੍ਹਬਾਂ ਵਾਸਤੇ ਅੰਧ ਵਿਸ਼ਵਾਸ਼ ਨਾਲ਼ ਜੋ ਮਰਜ਼ੀ ਕਰ ਲੈਂਦੇ ਨੇ! ਇੱਕ ਦੂਜੇ ਨੂੰ ਮਾਰ ਲੈਂਦੇ ਨੇ! ਆਪਾਂ ਵੀ ਹੀ ਉਨ੍ਹਾਂ ਦਾ ਅਹਿਲਾ ਜੀਵਨ ਲੈ ਸਕਦੇ ਹਾਂ! ਇਹ ਗਿਆਨਵਾਦ ਵਾਲੀ ਗੱਲ ਹੈ।ਸਾਡਾ ਰੋਸ਼ਨ ਦਿਮਾਗ਼ ਸਾਨੂੰ ਉਨ੍ਹਾਂ ਤੋਂ ਉੱਚਾ ਰੱਖਦਾ ਹੈ-।

ਤੇਰੀਆਂ ਸਾਰੀਆਂ ਗੱਲਾਂ ਤਾਂ ਸੁਣ ਲਈਆਂ। ਪਰ ਕੀ ਤੂੰ ਆਪਣੀ ਨੁਕਤਾਚੀਨੀ ਨਾਲ਼ ਕਿਸ ਨਤੀਜੇ ‘ਤੇ ਜਾ ਰਹੀ ਸੀ?- ਆiਖ਼ਰ ਤੂੰ ਕੀ ਕਰਨਾ ਚਾਹੁੰਦੀ ਏਂ?-। ਮੈਂ ਤੈਨੂੰ ਪੁੱਛਿਆ। ਤੂੰ ਮੇਰੀਆਂ ਅੱਖਾਂ ਵਿੱਚ ਆਪਣੀਆਂ ਅੱਖਾਂ ਪਾਈਆਂ। ਤੇਰੇ ਨੇਤਰ ਇੱਕ ਪਾਸਿਓਂ ਗੰਭੀਰ ਜਾਪਦੇ ਸਨ, ਦੂਜੇ ਪਾਸਿਓਂ ਇੱਲਤ ਨਾਲ਼ ਭਰੇ। ਉਹ ਝਾਕ ਦੇਣ ਬਾਅਦ ਤੇਰੇ ਵਾਕ ਦੇ ਹਰ ਲਫ਼ਜ਼ ਵਿਚਾਲੇ ਇੱਕ ਲੰਬਾ ਜਿਹਾ ਰਹਾਉ ਸੀ।

– ਆਪਾਂ ਇੱਕ ਫ਼ਜ਼ੂਲ ਜਣੇ ਨੂੰ ਮਾਰਾਂਗੇ। ਕਤਲ ਕਰਾਂਗੇ-। ਫੇਰ ਆਪਣੀਆਂ ਅੱਖਾਂ ਨਾਲ਼ ਮੈਨੂੰ ਮੂਰਛਿਤ ਕਰ ਕੇ ਤੂੰ ਹੱਸ ਕੇ ਅਗਾਂਹ ਬੋਲ਼ੀ – ਕਮਾਲ ਵਾਲਾ ਕਤਲ ਕਰਾਂਗੇ ਜਿਸ ਦਾ ਪੁਲਸ ਨੂੰ ਵੀ ਨਹੀਂ ਪਤਾ ਲੱਗਣਾ। ਕਿਸੇ ਨੂੰ ਨਹੀਂ ਪਤਾ ਲੱਗਣਾ ਕਿ ਅਸੀਂ ਇੱਕ ਜਾਨ ਲਈ ਹੈ-।
– ਪਰ ਕਾਹਤੋਂ?-।
– ਕਿਉਂ ਨਹੀਂ? ਅਸੀਂ ਕਰ ਸਕਦੇ ਹਾਂ, ਤਾਂ ਹੀ, ਇਸ ਤੋਂ ਵੱਧ ਤਰਕ ਦੀ ਕੀ ਲੋੜ ਹੈ? ਇੰਝ ਕਤਲ ਕਰ ਕੇ ਵਲਵਲਿਆਂ ਨੇ ਸਾਨੂੰ ਜੋਸ਼ ਵਿੱਚ ਪਾ ਦੇਣਾ! ਡਰ ਨੇ ਜਿਊਂਦਾ ਹੋਣ ਦਾ ਜੋਸ਼ ਦੇਣਾ! ਮਤਲਬ ਸਨਸਨੀ ਦੇਣੀ ਹੈ! ਖ਼ਾਸ ਕਰ ਕੇ ਕਿਉਂਕਿ ਸਾਨੂੰ ਕਿਸੇ ਨੇ ਨਹੀਂ ਫੜਨਾ। ਖ਼ਤਰਿਆਂ ਨਾਲ਼ ਖੇਡ ਕੇ ਹੀ ਹਰ ਜਣੇ ਨੂੰ ਲੁਤਫ਼ ਮਿਲਦਾ, ਉਤੇਜਨਾ ਆਉਂਦੀ ਐ! ਨਾਲੇ ਸਾਡੇ ਦਿਮਾਗ ਤਾਂ ਤਿੱਖੇ ਹਨ। ਸੂਰੀ ਨੇ ਕਈ ਵਾਰੀ ਕਿਹਾ ਕਿ ਜੰਗਾਂ’ਚ ਤਾਂ ਲੱਖ ਲੋਕ ਮਰ ਜਾਂਦੇ ‘ਤੇ ਸਮਾਜ ਨੂੰ ਦੁੱਖ ਨਹੀਂ ਹੁੰਦਾ ਜੇ ਉਨ੍ਹਾਂ ਨੂੰ ਲਗਦਾ ਕੌਮੀ ਲੜਾਈ ਖ਼ਾਤਰ ਲੜੀ ਲੜਾਈ ਵਿੱਚ ਮਰੇ ਹਨ।ਸਰਕਾਰ ਨੂੰ ਉਸ ਤੋਂ ਵੀ ਘੱਟ ਦੁੱਖ ਲਗਦਾ ਕਿਉਂਕਿ ਲੜਾਈ ਵਿੱਚ ਲੋਕ ਮਰਦੇ ਹਨ, ਪਰ ਸਰਕਾਰ ਤਾਂ ਜੰਗ ਦੇ ਮੈਦਾਨ ਤੋਂ ਦੂਰ ਹੁੰਦੀ ਹੈ। ਮੰਨਦੀ ਆਂ ਕਿ ਲੋਕਾਂ ਨੂੰ ਲੜਾਈ ਦਾ ਅਸਰ ਦੇਖ ਕੇ ਦੁੱਖ ਹੁੰਦਾ, ਪਰ ਸੱਚ ਹੈ ਵੱਡੀ ਕੱਟ ਵੱਢ ਸਹਿ ਲੈਂਦੇ ਨੇ। ਜੀਵਨ ਦਾ ਕੋਈ ਮੁੱਲ ਨਹੀਂ ਹੈ। ਇਹ ਹੈ ਮੇਰਾ ਮਤਲਬ। ਫੇਰ ਜੇ ਇੱਕ ਲੱਲੂ ਪੰਜੂ ਮਰੇ, ਕਿਸੇ ਨੂੰ ਫ਼ਰਕ ਪੈਣਾ? ਜੇ ਜੰਗ ਦਾ ਕਤਲੇਆਮ ਸਹਿ ਲੈਂਦ ਨੇ, ਇੱਕ ਜਣੇ ਦੀ ਮੌਤ ਦਾ ਕੀ ਹੈ ਉਨ੍ਹਾਂ ਲਈ?-।
– ਪ੍ਰੀਤੀ ਇੰਝ ਕਿਵੇਂ ਕਹਿ ਸਕਦੀ ਹੈ? ਲੋਕ ਤਾਂ ਜੰਗ ਤੋਂ ਬਹੁਤ ਡਰਦੇ ਨੇ। ਤਰਸ ਆਉਂਦਾ ਲੜਾਈ ਦੇ ਵਿਕਟਿਮਜ਼ ’ਤੇ…ਜਾਨ ਦਾ ਮੁੱਲ ਹੈ। ਜੰਗ ਤਾਂ …- ਪਰ ਤੂੰ ਮੇਰਾ ਜਵਾਬ ਟੁੱਕ ਦਿੱਤਾ।
– ਸੋਚ। ਤੈਨੂੰ ਪਤੈ ਹਰ ਸਵਾ ਸਦੀ ਵਿੱਚ ਦੁਨੀਆ ਵਿੱਚ ਢਾਈ ਕਰੋੜ ਮੌਤਾਂ ਕਾਰ ਦੇ ਹਾਦਸਿਆਂ ਵਿੱਚ ਹੋਈਆਂ ਨੇ? ਪਰ ਗੱਡੀ ਦਾ ਹਾਦਸਾ ਕਰਕੇ ਸਮਾਜ ਨੂੰ ਦੁੱਖ ਨਹੀਂ ਲਗਦਾ। ਲੋਕ ਤਾਂ ਫੇਰ ਵੀ ਕਾਰਾਂ ਚਲਾਉਂਦੇ ਆ। ਜੇ ਇੰਨੇ ਲੋਕ ਲੜਾਈ ਵਿੱਚ ਮਰ ਜਾਂਦੇ ਜਾਂ ਕੋਈ ਕਤਲੇਆਮ’ਚ ਫੇਰ ਸਮਾਜ ਮੂੰਹ ਤੋੜ ਕੇ ਹਾਏ ਕਰਨ ਲੱਗ ਜਾਂਦੇ ਏ। ਉਸ ਹਾਦਸਿਆਂ ਬਾਰੇ ਸੋਚਦੇ ਵੀ ਨ੍ਹੀਂ। ਇੱਕ ਖ਼ਬਰ ਹੀ ਹੁੰਦੀ ਹੈ। ਰੋਜ਼ ਦੀ ਘਟਨਾ। ਪਰ ਫੇਰ ਵੀ ਗਵਾਰਾ ਕਰਨ ਵਾਲ਼ਾ ਜੰਗ ਬਰਦਾਸ਼ਤ ਕਰ ਲੈਂਦਾ। ਜੇ ਇੱਕ ਜਣਾ ਮਰ ਗਿਆ ਕੋਈ ਵੱਡੀ ਗੱਲ ਨਹੀਂ ਹੈ। ਲੋਕ ਰੋਜ਼ ਮਰਦੇ ਨੇ, ਕੀ ਫ਼ਰਕ ਹੈ?- ਤੇਰੀਆਂ ਅੱਖਾਂ ਵਿੱਚ ਜ਼ੌਕ ਨੱਚਦਾ ਸੀ।

ਤੇਰੀਆਂ ਗੱਲ਼ਾਂ ਕਰਕੇ ਮੈਂ ਨੀਚਰ ਦੇ ਜੀਵਨ ਦਰਸ਼ਨ ਬਾਰੇ ਸੋਚਣ ਲੱਗ ਪਿਆ ਸਾਂ ਅਤੇ ਮਨ ਵਿੱਚ ਮੈਨੂੰ ਪਤਾ ਸੀ ਕਿ ਉਸ ਦੀ ਫ਼ਿਲਾਸਫ਼ੀ ਏਕਤਾ ਵਾਲ਼ੀ ਸੀ। ਮੈਂ ਵੀ ਕਈ ਵਾਰੀ ਬੰਦੇ ਦੇ ਮੁੱਲ ਬਾਰੇ ਸੋਚਿਆ। ਰੱਬ ਤੋਂ ਬਿਨਾ ਬੰਦੇ ਦਾ ਜਿਊਂਣਾ ਬੇਮਤਲਬ ਹੈ, ਜਾਨਵਰ ਦੇ ਜੀਵਨ ਤੋਂ ਵੱਧ ਮਤਲਬ ਨਹੀਂ ਹੋ ਸਕਦਾ। ਜੇ ਆਪਣੇ ਆਪ ਨੂੰ ਉੱਤਮ-ਬੰਦਾ ਨਹੀਂ ਬਣਾ ਸਕਦੇ, ਜੀਵਨ ਵਿੱਚ ਕੋਈ ਮਤਲਬ ਨਹੀਂ ਹੈ। ਇਸ ਲਈ ਆਦਮੀ ਦਾ ਮੁੱਲ ਨਹੀਂ ਹੈ। ਇਹ ਨੀਚਰ ਦੀ ਸੋਚ ਸੀ ਅਤੇ ਇਸ ਪਾਸੇ ਤੂੰ ਮੈਨੂੰ ਲੈ ਗਈ। ਮੈਂ ਵੀ ਕਿਸੇ ਨੂੰ ਮਾਰਨ ਦੇ ਮਾਰ੍ਹਕੇ ਬਾਰੇ ਸੋਚਣ ਲੱਗ ਪਿਆ।

– ਪਰ ਕਿਸ ਨੂੰ ਮਾਰਾਂਗੇ?- ਮੈਂ ਤੈਨੂੰ ਹੁਣ ਢਿੱਡੋਂ ਪੁੱਛਿਆ।

ਮੇਰੇ ਸਵਾਲ ਉੱਤੇ ਕੁੱਝ ਚਿਰ ਲਈ ਤੂੰ ਚੁੱਪ ਚਾਪ ਰਹੀ। ਤੇਰੇ ਨੈਣਾਂ ਵਿੱਚ ਕੋਈ ਸੋਚ ਛਿੰਝ ਪਾਉਂਦੀ ਸੀ। ਤੈਨੂੰ ਪਤਾ ਲੱਗ ਗਿਆ ਸੀ ਕਿ ਉਸ ਹੀ ਪਲ ਮੈਂ ਤੇਰੇ ਉੱਤੇ ਯਕੀਨ ਕਰ ਗਿਆ ਸੀ। ਫੇਰ ਤੇਰੇ ਸ਼ਬਦ ਬਾਹਰ ਆਏ, – ਕੋਈ ਫ਼ਰਕ ਨਹੀਂ ਪੈਂਦਾ। ਅਸੀਂ ਸੜਕ ਤੋਂ ਕੋਈ ਗੁਮਨਾਮ ਜਣੇ ਨੂੰ ਲੈ ਕੇ ਮਾਰ ਸਕਦੇ ਨੇ। ਪਰ ਇੱਕ ਗੱਲ ਪੱਕੀ ਹੈ…ਜਿਸ ਜਣੇ ਨੂੰ ਜਾਣਦੇ ਹੋਈਏ ਉਸ ਨੂੰ ਜਾਲ਼ ਵਿੱਚ ਫਸਾਉਣਾ ਹਮੇਸ਼ਾ ਸੌਖਾ ਹੁੰਦਾ ਹੈ…- ਆਪਣੀਆਂ ਅੱਖਾਂ ਮੇਰੀਆਂ ਅੱਖਾਂ ਵਿੱਚ ਗੱਡ ਕੇ ਤੂੰ ਗੱਲ ਜਾਰੀ ਰੱਖੀ… – ਤੇਰਾ ਇੱਕ ਮਸੇਰਾ ਨਹੀਂ ਤੇਰੇ ਮਾਮੇ ਦਾ ਪੁੱਤਰ…ਕੀ ਉਸ ਦਾ ਨਾਂ ਹੈ?…ਆਹੋ…ਰੋਹਿਤ-। ਇਹ ਵਾਕ ਤੂੰ ਗੰਭੀਰ ਲੋਚਨਾ ਨਾਲ਼ ਕਿਹਾ, ਜਿਵੇਂ ਅਸੀਂ ਮਾਮੇ ਦੇ ਮੁੰਡੇ ਦੀ ਜਗ੍ਹਾ ਕੋਈ ਬੱਕਰੀ ਦੀ ਗੱਲ ਕਰ ਰਹੇ ਸੀ। ਇਨਸਾਨ ਨਹੀਂ ਪਰ ਕੋਈ ਸ਼ੈ ਦੀ ਗੱਲ ਛੋਹ ਰਹੇ ਸੀ। ਫੇਰ ਵੀ ਮੈਂ ਦੀਦਾ ਦਾਨਿਸਤਾ ਨਾਲ਼ ਹੀ ਤੁਰਨ ਲੱਗਾ ਸਾਂ। ਪਰ ਇੱਕ ਅੰਦਰਲੇ ਖੁੰਜੇ ਵਿੱਚ ਮੇਰੀ ਜ਼ਮੀਰ ਆ ਬੋਲ਼ੀ।

– ਉਸ ਨੇ ਕਿਸ ਦਾ ਕੀ ਵਿਗਾੜਿਐ? ਉਹ ਤਾਂ ਅਣਜਾਣ ਬੱਚਾ ਹੈ। ਹਾਲੇ ਪੰਦਰਾਂ ਵਰਿ੍ਹਆਂ ਦਾ ਮੁੰਡਾ ਹੀ ਹੈ-। ਮੈਂ ਹਲਕੀ ਜਿਹੀ ਚੂੰ ਚੂੰ ਕੀਤੀ।

– ਉਹ ਤਾਂ ਹਰ ਜਣੇ ਬਾਰੇ ਕਹਿ ਸਕਦੇ ਹਾਂ। ਜਦ ਯੂਕਰੇਨ ਬੰਬ ਡਿੱਗਦੇ, ਰੂਸ ਨੇ ਵੀ ਇਸ ਤਰ੍ਹਾਂ ਦੇ ਲੋਕਾਂ ਨੂੰ ਬਲੀ ਬਣਾਇਆ ਹੈ। ਇੰਝ ਮੇਰੇ ਵੱਲ ਕਿਉਂ ਝਾਕਦੈਂ? ਜਦ ਆਪਾਂ ਗਿਆਨ ਦੇ ਹਿਸਾਬ ਨਾਲ਼ ਇਸ ਤਰ੍ਹਾਂ ਦੇ ਛੋਹੇ ਤੂੰ ਤਾਂ ਮੇਰੇ ਨਾਲ਼ ਸਹਿਮਤ ਸੀ। ਹੁਣ ਕੀ ਫ਼ਰਕ ਹੈ? ਰਿਸ਼ਤੇਦਾਰ ਕਰਕੇ ਹੁਣ ਤਰਸ ਆ ਗਿਆ? ਗੱਲ ਤਾਂ ਉਹੀ ਹੀ ਹੈ ਹਾਲੇ ਵੀ। ਪੰਦਰਾਂ ਸਾਲ ਦਾ ਮੁੰਡਾ। ਕੁੱਝ ਦਿਨਾਂ ਲਈ ਪੁਲਸ ਭਾਲਣ ਦੀ ਕੋਸ਼ਿਸ਼ ਕਰੇਗੀ। ਮਾਂ-ਪਿਓ ਨੇ ਤਾਂ ਪਿੱਟਣਾ ਹੀ ਐ। ਪਰ ਸੱਚ ਹੈ ਸਮਾਜ ਨੇ ਪਲ ਵਾਸਤੇ ਖ਼ਬਰ ਪੜ੍ਹਣੀ ਹੈ। ਅੱਜ ਕੱਲ੍ਹ ਤਾਂ ਖ਼ਬਰਾਂ ਫ਼ੋਨਾਂ ਉੱਤੇ ਨੱਸ ਨੱਸ ਕੇ ਉੱਡ ਜਾਂਦੀਆਂ। ਅੱਗਲੇ ਅੱਖ ਦੇ ਪਲਕਾਰੇ ਵਿੱਚ ਕੁੱਝ ਹੋਰ ਨਵਾਂ ਆ ਜਾਂਦਾ। ਜਨਤਾ ਦੀ ਬਿਰਤੀ ਕਮਜ਼ੋਰ ਹੈ। ਰੋਹਿਤ ਨੂੰ ਹਾਰ ਕੇ ਕਿਸੇ ਨੇ ਮਿਸ ਨਹੀਂ ਕਰਨਾ- ਤੂੰ ਬੋਲ਼ੀ ਕਿਵੇਂ ਇਨਸਾਨ ਨਹੀਂ, ਕਿਸੇ ਕਿਤਾਬੀ ਤਜਰਬੇ ਬਾਰੇ ਗੱਲ ਕਰ ਰਹੀ ਹੋਵੇ। ਉਫ਼! ਮੈਂ ਤੇਰੇ ਨਾਲ਼ ਬਹਿੰਸ ਕਰਨ ਦੀ ਜਗ੍ਹਾ ਤੇਰੀਆਂ ਗੱਲਾਂ ਵਿੱਚ ਗਵਾਚ ਗਿਆ ਸੀ ਅਤੇ ਤੇਰੀ ਗੱਲ ਹਾਰ ਕੇ ਮੰਨ ਲਈ। ਬੌਧਿਕ ਚਾਲ ਖਿਆਲ ਨੂੰ ਆਪਣੇ ਖ਼ੂਨ ਦੀ ਜ਼ਿੰਦਗੀ ਉੱਪਰ ਕਰ ਲਿਆ! ਇਹ ਖਿਆਲ ਨੂੰ ਉਸ ਦੀ ਜ਼ਿੰਦਗੀ ਤੋਂ ਜ਼ਿਆਦਾ ਕਦਰ ਦਿੱਤਾ!

ਤੈਨੂੰ ਸਾਫ਼ ਪਤਾ ਸੀ ਕਿ ਮੇਰੇ ਖਿਆਲ ਤੇਰੇ ਖਿਆਲਾਂ ਨਾਲ਼ ਰਲ਼ਦੇ ਸਨ ਅਤੇ ਇਹ ਵੀ ਤੂੰ ਜਾਣਦੀ ਸੀ ਕਿ ਰੋਹਿਤ ਪੰਨੂ ਦਾ ਮੈਂ ਬਹੁਤਾ ਪਰਵਾਹ ਨਹੀਂ ਸੀ ਕਰਦਾ। ਮਾਮੇ ਦਾ ਮੁੰਡਾ ਸੀ। ਪਰ ਉਸ ਅਤੇ ਮੇਰੀ ਉਮਰ ਵਿੱਚ ਫ਼ਰਕ ਹੋਣ ਕਰਕੇ ਉਸ ਨਾਲ਼ ਘੱਟ ਹੀ ਬੋਲ਼ਦਾ ਸੀ। ਖ਼ੈਰ ਤੂੰ ਮੈਨੂੰ ਮਨਾ ਲਿਆ। ਤੂੰ ਅਤੇ ਮੈਂ ਉਸ ਨੂੰ ਮਾਰਨ ਦਾ ਫ਼ੈਸਲਾ ਕਰ ਗਏ।

ਹਰ ਤਫ਼ਸੀਲ ਬਾਰੇ ਸੋਚਿਆ। ਵੇਰਵੇ ਸੂਟ ਕਰ ਕੇ ਤਿਆਰੀਆਂ ਕੀਤੀਆਂ। ਫੇਰ ਦਿਨ ਚੁਣਿਆ। ਪਰ ਇੱਕ ਗੱਲ ਤੂੰ ਕਰਨੀ ਚਾਹੁੰਦੀ ਸੀ ਜੋ ਮੈਨੂੰ ਕਾਂਬਾ ਛੇੜ ਰਹੀ ਸੀ, ਕਾਲ਼ਜੇ ਨੂੰ ਧਕ ਧਕ ਕਰਾ ਰਹੀ ਸੀ।

ਉਸ ਹੀ ਰਾਤ ਡਿਨਰ ਪਾਰਟੀ ਕਰਨੀ ਸੀ…ਉਹ ਵੀ ਸਾਡੇ ਘਰ…ਜਿੱਥੇ ਲਾਸ਼ ਹੋਵੇਗੀ!

* * * * *

ਤੂੰ ’ਤੇ ਮੈਂ ਇੱਕੋ ਛੱਤ ਹੇਠ ਰਹਿੰਦੇ ਹਾਂ। ਤੇਰਾ ਨਾਂ ਪ੍ਰੀਤੀ ਸ਼ਰਮਾ, ਮੇਰਾ ਪ੍ਰੇਮ ਸੀਹਰਾ।ਆਪਣੀ ਸਾਂਝਦਾਰੀ ਹੈ। ਪਰ ਇਹ ਤਾਂ ਤੂੰ ਜਾਣਦੀ ਹੈਂ ਕਿ ਪੰਜਾਬ ਵਿੱਚ ਇਸ ਤਰ੍ਹਾਂ ਰਹਿਣਾ ਚੰਗਾ ਨਹੀਂ ਲਗਦਾ। ਪਰ ਇੱਥੇ ਇੰਗਲੈਂਡ ਵਿੱਚ ਤਾਂ ਆਮ ਗੱਲ ਹੈ। ਵਿਆਹ ਸ਼ਾਦੀ ਕਰਨ ਬਿਨਾ ਇਕੱਠੇ ਰਹਿੰਦੇ ਹਾਂ। ਇੱਕ ਦਿਨ ਖੌਰ੍ਹੇ ਵਿਆਹ ਹੋ ਜਾਵੇਗਾ। ਪਰ ਅੱਜ-ਕੱਲ੍ਹ ਤਾਂ ਕਈ ਜਣੇ ਮਾਂ-ਪਿਓ ਦੇ ਹਿਸਾਬ ਨਾਲ਼ ਨਹੀਂ ਵਿਆਹ ਕਰਨਾ ਚਾਹੁੰਦੇ। ਭਾਰਤ ਪਾਕਿਸਤਾਨ…ਨਹੀਂ ਨਸਵਾਰੀ ਰੰਗੇ ਲੋਕਾਂ ਦੇ ਮੁਲਕਾਂ ਤੋਂ ਬਾਹਰ ਹਰ ਕਾਲ਼ਾ, ਹਰ ਗੋਰਾ, ਚੀਨਣਾ…ਜੋ ਮਰਜ਼ੀ ਹੋਵੇ ਪਿਆਰ ਕਰਨ ਤੋਂ ਬਾਅਦ ਹੀ ਕਿਸੇ ਨਾਲ਼ ਜੋੜਾ ਬਣਾਉਂਦੈ। ਇਹ ਆਮ ਗੱਲ ਹੈ। ਇਸ਼ਕ ਪਹਿਲਾਂ ਹੁੰਦੈ ਵਿਆਹ ਬਾਅਦ ਵਿੱਚ। ਸਿਰਫ਼ ਸਾਡਾ ਸੱਭਿਆਚਾਰ ਦੁਨੀਆ ਤੋਂ ਉਲਟਾ ਹੈ, ਪੁੱਠੀ ਗੰਗਾ ਚੱਲਦੀ ਐ। ਇੱਥੇ ਬਾਹਰ ਜਿਸ ਨਾਲ਼ ਪਿਆਰ ਹੈ, ਉਸ ਨਾਲ਼ ਹੀ ਰਹਿਣਾ ਚਾਹੁੰਦੇ ਨੇ ਅਤੇ ਉਸ ਹੀ ਨਾਲ਼ ਵਿਆਹ ਕਰਵਾਉਂਦੇ ਨੇ। ਟੱਬਰ ਅਤੇ ਸਮਾਜ ਦੀ ਮਰਜ਼ੀ ਨਾਲ਼ ਨਹੀਂ, ਖ਼ੁਦ ਆਪਣੀ ਮਰਜ਼ੀ ਨਾਲ਼ ਖ਼ੁਸ਼ੀ ਭਰੀਆਂ ਉਮੀਦਾਂ ਸੰਗ! ਤੇਰੇ ਵਰਗੀਆਂ ਤੀਵੀਆਂ ਵਾਸਤੇ ਬੱਚੇ ਬਣਾਉਣ ਦੀ ਫ਼ੈਕਟਰੀ ਬਣਨ ਦੀ ਤਮੰਨਾ ਠੀਕ ਨਹੀਂ ਹੈ, ਪਰ ਆਪ ਨੂੰ ਕੁੱਝ ਬਣਾਉਣ ਦੀ ਹੈ। ਤੀਵੀਂਆਂ ਵੀ ਬੰਦਿਆਂ ਵਾਂਗ ਸਿਖਰਾਂ ਨੂੰ ਛੂਹਣਾ ਚਾਹੁੰਦੀਆਂ ਨੇ। ਮੈਂ ਵੀ ਤੇਰੇ ਨਾਲ਼ ਇਸ ਗੱਲ ਵਿੱਚ ਖਲੋਣ ਲਈ ਤਿਆਰ ਹਾਂ। ਦੁਨੀਆ ਦੇ ਸਾਰੇ ਵਿਕਸਿਤ ਮੁਲਕ ਔਰਤ ਨੂੰ ਬਰਾਬਰੀ ਦਾ ਹੱਕ ਦਿੰਦੇ ਨੇ। ਇਸ ਵਿੱਚ ਤੇਰੇ ‘ਤੇ ਮੇਰੇ ਖਿਆਲ ਰਲ਼ਦੇ ਮਿਲਦੇ ਨੇ।

ਤੇਰਾ ਵਿਆਹ ਕੋਈ ਪੰਜਾਬ ਦੇ ਤੰਗ ਦਿਮਾਗ ਵਾਲੇ ਨਾਲ਼ ਜਚਣਾ ਨਹੀਂ ਸੀ। ਜਿਨ੍ਹਾਂ ਦੀਆਂ ਧੀਆਂ ਬਾਹਰ ਪੈਦਾ ਹੋਈਆਂ ਨੇ, ਉਨ੍ਹਾਂ ਲਈ ਪੰਜਾਬ ਦਾ ਰਿਸ਼ਤਾ ਸੁਆਹ ਭੱਸ ਹੈ। ਪਰ ਮੇਰੇ ਵਰਗੇ ਬਾਹਰ ਪੈਦਾ ਹੋਏ ਮਰਦਾਂ ਵਾਸਤੇ ਗੱਲ ਹੋਰ ਹੈ। ਸਾਨੂੰ ਅਣਗਿਣਤ ਪੰਜਾਬਣਾਂ ਪੰਜਾਬ ਤੋਂ ਮਿਲ ਜਾਂਦੀਆਂ ਨੇ। ਸੋ ਓਥੋਂ ਹੀ ਟੋਲ੍ਹਦੇ ਨੇ ਬ੍ਰਿਟਿਸ਼ ਪੰਜਾਬੀ ਮੁੰਡੇ। ਉਸ ਨਰਕ ਤੋਂ ਬਾਹਰ ਨਿਕਲਣ ਦੀ ਭੱਜ-ਦੌੜ ਹੈ। ਜੇ ਲੋਕ ਬਾਹਰ ਆਉਣ ਵਾਸਤੇ ਆਪਣੀ ਮਾਂ ਬੋਲੀ ਛੱਡ ਦੇਣ, ਫੇਰ ਨਰਕ ਹੀ ਹੋਵੇਗਾ। ਪਰ ਸਾਨੂੰ ਤਾਂ ਕੋਈ ਕੁੱਝ ਨਹੀਂ ਕਹਿੰਦਾ। ਅਸੀਂ ਇੱਕ ਫ਼ਲੈਟ ਵਿੱਚ ਹਾਲੇ ਵੀ ਰਹਿੰਦੇ ਹਾਂ। ਓਸਟਰਲੀ ਇਲਾਕੇ ਵਿੱਚ, ਜਿੱਥੇ ਤੂੰ ਉਸ ਨੂੰ ਮਾਰਨ ਬਾਅਦ, ਉਸ ਦੀ ਲਾਸ਼ ਰੱਖ ਕੇ ਪਾਰਟੀ ਦੇਣੀ ਚਾਹੁੰਦੀ ਹੈ! ਇਹ ਤੇਰੀ ਕੋਈ ਆਕੜ ਵਾਲੀ ਗੱਲ ਲੱਗ ਰਹੀ ਐ। ਪਰ ਤੂੰ ਕਿੱਥੇ ਮੈਨੂੰ ਸੁਣਨ ਨੂੰ ਤਿਆਰ ਹੋ?

ਖ਼ੈਰ ਮੇਰੇ ਵਿੱਚ ਵੀ ਕੋਈ ਨੁਕਸ ਹੈ। ਜਿਹੜਾ ਮੈਂ ਆਪਣੇ ਮਾਮੇ ਦੇ ਪੁੱਤਰ ਨੂੰ ਮਾਰਨ ਤਿਆਰ ਹੋ ਗਿਆ। ਸਿਰਫ਼ ਅਜ਼ਮਾਇਸ ਖ਼ਾਤਰ। ਤੂੰ ਤਾਂ ਚੰਗੀ ਤਰ੍ਹਾਂ ਯਕੀਨ ਦਿਵਾ ਦਿੱਤਾ। ਮੈਨੂੰ ਕਈ ਪ੍ਰਮਾਣ ਦਿੱਤੇ। ਇੱਕ ਸੀ ਜਦ ਕੋਈ ਅਮਰੀਕਨ ਮੁੰਡਿਆਂ ਨੇ ਕਲਾਸ ਫ਼ੇਲੋ ਨੂੰ ਬੇਸਬਾਲ ਬੱਲੇ ਨਾਲ਼ ਮਾਰ ਦਿੱਤਾ ਸੀ। ਉਸ ਨੂੰ ਤਾਂ ਚੁਣਿਆ ਗਿਆ ਕਿਉਂਕਿ ਉਹ ਮੋਟਾ ਸੀ, ਕਲਾਸ ਰੂਮ ਵਿੱਚ ਅਲੋਪ ਸੀ। ਤਾਲਬਾਂ ਦੇ ਮਕਬੂਲ ਸਿੱਖਿਆਰਥੀਆਂ ਵਿੱਚ ਸ਼ਾਮਲ ਨਹੀਂ ਸੀ।ਕਿਸੇ ਨੂੰ ਪਤਾ ਵੀ ਨਹੀਂ ਲੱਗਿਆ ਜਦ ਗਾਇਬ ਹੋ ਗਿਆ। ਪਰ ਜ਼ਰੂਰੀ ਨੁਕਤਾ ਹੈ ਕਿ ਇੱਕ ਕਾਤਲ ਪੱਥਰ ਦਿਲ ਬੇਜਜ਼ਬਾਤੀ ਸੀ ਪਰ ਦੂਜਾ ਡਰ ਨਾਲ਼ ਭਰ ਗਿਆ ਅਤੇ ਉਸ ਨੇ ਪੁਲਸ ਨੂੰ ਸਭ ਕੁੱਝ ਇਕਬਾਲ ਕਰਦੇ ਹੋਏ ਦੱਸ ਦਿੱਤਾ। ਦੋਵੇਂ ਆਪਣੇ ਆਪ ਨੂੰ ਹੁਸ਼ਿਆਰ ਸਮਝਦੇ ਸਨ ਪਰ ਪੁਲਸ ਤੋਂ ਕਿੱਥੇ ਹੁਸ਼ਿਆਰ ਨਿਕਲ਼ੇ? ਫ਼ੇਰ ਵੀ ਇਹ ਸਭ ਸੁਣ ਕੇ ਤੂੰ ਮੇਰੇ ਕਮਜ਼ੋਰ ਜ਼ਿਹਨ ਨੂੰ ਕਾਇਲ ਕਰ ਦਿੱਤਾ ‘ਤੇ ਅਸੀਂ ਜੁਗਤ ਬਣਾ ਲਈ।

ਜਿਸ ਰਾਹ ਰੋਹਿਤ ਸਕੂਲ ਜਾਂਦਾ ਸੀ ਤੂੰ ’ਤੇ ਮੈਂ ਉਸ ਨੂੰ ਕੁੱਝ ਦਿਨਾਂ ਵਾਸਤੇ ਤਾੜਿਆ। ਰੋਹਿਤ ਦਾ ਸਕੂਲ ਸਾਡੇ ਫ਼ਲੈਟ ਅਤੇ ਕੇਸਰਾ ਪੰਨੂ ਦੇ ਘਰ ਵਿਚਾਲੇ ਸੀ। ਕੇਸਰਾ ਮੇਰਾ ਮਾਮਾ ਹੈ। ਮਾਮਾ ਸੰਗੀਤ ਦਾ ਸ਼ੌਕੀ ਸੀ, ਇੱਕ ਪੱਕਾ ਰਸਿਕ। ਹਰ ਤਰ੍ਹਾਂ ਦੇ ਗੀਤ, ਹਰ ਤਰ੍ਹਾਂ ਦਾ ਵਾਜਾ, ਰਬਾਬ ਅਤੇ ਤਬਲੇ ਨੂੰ ਸੰਚਣ ਕਰਦਾ ਸੀ। ਇਸ ਦਾ ਫ਼ਾਇਦਾ ਅਸੀਂ ਉਠਾਉਣ ਲੱਗੇ ਸਾਂ। ਐਣ ਜਿੰਝ ਤੂੰ ਚਾਹੁੰਦੀ ਸੀ।

ਸਾਡੀ ਗੱਡੀ ਇੱਕ ਨੀਲੀ ਰੰਗ ਦੀ ਮਿੰਨੀ ਹੈ। ਉਸ ਦੀ ਛੱਤ ਉੱਤੇ ਬਰਤਾਨੀਆ ਦਾ ਮੁੱਦਰਿਤ ਝੰਡਾ ਹੈ। ਉਸ ਨੂੰ ਚਲਾ ਕੇ ਗਏ। ਹੁਣ ਰੋਹਿਤ ਦਾ ਘਰ ਜਾਣ ਵਾਲਾ ਵੇਲਾ ਸੀ। ਮੈਂ ਮਿੰਨੀ ਨੂੰ ਲੈ ਕੇ ਜਾਣਾ ਨਹੀਂ ਚਾਹੁੰਦਾ ਸੀ। ਛੱਤ ਕਰਕੇ ਖ਼ਾਸ਼ੀ ਵਿਲੱਖਣ ਸੀ। ਮਿੰਨੀਆਂ ਤਾਂ ਪਹਿਲਾਂ ਹੀ ਆਮ ਕਾਰਾਂ ਨਾਲੋਂ ਵਿਸ਼ੇਸ਼ ਹੁੰਦੀਆਂ ਨੇ। ਫ਼ੇਰ ਵੀ ਤੂੰ ਇਸਰਾਰ ਕੀਤੀ ਸਾਡੀ ਗੱਡੀ ਵਿੱਚ ਸਕੂਲ ਬਾਹਰ ਗੇੜੇ ਮਾਰਨ ਦੀ। ਉਂਝ ਤੂੰ ਗੱਡੀ ਸਕੂਲ ਦੇ ਗੇਟ ਤੋਂ ਦੂਰ ਹੀ ਰੱਖਦੀ ਸੀ ਤਾਂ ਜੋ ਲੋਕਾਂ ਦੇ ਅਸੀਂ ਧਿਆਨਯੋਗ ਨਾ ਹੋਈਏ। ਫ਼ੇਰ ਵੀ ਮੈਨੂੰ ਡਰ ਸੀ ਕਿ ਕਿਸੇ ਨੇ ਸਾਨੂੰ ਦੇਖ ਹੀ ਲੈਣਾ। ਇਸ ਲਈ ਜਦ ਉਹ ਸਕੂਲ ਵਿੱਚੋਂ ਨਿਕiਲ਼ਆ ਅਸੀਂ ਪਹਿਲਾਂ ਪਹਿਲਾਂ ਦੂਰ ਰਹੇ, ਕੁੱਝ ਪੰਜ ਗੱਡੀਆਂ ਦੇ ਫ਼ਾਸਲੇ ‘ਤੇ।

ਰੋਹਿਤ ਦੀ ਵਰਦੀ ਲਾਲ ਸੀ। ਉਂਝ ਜਾਕਟ ਲਾਲ ਸੀ ਅਤੇ ਅੰਗ੍ਰੇਜ਼ੀ ਪਤਲੂਣ ਕਬੂਤਰੀ ਮਜ਼ਰੀ ਰੰਗੀ। ਤੂੰ ’ਤੇ ਮੈਂ ਗੱਡੀ ਵਿੱਚ ਪਿੱਛਾ ਕਰ ਰਹੇ ਸਾਂ ਕਰਕੇ ਉਸ ਦੀ ਪਿੱਠ ਹੀ ਦਿਸਦੀ ਸੀ, ਜਿਸ ਉੱਤੇ ਕੁਤਰ ਪਰਨੇ ਉਸ ਦੇ ਬਸਤੇ ਦੀ ਸ਼ੱਕਰ ਰੰਗੀ ਵੱਧਰ ਜਾਪਦੀ ਸੀ। ਜੇ ਅਸੀਂ ਹੋਰ ਬੱਚਿਆਂ ਵੱਲ ਨਿਗ੍ਹਾ ਮਾਰੀ ਹੁੰਦੀ ਸਾਨੂੰ ਦਿਸਣਾ ਸੀ ਕਿ ਵਰਦੀ ਦੇ ਮੂਹਰਲੇ ਪਾਸੇ ਮੁੰਡਿਆਂ ਦੀਆਂ ਟਾਈਆਂ ਪਾਈਆਂ ਸਨ ਅਤੇ ਕੁੜੀਆਂ ਦੇ ਗਲ਼ੇ ਲਾਲ ਲੀੜੇ। ਪਰ ਇੱਕ ਹੋਰ ਜ਼ਰੂਰੀ ਵੇਰਵਾ ਸੀ। ਉਨ੍ਹਾਂ ਦੀਆਂ ਹਿੱਕਾਂ ਉੱਤੇ ਬਿੱਲੇ ਸਨ। ਬਿੱਲਿਆਂ ਦੇ ਉੱਤੇ ਸਕੂਲ ਦਾ ਨਾਂ ਸੀ ਅਤੇ ਲਤੀਨੀ ਵਿੱਚ ਉਦੇਸ਼ ਵਾਕ। ਖ਼ਾਸ ਕਰ ਸਕੂਲ ਦਾ ਚਿੰਨ੍ਹ। ਸਿਰਫ਼ ਜਾਕਟ ਦੀ ਛਾਤੀ ਉੱਤੇ ਸਿਊਣਾਂ ਨਹੀਂ ਸਨ, ਪਰ ਕੁੱਝ ਵਿਦਿਆਰਥੀਆਂ ਨੇ ਲੋਹੇ ਬੀੜੇ ਦੇ ਰੂਪ ਵਿੱਚ ਜਾਕਟ ਦੀ ਤਹਿ ( ਲੱਪੇਲ) ਉੱਤੇ ਨਕਚੂੰਢੀ ਕੀਤੀ ਹੋਈ ਸੀ। ਪਰ ਤੂੰ ਤਾਂ ਇੱਕ ਹੀ ਤਫ਼ਸੀਲ ਦੇਖੀ ਸੀ; ਕਿ ਵਿਚਾਰਾ ਹੋਰਾਂ ਸਾਰਿਆਂ ਤੋਂ ਅਲੱਗ ਤੁਰ ਰਿਹਾ ਸੀ ਅਤੇ ਇਹ ਤੇਰਾ ਮੁਫ਼ਾਦ ਸੀ। ਜਦ ਬਹੁਤੇ ਜਣੇ ਉਸ ਦੇ ਅੱਗੇ ਹੋਏ ਸਨ ਜਾਂ ਕਾਫ਼ੀ ਪਿੱਛੇ ਪਛੜ ਗਏ ਸਨ, ਤੂੰ ਗੱਡੀ ( ਜੋ ਤੂੰ ਚਲਾ ਰਹੀ ਸੀ) ਨੂੰ ਪੱਥ ਦੇ ਕੰਢੇ ਨਾਲ਼ ਕਰ ਲਈ। ਉਸ ਦੇ ਅਤੇ ਸਾਡੇ ਵਿਚਾਲੇ ਸੜਕ ਦੀ ਕਨਾਰੀ ਉੱਤੇ ਕਈ ਜਗ੍ਹਾ ਕਾਰਾਂ ਪਾਰਕ ਕੀਤੀਆਂ ਹੋਈਆਂ ਸਨ। ਜਿਓਂ ਜਿਓਂ ਮਿੰਨੀ ਹੌਲ਼ੀ ਹੋਈ ਮੈਂ ਆਪਣੀ ਬਾਰੀ ( ਮੈਂ ਪਿੱਛੇ ਬੈਠਾ ਸੀ) ਥੱਲੇ ਕਰ ਕੇ ਉਸ ਨੂੰ ਬੁਲਾਇਆ। ਮਿੰਨੀ ਬ੍ਰੇਕ ਖਾ ਕੇ ਦੋ ਪਾਰਕ ਕੀਤੀਆਂ ਹੋਈਆਂ ਗੱਡੀਆਂ ਦੀ ਬਿਰਲ ਕੋਲ਼ ਹੱਟ ਗਈ ਅਤੇ ਰੋਹਿਤ ਨੇ ਆਪਣਾ ਨਾਂ ਸੁਣ ਕੇ ਸਾਡੇ ਵੱਲ ਝਾਕਿਆ।

– ਓਏ ਰੋਹਿਤ, ਘਰ ਤੀਕਰ ਲਿਫ਼ਤ ਦਿੰਦੇ ਆ!- ਮੈਂ ਉਸ ਨੂੰ ਹਾਕ ਮਾਰੀ।
– ਨਹੀਂ ਠੀਕ ਐ। ਮੈਂ ਘਰ ਦੇ ਲਾਗੇ ਹੀ ਹਾਂ-। ਪਹਿਲਾਂ ਉਸ ਨੇ ਮੈਨੂੰ ਪਛਾਣਿਆ ਨਹੀਂ । ਧਿਆਨ ਨਾਲ਼ ਵੇਖ ਭਾਲ਼ ਕੇ ਉਸ ਨੇ ਮੇਰੇ ਮੂੰਹ ਉੱਤੇ ਨਜ਼ਰ ਸੁੱਟੀ। ਝੌਲ਼ਾ ਪੈਣ ਬਾਅਦ ਉਸ ਨੇ ਮੇਰਾ ਮੂੰਹ ਵੀ ਸ਼ਨਾਖ਼ਤ ਕਰ ਲਿਆ ਅਤੇ ਮੂਹਰਲੀ ਬਾਰੀ ਪਿੱਛੇ ਤੇਰਾ ਵੀ। ਫੇਰ ਵੀ ਨੰਨਾ ਪਾ ਕੇ ਸੰਸਾ ਕੀਤਾ। ਉਸ ਚੁੱਪ ਚੁਪੀਤਾ ਤਾਂ ਆਉਣ ਨਹੀਂ ਸੀ ਲੱਗਿਆ। ਮਾਮੀ ਨੇ ਉਸ ਨੂੰ ਬਹੁਤ ਸੁਚੇਤ ਬਣਾਇਆ ਹੋਇਆ ਸੀ। ਸੋ ਮੈਂ ਮਿੱਠਾ ਜਿਹਾ ਹੋ ਗਿਆ।
– ਦੇਖ ਰੋਹਿਤ, ਲੰਮੀ ਵਾਟ ਤਾਂ ਹੈ ਨਹੀਂ, ਪਰ ਕਾਰ’ਚ ਛੇਤੀ ਘਰ ਪਹੁੰਚ ਜਾਣੈ, ਨਾਲ਼ੇ ਸਾਨੂੰ ਮੌਕਾ ਮਿਲ ਜਾਵੇਗਾ ਮਾਮਾ ਮਾਮੀ ਨੂੰ ਮਿਲਣ ਦਾ। ਤੇਰਾ ਭਲਾ ਹੀ ਕਰ ਰਹੇ ਨੇ-। ਹੁਣ ਉਸ ਦੇ ਪੈਰ ਰੁਕ ਗਏ ਸਨ ਅਤੇ ਬਿਰਤੀ ਨਾਲ਼ ਸੋਚ ਰਿਹਾ ਸੀ। ਤੂੰ ਵੀ ਆਪਣੀ ਬਾਰੀ ਥੱਲੇ ਕਰ ਲਈ ਸੀ। ਮਿੱਠੀ ਆਵਾਜ਼ ਵਿੱਚ ਉਸ ਨੂੰ ਉਸ ਬਾਰੇ ਪੁੱਛਿਆ ਅਤੇ ਉਸ ਦੇ ਰੁੱਖੇ ਜਵਾਬ ਨੂੰ ਕਈ ਪੱਜਾਂ ਨਾਲ਼ ਟਰਕਾ ਦਿੱਤਾ। ਤਾਂ ਹੀ ਮੈਂ ਤੇਰੇ ਉੱਤੇ ਮਰਿਆ ਸੀ। ਤਾਂ ਹੀ ਤੇਰੇ ਨਾਲ਼ ਵਿਆਹ ਕਰਨਾ ਚਾਹੁੰਦਾ ਸੀ। ਤੇਰਾ ਦਿਮਾਗ਼ ਬਹੁਤ ਤੇਜ਼ ਹੈ ਅਤੇ ਇਸ ਗੱਲ ਨੇ ਮੈਨੂੰ ਤੇਰਾ ਬੰਦੀ ਬਣਾ ਦਿੱਤਾ ਸੀ। ਹੁਣ ਤੇਰੀਆਂ ਗੱਲਾਂ ਨੇ ਉਸ ਨੂੰ ਵੀ ਯਕੀਨ ਦਿਵਾ ਦਿੱਤਾ ਸੀ ਅਤੇ ਉਹ ਮੰਨ ਗਿਆ ਸਾਡੇ ਨਾਲ਼ ਜਾਣ ਲਈ। ਅਸੀਂ ਤਾਂ ਅਕਸਰ ਮਾਮਾ ਮਾਮੀ ਨੂੰ ਮਿਲਣ ਜਾ ਰਹੇ ਸੀ। ਹੋਰ ਕਿਹੜਾ ਹੀਲਾ ਬਹਾਨਾ ਚਾਹੀਦਾ ਸੀ।
– ਆ ਜਾ। ਬਹੁਤ ਦੇਰ ਹੋ ਗਈ ਜਦ ਦੇ ਮਾਮਾ ਮਾਮੀ ਨੂੰ ਮਿਲੇ। ਉਨ੍ਹਾਂ ਨੇ ਤੈਨੂੰ ਦੱਸਿਆ ਹੋਵੇਗਾ ਕੇ ਅੱਜ ਰਾਤ ਨੂੰ ਉਨ੍ਹਾਂ ਨੇ ਸਾਨੂੰ ਮਿਲਣ ਆਉਣਾ ਹੈ। ਪਰ ਸ਼ਾਇਦ ਮਾਮੀ ਨਾ ਆ ਸੱਕੇ। ਤਾਂ ਹੀ ਉੱਧਰ ਜਾ ਰਹੇ ਹਾਂ-। ਮੈਂ ਆਪਣੀ ਵਿੱਚ ਪਾ ਦਿੱਤੀ। ਉਸ ਦੀਆਂ ਅੱਖਾਂ ਵਿੱਚ ਦਿਸ ਰਿਹਾ ਸੀ ਕਿ ਖ਼ੌਰੇ ਉਸ ਨੇ ਆਪਣੇ ਮਾਂ-ਪਿਓ ਤੋਂ ਅੱਜ ਦੀ ਪਾਈ ਤਰੀਕ ਬਾਰੇ ਸੁਣਿਆ ਹੋਵੇ। ਸੋ ਗੱਲ ਬਣ ਗਈ ਅਤੇ ਕਾਰ ਵੱਲ ਆ ਗਿਆ। ਮੈਂ ਉਸ ਨੂੰ ਕਿਹਾ ਤੇਰੇ ਨਾਲ਼ ਮੂਹਰੇ ਬਹਿਣ ਨੂੰ। ਉਸ ਦੇ ਜ਼ਿਹਨ ਵਿੱਚ ਗੱਲ ਵੀ ਨਹੀਂ ਆਈ ਕਿ ਅਜੀਬ ਗੱਲ ਸੀ ਕਿ ਮੈਂ ਪਿੱਛੇ ਬੈਠਾ ਸੀ ਅਤੇ ਤੂੰ ਅੱਗੇ। ਨਾਲ਼ੇ ਮੈਂ ਮਰਦ ਹੋੋਣ ਕਰਕੇ ਚਲਾ ਨਹੀਂ ਰਿਹਾ ਸੀ ਪਰ ਤੂੰ ਚਲਾ ਰਹੀ ਸੀ। ਉਂਝ ਇਸ ਮੁਲਕ ਵਿੱਚ ਕਿਹੜੇ ਬੱਚੇ ਨੂੰ ਇਹ ਗੱਲ ਨਿਰਾਲੀ ਲੱਗਣੀ ਸੀ? ਫ਼ੇਰ ਉਹ ਤੇਰੇ ਨਾਲ਼ ਮੂਹਰੇ ਸਵਾਰੀ ਦੀ ਕੁਰਸੀ ਉੱਤੇ ਬਹਿ ਗਿਆ। ਤੂੰ ਗੱਡੀ ਤੋਰ ਲਈ…ਪਰ ਅਸੀਂ ਉਸ ਦੀ ਸੜਕ ਵੱਲ ਨਹੀਂ ਮੁੜੇ!

ਰੋਹਿਤ ਨੂੰ ਇਹ ਤਾਂ ਸਮਝ ਲੱਗ ਗਈ ਸੀ ਅਤੇ ਉਸ ਦਾ ਸਾਹ ਫੁੱਲਣ ਲੱਗ ਪਿਆ। ਉਹ ਤੈਨੂੰ ਪੁੱਛਣ ਹੀ ਲੱਗਾ ਸੀ ਜਦ ਤੂੰ ਦਾਬੇ ਨਾਲ਼ ਕਿਹਾ – ਪਹਿਲਾਂ ਅਸੀਂ ਇੱਕ ਦੁਕਾਨ ਚੱਲੇ…ਫ਼ੇਰ ਤੇਰੇ ਘਰ…-। ਹੋਰ ਕਿਸੇ ਨੇ ਤਾਂ ਅੱਖ ਬਚਾ ਕੇ ਬਹਾਨਾ ਬਣਾਉਣਾ ਸੀ ਜਾਂ ਡਰ ਨਾਲ਼ ਭਰ ਕੇ ਸਾਜ਼ ਫੜ ਕੇ ਹੋਰ ਕਈ ਗੱਪਾਂ ਮਾਰਨੀਆਂ ਸੀ। ਰੋਹਿਤ ਨੂੰ ਇਹ ਜਵਾਬ ਸੁਣ ਕਿ ਪੱਕਾ ਪਤਾ ਲੱਗ ਗਿਆ ਸੀ ਕਿ ਦਾਲ ਬਹੁਤੀ ਗਲ਼ਦੀ ਨਹੀਂ ਸੀ। ਸਾਫ਼ ਪਤਾ ਸੀ ਅਗਲੇ ਪਲ ਨਹੀਂ ਤਾਂ ਚੀਕੇਗਾ, ਨਹੀਂ ਤਾਂ ਗੱਡੀ ਵਿੱਚੋਂ ਨਿਕਲ਼ਣ ਦੀ ਕੋਸ਼ਿਸ਼ ਕਰੇਗਾ। ਅਕਸਰ ਘੁੰਮ ਕੇ ਮੈਨੂੰ ਹੀ ਹੋਰ ਸਵਾਲ ਪੁੱਛੇਗਾ। ਹੁਣ ਸਕੂਲ ਤੋਂ ਦੂਰ ਸੀ। ਹੁਣ ਮੇਰਾ ਕੰਮ ਸੀ ਉਸ ਨੂੰ ਚੁੱਪ ਕਰਵਾੳਣ ਦਾ!

ਮੈਂ ਆਪਣੇ ਜੇਬ ਵਿੱਚੋਂ ਰੁਮਾਲ ਕੱਢ ਲਿਆ। ਇੱਕ ਰੁਮਾਲ ਜਿਸ ਨੂੰ ਬੇਹੋਸ਼ ਕਰਨ ਵਾਲ਼ੀ ਦਵਾਈ ਵਿੱਚ ਮੈਂ ਪਹਿਲਾਂ ਗਿੱਲਾ ਕੀਤਾ ਹੋਇਆ ਸੀ। ਮੇਰਾ ਕੰਮ ਸੀ ਉਸ ਦੇ ਮੂੰਹ ਉੱਤੇ ਪਾ ਕੇ ਉਸ ਨੂੰ ਬੇਹੋਸ਼ ਕਰਨ ਦਾ। ਉਂਝ ਜੇ ਲੋੜ ਸੀ ਮੈਂ ਉਸ ਨੂੰ ਸਿਰ ਉੱਤੇ ਲੱਠ ਨਾਲ਼ ਮਾਰ ਸਕਦਾ ਸੀ। ਤੂੰ ਤਾਂ ਸਕੀਮਾਂ ਬਣਾਈਆਂ। ਕਤਲ ਉਸ ਦੀ ਭੁਆ ਦੇ ਮੁੰਡੇ ਤੋਂ ਕਰਵਾਉਣਾ ਸੀ! ਮੈਥੋਂ! ਤੂੰ ਤਾਂ ਕੇਵਲ ਡਰਾਈਵਰ ਸੀ। ਹਮੇਸ਼ਾ ਬੰਦੇ ਕਿਸੇ ਨੂੰ ਧੱਕੇ ਨਾਲ਼ ਮਾਰਦੇ ਨੇ। ਜ਼ਨਾਨੀ ਦੇ ਔਜ਼ਾਰ ਹਥਿਆਰ ਨਹੀਂ ਹਨ ਪਰ ਜ਼ਹਿਰ ਹੈ ਜਾਂ ਹੋਰ ਕੋਈ ਘੱਟ ਜ਼ੋਰਦਾਰ ਢੰਗ। ਤੂੰ ਤਾਂ ਹੱਥ ਮੇਰੇ ਹੀ ਕਾਲ਼ੇ ਕਰਾਉਣੇ ਸੀ!

ਸੋ ਉਸ ਪਲ ਮੈਂ ਰੁਮਾਲ ਉਸ ਦੇ ਮੂੰਹ ਉੱਤੇ ਕਰ ਲਿਆ। ਤੂੰ ਗੱਡੀ ਚਲਾਈ ਗਈ। ਉਸਨੇ ਇੱਕ ਮਿੰਟ ਵਾਸਤੇ ਜੱਦੋ-ਜਹਿਦ ਕੀਤਾ, ਪਰ ਮੈਂ ਉਸ ਦਾ ਗਾਟਾ ਪਿੱਛੋਂ ਫੜਿਆ ਸੀ ਅਤੇ ਉਹ ਬਹੁਤ ਕੁੱਝ ਕਰ ਨਹੀਂ ਸੀ ਸਕਦਾ। ਜਦ ਹੋਸ਼ ਆਇਆ ਉਸ ਨੇ ਮਾਂ-ਪਿਓ ਨੂੰ ਸਭ ਕੁੱਝ ਦੱਸ ਦੇਣਾ ਸੀ। ਪੁਲਸ’ਚ ਜਾਣਾ ਹੀ ਜਾਣਾ ਸੀ। ਹੁਣ ਕਦਮ ਚੁੱਕ ਲਏ…ਤੂੰ ’ਤੇ ਮੈਂ ਮੁਕਰ ਨਹੀਂ ਸਕਦੇ ਸੀ…ਹੁਣ ਤਾਂ ਉਸ ਨੂੰ ਮਾਰਨਾ ਹੀ ਪੈਣਾ ਸੀ।

– ਇਹਨੂੰ ਹੇਠਾ ਨਹੀਂ ਕਰਨਾ?- ਤੂੰ ਸਵਾਲ ਰੇੜ੍ਹਿਆ ਜਦ ਉਹ ਬੇਹੋਸ਼ ਹੋ ਕੇ ਮੂਹਰਲੀ ਕੁਰਸੀ ਉੱਤੇ ਇੱਕ ਭਾਰੇ ਗੁੱਡੇ ਵਾਂਗ ਢੇਰੀ ਹੋ ਗਿਆ। ਤੇਰੀ ਗੱਲ ਵੀ ਸਹੀ ਸੀ। ਜੇ ਕਿਸੇ ਨੇ ਬਾਹਰੋਂ ਅੰਦਰ ਤੱਕਿਆ ਉਨ੍ਹਾਂ ਨੂੰ ਖ਼ੌਰੇ ਸੁੱਤਾ ਮੁੰਡਾ ਦਿੱਸਣਾ ਸੀ ਜਾਂ ਇੱਕ ਲਾਸ਼! ਸੋ ਮੈਂ ਪਿੱਛੋਂ ਉਸ ਨੂੰ ਥੋੜਾ ਜਿਹਾ ਥੱਲੇ ਕਰ ਦਿੱਤਾ ਅਤੇ ਇੱਕ ਕੰਬਲ਼ ਉਸ ਉੱਤੇ ਸੁੱਟ ਦਿੱਤਾ। ਹੋਰ ਕੀ ਕਰ ਸਕਦਾ ਸੀ?
– ਚੱਲ! ਛੇਤੀ!- ਮੈਂ ਤੇਰੇ ਸਵਾਲ ਨੂੰ ਜਵਾਬ ਸਿਰਜਾਇਆ। ਫ਼ੇਰ ਤੂੰ ਗੱਡੀ ਰਫ਼ਤਾਰ ਨਾਲ਼ ਓਸਟਰਲੀ ਪਾਰਕ ਵੱਲ ਵਧਾਈ। ਉਸ ਪਾਰਕ ਦਾ ਦਾਖਲਾ ਦੋ ਰਾਹੀਂ ਹੁੰਦੈ। ਇੱਕ ਤਾਂ ਸਹੀ ਪਰਵੇਸ਼ ਹੈ ਜੋ ਜਰਜ਼ੀ ਰੌਡ ਵੱਲੋਂ ਜਾਂਦਾ, ਓਸਟਰਲੀ ਦੇ ਪਾਸਿਓਂ। ਦੂਜਾ ਨੋਰਵੂਡ ਗ੍ਰੀਨ ਵਾਲ਼ੇ ਪਾਸੇ ਇੱਕ ਨਿੱਕਾ ਜਿਹਾ ਰਾਹ ਹੈ, ਜੋ ਟੇਂਟੇਲੋ ਲੇਨ ਤੋਂ ਸ਼ੁਰੂ ਹੋ ਕੇ ਏਮ ਫੌਰ ( ਚੌਥੇ ਮੋਟਰਵੇ) ਥੱਲੀ ਸੱਪ ਦੀ ਲੀਕ ਵਾਂਗ ਟਿਭ ਕੇ ਤੰਗ ਪਗਡੰਡੀ ਜਿਹੀ ਬਣ ਜਾਂਦੀ ਹੈ। ਇਹ ਹੈ ਓਸਟਰਲੀ ਲੇਨ, ਜੋ ਸਾਥਹਾਲ ਵੱਲੋਂ ਲੋਕਾਂ ਨੂੰ ਓਸਟਰਲੀ ਦੀ ਹਵੇਲੀ ਵੱਲ ਲੈ ਜਾਂਦੀ ਹੈ। ਇੰਝ ਘੁੰਮ ਘੁੰਮਕੇ ਓਸਟਰਲੀ ਪਾਰਕ ਦੇ ਜੰਗਲ਼ਾਤ ਵਿੱਚ ਪਹੁੰਚ ਜਾਂਦੇ। ਇਹ ਰਾਹ ਹੀ ਜੰਗਲ਼ ਵਿੱਚ ਲੁਕ ਜਾਂਦਾ ਹੈ। ਇਸ ਲਈ ਸਾਡੇ ਵਾਸਤੇ ਢੁਕਦਾ ਸੀ, ਸੋ ਤੂੰ ਸਾਨੂੰ ਉਸ ਰਾਹ ਹੀ ਲੈ ਕੇ ਗਈ। ਜਿੱਥੇ ਸੜਕ ਤੰਗ ਹੋ ਜਾਂਦੀ ਮਿੰਨੀ ਨੂੰ ਉੱਤਾਰ ਕੇ ਝੰਗੀ ਵਿੱਚ ਪਾਰਕ ਕਰ ਦਿੱਤਾ। ਤੇਰੇ ਹੱਥ ਦਸਤਾਨਿਆਂ ਵਿੱਚ ਲੁਕੋਏ ਸਨ। ਮੇਰੇ ਵੀ ਦਸਤਾਨੇ ਪਾਏ ਹੋਏ ਸਨ। ਇੰਝ ਦੋਹਾਂ ਨੇ ਬੇਹੋਸ਼ ਰੋਹਿਤ ਨੂੰ ਚੁੱਕ ਕੇ ਗੱਡੀ ਦੀ ਡਿੱਘੀ ਵਿੱਚ ਰੱਖ ਦਿੱਤਾ ਸੀ। ਪਰ ਪਹਿਲਾਂ ਉਸ ਦੀ ਟਾਈ ਲਾਹੀ, ਫੇਰ ਲਾਲ ਜਾਕਟ ਅਤੇ ਫੇਰ ਉਸ ਦਾ ਸਕੂਲ ਬਸਤੇ ਨੂੰ ਚੁੱਕਿਆ। ਝੰਗੀ ਵਿੱਚ ਅਸੀਂ ਸਾਰੀਆਂ ਚੀਜ਼ਾਂ ਸੁੱਟ ਦਿੱਤੀਆਂ। ਸੰਭਲ ਕੇ ਉਸ ਦੀਆਂ ਜੇਬਾਂ ਫਰੋਲੀਆਂ। ਤੂੰ ਸਭ ਕੁੱਝ ਚੈੱਕ ਕੀਤਾ।

ਓਦੋਂ ਸਾਨੂੰ ਪਤਾ ਨਹੀਂ ਸੀ ਪਰ ਇੱਕ ਕਮੀ ਰਹਿ ਗਈ। ਉਂਝ ਦੋ ਕਮੀਆਂ ਕਹਿ ਸਕਦੇ ਹਾਂ। ਜਦ ਮੈਂ ਰੋਹਿਤ ਨੂੰ ਬੇਹੋਸ਼ ਕੀਤਾ ਸੀ, ਉਸ ਨੇ ਹੱਥ ਪੈਰ ਮਾਰੇ ਸਨ। ਇੰਝ ਕਰਕੇ ਉਸ ਦਾ ਬਟਨ ਮੂਹਰਲੀ ਕੁਰਸੀ ਦੇ ਪੈਰਖਾਨੇ ਵਿੱਚ ਡਿੱਗ ਗਿਆ ਸੀ। ਪਰ ਇੱਕ ਹੋਰ ਸ਼ੈ ਵੀ ਡਿੱਗੀ ਸੀ! ਦਰਅਸਲ ਉਸ ਹੀ ਵੇਲੇ ਸਾਨੂੰ ਰੋਹਿਤ ਦੀ ਲੋਥ ਉਸ ਜਗ੍ਹਾ ਛੱਡ ਦੇਣੀ ਚਾਹੀਦੀ ਸੀ। ਪਰ ਤੂੰ ਅੜੀ ਕਿ ਉਸ ਨੂੰ ਸਾਡੇ ਫ਼ਲੈਟ ਲੈ ਕੇ ਜਾਣਾ ਚਾਹੀਦਾ ਹੈ! ਮੈਂ ਓਦੋਂ ਤੇਰੇ ਨਾਲ਼ ਜ਼ਬਰਦਸਤ ਬਹਿਸ ਕੀਤੀ ਪਰ ਤੂੰ ਹਰ ਵੇਲੇ ਵਾਂਗਰ ਜਿੱਤ ਗਈ। ਤੂੰ ਤਾਂ ਏਨੀ ਘਮੰਡੀ ਸੀ ਕਿ ਤੂੰ ਰਾਤ ਦੀ ਪਾਰਟੀ ਦਾ ਖਾਣਾ ਪੀਣਾ ਉਸ ਹੀ ਵਕਤ ਮਿੰਨੀ ਚਲਾ ਕੇ ਲੈਣ ਚਲੇ ਗਈ। ਰੋਹਿਤ ਦਾ ਬੇਹੋਸ਼ ਜੁੱਸਾ ਗੱਡੀ ਦੀ ਡਿੱਘੀ ਵਿੱਚ ਸੀ ਜਦ ਅਸੀਂ ਟੇਸਕੋ ਪਹੁੰਚੇ! ਟੇਸਕੋ ਵੜਦੇ ਮੇਰੀਆਂ ਅੱਖਾਂ ਡਿੱਘੀ ਵੱਲ ਜਮੀਆਂ ਸਨ, ਪਰ ਇਹ ਦੇਖ ਕੇ ਤੂੰ ਖਿਝ ਗਈ ਅਤੇ ਮੇਰਾ ਧਿਆਨ ਪਾਰਟੀ ਵੱਲ ਕਰ ਦਿੱਤਾ ਸੀ। ਤੂੰ ਰਾਤ ਦੇ ਮੀਨੋ ਬਾਰੇ ਗੱਲ ਕਰਨ ਲੱਗ ਪਈ! ਤੈਨੂੰ ਕੋਈ ਫ਼ਰਕ ਨਹੀਂ ਪਿਆ ਕਿ ਉਸ ਵੇਲੇ ਮਿੰਨੀ ਦੀ ਡਿੱਘੀ ਵਿੱਚ ਬੇਹੋਸ਼ ਰੋਹਿਤ ਸੀ ਅਤੇ ਗੱਡੀ ਦੇ ਆਲ਼ੇ ਦੁਆਲ਼ੇ ਅਨੇਕ ਗੱਡੀਆਂ ਪਾਰਕ ਕੀਤੀਆਂ ਸਨ ਅਤੇ ਪਾਰਕ ਵਿੱਚ ਖ਼ੂਬ ਜਨਤਾ ਤੁਰ ਫਿਰ ਰਹੀ ਸੀ। ਹੋ ਸਕਦਾ ਕਿਸੇ ਨੇ ਸਾਨੂੰ ਡਿੱਘੀ ਨੂੰ ਖੋਲ਼੍ਹਦੇ ਦੇਖ ਲੈਣਾ ਸੀ, ਜਾਂ ਉਸ ਉੱਠ ਕੇ ਡਿੱਘੀ ਨੂੰ ਮਾਰ ਮਾਰ ਕੇ ਰੌਲ਼ਾ ਪਾ ਦੇਣਾ ਸੀ! ਉਸ ਦੇ ਕੰਨ ਖੜਿੱਕੇ ਨੇ ਲੋਕਾਂ ਦਾ ਗਹੁ ਉਸ ਵੱਲ ਕਰ ਦੇਣਾ ਸੀ!

ਪਰ ਤੂੰ ਤਾਂ ਅਰਾਮ ਨਾਲ਼ ਖ਼ਰੀਦ ਖ਼ਰਾਦ ਕੀਤੀ। ਤੂੰ ਚਾਹੁੰਦੀ ਸੀ ਕਿ ਫ਼ਲੈਟ ਜਾਣ ਤੱਕ ਹਨੇਰਾ ਹੋ ਜਾਵੇ। ਜਦ ਡਿੱਘੀ ਖੋਲ਼੍ਹੀ ਪਹਿਲਾਂ ਤਾਂ ਮੈਂ ਇੱਕ ਦਮ ਮੁੰਡੇ ਨੂੰ ਦੇਖ ਕੇ ਉਸ ਦੇ ਮੂੰਹ ਉੱਤੇ ਹੋਰ ਬੇਹੋਸ਼ ਕਰਨ ਵਾਲੀ ਦਵਾਈ ਲਾ ਦਿੱਤੀ; ਫੇਰ ਉਸ ਦੇ ਆਲ਼ੇ ਦੁਆਲ਼ੇ ਸ਼ਾਪਿੰਗ ਬੈਗ ਟਿਕਾ ਦਿੱਤੇ। ਮੈਂ ਹਾਲੇ ਵੀ ਡਰਦਾ ਸੀ ਕਿ ਲਾਗੇ ਲੋਕ ਜਾਂ ਗੱਡੀਆਂ ਵਾiਲ਼ਆਂ ਨੇ ਉਸ ਨੂੰ ਦੇਖ ਲੈਣਾ, ਸੋ ਅੱਖ ਬਚਾ ਕੇ ਸਭ ਕੁੱਝ ਕਰ ਰਿਹਾ ਸੀ। ਫੇਰ ਅਸੀਂ ਡਿੱਘੀ ਬੰਦ ਕਰ ਕੇ ਇੱਕ ਲਾਗੇ ਕਾਫ਼ੇ ਵੱਲ ਤੁਰ ਕੇ ਗਏ ਜਿੱਥੇ ਹਨੇਰੇ ਹੋਣ ਤੱਕ ਅਰਾਮ ਨਾਲ਼ ਕਾਫ਼ੀ-ਕੂਫ਼ੀ ਪੀਤੀ। ਤੂੰ ਬੋਲ਼ੀ ਕਿ ਨੀਚਰ ਨੂੰ ਉਹ ਹੀ ਮਤਲਬ ਦਾ ਬੰਦਾ ਲਗਦੈ ਜੋ ਉਸ ਦੇ ਦਿਮਾਗ਼ੀ ਪੱਧਰ ‘ਤੇ ਹੋਵੇ। ਆਮ ਲੋਕ ਸਾਡੇ ਪੱਧਰ ‘ਤੇ ਨਹੀਂ ਹਨ। ਰੋਹਿਤ ਨਹੀਂ ਹੈ। ਉਸ ਨੂੰ ਹੁਣ ਤੋਂ ਬਾਅਦ ਰੋਹਿਤ ਨਹੀਂ ਆਖ ਸਕਦਾ ਸੀ। ਜਦ ਵੀ ਕਿਸੇ ਨੂੰ ਨਾਂ ਦਿੰਦੇ ਨੇ ਉਸ ਦੀ ਆਦਮੀਅਤ ਪਛਾਣਦੇ ਨੇ। ਫੇਰ ਮਾਰਨਾ ਔਖਾ ਹੈ। ਸਾਡੇ ਵਾਸਤੇ ਮੁੰਡਾ ਤਾਂ ਇੱਕ ਵਸਤ ਹੈ। ਇੱਕ ਚੀਜ਼। ਹੁਣ ਤੋਂ ਜਦ ਉਸ ਬਾਰੇ ਜ਼ਿਕਰ ਕਰਨਾ, ਸਿਰਫ਼ ਸ਼ੈ ਹੋਵੇਗਾ।

ਪਰ ਮੇਰਾ ਧਿਆਨ ਹਾਲੇ ਵੀ ਉਸ ਡਿੱਘੀ ਉੱਤੇ ਸੀ। ਤੂੰ ਤਾਂ ਕਾਫ਼ੀ ਪੀਂਦੀ ਟੀ.ਵੀ ਬਾਰੇ ਗੱਲਾਂ ਬਾਤਾਂ ਕਰ ਰਹੀ ਸੀ! ਯੁਕਰੇਨ ਦੀ ਜੰਗ ਬਾਰੇ ਵੀ ਗੁਫ਼ਤਗੂ ਕਰ ਰਹੀ ਸੀ। ਮੋਦੀ ਬਾਰੇ! ਪੰਜਾਬ ਦੇ ਨਵੇਂ ਸੀ.ਏਮ ਬਾਰੇ! ਕੋਵਿਡ ਬਾਰੇ! ਤੂੰ ਇੰਨੀ ਅਡੋਲ ਕਿਵੇਂ ਹੋ ਸਕਦੀ ਹੋ? ਮੈਂ ਤਾਂ ਰੋਹਿਤ ਬਾਰੇ ਸੋਚ ਸੋਚ ਕੇ ਜਨੂਨੀ ਹੋ ਰਿਹਾ ਸਾਂ! ਪਰ ਹੁਣ ਉਹ ਸ਼ੈ ਹੀ ਹੈ।

ਹਾਲੇ ਤਾਂ ਹਲਾਕ ਕਰਨਾ ਸੀ!

ਸੜਕ ਦੇ ਚਰਾਗ ਚਾਲੂ ਹੋ ਚੁੱਕੇ ਜਦ ਅਸੀਂ ਘਰ ਪਰਤੇ। ਰਾਤ ਦੇ ਗੂੜ੍ਹੇ ਮੀਨਾ ਰੰਗ ਵਿੱਚ ਚਰਾਗਾਂ ਦੀਆਂ ਕਿਰਨਾਂ ਠਹਿਰ ਠਹਿਰ ਕੇ ਸਾਡੇ ਉੱਤੇ ਘੁਮਕਾਰ ਪਾਉਂਦੀਆਂ ਸਨ ਜਦ ਵੀ ਉਨ੍ਹਾਂ ਥੱਲੇ ਮਿੰਨੀ ਲੰਘਦੀ। ਅਸੀਂ ਗ੍ਰੇਟ ਵੇਸਟ ਰੋਡ ਰਾਹੀਂ ਗਏ। ਆਲ਼ੇ-ਦੁਆਲ਼ੇ ਇਮਾਰਤਾਂ ਦੀਆਂ ਬਾਰੀਆਂ ਵਿੱਚੋਂ ਵੀ ਬਿਜਲੀ ਦੀਆਂ ਬੱਤੀਆਂ ਦਾ ਪਰਕਾਸ਼ ਸੜਕ ਉੱਤੇ ਆਪਣਾ ਨੂਰ ਸੁੱਟ ਰਿਹਾ ਸੀ।
ਜਿੱਥੇ ਪਹਿਲਾਂ ਰੋਹਿਤ…ਸ਼ੈ ਬੈਠਾ ਸੀ, ਹੁਣ ਮੈਂ ਤੇਰੇ ਨਾਲ਼ ਉਸ ਹੀ ਕੁਰਸੀ ਉੱਤੇ ਬੈਠਾ ਸਾਂ। ਮੇਰਾ ਧਿਆਨ ਉਸ ਸ਼ੈ ਉੱਤੇ ਸੀ ਜੋ ਡਿੱਘੀ ਵਿੱਚ ਹਾਲ਼ੇ ਵੀ ਸੀ। ਸਾਡੇ ਵਾਸਤੇ ਤਾਂ ਹੁਣ ਉਸ ਵੱਲ ਉਹ ਹਾਲ ਸੀ ਕਿ ਕਹਿ ਸਕਦੇ – ਆਏ ਜੀ ਸਦਕੇ, ਜਾਏ ਜੀ ਸਕਦੇ। ਪਰ ਮੈਂ ਤਾਂ ਔਖਾ ਸੀ। ਜੋ ਕੀਤਾ ਗ਼ਲਤ ਸੀ, ਜੋ ਕਰਨ ਲੱਗੇ…।

ਮਿੰਨੀ ਘਰ ਦੇ ਸਾਹਮਣੇ ਆ ਖੜੀ। ਤੂੰ ਇੰਜਨ ਬੰਦ ਕਰ ਦਿੱਤਾ। ਤੂੰ ਇਸ ਹਿਸਾਬ ਨਾਲ਼ ਗੱਡੀ ਪਾਰਕ ਕੀਤੀ ਕਿ ਸਕੜ-ਚਰਾਗਾਂ ਦੀ ਰੋਸ਼ਨੀ ਮਿੰਨੀ ਤੋਂ ਦੂਰੀ ’ਤੇ ਪੈ ਰਹੀ ਸੀ। ਆਪਾਂ ਅੱਖਾਂ ਮਿਲਾਉਣ ਬਿਨਾਂ ਡਿੱਘੀ ਦੇ ਨਾਲ਼ ਜਾ ਖੜ੍ਹ ਗਏ। ਤੂੰ ਚਾਬੀ ਨਾਲ਼ ਡਿੱਘੀ ਖੋਲ੍ਹੀ। ਮੈਨੂੰ ਇੰਝ ਜਾਪਦਾ ਸੀ ਜਿਵੇਂ ਚਾਬੀ ਘੁੰਮਾਉਣ ਨੂੰ ਚਿਰ ਤੀਕ ਲੱਗਾ। ਜਿਵੇਂ ਘੜੀ ਦੇ ਮੂੰਹ ਉੱਤੇ ਸੂਈ ਹੌਲ਼ੀ ਹੌਲ਼ੀ ਚੱਲ ਰਹੀ ਸੀ। ਜਦ ਡਿੱਘੀ ਖੋਲ੍ਹੀ ਉਸ ਸ਼ੈ ਦੇ ਆਲ਼ੇ ਦੁਆਲ਼ੇ ਸ਼ੋਪਿੰਗ ਬੈਗ ਸਨ। ਤੂੰ ਤਾਂ ਸ਼ੈ ਨੂੰ…ਜੁੱਸੇ ਨੂੰ ਝਾੜ ਮਾਰ ਕੇ ਬੈਗ ਚੁੱਕ ਲਏ; ਅੱਖਾਂ ਨਾਲ਼ ਸ਼ੈ ਵੱਲ ਇਸ਼ਾਰਾ ਕਰ ਕੇ ਘਰ ਦੇ ਮੁੱਖ ਬੂਹੇ ਵੱਲ ਤੁਰ ਪਈ।

ਮੇਰੀਆਂ ਅੱਖਾਂ ਤੇਰੇ ਮਗਰ ਗਈਆਂ। ਤੂੰ ਅਰਾਮ ਨਾਲ਼ ਬੂਹੇ ਨਾਲ਼ ਖਲੋਈ, ਉਸ ਨੂੰ ਖੋਲ੍ਹਣ ਲੱਗ ਪਈ; ਮੈਂ ਆਸ ਪਾਸ ਕਮਲੇ ਵਾਂਗ ਝਾਕ ਰਿਹਾ ਸੀ। ਸੜਕ ਦੇ ਇੱਧਰ ਉੱਧਰ ਝਾਕੀ ਗਿਆ। ਹਰ ਬਾਰੀ ਜਿਸ ਵਿੱਚੋਂ ਜਾਗਦੀ ਬੱਤੀ ਸੀ ਵੱਲ ਨੀਝ ਲਾ ਕੇ ਦੇਖ ਰਿਹਾ ਸੀ। ਆਲ਼ੇ ਦੁਆਲ਼ੇ ਕੁੱਝ ਨਹੀਂ ਸੀ। ਸਾਰਾ ਚੁੱਪ ਚਾਪ ਲੱਗ ਰਿਹਾ ਸੀ।

ਸ਼ੈ ਇੱਕ ਕਲੀਨ ਉੱਤੇ ਪਈ ਸੀ, ਜਿਸ ਵਿੱਚ ਸੌਖੀ ਦੇਣੀ ਲਪੇਟ ਸਕਦੇ ਸੀ। ਸੋ ਮੈਂ ਉਸ ਸ਼ੈ ਦੇ ਮੂੰਹ ਨੂੰ ਬਰਫ਼ ਵਿੱਚ ਲਾ ਕੇ ਉਸ ਦੇ ਆਲ਼ੇ ਦੁਆਲ਼ੇ ਚੰਗੀ ਤਰ੍ਹਾਂ ਕਲੀਨ ਵਲ਼ ਦਿੱਤਾ। ਫੇਰ ਡਿੱਘੀ ਦਾ ਢੱਖਣ ਥੱਲੇ ਕਰ ਕੇ
ਮੂਹਰਲੀ ਕੁਰਸੀ ਆਲ਼ੇ ਦੁਆਲ਼ੇ ਚੈੱਕ ਕਰਨ ਲੱਗ ਪਿਆ। ਗੱਡੀ ਚਲਾਉਣ ਵਾਲੇ ਪਾਸੇ, ਫੇਰ ਜਿੱਥੇ ਉਹ ਸ਼ੈ ਪਹਿਲਾਂ ਬੈਠੀ ਸੀ। ਹਰ ਗੁੱਠ, ਹਰ ਨੁੱਕਰ। ਕਿਸੇ ਨੇ ਮੇਰੇ ਪਿੱਛੋਂ – ਹੈੱਲੋ- ਬੋਲਿਆ। ਮੈਂ ਇੱਕ ਦਮ ਹੈਰਾਨੀ ਨਾਲ਼ ਗੱਡੀ ਵਿੱਚੋਂ ਸਿਰ ਬਾਹਰ ਕਰ ਕੇ ਸੱਜੇ ਖੱਬੇ ਦੇਖਿਆ। ਮੇਰੇ ਬੁੱਲ੍ਹਾਂ ਵਿੱਚੋਂ ਜਵਾਬ – ਹਾਏ- ਨਿਕਲਿਆ ਪਰ ਮੈਨੂੰ ਤਾਂ ਕੋਈ ਵੀ ਨਹੀਂ ਦਿੱਸਿਆ। ਆਸ ਪਾਸ ਝਾਕਿਆ। ਇੱਕ ਦਮ ਮੈਂ ਤਰਾਸ ਨਾਲ਼ ਭਰ ਕੇ ਪੈਰਾਨੋਇਡ ਹੋ ਗਿਆ, ਸੋ ਡਿੱਘੀ ਵੱਲ ਤੇਜੀ ਨਾਲ਼ ਵਧਿਆ, ਨਾਲ਼ੋਂ ਨਾਲ਼ ਚਾਰ ਚੁਫੇਰੇ ਤਾੜਦਾ ਜਾਂਦਾ। ਪਰ ਸੜਕ ਤਾਂ ਖ਼ਾਲੀ ਸੀ; ਮਤਲਬ ਪਾਰਕ ਕੀਤੀਆਂ ਗੱਡੀਆਂ ਹੀ ਸਨ, ਪਰ ਕੋਈ ਪੈਦਲ ਨਹੀਂ ਤੁਰਿਆ ਜਾ ਰਿਹਾ ਸੀ; ਪਤਾ ਨਹੀਂ ਕਿਸ ਨੇ ਮੈਨੂੰ – ਹੈੱਲੋ- ਕੀਤਾ। ਮੇਰੀ ਨਜ਼ਰ ਸਾਡੇ ਬੂਹੇ ਵੱਲ ਗਈ। ਤੂੰ ਉੱਥੇ ਉਸ ਵੇਲੇ ਨਹੀਂ ਸੀ। ਮੈਨੂੰ ਪਤਾ ਸੀ ਜਦ ਤੱਕ ਮੈਂ ਸ਼ੈ ਨੂੰ ਲਪੇਟ ਰਿਹਾ ਸੀ, ਤੂੰ ਪਿੱਛੋਂ ਜਾ ਕੇ ਬਗੀਚਾ ਰੇੜ੍ਹੀ ਲੈ ਕੇ ਆ ਜਾਣਾ ਸੀ। ਸਾਨੂੰ ਪਤਾ ਸੀ ਕਿ ਲਾਸ਼ ਤਾਂ ਭਾਰੀ ਹੋਣੀ ਸੀ ਸਾਡੇ ਫ਼ਲੈਟ ਵਿੱਚ ਲੈ ਕੇ ਜਾਣ ਨੂੰ। ਪੌੜ੍ਹੀਆਂ ਵੀ ਚੜ੍ਹਨੀਆਂ ਸੀ। ਜਿਊਂਦਾ ਜੁੱਸਾ ਘੱਟ ਭਾਰਾ ਹੁੰਦਾ ਹੈ। ਫੇਰ ਵੀ ਤੀਵੀਂ ਵਾਸਤੇ ਤਾਂ ਬਹੁਤ ਭਾਰਾ ਹੀ ਹੁੰਦਾ ਹੈ। ਇਸ ਲਈ ਤੂੰ ਬਗੀਚਾ ਰੇੜ੍ਹੀ ਲਿਆਂਦੀ ਸੀ। ਮਕਾਨ ਦਾ ਬੂਹਾ ਖੋਲ਼੍ਹ ਕੇ ਪੌੜੀਆਂ ਚੜ੍ਹਨੀਆਂ ਪੈਂਦੀਆਂ ਨੇ ਫ਼ਲੈਟ ਅੰਦਰ ਜਾਣ ਵਾਸਤੇ। ਪਹਿਲੇ ਮੰਜ਼ਲ ‘ਤੇ ਹੈ। ਨਾਲ਼ੇ ਅਸੀਂ ਤਾਂ ਉਸ ਨੂੰ ਕਲੀਨ ਵਿੱਚ ਲਪੇਟਿਆ ਹੋਣਾ ਹੈ। ਕਲੀਨ ਦਾ ਵੀ ਭਾਰ ਹੈ। ਅਸੀਂ ਤਾਂ ਸਿਰਫ਼ ਦਰਵਾਜ਼ੇ ਤੱਕ ਲੈ ਕੇ ਜਾਣਾ ਸੀ। ਜਦ ਦਰਾਂ ਅੰਦਰ ਵੜ ਗਏ ਕਿਸੇ ਦੀ ਨਜ਼ਰ ਨਹੀਂ ਪੈਣੀ ਸੋ ਕਲੀਨ ਬਿਨਾ ਉੱਪਰ ਲੈ ਕੇ ਜਾ ਸਕਦੇ। ਸ਼ੈਂ ਤਾਂ ਬੇਹੋਸ਼ ਹੀ ਸੀ, ਉਸ ਨੂੰ ਤਾਂ ਸਹਾਰਾ ਦੇ ਕੇ ਉੱਪਰ ਲੈ ਕੇ ਜਾ ਸਕਦੇ ਸੀ। ਪਰ ਪਹਿਲਾਂ ਤਾਂ ਬੂਹੇ ਤੱਕ ਉਸ ਨਾਲ਼ ਪਹੁੰਚਣਾ ਸੀ।

ਤੂੰ ਤਾਂ ਸ਼ੈ ਵੱਲ ਧਿਆਨ ਵੀ ਨਹੀਂ ਦੇ ਰਹੀ ਸੀ…ਪਰ ਕਲੀਨ ਉੱਤੇ ਤੇਰੀ ਨਿਗ੍ਹਾ ਟਿੱਕੀ। ਸਮਾਜ ਦੀ ਨਜ਼ਰ ਵਿੱਚ ਅਸੀਂ ਤਾਂ ਕਲੀਨ ਘਰ ਵਿੱਚ ਲੈ ਕੇ ਜਾ ਰਹੇ ਸੀ। ਪਰ ਮੈਂ ਤਾਂ ਡਰ ਗਿਆ ਉਸ – ਹੈੱਲੋ- ਤੋਂ! ਇਸ ਕਰਕੇ ਮੈਂ ਤਾਂ ਪਾਗ਼ਲਾਂ ਵਾਂਗ ਆਲ਼ੇ ਦੁਆਲ਼ੇ ਦੇਖ ਰਿਹਾ ਸੀ। ਧਿਆਨ ਮੇਰਾ ਤੇਰੇ ਉੱਤੇ ਹੋਣਾ ਚਾਹੀਦਾ ਸੀ ਅਤੇ ਕਿੰਝ ਤੂੰ ਮੇਰੀ ਮੱਦਦ ਨਾਲ਼ ਕਲੀਨ ਬੈਰੋ’ਚ ਪਾ ਕੇ ਦਰ ਤੀਕਰ ਲੈ ਸਕਦੀ ਸੀ। ਤੈਨੂੰ ਉਸ ਨੂੰ ਡਿੱਘੀ ਵਿੱਚੋਂ ਕੱਢਣ ਲਈ ਮੇਰੀ ਮੱਦਦ ਕਰਨੀ ਚਾਹੀਦੀ ਸੀ ਪਰ ਮੈਂ ਤਾਂ ਇਰਦ ਗਿਰਦ ਝਾਕਦਾ ਸੀ। ਕੌਣ ਸਾਨੂੰ ਦੇਖ ਰਿਹੈ? ਅਕਸਰ ਕਿਸੇ ਨੇ ਮੈਨੂੰ – ਹਾਏ- ਕਿਹਾ ਅਤੇ ਉਸ ਨੇ ਡਿੱਘੀ ਵੱਲ ਦੇਖਿਆ ਜਾ ਨਹੀਂ? ਤੂੰ ਮੈਨੂੰ ਘੂਰਦੀ ਆਉਂਦੀ ਅਤੇ ਮੇਰਾ ਧਿਆਨ ਤੇਰੇ ਵੱਲ ਵਾਪਸ ਆਉਂਦਾ ਅਤੇ ਅਸੀਂ ਉਸ ਨੂੰ ਰੇੜ੍ਹੀ’ਚ ਪਾ ਕੇ ਬੂਹੇ ਵੱਲ ਜਾਂਦੇ। ਦਰ ਦੇ ਅੰਦਰ, ਦੁਨੀਆ ਦੀ ਨਿਗ੍ਹਾ ਤੋਂ ਪਰ੍ਹਾਂ ਤੂੰ ਉਸ ਨੂੰ ਕਲੀਨ ਵਿੱਚੋਂ ਕੱਢਦੀ ਅਤੇ ਮੈਂ ਬਾਹਰ ਜਾ ਕੇ ਰੇੜ੍ਹੀ ਨੂੰ ਮਕਾਨ ਦੇ ਪਿੱਛੇ ਵਾਪਸ ਲੈ ਜਾਂਦਾ। ਜਦ ਤੱਕ ਮੈਂ ਬਗੀਚੇ ਵਿੱਚ ਛੱਡ ਦਿੱਤਾ ਤੱਦ ਤੱਕ ਤੂੰ ਉਸ ਨੂੰ ਹਿਲਾ ਦਿੰਦੀ। ਮੈਂ ਕਾਹਲ਼ੀ ਵਿੱਚ ਗੱਡੀ ਨੂੰ ਦੂਰੋ ਬਟਨ ਨਾਲ਼ ਬੰਦ ਕਰ ਦਿੰਦਾ ਪਰ ਉਸ ਨੂੰ ਹੋਰ ਚੈੱਕ ਕਰਨਾ ਚੇਤਾ ਭੁਲਾ ਦਿੰਦਾ। ਘਰ ਦਾ ਬੂਹਾ ਫਟਾ ਫੱਟ ਬੰਦ ਕਰ ਦਿੰਦਾ। ਸ਼ੈ ਦੀਆਂ ਅੱਖਾਂ ਖੁਲ਼੍ਹਣ ਲੱਗ ਜਾਂਦੀਆਂ। ਹੌਲ਼ੀ ਹੌਲ਼ੀ ਸੁਰਤ ਆ ਰਹੀ ਹੈ। ਮੈਂ ਉਸ ਦੀ ਇੱਕ ਬਾਂਹ ਆਪਣੇ ਗਾਟੇ ਉੱਤੇ ਟਿਕਾਉਂਦਾ ਅਤੇ ਤੂੰ ਦੂਜੀ ਬਾਂਹ ਆਪਣੀ ਗਰਦਨ ਉੱਤੇ। ਅੱਧੀ ਸੁਰਤ ਵਿੱਚ ਸੌਖੀ ਦੇਣੀ ਅਸੀਂ ਸਹਾਰਾ ਦੇ ਕੇ ਪੌੜੀਆਂ ਚੜ੍ਹ ਕੇ ਉਸ ਨੂੰ ਉੱਪਰ ਲੈ ਕੇ ਜਾ ਸਕਦੇ ਨੇ। ਇੰਝ ਤੂੰ ’ਤੇ ਮੈਂ ਉਸ ਨੂੰ ਉੱਪਰ ਸਾਡੇ ਫ਼ਲੈਟ ਵੱਲ ਲੈ ਜਾਂਦੇ। ਫੇਰ ਉਸ ਨੂੰ ਹੋਸ਼ ਆਉਣ ਲੱਗ ਜਾਂਦਾ ਅਤੇ ਸਾਨੂੰ ਬਾਰ ਬਾਰ ਉਹ ਹੀ ਸਵਾਲ ਪੁੱਛਦਾ, – ਮੈਂ ਕਿੱਥੇ ਹਾਂ?-। ਅਸੀਂ ਉੱਪਰ ਪਹੁੰਚ ਕੇ ਫ਼ਲੈਟ ਦਾ ਬੂਹਾ ਖੋਲ੍ਹ ਕੇ ਉਸ ਨੂੰ ਅੰਦਰ ਲੈ ਗਏ। ਅੰਦਰ ਉਸ ਨੂੰ ਸੋਫ਼ੇ ਉੱਤੇ ਬਿੱਠਾ ਦਿੰਦੇ। ਮੇਰਾ ਜੁੰਮਾ ਹੈ ਕਿ ਥੱਲੇ ਜਾ ਕੇ ਕਲੀਨ ਨੂੰ ਚੁੱਕ ਕੇ ਕਿੱਤੇ ਲੁਕਾਉਣ। ਬਾਹਰ ਮਿੰਨੀ ਵਿੱਚ ਤਾਂ ਵਾਪਸ ਰੱਖ ਨਹੀਂ ਸਕਦਾ। ਦੁਨੀਆ ਨੇ ਜੇ ਸਾਨੂੰ ਵੇਖਿਆ ਹੈ, ਉਸ ਨੇ ਕਾਰਪਟ ਅੰਦਰ ਲੈ ਕੇ ਆਉਂਦਿਆਂ ਨੂੰ ਤੱਕਿਆ ਹੈ। ਸੋ ਵਾਪਸ ਬਾਹਰ ਲੈ ਕੇ ਜਾਣ ਅਜੀਬ ਗੱਲ ਹੋਵੇਗੀ। ਲੋਕਾਂ ਦੇ ਸਵਾਲੀ ਦਿਮਾਗਾਂ ਨੇ ਕੈਂਚੀ ਵਾਂਗ ਜੀਭਾਂ ਚਲਾਉਂਣੀਆਂ ਨੇ।

ਮੇਰਾ ਕੰਮ ਹੈ ਉਸ ਨੂੰ ਉੱਪਰ ਲਿਆ ਕੇ ਕਿੱਤੇ ਨਾ ਕਿੱਤੇ ਛੁਪਾਉਣਾ। ਓਨਾ ਚਿਰ ਤੂੰ ਪਾਣੀ ਦਾ ਗਲਾਸ ਲੈ ਕੇ ਮੁੰਡੇ ਨੂੰ…ਨਹੀਂ, ਸ਼ੈ ਨੂੰ ਪਲਾਉਂਦੀ। ਸ਼ੈ ਤਾਂ ਹੁਣ ਚੰਗੀ ਤਰ੍ਹਾਂ ਸਚੇਤ ਹੈ। ਮੈਂ ਆਪਣਾ ਕਾਜ ਕਰ ਕੇ ਤੁਹਾਡੇ ਦੋਹਾਂ ਕੋਲ਼ ਆ ਖੜ੍ਹਦਾ। ਹੁਣ ਤੇਰੀਆਂ ਅੱਖਾਂ ਉਸ ਦੀਆਂ ਅੱਖਾਂ ਵਿੱਚ ਗੱਡੀਆਂ ਹਨ, ਜਿਵੇਂ ਚਾਕੂ ਮਾਸ ਵਿੱਚ ਘੋਪਿਆ ਹੁੰਦਾ।

ਸ਼ੈ ਦਾ ਡਰ ਖਬਰੇ ਤੈਨੂੰ ਸਾਫ਼ ਦਿੱਸ ਰਿਹਾ ਸੀ। ਉਸ ਦੀ ਪਿੱਠ ਮੇਰੇ ਵੱਲ ਸੀ ਸੋ ਉਸ ਦੇ ਮੂੰਹ ਦੇ ਹਾਵ ਭਾਵ ਮੈਂ ਪੜ੍ਹ ਨਹੀਂ ਸੱਕਿਆ, ਪਰ ਮੈਂ ਅੰਦਾਜ਼ਾ ਲਾ ਸਕਦਾ ਕਿ ਤੈਨੂੰ ਦੇਖ ਕੇ ਉਸ ਨੂੰ ਜੋ ਗੱਡੀ ਵਿੱਚ ਹੋਇਆ ਯਾਦ ਆ ਚੁੱਕਾ ਸੀ। ਹੋਸ਼ ਪਰਤਣ ਨਾਲ਼ ਸਮਝ ਗਿਆ ਕਿ ਉਹ ਸਾਡੇ ਘਰ ਸੀ। ਉਸ ਦਾ ਮੁਖੜਾ ਭਾਵੇ ਮੈਨੂੰ ਨਹੀਂ ਦਿੱਸਦਾ ਸੀ, ਪਰ ਮੈਨੂੰ ਇੰਨਾ ਪਤਾ ਲੱਗ ਗਿਆ ਤੈਨੂੰ ਵੇਖ ਕੇ ਖਿਸਲ ਗਿਆ ਅਤੇ ਕਮਰੇ ਦੇ ਸਾਰੇ ਵੇਰਵੇ ਅੱਖਾਂ ਨਾਲ਼ ਪੀ ਲਏ। ਉਸ ਨੂੰ ਮਹਿਸੂਸ ਹੋਇਆ ਕਿ ਫ਼ਲੈਟ ਤਾਂ ਨਿੱਕੀ ਜਗ੍ਹਾ ਵਾਲਾ ਸੀ। ਉਹ ਇੱਕ ਤਿੰਨ ਗੱਦੀ ਵਾਲੇ ਸੋਫ਼ੇ ਉੱਤੇ ਬੈਠਾ ਸੀ ਜਿਸ ਦੇ ਸਾਹਮਣੇ ਇੱਕ ਟੀ.ਵੀ ਉਸ ਵੱਲ ਵਾਪਸ ਬਿਟ ਬਿਟ ਤੱਕਦਾ ਸੀ। ਇਨ੍ਹਾਂ ਦੋਹਾਂ ਦੇ ਵਿਚਾਲ ਆਮ ਤੌਰ ‘ਤੇ ਕਾਫ਼ੀ ਮੇਜ਼ ਹੁੰਦਾ ਪਰ ਸਾਡੇ ਕੋਲ਼ ਇੱਕ ਪੇਟੀ ਉਨ੍ਹਾਂ ਗੱਭੇ ਪਈ ਸੀ। ਕਿਚਨ ਇੱਕ ਪਾਸੇ ਸੀ। ਵੈਸੇ ਬੈਠਕ ਨਾਲ਼ ਨਿੱਕੀ ਜਿਹੀ ਖੁੱਲ੍ਹੀ ਸਬਾਤ ਸੀ। ਦੋਹਾਂ ਦੇ ਗੱਭੇ ਕੋਈ ਕੰਧ ਨਹੀਂ ਸੀ; ਕਿਚਨ ਦਾ ਕਾਊਂਟਰ ਛੋਟਾ ਜਿਹਾ ਸੀ ਅਤੇ ਖੁੱਲ੍ਹ ਕੇ ਬੈਠਕ ਵਿੱਚ ਜਾਂਦਾ ਹੈ। ਜੇ ਸ਼ੈ ਕੋਲ਼ ਕੰਧਾਂ ਰਾਹੀਂ ਦੇਖਣ ਦੀ ਕਾਬਲੀਅਤ ਹੁੰਦੀ ਉਸ ਨੇ ਦੇਖਣਾ ਸੀ ਬਾਥਰੂਮ ਵੀ ਨਿੱਕਾ ਸੀ। ਅਸਲ ਵਿੱਚ ਸ਼ਾਵਰ ਕੋਠੜੀ ਹੀ ਸੀ ਅਤੇ ਉਸ ਦੇ ਨਾਲ਼ ਹੀ ਇੱਕ ਖਾਬਗਾਹ ਸੀ ਅਤੇ ਇੱਕ ਡਾਈਨਿੰਗ ਕਮਰਾ ਜਿਸ ਦੇ ਦਸਤਰਖਾਨ ਉੱਤੇ ਬੇਸ਼ੁਮਾਰ ਵਾਜੇ ਸਨ ਅਤੇ ਉਸ ਆਲ਼ੇ ਦੁਆਲ਼ੇ ਵੀ ਕਈ ਸਾਜ਼ ਖਲੋਤੇ ਸਨ। ਉਹ ਇੰਨਾ ਕੁੱਝ ਕਿੰਝ ਜਾਣ ਸਕਦਾ ਸੀ, ਜਿਓਂ ਇਹ ਤਾਂ ਅੱਖ ਦਾ ਝਲਕਾਰੇ ਵਿੱਚ ਹੀ ਵਾਪਰਿਆ। ਉਸ ਨੂੰ ਤਾਂ ਸਿਰਫ਼ ਤੇਰਾ ਮੁਖ ਹੀ ਦਿਸਦਾ ਸੀ। ਤੂੰ ਉਸ ਨੂੰ ਪੀਣ ਨੂੰ ਦਿੱਤਾ। ਫੇਰ ਵੀ ਡਰ ਜਾਂ ਨਾ ਡਰ ਉਸ ਨੇ ਪਾਣੀ ਤਾਂ ਤੈਥੋਂ ਪੀ ਲਿਆ ਸੀ। ਹੁਣ ਇੱਕ ਦਮ ਹੋਸ਼ ਹਵਾਸ ਸੰਭਲ਼ਣ ਸਾਰ, ਉਸ ਨੇ ਚਾਰੇ ਪਾਸੇ ਖ਼ਤਰਾ ਭਾਂਪਿਆ। ਉਸ ਦਾ ਮੁਖ ਸੰਧੂਰੀ ਹੋ ਗਿਆ ਅਤੇ ਇੱਕ ਦਮ ਸੰਘ ਪਾੜਨ ਲੱਗਾ। ਜਿਵੇਂ ਇੱਕ ਪਲ ਪਹਿਲਾਂ ਪਾਣੀ ਪੀਂਦਾ ਚੇਤਾ ਭੁੱਲ ਗਿਆ ਹੋਵੇ।
ਫੇਰ ਤੇਰਾ ਮੂੰਹ ਵੀ ਬਦਲ ਗਿਆ।

ਪਲ ਪਹਿਲਾਂ ਤੂੰ ਅਡੋਲ ਸੀ, ਗਹਿਰ ਗੰਭੀਰ ਵੀ ਕਹਿ ਸਕਦੇ। ਪਰ ਹੁਣ ਤੇਰੇ ਮੁਖ ਉੱਤੇ ਝੱਖੜ ਝਾਂਸਾ ਸੀ ਅਤੇ ਉਸ ਦੇ ਤੂੰ ਵੱਟ ਕੇ ਚਪੇੜ ਮਾਰੀ। ਸਾਨੂੰ ਡਰ ਸੀ ਨਾ, ਕਿ ਗੁਆਂਢ ਨੂੰ ਨਾ ਸੁਣ ਜਾਵੇ! ਹੁਣ ਮੁੰਡਾ ਬੁਸਬੁਸਾ ਬੁੜਬੁੜ ਕਰ ਰਿਹਾ। ਤੂੰ ਉਸ ਨੂੰ ਤਿੱਖੀ ਅਵਾਜ਼’ਚ ਖਰੀ ਖੋਟੀ – ਉੱਠ!- ਸੁਣਾਉਂਦੀ ਹੈ।

ਮੈਨੂੰ ਸਾਫ਼ ਪਤਾ ਤੂੰ ਕੀ ਚਾਹੁੰਦੀ ਏਂ ਅਤੇ ਸਾਡੀ ਸਬੀਲ ਕੀ ਹੈ। ਤੂੰ ਉਸ ਦਾ ਅੰਤ ਬੇਲਹੂ ਵਾਲਾ ਭਾਲਦੀ ਏਂ। ਤੇਰੀ ਸਕੀਮ ਹੈ ਕਿ ਉਸ ਦੀ ਗਰਦਨ ਮਰੋੜ ਕੇ ਮਾਰਿਆ ਜਾਵੇ। ਪਰ ਇਹ ਕੰਮ ਤਾਂ ਸਾਡੀ ਤਦਬੀਰ ਦੇ ਹਿਸਾਬ ਨਾਲ਼ ਮੇਰਾ ਨਹੀਂ ਹੈ। ਕਿਸੇ ਹੋਰ ਦੀ ਜੁੰਮੇਵਾਰੀ ਹੈ। ਕਿਸ ਹੋਰ ਚੀਜ਼ ਦੀ!

ਡਾਈਨਿੰਗ ਰੂਮ ਏਸ ਵੇਲ਼ੇ ਵਾਜਿਆਂ ਨਾਲ਼ ਭਰਿਆ ਹੈ ਅਤੇ ਉਨ੍ਹਾਂ ਵਿੱਚ ਕੁੱਝ ਸਰੰਦੇ ਹਨ ਜਿਨ੍ਹਾਂ ਦੀਆਂ ਤਾਰਾਂ ਨਾਲ਼ ਸ਼ੈ ਨੂੰ ਮਾਰਨਾ ਹੈ। ਸਾਡਾ ਕੰਮ ਵਾਇਲਿਨ ਕਰ ਸਕਦਾ। ਚੇਲੋ ਕਰ ਸਕਦਾ, ਤੂੰਬੀ ਕਰ ਸਕਦੀ…ਇੱਕ ਤਾਰਾ ਵੀ। ਹੁਣ ਮੇਰਾ ਕੰਮ ਹੈ ਉਨ੍ਹਾਂ ਵਿੱਚੋਂ ਇੱਕ ਹਥਿਆਰ ( ਭਾਵੇਂ ਦੇਖਣ ਵਿੱਚ ਵਾਜੇ ਲਗਦੇ ਨਹੀਂ ਹੈ) ਬੈਠਕ ਵਿੱਚੋਂ ਲੈ ਕੇ ਆਉਣ। ਸੋ ਮੈਂ ਚੁੱਪ ਚਾਪ ਡਾਈਨਿੰਗ ਕਮਰੇ ਵਿੱਚ ਇਸ ਕੰਮ ਲਈ ਜਾਂਦਾ।

ਤੈਨੂੰ ਤਾਂ ਸੰਗੀਤ ਵਿੱਚ ਕੋਈ ਦਿਲਚਸਪੀ ਨਹੀਂ ਹੈ। ਕੌਣ ਸਿੱਧੂ ਮੂਸਾਵਾਲ਼ਾ ਜਾਂ ਗੁਰਦਾਸ ਮਾਨ ਹੈ ਜਾਂ ਕੌਣ ਫ਼ਰੇਡੀ ਮਰਕਰੀ ਜਾਂ ਜੇਜ਼ੀ ਹੈ, ਤੈਨੂੰ ਨਹੀਂ ਪਰਵਾਹ। ਇੰਝ ਤੈਨੂੰ ਤਾਂ ਬੀਨ ਵਾਜਿਆਂ ਬਾਰੇ ਸੁਆਹ ਪਤਾ। ਕਿਸਮਤ ਨੇ ਕਿਸੇ ਰਿਸ਼ਤੇਦਾਰ ਦੀ ਵਸੀਅਤ ਵਜ੍ਹਾ ਤੈਨੂੰ ਵਾਜਿਆਂ ਦਾ ਹਿਬਾ ਕਰ ਦਿੱਤਾ। ਸੋ ਇਹ ਵੀ ਤੇਰੀ ਜੁਗਤ ਦਾ ਹਿੱਸਾ ਬਣ ਚੁੱਕਾ ਸੀ। ਰੋਹਿਤ…ਮਾਫ਼ ਕਰਨਾ…ਸ਼ੈ ਦਾ ਬਾਪੂ ਤਾਂ ਭਾਰਤੀ ਵਾਜਿਆਂ ਨੂੰ, ਦਰਅਸਲ ਹਰ ਕਿਸਮ ਦੇ ਵਾਜਿਆਂ ਨੂੰ ਪਿਆਰ ਕਰਦਾ ਸੀ। ਉਸ ਦਾ ਸ਼ੌਕ ਹੈ। ਇਸ ਲਈ ਵੀ ਸ਼ੈ ਨੂੰ ਚੁਣਿਆ ਗਿਆ। ਫੇਰ ਸ਼ੈ ਨੂੰ ਪੇਟੀ ਵਿੱਚ ਪਾਉਣਾ ਇੱਕ ਵਿਅੰਗਮਈ ਸੀ ਉਸ ਦੇ ਪਿਤਾ ਵੱਲ! ਅੱਜ ਮਾਮੇ ਨੇ ਆ ਕੇ ਆਪਣੇ ਪਸੰਦ ਦੇ ਵਾਜੇ ਡਾਈਨਿਗ ਰੂਮ ਵਿੱਚੋਂ ਮੱਲਣੇ ਸੀ!

ਸੋ ਮੈਂ ਕਮਰੇ ਵਿੱਚ ਵੜ ਗਿਆ। ਕਮਰਾ ਭੁੰਜੇ ਤੋਂ ਛੱਤ ਤੀਕਰ ਵਾਜਿਆਂ ਨਾਲ਼ ਭਰਿਆ ਪਿਆ ਅਤੇ ਸੰਘਣਾ ਸੀ। ਤਿਲ਼ ਧਰਨ ਨੂੰ ਥਾਂ ਨਾ ਸੀ। ਪੱਛਮ ਦੇ ਮੁਲਕਾਂ ਤੋਂ ਚੇਲੋ, ਵਾਇਲਿਨ, ਤੁਰ੍ਹੀ, ਤ੍ਰਾਂਬੌਣ ਬਗੈਰਾ ਬਗੈਰਾ। ਭਾਰਤ ਤੋਂ ਤੁੰਬੀਆਂ, ਢੋਲ, ਰਬਾਬ, ਸਰੰਗੀਆਂ, ਛਿੱਕੇ, ਕਾਟੋਆਂ, ਇਕ ਤਾਰੇ, ਚਿਮਟੇ ਬਗੈਰਾ ਬਗੈਰਾ ਸਨ। ਹੋਰ ਕੁੱਝ ਵਾਸਤੇ ਥਾਂ ਹੀ ਨਹੀਂ ਸੀ!

ਇੱਕ ਖੂੰਜੇ ਵਿੱਚ ਰਬਾਬ ਖਲੋਤਾ ਸੀ, ਜੋ ਇੱਕ ਮੋਟੇ ਵਾਇਲਿਨ ਅਤੇ ਚੇਲੋ ਦਾ ਮੇਲ਼ ਜਾਪਦਾ ਸੀ।ਉਸ ਦਾ ਢਿੱਡ ਜਾਂ ਸਵਰ-ਖਾਨਾ ਡੱਬ-ਖਵੱਬੇ ਰੰਗ ਦਾ ਸੀ; ਉਸ ਦਾ ਮੂਹਰਲਾ ਪਾਸਾ ਬੱਕਰੀ ਦੀ ਚਮੜੀ ਨਾਲ਼ ਢਕਿਆ ਹੋਇਆ। ਹੋ ਸਕਦਾ ਉੱਨ੍ਹੀ ਜਾਂ ਇੱਕੀ ਤਾਰਾਂ ਤਣੀਆਂ ਸਨ। ਸ਼ਾਹ ਰਬਾਬ ਲਗਦਾ ਸੀ। ਉਸ ਦੇ ਢੋਲ ਦੇ ਟੱਟੂ (ਪੁਲ) ਵੱਲੋਂ ਗੋਸ਼ੀ ਤੀਕਰ ਦਸਤਾ ਜਾਂ ਧੌਣ ਪਾਰ ਕਰ ਕੇ ਜਾਂਦੇ ਸਨ। ਰਾਹ ਵਿੱਚ ਸ਼ਾਇਦ ਪੰਜ ਪਰਦੇ ਸਨ। ਜੇ ਮੇਰੇ ਕੋਲ਼ ਵਕਤ ਹੁੰਦਾ ਗਿਣ ਕੇ ਦੇਖ ਲੈਣਾ ਸੀ ਕਿ ਤੇਰ੍ਹਾਂ ਜਾਂ ਚੋਦਾਂ ਗੋਸ਼ੀਆਂ ਸਨ ਉਸ ਦੇ ਇੱਕ ਪਾਸੇ। ਉਸ ਦੇ ਮੂਹਰਲੇ ਪਾਸੇ ਸੋਹਣਾ ਨਮੂਨਾ ਸੀ। ਪਰ ਇੰਨੀ ਕਾਹਲ਼ੀ ‘ਚ ਕਿੰਨਾ ਕੁ ਡਿੱਠਾ ਹੈ?

ਉਸ ਰਬਾਬ ਨੇ ਆਪਣੇ ਆਪ ਨੂੰ ਰਜਾਕਾਰ ਕਰ ਲਿਆ। ਹੋ ਸਕਦੈ ਉਸ ਨਾਲ਼ ਪਹਿਲਾਂ ਤੂੰ ਸਲਾਹ ਕੀਤੀ ਸੀ। ਰਬਾਬ ਨੇ ਬਾਰ ਬਾਰ ਇੱਕ ਤਾਰ ਉੱਤੇ ਟੇਰ ਚਲਾਈ। ਉਸ ਨੇ ਆਪਣੀ ਧੌਣ ਤੋਂ ਉਹ ਹੀ ਤਾਰ ਲਾਹ ਕੇ ਅਰਪਾਈ। ਇਹ ਸਾਰੇ ਕੁੱਝ ਕਰਕੇ ਮੇਰਾ ਧਿਆਨ ਉਸ ਵੱਲ ਉਸ ਖਿਣ ਵਿੱਚ ਗਿਆ ਸੀ ਅਤੇ ਉਸ ਦੀ ਸ਼ਾਨ ਮੈਂ ਨਾਲੋਂ ਨਾਲ਼ ਡਿੱਠੀ ਸੀ। ਸੋ ਮੈਂ ਉਸ ਵੱਲ ਵੱਧ ਗਿਆ ਅਤੇ ਮੱਦਦ ਕਰ ਕੇ ਵਾਜੇ ਤੋਂ ਤਾਰ ਲਾਹ ਫੜ ਲਈ। ਮੈਂ ਆਪਣੇ ਹੱਥ ਵਿੱਚ ਤਾਰ ਵੱਲ ਝਾਕਿਆ। ਅੰਤ ਸਮੇਂ ਦਾ ਸੰਦ। ਰਬਾਬ ਦਾ ਬੇਨੈਣ ਨਕਸ਼ ਰੁਖ਼ ਮੇਰੇ ਬੇਚੈਨ ਮੁਖ ਵੱਲ ਧਿਆਨ ਨਾਲ਼ ਦੇਖਦਾ ਸੀ ਜਿੰਝ ਮੈਂ ਖਿਆਲ ਦੀ ਖੋਤੀ ਉੱਤੇ ਖਲੋਇਆ ਸੀ। ਮੇਰੀਆਂ ਅੱਖਾਂ ਰਬਾਬ ਵੱਲ ਜਮੀਆਂ ਸਨ, ਫੇਰ ਮੇਰੇ ਹੱਥ ਵੱਲ ਜਿੱਥੇ ਮੌਤ ਦਾ ਔਜ਼ਾਰ ਸੀ। ਰਬਾਬ ਨੂੰ ਉਸ ਹੀ ਵੇਲ਼ੇ ਸ਼ੱਕ ਪੈ ਗਿਆ ਸੀ ਕਿ ਮੈਂ ਆਪਣੇ ਕੰਮ ਵਿੱਚ ਤਿਰੜ ਫਿਰੜ ਕਰ ਰਿਹਾ ਸੀ! ਹੋ ਸਕਦਾ ਜਦ ਤੂੰ ਬਾਅਦ ਉਸ ਕਮਰੇ ਵਿੱਚ ਗਈ ਤੈਨੂੰ ਜੋ ਬੀਤਿਆ ਉਸ ਨੇ ਇੰਝ ਹੀ ਵਖਾਣਿਆ ਹੈ? ਪਰ ਮੈਂ ਆਪਣੇ ਆਪ ਨੂੰ ਤਕੜਾ ਕਰ ਕੇ ਸਿਰੜ ਹੋ ਗਿਆ। ਖਬਰੇ ਉਸ ਵੱਲ ਦੇਖ ਕੇ ਸ਼ਰਮ ਆਈ ਜਾਂ ਉਸ ਦੀ ਤਾਰ ਲੈ ਕੇ ਜਜ਼ਬਾਤ ਕਸੂਰਵਾਰ ਹੋਏ। ਜੇ ਸੱਚ ਕਵ੍ਹਾਂ, ਤੈਥੋਂ ਹੀ ਡਰਦਾ ਸੀ। ਮੈਨੂੰ ਲਗਦਾ ਰਬਾਬ ਪੱਕਾ ਹੋਣਾ ਚਾਹੁੰਦਾ ਸੀ। ਉਹ ਵੀ ਮੇਰੇ ਮਗਰ ਬਾਹਰ ਆ ਗਿਆ, ਸਾਡੇ ਨਿੱਕੇ ਬੈਠਕ ਵਿੱਚ ਜਿੱਥੇ ਜਿਵੇਂ ਸੱਪ ਇੱਕ ਸਪਾਧੇ ਦੇ ਸਾਹਮਣੇ ਕੀਲ ਕੇ ਖਲੋਇਆ ਹੁੰਦਾ, ਸ਼ੈ ਤੇਰੇ ਸਾਹਮਣੇ ਹਾਲੇ ਵੀ ਖੜ੍ਹਾ ਸੀ। ਡਰਦਾ, ਕੰਬਦਾ। ਇਹ ਮੇਰੇ ਲਈ ‘ਹੱਦ ਦੀ ਗੱਲ ਸੀ। ਹੋਰ ਨਹੀਂ ਸਹਾਰ ਸਕਦਾ ਸਾਂ! ਇਸ ਲਈ ਮੈਂ ਯਤਨ ਕੀਤਾ ਇਸ ਗੰਦੇ ਫੇੜ ਨੂੰ ਫਟਾ ਫਟ ਕਰਾਂ!

ਸ਼ੈ ਪੇਟੀ ਨੇੜੇ ਖੜ੍ਹਾ ਸੀ…ਸ਼ੈ…ਨਹੀਂ! ਰੋਹਿਤ! ਨਹੀਂ ਸ਼ੈ ਹੀ ਸੱਦਣਾ। ਨਾਂ ਨਹੀਂ ਦੇਈਦਾ! ਜਦ ਵੀ ਕਾਤਲ ਕਿਸੇ ਜੀ ਨੂੰ ਮਾਰਦਾ ਕਦੇ ਨਹੀਂ ਉਸ ਨੂੰ ਇਨਸਾਨ ਦੀ ਰੂਪਤਾ ਦਿੰਦਾ। ਉਸ ਨੂੰ ਲੇਬਲ ਹੀ ਦਿੰਦਾ, ਭਾਵੇਂ ਚੀਜ਼, ਭਾਵੇਂ ਜਾਤ ਜਾਂ ਧਰਮ ਦਾ ਨਾਂ। ਇੰਝ ਜਾਨ ਲੈਣ ਸੌਖੀ ਹੋ ਜਾਂਦੀ ਕਿਉੁਂਕਿ ਅਸੀਂ ਫੇਰ ਇਨਸਾਨ ਨੂੰ ਨਹੀਂ ਮਾਰ ਰਹੇ ਹੁੰਦੇ ਸਗੋਂ ਕਿਸੇ ਸ਼ੈ ਨੂੰ, ਜਿੰਝ ਕੋਈ ਕੀੜੀ ਹੁੰਦੀ ਹੈ। ਇਹ ਸੀ ਤੇਰਾ ਤਰਕ। ਜੋ ਵੀ, ਹੁਣ ਤਾਂ ਸ਼ੈ ਨੂੰ ਜਿਵੇਂ ਸਮਝ ਲੱਗ ਪਈ ਕਿ ਉਹ ਖਤਰੇ ਵਿੱਚ ਹੈ, ਉਂਝ ਹੀ ਝਾਕਦਾ ਸੀ। ਐਣ ਜਿਵੇਂ ਤੂੰ ਚਾਹੁੰਦੀ ਸੀ, ਹੋਸ਼ ਹੋਇਆ ਕਮਰੇ ਦੇ ਗੱਭੇ ਖੜ੍ਹਾ ਸੀ ਪੇਟੀ ਦੇ ਲਾਗੇ, ਤੇਰੀਆਂ ਲਾਲਚੀ ਲੋਇਣ ਦੇ ਅੱਗੇ, ਤੇਰੇ ਅੰਨਦ ਵਾਸਤੇ! ਤੇਰੇ ਤਜਰਬੇ ਵਾਸਤੇ! ਪਰ ਤੂੰ ਤਾਂ ਉਸ ਦਾ ਗਾਟਾ ਨੂੰ ਘੁੱਟਣਾ ਨਹੀਂ ਸੀ! ਉਹ ਕੰਮ ਮੇਰਾ ਹੀ ਸੀ! ਮੇਰਾ! ਉਸ ਵੇਲ਼ੇ ਮੇਰਾ ਜੀ ਕਰਦਾ ਸੀ ਤੇਰੀ ਘੰਡੀ ਨੂੰ ਮਰੋੜਨ ਨੂੰ! ਪਰ ਤੇਰੇ ਜਾਦੂ ਨੇ ਮੈਨੂੰ ਪਹਿਲਾਂ ਹੀ ਜਿੱਤ ਲਿਆ ਸੀ!

ਫੇਰ ਜਿਵੇਂ ਅਸੀਂ ਰਾਜ਼ੀ ਸਾਂ, ਤੂੰ ਉਸ ਦੇ ਦੋਵੇਂ ਗੁੱਟ ਜ਼ੋਰ ਦੇਣੀ ਫੜ ਲਏ! ਕਲਾਈਆਂ ਕੱਸ ਕੇ ਫੜੀਆਂ ਸੀ। ਤੀਵੀਂ ਹੋਣ ਨਾਲ਼ ਫ਼ਰਕ ਨਹੀਂ ਪਿਆ…ਤੇਰੀਆਂ ਬਾਹਾਂ ਵਿੱਚ ਜ਼ਬਰਦਸਤ ਜ਼ੋਰ ਸੀ। ਹੋ ਸਕਦਾ ਕਿਉਂਕਿ ਤੂੰ ਪੱਕੇ ਇਰਾਦੇ ਵਾਲ਼ੀ ਸੀ ਅਤੇ ਇਸ ਕੰਮ ਵਿੱਚ ਕਾਮਯਾਬ ਹੋਣੀ ਚਾਹੁੰਦੀ ਸੀ ਤੂੰ ਕਲਾਈਆਂ ਆਪਣੀ ਮਜ਼ਬੂਤੀ ਨਾਲ਼ ਕਾਬੂ ਕਰ ਲਈਆਂ। ਮੁੰਡਾ ਤਾਂ ਰੋਣ ਲੱਗਾ ਸੀ। ਉਸ ਵੇਲ਼ੇ ਤੇਰੀਆਂ ਅੱਖਾਂ ਵਿੱਚ ਅੱਗ ਮੱਚਦੀ ਸੀ। ਮੈਂ ਇੱਕ ਬਾਰ ਰਬਾਬ ਵੱਲ ਝਾਕਿਆਂ ਜਿਸ ਨੇ ਆਪਣੀ ਤਾਰ ਵੱਲ ਇਸ਼ਾਰਾ ਕੀਤਾ। ਹੁਣ ਕਿਸਮਤ ਨਾਲ਼ ਸ਼ੈ ਤੇਰੇ ਹੱਥ ਪੈਰ ਮਾਰਦਾ, ਜਿਸ ਕਰਕੇ ਉਸ ਨੇ ਮੇਰਾ ਚਿਹਰਾ ਵੀ ਦੇਖ ਲਿਆ ਸੀ ਅਤੇ ਉਸ ਨੂੰ ਉਸ ਦਾ ਉਧਾਲ਼ਾ ਯਾਦ ਆ ਗਿਆ। ਉਸ ਨੇ ਮੇਰੇ ਨਾਲ਼ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ। ਚੀਕਦੇ ਪੁਕਾਰਦੇ ਨੇ ਮੇਰੀ ਮੱਦਦ ਦੀ ਬੇਨਤੀ ਕੀਤੀ। ਇਹ ਮੈਥੋਂ ਨਹੀਂ ਬਰਦਾਸ਼ਤ ਕੀਤਾ ਗਿਆ। ਹੋਰ ਨਹੀਂ ਜਰ ਸੱਕਿਆ। ਮੈਂ ਇੱਕ ਕਦਮ ਤੁਹਾਡੇ ਦੋਹਾਂ ਦੇ ਲਾਗੇ ਹੋ ਗਿਆ ਅਤੇ ਤਾਰ ਨਾਲ਼ ਗਲ਼ਾ ਘੁੱਟ ਦਿੱਤਾ; ਜ਼ੋਰ ਦੇਣੀ ਸ਼ਾਹ ਰਗ ਨੂੰ ਨੱਪਿਆ। ਹੁਣ ਸਾਡੇ ਦੋਵਾਂ ਨਾਲ਼ ਭਿੜ ਰਿਹਾ ਸੀ। ਹੱਕਾ ਬੱਕਾ, ਡਰ ਨਾਲ਼ ਉਸ ਦਾ ਮੁਖ ਭਰਿਆ।

ਤੂੰ ਤਾਂ ਬਹੁਤ ਖ਼ੁਸ ਸੀ। ਉਸ ਦੇ ਮੁਖੜੇ ਉੱਤੇ ਹੈਰਾਨੀ ਸੀ ਕਿ ਮੈਂ, ਉਸਦੇ ਮਸੇਰੇ, ਨੇ ਇੰਝ ਕੀਤਾ…ਕਰ ਰਿਹਾ ਸੀ! ਉਸ ਹੀ ਪਲ ਤੇਰੇ ਮੂੰਹ ਉੱਤੇ ਇੱਝ ਹੀ ਤਰੰਗ ਸੀ: ਜਿਨਸੀ ਰਿਹਾਈ! ਉਸ ਦੇ ਤ੍ਰਾਸ ਦੇਖ ਕੇ ਤੂੰ ਤਾਂ ਹਰਸ਼ ਲੈ ਰਹੀ ਸੀ। ਜਿਓਂ ਉਹ ਖ਼ੌਫ ਨਾਲ਼ ਭਰੇ ਹਾਵ-ਭਾਵ ਨਾਲ਼ ਲੁੜ੍ਹਕ ਰਿਹਾ ਸੀ, ਤੂੰ ਉਸ ਹਾਵ-ਭਾਵ ਵੇਖ ਕੇ ਰਸ ਲੈ ਰਹੀ ਸੀ। ਜਦ ਢੇਰ ਹੋ ਗਿਆ ਮੈਂ ਛੱਡ ਦਿੱਤਾ। ਪਸੀਨਾ ਆ ਰਿਹਾ ਸੀ। ਨਾਲ਼ੋਂ ਨਾਲ਼ ਸਾਡੇ ਵੱਲ ਅਤੇ ਉਸ…ਸ਼ੈ ਵੱਲ…ਰਬਾਬ ਦੇਖ ਰਿਹਾ ਸੀ। ਮੇਰਾ ਪਸੀਨਾ ਸ਼ਰਮ ਦਾ ਸੀ, ਕਤਲ ਕਰਨ ਦੀ ਨਮੋਸ਼ੀ ਦਾ ਅੰਜਾਮ। ਉਸ ਦੇ ਨਾਲ਼ ਜਦੋਜਹਦ ਕਰਨ ਦਾ ਸਿੱਟਾ ਸੀ। ਪਰ ਤੇਰਾ ਮੁੜ੍ਹਕਾ ਤਾਂ ਹੋਰ ਹੀ ਅੰਦਾਜ਼ ਦਾ ਸੀ। ਜਿਵੇਂ ਸੰਭੋਗ ਬਾਅਦ ਸਾਹ ਲੈ ਰਹੀ ਸੀ! ਉਸ ਦੇ ਡਿਗਣ ਤੋਂ ਪਹਿਲਾਂ ਤੂੰ ਤਾਂ ਉਸ ਦੇ ਬੁਲ੍ਹਾਂ ਦਾ ਬਲਾਤਕਾਰ ਵੀ ਕੀਤਾ! ਅਜਾਈਂ ਚੁੰਮੀ ਉਸ ਦੇ ਮੂੰਹ ਉੱਤੇ ਲਾਈ!

ਪਰ ਮੈਂ ਤਾਂ ਤੇਰੇ ਜਾਦੂ ਦੇ ਜਾਲ਼ ਵਿੱਚ ਬਹੁਤ ਦੇਰ ਦਾ ਕੀਲਿਆ ਹੋਇਆ ਸੀ! ਉਸ ਵੇਲ਼ੇ ਮੈਂ ਤਾਂ ਦੇਖਿਆ ਵੀ ਨਹੀਂ ਜਾਂ ਉਪੇਖਿਆ ਹੋਵੇਗਾ। ਰਬਾਬ ਨੂੰ ਉਸ ਦੀ ਤਾਰ ਵਾਪਸ ਕਰ ਦਿੱਤੀ ਅਤੇ ਉਹ ਅਰਾਮ ਨਾਲ਼ ਦੂਜਿਆਂ ਵਾਜ਼ਿਆਂ ਕੋਲ਼ ਚੱਲੇ ਗਿਆ, ਜਾਂਦਾ ਜਾਂਦਾ ਤਾਰ ਨੂੰ ਆਪਣੀ ਜਗ੍ਹਾ ਵਿੱਚ ਸਿਉਦਾ।

ਹੁਣ ਅਸੀਂ ਇੱਕ ਦੂਜੇ ਵੱਲ ਝਾਕਦੇ। ਸਾਡੇ ਵਿਚਾਲੇ ਸ਼ੈ ਹੀ ਪਈ ਹੈ, ਜੋ ਪਲਾਂ ਪਹਿਲਾਂ ਸਾਹਾਂ ਨਾਲ਼ ਭਰੀ ਹੋਈ ਸੀ। ਉਹ ਸੀ, ਮੇਰਾ ਮਸੇਰਾ! ਰੋਹਿਤ! ਪਰ ਉਸ ਦਾ ਨਾਂ ਸੱਚ ਮੁੱਚ ਪਾਸੇ ਹੀ ਕਰਨਾ ਪਿਆ, ਨਹੀਂ ਤਾਂ ਅਸੀਂ ਸਾਦਾ ਕਜ਼ੀਆ ਨਹੀਂ ਸੀ ਪੂਰਾ ਕਰਨਾ। ਉਸ ਦੇ ਪੈਰ ਤੇਰੇ ਲਾਗੇ ਸਨ ਅਤੇ ਸੀਸ ਮੇਰੇ ਪਾਸੇ। ਮੈਂ ਬਾਹਾਂ ਫੜ ਲਈਆਂ, ਤੂੰ ਲੱਤਾਂ। ਘੜੀਸ ਕੇ ਪੇਟੀ ਨਾਲ਼ ਲੈ ਗਏ। ਸਾਡੀ ਸਬੀਲ ਸੀ ਕਿ ਉਸ ਸ਼ੈ ਨੂੰ ਪੇਟੀ ਵਿੱਚ ਪਾ ਦੇਣਾ…ਤੁੰਨ ਦੇਣਾ, ਰਿਗਰ ਮੋਰਟਿਸ ਹੋਣ ਤੋਂ ਪਹਿਲਾਂ। ਮਤਲਬ ਜਦ ਸਰੀਰ ਜਮ ਜਾਂਦਾ, ਮੌਤ ਕਰਕੇ ਬੇਲਚਕ ਹੋ ਜਾਂਦਾ। ਫੇਰ ਪੇਟੀ ਉੱਤੇ ਇੱਕ ਫੁਲਕਾਰੀ ਵਿਛਾਉਣੀ ਸੀ ਜਿਸ ਉੱਪਰ ਮੇਜ਼ ਪੋਸ਼ ਟਿਕਾ ਦੇਣਾ ਸੀ। ਇਹ ਸਾਰੀ ਸਾਡੀ ਸਬੀਲ ਨਹੀਂ ਸੀ, ਪਰ…ਤੇਰੀ!

ਪਰ ਫੇੜ ਤਾਂ ਮੈਂ ਹੀ ਕੀਤਾ ਸੀ ਅਤੇ ਹੋ ਹੁਣ ਭੋਗਣਾ, ਭੋਗਣਾ ਹੀ ਸੀ। ਸਾਨੂੰ ਉਮੀਦ ਸੀ ਕਿ ਇਨ੍ਹਾਂ ਵਿਸ਼ੇ ਵਿਕਾਰ ਵਜ੍ਹਾ ਅਸੀਂ ਰੰਗ ਮਾਣਨਾ। ਪਰ ਮੈਂ ਤਾਂ ਕੰਬਦਾ ਕੰਬਦਾ ਡਰ ਰਿਹਾ ਸੀ। ਇੱਕ ਲੱਤ ਆਪਣੇ ਆਪ ਹੀ ਝੰਜੋੜ ਹੋ ਕੇ ਨੱਚ ਰਹੀ ਸੀ। ਉਸ ਉੱਤੇ ਹੱਥ ਰੱਖ ਕੇ ਕਾਬੂ ਕਰਨੀ ਪਈ। ਮੈਨੂੰ ਸ਼ਰਮ ਆ ਰਹੀ ਸੀ ਅਤੇ ਡਰ ਸੀ ਕਿ ਫੜ ਹੋ ਜਾਣਾ! ਕਿ ਕਿਸੇ ਵੀ ਜੀ ਨੂੰ ਮਾਰਨਾ ਗ਼ਲ਼ਤ ਹੈ, ਖ਼ਾਸ ਕਰ ਕੇ ਆਪਣੇ ਸਕੇ ਸਬੰਧੀ ਨੂੰ! ਮਾਰਨਾ ਹਰਾਮ ਹੈ। ਨਹੀਂ ਤਾਂ ਸਾਡੇ ‘ਤੇ ਜਾਨਵਰ ਵਿੱਚ ਕੋਈ ਫ਼ਰਕ ਨਹੀਂ ਹੈ। ਉਹ ਆਪਿਣਆਂ ਨੂੰ ਘੱਟ ਮਾਰਦੇ ਨੇ, ਜ਼ਿਆਦਾ ਢਿੱਡ ਭਰਨ ਵਾਸਤੇ ਸ਼ਿਕਾਰ ਕਰਦੇ ਨੇ। ਭੁੱਖ ਥਿਆਹ ਕਰਕੇ। ਉਂਞ ਕਦੀ ਕਦੀ ਬਾਘ ਬਿੱਲੇ ਸ਼ੌਕ ਲਈ ਕਿਸੇ ਜੀਵ ਨੂੰ ਮਾਰ ਸੁੱਟਦੇ ਨੇ। ਪਰ ਬੰਦਾ ਬੰਦੇ ਨੂੰ ਮਾਰਨੋਂ ਹਟਦਾ ਨਹੀਂ! ਪਰ ਨੀਚਰ ਨੇ ਤਾਂ ਸਾਨੂੰ ਚੰਗੀ ਤਰ੍ਹਾਂ ਯਕੀਨ ਦਿਵਾ ਦਿੱਤਾ ਸੀ ਕਿ ਜੀਵਨ ਵਿੱਚ ਮੁੱਲ ਨਹੀਂ ਹੈ। ਆਮ ਆਦਮੀ ਦੀ ਜ਼ਿੰਦਗਾਨੀ ਵਿੱਚ ਮਤਲਬ ਨਹੀਂ ਹੈ। ਅਜਲ ਦੇ ਡਰ ਤੋਂ ਆਪਣਾ ਧਿਆਨ ਹੋਰ ਪਾਸੇ ਲਾਉਣ ਵਾਸਤੇ ਲੋਕ ਜੀਵਨ ਨੂੰ ਹੋਰ ਚੀਜ਼ਾਂ ਨਾਲ਼ ਭਰ ਲੈਂਦੇ ਨੇ; ਪਿਆਰ, ਧਰਮ, ਕੰਮ, ਜੋ ਮਰਜ਼ੀ ਸੋ ਅਖੀਰ ਬਾਰੇ ਸੋੋਚਣ ਦੀ ਲੋੜ ਨਹੀਂ ਜਾਂ ਰੱਬ ਦਾ ਨਾਂ ਲੈ ਕੇ ਇਸ ਅੰਤ ਅਉਧ ਜਿਊਣ ਦੀ ਜਗ੍ਹਾ ਅਗਲੀ ਹਯਾਤੀ ਬਾਰੇ ਸੋਚਦੇ। ਕੁੱਝ ਲੋਕਾਂ ਦਾ ਹੀ ਦਨੀਆ ਵਿੱਚ ਆਉਣਾ ਠੀਕ ਕਹਿ ਸਕਦੇ ਹਾਂ, ਜਿਨ੍ਹਾਂ ਦਾ ਜੀਵਨ ਸ਼ਾਰਥਕ ਹੈ। ਇਹ ਤੇਰੇ ਅਤੇ ਮੇਰੇ ਅਸੂਲ ਹੋ ਚੁੱਕੇ ਸਨ। ਇਹ ਤਰਕਸ਼ੀਲਤਾ ਸੀ ਉਸ ਦੀ ਜਾਨ ਲੈਣ ਦੀ। ਪਰ ਇਸ ਵੇਲ਼ੇ ਇਹ ਅਸੂਲ ਤਾਂ ਮੇਰੇ ਮਨ ਵਿੱਚੋਂ ਨੱਸ ਗਏ ਸਨ। ਪਰ ਉਹ ਗਰਬ, ਜਿਸ ਨੂੰ ਲੈਣ ਇਹ ਕਰਮ ਕੀਤਾ, ਤੇਰੇ ਮੂੰਹ ਉੱਤੇ ਸੀ। ਤੂੰ ਤਾਂ ਬਹੁਤ ਖ਼ੁਸ਼ ਸੀ।

ਮੈਂ ਹੀ ਉਸ ਨੂੰ ਪੇਟੀ ਵਿੱਚ ਪਾਇਆ। ਤੂੰ ਤਾਂ ਸਿਰਫ਼ ਮੇਜ਼ ਪੋਸ ਉੱਪਰ ਵਿਛਾਇਆ ਸੀ। ਫੇਰ ਤੂੰ ਜ਼ੋਰ ਦੇਣੀ ਬਾਘੀ ਕਰਨ ਲੱਗ ਪਈ; ਕਮਲ਼ੀਆਂ ਕਿਲਕਾਰੀਆਂ ਪਤਾ ਨਹੀਂ ਕਿੱਥੋਂ ਤੇਰੇ ਅੰਦਰੋਂ ਆ ਨਿਕਲ਼ ਰਹੀਆਂ ਸਨ। ਆਹੋ ਤੇਰੀ ਸਬੀਲ ਹੈ ਅਤੇ ਤੂੰ ਹੀ ਕਾਮਯਾਬ ਹੋਈ। ਸ਼ੁਦੈਣ ਜਾਪ ਰਹੀ ਸੀ। ਜਿਵੇਂ ਗੱਬਰ ਸਿੰਘ ਹਵਾ ਵਿੱਚ ਗੋਲ਼ੀ ਮਾਰਨ ਬਾਅਦ ਹੱਸ ਰਿਹਾ ਹੋਵੇ। ਤੂੰ ਤਾਂ ਖ਼ੁਸ਼ ਸੀ ਕਿ ਇਹ ਕਸੂਰ ਦਾ ਇਲਜ਼ਾਮ ਤੇਰੇ ਉੱਤੇ ਲੱਗੇ। ਪਰ ਇਹ ਵੀ ਪੂਰਾ ਸੱਚ ਨਹੀਂ ਸੀ। ਉਦੇਸ਼ ਸੀ ਕਿ ਕਤਲ ਕਰ ਕੇ ਬਚ ਨਿਕਲ਼ਨਾ ਸੀ। ਕਿਸੇ ਨੂੰ ਕਸੂਰ ਦੀ ਸੂੰਹ ਨਾ ਮਿਲੇ। ਮੈਂ ਤਾਂ ਦੌੜਣਾ ਹੀ ਚਾਹੁੰਦਾ ਸਾਂ ਜਾਂ ਸਬੂਤ ਨੂੰ ਦੂਰ ਖਿਸਕਾਉਣਾ। ਸਾਡਾ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ! ਸਾਨੂੰ ਜਿੰਝ ਪਾਣੀ ਵਿੱਚ ਤਰਦੀ ਮੀਨ ਆਪਣੇ ਪਿੱਛੇ ਕੋਈ ਉੱਘ ਸੁੱਘ ਨਹੀਂ ਛੱਡਦੀ, ਉਸ ਹੀ ਤਰ੍ਹਾਂ ਇਸ ਦੋਸ਼ ਤੋਂ ਦੂਰ, ਸੂੰਹ ਛੱਡਣ ਬਿਨਾ, ਤਿੱਤਰ ਹੋਣਾ ਚਾਹੀਦਾ ਸੀ। ਪਰ ਤੇਰੀ ਤਾਂ ਚਾਲ ਹੀ ਉਸ ਨੂੰ ਇੱਥੇ ਲੁਕੋ ਕੇ ਸਚਾਈ ਵਿੱਚ ਧੂਮ ਧਾਮ ਕਰਨ ਦੀ ਹੈ। ਕਸੂਰ ਤਾਂ ਪਤਾ ਹੀ ਲੱਗਣਾ ਹੀ ਹੈ!

ਤੇਰੇ ਜਿੰਨਾ ਮੈਂ ਵੀ ਕਸੂਰਵਾਰ ਹੈ। ਮੈਂ ਨਹੀਂ ਚਾਹੁੰਦਾ ਸੀ ਕਿ ਪੁਲਸ ਨੂੰ ਪਤਾ ਲੱਗ ਜਾਵੇ। ਪੰਜਾਬੀ ਪੁਲਸ ਵਰਗੀ ਪੋਲੀਸ ਨਹੀਂ ਹੈ ਇੱਥੇ। ਪੰਜਾਬ ਵਿੱਚ ਤਾਂ ਹੱਥ ਗਰਮ ਕਰ ਕੇ ਵੀ ਬਚ ਸਕਦੇ ਨੇ। ਇੱਥੇ ਤਾਂ ਇਖਲਾਕੀ ਪੁਲੀਸ ਹੈ…ਫ਼ੇਰ ਵੀ ਲੋਕਾਂ ਨਾਲ਼ੋਂ ਤਾਂ ਸਾਫ਼ ਦਿਲ ਹਨ। ਤੇਰੀਆਂ ਅੱਖਾਂ ਵਿੱਚ ਇਹ ਗੱਲ ਗ਼ਲ਼ਤ ਹੈ ਅਤੇ ਇੱਧਰ ਵਾਲ਼ੀ ਪੁਲਸ ਵੀ ਕਸੂਤੀ ਹੈ।

ਇਹ ਸਾਰੇ ਭਾਵ ਤੂੰ ਮੇਰੇ ਮੁਖ ਉੱਤੇ ਪੜ੍ਹ ਲਏ ਸਨ ਫੇਰ ਮੈਨੂੰ ਆਪਣੀ ਮਿੱਠੀ ਗੁਫ਼ਤਾਰ ਨਾਲ਼ ਗਹਿਰ ਗੰਭੀਰ ਕਰ ਦਿੱਤਾ। ਮੈਨੂੰ ਸਬਾਤ ਵਿੱਚ ਲੈ ਗਈ ਅਤੇ ਮੇਰਾ ਧਿਆਨ ਪੇਟੀ ਤੋਂ ਪਰ੍ਹਾਂ ਕਰ ਦਿੱਤਾ। ਅਸੀਂ ਦੋਵੇਂ ਖਾਣਾ ਪਕਾਉਣ ਲੱਗ ਪਏ। ਤੂੰ ਜਿਵੇਂ ਖਿਚੜੀ ਪਕਾਉਣ ਵਿੱਚ ਸ਼ਾਂਤ ਸੀ, ਓਨੀ ਹੀ ਠਰੰਮ੍ਹੇ ਨਾਲ਼ ਕੰਮ ਕਰਦੀ ਸੀ। ਇੰਝ ਤੈਨੂੰ ਦੇਖ ਕੇ ਮੈਂ ਵੀ ਠੰਢਾ ਹੋ ਗਿਆ ਅਤੇ ਕੁੱਝ ਚਿਰ ਵਾਸਤੇ ਜੋ ਉਸ ਪੇਟੀ ਵਿੱਚ ਸੀ ਬਾਰੇ ਚੇਤਾ ਭੁਲਾ ਦਿੱਤਾ।
ਪਰ ਕਿੰਨੇ ਦੇਰ ਲਈ ਜੋ ਕਮਰੇ ਵਿੱਚ ਹੈ ਕੋਈ ਜਣਾ ਵਿਸਾਰ ਸਕਦਾ?

* * * * *

ਤੂੰ ਪਹਿਲਾਂ ਸ਼ਾਵਰ ਲਿਆ, ਫ਼ੇਰ ਮੈਂ। ਆਮ ਦੋਵੇਂ ਇਕੱਠੇ ਲੈਂਦੇ ਪਰ ਅੱਜ ਨਹੀਂ ਇੰਝ ਹੋਇਆ। ਸ਼ਾਵਰ ਲੈਣ ਤੋਂ ਪਹਿਲਾਂ ਤੂੰ ਪੰਜਾਬੀ ਖਾਣਾ ਤਿਆਰ ਕੀਤਾ। ਸਾਰਾ ਤੜਕੇ ਦਾ ਕੰਮ ਕਰ ਦਿੱਤਾ ਕਿਉਂਕਿ ਤੈਨੂੰ ਖਿਝ ਆਉਂਦੀ ਸੀ ਜੇ ਤੇਰਿਆਂ ਲੀੜਿਆਂ ਵਿੱਚੋਂ ਤੜਕਾ, ਹਲਦੀ, ਲਸਣ ਜਾਂ ਅਧਰਕ ਦਾ ਮੁਸ਼ਕ ਆਵੇ। ਅੰਗ੍ਰੇਜ਼ਾਂ ਵਾਂਗਰ ਤੈਨੂੰ ਵੀ ਪੰਜਾਬੀ ਖਾਣੇ ਦਾ ਮੁਸ਼ਕ ਆਉਂਦਾ ਸੀ ਨਾ ਕੇ ਮਹਿਕ। ਜੁੱਸੇ ਵਿੱਚੋਂ ਬੋ ਆਉਂਦੀ ਨਾਸਾਂ ਉੱਤੇ ਝਈ ਮਾਰਦੀ ਸੀ। ਜਿੰਝ ਗੋਰੇ ਜਾਪਦੇ ਸਨ। ਓਵੇਂ ਤੂੰ ਵੀ। ਇਸ ਲਈ ਪੰਜਾਬੀ ਖਾਣਾ ਓਵਨ-ਤੰਦੂਰ ਵਿੱਚ ਸ਼ਾਵਰ ਲੈਣ ਤੋਂ ਪਹਿਲਾਂ ਹੀ ਰੱਖ ਦਿੱਤਾ ਸੀ। ਬਾਕੀ ਅੰਗ੍ਰੇਜ਼ੀ ਤਰ੍ਹਾਂ ਦੇ ਸਟਾਰਟਰ ਜਾਂ ਫ਼ਰਾਂਸੀਸੀ ਭੁੱਖ ਵਧਾਉਣ ਵਾਲ਼ੇ ਏਂਟਰੇ ਸ਼ਾਵਰ ਬਾਅਦ ਪੁਕਾਏ ਸੀ। ਜਦ ਮੈਂ ਥੱਲੇ ਪਹੁੰਚਿਆ ਤੂੰ ਤਾਂ ਸਜੀ ਹੋਈ ਸਬਾਤ ਵਿੱਚ ਖਲੋਤੀ ਸੀ ਇਨ੍ਹਾਂ ਸਭ ਨੂੰ ਤਿਆਰ ਕਰਦੀ। ਕੁੱਝ ਬ੍ਰਿਟਿਸ਼ ਸੈਂਡਵਿਚ ਅਤੇ ਸਮੋਸੇ ਪਕੌੜੇ ਵੀ ਤਿਆਰ ਕੀਤੇ। ਮੈਂ ਵੀ ਤੇਰੀ ਮੱਦਦ ਕੀਤੀ ਅਤੇ ਕੁੱਝ ਚਿਰ ਵਾਸਤੇ ਕਤਲ ਮਨ ਦੇ ਕਿਸੇ ਖੂੰਜੇ ਵਿੱਚ ਕੈਦ ਕਰ ਦਿੱਤਾ ਸੀ। ਜ਼ਿਆਦਾ ਖਾਣਾ ਇੰਝ ਹਲਕਾ ਜਿਹਾ ਸੀ ਅਤੇ ਅਸੀਂ ਪੇਟੀ ਉੱਤੇ ਅਰਾਮ ਨਾਲ਼ ਟਿਕਾ ਦਿੱਤਾ। ਖਾਣਾ ਅੱਧਾ ਪੰਜਾਬੀ ਸੀ, ਅੱਧਾ ਅੰਗ੍ਰੇਜ਼ੀ, ਪਰ ਤੇਰੇ ਲੀੜੇ ਤਾਂ ਮਗਰਬੀ ਰੂਪ ਵਾਲ਼ੇ ਸਨ।

ਤੂੰ ਘਿਉਕਪੂਰੀ ਕਮੀਜ਼ ਪਾਈ ਸੀ ਅਤੇ ਅਲਸੀ-ਫੁਲਾ ਰੰਗ ਜੀਨ। ਵਾਲ ਖੁੱਲ੍ਹੇ ਸਨ, ਪੱਛਮੀ ਢੰਗ ਅਤੇ ਸਰੀਰ ਤੋਂ ਇਤਰ ਦੀ ਵਾਸ਼ਨਾ ਮੇਰੇ ਨਾਸਾਂ ਵੱਲ ਬੁੱਲਾ ਘੱਲਦੀ ਸੀ। ਉਂਝ ਮੈਂ ਵੀ ਤੇਰੇ ਵਾਂਗਰ ਹੁਣ ਸਧਾਰਨ ਕੱਪੜਿਆਂ ਵਿੱਚ ਸੀ। ਜਿਹੜੀ ਜਾਕਟ ਜਦ ਉਸ ਨੂੰ ਅਗਵਾ ਕੀਤਾ ਸੀ ਇੱਕ ਪੈਗ ਉੱਤੇ ਟੰਗੀ ਹੋਈ ਸੀ। ਜਿੱਥੇ ਸਾਰੇ ਪਰਾਹੁਣਿਆਂ ਦੇ ਕੱਪੜੇ ਟੰਗਣੇ ਸੀ।

ਖਾਣਾ ਪੀਣਾ ਵੀ ਸਿਰਫ਼ ਪੇਟੀ ਉੱਤੇ ਰੱਖ ਸਕਦੇ ਸੀ। ਡਾਈਨਿਗ ਕਮਰੇ ਵਿੱਚ ਇੰਨੇ ਵਾਜ਼ੇ ਸਨ ਕਿ ਤਿਲ਼ ਧਰਨ ਨੂੰ ਥਾਂ ਨਾ ਸੀ। ਪੇਟੀ ਨੂੰ ਵੀ ਡਾਈਨਿੰਗ ਮੇਜ਼ ਵਾਂਗ ਸਜਾ ਦਿੱਤਾ। ਪੰਜ ਤੋਂ ਸੱਤ ਜਣਿਆਂ ਵਾਸਤੇ ਵਥੇਰਾ ਸੀ। ਸਾਥੋਂ ਛੁੱਟ ਪੰਜ ਮਹਿਮਾਨ ਹੋਣੇ ਸੀ। ਸਭ ਤੋਂ ਖ਼ਤਰਨਾਕ ਦਿਮਾਗ਼ ਵਾਲ਼ਾ ਸਾਡਾ ਪ੍ਰੋਫ਼ੈਸਰ ਸੁਕਰਾਤ ਸੂਰੀ। ਫੇਰ…ਮੇਰਾ ਮਾਮ ਕੇਸਰਾ ਪੰਨੂ ਜਿਸ ਦੇ ਬੇਟੇ ਨੂੰ…ਨਹੀਂ!…ਇੰਝ ਨਾ ਸੋਚ! ਸ਼ੈ ਸੀ, ਸ਼ੈ ਹੈ, ਹੋਰ ਕੁੱਝ ਨਹੀਂ! ਮੇਰਾ ਜ਼ਿਹਨ ਇੱਕ ਵਾਰ ਫੇਰ ਝੱਲਾ ਹੋ ਗਿਆ ਅਤੇ ਤੂੰ ਇਹ ਗੱਲ ਮੇਰੇ ਮੂੰਹ ਉੱਤੋਂ ਪੜ੍ਹ ਲਈ। ਮੇਰਾ ਧਿਆਨ ਖਬਰੇ ਪਰ੍ਹਾਂ ਕਰਨੀ ਚਾਹੁੰਦੀ ਸੀ, ਤੂੰ ਮੈਨੂੰ ਇੱਕ ਵਾਰ ਫੇਰ ਕਿਹਾ – ਜਾਹ ਕੇ ਮਿੰਨੀ ਨੂੰ ਫੇਰ ਚੈੱਕ ਕਰ-।

– ਮੈਂ ਤਾਂ ਚੈੱਕ ਕਰ ਹੱਟਿਆ- ਮੈਂ ਕਰੋਪ ਨਾਲ਼ ਉੱਤਰ ਤੇਰੇ ਵੱਲ ਸੁੱਟਿਆ।- ਤਾਂ ਵੀ ਜਾ ਕੇ ਦੇਖ ‘ਲਾ। ਐਵੀਂ ਖਾਹ ਮਖਾਹ ਖਿਝਦਾ। ਤੈਨੂੰ ਸ਼ਾਇਦ ਤੱਸਲੀ ਹੋ ਜਾਵੇਗੀ। ਕਮ ਔਨ, ਰੀਲੈਕਸ!-। ਸੋ ਮੈਂ ਤੈਨੂੰ ਛੱਡ ਕੇ ਥੱਲੇ ਜਾਂਦਾ। ਜਦ ਬਾਹਰ ਪਹੁੰਚਿਆ, ਰੀਲੈਕਸ ਦੀ ਜਗ੍ਹਾ ਮੇਰਾ ਦਿਲ ਤਾਂ ਜ਼ੋਰ ਦੇਣੀ ਠਾਹ ਠਾਹ ਕਰ ਰਿਹਾ ਸੀ ਅਤੇ ਨਬਜ਼ ਦੀ ਚਾਲ ਤਾਂ ਤੇਜ ਚੱਲ ਰਹੀ ਸੀ। ਜੇ ਤੂੰ ਸੱਚ ਮੁੱਚ ਮੈਨੂੰ ਸ਼ਾਂਤ ਕਰਨ ਵਾਸਤੇ ਹੇਠਾਂ ਭੇਜਿਆ ਸੀ ਉਸ ਦਾ ਉਲਟ ਹੋ ਗਿਆ। ਨਜ਼ਰਾਂ ਸੜਕ ਵੱਲ ਵਿੰਨ੍ਹਦੀਆਂ ਸਨ, ਅਵਾਜ਼ਾਂ ਮੇਰੇ ਕੰਨੀ ਪੈਂਦੀਆਂ ਸਨ, ਲੂੰ ਕੰਡੇ ਖਲੋਏ ਸਨ। ਮੈਂ ਤਾਂ ਇੱਕ ਬੇਚੈਨ ਡੁੰਨ ਬਣ ਚੁੱਕਾ ਸੀ। ਬਾਰ ਬਾਰ ਕੇਵਲ ਕਤਲ ਦਿਮਾਗ਼ ਵਿੱਚ ਸੀ ਅਤੇ ਉਸ ਦਾ ਕੀ ਮਹੱਤਵ ਹੋਵੇਗਾ। ਪਰ ਉੱਪਰ ਤੇਰੇ ਨਾਲ਼ ਫ਼ਲੇਟ ਵਿੱਚ ਵੀ ਕੀ ਕਰਨਾ ਸੀ। ਤੂੰ ਤਾਂ ਅਰਾਮ ਨਾਲ਼ ਯੂਰਪੀ ਕਲਾਸਿਕੀ ਸੰਗੀਤ ਲਾ ਦਿੱਤਾ ਸੀ ਜਿਸ ਦੀ ਅਵਾਜ਼ ਨਰਮ ਨਰਮ ਮੌਜਾਂ ਵਿੱਚ ਬੰਦ ਬਾਰੀਆਂ ਰਾਹੀਂ ਸੁਣ ਰਿਹਾ ਸੀ। ਸ਼ੀਸ਼ਿਆਂ ਨੇ ਸੁਰ ਥੋੜ੍ਹੀ ਜਿਹੀ ਦਬਾਈ ਹੀ ਸੀ। ਹੋ ਸਕਦਾ ਤੈਨੂੰ ਵੀ ਸੱਚ ਮੁੱਚ ਫ਼ਿਕਰ ਸੀ ਕਿ ਗੱਡੀ ਵਿੱਚ ਕੁੱਝ ਚੇਤਾ ਭੁਲਾ ਦਿੱਤਾ ਜਾਂ ਮੇਰੀ ਰਵਸ਼ ਕਰਕੇ ਹੀ ਤੂੰ ਵੀ ਪੈਰਾਨਾਇਡ ਹੋ ਗਈ ਸੀ।

ਜੇ ਮੇਰੇ ਹੱਥ ਵਿੱਚ ਹੁਣ ਗਲਾਸ ਹੁੰਦਾ ਮਂੈ ਤਾਂ ਸ਼ਰਾਬ ਦੀ ਘੁੱਟ ਪੀ ਲੈਣੀ ਸੀ ਜਾਂ ਸਿਗਰਟ ਦਾ ਕਸ਼ ਲੈ ਲੈਣਾ ਸੀ। ਉਹ ਕੌਣ ਸੀ ਜਿਸ ਨੇ ਉਸ ਵੇਲ਼ੇ ਮੈਨੂੰ – ਹਾਈ- ਵਿੱਚ ਸਲਾਮ ਕੀਤਾ ਸੀ? ਉਸ ਨੇ ਸੜ ਕੁੱਝ ਦੇਖਿਆ ਜਾਂ ਨਹੀਂ? ਜੇ ਦੇਖਿਆ ਹੁੰਦਾ ਹੁਣ ਤੀਕਰ ਤਾਂ ਪੁਲਸ ਨੇ ਆ ਜਾਣਾ ਸੀ। ਤੂੰ ਸਹੀਂ ਹੈਂ, ਮੈਂ ਤਾਂ ਬਾਵਲਾ ਹੋ ਗਿਆ। ਕਤਨ ਦੇ ਕੰਮ ਵਾਸਤੇ ਹੀਆ ਨਹੀਂ ਹੈ।

ਮੈਂ ਮਿੰਨੀ ਵੱਲ ਵੱਧਿਆ। ਸੰਗੀਤ ਦੀ ਆਵਾਜ਼ ਆ ਰਹੀ ਕਰਕੇ ਇੱਕ ਵਾਰ ਬਾਰੀਆਂ ਵੱਲ ਝਾਕਿਆ ਅਤੇ ਤੈਨੂੰ ਹੀ ਉਸ ਤਾਕੀਆਂ ਵਿੱਚ ਭਾਲ਼ਦਾ ਸੀ। ਪਰ ਤੇਰਾ ਛਾਇਆ ਚਿੱਤਰ ਨਹੀਂ ਜਾਪਿਆ। ਹੁਣ ਕੁੱਝ ਲੋਕ ਸੜਲ ਉੱਤੇ ਤੁਰਦੇ ਫਿਰਦੇ ਸਨ। ਜਿਸ ਦੇ ਵੀ ਮੁਖ ਵੱਲ ਦੇਖਦਾ ਲਗਦਾ ਸੀ ਕਿ ਉਹ ਹੀ ਸੀ ਜਿਸ ਨੇ – ਹੈੱਲੋ – ਕੀਤੀ ਜਾਂ ਹੋ ਸਕਦਾ ਇਸ ਨੇ ਸਾਨੁੰ ਟੇਸਕੋ ਵਿੱਚ ਖਰੀਦਦਾਰੀ ਕਰਦੇ ਦੇਖਿਆ ਜਾਂ ਸਾਡੀ ਡਿੱਘੀ ਵਿੱਚ ਉਸ ਸ਼ੈ ਨੂੰ! ਰੋਹਿਤ ਨੂੰ! ਕੀ ਉਸ ਚਿਹਰੇ ਨੇ ਸਾਨੂੰ ਕਲੀਨ ਫੜ੍ਹਦੇ ਅਤੇ ਅੰਦਰ ਲੈ ਕੇ ਜਾਂਦੇ ਡਿੱਠਾ? ਜਾਂ ਇਸ ਰੁਖ਼ ਨੇ ਸਾਨੂੰ ਓਸਟਰਲੀ ਪਾਰਕ ਵਿੱਚ ਉਸ ਨੂੰ ਡਿੱਘੀ ਵਿੱਚ ਪਾਉਂਦੇ ਨੂੰ ਜਾਂ ਸਮਾਨ ਸੁੱਟਦਿਆਂ ਨੂੰ ਤੱਕਿਆ? ਜਾਂ ਆ ਸੂਰਤ ਉਸ ਦੀ ਹੈ ਜਿਸ ਨੇ ਸਾਨੁੰ ਸਕੂਲ ਤੋਂ ਮਿੰਨੀ ਵੱਲ ਬੁਲਾਉਂਦੇ ਨੂੰ ਸੁੱਣਿਆ? ਕੀ ਪਤਾ, ਮੈਨੂੰ ਜਿੰਨੇ ਵੀ ਤੁਰਦੇ ਫਿਰਦੇ ਦਿਸੇ, ਸਾਰੇ ਸਾਡੇ ਜ਼ੁਲਮ ਦੇ ਗਵਾਹ ਲੱਗੇ। ਵੈਸੇ ਚਾਰ ਪੰਜ ਲੋਕ ਹੀ ਸੜਲ ਉੱਤੇ ਤੁਰਦੇ ਫਿਰਦੇ ਸੀ ਪਰ ਮੇਰੇ ਹਾਲ ਵਿੱਚ ਤਾਂ ਸਾਰੀ ਕਾਇਨਾਤ ਸੈਰ ਕਰ ਰਹੀ ਸੀ। ਦੂਜੇ ਮਕਾਨਾਂ ਦੀਆਂ ਬਾਰੀਆਂ ਵੱਲ ਵੀ ਮੇਰੀਆਂ ਗੁਨਾਹੀ ਅੱਖਾਂ ਗਈਆਂ, ਹਰ ਖਿੜਕੀ ਨੂੰ ਸਾਖੀ ਵਾਸਤੇ ਪੜਚੋਲਦੀਆਂ। ਇਹ ਨਾ ਹੋਵੇ ਉਨ੍ਹਾਂ ਪਰਦਿਆਂ ਪਿੱਛੇ ਕੋਈ ਗਵਾਹ ਹੋਵੇ ਜੋ ਸਾਡੀ ਕੀਤੀ ਭੁੱਲ ਦੀ ਜੜ ਨੂੰ ਨੰਗੀ ਕਰ ਦੇਵੇ। ਇਹ ਸਭ ਕੁੱਝ ਇੱਕ ਦੋ ਛਿਣਾਂ ਵਿੱਚ ਹੋਇਆ ਸੀ ਅਤੇ ਮੈਂ ਹਾਂ ਵਿੱਚ ਹਾਂ, ਨਾ ਵਿੱਚ ਨਾ ‘ਚ ਆਪਣਾ ਸਿਰ ਸਹਿਮਤੀ ਨਾਲ਼ ਹਿਲਾਇਆ ਜਦ ਵੀ ਕਿਸੇ ਨੇ ਮੇਰੇ ਵੱਲ ਦੇਖਿਆ।

ਮਿੰਨੀ ਕੋਲ਼ ਪੁੱਜ ਕੇ ਫਰੋਲ਼ਾ ਫਰੋਲ਼ੀ ਸ਼ੁਰੂ ਕੀਤੀ। ਮੂਹਰਲੀ ਕੁਰਸੀ ਆਲ਼ੇ ਦੁਆਲ਼ੇ ਚੈੱਕ ਕਰਨ ਲੱਗ ਪਿਆ। ਗੱਡੀ ਚਲਾਉਣ ਵਾਲੇ ਪਾਸੇ, ਫੇਰ ਜਿੱਥੇ ਉਹ ਸ਼ੈ ਪਹਿਲਾਂ ਬੈਠੀ ਸੀ। ਹਰ ਗੁੱਠ, ਹਰ ਨੁੱਕਰ। ਐਤਕੀਂ ਚੱਜ ਦੇਣੀ ਦੇਖਿਆ। ਹੋ ਸਕਦੈ ਕਿਉਂਕਿ ਸ਼ੈ ਮੇਰੇ ਨਾਲ਼ ਗੱਡੀ ਵਿੱਚ ਨਹੀਂ ਸੀ। ਤੇਰੇ ਨਾਲ਼ ਉੱਪਰ ਖਾਣ ਪੀਣ ਥੱਲੇ ਪੇਟੀ ਦੇ ਪੇਟ ਵਿੱਚ ਸਦੀਵੀ ਨੀਂਦ ਸੌ ਰਹੀ ਸੀ। ਜਦ ਪੈਰਖਾਨਿਆਂ ਦੀ ਖੋਜ ਕਰ ਰਿਹਾ ਸੀ ਤਲਾਸ਼ੀ ਨੇ ਇੱਕ ਬਟਨ ਸਾਹਮਣੇ ਕਰ ਦਿੱਤਾ ਸੀ! ਅਤੇ ਇੱਕ ਹੋਰ ਅਚਾਨਕ ਚੀਜ਼। ਜਦ ਮੈਂ ਸ਼ੈ ਨੂੰ ਬੇਹੋਸ਼ ਕੀਤਾ ਸੀ, ਉਸ ਨੇ ਹੱਥ ਪੈਰ ਮਾਰੇ ਸਨ। ਇੰਝ ਕਰਕੇ ਉਸ ਦਾ ਬਟਨ ਮੂਹਰਲੀ ਕੁਰਸੀ ਦੇ ਪੈਰਖਾਨੇ ਵਿੱਚ ਡਿੱਗ ਗਿਆ ਸੀ। ਨਾਲ਼ੇ ਨਾਲ਼ ਇੱਕ ਟਿਕਟ ਵੀ ਸੀ, ਜਿਸ ਉੱਤੇ ਅੱਜ ਦੀ ਤਰੀਕ ਸੀ। ਇਹ ਤਾਂ ਸੱਚ ਮੁੱਚ ਅਣਿਆਈ ਦਸ਼ਾ ਸੀ ਅਤੇ ਹੁਣ ਮੈਂ ਡਰ ਗਿਆ! ਇਹ ਤਾਂ ਦੋ ਪਰਮਾਣ ਹਨ ਜਿਨ੍ਹਾਂ ਨਾਲ਼ ਸਾਡੀ ਹਿਰਾਸਤ ਹੋ ਸਕਦੀ ਹੈ! ਟਿਕਟ ਕੋਈ ਸਿਨੇਮਾ ਦਾ ਨਹੀਂ ਸੀ,ਪਰ ਇੱਕ ਖ਼ਾਸ ਸਥਿਤੀ ਦਾ ਸੀ! ਜਿੱਥੇ ਸਾਡੇ ਆਮ ਪੰਜਾਬੀ ਲੋਕ ਨਹੀਂ ਜਾਂਦੇ, ਪਰ ਰੋਹਿਤ ਦਾ ਸ਼ੌਕ ਸੀ। ਨਾਟਕ, ਸੰਗੀਤਕ ਸ਼ੌਅ! ਮੈਨੂੰ ਪਤਾ ਨਹੀਂ ਸੀ ਕਿ ਸੰਗੀਤਕ ਸ਼ੋਆਂ ਦਾ ਸ਼ੌਕੀ ਸੀ! ਨਾਲ਼ੇ ਅੱਜ ਦੀ ਤਰੀਕ! ਫੇਰ ਤਾਂ ਮਾਮਾ ’ਤੇ ਮਾਮੀ ਨੂੰ ਪਤਾ ਸੀ ਉਸ ਨੇ ਜਾਣਾ? ਸ਼ਾਇਦ ਇਸ ਹੀ ਵੇਲ਼ੇ ਉਸ ਨੂੰ ਉਡੀਕ ਰਹੇ ਸਨ? ਸਾਡੀ ਖੇਡ ਤਾਂ ਖਰਾਬ ਹੋ ਗਈ! ਕਾਹਲ਼ੀ ਵਿੱਚ ਮੈਂ ਟਿਕਟ ਪੜ੍ਹ ਕੇ ਦੇਖਿਆ, ਸ਼ੋਅ ਦਾ ਨਾਂ – ਲਾਇਨ ਕਿੰਗ- ਮਤਲਬ ਸ਼ਰਾਂ ਦਾ ਸੁਲਤਾਨ ਸੀ। ਅਤੇ ਲਾਏਸੀਅਮ ਥੀਏਟਰ, ਲੰਡਨ ਵਿੱਚ ਆ ਰਾਤ ਚੱਲ ਰਿਹਾ ਸੀ। ਅਤੇ ਮੁੰਡੇ ਨੇ ਓੱਥੇ ਜਾਣਾ ਸੀ! ਬਟਨ ਤੋਂ ਸਾਫ਼ ਦਿਸਦਾ ਸੀ ਕਿਸ ਸਕੂਲ ਪੜ੍ਹ ਦਾ ਸੀ। ਟਿਕਟ ਉੱਤੇ ਸ਼ੋਅ ਦਾ ਸ਼ੁਰੂ ਹੋਣ ਵਾਲ਼ਾ ਸਮਾਂ ਲਿਖਿਆ ਹੋਇਆ ਸੀ ਅਤੇ ਆਸਣ ਦਾ ਅੰਕ। ਦੋਹਾਂ ਚੀਜ਼ਾਂ ਨੂੰ ਛੇਤੀ ਹੀ ਮੈਂ ਆਪਣੀ ਜੇਬ ਵਿੱਚ ਪਾ ਲਿੱਤਾ ਅਤੇ ਹੁਣ ਹੋਰ ਧਿਆਨ ਨਾਲ਼ ਮਿੰਨੀ ਨੂੰ ਪੜਤਾਲ ਕੀਤਾ।

ਹੁਣ ਮੇਰੇ ਮੱਥੇ ਤੋਂ ਮੁੜ੍ਹਕਾ ਝਰਦਾ ਸੀ। ਸਾਰੀ ਗੱਡੀ ਨੂੰ ਚੈੱਕ ਕਰ ਕੇ ਜਦ ਮੈਨੂੰ ਤਸੱਲੀ ਹੋਈ ਬੰਦ ਕਰ ਕੇ ਉੱਪਰ ਪਰਤ ਗਿਆ। ਮੈਂ ਤੈਨੂੰ ਦੋਵੇਂ ਚੀਜ਼ਾਂ ਬਾਰੇ ਦੱਸਣਾ ਹੀ ਸੀ ਜਦ ਇੱਕ ਦਮ ਆਪਣੀ ਦਹਿਸ਼ਤ ਵਿੱਚ ਮੇਰਾ ਚਿਤ ਕੀਤਾ ਕਿ ਮੈਂ ਵਿਸਕੀ ਦਾ ਗਲਾਸ ਪੀਲਾਂ। ਤੂੰ ਉਸ ਵੇਲ਼ੇ ਸੌਣ ਵਾਲੇ ਕਮਰੇ ਵਿੱਚ ਸੀ। ਵਿਸਕੀ ਦੀ ਅਲਮਾਰੀ ਡਾਈਨਿੰਗ-ਕਮਰੇ ਵਿੱਚ। ਜਿਓਂ ਜਿਓਂ ਮੈਂ ਪੀਂਦਾ ਸੀ ਤਿਊਂ ਤਿਊਂ ਸ਼ਰਾਬੀ ਹੋਣ ਲੱਗ ਪਿਆ। ਗਲਾਸ ਉੱਪਰ ਗਲਾਸ। ਸਾਰੇ ਵਾਜਿਆਂ ਵੱਲ ਦੇਖਦਾ ਨਾਰਾਜ਼ ਹੋ ਗਿਆ ਅਤੇ ਉਨ੍ਹਾਂ ਵੱਲ ਚੀਕਣ ਲੱਗ ਪਿਆ। ਮੇਰੀ ਕੂਕ ਤਾਂ ਤੂੰ ਸੁਣ ਲਈ। ਜਦ ਤੂੰ ਅੰਦਰ ਆਈ ਮੈਂ ਰਬਾਬ ਅਤੇ ਹੋਰ ਸਾਰਿਆਂ ਵੱਲ ਗਾਲ਼ਾਂ ਕੱਢ ਰਿਹਾ ਸਾਂ ਅਤੇ ਮੇਰੇ ਗਲਾਸ ਵਿੱਚੋਂ ਖੱਟਾ ਰੰਗ ਤਰਲ ਡੁੱਲ੍ਹ ਰਿਹਾ ਸੀ। ਤੂੰ ਗਲਾਸ ਫੜ ਕੇ ਮੈਨੂੰ ਬਾਹਰ ਬੈਠਕ ਵੱਲ ਲੈ ਗਈ।

ਤੈਨੂੰ ਗੱਡੀ ਬਾਰੇ ਪੁੱਛਣ ਦਾ ਇਸ ਕਰਕੇ ਚੇਤਾ ਭੁਲ ਗਿਆ ਅਤੇ ਮੈਨੂੰ ਤੈਨੂੰ ਟਿਕਟ ਅਤੇ ਬਟਨ ਬਾਰੇ ਦੱਸਣ ਦਾ ਭੁਲ ਗਿਆ। ਹੋ ਸਕਦਾ ਤੂੰ ਸੋਚਿਆ ਕਤਲ ਕਰਕੇ ਵਾਜਿਆਂ ਨੂੰ ਗਾਲਾਂ ਕੱਢ ਰਿਹਾ ਸੀ, ਖ਼ਾਸ ਰਬਾਬ ਨੂੰ।

ਉਸ ਹੀ ਵੇਲ਼ੇ ਸਾਡਾ ਝਗੜਾ ਸ਼ੁਰੂ ਹੋ ਗਿਆ!

– ਤੈਨੂੰ ਕੀ ਹੋ ਗਿਆ?- ਗ਼ੁੱਸੇ ਵਿੱਚ ਤੂੰ ਪੁੱਛਿਆ।
– ਕੀ? ਕੀ ਹੋਣਾ ਸੀ? ਤੈਨੂੰ ਕੀ ਲਗਦਾ! ਪਤਾ ਨਹੀਂ ਜੇ ਕਿਸੇ ਨੇ ਸਾਨੂੰ ਉਸ ਨੂੰ ਸਕੂਲ ਬਾਹਰੋਂ ਚੁਕਦਿਆਂ ਨੂੰ ਦੇਖ ਲਿਆ? ਜਾਂ ਓਸਟਰਲੀ ਪਾਰਕ ਦੇ ਜੰਗ਼ਲ ਵਿੱਚ! ਓਹ ਕੌਣ ਸੀ ਜਿਸ ਨੇ ਮੈਨੂੰ ਹੈੱਲੋ ਬੋਲਿਆ? ਕੋਈ ਜੀਅ ਜਿਸ ਨੇ ਬੂਟ ਵਿੱਚ ਲਾਸ਼…!- ਮੈਂ ਪਾਗ਼ਲ ਵਾਂਗ ਬਾਹਾਂ ਹਿਲਾ ਰਿਹਾ ਸੀ ਨਾਲੋਂ ਨਾਲ਼ ਗਲਾਸ ਵਿੱਚੋਂ ਵਿਸਕੀ ਡੁੱਲ੍ਹ ਕੇ ਫ਼ਰਸ਼ ਉੱਤੇ ਛਿੱਟੇ ਮਾਰ ਰਿਹਾ ਸੀ। ਤੇਰੇ ਮੂੰਹ ਤੋਂ ਦਿਸ ਰਿਹਾ ਸੀ ਕਿ ਮੈਂ ਵਾਰ ਵਾਰ ਓਹੀ ਗੱਲ ਕਰਦਾ ਸੀ ਅਤੇ ਤੂੰ ਵਾਰ ਵਾਰ ਸੁਣ ਕੇ ਅੱਕ ਚੁੱਕੀ ਸੀ। ਡਾਈਨਿੰਗ ਕਮਰੇ ਦੇ ਦਰ ਵਿੱਚ ਰਬਾਬ, ਤੂੰਬੀ ਅਤੇ ਢੋਲ ਇਕੱਠੇ ਖੜ੍ਹੇ ਜਲੂਸ ਦੇਖ ਰਹੇ ਸੀ। ਜਦ ਮੇਰੀ ਅੱਖ ਉਨ੍ਹਾਂ ਵੱਲ ਗਈ , ਥੋੜ੍ਹਾ ਜਿਹਾ ਪਿੱਛੇ ਹਟ ਗਏ।

– ਬਕਵਾਸ ਬੰਦ ਕਰ! ਹੱਦ ਹੋ ਗਈ! ਡਰਨ ਦੀ ਲੋੜ ਨਹੀਂ। ਕਿਸੇ ਨੂੰ ਕਦੀ ਨਹੀਂ ਪਤਾ ਲੱਗਣਾ ਕਿ ਅਸੀਂ ਉਸ ਨੂੰ ਮਾਰਿਆ। ਸ਼ੈ ਹੁਣ ਰਹੀ ਨਹੀਂ!- ਤੂੰ ਭੜ ਭੜ ਗੱਲ ਸ਼ੁਰੂ ਕੀਤੀ।
– ਨਹੀਂ ਰਹੀ? ਸ਼ੈ! ਸ਼ੈ ਤਾਂ ਹਾਲੇ ਵੀ ਇੱਥੇ ਹੈ!- ਮੈਂ ਇੱਕ ਕੰਬਦੀ ਉਂਗਲ਼ ਪੇਟੀ ਵੱਲ ਵਧਾਈ। – ‘ਤੇ…’ਤੇ ਸ਼ੈ ਨਹੀਂ! ਉਸ ਦਾ ਨਾਂ ਹੈ…ਸੀ! ਰੋਹਿਤ! ਰਹਿਤ!-। ਪਤਾ ਨਹੀਂ ਕਿੱਥੋਂ ਆਈ, ਪਰ ਇੱਕ ਚਪੇੜ ਤੂੰ ਮੇਰੇ ਸੱਜੀ ਗਲ਼ ਉੱਤੇ ਜੜ ਦਿੱਤੀ। ਮੈਂ ਵੀ ਸੋਚਣ ਬਿਨਾ ਰੀਐਕਟ ਕੀਤਾ। ਮੈਂ ਵੀ ਵਾਪਸ ਤੇਰੇ ਮਾਰ ਦਿੱਤੀ। ਜੇ ਮੈਂ ਪੰਜਾਬ ਦਾ ਹੁੰਦਾ ਤਾਂ ਇਸ ਵਿੱਚ ਕੋਈ ਵੱਡੀ ਸੀ ਗੱਲ ਨਹੀਂ। ਸਗੋਂ ਉੱਥੇ ਤਾਂ ਤੀਵੀਂ ਤੋਂ ਕੁੱਟ ਖਾਣੀ ਜ਼ਿਆਦਾ ਵੱਡੀ ਗੱਲ ਸੀ। ਪਰ ਇੱਥੇ ਮਰਦ ਨਾ ਕੇ ਆਪਣੀ ਜ਼ਨਾਨੀ ਦੇ ਥੱਪੜ ਮਾਰ ਸਕਦਾ ਸੀ, ਨਾ ਕਿ ਨਿਆਣੇ ਦੇ। ਇਸ ਲਈ ਮੈਂ ਸ਼ਰੀਮੰਦੇ ਹੋ ਕੇ ਬੋiਲ਼ਆ, – ਸੋਰੀ-।

ਅਸੀਂ ਦੋਵੇਂ ਹੀ ਕੁੱਝ ਦੇਰ ਵਾਸਤੇ ਚੁੱਪ ਹੋ ਗਏ। ਫੇਰ ਮੈਂ ਕਮਰੇ ਦੀ ਬੱਤੀ ਬੰਦ ਕਰ ਦਿੱਤੀ।
– ਕੀ ਕਰਨ ਡਿਆਂ?- ਤੂੰ ਆਖਿਆ।
– ਬਾਹਰ ਕੋਈ ਨਹੀਂ ਦੇਖ ਰਿਹਾ! ਕਿੰਨੀ ਬਾਰ ਤੈਨੂੰ ਭਰੋਸਾ ਦੇਵਾਂ? ਪਾਗ਼ਲ ਨਾ ਬਣ! ਦੇਖ ਅਸੀਂ ਦੋਵੇਂ ਕਤਲ ਕਰਨਾ ਚਾਹੁੰਦੇ ਸਾਂ ਅਤੇ ਕਰ ਲਿਆ! ਤਾਰ ਦੇ ਨਾਲ਼! ਖ਼ੂਣ ਡੋਲ੍ਹਣ ਤੋਂ ਬਗੈਰ! ਕਾਮਯਾਬ ਹੋ ਗਏ! ਸਮਝਦਾ? ਹੁਣ ਨਾ ਪਛਤਾਵੀ! – ਤੂੰ ਬੱਤੀ ਨੂੰ ਜਹਾਉਣ ਗਈ।
– ਮੈਂ ਨਹੀਂ ਕਤਲ ਕਰਨਾ ਚਾਹੁੰਦਾ ਸੀ! ਮੈਂ ਨਹੀਂ! ਤੂੰ…ਤੂੰ…ਇਹ ਸਾਰੀ ਤੇਰੀ ਹੀ ਧਾਰਨਾ ਸੀ! ਰੋਹਿਤ ਤਾਂ ਬੱਚਾ ਸੀ! ਬੱਚਾ! ਸਿਰਫ਼ ਪੰਦਰਾਂ ਵਰਿ੍ਹਆਂ ਦਾ ਮੁੰਡਾ! – ਤੂੰ ਅਠਾਰਾਂ ਸਾਲਾਂ ਦੀ ਹੈ ਅਤੇ ਮੈਂ ਉਨੀਂ ਸਾਲਾਂ ਦਾ। ਮੈਂ ਹੁਣ ਖੇਦ ਪ੍ਰਗਟ ਕਰ ਰਿਹਾ ਸੀ ਪਰ ਤੈਨੂੰ ਤਾਂ ਕੋਈ ਫ਼ਰਕ ਨਹੀਂ ਸੀ। ਮੈਂ ਅਗਾਹਾਂ ਬੋiਲ਼ਆ, – ਨਾਲ਼ੇ ਉਨ੍ਹਾਂ ਨੂੰ ਇੱਥੇ ਪਾਰਟੀ ਕਰਨ ਸੱਦਣੈ…ਉਸ ਦੀ ਲਾਸ਼ ਇੱਥੇ…- ਮੈਂ ਗੱਲ ਸ਼ੁਰ ਕੀਤੀ।

– ਚੁੱਪ ਹੋ ਜਾ!- ਤੂੰ ਬੋਲ਼ੀ ਨਾਲ਼ੋਂ ਨਾਲ਼ ਬੱਤੀ ਦੱਬ ਦਿੱਤੀ। ਮੈਂ ਹੱਥ ਆਪਣੇ ਮੂੰਹ ਉੱਥੇ ਰੱਖ ਕੇ ਉੱਚੀ ਦੇਣੀ ਕਿਹਾ…- ਹਾਏ ਰੱਬਾ! – ਅਤੇ ਗਲਾਸ ਥੱਲੇ ਸੁੱਟ ਦਿੱਤਾ। ਇੱਕ ਦਮ ਤੇਰੀਆਂ ਬਾਹਾਂ ਫੜ ਲਈਆਂ। ਉਸ ਵੇਲ਼ੇ ਜਿੰਝ ਗਲਾਸ ਦਾ ਕੱਚ ਟਕੜਿਆਂ ਵਿੱਚ ਖਿੱਲਰ ਗਿਆ, ਸਾਡੀ ਗੰਢ ਵੀ ਖੁੱਲ਼੍ਹ ਗਈ ਸੀ। ਇਹ ਮੈਂ ਤੇਰੇ ਨੈਣਾਂ ਵਿੱਚ ਹੀ ਦੇਖ ਲਿਆ। ਪਰ ਮੈਂ ਤਾਂ ਇੱਕ ਚੇਤਾ ਭੁੱਲੀ ਯਾਦ ਕਰ ਕੇ ਬਾਹਾਂ ਕਾਬੂ ਕੀਤੀਆਂ।

– ਮੈਨੂੰ ਚੇਤਾ ਹੀ ਭੁਲ ਚੁੱਕਾ!-।
– ਚੇਤਾ? ਕਿਹੜੀ ਗੱਲ ਦਾ?-
– ਟਿਕਟ! ਟਿਕਟ ’ਤੇ ਬਿੱਲਾ! ਬਟਨ ਉਸ ਦਾ…!-
– ਕੀ ਕਿਹੜਾ ਟਿਕਟ?-।
– ਰੋਹਿਤ ਆਮ ਪੰਜਾਬੀਆਂ ਵਰਗਾ ਨਹੀਂ ਸੀ। ਉਹ ਤਾਂ ਥੀਏਟਰ ਜਾਂਦਾ ਸੀ…ਅੱਜ ਰਾਤ, ਉੱਥੇ ਹੀ ਚੱਲਿਆ ਸੀ…-।
– ਕੀ?- ਤੂੰ ਖਿਝ ਗਈ। ਜ਼ੋਰ ਦੇਣੀ ਤੂੰ ਆਪਣੀਆਂ ਬਾਹਾਂ ਛਡਾਈਆਂ।
– ਉਸ ਦੀ ਜੇਬ ਵਿੱਚੋਂ ਪੈਰ ਖਾਨੇ ਵਿੱਚ ਟਿਕਟ’ਤੇ ਸਕੂਲ ਦਾ ਬਟਨ ਡਿੱਗ ਗਏ!-।
– ਹੁਣ ਕਿੱਥੇ ਨੇ?-
– ਮੇਰੇ…ਕੋਲ਼…ਮੇਰੀ ਜੇਬ ਵਿੱਚ-।
– ਤੂੰ ਤਾਂ ਬਿਲਕੁਲ ਉੱਲੂ ਹੈ! ਪੱਕਾ ਸ਼ੁਦਾਈ। ਉਹ ਤਾਂ ਸਬੂਤ ਨੇ! ਕੱਢ ਜੇਬ ਵਿੱਚੋਂ। ਮੈਂ ਲੜ ਛਡਾਉਂਦੀ ਏ-, ਉਸ ਹੀ ਪਲ ਕਿਸੇ ਨੇ ਮੁਖ ਦਰਵਾਜ਼ੇ ਦੀ ਘੰਟੀ ਵਜਾ ਦਿੱਤੀ। – ਇੱਕ ਦਮ ਕੂੜੇਦਾਨ ਵਿੱਚ ਸੁੱਟ! ਨਹੀਂ ਮੈਨੂੰ ਫੜਾ…- ਤੂੰ ਗ਼ੁੱਸੇ ਵਿੱਚ ਹੱਥ ਅੱਗੇ ਕੀਤਾ। ਪਰ ਹੁਣ ਘੰਟੀ ਵਾਰ ਵਾਰ ਸੱਦ ਰਹੀ ਸੀ। ਅਤਿਥੀ ਆਉਣਾ ਸ਼ੁਰੂ ਹੋ ਗਏ। ਮੈਂ ਟੰਗੀ ਹੋਈ ਜਕੈਟ ਵਿੱਚੋਂ ਲਭ-ਕੱਢ ਕੇ ਤੈਨੂੰ ਦੇਣ ਲਈ ਘੁੰਮਿਆ।

ਘੰਟੀ ਖੜਕਦੀ ਰਹੀ। ਹੁਣ ਤੂੰ ਬੇਤਾਬ ਹੋ ਕੇ ਬੂਹਾ ਖੋਲ਼੍ਹਣਾ ਚਾਹੰਦੀ ਸੀ। ਕੱਚ ਵੱਲ ਅੱਖਾਂ ਨਾਲ਼ ਇਸ਼ਾਰਾ ਕੀਤਾ। – ਨਾਲ਼ੇ ਕੱਚ ਵੀ ਚੁੱਕ! ਖਰਾਬ ਲਗਦਾ-। ਤੂੰ ਹੁਣ ਬੂਹਾ ਖੋਲ਼੍ਹਣ ਤੁਰ ਪਈ ਅਤੇ ਮੈਂ ਝਮੇਲੇ ਵਿੱਚ ਜਾਕਟ ਦੇ ਜੇਬ ਵਿੱਚ ਵਾਪਸ ਸਬੂਤ ਰੱਖ ਦਿੱਤੇ। ਉਸ ਪਲ ਵਿੱਵ ਨਾ ਕੇ ਤੈਨੂੰ ਸੁੱਝਿਆ ਕਿ ਮੈਂ ਤੇਰੇ ਹੱਥ ਵਿੱਚ ਨਹੀਂ ਧਰੇ ਨਾ ਕੇ ਮੈਨੂੰ। ਪਰਾਹੁਣਿਆਂ ਨੇ ਤਾਂ ਮੈਨੂੰ ਭੈਭੀਤ ਕਰ ਦਿੱਤਾ ਸੀ। ਮੇਰਾ ਧਿਆਨ ਕੱਚ ਵੱਲ ਗਿਆ, ਉਸ ਨੂੰ ਸਾਫ਼ ਕਰਨ ਉੱਤੇ ਗਿਆ। ਆਪਣੇ ਤਰਾਸ ਵਿੱਚ ਧਿਆਨ ਹੋਰ ਪਾਸੇ ਲੈ ਕੇ ਜਾਣਾ ਚਾਹੁੰਦਾ ਸਾਂ। ਖ਼ਬਰੇ ਮਾਮਾ ਮਾਮੀ ਆਏ ਸੀ?

ਤੂੰ ਪੌੜੀਆਂ ਵੱਲੋਂ ਆਵਾਜ਼ ਦਿੱਤੀ, – ਸਬੂਤ ਨੂੰ ਸੁੱਟ ਦੇ! ਜਾਂ ਲੁਕੋ ਦੇ- ਫੇਰ ਤੂੰ ਬੂਹਾ ਖੋਲ੍ਹ ਦਿੱਤਾ। ਕੀ ਉਨ੍ਹਾਂ ਨੇ ਤਾਂ ਨਹੀਂ ਤੈਨੂੰ ਸੁਣਿਆ? ਮੈਂ ਤਾਂ ਤੇਰੀ ਗੱਲ ਇਹਸਾਸ ਨਹੀਂ ਸੀ ਕੀਤੀ। ਫ਼ਰਸ਼ ਸਾਫ਼ ਕਰਕੇ ਮੈਂ ਪੇਟੀ ਵੱਲ ਵਧਿਆ ਅਤੇ ਖਾਣੇ ਵਾਲ਼ੇ ਪ੍ਰਬੰਧ ਨਾਲ਼ ਰੁੱਝ ਗਿਆ। ਤੇਰਾ ਮੋਬਾਈਲ ਪੇਟੀ ਉੱਤੇ ਪਿਆ ਸੀ। ਜਦ ਤੂੰ ਮੁੱਖ ਦਰਵਾਜ਼ਾ ਖੋਲ੍ਹਣ ਗਈ ਉੱਥੇ ਛੱਡ ਦਿੱਤਾ ਸੀ।

ਮੈਂ ਡਾੲiਨਿੰਗ ਕਮਰੇ’ਚ ਵਾਪਸ ਚੱਲੇ ਗਿਆ। ਹੁਣ ਵਾਜੇ ਸਾਰੇ ਪਾਸੇ ਹੋ ਕੇ ਆਪਣੀ ਥਾਂ ਖਲੋਤੇ ਸਨ। ਮੈਂ ਨਵਾਂ ਗਲਾਸ ਚੁੱਕ ਲਿਆ ਅਤੇ ਹੋਰ ਵਿਸਕੀ ਭਰ ਲਈ। ਇੱਕ ਘੁੱਟ ਭਰ ਲਈ, ਗਲ਼ੇ ਨੂੰ ਗਰਮ ਕਰਦੀ ਪੇਟ ਵੱਲ ਗਈ। ਜਦ ਮੈਂ ਬੈਠਕ ਵਿੱਚ ਵਾਪਸ ਪਹੁੰਚਿਆ, ਤੇਰਾ ਫ਼ੋਨ ਵੱਜ ਰਿਹਾ ਸੀ। ਸਾਡੇ ਘਰ ਮਕਾਨ ਵਾਲ਼ਾ ਫ਼ੋਨ ਹੈ ਨਹੀਂ। ਸਿਰਫ਼ ਇੰਟਰਨੈਟ ਹੈ। ਅੱਜ ਕੱਲ੍ਹ ਸਾਰੇ ਜਣੇ ਨਿੱਜੀ ਫ਼ੋਨ ਹੀ ਰੱਖਦੇ ਨੇ।

ਮੈਂ ਬਿਨਾ ਸੋਚਣ ਤੋਂ ਫ਼ੋਨ ਚੁੱਕ ਲਿਆ। ਦੂੱਜੇ ਪਾਸਿਓ ਆਵਾਜ਼ ਨਹੀਂ ਆਈ। ਮੈਂ – ਹੈੱਲੋ- ਬੋiਲ਼ਆ। ਮੈਨੂੰ ਲੱਗਾ ਮੌਨ ਮਚ ਰਹੀ ਸੀ। – ਕੌਣ ਹੈਂ? ਕੀ ਚਾਹੁੰਦੈ? ਰੋਹਿਤ! ਰੋਹਿਤ ਹੈ? ਮਾਮਾ? ਕੌਣ? ਬੋਲ਼ ਸਾਲਿਆ ਨਹੀਂ ਤਾਂ ਮੈਂ ਬੰਦ ਕਰ ਦੇਣਾ! ਮੈਂ ਨਹੀਂ ਕੀਤਾ! ਨਹੀਂ ਕੀਤਾ! ਉਹ…ਰਬਾਬ ਨੇ…ਉਸ ਦੀ ਗ਼ਲਤੀ! ਪ੍ਰੀਤੀ! ਮੈਂ ਨਹੀਂ! ਨਹੀਂ! ਜਾਨ…ਜਾਨ ਲੈ ਲਈ! ਮਾਫ਼ ਕਰਨਾ! ਨਹੀਂ। ਕੌਣ ਹੈ? ਮੈਨੂੰ ਡਰਾ ਰਹੇ? ਕੌਣ!-। ਫੇਰ ਫ਼ੋਨ ਬੰਦ ਕਰ ਕੇ ਭੁੰਜੇ ਸੁੱਟ ਦਿੱਤਾ। ਜਦ ਉੱਪਰ ਦੇਖਿਆ, ਮੇਰੇ ਸਾਹਮਣੇ ਤੂੰ ਖੜ੍ਹੀ ਸੀ, ਤੇਰੇ ਨਾਲ਼ ਬਚਿੰਤ ਕੌਰ। ਸਾਰਿਆਂ ਦੀਆਂ ਅੱਖਾਂ ਥੱਲੇ ਪਏ ਫ਼ੋਨ ਉੱਤੇ ਸਨ। ਹੁਣ ਫ਼ੋਨ ਵਿੱਚੋਂ ਕਿਸੇ ਦੀ ਆਵਾਜ਼ ਆ ਰਹੀ ਸੀ। ਮੈਂ ਸੋਚਿਆ ਮੈਂ ਬੰਦ ਕਰ ਦਿੱਤਾ ਸੀ, ਪਰ ਨਹੀਂ। ਤੂੰ ਚੁੱਕ ਕੇ – ਹੈੱਲੋ- ਕੀਤੀ ਪਰ ਹੁਣ ਆਪ ਹੀ ਬੰਦ ਹੋ ਚੁੱਕਾ ਸੀ।

– ਕੌਣ ਸੀ?- ਤੂੰ ਆਖਿਆ।
– ਪਤਾ ਨ੍ਹੀਂ-। ਤੂੰ ਫ਼ੋਨ ਦਾ ਰੀਡਾਇਲ ਬਟਨ ਨੱਪ ਦਿੱਤਾ ਅਤੇ ਜਦ ਤੂੰ ਬੋਲ਼ੀ ਜਵਾਬ ਵਿੱਚ ਸੁਕਰਾਤ ਦੀ ਆਵਾਜ਼ ਤੈਨੂੰ ਮਿਲੀ।
– ਪ੍ਰੋਫੈਸਰ ਸਾਹਿਬ? ਤੁਸੀਂ ਠੀਕ ਹੋ? ਅੱਛਾ? ਆਹੋ। ਪਾਰਟੀ ਵੈਸੇ ਹੁਣ ਹੀ ਸ਼ੁਰੂ ਹੋਈ। ਜਦ ਮਰਜ਼ੀ ਪਹੁੰਚ ਜਾਵੋ! ਹਾਲੇ ਸਿਰਫ਼ ਬਚਿੰਤ ਕੌਰ ਹੀ ਪਹੁੰਚੇ ਨੇ। ਹਾਂ ਜੀ ਹਾਂ। ਸਸਰੀਕਾਲ-। ਫ਼ੋਨ ਬੰਦ ਕਰ ਕੇ ਮੈਨੂੰ ਜ਼ਹਿਰੀਲੀ ਨਜ਼ਰ ਦਿੰਦੀ। ਮੈਂ ਸਾਰਾ ਗਲਾਸ ਖਾਲ਼ੀ ਕਰਦਾ।

ਬਚਿੰਤ ਕੌਰ ਪੇਟੀ ਵੱਲ ਅੱਖ ਭਰ ਕੇ ਝਾਕਦੀ। ਸਾਡੇ ਕਾਲਜ ਵਿੱਚ ਵਿਦਿਆਰਥਣ ਹੈ। ਸ਼ਕਲ ਵਿੱਚ ਬਹੁਤ ਸੁੰਦਰ ਹੈ, ਤੇਰੇ ਨਾਲ਼ੋ ਵੀ, ਭਾਵੇਂ ਇਸ ਗੱਲ ਉੱਤੇ ਤੂੰ ਗ਼ੁੱਸਾ ਕਰੇ। ਪਰ ਦਿਮਾਗ਼ ਤੇਰੇ ਵਾਂਗ ਚੁਸਤ ਨਹੀਂ ਹੈ, ਕਾਫ਼ੀ ਸੁਸਤ ਹੈ। ਉਨ੍ਹਾਂ ਕੁੜੀਆਂ ਵਿੱਚੋਂ ਜੋ ਆਪ ਨੂੰ ਸਜਾ ਕੇ ਰੱਖਦੀਆਂ ਅਤੇ ਜੱਗ ਦੀ ਅੱਖ ਆਪ ਉੱਤੇ ਹੀ ਚਾਹੁੰਦੀਆਂ। ਦੁਨੀਆ ਵੀ ਸ਼ਕਲ ਨੂੰ ਅਕਲ ਉੱਤੇ ਪਸੰਦ ਕਰਦੀ ਹੈ ਅਤੇ ਇਨ੍ਹਾਂ ਕੁੜੀਆਂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਹੈ। ਮੂਰਖ ਕਰਕੇ ਤਾਂ ਤੂੰ ਉਸ ਨੂੰ ਸੱਦਾ ਭੇਜਿਆ ਸੀ। ਲੋਕ ਪੱਖੀ ਕਰਕੇ ਉਸ ਨੇ ਆਉਣਾ ਹੀ ਆਉਣਾ ਸੀ। ਹੋ ਸਕਦਾ ਸੱਚ ਮੁੱਚ ਉਹ ਬੂਝੋ ਹੋਵੇ, ਪਰ ਉਸ ਦੀਆਂ ਅੱਖਾਂ ਫੇਰ ਵੀ ਉਕਾਬੀ ਸਨ ਅਤੇ ਗੱਲ੍ਹਾਂ ਦੀਆਂ ਹੱਡੀਆਂ ਇੰਨੀਆਂ ਤਿੱਖੀਆਂ ਸਨ ਕਿ ਤੂੰ ਆਪਣੇ ਅੰਗੂਠੇ ਨੂੰ ਉਨ੍ਹਾਂ ਉੱਤੇ ਚੀਰ ਸਕਦੀ ਹੈ। ਵੈਸੇ ਅੰਗੂਠਾ ਬਾਰੇ ਚੇਤਾ ਭੁਲਾ। ਤੂੰ ਤਾਂ ਜਦ ਦੀ ਉਹ ਅੰਦਰ ਆਈ ਨੂੰ ਆਪਣੀ ਅੰਗੂਠੀ ਦਿਖਾ ਰਹੀ ਸੀ। ਮੈਂ ਤੈਨੂੰ ਕੁੜਮਾਈ ਵਾਲ਼ੀ ਮੁੰਦਰੀ ਖਰੀਦੀ ਸੀ ਅਤੇ ਤੂੰ ਸਭ ਨੂੰ ਦਿਖਾਉਣੀ ਚਾਹੁੰਦੀ ਸੀ ਕਿ ਤੂੰ ਮੇਰੀ ਮੰਗੇਤਰ ਸੀ। ਇਸ ਤੋਂ ਵੱਧ, ਕਿ ਮੁੰਦਰੀ ਉਤੇ ਅੱਧਾ ਕੈਰਟ ਦਾ ਹੀਰਾ ਸੀ। ਇੱਕ ਦਿਨ ਖੌਰ੍ਹੇ ਸਾਡਾ ਵਿਆਹ ਹੋ ਜਾਵੇਗਾ। ਪਰ ਹੁਣ ਵਾਸਤੇ ਪੰਜਾਬੀ ਲੋਕਾਂ ਸਾਹਮਣੇ ਸਾਡਾ ਇੱਕ ਛੱਤ ਹੇਠ ਰਹਿਣ ਵਾਸਤੇ ਤੇਰੀ ਉਂਗਲ਼ ਉੱਤੇ ਇਸ ਮੁੰਦਰੀ ਦੇਖ ਕੇ ਕਿਸੇ ਨੇ ਸਵਾਲ ਨਹੀਂ ਪੁੱਛਣੇ। ਨਹੀਂ ਤਾਂ ਜਦ ਵੀ ਦੋ ਜਣੇ ਇੰਝ ਰਹਿੰਦੇ ਨੇ ਸਾਡੇ ਲੋਕਾਂ ਨੂੰ ਵਿਆਹ ਦੇ ਸਵਾਲ ਹੀ ਆਉਂਦ ਨੇ ਅਤੇ ਸ਼ਾਦੀ ਕਰਨ ਉੱਤੇ ਜ਼ੋਰ ਪਾਉਂਦੇ ਨੇ। ਸੋ ਮੈਂ ਤੈਨੂੰ ਮੇਰੀ ਮੰਗੇਤਰ ਬਣਾ ਲਿਆ ਮੁੰਦਰੀ ਖਰੀਦ ਕੇ। ਅੱਜ
ਉਸ ਨੂੰ ਲੋਕਾਂ ਸਾਹਮਣੇ ਪਾ ਰਹੀ ਸੀ। ਉਂਝ ਤੇਰੇ ਅਤੇ ਬਚਿੰਤ ਵਿੱਚ ਕੀ ਫ਼ਰਕ ਸੀ? ਤੂੰ ਵੀ ਵਸਤਾਂ ਨਾਲ਼ ਹੀ ਖ਼ੁਸ਼ ਹੋ ਜਾਂਦੀ ਹੈ। ਇਹ ਤੁਹਾਡੀ ਸਾਰੀ ਤਰੀਮਤ ਜ਼ਾਤ ਦੀ ਕਮਜ਼ੋਰੀ ਹੈ। ਪਰ ਤੂੰ ਆਪ ਨੂੰ ਉਨ੍ਹਾਂ ਤੋਂ ਵੀ ਸਰੇਸ਼ਠ ਸਮਝਦੀ ਹੈ। ਤਾਂ ਹੀ ਤਾਂ ਮੁੰਦਰੀ ਦਿਖਾ ਰਹੀ ਸੀ। ਅੱਧੇ ਕੈਰਟ ਦਾ ਹੀਰਾ। ਇਸ ਦਾ ਮਤਲਬ ਕੇ ਸਾਰੇ ਤੈਥੋਂ ਘੱਟ ਹੀ ਸਨ। ਫੇਰ ਵੀ ਮੈਂ ਤਾਂ ਬਚਿੰਤ ਦੀ ਗੱਲ ਕਰ ਰਿਹਾ ਸੀ।

ਬਚਿੰਤ ਲੰਬੀ ਪਤਲੀ ਸੀ ਅਤੇ ਅੱਖਾਂ ਬਿੱਲੀਆਂ, ਨੱਕ ਤਿੱਖਾਂ, ਮੱਥਾ ਚੌੜ੍ਹਾ, ਬੁਲ੍ਹ ਮੋਟੇ। ਲਾਲ ਲਿਬਾਸ ਪਾਇਆ ਸੀ ਜਿਸ ਦੀ ਘੱਗਰੀ ਮਸਾਂ ਹੀ ਗੋਡਿਆਂ ਥੱਲੇ ਫ਼ੈਲ ਰਹੀ ਸੀ। ਪੈਰ ਵੀ ਛੈਲ ਜੁੱਤੀਆਂ ਵਿੱਚ ਸਨ। ਵਿੱਚ ਤਾਂ ਕਹਿ ਨਹੀਂ ਸੀ ਸਕਦੇ, ਜੋ ਲਾਲ ਪਟੇ ਹੀ ਸਨ ਜਦ ਪੈਰ ਅੱਧੇ ਸੁੱਧ ਨੰਗਾ ਹੀ ਸੀ। ਤੇਰੀ ਚਾਲ ਸੀ ਬਚਿੰਤ ਨੂੰ ਬੁਲਾਉਣਾ। ਕਿਉਂਕਿ ਤੇਰੀ ਉਲਟ ਸ਼ਖਸੀਅਤ ਸੀ ਅਤੇ ਮੋਹਨ ਟਿਵਾਣੇ ਵਾਸਤੇ ਤਾਂ ਪੂਰਨ ਸਾਥਣ। ਇਹ ਰਫ਼ੀਕ ਜੋੜੀ ਤੂੰ ਕਿਹਾ ਸਮਾਜ ਦੇ ਸਧਾਰਨ ਲੋਕਾਂ ਨੂੰ ਨੁਮਾਇੰਦਗੀ ਦੇਵੇਗੀ। ਸ਼ਾਇਦ ਇੱਕ ਦੂਜੇ ਦੇ ਯਾਰ ਵੀ ਬਣ ਜਾਵਾਂਗੇ।

– ਖਾਣਾ ਤਾਂ ਬਹੁਤ ਹੀ ਸੋਹਣਾ ਲੱਗ ਰਿਹਾ!- ਬਚਿੰਤ ਬੋਲ਼ੀ।
– ਥੈਂਕਸ। ਤੈਨੂੰ ਪਤਾ ਪ੍ਰੇਮ ਨੇ ਹੀ ਮੱਦਦ ਕੀਤੀ। ਤਕਰੀਬਨ ਉਸ ਨੇ ਹੀ ਬਣਾਇਆ- ਨਾਲ਼ੋਂ ਨਾਲ਼ ਤੇਰੀਆਂ ਉਂਗ਼ਲਾਂ ਉਸ ਦੀਆਂ ਅੱਖਾਂ ਸਾਹਮਣੇ ਪੈਲ ਪਾ ਰਹੀਆਂ ਸਨ। ਹੀਰਾ ਚਮਕਿਆ।
– ਸੱਚ! ਨਾਇਸ। ਪ੍ਰੇਮ’ਤੇ ਪ੍ਰੀਤੀ। ਨਾਂ ਜਚਦੇ। ਬਹੁਤ ਸੋਹਣੀ ਹੈ ਜੋੜੀ। ਹਾਂ ਪ੍ਰੇਮ ਤੂੰ ਤਾਂ ਸੱਚ ਮੁੱਚ ਸੋਹਣੀ ਮੁੰਦਰੀ ਲਿਆਂਦੀ। ਵਿਆਹ ਕਰਨ ਦਾ ਫ਼ੈਸਲਾ ਕਦੋਂ ਕੀਤਾ? ਮੈਂ ਹਾਲੇ ਵੀ ਹੈਰਾਨ ਹਾਂ ਕਿ ਤੁਸੀਂ ਦੁਨੀਆ ਪਹਿਲਾਂ ਨਹੀਂ ‘ਕੱਠੇ ਦੇਖਣੀ ਚਾਹੁੰਦੇ!-। ਬਚਿੰਤ ਨੇ ਹੱਸ ਕੇ ਕਿਹਾ।
– ਡਾਰਲਿੰਗ ਮੇਰੇ ਵਾਸਤੇ ਤਾਂ ਪ੍ਰੇਮ ਹੀ ਦੁਨੀਆ ਹੈ! ਹੋਰ ਕੀ ਚਾਹੀਦਾ ਮੈਨੂੰ!- ਤੂੰ ਉੱਤਰ ਦਿੱਤਾ।
– ਵਾਹ! ਆਹ ਸਾਰਾ ਖਾਣਾ ਪੇਟੀ ਉੱਤੇ ਰੱਖਿਆ? ਡਾਈਨਿੰਗ ਰੂਮ’ਚ ਨਹੀਂ? ਕਿਉਂ?-। ਤੂੰ ਤਾਂ ਚਾਹੁੰਦੀ ਸੀ ਉਸ ਨੂੰ ਦੱਸਣ ਕਿ ਅੱਜ ਪਾਰਟੀ ਕਰਨ ਦੀ ਅੱਧੀ ਵਜ੍ਹਾ ਤਾਂ ਮੰਗਣੀ ਸੀ, ਪਰ ਅੱਧੀ ਵਾਜਿਆ ਕਰਕੇ। ਭਾਵੇਂ ਗੱਲ ਕੁੜਮਾਈ ਤੋਂ ਪਰ੍ਹਾਂ ਚਲੇ ਗਈ ਹੁਣ ਤੈਨੂੰ ਮੌਕਾ ਮਿਲ ਪਿਆ ਪੇਟੀ ਬਾਰੇ ਗੱਲ ਕਰਨ ਦਾ।
– ਡਾਰਲਿੰਗ ਉੱਥੇ ਤਾਂ ਸਾਰਾ ਬੈਂਡ ਪਿਆ ਹੈ। ਜਗ੍ਹਾ ਨਹੀਂ ਹੈ। ਹਰ ਨੁੱਕਰ ਵਿੱੱਚ ਵਾਜੇ ਹੀ ਵਾਹੇ ਹਨ। ਮੈਨੂੰ ਵਿਰਸੇ’ਚ ਮਿਲੇ ਪਰ ਮੈਂ ਤਾਂ ਰੱਖਣਾ ਨਹੀਂ ਚਾਹੁੰਦੀ। ਤਾਂ ਹੀ ਤਾਂ ਅੱਜ ਪੰਨੂ ਸਾਹਿਬ ਆ ਰਹੇ ਨੇ। ਇੱਕ ਪਾਸੇ ਅਸੀਂ ਸਾਡੀ ਕੁੜਮਾਈ ਮਨਾ ਸਕਦੇ, ( ਤੂੰ ਆਪਣੀ ਉਂਗਲ਼ ਫੇਰ ਵਦਾਈ) ਦੂਜੇ ਪਾਸੇ ਸਾਰੇ ਸਮਾਨ ਤੋਂ ਖਹਿੜਾ ਛਡਾ ਸਕਦੇ! ਉਸ ਦਾ ਸ਼ੌਕ ਹੈ ਅਤੇ ਮੈਂ ਫ਼ਲੈਟ’ਚੋਂ ਕੱਢਣੇ ਚਾਹੁੰਦੀ ਹਾਂ। ਮਾਫ਼ ਕਰਨਾ। ਉਂਝ ਜਿੰਨੇ ਜਣਿਆਂ ਨੇ ਆਉਣਾ, ਉਨ੍ਹਾਂ ਲਈ ਕਾਫ਼ੀ ਜਗ੍ਹਾ ਹੈ। ਕੀ ਖਿਆਲ?-।
– ਪੰਨੂ? ਰੋਹਿਤ ਪੰਨੂ ਦਾ ਡੈਡ?- ਬਚਿੰਤ ਨੇ ਮੈਨੂੰ ਹੈਰਾਨ ਕਰ ਦਿੱਤਾ। ਉਹ ਰੋਹਿਤ ਬਾਰੇ ਕੀ ਜਾਣਦੀ ਸੀ? ਕੀ ਮਾਮਾ ਮਾਮੀ ਨੂੰ ਜਾਣਦੀ ਆ?
– ਜੀ ਹਾਂ, ਉਹ ਹੀ- ਤੂੰ ਝੂਠੀ ਮੁਸਕਾਨ ਦੇ ਕੇ ਕਿਹਾ। ਜੇ ਤੂੰ ਵੀ ਹੈਰਾਨ ਸੀ ਕਿ ਉਹ ਪੰਨੂਆਂ ਨੰ ਜਾਣਦੀ ਸੀ, ਨਾ ਹੀ ਤੂੰ ਦਿਖਾਇਆ ਨਾ ਹੀ ਤੂੰ ਤੱਲਕ ਬਾਰੇ ਸਵਾਲ ਪੁੱਛਿਆ।
– ਪੇਟੀ ਤਾਂ ਅਜੀਬ ਲੱਗ ਰਹੀ ਸੀ। ਠੀਕ। ਕੀ ਇਹ ਤਾਂ ਨਹੀਂ ਕਿ ਵਿੱਚ ਕੁੱਝ ਲੁਕੋਇਆ ਹੈ?- ਬਚਿੰਤ ਹੱਸ ਕੇ ਬੋਲ਼ੀ। ਤੂੰ ਆਪਣੇ ਨੱਕ ਉੱਤੇ ਇੱਕ ਉਂਗਲ਼ ਧਰ ਕੇ ਉਸ ਨੂੰ ਝਪਕੀ ਦਿੱਤੀ। ਪਰ ਮੈਂ ਡਰ ਗਿਆ ਅਤੇ ਕਾਹਲ਼ੀ ਦੇਣੀ ਬੋiਲ਼ਆ।
– ਕੀ ਮਤਲਬ ਲੁਕੋਇਆ?-।

ਬਚਿੰਤ ਜਵਾਬ ਹੀ ਪੇਸ਼ਕਸ਼ ਕਰਨ ਲੱਗੀ ਸੀ ਜਦ ਮੁੱਖ ਦਰਵਾਜ਼ੇ ਦੀ ਘੰਟੀ ਫੇਰ ਵੱਜੀ।
– ਆ ਇੱਕ ਹੋਰ ਪਰਾਹੁਣਾ!- ਕਹਿ ਕੇ ਤੂੰ ਤੁਰ ਪਈ। ਮੈਂ ਗਲਾਸ ਪਿੱਛੋਂ ਨਰਾਜ਼ਗੀ ਨਾਲ਼ ਬਚਿੰਤ ਵੱਲ ਬਿਤਰਦਾ ਸੀ। ਸਾਨੂੰ ਪਹਿਲਾਂ ਮੋਹਨ ਅਤੇ ਤੇਰੀਆਂ ਹੱਸੇ ਨਾਲ਼ ਭਰੀਆਂ ਆਵਾਜ਼ਾਂ ਸੁਣਿਆਂ, ਫੇਰ ਤੂੰ ਉਸ ਨੂੰ ਸਾਡੇ ਸਹਾਮਣੇ ਲਿਆ ਬੈਠਾਇਆ। ਮੈਂ ਭਾਵੇਂ ਉਸ ਨੂੰ ਪਹਿਲਾਂ ਵੀ ਮਿਲਿਆ ਹੋਵੇ, ਪਰ ਹੈਰਾਨ ਹੋ ਗਿਆ ਜਦ ਦੇਖਿਆ ਉਹ ਤਾਂ ਬਿਲਕੁਲ਼ ਰੋਹਿਤ ਦਾ ਜੌੜਾ ਲਗਦਾ ਸੀ।

ਉਸੇ ਤਰ੍ਹਾਂ ਦੇ ਹੋਠ; ਉਸੇ ਤਰ੍ਹਾਂ ਦੀਆਂ ਅੱਖਾਂ, ਉਸੇ ਤਰ੍ਹਾਂ ਦੇ ਵਾਲ਼। ਸਿਰਫ਼ ਨੱਕ ਵਿੱਚ ਥੋੜਾ ਜਿਹਾ ਫ਼ਰਕ ਸੀ ਅਤੇ ਉਸ ਦੀ ਉਮਰ ਸਾਡੀ ਸੀ। ਉਂਝ ਮੋਹਨ ਦੇ ਕੱਪੜੇ ਲੀੜੇ ਕੋਈ ਨਖੱਤੀ ਇਨਸਾਨ ਵਰਗੇ ਪਾਏ ਸਨ ਜੋ ਮੈਨੂੰ ਲਗਦਾ ਰੋਹਿਤ ਤੋਂ ਉਲਟ ਸਨ। ਬਚਿੰਤ ਤੋਂ ਵੀ ਅੱਡ ਜਾਪਦਾ ਸੀ। ਜਿਵੇਂ ਰਾਜ ਕਪੂਰ ਦਾ ਅਵਾਰਾ ਆ ਖਲੋਇਆ ਹੁੰਦਾ। ਲੀੜਿਆਂ ਦੀ ਗੱਲ ਇੱਕ ਸੀ, ਉਸ ਦੀ ਸ਼ਕਲ ਦੀ ਹੋਰ। ਮੁੰਡਾ ਸੁਨੱਖਾ ਸੀ, ਭਾਵੇਂ ਪਾਟੀਆਂ ਜੀਨਾ ਪਹਿਨੀਆਂ ਸਨ ਅਤੇ ਇੱਕ ਆਮ ਟੀਸ਼ਰਟ।

ਉਸ ਨੂੰ ਦੇਖ ਕੇ ਸਮਝ ਗਿਆ ਕਾਹਤੋਂ ਬੁਲਾਇਆ ਸੀ। ਉਸ ਨੇ ਤਾਂ ਮਾਮੇ ਨੂੰ ਭੁਲੇਖਾ ਦੇ ਦੇਣਾ ਸੀ। ਇਸ ਵੇਲ਼ੇ ਤਾਂ ਜਿੰਝ ਪਹਿਲਾਂ ਬਚਿੰਤ ਖਾਣੇ ਵੱਲ ਦੇਖ ਰਹੀ ਸੀ, ਉਂਝ ਹੀ ਮੋਹਨ ਵੱਲ ਝਾਕਦੀ ਸੀ।

ਮੋਹਨ ਨੇ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਕੀਤਾ। ਉਹ ‘ਤੇ ਬਚਿੰਤ ਇੱਕ ਦੂਜੇ ਨੂੰ ਨਹੀਂ ਸੀ ਜਾਣਦੇ। ਤੂੰ ਉਨ੍ਹਾਂ ਦੀ ਜਾਣ ਪਛਾ ਕਰਵਾਈ – ਇਹ ਹੈ ਮੋਹਨ ਟਿਵਾਣਾ। ’ਤੇ ਇਹ ਬੰਚਿੰਤ ਕੌਰ ਹੈ-। ਫੇਰ ਤੇਰੀ ਅੱਖ ਵਿੱਚ ਇੱਕ ਚਲਾਕੀ ਚਮਕੀ। ਤੂੰ ਵੀ ਦੇਖ ਲਿਆ ਸੀ ਕਿੰਝ ਬਚਿੰਤ ਮੋਹਨ ਵੱਲ ਤਾੜਦੀ ਸੀ। ਤੈਨੂੰ ਉਤਸੁਕਤਾ ਵੀ ਸੀ ਕਿਵੇਂ ਬਚਿੰਤ ਰੋਹਿਤ ਨੂੰ ਜਾਣਦੀ ਹੈ। ਸੋ ਇਹ ਗੱਲ ਹਾਈਲਾਈਟ ਕੀਤੀ। – ਬਚਿੰਤ ਕੁੜੇ, ਤੈਨੂੰ ਲਗਦਾ ਨਹੀਂ ਜਿਵੇਂ ਰੋਹਿਤ ਤੇਰੇ ਸਾਹਮਣੇ ਖੜ੍ਹਾ ਹੈ?-। ਤੂੰ ਮੁਸਕਰਾ ਕਿ ਕਿਹਾ।
– ਹਾਂ। ਐਣ ਇੱਕ ਦਮ ਡੁਪਲੀਕੇਟ!- ਬਚਿੰਤ ਨੂੰ ਤਾਂ ਬਹਾਨਾ ਮਿਲ ਗਿਆ ਮੋਹਨ ਨਾਲ਼ ਸ਼ਰੇਆਮ ਬੋਲ਼ਣ ਦਾ ਅਤੇ ਗਹੁ ਨਾਲ਼ ਨੇੜੇ ਹੋ ਕੇ ਤੱਕਣ ਦਾ। ਇਸ ਬਹਾਨੇ ਨਾਲ਼ ਉਸ ਲਾਗੇ ਆ ਖਲੋਈ।
– ਪ੍ਰੇਮ, ਐਣ ਤੇਰਾ ਮਸੇਰਾ ਭਰਾ ਹੈ ਨਾ, ਤੂੰ ਦੱਸ!- ਤੂੰ ਮੈਨੂੰ ਵੀ ਗੱਲ ਵਿੱਚ ਘਸੀਟ ਲਿਆ। ਮੈਂ ਆਪਣਾ ਗਲਾਸ ਫੇਰ ਭਰ ਲਿਆ ਸੀ। ਹੁਣ ਇੱਕ ਹੋਰ ਘੁੱਟ ਲਾ ਕੇ ਗੰਭੀਰ- ਹਾਂ- ਮੂੰਹ ਵਿੱਚੋਂ ਕੱਢ ਲਈ।
– ਵੈਸੇ ਤੂੰ ਰਹਿਤ ਨੂੰ ਕਿਵੇਂ ਜਾਣਦੀ ਆ?- ਤੁੰ ਬਚਿੰਤ ਨੂੰ ਹੁਣ ਆਖਿਆ।
– ਸਾਰੇ ਟੱਬਰ ਨੂੰ ਜਾਣਦੀ ਹਾਂ। ਮਾਵਾਂ ਜਿਓਂ ਸਹੇਲੜੀਆਂ ਨੇ-।
– ਅੱਛਾ!- ਫੇਰ ਤੂੰ ਆਪਣੀ ਉਂਗਲ਼ ਮੋਹਨ ਦੇ ਸਾਹਮਣੇ ਕਰ ਕੇ ਦਿਖਾਉਂਦੀ – ਆ ਵੇਖ ਪ੍ਰੇਮ ਨੇ ਮੇਰੇ ਲਈ ਕੀ ਲਿਆਂਦਾ!-।
– ਵਾਹ! ਸਵੀਟ! ਤੁਸੀਂ ਵਿਆਹ ਕਰਨ ਲੱਗੇ? ਇੰਨੀ ਛੇਤੀ?- ਮੋਹਨ ਹੈਰਾਨ ਸੀ।
– ਮੈਂ ਵੀ ਇਹੀ ਕਿਹਾ- ਬਚਿੰਤ ਮੋਹਨ ਦੇ ਐਣ ਲਾਗੇ ਹੋ ਗਈ।
– ਪ੍ਰੇਮ, ਮੋਹਨ ਲਈ ਡਰਿੰਕ ਤਾਂ ਲੈ ਕੇ ਆ!- ਤੂੰ ਮੈਨੂੰ ਡਾਈਨਿੰਗ ਕਮਰੇ ਵੱਲ ਧੱਕਿਆ। ਮੈਂ ਡੀਕ ਲਾ ਕੇ ਚੱਲੇ ਗਿਆ। ਜਦ ਦੋ ਵਿਸਕੀਆਂ ਨਾਲ਼ ਵਾਪਸ ਆਇਆ, ਤੂੰ ਬੋਲ਼ੀ, – ਮੇਰੇ’ਤੇ ਬਚਿੰਤ ਦੇ ਕਿੱਥੇ ਨੇ?-।
– ਮੇਰੇ ਕੋਲ਼ ਦੋ ਹੀ ਹੱਥ ਨੇ!- ਮੈਂ ਜਵਾਬ ਨਾਲ਼ ਪਟੋਕੀ ਮਾਰੀ। ਜਦ ਮੈਂ ਗਿਆ, ਲਗਦਾ ਕਿ ਮੋਹਨ ਨੇ ਵੀ ਪੇਟੀ ਬਾਰੇ ਤੈਨੂੰ ਸਵਾਲ ਆਖਿਆ। ਅੱਜ ਤਾਂ ਸਾਰਿਆਂ ਨੇ ਪੁੱਛਣਾ! ਸਾਰਿਆਂ ਦਾ ਧਿਆਨ ਪੇਟੀ ਵੱਲ ਹੀ ਜਾਣਾ ਸੀ! ਤੇਰੇ ਅੱਖੜਪਨ ਦੀ ਵਜ੍ਹਾ! ਮੇਰਾ ਦਿਲ ਤਾਂ ਦੌੜ ਰਿਹਾ ਸੀ। ਹੁਣ ਜਵਾਬ ਵਿੱਚ ਬਚਿੰਤ ਕੁੱਝ ਕਹਿ ਰਹੀ ਸੀ ਅਤੇ ਮੈਂ ਅੱਧੀ ਗੱਲ ਹੀ ਸੁਣੀ।

– …ਸੋ ਤਾਂ ਹੀ ਇੱਥੇ ਖਾ ਰਹੇ ਅੱਜ। ਮੋਹਨ ਤੈਨੂੰ ਕੀ ਲਗਦਾ? ਪੇਟੀ ਵਿੱਚ ਕੁੱਝ ਜ਼ਰੂਰ ਲੁਕੋਇਆ ਹੈ। ਦਾਲ਼ ਵਿੱਚ ਕੁੱਝ ਕਾਲ਼ਾ ਲਗਦਾ!-।

ਮੈਂ ਡਾਈਨਿੰਗ ਕਮਰੇ ਵੱਲੋਂ ਹੀ ਪੁੱਛਣ ਲੱਗਾ ਸੀ ਇਸ ਦਾ ਕੀ ਮਤਲਬ ਹੈ, ਜਦ ਤੂੰ ਇਸ਼ਾਰਾ ਬੈਠਕ ਵਿੱਚੋਂ ਹੀ ਕਰ ਦਿੱਤਾ ਕਿ ਮੈਂ ਕੁੱਝ ਨਹੀਂ ਬੋਲ਼ਣਾ। ਮੈਂ ਘੂਰ ਕੇ ਵਾਪਸ ਵੇਖਿਆ। ਤੁਹਾਡੇ ਗਲਾਸ ਭਰ ਕੇ ਆਪਣਾ ਹੁਣ ਉੱਥੇ ਛੱਡ ਦਿੱਤਾ। ਜਦ ਮੈਂ ਵਾਪਸ ਪੁੱਜਿਆ, ਤਿੰਨ ਹੀ ਜਣੇ ਹੱਸ ਰਹੇ ਸੀ। ਮੈਂ ਇੱਕ ਭੰਡ ਵਾਂਗ ਸਭ ਦੀਆਂ ਬਿਨਤੀਆਂ ਵਾਸਤੇ ਇੱਕ ਬਹਿਰਾ ਹੀ ਸੀ! ਗ਼ੁੱਸੇ ਵਿੱਚ ਮੈਂ ਆਪਣਾ ਗਲਾਸ ਲੈਣ ਡਾਈਨਿੰਗ ਰੂਮ ਵੱਲ ਮੁੜਿਆ। ਜਦ ਬੈਠਕ ਪਰਤਿਆ, ਰੋਹਿਤ ( ਜਿਸ ਨੂੰ ਹੁਣ ਤੱਕ ਤੂੰ ਕੇਵਲ ਸ਼ੈ ਕਹਿ ਰਹੀ ਸੀ) ਬਾਰੇ ਫੇਰ ਗੱਲ ਕਰ ਰਹੇ ਸੀ ਅਤੇ ਉਸ ਦੀ ਮੋਹਨ ਨਾਲ਼ ਕਿੰਨੀ ਸ਼ਕਲ ਮਿਲਦੀ ਸੀ। ਮੇਰੇ ਪੇਟ ਵਿੱਚ ਵੱਟ ਪੈਣ ਲੱਗ ਪਏ।

– ਇੰਨਾ ਵੀ ਨਹੀਂ ਰੋਹਿਤ ਵਰਗਾ ਹੈ!- ਮੈਥੋਂ ਉੱਚੀ ਦੇਣੀ ਕਹਿ ਹੋ ਗਿਆ। ਤਿੰਨੋ ਹੀ ਚੁੱਪ ਹੋ ਗਏ। ਸੱਚ ਸੀ ਬਚਿੰਤ ਮੋਹਨ ਉੱਤੇ ਡੁੱਲ੍ਹ ਗਈ ਸੀ ਅਤੇ ਰੋਹਿਤ ਤਾਂ ਸਿਰਫ਼ ਇੱਕ ਬਹਾਨਾ ਸੀ। ਜਦ ਸ਼ਕਲਾਂ ਮਿਲਦੀਆਂ ਫੇਰ ਕਲੋਲੀਆਂ ਕਰਨ ਇਹ ਹਕੀਕਤ ਵਰਤਣੀ ਹੀ ਸੀ। ਪਰ ਤੂੰ ਵਾਰ ਵਾਰ ਉਨ੍ਹਾਂ ਦੀ ਮਿਲਦੀ ਸ਼ਕਲ ਬਾਰੇ ਟਪਾਰ ਕਿਉਂ ਕਰ ਰਹੀ ਸੀ? ਕਿਉਂ!

ਸਭ ਦੇ ਦਿਮਾਗ਼ ਵਿੱਚ ਰੋਹਿਤ ਦਾ ਨਾਂ ਹੀ ਫਸ ਜਾਣਾ ਸੀ।

ਘੰਟੀ ਫੇਰ ਵੱਜੀ। ਤੂੰ ਥੱਲੇ ਚਲੀ ਗਈ। ਖ਼ਮੋਸ਼ੀ ਨੂੰ ਖ਼ਤਮ ਕਰਨ ਲਈ ਮੋਹਨ ਨੇ ਉਂਞ ਹੀ ਪੁੱਛਿਆ: – ਪੇਟੀ ਵਿੱਚ ਕੀ ਹੈ?-।
– ਕੁੱਝ ਨਹੀਂ…ਸਮਾਨ। ਕਾਹਤੋਂ?- ਮੈਂ ਤਾਂ ਹੁਣ ਸਹਿਮਿਆ ਪਿਆ ਸੀ।
– ਕੁੱਝ ਨਹੀਂ- ਮੋਹਨ ਮੇਰੇ ਵੱਲ ਝਾਕਣ ਲੱਗਾ ਜਿੰਝ ਮੈਂ ਪਾਗਲ ਹੁੰਦਾ।

ਹੱਸ ਕੇ ਬਚਿੰਤ ਬੋਲ਼ੀ – ਮੈਨੂੰ ਲਗਦਾ, ਇਨ੍ਹਾਂ ਨੇ ਕੋਈ ਅਵਾਰੇ ਬੁੱਢੇ ਨੂੰ ਮਾਰ ਕੇ ਵਿੱਚ ਤੁੰਨਿਆ ਹੈ-।

ਬੱਸ ਇੱਹ ਗੱਲ ਸੁਣ ਕੇ ਮੈਂ ਤਾਂ ਚੰਗੀ ਤਰ੍ਹਾਂ ਘਬਰਾ ਗਿਆ; ਪਹਿਲਾਂ ਨਾਲੋਂ ਜ਼ਿਆਦਾ ਜੁਸ਼ੀਲਾ ਹੋ ਕੇ ਵਿਸਕੀ ਡੀਕ ਕੇ ਉੱਚੀ ਦੇਣੀ ਚੀਕਣ ਲੱਗ ਪਿਆ। ਜਿਵੇਂ ਕੋਈ ਲੇਲਾ ਨੁਕੀਲੇ ਕੰਡੇਦਾਰ ਤਾਰ ਵਿੱਚ ਫਸ ਕੇ ਹੂਕ ਉੱਠਾਉਂਦਾ; ਆਪਣੀ ਮਾਂ ਨੂੰ ਕੂਕਾਂ ਮਰਦਾ ਹੋਵੇ। ਇੰਝ ਕਰਦੇ ਨੂੰ ਮੈਨੂੰ ਦੇਖ ਕੇ ਦੋਵੇਂ ਹੈਰਾਨ ਹੋ ਗਏ। ਜਦ ਮੈਂ ਹੋਸ਼’ਚ ਆਇਆ, ਤੂੰ ਉਨ੍ਹਾਂ ਨਾਲ਼ ਖਲੋਈ ਸੀ। ਤੇਰੇ ਕੋਲ਼ ਮਾਮਾ ਹੁਣ ਵੀ ਸੀ। ਮਾਮੀ ਨਹੀਂ ਆਈ।

– ਕੀ ਗੱਲ ਸਭ ਕੁੱਝ ਠੀਕ ਹੈ? – ਤੂੰ ਆਖਿਆ। ( ਮੈਨੂੰ ਲਗਦਾ ਮੋਹਨ ਨੇ ਕਾਨਾਫੂਸੀ ਕਰ ਕੇ ਤੇਰੇ ਕੰਨੀਂ ਪਾਈ – ਸ਼ਰਾਬੀ ਲਗਦਾ-) । ਪਰ ਮੈਂ ਤਾਂ ਤੇਰੇ ਸਵਾਲ ਦਾ ਜਵਾਬ ਦਿੱਤਾ।
– ਆਹੋ…ਕੁੱਝ ਨਹੀਂ…( ਫੇਰ) ਸਸਰੀਕਾਲ ਮਾਮਾ ਜੀ…ਮਾਮੀ ਜੀ ਨਹੀਂ ਆਈ?- ਮੈਨੂੰ ਹੋਰ ਕੁੱਝ ਕਹਿਣਾ ਨਹੀਂ ਸੁੱਝਿਆ।
– ਸਸਰੀਕਾਲ ਬੇਟਾ!- ਮਾਮੇ ਨੇ ਹੇਜ ਭਰਿਆ ਉੱਤਰ ਦਿੱਤਾ।
– ਸਸਰੀਕਾਲ ਅੰਕਲ ਜੀ- ਬਚਿੰਤ ਨੇ ਬੋਲ਼ ਕੇ ਉਸ ਨੂੰ ਕਲ਼ੈਜੇ ਨਾਲ਼ ਲਾਇਆ। ਫੇਰ ਮਾਮਾ ਮੇਰੇ ਕੋਲ਼ ਆਇਆ ਅਤੇ ਮੈਂ ਉਸ ਨੂੰ ਜੱਫੀ ਪਾਈ।
– ਮਾਮੇ ਨੂੰ ਵੀ ਕੁੱਝ ਪੀਣ ਲਈ ਲੈ ਕੇ ਆ- ਤੂੰ ਆਪਣਾ ਹੁਕਮ ਫੇਰ ਚਲਾਇਆ। ਮੈਂ ਇੱਕ ਬਾਰ ਫੇਰ ਵਾਜਿਆਂ ਪਾਸ ਗਿਆ। ਉੱਥੇ ਮੈਂ ਪਹਿਲਾਂ ਪੂਰਾ ਗਲਾਸ ਖਾਲ਼ੀ ਕਰ ਦਿੱਤਾ। ਮੇਰੇ ਮੋਢਿਆਂ ਪਿੱਛੇ ਇੰਝ ਜਾਪਿਆ ਜਿੰਝ ਸਾਰੇ ਵਾਜੇ ਇਕੱਠੇ ਹੋ ਕੇ ਮੇਰਾ ਸ਼ਰਾਬ ਦੇ ਸੇਵਨ ਦਾ ਨਿਤਾਰਾ ਕਰ ਰਹੇ ਸੀ। ਮੈਨੂੰ ਬਹੁਤ ਗ਼ੁੱਸਾ ਚੜ੍ਹਿਆ ਸੀ ਕਿ ਰੋਹਿਤ ਦੀ ਲਾਸ਼ ਪੇਟੀ ਵਿੱਚ ਸੀ ਅਤੇ ਸਾਰੇ ਉਸ ਹੀ ਪੇਟੀ ਬਾਰੇ ਸਵਾਲ ਪੁੱਛਦੇ ਸੀ। ਉਸ ਦੀ ਸਮੱਗਰੀ ਬਾਰੇ ਮਖ਼ੌਲ ਕਰ ਰਹੇ ਸੀ।

ਜਦ ਮੈਂ ਵਾਪਸ ਪਹੁੰਚਿਆ ਅਤੇ ਮਾਮੇ ਨੂੰ ਉਸ ਦਾ ਡਰਿੰਕ ਫੜਾ ਕੇ ਦਿੱਤਾ, ਉਹ ਸਭ ਨੂੰ ਸਮਝਾ ਰਿਹਾ ਸੀ ਕਿ ਰੋਹਿਤ ਹਾਲ਼ੇ ਘਰ ਨਹੀਂ ਪੁੱਜਿਆ ਤਾਂ ਹੀ ਮਾਮੀ ਆਈ ਨਹੀਂ। ਕਿ ਰੋਹਿਤ ਅੱਜ ਲੰਡਨ ਇੱਕ ਨਾਟਕ ਦੇਖਣ ਗਿਆ ਸੀ, ਪਰ ਸਕੂਲ ਬਾਅਦ ਕਿਸੇ ਨੇ ਉਸ ਨੂੰ ਦੇਖਿਆ ਨਹੀਂ ਸੀ। ਪੰਜਾਬੀ ਲੋਕ ਤਾਂ ਮਸਾਂ ਹੀ ਸਿਨੇਮਾ ਜਾਣਦੇ ਨੇ। ਨਾਟਕ ਤਾਂ ਹਟਵੀਂ ਗੱਲ ਹੈ। ਦਿਮਾਗ਼ ਖ਼ਰਚਣ ਦੀ ਗੱਲ ਹੈ ਜੋ ਸਾਡੇ ਲੋਖ ਕਰਨਾ ਨਹੀਂ ਚਾਹੁੰਦੇ। ਉਨ੍ਹਾਂ ਨੂੰ ਸਿਰਫ਼ ਜੇ ਕੁੱਝ ਖੱਟਣ ਵਾਲ਼ੀਆਂ ਚੀਜ਼ਾਂ ਵਿੱਚ ਹੀ ਦਿਲਚਸਪੀ ਹੈ। ਗੋਰੇ ਸ਼ੈਕਸਪੀਅਰ ਦੀ ਪੂਜਾ ਕਰਦੇ, ਸਾਡੇ ਤਾਂ ਨਾ ਹੀ ਪੜ੍ਹਦੇ ਨੇ ਅਤੇ ਨਾ ਹੀ ਕਲਾ ਕਿੱਸੇ ਦੀ ਕਦਰ ਕਰਦੇ ਨੇ। ਫਿਰ ਵੀ ਆਪਾਂ ਮਾਮੇ ਅਤੇ ਰੋਹਿਤ ਦੀ ਗੱਲ ਕਰ ਰਹੇ ਸੀ। ਵਿਚਾਰਾ ਮਾਮਾ ਹਾਲ਼ੇ ਹੋਰ ਫਿਕਰਾਂ ਦੀ ਗੱਲ ਕਰਨ ਹੀ ਲੱਗਾ ਸੀ ਜਦ ਇੱਕ ਬਾਰ ਫੇਰ ਤੂੰ ਰਹਿਤ ‘ਤੇ ਮੋਹਨ ਦੀ ਤੁਲਨਾ ਕਰਨ ਲੱਗ ਪਈ। ਖੁੰਢੀ ਔਰਤ!

ਪਤਾ ਨਹੀਂ ਕਿੰਝ ਤੇਰੀ ਸਕੀਮ ਨੂੰ ਮੰਨ ਪਿਆ! ਅੱਜ ਅਫ਼ਸੋਸ ਹੈ ਕਿ ਤੂੰ ਮੇਰੀ ਮੰਗੇਤਰ ਆ! ਅਤੇ ਮੈ ਕੋਈ ਪੱਛਮੀ ਫ਼ਿਲਾਸਫ਼ਰ ਦੇ ਜਾਲ਼ ਵਿੱਚ ਆ ਬੈਠਾ! ਉਸ ਦੇ ਗ਼ਲਤ ਖਿਆਲ! ਆਹੋ ਮੈਂ ਆਪਣੇ ਫ਼ੈਸਲੇ ਨੂੰ ਪਰਸ਼ਨ ਕਰ ਰਿਹਾ ਹਾਂ!
– ਹਾਂ। ਗੱਲ ਸਹੀ ਹੈ। ਤੂੰ ਸਾਡੇ ਰੋਹਿਤ ਵਰਗਾ ਹੀ ਲਗਦਾ ਹੈਂ! ਅਕਸਰ ਹਰ ਵੇਰਵੇ ਵਿੱਚ ਨਹੀਂ, ਪਰ ਉਹੀ…ਸਹੀ ਗੱਲ…ਪਤਾ ਨਹੀਂ ਉਹ ਕਿੱਥੇ ਹੈ। ਇਸ ਕਰਕੇ ਮੈਂ ਬਹੁਤ ਦੇਰ ਲਈ ਨਹੀਂ ਰਹਿ ਸਕਦਾ-। ਮਾਮਾ ਨੇ ਗਮਨਾਕ ਸੁਰ ਵਿੱਚ ਕਿਹਾ।
– ਉਹ ਫ਼ੋਨ ਨਹੀਂ ਚੁੱਕ ਰਿਹਾ? ਕੀ ਤੁਸੀਂ ਪੁਲੀਸ ਨੂੰ ਫ਼ੋਨ ਕਰਨਾ?- ਬਚਿੰਤ ਨੇ ਫਿਕਰ ਭਰੀ ਆਵਾਜ਼ ਵਿੱਚ ਆਖਿਆ।
– ਸ਼ਾਇਦ। ਜੇ ਥੋੜ੍ਹਾ ਚਿਰ ਤੱਕ ਨਹੀਂ ਆਇਆ…ਫ਼ੋਨ ਉੱਤੇ ਸਨੇਹਾ ਤਾਂ ਛੱਡ ਦਿੱਤੇ। ਉਸ ਦੇ ਸਕੂਲ ਵਾਲ਼ੇ ਆੜੀਆਂ ਨੂੰ ਵੀ ਆਖਿਆ, ਪਰ ਉਨ੍ਹਾਂ ਨੂੰ ਕੀ ਨਾਟਕਾਂ ਬਾਰੇ ਪਤਾ?- ਸਾਰੇ ਚੁੱਪ ਹੋ ਗਏ। ਮੇਰੀ ਲੱਤ ਕੰਬਣ ਲੱਗ ਪਈ। ਇਹ ਗੱਲ ਹੋਰ ਕਿਸੇ ਨੂੰ ਪਤਾ ਨਹੀਂ ਲੱਗੀ। ਸਿਰਫ਼ ਤੈਨੂੰ। ਤੂੰ ਮੈਨੂੰ ਇਸ਼ਾਰਾ ਕੀਤਾ।
– ਫੇਰ ਆਪਾਂ ਹੁਣੀ ਹੀ ਵਾਜੇ ਤੁਹਾਨੂੰ ਦਿਖਾਉਂਦੇ! ਜੇ ਅੱਜ ਨਹੀਂ ਲੈ ਕੇ ਜਾ ਸਕਦੇ ਕੋਈ ਵੱਡੀ ਗੱਲ ਨਹੀਂ ਹੈ। ਰੋਹਿਤ ਦਾ ਵੀ ਪਤਾ ਹੋਣਾ ਚਾਹੀਦਾ ਹੈ- ਤੂੰ ਕਹਿ ਕੇ ਮੈਨੂੰ ਇਸ਼ਾਰਾ ਕੀਤਾ ਮਾਮੇ ਨੂੰ ਡਾਈਨਿੰਗ ਰੂਮ ਵਿੱਚ ਲੈ ਕੇ ਜਾਣ ਦਾ। ਮੋਹਨ ਅਤੇ ਬਚਿੰਤ ਸੋਫ਼ੇ ਉੱਤੇ ਬਹਿ ਗਏ, ਨਾਲ਼ੇ ਉਨ੍ਹਾਂ ਨੇ ਟੀ.ਵੀ ਚਾਲੂੰ ਕਰ ਲਿਆ ਸੀ।

ਲਗਦਾ ਮਾਮਾ ਸਿੱਧਾ ਕੰਮ ਤੋਂ ਹੀ ਆਇਆ ਸੀ। ਉਸ ਦੇ ਹਾਲੇ ਵੀ ਨੀਲਾ ਅੰਗ੍ਰੇਜ਼ੀ ਬਿਜ਼ਨਸ ਸੂੱਟ ਪਾਇਆ ਹੋਇਆ ਸੀ। ਚਿੱਟੀ ਕਮੀਜ਼ ਅਤੇ ਕਾਲ਼ੀ ਟਾਈ ਵਿੱਚ ਸਜਦਾ ਸੀ। ਉਸ ਦਾ ਜੁੱਸਾ ਗੋਲ਼ ਮੋਲ ਸੀ, ਇੰਝ ਹੀ ਸਿਰ ਸੀ। ਤਕਰੀਬਨ ਗੰਜਾ ਸੀ। ਸਿਰਫ਼ ਕੰਨਾਂ ਦੇ ਆਲ਼ੇ ਦੁਆਲ਼ੇ ਵਾਲ਼ ਸਨ ਜੋ ਹੇਠਲੀ ਖੋਪਰੀ ਦੇ ਪਿੱਛੇ ਜਾ ਕੇ ਇੱਕ ਦੂਜੇ ਨੂੰ ਪਿਛਾਂਹ ਮਿਲਦੇ ਸੀ। ਬੁੱਲ੍ਹਾਂ ਉੱਤੇ ਇੱਕ ਪਤਲੀ ਮੁੱਛ ਸੀ, ਅੱਖਾਂ ਸਾਹਮਣੇ ਗੋਲ਼ ਮੋਲ ਐਨਕਾਂ। ਇਹ ਸਾਊ ਬੰਦਾ ਸੀ। ਉਹ ਹੋ! ਇਹ ਮੈਂ ਕੀ ਕਰ ਦਿੱਤਾ!

ਮਾਮਾ ਮੇਜ਼ ਕੋਲ਼ ਖਲੋਤਾ। ਸਾਰੇ ਵਾਜੇ ਉਸ ਵੱਲ ਝਾਕਦੇ ਸੀ। ਉਹਨੇ ਵਾਪਸ ਝਾਕਿਆ। ਅਰਾਮ ਨਾਲ਼ ਹਰ ਬੀਨ, ਢੋਲ, ਤੂੰਬੀ ਨੂੰ ਗਹੁ ਨਾਲ਼ ਦੇਖਿਆ। ਕੁੱਝ ਚਿਰ ਵਾਸਤੇ ਰੋਹਿਤ ਦਾ ਫ਼ਿਕਰ ਚੇਤਾ ਭੁਲ ਸਕਦਾ ਸੀ। ਉਸ ਨੇ ਆਪਣੇ ਫ਼ੋਨ ਨੂੰ ਪੈਂਟ ਦੀ ਜੇਬ ਵਿੱਚ ਪਾਇਆ ਹੋਇਆ ਸੀ; ਜਿੱਥੇ ਬੇਇਹਸਾਸ ਉਸ ਦਾ ਹੱਥ ਕੂਕਦਾ ਸੀ। ਫ਼ੋਨ ਦੀ ਉਡੀਕ’ਚ ਸੀ। ਚੰਗੀ ਖ਼ਬਰ ਦੀ ਉਡੀਕ ਵਿੱਚ। ਪਰ ਆਪਣਾ ਧਿਆਨ ਫੇਰ ਵਾਜਿਆਂ ਵੱਲ ਖਿੱਚ ਦਿੱਤਾ। ਹੁਣ ਸਭ ਤੋਂ ਖੁਸਾਲਾ ਵਾਜਾ ਅੱਗੇ ਹੋ ਗਿਆ, ਸਾਡਾ ਹਮਸਕੀਮੀ, ਰਬਾਬ। ਉਸ ਦੇ ਨਾਲ਼ ਇੱਕ ਢੋਲ ’ਤੇ ਚੇਲੋ ਵੀ ਮੂਰ੍ਹੇ ਆ ਖੜ੍ਹੇ।

ਉਸ ਪਲ ਮੁੱਖ ਦਰਵਾਜੇ ਦੀ ਘੰਟੀ ਫੇਰ ਵੱਜੀ। ਸੁਕਰਾਤ ਹੀ ਹੋ ਸਕਦਾ ਸੀ, ਹੋਰ ਕਿਸ ਨੇ ਕਵੇਲ਼ਾ ਕਰਨਾ ਸੀ? ਉਸ ਨੇ ਤਾਂ ਫ਼ੋਨ ਵੀ ਕੀਤਾ ਸੀ ’ਤੇ ਫੇਰ ਵੀ ਸਭ ਤੋਂ ਅਖ਼ੀਰਲਾ ਅਤਿਥੀ ਹੈ! ਸੁਕਰਾਤ…ਸਾਡਾ ਫਿਲਾਸਫ਼ੀ ਅਧਿਆਪਕ। ਜਿਸ ਦੇ ਜੀਵਨ ਦਰਸ਼ਨ ਦੀ ਵਜ੍ਹਾ ਅਸੀਂ ਕਤਲ ਕੀਤਾ। ਜਿਸ ਦੀ ਜਮਾਤ ਵਿੱਚ ਫ਼ਰੈਡਰਿਕ ਨੀਚਰ ਦੇ ਖਿਆਲ ਕਰਕੇ ਅਸੀਂ ਨਿਹਿਲਵਾਦੀ ਹੋ ਗਏ। ਪਰ ਉਸ ਨੇ ਤਾਂ ਰੋਹਿਤ ਨੂੰ ਨਹੀਂ ਮਾਰਿਆ। ਤੂੰ ਕਰਵਾਇਆ! ਤੂੰ! ਪਰ ਹੱਥ ਮੇਰੇ ਸਨ!

ਤੂੰ ਮੈਨੂੰ ਮਾਮੇ ਨਾਲ਼ ਛੱਡ ਦਿੱਤਾ, ਆਪ ਬੂਹਾ ਖੋਲ੍ਹਣ ਤੁਰ ਪਈ। ਮੈਂ ਮਾਮੇ ਦੀ ਮੱਦਦ ਕੀਤੀ। ਉਸ ਨੇ ਇੱਕ ਵੀਣਾ ਚੁਣੀ, ਇੱਕ ਪੰਜਾਬੀ ਢੋਲ ਅਤੇ ਇੱਕ ਵਾਇਲਨ। ਦੂਜੇ ਸਾਰੇ ਵਾਜੇ ਸ਼ੋਰ ਸ਼ਰਾਬਾ ਮਚਾਉਣ ਲੱਗ ਪਏ। ਪਰ ਰੌਲੇ ਨੇ ਤਾਂ ਮਾਮੇ ਨੂੰ ਉਲਝਾ ਦਿੱਤਾ ਅਤੇ ਪਰੇਸ਼ਾਨ ਹੋ ਗਿਆ। ਮੈਂ ਸਾਰਿਆਂ ਵੱਲ ਘੂਰ ਕੇ ਦੇਖਿਆ। ਚੁੱਪ ਹੋ ਗਏ। ਫੇਰ ਚੱਜ ਦੀ ਜੁਗਲਬੰਦੀ ਦਿੱਤੀ, ਇੱਕ ਦੂਜੇ ਨਾਲ਼ ਮੇਲ ਵਿੱਚ ਤਰਜ਼ ਵਜਾਈ। ਪਰ ਮਾਮੇ ਨੇ ਤਾਂ ਫ਼ੈਸਲਾ ਕਰ ਲਿਆ ਸੀ। ਰੋਹਿਤ ਕਰਕੇ ਕਾਹਲ਼ ਸੀ। ਮੈਂ ਤਾਂ ਖ਼ੁਸ਼ ਸੀ ਕਿ ਉਨ੍ਹਾਂ ਨੇ ਰਬਾਬ ਨੂੰ ਉੱਤੇ ਧਾਰ ਮਾਰ ਦਿੱਤੀ!

– ਠੀਕ ਮਾਮਾ ਜੀ। ਮੈਂ ਤਿੰਨਾਂ ਚੀਜ਼ਾਂ ਨੂੰ ਲਪੇਟ ਕੇ ਤਿਆਰ ਕਰਦਾਂ। ਮਾਮੀ ਨੂੰ ਫੇਰ ਫ਼ੋਨ ਕਰਲੋ। ਸ਼ਾਇਦ ਰੋਹਿਤ ਘਰ ਵਾਪਸ ਆ ਚੁੱਕਾ ਹੋਵੇ?-। ਮੈਂ ਉਸ ਨੂੰ ਢਾਰਸ ਦੇਣ ਦੀ ਕੋਸ਼ਿਸ਼ ਕੀਤੀ। ਹੁਣ ਸਾਰੇ ਵਾਜੇ ਚੁੱਪ ਹੋ ਚੁੱਕੇ ਸੀ। ਬੈਠਕ ਵਿੱਚੋਂ ਸੁਕਰਾਤ ਸੂਰੀ ਦੀ ਡਾਢੀ ਪਰ ਮਧੁਰ ਆਵਾਜ਼ ਸਾਡੇ ਕੰਨੀਂ ਪਈ। ਉਸ ਦੇ ਵਾਚ ਸੁਣਨ ਵਾਲ਼ੇ ਜਿੰਝ ਮੱਛੀ ਜਾਲ਼ ਵਿੱਚ ਫਸ ਜਾਂਦੀ, ਉਂਝ ਉਸ ਦੀਆਂ ਗੱਲਾਂ ਵਿੱਚ ਉਲਝ ਜਾਂਦੇ। ਗਹੁ ਨਾਲ਼ ਸੁਣਨਾ ਪੈਂਦਾ ਹੈ। ਆਵਾਜ਼ ਤੁਹਾਡਾ ਧਿਆਨ ਮੰਗਦੀ ਆ। ਹਰ ਸ਼ਬਦਾਂਸ਼ ਸਾਫ਼ ਹੁੰਦਾ। ਹੁਣ ਇਸ ਆਵਾਜ਼ ਨੇ ਮੈਨੂੰ ਬੈਠਕ ਵੱਲ ਖਿੱਚਿਆ। ਮਾਮਾ ਡਾਈਨਿੰਗ ਕਮਰੇ ਵਿੱਚ ਰਿਹਾ। ਉਸ ਨੇ ਫ਼ੋਨ ਜੇਬ ਵਿੱਚੋਂ ਕੱਢ ਲਿਆ ਸੀ।

ਸੁਕਰਾਤ ਹਮੇਸ਼ਾ ਵਾਂਗਰ ਚਾਂਦੀਰੰਗ ਅੰਗ੍ਰੇਜ਼ੀ ਸੂੱਟ ਪਾ ਕੇ ਆਇਆ ਸੀ। ਕਪੂਰੀ ਕਮੀਜ਼, ਪਤਲੀ ਕਾਲ਼ੀ ਉੱਨ ਉਣਵੀਂ ਟਾਈ ਅਤੇ ਢੁਕਵੇਂ ਕਾਲ਼ੇ ਖੱਲੇ। ਉਸ ਦਾ ਰੰਗ ਨਾ ਕੇ ਗੋਰਾ ਸੀ, ਨਾ ਹੀ ਪੱਕਾ, ਪਰ ਉਨ੍ਹਾਂ ਦੋਹਾਂ ਦੇ ਵਿਚਾਲੇ ਜਿਹੀ ਭਾਹ ਵਾਲ਼ਾ। ਵਾਲ਼ ਵੀ ਸੂੱਟ ਨਾਲ਼ ਮਿਲਦੇ ਸਨ, ਕਰੜ ਬਰੜ, ਪਰ ਕਾਲ਼ੀਆਂ ਰੇਖਾਵਾਂ ਨਾਲ਼ ਸੁਸੱਜਿਤ ਸਨ। ਇਹੀ ਧੌਲ਼ੇ ੳਸੁ ਦੀ ਪਤਲੀ ਦਾੜ੍ਹੀ ਵਿੱਚ ਸ਼ਾਮਲ ਸਨ। ਉਸ ਦੇ ਮੋਟੇ ਬੁੱਲ੍ਹ ਹਮੇਸ਼ਾ ਚਿੜਾਉਂਦੇ ਸਨ, ਜਿਵੇਂ ਜਦ ਜਿਹੜੀ ਜ਼ਬਾਨ ਨੂੰ ਉਹ ਪਨਾਹ ਦੇ ਰਹੇ ਸੀ ਬਾਹਰ ਨਿਕਲ਼ਦੀ, ਉਸ ਦੇ ਵਾਕ ਤਨਜ਼ ਬਿਨਾ ਨਹੀਂ ਸੰਚਾਰ ਕਰ ਸਕਦੇ। ਸੁਕਰਾਤ ਦਾ ਨੱਕ ਪਤਲਾ ਅਤੇ ਲੰਮਾ ਸੀ, ਨਾਸਾਂ ਸੁਕੜੀਆਂ। ਪਰ ਸਾਡਾ ਧਿਆਨ ਸਦਾ ਉਸ ਦੀਆਂ ਤੀਬਰ ਕਣਕਵੰਨਾ ਅੱਖਾਂ ਵੱਲ ਕਸ਼ਸ਼ ਕਰਦਾ ਸੀ। ਜਿੰਝ ਮੱਛੀ ਨੂੰ ਡੋਰ ਜਲਦੀ ਦੇਣੀ ਪਾਣੀ ਵਿੱਚੋਂ ਖਿਚਦੀ ਹੋਵੇ। ਉਸ ਦੇ ਮੂੰਹ ਨੂੰ ਦੇਖ ਕੇ ਪਤਾ ਲੱਗ ਜਾਂਦਾ ਕਿ ਉਹ ਅਕਲ ਦੇ ਦੁਸ਼ਮਨਾਂ ਦਾ ਦੁਸ਼ਮਨ ਸੀ ਅਤੇ ਧੁਤੂ ਜਣੇ ਨੂੰ ਬਰਦਾਸ਼ ਨਹੀਂ ਸੀ ਕਰਦਾ।

ਤੂੰ ਤਾਂ ਸਿਰਫ਼ ਸੂਰੀ ਨੂੰ ਬੁਲਾਇਆ ਸੀ ਪਰ ਉਸ ਨੇ ਤਾਂ ਇੱਕ ਔਰਤ ਨਾਲ਼ ਲਿਆਂਦੀ। ਇੱਕ ਕਵਿੱਤਰੀ, ਚੰਦਨ ਤਕੀਪੁਰ। ਜਿਸ ਬਾਰੇ ਉਸ ਵੇਲ਼ੇ ਮੈਨੂੰ ਕੁੱਝ ਨਹੀਂ ਸੀ ਪਤਾ। ਬਾਅਦ’ਚ ਹੀ ਮੈਨੂੰ ਪਤਾ ਲੱਗਿਆ ਕਿ ਉਹ ਸੁਕਰਾਤ ਦੀ ਮਨ-ਮੇਲੀ ਸੀ। ਜਿੱਥੇ ਸੁਕਰਾਤ ਨੇ ਪੱਛਮੀ ਲੀੜੇ ਪਾਏ ਹੋਏ ਸਨ, ਚੰਦਨ ਨੇ ਪਰੰਪਰਾਈ ਪੰਜਾਬਣ ਦੇ ਕੱਪੜੇ ਪਹਿਣੇ ਸਨ। ਉਸ ਦੀ ਸਲਵਾਰ ਸ਼ਰਬਤੀ ਰੰਗ ਦੀ ਸੀ ਅਤੇ ਕਮੀਜ਼ ਮੋਰ ਪੰਖੀਆ ਰੰਗ ਵਾਲ਼ੀ। ਕਮੀਜ਼ ਉੱਤੇ ਗੁਲਾਨਾਰੀ ਗੁਲ ਠੇਕੇ ਸਨ। ਉਸ ਦੀ ਚੁੰਨੀ ਵੀ ਸਲਵਾਰ ਨਾਲ਼ ਮਿਲਦੀ ਸੀ। ਹਰ ਪੁਰਾਣੀ ਪੰਜਾਬਣ ਵਾਂਗ ਸਿਰ ਦੇ ਪਿਛਲੇ ਪਾਸੇ ਗੁੱਤ ਬੰਨ੍ਹੀ ਹੋਈ ਸੀ, ਜੁੜੇ ਦੀ ਸ਼ੈਲੀ ਵਿੱਚ। ਚੰਦਨ ਦੇ ਮੁਖ ਦਾ ਸਰੂਪ ਗਾਲ੍ਹੜਾ ਦੇ ਬੂਥੇ ਵਰਗਾ ਸੀ। ਉਸ ਹੀ ਤਰ੍ਹਾਂ ਦਾ ਨੱਕ ਜਾਪਦਾ ਸੀ, ਉਸ ਹੀ ਤਰ੍ਹਾਂ ਦੇ ਨੈਣ, ਉਸ ਹੀ ਤਰ੍ਹਾਂ ਦੇ ਲਬ।

– ਕਿੱਦਾਂ ਜਨਾਬ! ਇਹ ਕੀ ਐ? ਸਾਨੂੰ ਤਾਂ ਬਹੁਤ ਭੁੱਖ ਲੱਗ ਰਹੀ। ਮੈਂ ਸੋਚਿਆ ਜੇ ਐਸ ਵੇਲ਼ੇ ਪਹੁੰਚੇ ਖਾਣਾ ਤਿਆਰ ਹੋਵੇਗਾ- ਉਸ ਨੇ ਮੈਨੂੰ ਕਹਿੰਦੇ ਹੱਥ ਮਿਲ਼ਾਇਆ। ਮੈਂ ਤੇਰੇ ਵੱਲ ਦੇਖਿਆ ਫੇਰ ਪੇਟੀ ਵੱਲ। ਉਸ ਦੀ ਨਿਗ੍ਹਾ ਕਾਫ਼ੀ ਤੇਜ਼ ਹੈ ਅਤੇ ਉਸ ਹੀ ਪਲ ਵਿੱਚ ਉਸ ਦੀ ਨਜ਼ਰ ਸਾਡੀਆਂ ਅੱਖਾਂ ਦੀ ਮਿਲਣੀ ਉੱਤੇ ਪੈ ਗਈ ਅਤੇ ਕਿੰਝ ਅਸੀਂ ਪੇਟੀ ਵੱਲ ਝਾਕੇ।

ਬਚਿੰਤ ਕੌਰ ‘ਤੇ ਮੋਹਨ ਖੜ੍ਹੇ ਸਨ। ਮੈਂ ਸਮਝ ਗਿਆ ਕਿ ਉਨ੍ਹਾਂ ਨਾਲ਼ ਤਾਂ ਸੁਕਰਾਤ ਦੀ ਜਾਣ ਪਛਾਣ ਹੋ ਚੁੱਕੀ ਸੀ।

– ਜੀ…ਆ ਪਿਆ ਜੀ, ਸਦਕੇ ਖਾਓਂ-।
– ਆ ਪਿਆ? ਪੇਟੀ ‘ਤੇ ਕਿਉਂ?-।
– ਪ੍ਰੇਮ ਪ੍ਰੋਫੈਸਰ ਨੂੰ ਹੁਣੀ ਦੱਸ ਕੇ ਹੱਟੀ ਕਿ ਤੇਰਾ ਮਾਮਾ ਡਾਈਨਿੰਗ ਰੂਮ’ਚ ਵਾਜੇ ਦੇਖ ਰਿਹਾ ‘ਤੇ ਜਗ੍ਹਾ ਹੈ ਨ੍ਹੀਂ ਕਰਕੇ…- ਤੂੰ ਕਹਿਣ ਲੱਗੀ।
– ਆਹੋ। ਗੱਲ ਸੁਣ ਲਈ। ਅਜੀਬ ਹੈ ਫੇਰ ਵੀ -। ਸੁਕਰਾਤ ਨੇ ਖਾਰਜ ਨਾਲ਼ ਤੇਰੀ ਤਸ਼ਰੀਹ ਟਿੱਪਣੀ ਨਾਲ਼ ਪਾਸੇ ਮਾਰੀ। ਮੈਨੂੰ ਦਿਸਦਾ ਸੀ ਕਿ ਤੇਰੀਆਂ ਅੱਖਾਂ ਪੱਥਰ ਹੋ ਗਈਆਂ, ਖ਼ਬਰੇ ਤੂੰ ਸਿਰ ਨੂੰ ਆਉਣਾ ਸੀ, ਸੋ ਮੈਂ ਕਿਹਾ – ਜਗ੍ਹਾ ਘੱਟ ਹੈ। ਇਸ’ਚ ਕੁੱਝ ਅਜੀਬ ਨਹੀਂ-।

ਸੁਕਰਾਤ ਨੇ ਮੇਰੀਆਂ ਅੱਖਾਂ’ਚ ਆਪਣੀਆਂ ਗੱਡੀਆਂ ਅਤੇ ਬੋiਲ਼ਆ – ਕੀ ਕੋਈ ਕਾਫ਼ੀ ਮੇਜ਼ ਨਹੀਂ ਸੀ? ਮਾਫ਼ ਕਰਨਾ, ਸਾਨੂੰ ਭੁੱਖ ਲੱਗੀ ਏ ਕਿਉਂਕਿ ਪਹਿਲਾਂ ਅਸੀਂ ਇੱਕ ਮੁਸ਼ਾਇਰੇ ਗਏ ਸਾਂ। ਬਹੁਤ ਬੋਰਿੰਗ ਸੀ…ਉੱਥੇ ਚੱਜ ਦਾ ਖਾਣਾ ਵੀ ਨਹੀਂ ਮਿiਲ਼ਆ!-। ਮੈਂ ਉਸ ਦੀ ਯਾਰਣੀ ਵੱਲ ਝਾਕਿਆ ਅਤੇ ਪਹਿਲੀ ਵਾਰੀ ਉਸ ਦਾ ਮੁਖ ਸੁੰਦੂਰੀ ਹੋ ਗਿਆ। – ਇਹ ਚੰਦਨ ਜੀ ਹਨ। ਬਹੁਤ ਚੰਗੀ ਕਵਿੱਤਰੀ…ਮੇਰੇ ਨਾਲ਼ …ਆਈ-। ਆਖਰੀ ਲਾਫ਼ਜ਼ਾਂ ਵਿਚਾਲੇ ਭਾਰੀ ਝਿਜਕ ਸੀ, ਜਿਵੇਂ ਸੋਚ ਰਿਹਾ ਹੋਵੇ ਕਿ ਉਸ ਨੇ ਸਹੀ ਸ਼ਬਦ ਵਰਤੇ ਜਾਂ ਬਕਲ ਗਿਆ ਹੋਵੇ।
– ਨਾਲ਼ੇ ਤੁਸੀਂ ਕਿਹਾ ਮੁਸ਼ਾਇਰਾ ਐਵੀਂ ਸੀ? ਓਥੇਂ ਕੋਈ ਨਹੀਂ ਚੰਗਾ ਸੀ?- ਤੂੰ ਜਾਣ ਬੁਝ ਕੇ ਕਿਹਾ, ਤੇਰੇ ਨੈਣ ਉਸ ਨੂੰ ਕਹਿੰਦੇ – ਕੀ ਤੁਸੀਂ ਅਤੇ ਚੰਦਨ ਵੀ ਸੁਆਹ ਖੇਹ ਦੱਸ ਕੇ ਆਏ?-।
– ਪ੍ਰੀਤੀ ਤੂੰ ਮਿੱਠੀਆਂ ਚੌਪੜੀਆਂ ਗੱਲਾਂ ਨਾ ਕਰ। ਚੰਦਨ ਜੀ ਨੇ ਬਹੁਤ ਖੂਬਸੂਰਤ ਗਜ਼ਲ ਸੁਣਾਈ। ਮੈਂ ਤਾਂ ਗਜ਼ਲ ਨਹੀਂ ਲਿਖ ਸਕਦਾ, ਪਰ ਖੁੱਲ਼੍ਹੀ ਕਵਿਤਾ ਦੀ ਗੱਲ ਹੋਰ ਹੈ। ਤੇਰੀ ਜ਼ਬਾਨ ਹਾਲੇ ਵੀ ਕੈਂਚੀ ਵਾਂਗ ਚਲਦੀ ਐ। ਹੁਣ ਤੂੰ ਕਲਾਸ’ਚ ਨਹੀਂ-।
– ਸਹੀ। ਨਾਲ਼ੇ ਤੁਸੀਂ ਤਾਂ ਸਾਡੇ ਪੁਰਾਹੁਣੇ ਨੇ। ਆਓ ਰੱਜ ਕੇ ਖਾਓ! ਸੈਂਡਵਿਚ ਹਨ, ਸਮੋਸੇ…ਜੋ ਪਸੰਦ ਆ- ਤੂੰ ਉਸ ਨੂੰ ਪੇਟੀ ਤੋਂ ਖਾਣਾ ਚੁੱਕ ਕੇ ਦੇਣ ਲੱਗ ਜਾਂਦੀ ਅਤੇ ਹੋਰ ਤੀਰ ਛੱਡਣ ਤਿਆਰ ਹੋ ਗਈ।
– ਕੀ ਅਸੀਂ ਮੁਫ਼ਤ ਖੋਰੇ ਤਾਂ ਨਹੀਂ ਲੱਗ ਰਹੇ?-
– ਨਾ ਜੀ ਨਾ। ਖਾਓ! ਜੀ ਸਦਕੇ। ਤਾਂ ਹੀ ਤਹੁਾਨੂੰ ਬੁਲਾਇਆ। ਸੋ ਭੈਣ ਜੀ, ਮੁਸ਼ਾਇਰਾ ਸੱਚ ਮੁੱਚ ਬੋਰਿੰਗ ਸੀ?-। ਤੂੰ ਚੰਦਨ ਵੱਲ ਵਧੀ।
– ਜੀ, ਇਨ੍ਹਾਂ ਨੂੰ ਤਾਂ ਸਾਰੇ ਹੀ ਬੋਰਿੰਗ ਲਗਦੇ ਨੇ। ਵੈਸੇ ਇਨ੍ਹਾਂ ਦੇ ਦੋ ਕਲਾਮ ਕਾਮਯਾਬ ਸਨ- ਚੰਦਨ ਬੋਲ਼ੀ ਨਾਲ਼ੋਂ ਨਾਲ਼ ਸਮੋਸਾ ਛਕਦੀ ਰਹੀ ਸੀ। ਮੈਨੂੰ ਤੇਰੇ ਮੂੰਹ ਉਤੇ ਹਕਾਰਤ ਉਸ ਲਈ ਸਾਫ਼ ਦਿਸਦੀ ਸੀ। ਜਿੰਨੇ ਵੀ ਪੰਜਾਬ ਤੋਂ ਲੋਕ ਖਾਂਦੇ ਖਾਂਦੇ ਨਾਲ਼ ਹੀ ਨਾਲ਼ ਮੂੰਹ ਅੱਡ ਕੇ ਬੋਲ਼ਦੇ ਸਨ, ਜਾਂ ਖੁੱਲ਼੍ਹੀ ਦੇਣੀ ਡਕਾਰ ਮਾਰਦੇ, ਤੈਨੂੰ ਤਾਂ ਜਾਹਲ ਹੀ ਲਗਦੇ ਸਨ। ਕੀ ਕਰੇ, ਤੂੰ ’ਤੇ ਮੈਂ ਗੋਰਿਆਂ ਦੇ ਸਦਾਚਾਰਾਂ ਦੇ ਹਿਸਾਬ ਨਾਲ਼ ਚਲਦੇ ਆਂ ਅਤੇ ਕਈ ਦੇਸੀ ਗੱਲਾਂ ਅਜੀਬ ਲੱਗਦੀਆਂ ਨੇ ਸਾਨੂੰ।

– ਹਾਂ। ਦੋ ਬੋਲ਼ੇ ਸਨ- ਸੁਕਰਾਤ ਕਹਿੰਦਾ ਸੀ। ਉਹ ਵੀ ਖਾ ਰਿਹਾ ਸੀ ਪਰ ਫ਼ਰਕ ਸੀ। ਜਦ ਖਾਣਾ ਢਿੱਡ ਵਿੱਚ ਪੁੱਜਿਆ ਅਤੇ ਮੂੰਹ ਖਾਲ਼ੀ ਹੋ ਗਿਆ, ਫ਼ੇਰ ਹੀ ਬੋਲ਼ਦਾ ਸੀ। ਮੂੰਹ ਅੱਡ ਕੇ ਸਾਰਿਆਂ ਨੂੰ ਆਪਣਾ ਅੱਧਾ ਖਾਧਾ ਅਹਾਰ ਨਹੀਂ ਦਿਖਾ ਰਿਹਾ ਸੀ।
– ਕੀ ਚੀਜ਼’ਤੇ- ਮੋਹਨ ਨੇ ਆਖਿਆ।
– ਇੱਕ ਫੱਲ ਬਾਰੇ ਸੀ, ਦੂਜਾ ਝੂਠਾ ਪਰਵਾਸ ਬਾਰੇ। ਸਾਨੂੰ ਸਭ ਨੂੰ ਪਤਾ ਅਸੀਂ ਕਦੇ ਵਾਪਸ ਨਹੀਂ ਜਾਣਾ। ਹੋਰ ਸਾਰੇ ਰੋਂਦੇ ਪਿੱਟਦੇ ਕਿ ਪੰਜਾਬ ਨੂੰ ਮਿਸ ਕਰ ਰਹੇ ਹਾਂ। ਬਿਲ਼ਕੁਲ ਝੂਠ! ਸਾਡੀ ਜ਼ਿੰਦਗੀ ਇੱਥੇ ਬਹੁਤ ਚੰਗੀ ਹੈ। ਹੁਣ ਤਾਂ ਪੰਜਾਬ ਵਾਲ਼ੇ ਵੀ ਪੰਜਾਬੀ ਨਹੀਂ ਰਹੇ। ਕਿਸ ਨੇ ਉਸ ਨਰਕ’ਚ ਵਾਪਸ ਜਾਣਾ? ਸਭ ਤੋਂ ਪਖੰਡੀ ਤਾਂ ਕਾਮਰੇਡ ਹਨ! ਆਪ ਵੱਡੀਆਂ ਕਾਰਾਂ ਰੱਖਦੇ ਆ ਜਾਂ ਵੱਡੇ ਘਰ। ਅਮੀਰ ਬੰਦੇ ਨੇ, ਪਰ ਸਾਹਿਤ ਵਿੱਚ ਸਮਾਜਵਾਦ ਦੀਆਂ ਸਿਫ਼ਤਾਂ ਕਰਦੇ! ਗਿਆਣਾ ਕਾਂ ਇਨ੍ਹਾਂ ਲਿਖਾਰੀਆਂ’ਚ ਕੋਈ ਨਹੀਂ ਹੈ। ਹਾਂ, ਤੂੰ ਮੇਰੀ ਕਵਿਤਾ ਬਾਰੇ ਪੁੱਛਿਆ। ਪਰਵਾਸ ਵਾਲ਼ੀ ਇਕੱਲੀ ਮੇਰੀ ਸਭ ਤੋਂ ਚੰਗੀ ਲਿਖੀ ਨਜ਼ਮ ਨਹੀਂ, ਪਰ ਸ਼ਾਇਦ ਅੱਜ ਤੀਕਰ ਜੋ ਵੀ ਪੜ੍ਹਿਆ, ਇਸ ਦੇ ਪੱਧਰ ਤੱਕ ਨਹੀਂ ਪੁੱਜਿਆ!-।
– ਸੱਚ? ਲਗਦਾ ਤੂੰ ਵੀ ਉਨ੍ਹਾਂ ਵਾਂਗਰ ਖੱਬੀ ਖਾਨ ਨੇ- ਤੂੰ ਤਾਂ ਗੱਲ ਨਬੇੜ ਦਿੱਤੀ।

ਮੈਂ ਡਰ ਗਿਆ। ਜੇ ਤੂੰ ਉਸ ਨੂੰ ਸਤਾਇਆ, ਉਸ ਨੇ ਇੱਕ ਖੂੰਜੇ ਵਿੱਚ ਘਿਰੇ ਸੱਪ ਵਾਂਗ ਹੋ ਜਾਣਾ। ਉਸ ਲਈ ਫ਼ੇਰ ਇੱਕ ਕੰਮ ਹੋਵੇਗਾ: ਸਾਡੇ ਡੰਗ ਮਾਰ ਕੇ ਕੋਨੇ’ਚੋਂ ਛੁੱਟਣਾ। ਉਹ ਵੀ ਭਾਂਜ ਮੰਨਣ ਵਾਲ਼ਾ ਨਹੀਂ ਹੈ, ’ਤੇ ਤੂੰ ਵੀ ਨਹੀਂ। ਮੈਂ ਹੋਰ ਵਿਸ਼ਾ ਛੋਹਿਆ।
– ਜੀ। ਤੁਸੀਂ ਹਾਲੇ ਵੀ ਸਿਕਸ ਫ਼ੌਰਮ ਪੜ੍ਹਾਉਂਦੇ ਹੋ?- ਮੈਂ ਅਪਸਾਰ ਕਰਦਾ ਪੁੱਛਿਆ।
– ਹਾਂ। ਜਨਾਬ ਤੁਹਾਨੂੰ ਪਤਾ ਕਿ ਜੇ ਸੱਚ ਬੋਲ਼ਾ ਤੂੰ…’ਤੇ…- ਉਸ ਨੇ ਤੇਰੇ ਵੱਲ ਝਾਕਿਆ…- ਮੇਮ ਜੀ ਮੇਰੇ ਸਭ ਤੋਂ ਹੁਸ਼ਿਆਰ ਵਿਦਿਆਰਥੀ ਸੀ। ਅੱਜ ਤੱਕ ਕਿਸੇ ਨੂੰ…ਓਨੀ ਸਮਝ ਨਹੀਂ ਹੈ…ਗੱਲ ਉਸ ਤਰ੍ਹਾਂ ਪਕੜਦੇ ਨਹੀਂ-।

ਜਦ ਉਸ ਨੇ ਇੰਝ ਬੋiਲ਼ਆ ਤੇਰੀਆਂ ਅੱਖਾਂ ਵਿੱਚ ਸਨਸਨੀ ਨੱਚਣ ਲੱਗ ਪਈ। ਖ਼ਬਰੇ ਮੈਂ ਗਲ਼ਤੀ ਕਰ ਲਈ। ਹੁਣ ਤੂੰ ਜ਼ਰੂਰ ਸਾਡੀ ਸਕੀਮ ਬਾਰੇ ਉਸ ਨੂੰ ਸੰਕੇਤ ਦੇਣੇ ਸੀ! ਕਿਸਮਤ ਨਾਲ਼ ਮਾਮਾ ਬਾਹਰ ਆ ਗਏ। ਮੈਂ ਇਹਸਾਨ ਮੰਨਦਾ ਸੀ ਕਿ ਦੋਹਾਂ ਦਾ ਪਰੀਚਿਤ ਕਰਵਾਵਾਂ।

– ਮਾਮਾ ਜੀ, ਇਹ ਸਾਡੇ ਕਾਲਜ ਪ੍ਰੋਫੈਸਰ ਸਨ। ਉਂਝ ਕਵੀ ਵੀ ਹਨ। ਸੁਕਰਾਤ ਸੂਰੀ। ਪ੍ਰੋਫੈਸਰ ਜੀ, ਮੇਰਾ ਮਾਮਾ ਕੇਸਰਾ ਪੰਨੂ-।
– ਸਸਰੀਕਾਲ-
– ਸਸਰੀਕਾਲ-।
– ਮਾਫ਼ ਕਰਨਾ ਬੇਟਾ। ਤੇਰੀ ਮਾਮੀ ਨਾਲ਼ ਗੱਲ ਹੋਈ…ਓਹ…ਲਾਈਸੀਅਮ’ਚ ਸ਼ੌਅ ਸੀ। ਲਾਇਨ ਕਿੰਗ। ਉਹ ਤਾਂ ਕੁੱਝ ਦੇਰ ਪਹਿਲਾਂ ਮੁਕ ਚੁੱਕਾ ਸੋ ਹੁਣ ਮਾਮੀ ਨੇ ਪੁਲਸ ਨੂੰ ਦੱਸ ਪਾਈ। ਮੈਂ ਚੱਲਿਆ। ਮੇਰੀ ਮੱਦਦ ਕਰ ਕੇ ਵਾਜੇ ਗੱਡੀ’ਚ ਰਖਵਾ ਦੇ। ਬਾਕੀ ਕੋਈ ਹੋਰ ਦਿਨ ਦੇਖਾਂਗਾਂ-।
– ਜੀ ਮਾਮਾ- ਮੈਂ ਗਲਾਸ ਪੇਟੀ ਉੱਤੇ ਟਿਕਾ ਦਿੱਤਾ ਅਤੇ ਪੁਲੰਦੇ ਚੁੱਕ ਕੇ ਉਸ ਦੇ ਪਿੱਛੇ ਤੁਰ ਪਿਆ।
– ਚੰਗਾ ਬੇਟੀ- ਉਸ ਨੇ ਤੈਨੂੰ ਜਾਂਦੇ ਜਾਂਦੇ ਵਿਦਾਈ ਕੀਤੀ। ਤੂੰ ਵੀ ਸਤਿ ਸ਼੍ਰੀ ਅਕਾਲ ਕੀਤੀ, ਨਾਲ਼ੇ ਸਾਡੇ ਮਗਰ ਆ ਗਈ। ਚਾਰਾਂ ਨੂੰ ਉੱਪਰ ਇੱਕ ਦੂਜੇ ਦੇ ਸਾਥ ਵਿੱਚ ਛੱਡ ਦਿੱਤਾ। ਪੇਟੀ ਨਾਲ਼।

ਰੋਹਿਤ ਨਾਲ਼।

ਜਦ ਤੂੰ ’ਤੇ ਮੈਂ ਵਾਪਸ ਉੱਪਰ ਪਤਰੇ, ਚਾਰ ਹੀ ਜਣੇ ਪੇਟੀ ਆਲ਼ੇ ਦੁਆਲ਼ੇ ਖਲੋਏ ਖਾ ਰਹੇ ਸਨ ਅਤੇ ਗੁਫ਼ਤਗੂ ਵਿੱਚ ਗਲਤਾਨ ਸਨ। ਟੀ.ਵੀ. ਵੀ ਚਾਲੂ ਸੀ, ਜਿਸ ਕਰਕੇ ਬੈਠਕ ਟੈਂ ਟੈਂ ਨਾਲ਼ ਭਰੀ ਹੋਈ ਸੀ। ਕੀ ਪਤਾ ਕਿਹੜੀਆਂ ਗੱਲਾਂ ਕੀਤੀਆਂ ਜਦ ਅਸੀਂ ਹੇਠਾਂ ਸਾਂ ਪਰ ਹੁਣ ਲਗਦਾ ਸੁਕਰਾਤ ਆਪਣੇ ਖਿਆਲਾਂ ਦਾ ਧੂਮ ਧਾਮ ਕਰ ਰਿਹਾ ਸੀ।

-…ਸੱਚ ਹੈ ਕਿ ਭਾਰਤ ਦੇ ਆਮ ਲੋਕ ਜਾਹਲ ਹਨ, ਖ਼ਾਸ ਆਪਣੀ ਸੋਚਣੀ’ਚ…- ਸੁਕਰਾਤ ਤਿੰਘੜ ਕੇ ਬੋਲ਼ ਰਿਹਾ ਸੀ।
– ਮੈਨੂੰ ਵੀ ਕਈ ਵਾਰੀ ਇੰਝ ਲਗਦਾ। ਜਿਹੜੇ ਵੀ ਫ੍ਰੇਸ਼ੀ ਇਧਰ ਆਉਂਦੇ…-। ਮੋਹਨ ਹੱਸ ਹੱਸ ਕੇ ਉੱਤਰ ਦੇ ਰਿਹਾ ਸੀ।
– ਨਾਲ਼ੇ ਉੱਥੇ ਤਾਂ ਤੀਵੀਂ ਕੋਲ਼ ਕੋਈ ਹੱਕ ਹੀ ਨਹੀਂ! ਤਾਂ ਹੀ ਤਾਂ ਜ਼ਨਾਨੀਆਂ ਇਧਰ ਨੱਸ ਕੇ ਸਾਡੇ ਬਰਤਾਨਵੀਂ ਮੁੰਡਿਆਂ ਨਾਲ਼ ਵਿਆਹ ਕਰ ਰਹੀਆਂ!-। ਬਚਿੰਤ ਦੇ ਮੂੰਹੋਂ ਨਿਕਲ਼ ਰਿਹਾ ਸੀ।
– ਇਹ ਸਭ ਗ਼ਲਤ ਹੈ! ਕੀ ਪੱਛਮ ਇੰਨਾ ਗ੍ਰੇਟ ਹੈ? ਨਾ ਵੇ ਨਾ। ਬਹੁਤ ਕੁੱਝ ਗ਼ਲਤ ਹੈ ਇੱਥੇ ਵੀ!- ਚੰਦਨ ਤਾਂ ਭਾਰਤ ਦੀ ਇਕੱਲੀ ਮੁਹਾਫ਼ਜ਼ ਸੀ।
– ਦੇਖ ਚੰਦਨ ਉਹ ਲੋਕ ਇੱਧਰ ਸਿਰਫ਼ ਤਾਂ ਆਉਂਦੇ ਨੇ ਕਿਉਂਕਿ ਉੱਥੇ ਚੱਜਦਾ ਕਾਨੂੰਨ ਨਹੀਂ ਹੈ ‘ਤੇ ਕੰਗਾਲ਼ੀ ਵਾਲ਼ਾ ਦੇਸ਼ ਹੈ। ਪਰ ਨਾਲ਼ ਆਪਣੇ ਹਜ਼ਾਰ ਵਰਿ੍ਹਆਂ ਦੇ ਤਅੱਸਬ ਲੈ ਕੇ ਆਉਂਦੇ! ਜੋ ਇੱਥੇ ਸੂਤ ਨਹੀਂ ਹੋ ਸਕਦੇ। ਪਰ ਉਹ ਸੋਚਣੀ ਨੂੰ ਪਿੱਛੇ ਨਹੀਂ ਛੱਡ ਸਕਦੇ। ਫੇਰ ਜਦ ਬਚਿੰਤ, ਮੋਹਨ…( ਹੁਣ ਉਸ ਨੇ ਸਾਨੂੰ ਵੀ ਵੇਖ ਲਿਆ)…ਪ੍ਰੇਮ’ਤੇ ਪ੍ਰੀਤੀ ਵਰਗੇ ਜੋ ਇੱਥੇ ਪਲ਼ੇ ਹਨ, ਦੇ ਖਿਆਲ ਉਨ੍ਹਾਂ ਦੇ ਇਮਤਿਆਜ਼ਾਂ ਨਾਲ਼ ਕਲੈਸ਼ ਕਰਦੇ, ਘਰ ਵਿਛੜ ਜਾਂਦੇ ਨੇ। ਪੱਛਮ ਦੀ ਨਕਲ ਤਾਂ ਕਰ ਸਕਦੇ, ਕੱਪੜੇ ਲੀੜਿਆਂ’ਚ, ਹੋਰ ਗੱਲਾਂ ਵਿੱਚ ਵੀ। ਪਰ ਸਿਰਫ਼ ਨਕਲ ਹੈ। ਜਿੰਨਾ ਚਿਰ ਸੋਚ ਨਹੀਂ ਪੱਛਮ ਵਰਗੀ ਹੁੰਦੀ, ਉਹ ਭਾਰਤ ਤੋਂ ਛੁਟ ਕੇ ਨਹੀਂ ਆਏ। ਉਸ ਨੂੰ ਆਪਣੇ ਨਾਲ਼ ਹੀ ਲਿਆਂਦਾ ਹੈ। ਗੁਣ ‘ਤ ਔਗੁਣ ਵੀ। ਪੁਰਾਣੇ ਦਿਨਾਂ’ਚ ਤਾਂ ਸਿਰਫ਼ ਪੈਸੇ ਕਮਾਉਣ ਆਏ ਸਨ..ਵਾਪਸ ਜਾਣ ਦਾ ਇਰਾਦਾ ਸੀ। ਪਰ ਉਨ੍ਹਾਂ ਦੇ ਲਾਲਚੀ ‘ਤੇ ਮਜ਼ਬੂਰੀ ਨੇ ਪੱਕੇ ਕਰਵਾ ਦਿੱਤੇ। ਉਹ ਜ਼ਮਾਨਾ ਤਾਂ ਇੱਧਰ ਪੱਕਾ ਹੋਣਾ ਚਾਹੁੰਦਾ ਵੀ ਨਹੀਂ ਸੀ। ਹੁਣ ਭਾਰਤ ਦੇ ਲੋਕ ਉਸ ਨਸਲ ਦੀ ਕਾਮਯਾਬੀ ਦੇਖ ਕੇ ਦੌੜ੍ਹ ਰਹੇ ਨੇ। ਪਰ ਮੈਂ ਤਾਂ ਹੋਰ ਹੀ ਪਾਸੇ ਤੁਰ ਪਿਆ। ਗੱਲ ਹੈ ਜ਼ਿਆਦਾ ਜਨਤਾ ਅਣਪੜ੍ਹ’ਤੇ ਅਗਿਆਨੀ ਹੈ…-। ਸੁਕਰਾਤ ਹੁਣ ਹੱਸ ਕੇ ਬੋਲ਼ ਰਿਹਾ ਸੀ। -ਸਾਡਾ ਸ਼ੌਕ ਲਿਖਤਾਂ ਲਿਖਣ ਵਿੱਚ ਹੈ ਨਾ? ਇੱਕ ਵੀ ਨਹੀਂ ਪੰਜਾਬ ਦਾ ਪ੍ਰਕਾਸ਼ਕ ਸਾਹਿਤ ਨੂੰ ਪਿਆਰ ਕਰਦਾ। ਸਾਰੇ ਸਾਥੋਂ ਪੈਸੇ ਨਚੋੜਨੇ ਚਾਹੁੰਦੇ। ਜਦ ਤੀਕਰ ਪੈਸੇ ਨਹੀਂ ਮਿਲਦੇ ਸ਼ਹਿਦ ਤੋਂ ਮਿੱਠੇ ਨੇ। ਫੇਰ ਨਾ ਕੇ ਛਾਪ ਕੇ ਕਿਤਾਬ ਵੇਚਦੇ, ਨਾ ਹੀ ਖ਼ੁਦ ਖਰੀਦੋ ਫਰੋਖਤ ਕਰਦੇ; ਸੋ ਕੀ ਪਤਾ ਕਿੰਨੀਆਂ ਕਾਪੀਆਂ ਸੱਚ ਮੁੱਚ ਵਿੱਚ ਛਾਪੀਆਂ ਜਾਂਦੀਆਂ, ਪਰ ਪੈਸੇ ਲਿਖਣ ਵਾਲ਼ੇ ਤੋਂ ਲੈ ਲੈਂਦੇ ਨੇ! ਇੰਝ ਸਾਰੇ ਹੀ ਭਾਰਤੀ ਪਾਕਿਸਤਾਨੀ ਲੋਕ ਹਨ!-।
-…ਜੇ ਇਹ ਸੱਚ ਹੈ। ਸਿਰਫ਼ ਭਾਰਤ ਲਈ ਸੱਚ ਨਹੀਂ…ਸਾਰੀ ਦੁਨੀਆ ਲਈ ਸੱਚ ਹੈ…-। ਚੰਦਨ ਨੇ ਖਿਝ ਕੇ ਕਿਹਾ।
– ਜੇ ਤੂੰ ਹੁਣ ਕਿਤਾਬ ਛਾਪਣ ਦੀ ਗੱਲ..ਤੂੰ ਗ਼ਲਤ ਹੈਂ। ਇੱਧਰ ਤਾਂ ਪਬਲਿਸ਼ਰ ਲਿਖਾਰੀ ਨੂੰ ਹਿੱਸਾ ਦਿੰਦੇ ਨੇ। ਲੁੱਟਦੇ ਨਹੀਂ। ਪਰ ਜੇ ਕਿ ਸਾਰੀ ਦੁਨੀਆ ਦੀ ਜਨਤਾ…ਹਾਂ ਭਾਵੇਂ। ਜਿਹੜੇ ਮਰਜ਼ੀ ਮੁਲਕ ਵਿੱਚ ਜਾਓ, ਜ਼ਿਆਦਾ ਜਨਤਾ ਤਾਂ ਨਦਾਨ ਹੈ। ਰੰਗ ਦਾ, ਜ਼ਾਤ ਦਾ ਕੋਈ ਫ਼ਰਕ ਨਹੀਂ ਪੈਂਦਾ……-। ਤੂੰ ਇੱਕ ਦਮ ਉਨ੍ਹਾਂ ਦੀ ਗੱਲ ਵਿੱਚ ਸ਼ਾਮਲ ਹੋ ਪਈ।
ਤੂੰ ਮੌੜ ਕੇ ਟਿੱਪਣੀ ਨਾਲ਼ ਉਸ ਦੀ ਗੱਲ ਟੁੱਕੀ…- ਇੱਲ ਦਾ ਨਾਉਂ ਕੋਕੋ ਨਾ ਜਾਣਨਾ। ਤਾਂ ਹੀ ਤਾਂ ਸਿਰਫ਼ ਦਿਮਾਗ਼ੀ ਲੋਕਾਂ ਨੂੰ ਨਹੀਂ, ਪਰ ਸਿਰਫ਼ ਜਿਹੜੇ ਲੋਕ ਹੁਣ ਰਾਜ ਕਰਦੇ ਨੇ, ਨੂੰ ਰਾਜ ਕਰਨਾ ਚਾਹੀਦਾ…-।
– ਅੱਛਾ? ਇਹ ਭਾਵੇਂ ਪੱਛਮ’ਚ ਸਹੀ ਹੈ। ਇੱਥੇ ਲੋਕ ਪੜ੍ਹੇ ਲਿਖੇ ਨੇ। ਪਰ ਭਾਰਤ ਪਾਕਿਸਤਾਨ ਦੇ ਲੀਡਰ ਉਹ ਤਾਂ ਖ਼ੁਦ ਹਰਾਮੀ , ਲਾਲਚੀ ਅਣਪੜ੍ਹਾਂ ਦੇ ਟੋਲੇ ਵਿੱਚੋਂ ਹਨ। ਜ਼ਾਤ ਪਾਤ ਧਰਮ ਦੀਨ ਦਾ ਪਤਾ ਚਲਾਉਂਦੇ ਨੇ ਕਿਉਂਕਿ ਉਨ੍ਹਾਂ ਕੋਲ਼ ਆਰਥਿਕਤਾ ਦੀਆਂ ਔਕੜਾਂ ਦਾ ਹੱਲ ਨਹੀਂ ਹੈ ਨਾ ਹੀ ਹੋ ਸਕਦਾ!-। ਸੁਕਰਾਤ ਚਾਘਿਆ।
– ਸਾਰੀ ਦੁਨੀਆ ਇੱਕੋ ਜਿਹੀ ਹੈ। ਕੀ ਤੀਵੀਆਂ ਇੱਥੇ ਸੱਚ ਮੁੱਚ ਅਜ਼ਾਦ ਹਨ?-। ਚੰਦਨ ਨੇ ਬਚਿੰਤ ’ਤੇ ਤੇਰੇ ਵੱਲ ਦੇਖਦੀ ਪੁੱਛ ਗਿੱਛ ਕੀਤੀ।- ਸਿਰਫ਼ ਸੱਠ ਸਾਲ਼ ਪਹਿਲਾਂ ਇਸ ਦੇਸ਼ ਵਿੱਚ ਤੁਸੀਂ ਆਦਮੀ ਦੀਆਂ ਚੀਜ਼ਾਂ ਸੀ। ਉਨ੍ਹਾਂ ਦੀਆਂ ਸੰਪਤੀਆਂ! ਆਪਣੇ ਆਪ ਨੂੰ ਬਹੁਤਾਂ ਨਾ ਸਮਝੋਂ! ਕਦੀ ਮੋਹਿੰਦਰਪਾਲ ਧਾਲੀਵਾਲ ਦਾ ਨਾਵਲ ਸੋਫ਼ੀਆ ਪੜ੍ਹਿਆ ਹੈ?-।
– ਨਹੀਂ ਚੰਦਨ ਜੀ। ਪੰਜਾਬੀ ਨਾਵਲ ਹੈ ਜਾਂ ਅੰਗ੍ਰੇਜ਼ੀ?- ਤੂੰ ਨੇ ਪੁੱਛਿਆ।
– ਪੰਜਾਬੀ-।

– ਫੇਰ ਤਾਂ ਨਹੀਂ ਪੜ੍ਹਿਆ। ਸਾਨੂੰ ਕੋਈ ਖਿੱਚ ਨਹੀਂ ਪੰਜਾਬੀ ਪੜ੍ਹਨ ਦੀ। ਵੈਸੇ ਸਾਰੀ ਪੜ੍ਹਾਈ ਤਾਂ ਪੰਜਾਬ ਵਿੱਚ ਵੀ ਅੰਗ੍ਰੇਜ਼ੀ’ਚ ਹੈ-।
– ਫੇਰ ਤਾਂ ਹਾਲੇ ਵੀ ਉਹ ਦੇਸ਼ ਗੁਲਾਮ ਹੈ- ਬਚਿੰਤ ਹੱਸੀ।
– ਸਹੀ ਗੱਲ!- ਸੁਕਰਾਤ ਨੇ ਹੱਸ ਕੇ ਕਿਹਾ, ਫੇਰ ਇੱਕ ਦਮ ਗੱਲ ਦੀ ਲੜੀ ਤੌੜ ਦਿੱਤੀ ਅਤੇ ਮੈਨੂੰ ਆਖਿਆ- ਕੀ ਤੇਰਾ ਮਾਮਾ ਠੀਕ ਹੈ? ਬਚਿੰਤ ਨੇ ਸਾਨੂੰ ਸਭ ਕੁੱਝ ਦੱਸ ਦਿੱਤਾ-।
– ਕੀ ਮਤਲਬ ਸਭ ਕੁੱਝ!- ਮੇਰੀਆਂ ਅੱਖਾਂ ਸ਼ਾਇਦ ਜੰਗਲੀ ਆਦਮੀ ਵਾਂਗ ਝੱਲੀਆਂ ਹੋ ਗਈਆਂ। ਸਾਰੇ ਮੇਰੇ ਵੱਲ ਝਾਕੇ। ਪਰ ਮੇਰੀ ਨਿਗ੍ਹਾ ਤਾਂ ਖਾਲ਼ੀ ਗਲਾਸ ਵੱਲ ਗਈ।
– ਆਹੋ। ਠੀਕ ਨੇ। ਬਹੁਤ ਦੁੱਖ ਦੀ ਗੱਲ ਹੈ। ਉਮੀਦ ਰੱਖਦੀ ਹਾਂ ਕਿ ਸਭ ਕੁੱਝ ਠੀਕ ਹੀ ਹੋਵੇਗਾ। ਪ੍ਰੇਮ ਦਾ ਮਸੇਰਾ ਹੈ…ਸੋ…ਮਾਫ਼ ਕਰਨਾ ਜੇ ਥੋੜ੍ਹਾ ਜਿਹਾ ਅਧੀਰ ਜਾਪਦਾ ਹੈ-। ਤੂੰ ਬੋਲ਼ੀ, ਨਾਲ਼ੇ ਮੇਰੇ ਵੱਲ ਗ਼ੁੱਸੇ’ਚ ਵੇਖਿਆ। ਮੈਂ ਡਾਈਨਿੰਗ ਕਮਰੇ ਵਾਪਸ ਚਲੇ ਗਿਆ ਆਪ ਨੂੰ ਹੋਰ ਵਿਸਕੀ ਦੇਣ। ਜਦ ਕਮਰੇ ਵਿੱਚ ਵਾਪਸ ਪੁੱਜਿਆ, ਚੰਦਨ ਅੱਗੇ ਨਾਲ਼ੋਂ ਸ਼ਾਂਤ ਸੀ। ਤੂੰ ਟੀ.ਵੀ. ਬੰਦ ਕਰ ਦਿੱਤਾ ਸੀ।
– ਤੂੰ ਠੀਕ ਹੈ ਪ੍ਰੇਮ?- ਸੁਕਰਾਤ ਨੇ ਮੈਨੂੰ ਪੁੱਛਿਆ।
– ਆਹੋ…ਆਹੋ…-। ਮੈਂ ਇੱਕ ਘੁੱਟ ਪੀਤੀ।
– ਲਗਦਾ ਬਹੁਤੀ ਸ਼ਰਾਬ ਲਈ- ਮੋਹਨ ਨੇ ਕਿਹਾ।
– ਨਹੀਂ! ਮੈਂ…- ਪਰ ਤੂੰ ਮੇਰਾ ਜਵਾਬ ਟੁੱਕ ਦਿੱਤਾ।
-ਮੋਹਨ ਤੂੰ ’ਤੇ…ਬਚਿੰਤ ਜਚਦੇ ਹੋ-।
-ਸੱਚ ਮੁੱਚ?- ਬਚਿੰਤ ਨੇ ਕਿਹਾ, ਆਵਾਜ਼ ਵਿੱਚ ਜਿਹੜੇ ਮੋਹਨ ਦੇ ਸੁਪਨੇ ਉਣਦੀ ਸੀ ਪਰਗਟ ਸਨ। ਮੋਹਨ ਦਾ ਮੂੰਹ ਰੱਤ ਰੰਗਾ ਹੋ ਗਿਆ।
– ਸੰਗ ਨਾ। ਵੈਸੇ ਸ਼ੁਗਲ ਹੀ ਕਰ ਰਹੇ- ਤੂੰ ਬੋਲ਼ੀ।
– ਉਂਝ ਮੋਹਨ ਸੱਚੀ ਰੋਹਿਤ ਹੀ ਲਗਦਾ। ਉਹ ਵੀ ਇੰਝ ਝਿਜਕਦਾ ਸੀ…ਸੋਰੀ, ਮਤਲਬ…ਝਿਜਕਦਾ ਹੈ- ਬਚਿੰਤ ਨੇ ਠਿੱਠ ਕੇ ਵਜ਼ਾਹਤ ਕੀਤਾ।
– ਰੋਹਿਤ? ਮਤਲਬ ਪਨੂੰ ਦਾ ਮੁੰਡਾ? ਪ੍ਰੇਮ ਸ਼ੱਕਲ ਮਿਲਦੀ ਤੇਰੇ ਕਜ਼ਨ ਦੇ ਨਾਲ਼?- ਸੁਕਰਾਤ ਨੇ ਆਖਿਆ। ਮੈਂ ਚੁੱਪ ਹੋ ਕੇ ਹੋਰ ਘੁੱਟ ਲਾਈ।
– ਹਾਂ। ਉਮਰ’ਚ ਫ਼ਰਕ ਹੈ। ਪਰ ਮੁਖ ਇਕੋ ਜਿਹੇ ਨੇ- ਤੂੰ ਲੂਣ ਮਿਰਚ ਲਾਈ।
– ਅੱਛਾ- ਸੁਕਰਾਤ ਚੁੱਪ ਹੋ ਗਿਆ- ਦਿਲਚਸਪ-। ਪਰ ਉਸ ਦੀ ਚੁੱਪ ਇਸ ਹੀ ਸ਼ਬਦ ਕਰਕੇ ਚੁੱਪ ਦੀ ਉਲਟ ਸੀ। ਗੜਗੱਜ ਗੁੰਮ ਸੀ। ਸਮਝ ਵਾਲਾ ਸੰਨਾਟਾ ਸੀ।
– ਕਾਹਤੋਂ ਦਿਲਚਸਪ!- ਮੈਂ ਉੱਚੀ ਦੇਣੀ ਪੁਛਿਆ।
– ਊਵੇਂ ਹੀ। ਕੀ ਗੱਲ?- ਸੁਕਰਾਤ ਮੁੜ ਕੇ ਪੁੱਛਣ ਲੱਗਾ।

– ਕੁੱਝ ਨਹੀਂ। ਸਹੀ ਗੱਲ ਸ਼ਰਾਬੀ ਹੀ ਹੋ ਗਿਆ-। ਤੂੰ ਕਹਿੰਦੀ ਨੇ ਮੇਰੇ ਹੱਥੋਂ ਗਲਾਸ ਫੜ ਲਿਆ ਅਤੇ ਮੈਨੂੰ ਖਾਬਗਾਹ ਜਾਣ ਲਈ ਪੁੱਛਿਆ। ਮੈਂ ਖੜ੍ਹਾ ਸਭ ਵੱਲ ਦੇਖ ਰਿਹਾ ਸੀ, ਫੇਰ ਪੇਟੀ ਵੱਲ। ਕੇਵਲ ਸੁਕਰਾਤ ਦੀਆਂ ਅੱਖਾਂ ਮੇਰੀਆਂ ਅੱਖਾਂ ਮਗਰ ਸੈਰ ਕਰਨ ਗਈਆਂ ਅਤੇ ਉਸ ਸਰਾਪੀ ਪੇਟੀ ਵੱਲ ਪਹੁੰਚੀਆਂ। ਮੈਂ ਓਥੋਂ ਤੁਰ ਪਿਆ। ਖਬਰੇ ਨੀਂਦ ਆ ਗਈ। ਜਦ ਮੈਂ ਉੱਠਿਆ ਸਾਰੇ ਖਾਣਾ ਖਾ ਹਟੇ ਸਨ। ਜੂਠੇ ਭਾਂਡੇ ਹੀ ਪਏ ਸਨ। ਪਰ ਪਰਾਹੁਣੇ ਹਾਲੇ ਵੀ ਇੱਥੇ ਹੀ ਸਨ!

ਪਤਾ ਨਹੀਂ ਤੁਸੀਂ ਕਿਹੜੀਆਂ ਗੱਲਾਂ ਬਾਤਾਂ ਕਰ ਰਹੇ ਸੀ, ਪਰ ਜਦ ਮੈਂ ਬੈਠਕ ਵੱਲ ਵੱਧਿਆ ਬਚਿੰਤ ਬੋਲ਼ ਰਹੀ ਸੀ। ਫੇਰ ਉਹੀ ਬਕਵਾਸ ਮੈਨੂੰ ਸੁਣਿਆ!

– ਪੇਟੀ ’ਚ ਕੀ ਲੁਕੋਇਆ?-। ਉਸ ਦੀ ਪਿੱਠ ਮੇਰੇ ਵੱਲ ਸੀ। ਦਰਅਸਲ ਸਿਰਫ਼ ਚੰਦਨ ਨੇ ਮੈਨੂੰ ਅੰਦਰ ਵੜਦਿਆਂ ਨੂੰ ਦੇਖਿਆ ਸੀ। ਤੁਹਾਡੇ ਤਿੰਨਾਂ ਦੀਆਂ ਪਿੱਠਾਂ ਮੇਰੇ ਵੱਲ ਸਨ, ਸੋ ਕਿਸੇ ਹੋਰ ਨੇ ਮੇਰਾ ਦਾਖ਼ਲ ਹੋਣਾ ਦੇਖਿਆ ਨਹੀਂ।

– ਕੁੱਝ ਨਹੀਂ! ਬੱਸ ਸਮਾਨ…- ਤੂੰ ਹੱਸ ਕੇ ਰਿੱਕ ਬਾਰ ਫੇਰ ਗੱਲ ਉੱਤੇ ਝਾੜੂ ਮਾਰ ਰਹੀ ਸੀ।
– ਹਾਂ ਪਰ ਕਿਸ ਤਰ੍ਹਾਂ ਦਾ ਸਮਾਨ। ਖੋਲ਼੍ਹ ਕੇ ਤਾਂ ਦਿਖਾਓ!- ਬਚਿੰਤ ਹਸਦੀ ਲਸੂੜ੍ਹੇ ਵਾਂਙ ਇਸ ਗੱਲ ਉੱਤੇ ਚੰਬੜ ਗਈ ਸੀ।
– ਕੁੱਝ ਦੇਖਣ ਵਾਲਾ ਨਹੀਂ-। ਤੂੰ ਕਿਹਾ ਜਿਵੇਂ ਅਸਲ ਵਿੱਚ ਕਹਿ ਰਹੀ ਸੀ, – ਆਹੋ, ਸੱਚ ਮੁੱਚ ਕੁੱਝ ਗੋਝ ਵਿੱਚ ਤੁਹਾਥੋਂ ਖੁਫੀਆ ਰੱਖ ਰਹੇ ਹਾਂ।
– ਉਸ ਦੀ ਉਤਸੁਕਤਾ ਹੈ। ਖੋਲ੍ਹਣ’ਚ ਕੁੱਝ ਹਰਜ ਹੈ? ਹੁਣ ਮੈਂ ਵੀ ਸ਼ੌਕੀ ਹੋ ਪਿਆ- ਸੁਕਰਾਤ ਨੇ ਅੱਧ ਸੋਬਤੀ ਨਾਲ਼ ਆਖਿਆ।
– ਮੈਨੂੰ ਤਾਂ ਲਗਦਾ ਕੋਈ ਅਵਾਰੇ ਬੋਹੜ ਨੂੰ ਮਾਰ ਕੇ ਵਿੱਚ ਪਾ ਦਿੱਤਾ। ਉਸ ਨੂੰ ਮਾਰ ਕੇ ਰੱਖ ਦਿੱਤਾ-। ਬਚਿੰਤ ਨੇ ਫੇਰ ਉਹ ਗੱਲ ਕੀਤੀ।
– ਆਹੋ!’ਤੇ ਹੁਣ ਤੈਨੂੰ ਵੀ ਮਾਰ ਕੇ ਵਿੱਚ ਪਾ ਦੇਣਾ!- ਤੂੰ ਹੱਸ ਕੇ ਤਲਖ ਜ਼ਬਾਨ ਲਗਵਾਂ ਉੱਤਰ ਵਾਪਸ ਸੇਧ ਦਿੱਤਾ।
– ਬਾਰ ਬਾਰ ਇਹ ਸਵਾਲ ਕਿਉਂ ਪੁੱਛ ਰਹੀ ਹੋ!- ਮੈਥੋਂ ਉੱਚੀ ਦੇਣੀ ਕਹਿ ਹੋ ਗਿਆ।
– ਕਿਉਂਕਿ ਅਸੀਂ ਸੱਚ ਮੁੱਚ ਇੱਕ ਅਵਾਰਾ ਮਾਰ ਕੇ ਪੇਟੀ’ਚ ਪਾਇਆ’ਤੇ ਫੜ ਹੋ ਗਏ!- ਹਸੂੰ ਹਸੂੰ ਤੂੰ ਘੁੱਮ ਕੇ ਮੇਰੇ ਵੱਲ ਦੇਖਦੀ ਨੇ ਕਿਹਾ।

ਮੈਂ ਚੁੱਪ ਹੋ ਕਿ ਖਲੋਇਆ ਰਿਹਾ ਅਤੇ ਹੋਰ ਸਾਰੇ ਘੁੰਮ ਕੇ ਮੇਰੇ ਵੱਲ ਟਿਕ ਟਿਕੀ ਲਾ ਕੇ ਦੇਖ ਰਹੇ ਸਨ। ਤੂੰ ਤਾਂ ਬੇਪਰਵਾਹ ਜਾਪਦੀ ਸੀ। ਮੈਂ ਵਾਪਸ ਬਿਟ ਬਿਟ ਤੱਕਦਾ ਸੀ, ਇੱਕ ਜੱਗ ਹਸਾਈ ਹੋ ਗਿਆ।
-ਜੰਦਰੇ ਦੀ ਕੁੰਜੀ ਲੈ ਕੇ ਖੋਲ੍ਹ ਕੇ ਦਿੱਖਾ। ਬਚਿੰਤ ਵੀ ਖ਼ੁਸ਼ ਹੋਜੂਗੀ ’ਤੇ ਪ੍ਰੇਮ ਨੂੰ ਵੀ ਸ਼ਾਤੀ ਹੋਜੂਗੀ। ਕੀ ਤੇਰਾ ਸਰੂਰ ਉੱਤਰ ਗਿਆ ਹੁਣ?- ਸੁਕਰਾਤ ਬੋiਲ਼ਆ।
– ਨਹੀਂ। ਦੋਹਾਂ ਗੱਲਾਂ ਦਾ ਜਵਾਬ- ਤੂੰ ਸਖ਼ਤੀ ਨਾਲ਼ ਕਿਹਾ।
– ਕਿਉਂ ਨਹੀਂ?- ਸੁਕਰਾਤ ਨੇ ਫੇਰ ਆਖਿਆ।
– ਕੀ ਜਵਾਬ ਦਾ ਮਤਲਬ ਨਹੀਂ ਸਮਝਦੇ? ਜਾਂ ਕਿਉਂ ਸ਼ਬਦ ਪੱਲੇ ਨਹੀਂ ਪੈਂਦਾ? ਕਿਉਂ ਦੀ ਤਸ਼ਰੀਹ ਕਰਨੀ ਪੈਣੀ? ਕੀ ਸ਼ਰਾਬੀ ਹਾਲ਼ੇ ਵੀ ਕਿਉਂ ਹੈ?- ਤੂੰ ਮੇਰੇ ਵੱਲ ਤਾੜਿਆ, – ਜਾਂ ਕੁੰਜੀ ਕਿਉਂ ਨਹੀਂ ਲੈ ਕੇ ਆ ਸਕਦੀ? ਕਿਹੜੇ ਕਿਉਂ ਦਾ ਉੱਤਰ ਭਾਲ਼ਦੇ?-।
– ਸ਼ਰਾਬੀ ਤਾਂ ਹੁਣ ਜਾਪਦਾ ਨਹੀਂ…ਪਰ ਤੈਨੂੰ ਪਤਾ ਸਵਾਲ ਤਾਂ ਕੁੰਜੀ ਬਾਰੇ ਹੈ। ਕੁੰਜੀ ਕਿਉਂ ਨਹੀਂ ਲੈ ਕੇ ਆ ਸਕਦੀ?-।
– ਕਿਉਂਕਿ ਸੱਚ ਮੁੱਚ ਵਿੱਚ ਲਾਸ਼ ਪੇਟੀ ਵਿੱਚ ਹੈ। ਉਸ ਨੂੰ ਅਸੀਂ ਮਾਰਿਆ ਹੈ…-। ਤੂੰ ਅੱਗੇ ਬੋਲ਼ੀ। ਸਾਰੇ ਚੁੱਪ ਸਨ। ਮੈਂ ਫੇਰ ਵਿਸਕੀ ਲੈਣ ਚਲੇ ਗਿਆ। ਉਨ੍ਹਾਂ ਨੂੰ ਹੁਣ ਸ਼ਰਾਬੀ ਨਹੀਂ ਲੱਗ ਰਿਹਾ ਸੀ, ਪਰ ਮੈਨੂੰ ਤਾਂ ਸ਼ਰਾਬ ਦੀ ਬੜੀ ਲੋੜ ਸੀ। ਆਸਰਾ ਸੀ ਮੇਰਾ। ਤੇਰੀ ਸਾਲੀ ਪਾਰਟੀ ਨੇ ਤਾਂ…।
-ਹਾਏ! ਕਿਸੇ ਦੀ ਜਾਨ ਲੈਣਾ ਤਾਂ ਪਾਪ ਹੈ!- ਬਚਿੰਤ ਹੁਣ ਬੋਲ਼ੀ। ਉਸ ਦੀ ਛੇੜਾ ਛੇੜੀ ਦੀ ਆਸ ਤਾਂ ਕੁੱਝ ਹੋਰ ਸੀ ਨਾ ਕੇ ਇਹ ਪਰਿਨਾਮ। ਪੇਟੀ ਬਾਰੇ ਉਤਸੁਕ ਸੀ ਪਰ ਲਾਸ਼ ਦੀ ਗੱਲ ਤਾਂ ਕੇਵਲ ਛੇੜ ਸੀ।
– ਕਿਉਂ? ਤੂੰ ਪੁੱਛਿਆ ਸੋ ਮੈਂ ਕਹਿ ਦਿੱਤਾ ਕਿ ਅਵਾਰਾ ਮਾਰ ਕੇ ਪੇਟੀ’ਚ ਲੁਕੋ ਦਿੱਤਾ!- ਤੂੰ ਹੁਣ ਚਾਮ੍ਹਲ਼ ਗਈ।
– ਮੈਂ ਤਾਂ ਊਂ ਹੱਸ ਰਹੀ ਸੀ, ਪਰ ਕਿਸੇ ਨੂੰ ਸੱਚ ਮੁੱਚ ਮਾਰਨਾ ਤਾਂ…- ਬਚਿੰਤ ਨੇ ਜਵਾਬ ਜਾਰੀ ਰੱਖਿਆ।
-ਤੇਰਾ ਦਿਲ ਇੱਕ ਅਵਾਰੇ ਵਾਸਤੇ ਤਰਸਦਾ। ਪਰ ਜਦ ਖ਼ਬਰ ਆਉਂਦੀ ਕਿ ਮੋਟਰਵੇਅ’ਤੇ ਕਈ ਜਣੇ ਮਰ ਗਏ, ਇੰਨਾ ਦੁਖ ਨਹੀਂ ਹੁੰਦਾ, ਹੈ ਨਾ? ਜਾਂ ਜਦ ਅਫ਼ੀਮ ਦੇ ਕਾਲ਼ ਪੀੜਿਤਾਂ ਦੀ ਖ਼ਬਰ ਆਉਂਦੀ? ਤੁਹਾਨੂੰ ਕੀ ਲਗਦਾ ਪ੍ਰੋਫੈਸਰ ਸਾਹਿਬ?- ਤੂੰ ਗੱਲ ਹੋਰ ਪਾਸੇ ਲੈ ਗਈ। ਮੈਂ ਡਾਈਨਿੰਗ ਕਮਰੇ’ਚ ਹੀ ਬਹਿ ਗਿਆ ਸੀ ਅਤੇ ਤੁਹਾਡੀਆਂ ਸਾਰੀਆਂ ਆਵਾਜ਼ਾਂ ਸੁਣ ਰਹੀਆਂ ਸੀ। ਪਰ ਮੈਂ ਤਾਂ ਆਪਣੇ ਗਲਾਸ ਵਿੱਚ ਲੁਕ ਚੁੱਕਾ ਸੀ।

ਸੁਕਰਾਤ ਪਹਿਲਾਂ ਬੋੋiਲ਼ਆ।

– ਆਹੋ। ਸਹੀ ਗੱਲ। ਮੈਂ ਇੱਕ ਵਾਰੀ ਅੰਗ੍ਰੇਜ਼ ਫ਼ੌਜ ਵਿੱਚ ਇੱਕ ਪ੍ਰਾਈਵੇਟ ਤਲੰਗਾ ਸਾਂ। ਫੌਕਲੈਂਡ ਦੀ ਲੜਾਈ ਵੇਲ਼ੇ ਦੀ ਗੱਲ ਹੈ। ਪਤਾ ਨਹੀਂ ਕਿੰਨੀਆਂ ਮੌਤਾਂ ਦੇਖੀਆਂ ਅਤੇ ਕਿੰਨੇ ਲੋਕ ਮਾਰੇ। ਉਹ ਵੀ ਦੂਰ ਤੋਂ। ਜਦ ਇੱਕ ਜਣਾ ਨਿਸ਼ਾਨਚੀ ਹੁੰਦਾ ਘੋੜਾ ਨੱਪਣ ਦੀ ਗੱਲ ਹੀ ਹੁੰਦੀ ਹੈ। ਪਰ ਖ਼ਾਸ ਗੱਲ ਤਾਂ ਇਹ ਹੈ ਕਿ ਜੰਗ ਵਿੱਚ ਕਾਫ਼ੀ ਜਣੇ ਮਾਰੇ ਜਾਂਦੇ ਨੇ। ਪਰ ਉਨ੍ਹਾਂ ਬਾਰੇ ਆਪਾਂ ਇੰਨੇ ਦੁੱਖ ਨਾਲ਼ ਨ੍ਹੀਂ ਸੋਚਦੇ, ਜਿੰਨੇ ਦੁੱਖ ਨਾਲ਼ ਤੂੰ ਹੁਣ ਕਿਸੇ ਅਵਾਰੇ ਲਈ ਰਹਿਮ ਮਹਿਸੂਸ ਕੀਤਾ? ਇੰਨਾ ਦਰਦ ਹੁੰਦਾ ਵੀ ਹੈ?-।

ਤੂੰ – ਬੱਸ ਇਹੀ ਤਾਂ ਮੇਰਾ ਮਤਲਬ ਹੈ ਜੀ! ਇੱਕ ਜਣੇ ਵਾਸਤੇ ਰੋਂਦੇ ਨੇ। ਪਰ ਤੁਹਾਡੇ ਵਰਗੇ ਜੰਗ ਜੋਧੇ ਨੂੰ ਉਸਤਤ ਕਰਦੇ, ਹੈ ਨਾ? ਜਿਹੜੇ ਹਜ਼ਾਰ ਹਜ਼ਾਰ ਜੰਗ’ਚ ਮਿਟ ਗਏ? ਉਹ ਤਾਂ ਸਾਡੇ ਵਾਸਤੇ ਅੰਕੜੇ ਹੀ ਹਨ। ਇਹ ਹੀ ਤਾਂ ਤੁਸੀਂ ਸਾਨੂੰ ਸਿਖਾਇਆ।
ਉਹ- ਸਹੀ ਗੱਲ। ਪਰ ਕਿਉਂ? ਕਿਉਂਕਿ ਸਾਡਾ ਸਮਾਜ ਇੱਕ ਬੰਦੇ ਦੇ ਕਤਲ ਉੱਤੇ ਬਹੁਤ ਤਾਕੀਦ ਕਰਦਾ। ਪਰ ਜਦ ਮੇਰੇ ਵਟਗੇ ਫ਼ੌਜੀਆਂ ਨੇ ਹਜ਼ਾਰ ਹਜ਼ਾਰ ਲੋਕ ਮਾਰੇ, ਉਹ ਸਿਰਫ਼ ਜੰਗ ਦੇ ਅੰਕੜੇ ਹਨ। ਜੰਗ ਸੀ। ਇੰਝ ਹੋਣਾ ਹੀ ਹੋਣਾ। ਫ਼ਰਕ ਕੀ ਹੈ। ਜੇ ਤੂੰ ਇੱਕ ਅਵਾਰੇ ਨੂੰ ਮਾਰ ਦਿੱਤਾ, ਤੂੰ ਸਮਾਜ ਦੀ ਨਜ਼ਰ ਵਿੱਚ ਇੱਕ ਦੋਸ਼ੀ ਘਾਤੀ ਹੋ, ਪਰ ਮੈਂ ਤਾਂ ਲੜਾਈ ਦਾ ਹੀਰੋ ਹਾਂ; ਭਾਵੇਂ ਮੈਂ ਖ਼ੁਦ ਵੀਹ ਜਾਂ ਸੌ ਜਣਿਆਂ ਦੇ ਜੀਵਨ ਖ਼ਤਮ ਕੀਤੇ ਹਨ।
ਤੂੰ – ਬਿਲਕੁਲ਼। ਸੋ ਮੈਨੂੰ ਕਿਉਂ ਫ਼ਾਂਸੀ ਮਿਲੇ? ਸਰਕਾਰ ਨੇ ਤੁਹਾਨੂੰ ਤਾਂ ਤਮਗ਼ਾ ਦਿੱਤਾ ਹੋਵੇਗਾ?-।
ਉਹ-ਮੈਨੂੰ ਤਾਂ ਮੈਡਲ ਨਹੀਂ ਮਿਲਿਆ। ਪਰ ਤੇਰੀ ਗੱਲ ਸਹੀਂ ਹੈ। ਊਂ ਯੂ.ਕੇ’ਚ ਤਾਂ ਫ਼ਾਂਸੀ ਕਾਫ਼ੀ ਚਿਰ ਪਹਿਲਾਂ ਹਟਾ ਦਿੱਤੀ ਹੈ। ਇਹ ਉਜੱਡ ਸ਼ੈ ਤਾਂ ਸਿਰਫ਼ ਭਾਰਤ, ਪਾਕਿਸਤਾਨ’ਤੇ ਅਮਰੀਕਾ ਵਰਗੇ ਮੁਲਕਾਂ’ਚ ਚਲਦੀ ਹੈ। ਚੰਗੀ ਗੱਲ ਕਿ ਯੂ.ਕੇ’ਚ ਹੋਏ ਵਿਕਾਸ ਨੇ ਰੋਕ ਦਿੱਤਾ ਹੈ-।
ਤੂੰ- ਹਾਂ। ਨਹੀਂ ਤਾਂ ਸਾਨੂੰ ਸੂਲੀ ‘ਤੇ ਟੰਗ ਦੇਣਾ ਸੀ!-।
ਉਹ- ਫੇਰ ਤਾਂ ਤੁਸੀਂ ਲੱਕੀ ਹੀ ਹੋ। ਫੇਰ ਵੀ ਸਜ਼ਾ ਤਾਂ ਮਿਲ ਜਾਣੀ ਹੈ। ਉਮਰ ਕੈਦੀ ਦੀ-।
ਤੂੰ- ਫੇਰ ਚੰਗੀ ਗੱਲ ਹੈ ਕਿ ਸੱਚ ਮੁੱਚ ਪੇਟੀ’ਚ ਸਮਾਨ ਹੀ ਹੈ। ਉਂਝ ਤੁਹਾਡੀ ਗੱਲ ਇਹ ਦਿਖਾਉਂਦੀ ਹੈ ਕਿ ਸਮਾਜ ਗ਼ਲਤ ਕਦਰਾਂ ਕੀਮਤਾਂ ਨੂੰ ਪਹਿਲ ਦਿੰਦਾ। ਜੇ ਸਾਡੀ ਫ਼ੌਜ ਹਜ਼ਾਰਾਂ ਨੂੰ ਮਾਰ ਸਕਦੀ ’ਤੇ ਉਸ ਕਰਕੇ ਹੀਰੋਆਂ ਨਾਲ਼ ਭਰੀ ਹੈ। ਇੱਕ ਜਣੇ ਦੇ ਕਤਲ ਦਾ ਕੀ ਹੈ? ਖ਼ਾਸ ਕਰ ਜੇ ਆਮ ਬੰਦਾ ਹੈ ਜਿਸ ਨੇ ਦੁਨੀਆ ਦੀ ਤਰੱਕੀ ਨਹੀਂ ਕਰਨੀ?-।

– ਦੋਵੇਂ ਪਾਗ਼ਲ ਹੋ ਗਏ!- ਚੰਦਨ ਦੀ ਆਵਾਜ਼ ਨੇ ਤੁਹਾਡਾ ਮਸ਼ਵਰਾ ਤੌੜ ਦਿੱਤਾ, – ਪਾਗ਼ਲ! ਕੀ ਜਦ ਸੰਤਾਲ਼ੀ’ਚ ਸਾਰਿਆਂ ਨੂੰ ਵੱਢਿਆ ਸਾਨੂੰ ਦੁੱਖ ਨਹੀਂ ਹੋਇਆ? ਭਾਵੇਂ ਇੱਕ ਜਣੇ ਨੂੰ ਮਾਰੀਏ ਜਾਂ ਹਜ਼ਾਰ। ਪਾਪ ਹੈ, ਪਾਪ ਹੈ!-।
ਤੂੰ – ਚੰਦਨ ਜੀ, ਅਸੀਂ ਸਿਰਫ਼ ਆਈਡੀਅਰਜ਼ ਦੀ ਗੱਲ ਕਰ ਰਹੇ ਹਾਂ, ਸਿਧਾਂਤਾਂ ਦੀ! ਹੋਰ ਕੁੱਝ ਨਹੀਂ। ਇੰਨਾ ਵੀ ਗ਼ੁੱਸਾ ਨਾ ਕਰੋ-।
ਸੁਕਰਾਤ – ਆਹੋ। ਗੱਲ ਹੈ ਸਾਡੇ ਸਮਾਜ ਕੋਲ਼ ਕਿਸੇ ਨੂੰ ਫ਼ਾਂਸੀ ਦੇਣ ਦਾ ਹੱਕ ਨਹੀਂ। ਜਾਨ ਦੇ ਬਦਲੇ ਜਾਨ ਲੈਣਾ ਗ਼ਲਤ ਹੈ। ਤਾਂ ਹਰ ਜੀਅ ਸਮਾਜ ਜਾਂ ਦੁਨੀਆ ਵਾਸਤੇ ਕੀਮਤੀ ਨਹੀਂ ਹੈ-।
– ਪਰ ਇਸ ਮੁਲਕ’ਚ ਜਾਨ ਦੇ ਬਦਲੇ’ਚ ਜਾਨ ਥੋੜੋ ਲਈ ਜਾਂਦੀ! ਆਪ ਤੁਸੀਂ ਕਹਿ ਕੇ ਤਾਂ ਹਟੇ ਓ। ਫ਼ਾਂਸੀ ਤਾਂ ਪੁੱਠੇ ਮੁਲਕਾਂ’ਚ ਦਿੱਤੀ ਜਾਂਦੀ ਹੈ- ਮੋਹਨ ਹੁਣ ਸ਼ਾਮਲ ਹੋਇਆ।
– ਇਹ ਸਾਰੀਆਂ ਗੱਲਾਂ ਤਾਂ ਦਿਲਗੀਰੀਆਂ ਹਨ। ਛੱਡੋਂ। ਮੈਂ ਤਾਂ ਊਂ ਸ਼ੁਗਲ ਹੀ ਕਰ ਰਹੀ ਸੀ- ਬਚਿੰਤ ਦੀ ਆਵਾਜ਼ ਮਸਾਂ ਉੱਠੀ।
– ਸ਼ੁਗਲ਼ ਕਰਨਾ ਚੰਗਾ ਹੁੰਦਾ-। ਸੁਕਰਾਤ ਨੇ ਗੱਲ ਹੋਰ ਪਾਸੇ ਕਰ ਲਈ- ਪ੍ਰੀਤੀ ਦੱਸੋ, ਤੂੰ ਕਦੀ ਨਾਟਕ ਦੇਖਣ ਗਈ?-।
– ਹਾਂ। ਜਦ ਸਕੂਲ’ਚ ਸ਼ੈਕਸਪੀਅਰ ਪੜ੍ਹਨਾ ਪਿਆ। ਉਸ ਤੋਂ ਬਾਅਦ ਨਹੀਂ ਗਈ। ਸਾਡੇ ਪੰਜਾਬੀ ਤੁਹਾਨੂੰ ਪਤਾ ਹਲਕੇ ਲੋਕ ਹਨ। ਪ੍ਰੇਮ ਦਾ ਹਾਲ ਦੇਖੋ। ਸਾਨੂੰ ਸ਼ੈਕਸਪੀਅਰ ਨਾਲੋਂ ਸ਼ਰਾਬ ਚੰਗੀ ਲੱਗਦੀ- ਤੇਰੇ ਜਵਾਬ ਨੇ ਮੇਰੇ ਵਿੱਚ ਗ਼ੁੱਸਾ ਚੜ੍ਹਾ ਦਿੱਤਾ ਸੀ, ਪਰ ਮੈਂ ਚੁੱਪ ਰਿਹਾ।
– ਅੱਛਾ। ਫੇਰ ਹੋਰਾਂ ਵਾਂਗ ਸਿਨੀਮਾ ਹੀ ਜਾਂਦੀ? ਮੈਨੂੰ ਲਗਦਾ ਤੁਹਾਡੇ ਮਾਮਾ ਨੇ ਕਿਹਾ ਲਾਈਸੀਅਮ’ਚ ਸ਼ੌਅ ਹੈ? ਕਦੀ ਉੱਥੇ ਗਈ?- ਸੁਕਰਾਤ ਨੇ ਆਖਿਆ ਅਤੇ ਮੇਰਾ ਦਿਲ ਮੇਰੇ ਮੂੰਹ ਵਿੱਚ ਆ ਗਿਆ ਜਿਵੇਂ ਉਲਟੀ ਕਰਨ ਲੱਗਾ ਸੀ।
– ਨਹੀਂ। ਜਿਵੇਂ ਮਾਮੇ ਨੇ ਕਿਹਾ, ਉਸ ਦਾ ਬੇਟਾ ਹੀ…ਹੁਣ ਕੀ ਸੀ?…ਆਹੋ ਲਾਇਨ ਕਿੰਗ ਦੇਖਣ ਗਿਆ। ਮਾਫ਼ ਕਰਨਾ ਅਸੀਂ ਤਾਂ ਸਿੰਘ ਇਜ਼ ਕਿੰਗ ਹੀ ਦੇਖਿਆ ਹੈ-। ਤੂੰ ਹੱਸ ਕੇ ਜਵਾਬ ਦਿੱਤਾ।
– ਠੀਕ। ਮੈਂ ਸੁਣਿਆ ਸੋਹਣਾ ਨਾਟਕ ਹੈ-।
– ਅੱਛਾ। ਇੱਕ ਦਿਨ ਅਸੀਂ ਜਾਵਾਂਗੇ। ਹੈ ਨਾ ਪ੍ਰੇਮ!-। ਦੂਰੋਂ ਮੈਨੂੰ ਕਿਹਾ। ਮੈਂ ਉੱਤਰ ਨਹੀਂ ਦਿੱਤਾ। ਜਾਣ ਦੀ ਗੱਲ ਸੁਣ ਕੇ ਚੰਦਨ ਨੇ ਫੈਸਲਾ ਕਰ ਲਿਆ ਅਤੇ ਬੋਲ਼ੀ, – ਦੇਰ ਹੋ ਗਈ। ਸਾਨੂੰ ਜਾਣਾ ਚਾਹੀਦਾ-।
– ਹਾਂ- ਸੁਕਰਾਤ ਦੀ ਆਵਾਜ਼ ਆਈ। ਉਸ ਤੋਂ ਬਾਅਦ ਸਾਰਿਆਂ ਦੀ ਚਿੜਚਿੜ ਸੁਣੀ। ਕੀ ਪਤਾ ਕਿਸੇ ਨੇ ਮੈਨੂੰ ਵੀ ਅਲਵਿਦਾ ਕੀਤਾ। ਮੈਂ ਆਪਣੀ ਥਾਂ ਬੈਠ ਰਿਹਾ ਗਲਾਸ ਵਿੱਚ ਝਾਕਦਾ। ਤੇਰੇ ਹਾਸੇ ਹੀ ਮੈਨੂੰ ਸੁਣਦੇ ਸਨ।
– ਪ੍ਰੇਮ! ਪ੍ਰੇਮ!- ਮੈਂ ਹੌਲ਼ੀ ਹੌਲ਼ੀ ਆਪਣੀ ਊਂਘ ਵਿੱਚੋਂ ਨਿਕਲ਼ ਗਿਆ ’ਤੇ ਜਦ ਤੇਰੇ ਕੋਲ਼ ਪਹੁੰਚਿਆ, ਮੋਹਨ ’ਤੇ ਬਚਿੰਤ ਥੱਲੇ ਜਾਂਦੇ ਮੈਨੂੰ ਅਲਵਿਦਾ’ਚ ਹੱਥ ਮਾਰ ਰਹੇ ਸਨ। ਤੂੰ ਬੂਹਾ ਬੰਦ ਕਰ ਕੇ ਮੇਰੇ ਵੱਲ ਵਧੀ। ਮੇਰੇ ਮੂੰਹ’ਤੇ ਇੱਕ ਵਾਰ ਫੇਰ ਚੰਡ ਮਾਰ ਦਿੱਤੀ।
– ਕੀ ਤੂੰ ਪਾਗ਼ਲ ਹੈ? ਤੇਰਾ ਅਨਾਚਾਰ ਨੇ ਸਾਨੂੰ ਫਸਾ ਦੇਣਾ ਸੀ! ਕਿਸਮਤ ਨਾਲ਼ ਤੈਨੂੰ ਸਿਰਫ਼ ਇੱਕ ਸ਼ਰਾਬੀ ਜੱਗਰ ਸਮਝਿਆ ਗਿਆ! ਉਹ ਵੀ ਤਾਂ ਹੀ ਝੱਲਿਆ ਕਿਉਂਕਿ ਸਭ ਨੂੰ ਪਤਾ ਤੇਰਾ ਮਸੇਰਾ ਲਾਪਤਾ ਹੈ-। ਫੇਰ ਤੇਰਾ ਮੂਡ ਇੱਕ ਦਮ ਬਦਲ ਗਿਆ ਅਤੇ ਪਾਗ਼ਲ ਵਾਂਙ ਬਾਘੀਆਂ ਮਾਰਨ ਲੱਗ ਪਈ।
– ਆਪਾਂ ਬਚ ਗਏ! ਵੀ ਹੇਵ ਗੋਟ ਅਵੇ ਵਿਧ ਇੱਟ! ਨਾਲ਼ੇ ਉਨ੍ਹਾਂ ਨੇ ਪੇਟੀ ਵਿੱਚ ਕੀ ਹੈ ਵੀ ਪੁੱਛਿਆ ਪਰ ਗੱਲ ਤਾਂ ਹੋਰ ਪਾਸੇ ਚਲੇ ਗਈ ’ਤੇ ਕੰਮ ਬਣ ਗਿਆ! ਵਾਹ! ਹੁਣ ਇੱਕ ਹੀ ਹੋਰ ਚੀਜ਼ ਕਰਨ ਦੀ ਲੋੜ ਹੈ। ਤੂੰ ਆਪਣੇ ਮਾਮੇ ਨੂੰ ਫੋਨ ਲਗਾ’ਤੇ ਮਸੇਰੇ ਬਾਰੇ ਪੁੱਛ। ਉਸ ਤੋਂ ਬਾਅਦ ਚੁੱਪ ਹੀ ਰਹਿਣਾ!-। ਤੂੰ ਰੋਹਿਤ ਨੂੰ ਹੁਣ ਸ਼ੈ ਨਹੀਂ ਆਖ ਰਹੀ ਸੀ, ਪਰ ਮਸੇਰਾ। ਉਸ ਦਾ ਨਾਂ ਨਹੀਂ ਲੈਣੀ ਚਾਹੁੰਦੀ ਸੀ। ਨਾਂ ਨੇ ਉਸ ਨੂੰ ਇੱਕ ਜੀਅ, ਇੱਕ ਇਨਸਾਨ ਬਣਾ ਦੇਣਾ ਸੀ।
– ਮੈਨੂੰ ਨਹੀਂ ਲਗਦਾ। ਸੁਕਰਾਤ ਦੀਆਂ ਅੱਖਾਂ ਦੇਖੀਆਂ? ਉਸ ਨੂੰ ਪਤਾ ਸੀ! ਬਚਿੰਤ ਬਾਰ ਬਾਰ, ਉਹੀ ਹਰਾਮੀ ਸਵਾਲ! ਬਾਰ ਬਾਰ!- ਮੈਂ ਪਤਾ ਸ਼ਬਦ ਉੱਤੇ ਭਾਰ ਪਾਇਆ, ਬਾਰ ਉੱਤੇ ਵੀ।
– ਬੇਵਕੂਫ਼ ਬਾ ਬਣ। ਕਿਸੇ ਨੂੰ ਪਤਾ ਨਹੀਂ ਲੱਗਿਆ। ਆਹੋ ਇੱਕ ਪਲ ਵਾਸਤੇ ਮੈਂ ਚਾਹੁੰਦੀ ਸਾਂ ਕਿ ਸੁਕਰਾਤ ਨੂੰ ਪਤਾ ਲੱਗ ਜਾਵੇ। ਪਰ ਉਸ ਨੂੰ ਪਤਾ ਨ੍ਹੀਂ ਲੱਗਿਆ…ਅਸੀਂ ਬਚ ਗਏ! ਬੱਸ ਹੁਣ ਇੱਕ ਹੋਰ ਘੰਟੇ ਨੂੰ ਬੀਤ ਜਾਣਦੇ, ਫੇਰ…ਫੇਰ ਪੇਟੀ ਖਾਲ਼ੀ ਕਰ ਕੇ ਲਾਸ਼ ਤੋਂ ਲੜ ਛਡਾਉਣਾ। ਜਿੰਨੀ ਛੇਤੀ ਖਹਿੜਾ ਛੱਡ ਸਕਦੇ ਹਾਂ ਬਿਹਤਰ ਹੋਵੇਗਾ। ਕੱਲ੍ਹ ਤੱਕ ਪੁਲਸ ਨੇ ਉਸ ਨੂੰ ਲੱਭਣਾ ਸ਼ੁਰੂ ਕਰ ਲੈਣਾ-।
– ਜਦ ਮੈਂ ਖਹਿੜਾ ਛਡਾਉਣਾ ਚਾਹੁੰਦਾ ਸਾਂ?-
– ਤੂੰ ਤਾਂ ਓਥੇ ਹੀ ਛੱਡ ਦੇਣਾ ਸੀ। ਆ ਖੇਡ ਫੇਰ ਕਿਵੇਂ ਖੇਡ ਸਕਣੀ ਸੀ? ਮਜ਼ਾ ਨਹੀਂ ਆਇਆ?-।
– ਨਹੀਂ! ਤੂੰ ਪਾਗ਼ਲ ਹੋ ਗਈ!-।
– ਨਹੀਂ। ਮੈਂ ਤਾਂ ਵਿਵੇਕਸ਼ੀਲ ਹਾਂ। ਸਗੋਂ ਤੂੰ ਮਰਦ ਦੀ ਜਗ੍ਹਾ ਤੀਵੀਂ ਤੋਂ ਵੀ ਘੱਟ ਸਾਬਤ ਹੋ ਚੁੱਕਾ! ਮੈਂ ਹੀ ਸਾਬਤ ਕਦਮ ਵਾਲੀ ਹਾਂ। ਬੰਦੇ ਉੱਪਰ ਬਹੁਤ ਸਾਹਸੀ ਹੁੰਦੇ ਹਨ, ਪਰ ਅੰਦਰੋਂ ਜ਼ਨਾਨੀਆਂ ਤੋਂ ਵੀ ਛੋਟੇ ਜਿਗਰੇ ਵਾਲੇ ਹਨ! ਦਿਲ ਸ਼ਿਕਨ ਵਾਲ਼ੀ ਗੱਲ ਹੈ। ਫਿਰ ਵੀ ਜੋ ਹੋ ਗਿਆ ਹੋ ਗਿਆ। ਚੱਲ ਤੂੰ ਕਰ ਮਾਮੇ ਨੂੰ ਫੋਨ। ਮੈਂ ਭਾਂਡੇ ਚੁੱਕਦੀ ਹਾਂ। ਹੁਣ ਹਨੇਰਾ ਹੈ, ਕਿਸੇ ਨੇ ਸਾਨੂੰ ਇਸ ਵੇਲ਼ੇ ਦੇਖਣਾ ਨਹੀਂ-।

ਫੇਰ ਸਾਡਾ ਆਲਮ ਉਜਾੜ ਗਿਆ।

ਘੰਟੀ ਵੱਜੀ।

ਅਸੀਂ ਇੱਕ ਦੂਜੇ ਵੱਲ ਦੇਖਿਆ। ਤੂੰ ਅਰਾਮ ਨਾਲ਼ ਪੇਟੀ ਤੋਂ ਭਾਂਡੇ ਚੁੱਕ ਕੇ ਸਬਾਤ ਵੱਲ ਗਈ। ਮੈਂ ਉਸ ਹੀ ਥਾਂ ਜਮ ਗਿਆ।
– ਕੀ ਕਰਦਾ? ਜਾਹ ਦੇਖ ਕੌਣ ਹੈ। ਉਨ੍ਹਾਂ’ਚੋਂ ਹੀ ਕੋਈ ਹੋਵੇਗਾ- ਤੇਰੀ ਸੀਤ ਆਵਾਜ਼ ਗੂੰਜੀ।

ਜਦ ਮੈਂ ਉੱਪਰ ਆਇਆ ਤੂੰ ਪੇਟੀ ਉੱਤੋਂ ਸਮਾਨ ਲਾਹ ਦਿੱਤਾ ਸੀ ਅਤੇ ਉਸ ਲਾਗੇ ਖੜ੍ਹੀ ਸੀ। ਮੇਰੇ ਅੱਗੇ ਸੁਕਰਾਤ ਸੀ। ਤੇਰੀਆਂ ਮੋਰੀਆਂ ਅੱਖਾਂ ਮਿਲੀਆਂ। ਮੈਨੂੰ ਲਗਦਾ ਮੇਰੀਆਂ ਅੱਖਾਂ ਵਿੱਚ ਡਰ ਹੀ ਸੀ। ਜਦ ਬੂਹਾ ਖੋiਲ਼੍ਹਆ, ਮੈਂ ਹੈਰਾਨ ਹੋ ਗਿਆ ਅਤੇ ਮੇਰੇ ਸਾਰੇ ਸ਼ੱਕ ਉਸ ਨਾਲ਼ ਅੰਦਰ ਵੜ ਗਏ। ਉਸ ਨੇ ਮੈਨੂੰ ਬੋਲ਼ਣ ਦਾ ਮੌਕਾ ਵੀ ਨਹੀਂ ਦਿੱਤਾ। ਉੱਪਰ ਤੁਰ ਪਿਆ। ਇਕੱਲਾ ਸੀ। ਜਦ ਮੈਂ ਦਰੋਂ ਬਾਹਰ ਦੇਖਿਆ ਕੋਈ ਨਹੀਂ ਦਿੱਸਿਆ। ਨਾ ਮੋਹਨ, ਨਾ ਹੀ ਚੰਦਨ ਬਚਿੰਤ ਹੋਰਾਂ।

– ਪ੍ਰੋਫੈਸਰ?- ਤੇਰਾ ਵਾਕ ਸਵਾਲੀ ਸੀ।
– ਆਹੋ। ਮਾਫ਼ ਕਰਨਾ, ਮੈਂ ਆਪਣਾ ਕੋਟ ਛੱਡ ਦਿੱਤਾ ’ਤੇ ਹੋਰ ਕਿਸੇ ਦਾ ਚੁੱਕ ਲਿਆ। ਆ ਜਾਕਟ ਲੈ ਲਈ ਗ਼ਲਤੀ ਵਿੱਚ।- ਉਸ ਦੇ ਨੇਤਰ ਕੋਟ ਪੈਗਾਂ ਵੱਲ ਟਿਕੇ। – ਓਹ ਸੀ। ਬੱਸ ਇਹ ਲੈਣਾ ਸੀ- ਉਹ ਜਿੱਥੇ ਸਾਡੇ ਕੋਟ ਕਾਟ ਟੰਗੇ ਹੋਏ ਸਨ ਵੱਲ ਵਧਿਆ। ਮੇਰੀ ਜਾਕਟ ਦੇਖ ਕੇ ਮੈਨੂੰ ਟੱਟੀਆਂ ਆ ਗਈਆਂ।
– ਅੱਛਾ-। ਤੂੰ ਬੋਲ਼ੀ। ਤੇਰੀਆਂ ਮੇਰੀਆਂ ਅੱਖਾਂ ਉਸ ਉੱਤੇ ਸਨ। ਉਸ ਦੀਆਂ ਅੱਖਾਂ ਪੇਟੀ ਉੱਤੇ ਗਈਆਂ। ਪਰ ਜਦ ਫੇਰ ਬੋiਲ਼ਆ, ਉਸ ਨੇ ਕਿਹਾ – ਚੰਦਨ ਬਚਿੰਤ ਨਾਲ਼ ਚਲੇ ਗਈ-।
– ਅੱਛਾ? ਮੈਂ ਤਾਂ ਸੋਚਿਆ ਜਿਵੇਂ ਅੱਜ ਬੀਤਿਆ ਮੋਹਨ’ਤੇ ਬਚਿੰਤ ਇੱਕ ਦੂਜੇ ਨਾਲ਼…- ਤੂੰ ਗੱਲ ਤੋਰੀ।
– ਨੋ। ਅਲੱਗ ਕਾਰਾਂ’ਚ ਆਏ। ਅਲੱਗ’ਚ ਗਏ-।
– ਅੱਛਾ। ਪਰ ਚੰਦਨ ਤੇਰੇ ਨਾਲ਼ ਆਈ। ਤੇਰੀ ਗੱਡੀ’ਚ ਤੈਨੂੰ ਉਡੀਕਦੀ ਨਹੀਂ? ਮਤਲਬ ਤੈਨੂੰ ਸਿਰਫ਼ ਕੋਟ ਚੁੱਕਣ ਵਾਸਤੇ ਉਡੀਕਣ ਲਈ ਤਿਆਰ ਨਹੀਂ ਸੀ? ਉਸ ਨੂੰ ਇੰਨੀ ਕਾਹਲ਼ੀ?-।
– ਨਹੀਂ। ਵੈਸੇ ਇਹ ਗੱਲ ਨਹੀਂ ਸੀ। ਮੇਰਾ ਹੀ ਚਿਤ ਕੀਤਾ…ਤੁਹਾਡੇ ਨਾਲ਼ ਚਾਹ ਪੀ ਕੇ ਜਾਵਾਂ। ਨਾਲ਼ੇ…-।
– ਨਾਲ਼ੇ…?- ਤੂੰ।
– ਨਾਲ਼ੇ ਕੁੱਝ ਹੋਰ ਗੱਲਾਂ ਕਰੀਏ। ਸਾਡੀ ਗੱਲ ਬਾਤ ਉਤੇਜਕ ਸੀ। ਜੀਅ ਕਰਦਾ ਸਾਰੀ ਰਾਤ ਗੱਲਾਂ ਚੱਲੀ ਜਾਣ – ਉਹ।
– ਪ੍ਰੋਫੈਸਰ। ਦੇਰ ਹੋ ਗਈ। ਨੀਂਦ ਆ ਰਹੀ। ਹੋਰ ਕੋਈ ਦਿਨ ਆਪਾਂ ਉਸ ਵਿਸ਼ੇ ਨੂੰ ਹੋਰ ਫ਼ਰੋਗ ਦੇ ਸਕਦੇ – ਤੂੰ।
– ਇੰਝ ਕਰ। ਚਾਹ ਧਰ ਦੇ। ਇੱਕ ਕੱਪ ਪੀ ਕੇ ਚਲਜੇਗਾ- ਉਹ।
– ਪ੍ਰੇਮ, ਪ੍ਰੋਫੈਸਰ ਵਾਸਤੇ ਚਾਹ ਧਰ ਦੇਹ-।ਤੂੰ।

ਮੈਂ ਸਬਾਤ ਵੱਲ ਗਿਆ। ਮੇਰੀ ਖੱਬੀ ਲੱਤ ਕੰਬ ਰਹੀ ਸੀ।
– ਤੂੰ ਠੀਕ ਹੈ?- ਉਹ।
– ਆਹੋ। ਠੀਕ ਹੈ- ਤੂੰ।
– ਉਸ ਨੂੰ ਪੁੱਛਿਆ- ਉਹ।
– ਸ਼ਰਾਬ ਦਾ ਅਸਰ। ਤੁਹਾਨੂੰ ਪੂਰਾ ਪਤਾ ਹੈ। ਤੁਸੀਂ ਦੇਖਿਆ ਪ੍ਰੇਮ ਕਿਸ ਹਾਲ’ਚ ਸੀ ਅੱਜ -।
– ਸਹੀ। ਪ੍ਰੇਮ ਤੂੰ ਵੀ ਪੀ-।
– ਤੁਸੀਂ ਖੰਡ ਲੈਂਦੇ ਹੋ?-।
– ਆਹੋ। ਤਿੰਨ-।ਉਹ।
– ਤਿੰਨ? ਪ੍ਰੋਫੈਸਰ ਤੁਸੀਂ ਤਾਂ ਸੁਗਰ ਕਰਵਾਂ ਲੈਣੀ ਆ- ਤੂੰ।
– ਇੱਕ ਦਿਨ ਤਾਂ ਮਰਨਾ ਹੀ ਹੈ, ਹੈ ਨਾ? -ਉਹ।
– ਸਹੀ। ਸੋ ਕਿਹੜੀ ਗੱਲ ਕਰਨੀ ਸੀ?-।
– ਤੂੰ ਕੀ ਕਿਹਾ ਸੀ? ਓਹ ਯੇਸ। ਅਸੀਂ ਤਾਂ ਸਿੰਘ ਇਜ਼ ਕਿੰਗ ਹੀ ਦੇਖਿਆ ਹੈ- ਉਹ। ਮੈਂ ਉਸ ਨੂੰ ਚਾਹ ਫੜਾ ਦਿੱਤੀ, ਪਰ ਇਹ ਗੱਲ ਸੁਣ ਕੇ ਮਸਾਂ ਹੀ ਉਸ ਦੇ ਉੱਤੇ ਡੋਲ੍ਹੀ ਨਹੀਂ। ਪਤਾ ਨਹੀਂ ਜੇ ਤੇਰੇ ਤਿੱਖੇ ਦਿਮਾਗ਼ ਵਿੱਚ ਗੱਲ ਆਈ, ਪਰ ਮੈਨੂੰ ਯਾਦ ਆ ਗਿਆ ਕਿ ਨਾ ਮੈਂ ਤੈਨੂੰ ਟਿਕਟ ਫੜਾਇਆ ਸੀ, ਨਾ ਕਿ ਬਿੱਲਾ। ਜਿੱਥੇ ਉਹ ਬੈਠਾ ਸੀ, ਉਸ ਦੇ ਨਾਲ਼ ਕੋਟ ਸਨ। ਫੇਰ ਉਸ ਨੇ ਜਾਣ ਕੇ ਮੇਰੀ ਜਾਕਟ ਚੁੱਕੀ ਸੀ!
– ਕੀ ਕਹਿਣਾ ਚਾਹੁੰਦੇ ਨੇ?- ਤੂੰ। ਹੁਣ ਮੈਂ ਤੈਨੂੰ ਵੀ ਚਾਹ ਫੜਾਈ। ਮੇਰਾ ਹੱਥ ਕੰਬਦਾ ਸੀ, ਸੋ ਚਾਹ ਦਾ ਕੱਪ ਹਿਲ ਹਿਲ ਕੇ ਚਾਹ ਡੋਲ਼੍ਹ ਰਿਹਾ ਸੀ। ਤੂੰ ਜ਼ਬਰਦਸਤੀ ਨਾਲ਼ ਮੈਥੋਂ ਫੜ ਲਿਆ।- ਸਿੱਧੀ ਗੱਲ ਕਰ ਪ੍ਰੋਫੈਸਰ-।
– ਸਿੱਧੀ ਗੱਲ? ਤੂੰ ਕਿਹਾ ਕਿ ਤੂੰ ਨਾਟਕ ਨਹੀਂ ਦੇਖਦੀ। ਸਾਨੂੰ ਅੱਜ ਰਾਤ ਤੁਹਾਡੇ ਮਾਮੇ ਨੇ ਦੱਸਿਆ ਕਿ…ਲਾਇਨ ਕਿੰਗ ਦੇਖਣ…ਉਸ ਦਾ ਪੁੱਤ…ਨਾ ਫੇਰ ਕੀ ਸੀ? ਪ੍ਰੇਮ?-। ਉਹ।
– ਰੋ…ਰੋ…ਰੋਹਿਤ-।
– ਆਹੋ। ਰੋਹਿਤ। ਸੰਪਾਤ ਹੈ ਕਿ ਮੋਹਨ ਦੀ ਸ਼ਕਲ਼ ਰੋਹਿਤ ਨਾਲ਼ ਮਿਲਦੀ? ਕੀ ਖਿਆਲ? ’ਤੇ ਮਾਮੇ ਨੂੰ ਪਾਰਟੀ’ਤੇ ਆਉਣ ਦਾ ਸੱਦਾ ਦਿੱਤਾ?-। ਉਹ।
– ਸਾਨੂੰ ਤਾਂ ਇਸ ਬਾਰੇ ਪਤਾ ਨਹੀਂ ਸੀ। ਬਚਿੰਤ ਹੀ ਇਹ ਰਾਗ ਸਾਰੀ ਰਾਤ ਗਾ ਰਹੀ ਸੀ। ਤੁਸੀਂ ਕਹਿਣਾ ਕੀ ਚਾਹੁੰਦੇ?-। ਤੂੰ।
– ਕੁੱਝ ਨਹੀਂ। ਬੱਸ ਉਤੇਜਕ ਗੱਲ ਹੈ। ਅੱਜ ਹੀ ਉਹ ਲਾਇਨ ਕਿੰਗ ਦੇਖਣ ਚੱਲਾ ਸੀ।’ਤੇ ਤੁਸੀਂ ਕਦੇ ਲਾਈਸੀਅਮ ਨਹੀਂ ਗਏ? ਪਰ…-। ਉਸ ਨੇ ਹੱਥ ਸਾਡੇ ਸਾਹਮਣੇ ਕੀਤਾ। ਹੱਥ ਵਿੱਚ ਟਿਕਟ ਸੀ, ’ਤੇ ਫੇਰ ਦੂਜੇ ਹੱਥ ਨਾਲ਼ ਕੱਪ ਟਿਕਾ ਕੇ ਬਿੱਲਾ, ਉਹ ਬਟਨ, ਕੱਢਿਆ।
– ਹਾਏ!- ਮੇਰੇ ਮੂੰਹ ਵਿੱਚੋਂ ਆਵਾਜ਼ ਨਿਕਲ਼ੀ।
– ਹਾਏ? ਦਰਦ ਲੱਗਾ?- ਉਹ।
– ਇਸ ਉੱਤੇ ਆਪਣੇ ਕੰਨ ਨਾ ਧਰਨਾ। ਸ਼ਰਾਬੀ ਹਾਲ਼ੇ ਵੀ ਹੈ। ਮੂੰਹੋਂ ’ਚੋਂ ਬੋ ਆ ਰਹੀ-।ਤੂੰ।
– ਅੱਛਾ? ਚਾਹ ਤਾਂ ਬਹੁਤ ਸੋਹਣੀ ਬਣਾਈ। ਲਗਦਾ ਸ਼ਰਾਬੀ ਬੰਦੇ ਦੇ ਹੱਥੋਂ ਹੀ ਹੁਣ ਤੋਂ ਚਾਹ ਪੀਵਾਂਗਾਂ-। ਉਹ।
– ਓ.ਕੇ, ਸੋ ਤੁਹਾਡੇ ਹੱਥ ਵਿੱਚ ਕੁੱਝ ਹੈ? ਇਸ ਦਾ ਕੀ ਮਤਲਬ?- ਤੂੰ।
– ਉਤੇਜਕ ਗੱਲ ਹੈ। ਇਹ ਜਾਕਟ ਗ਼ਲਤੀ ਨਾਲ਼ ਚੁੱਕ ਲਈ। ਹੁਣ ਮੋਹਨ ਤਾਂ ਵਾਪਸ ਨਹੀਂ ਆਇਆ। ਜੇ ਉਸ ਦੀ ਹੈ ਖ਼ਬਰੇ ਕੱਲ੍ਹ ਨੂੰ ਆ ਕੇ ਕਲੇਮ ਕਰ ਲਵੇਗਾ? ਜੇ ਉਸ ਦੀ ਹੱਕਦਾਰੀ ਹੈ। ਪਰ ਆਹ ਟਿਕਟ ਅੱਜ ਰਾਤ ਦੀ ਤਰੀਕ ਦਾ ਹੈ। ਬਟਨ ਦਾ ਤਾਂ ਮੈਨੂੰ ਕੁੱਝ ਪਤਾ ਨਹੀਂ। ਪਰ ਸ਼ਾਇਦ ਪੁਲਸ ਨੂੰ ਬਟਨ ਚਾਹੀਦਾ? ਕੀ ਪਤਾ? ਹੋ ਸਕਦਾ ਮੋਹਨ ਨੇ ਝੂਠ ਬੋiਲ਼ਆ, ’ਤੇ ਅੱਜ ਉਸ ਨੇ ਸ਼ੋਅ ਦੇਖਣ ਜਾਣਾ ਸੀ। ਪਰ ਜੇ ਇਹ ਗੱਲ ਸਹੀ ਹੈ। ਜਦ ਆਪਾਂ ਨਾਟਕ ਬਾਰੇ ਗੱਲ ਕਰ ਰਹੇ ਸਾਂ, ਉਹ ਤਾਂ ਚੁੱਪ ਰਿਹਾ। ਕਿਉਂ? ਫੇਰ ਤਾਂ ਉਸ ਦੀ ਜਾਕਟ ਨਹੀਂ ਹੋ ਸਕਦੀ। ਫੇਰ…ਪ੍ਰੇਮ ਤੇਰੀ ਹੋਵੇਗੀ?-।
– ਹਾਂ ਪ੍ਰੇਮ ਦੀ ਜਾਕਟ ਹੈ- ਤੂੰ। ਹੁਣ ਤੇਰੀਆਂ ਅੱਖਾਂ ਵਿੱਚ ਖਿਝ ਦੀ ਜਗ੍ਹਾ ਉਤੇਜਨਾ ਸੀ ਜਿੰਝ ਤੂੰ ਚਾਹੁੰਦੀ ਸੀ ਉਸ ਨੂੰ ਪਤਾ ਲੱਗੇ। ਉਸ ਨੂੰ ਤੂੰ ਆਪਣੇ ਸੰਗੀਨ ਘੋਰ ਪਾਪ ਦਾ ਪਤਾ ਦੇਣੀ ਚਾਹੁੰਦੀ ਸੀ। ਪਰ ਮੈਂ ਤਾਂ ਡਰ ਗਿਆ।
– ਸੋ ਪ੍ਰੇਮ ਤੇਰੀ ਜਾਕਟ ਵਿੱਚ ਉਸ ਦਾ ਟਿਕਟ ਕਿਵੇਂ ਪਹੁੰਚਿਆ?- ਉਹ ਹੁਣ ਬਟਨ ਨੂੰ ਧਿਆਨ ਨਾਲ਼ ਦੇਖ ਰਿਹਾ ਸੀ, – ਲਗਦਾ ਉਸ ਦਾ ਸਕੂਲ ਦਾ ਬਿੱਲਾ ਵੀ ਤੇਰੀ ਜੇਬ ਵਿੱਚ ਸੀ। ਅਚਾਨਕ ਮੇਰਾ ਹੱਥ ਜੇਬ ਵਿੱਚ ਗਿਆ’ਤੇ ਇਹ ਮਿਲ ਪਏ-।
– ਕੀ, ਜਿਵੇਂ ਅਚਾਨਕ ਤੁਸੀਂ ਗ਼ਲਤ ਜਾਕਟ, ਜੋ ਤੁਹਾਡੇ ਕੋਟ ਵਰਗੀ ਤਾਂ ਹੈ ਨਹੀਂ ਚੁੱਕ ਲਈ?- ਤੂੰ ਹੁੱਜਤ ਕੀਤੀ।
– ਆਹੋ। ਜਿਵੇਂ ਅਚਾਨਕ ਤੂੰ ਮੈਨੂੰ ਬਾਹਰ ਲੈ ਕੇ ਜਾਂਦੇ ਨੂੰ ਦੇਖਿਆ ਨਹੀਂ-।
– ਇਹ ਨੂੰ ਸਭ ਕੁੱਝ ਪ…ਪ…ਪਤਾ! ਅਸੀਂ ਫ…ਫ…ਫਸ ਗਏ! ਮੈਂ…ਮੈਂ ਕੀ ਕਿਹਾ ਸੀ? ਕਿਹਾ ਸੀ ਇੱਥੇ ਨਾ ਲੈ ਕੇ ਆ!-। ਮੈਂ ਤਾਂ ਹੁਣ ਬਿਫਲਦਾ ਸੀ।
– ਚੁੱਪ ਹੋ- ਤੂੰ ਠੰਢੇ ਸੱਪ ਵਾਂਗ ਸ਼ੂਕਿਆ।
– ਇਸ ਨੂੰ ਪ…ਪਤਾ!-।
– ਚੁੱਪ ਹੋ ਕੰਜਰਾ!- ਤੂੰ ਗ਼ੁੱਸੇ ਵਿੱਚ ਕਿਹਾ।

ਸੁਕਰਾਤ ਨੇ ਚਾਹ ਮੁਕਾ ਕੇ ਕੱਪ ਰੱਖ ਦਿੱਤਾ। ਅਸੀਂ ਸਾਰੇ ਇੱਕ ਦੂਜੇ ਵੱਲ ਝਾਕ ਰਹੇ ਸੀ। ਸਾਡੇ ਵਿਚਾਲੇ ਪੇਟੀ ਸੀ…ਰੋਹਿਤ ਸੀ।
– ਸੋ ਹੁਣ ਕੀ?- ਤੂੰ ਆਖਿਆ।
– ਹੁਣ? ਟਿਕਟ ਬਾਰੇ ਦੱਸੋਂ-। ਉਹ
– ਜਦ ਕੁੱਝ ਪਤਾ ਨਹੀਂ ਕੀ ਦੱਸ ਸਕਦੇ-।
– ਦੱਸਣਾ ਤਾਂ ਪੈਣਾ ਹੈ। ਜੇ ਮੈਨੂੰ ਨਹੀਂ ਦੱਸਿਆ, ਮੈਂ…ਮੈਂ ਇਕੱਲਾ ਨਹੀਂ ਹਾਂ। ਜੇ ਤੂੰ ਬਾਰੀ’ਚੋਂ ਬਾਹਰ ਦੇਖਣੀ ਚਾਹੁੰਦੀ ਹੈ, ਮੋਹਨ, ਚੰਦਨ, ਬਚਿੰਤ ਨਹੀਂ ਦਿਸਣੇ। ਪਰ ਸੜਕ ਦੇ ਦੂਜੇ ਪਾਸੇ ਨਿਗ੍ਹਾ ਮਾਰ….ਪੁਲਸ ਦੀ ਗੱਡੀ ਖੜ੍ਹੀ ਹੈ। ਉਨ੍ਹਾਂ ਕਾਰਾਂ’ਚੋਂ ਜਿਸ ਉੱਤੇ ਕੋਈ ਨਿਸ਼ਾਨ ਨਹੀਂ, ਪਰ ਮਾਡਲ ਤੋਂ ਪਤਾ ਲੱਗ ਜਾਂਦਾ ਕਿ ਪੁਲਸ ਗੱਡੀ ਹੀ ਹੈ। ਜੇ ਮੈਂ ਦਸ ਮਿੰਟਾਂ ਤੱਕ ਬਾਹਰ ਨਹੀਂ ਗਿਆ…ਉਨ੍ਹਾਂ ਨੇ ਅੰਦਰ ਆ ਜਾਣਾ-।
– ਪ੍ਰੀਤੀ!-। ਮੈਂ।
– ਚੁੱਪ! ਅੰਦਰ ਵੜ ਕੇ ਕੀ ਲੱਭਣਾ? ਤੂੰ ’ਤੇ ਤੇਰੇ ਹੱਥ ਵਿੱਚ ਇੱਕ ਬਟਨ, ਜਿਸ ਬਾਰੇ ਸਾਨੂੰ ਕੁੱਝ ਨਹੀਂ ਪਤਾ। ਸ਼ਾਇਦ ਸਵੇਰੇ ਪ੍ਰੇਮ ਮਾਮੇ ਦੇ ਘਰ ਗਿਆ’ਤੇ ਕੋਈ ਰਾਹ ਜੇਬ ਵਿੱਚ ਟਿਕਟ ਪੈ ਗਿਆ। ਕੀ ਪਤਾ-। ਤੂੰ।
– ਇੰਝ ਕਰ, ਪੇਟੀ ਖੋਲ਼੍ਹ-। ਉਹ
– ਕਿਉਂ? ਇਸ ਦਾ ਗੱਲ ਨਾਲ਼ ਕੋਈ ਸਬੰਧ ਨਹੀਂ ਹੈ-।
– ਸੱਚੀ?-। ਉਸ ਨੇ ਹੁਣ ਮੇਰੀਆਂ ਅੱਖਾਂ ਨਾਲ਼ ਆਪਣੀਆਂ ਅੱਖਾਂ ਚਾਰ ਕੀਤੀਆਂ। – ਪੁੱਤ ਮੈਨੂੰ ਪੂਰਾ ਪੱਤਾ ਤੇਰੇ ਸੁਭਾਉ ਦਾ ਕਿ ਕਿਸ ਤਰ੍ਹਾਂ ਦਾ ਹੈ। ਤੂੰ ਕਦੀ ਇਸ ਤਰ੍ਹਾਂ ਦਾ ਕੰਮ …-। ਸੁਕਰਾਤ ਸ਼ੁਰੂ ਹੋਇਆ।
– ਕਿਸ ਤਰ੍ਹਾਂ ਦਾ ਕੰਮ?- ਤੂੰ,
– ਪਤਾ ਨਹੀਂ। ਤੂੰ ਦੱਸ-। ਉਹ,
– ਟਿਕਟ ਦੀ ਚੋਰੀ?- ਤੂੰ,
– ਸਾਨੂੰ ਸਾਰਿਆਂ ਨੂੰ ਪਤਾ ਚੋਰੀ ਦੀ ਗੱਲ ਨਹੀਂ ਕਰ ਰਹੇ-। ਉਹ,
– ਅੱਛਾ। ਫੇਰ ਕਿਹੜੀ ਸ਼ੈ ਬਾਰੇ ਗੱਲ ਕਰ ਰਹੇ?- ਤੂੰ,
– ਪੇਟੀ ਖੋਲ਼੍ਹ-। ਉਹ,
– ਨਹੀਂ। ਚਾਬੀ ਗਵਾਚ ਗਈ- ਤੂੰ,
– ਝੂਠ। ਜੇ ਪੇਟੀ ਨਹੀਂ ਖੋਲ਼੍ਹੀ- ਉਸ ਨੇ ਆਪਣਾ ਮੋਬਾਇਲ ਕੱਢ ਕੇ ਦਿਖਾਇਆ;- ਜੇ ਮੈਂ ਫ਼ੋਨ ਨਹੀਂ ਕੀਤਾ…ਪੰਜ ਮਿੰਟਾਂ ਵਿੱਚ…ਫੇਰ ਉਨ੍ਹਾਂ ਨੇ ਅੰਦਰ ਆ ਜਾਣਾ। ਮੈਨੂੰ ਤੁਹਾਡੀ ਮੱਦਦ ਕਰਨ ਦਾ ਮੌਕਾ ਤਾਂ ਦਿਓ-।
– ਮੱਦਦ? ਹਥਕੜੀ ਲਾਉਣੀ’ਚ ਕਿਹੜੀ ਮੱਦਦ ਹੈ?- ਤੂੰ।
– ਪੇਟੀ ਦੀ ਕੁੰਜੀ- ਉਹ,
– ਪਤਾ ਨਹੀਂ-।ਤੂੰ।
– ਠੀਕ, ਮੈਂ ਜ਼ਬਰਦਸਤੀ ਨਾਲ਼ ਜੰਦਰਾ ਤੋੜ ਦੂਗਾ- ਉਹ। ਸਾਰੇ ਜਣੇ ਚੁੱਪ ਹੋ ਕੇ ਇੱਕ ਦੂਜੇ ਵੱਲ ਦੇਖ ਰਹੇ ਸਾਂ। ਕਲਾਕ ਦੇ ਹੱਥਾਂ ਦੀ ਆਵਾਜ਼ ਬਹੁਤ ਉੱਚੀ ਅਤੇ ਸਾਫ਼ ਲੱਗ ਰਹੀ ਸੀ।
– ਪੇਟੀ ਖੋਲ਼੍ਹ- ਸੁਕਰਾਤ ਹੁਣ ਗੰਭੀਰਤਾ ਨਾਲ਼ ਤਆਵਨ ਮੰਗਦਾ ਸੀ।- ਠੀਕ, ਮੈਂ ਜ਼ਬਰਦਸਤੀ ਨਾਲ਼ ਖੋਲ਼੍ਹਦਾ- ਉਹ ਉੱਠ ਗਿਆ ਅਤੇ ਪੇਟੀ ਵੱਲ ਵਧਿਆ।

ਤੂੰ ਪਹਿਲੀਂ ਵਾਰੀ ਫ਼ਿਕਰਮੰਦ ਜਾਪਦੀ ਸੀ। ਤੇਰੀਆਂ ਠੰਢੀਆਂ ਅੱਖਾਂ ਦੀਆਂ ਪੁਤਲੀਆਂ ਪਸਾਰੀਆਂ ਜਿਵੇਂ ਕੈਮਰੇ ਲੈਂਜ਼ ਖੁਲ਼੍ਹਦਾ ਏ। ਮੈਂ ਤੇਰਾ ਅਹਿਜਾ ਹਾਲ਼ ਪਹਿਲੀਂ ਵਾਰੀ ਦੇਖਿਆ। ਤੇਰਾ ਮਨ ਦੋ ਚਿੱਤ ਹੋ ਗਿਆ ਸੀ ਅਤੇ ਉਚਾਵੇਂ ਚੁੱਲ੍ਹੇ ਵਾਂਗ ਸੋਚਾਂ ਅੱਖਾਂ’ਚ ਨੱਚ ਰਹੀਆਂ ਸਨ। ਕਸ਼ਮਕਸ਼ ਵਿੱਚ ਪੈਣਾ ਤੇਰੀ ਆਦਤ ਨਹੀਂ ਸੀ, ਪਰ ਹੁਣ ਤੂੰ ਜੱਕੋ ਤੱਕਾ ਕਰਨ ਲੱਗ ਪਈ।
– ਠੀਕ। ਮੈਂ ਚਾਬੀ ਲੈ ਕੇ ਆਉਂਦੀ। ਪਰ ਬਾਅਦ ਵਿੱਚ ਨਾ ਕਹੀਂ। ’ਤੇ ਪੇਟੀ ਵਿੱਚ ਦੇਖਣ ਤੋਂ ਪਹਿਲਾਂ…ਇੱਕ ਗੱਲ ਸੁਣ ਲਓ। ਤੁਸੀਂ ਅੱਜ ਦੀ ਰਾਤ ਹੀ ਗੱਲ ਕੀਤੀ ਕਿ ਇੱਕ ਜਣੇ ਨੂੰ ਮਾਰਨ ‘ਤੇ ਲੋਕ ਅਸਾਂਤ ਹੋ ਜਾਂਦੇ ਨੇ। ਕਿ ਜੰਗ ਵਿੱਚ ਹਜ਼ਾਰਾਂ ਨੂੰ ਮਾਰ ਕੇ ਬੰਦਾ ਹੀਰੋ ਹੋ ਜਾਂਦਾ, ਪਰ ਕਿ ਜੇ ਇੱਕ ਜਣੇ ਨੂੰ ਮਾਰੀਏ…ਖਲਨਾਇਕ ਹੋ ਜਾਂਦੈ- ਤੂੰ ਬੋਲ਼ੀ।

– ਪ੍ਰੀਤੀ ਤੂੰ ਕੀ ਕੀਤਾ?- ਉਹ ਹੁਣ ਫ਼ਿਕਰ ਨਾਲ਼ ਭਰ ਗਿਆ ਸੀ, ਜਿਵੇਂ ਜੋ ਉਹ ਸ਼ੱਕ ਕਰਦਾ ਸੀ, ਸੱਚ ਮੁੱਚ ਹੀ ਹੋ ਚੁੱਕਾ ਸੀ। ਪਰ ਆਪਣੇ ਮਨ ਵਿੱਚ ਜਿਸ ਗੱਲ ਉੱਤੇ ਸ਼ੱਕ ਸੀ ਦੀ ਤਸਦੀਕ ਚਾਹੁੰਦਾ ਨਹੀਂ ਸੀ।
– ਜੇ ਪਤਾ ਲੈਣਾ ਚਾਬੀ ਲਿਆਉਂਦੀ। ਜੇ ਨਹੀਂ ਪਤਾ ਲੈਣਾ…ਬਾਹਰ ਚਲ ਜੋ। ਜੇ ਸੱਚ ਮੁੱਚ ਪੁਲਸ ਬਾਹਰ ਹੈ…- ਤੂੰ ਬਾਰੀ ਕੋਲ਼ ਗਈ ਅਤੇ ਪਰਦਾ ਚੁੱਕਿਆ, ਬਾਹਰ ਝਾਤੀ ਮਾਰੀ, – …ਫੇਰ ਉਨ੍ਹਾਂ ਨੂੰ ਦੱਸ ਕਿ ਤੁਹਾਡਾ ਸ਼ੱਕ ਗ਼ਲਤ ਸੀ। ਪੇਟੀ’ਚ ਦੇਖ ਕੇ ਦੁੱਖ ਹੀ ਮਿਲਣਾ ਹੈ। ਚੱਲ ਜਾਓ-। ਤੂੰ ਇੱਕ ਵਾਰ ਫੇਰ ਐਂਠ ਜਮਾਈ। ਹੁਣ ਸਾਨੂੰ ਬਚਾਉਣ ਵਾਸਤੇ ਕੋਈ ਤਾਂ ਹੀਲਾ ਚਾਹੀਦਾ ਸੀ। ਉਹ ਵੀ ਆਪਣਾ ਦਿਮਾਗ਼ ਲੜਾਉਂਦਾ ਸੀ। ਪਰ ਹਾਰ ਕੇ ਬੋiਲ਼ਆ, – ਠੀਕ ਮੈਂ ਜ਼ਬਰਦਸਤੀ ਖੋਲ਼੍ਹਦਾ ਹਾਂ-। ਸੋ ਤੂੰ ਚੱਪ ਚਾਪ ਆਪਣੀ ਜੇਬ ਵਿੱਚੋਂ ਚਾਬੀ ਕੱਢ ਕੇ ਉਸ ਨੂੰ ਫੜਾ ਦਿੱਤੀ ਅਤੇ ਬੋਲ਼ੀ,
– ਮੈਂ ਤੁਹਾਨੂੰ ਚਿਤਾਵਣੀ ਦਿੱਤੀ ਤਾਂ ਸੀ। ਤੁਹਾਡੀ ਮਰਜ਼ੀ…-। ਤੂੰ ਮੇਰੀਆਂ ਅੱਖਾਂ ਤੋਂ ਗੁਰੇਜ਼ ਕਰ ਰਹੀ ਸੀ। ਤੇਰਾ ਯਕੀਨ ਡੋਲ਼ ਗਿਆ ਸੀ।
– ਤੁਹਾਨੂੰ ਕਦੋਂ ਸ਼ੱਕ ਪਿਆ?- ਤੂੰ ਉਸ ਨੂੰ ਆਖਿਆ ਫੇਰ।
– ਜਦ ਤੁਸੀਂ ਦੋਵੇਂ ਮਾਮੇ ਨਾਲ਼ ਥੱਲੇ ਗਏ ਸੀ, ਬਚਿੰਤ ਨੂੰ ਰੋਹਿਤ ਬਾਰੇ ਕੁੱਝ ਸਵਾਲ ਪੁੱਛੇ। ਤੁਹਾਨੂੰ ਨੀਝ ਨਾਲ਼ ਦੇਖ ਰਿਹਾ ਸੀ। ਪੇਟੀ ਵੱਲ ਵੀ। ਗੱਲ ਇੱਕ ਦਮ ਸਾਫ਼ ਸੀ। ਜਦ ਜਾਕਟ ਚੁੱਕੀ, ਜੇਬ ਵਿੱਚੋਂ ਬਟਨ ਬਾਹਰ ਡਿੱਗ ਪਿਆ। ਜੇਬ ਵਿੱਚ ਹੱਥ ਪਾਇਆ…ਟਿਕਟ ਉੱਤੇ ਲਾਇਨ ਕਿੰਗ। ਗੱਲ ਸਾਫ਼ ਸੀ। ਸੋ ਮੈਂ ਜਾਕਟ ਨਾਲ਼ ਲੈ ਗਿਆ। ਬਾਹਰ ਜਾ ਕੇ ਬਚਿੰਤ ਨੂੰ ਕੁੱਝ ਨਹੀਂ ਕਿਹਾ, ਪਰ ਚੰਦਨ ਨੂੰ ਸਮਝਾ ਕੇ ਉਸ ਪੁਲਸ ਨੂੰ ਫ਼ੋਨ ਕਰਨ ਕਿਹਾ। ਜਦ ਪੁਲਸ ਆ ਗਈ ਉਨ੍ਹਾਂ ਨਾਲ਼ ਗੱਲ ਕਰ ਕੇ ਟਿਕਟ ’ਤੇ ਬਟਨ ਜੇਬ’ਚ ਵਾਪਸ ਪਾ ਕੇ…ਦਸਤਕ ਕੀਤਾ…ਬੱਸ-। ਉਹ ਨਾਲ਼ੋਂ ਨਾਲ਼ ਬੋਲ਼ੀ ਗਿਆ, ਨਾਲ਼ੋਂ ਨਾਲ਼ ਜੰਦਰਾ ਖੋਲ਼੍ਹ ਦਿੱਤਾ। ਜਦ ਉਸ ਨੇ ਪੇਟੀ ਅੰਦਰ ਦੇਖਿਆ, ਉਸ ਦੀਆਂ ਅੱਖਾਂ ਅੱਡੀਆਂ ਅਤੇ ਲੂੰ ਕੰਡੇ ਖਲੋਏ…ਰੰਗ ਫੱਕ ਹੋਇਆ, ਮੂੰਹ ਖ਼ੌਫ਼ ਨਾਲ਼ ਭਰਿਆ ਅਤੇ ਇੱਕ ਦਮ ਪੇਟੀ ਦਾ ਢੱਕਣ ਬੰਦ ਕਰ ਦਿੱਤਾ। ਹੁਣ ਜਿੰਝ ਮੈਂ ਡਰ ਰਿਹਾ ਸੀ, ਉਸ ਹੀ ਸੰਵੇਦਨਾ ਨਾਲ਼ ਬਹਿ ਗਿਆ।

– ਪਰ ਕਿਉਂ?- ਉਸ ਦੇ ਬੁੱਲ੍ਹਾਂ’ਚੋਂ ਮਸਾਂ ਆਵਾਜ਼ ਆਈ।
– ਜਿੱਦਾਂ ਤੁਸੀ ਸਿਖਾਇਆ, ਨੀਚਰ ਨੇ ਸਿਖਾਇਆ। ਸੱਚ ਕਹਾਂ ਤਾਂ ਇਹ ਤੁਹਾਡਾ ਹੀ ਸਿਧਾਂਤ ਹੈ। ਜੋ ਤੁਸੀਂ ਮੰਨਦੇ, ਉਹ ਹੀ ਕੀਤਾ। ਰੋਹਿਤ ਨੂੰ ਕਿਸੇ ਨੇ ਮਿਸ ਕਰਨਾ? ਆਮ ਬੰਦਾ ਜਿਸ ਨੇ ਦੁਨੀਆ ਦੀ ਤਰੱਕੀ ਨੂੰ ਕੁੱਝ ਨਹੀਂ ਦੇਣਾ? ਜਦ ਤੁਸੀਂ ਵੀਹ ਜਾਂ ਸੌ ਜੀਵਨ ਉਜਾੜੇ, ਇੱਕ ਦਾ ਕੀ ਮੁੱਲ? ਇੱਕ ਦਾ ਕਤਲ ਹੈ। ਕੀ ਤੁਸੀਂ ਵੀ ਉਸ ਸਮਾਜ ਵਾਂਙ ਇੱਕ ਜਣੇ ਦੀ ਜ਼ਿੰਦਗੀ ਦੇ ਮੁੱਲ ਨੂੰ ਹਜ਼ਾਰਾਂ ਉੱਪਰ ਤਾਕੀਦ ਕਰਦੇ? ਨਹੀਂ। ਫ਼ਰਕ ਕੀ ਹੈ। ਇਹ ਤੁਹਾਡੇ ਹੀ ਸ਼ਬਦ ਨੇ- ਤੂੰ ਬੋਲ਼ੀ।
– ਮੇਰੇ ਸ਼ਬਦ? ਮੇਰੇ ਸ਼ਬਦ! ਸ਼ਬਦ! ਹਾਂ, ਥਿਊਰੀ, ਹਾਂ! ਪਰ ਅਸਲੀ ਦੁਨੀਆ’ਚ…ਉਸ ਦੇ ਮਾਂ-ਪਿਓ ਨੇ ਮਿਸ ਕਰਨਾ! ਦੋਸਤਾਂ ਨੇ! ਟੱਬਰ ਨੇ!- ਆਖਰੀ ਸ਼ਬਦ ਬੋਲ਼ਦੇ ਮੇਰੇ ਵੱਲ ਝਾਤੀ ਮਾਰੀ। – ਪਾਗ਼ਲ ਹੋ ਗਏ! ਜੇ ਹੁਣ ਤੱਕ ਇਹ ਮੇਰੇ ਖਿਆਲ ਸਨ, ਅੱਜ ਇਨ੍ਹਾਂ ਖਿਆਲਾਂ ਨੂੰ ਮੈਂ ਕੂੜੇ ਵਿੱਚ ਸੁੱਟਦਾ! ਬਿਲਕੁਲ ਗ਼ਲਤ ਸਨ! ਅਸਲੀ ਦੁਨੀਆ ਵਿੱਚ ਜਿਉਂਦੇ ਲੋਕ ਨੇ! ਥਿਉਰੀ ਕੀ ਹੁੰਦੀ? ਇਹ ਸਾਰੇ ਵਾਦਾਂ ਨੇ ਹੀ ਜੱਗ ਨੂੰ ਖ਼ਰਾਬ ਕੀਤਾ ਹੋਇਆ ਹੈ! ਪ੍ਰੀਤੀ ਤੇਰੇ ਵਿੱਚ ਇਨਸਾਨ ਲਈ…ਤਰਸ ਨਹੀਂ? ਤੇਰਾ ਪੱਥਰ ਦਿਲ ਹੈ? ਤੁਹਾਡੇ ਦੋਵਾਂ’ਚ ਨੁਕਸ ਹੈ।ਜ਼ਿਹਨ’ਚ ਨੁਕਸ ਹੈ! ਜੇ ਇਹ ਮੇਰੇ ਹੀ ਵਿਚਾਰ ਸਨ ਹੁਣ ਤੱਕ, ਹੁਣ ਮੈਂ ਇਨ੍ਹਾਂ ਨੂੰ ਠੋਕਰ ਮਾਰਦਾ! ਨਿਆਣੇ ਨੂੰ ਮਾਰਿਆ! ਉਹ ਵੀ ਇੰਝ! ਡੈਣ ਹੈ ਤੂੰ!- ਫੇਰ ਮੇਰੇ ਵੱਲ ਦੇਖ ਕੇ- ਅਸੁਰਾ ਹੈ ਪ੍ਰੇਮ, ਉਹ…ਤੇਰਾ ਭਰਾ ਸੀ! ਬਰਾਦਰੀ!-। ਸੁਕਰਾਤ ਨੇ ਆਪਣੇ ਦੋਹਾਂ ਹੱਥਾਂ ਵਿੱਚ ਮੁਖ ਲੁਕੋ ਦਿੱਤਾ। ਫੇਰ ਫ਼ੋਨ ਘੁੰਮਾਇਆ।

– ਤੁਹਾਡੇ ਅਸੂਲ ਨੇ! ਤੁਸੀਂ ਇਹ ਕਰਵਾਇਆ!- ਤੂੰ ਚੀਕ ਰਹੀ ਸੀ।
– ਨਹੀਂ ਇਹ ਤੂੰ ਖ਼ੁਦ ਕੀਤਾ। ਹੁਣ ਤੇਰੀ ਹੈਂਕੜ ਨੇ ਹੀ…ਕਾਸ਼! ਜੇ ਸੱਚ ਮੁੱਚ ਆਪਾਂ ਭਾਰਤ’ਚ ਹੁੰਦੇ, ਹੁਣ ਫ਼ਾਂਸੀ ਤੈਨੂੰ ਹੋ ਜਾਣੀ ਸੀ!-।
– ਫ਼ਾਂਸੀ? ਤੁਸੀਂ ਹੀ ਕਿਹਾ ਕਿ ਉਜੱਡ ਮੁਲਕਾਂ’ਚ ਹੀ ਹੁੰਦੀ ਹੈ!- ਤੂੰ ਹੁਣ ਚੀਕੀ। ਤੈਨੂੰ ਪਤਾ ਸੀ ਅਸੀਂ ਫੜ ਹੋ ਗਏ। – ਸੁਕਰਾਤ ਸੂਰੀ ਤੂੰ ਤਾਂ ਗੱਦਾਰ ਹੈ। ਘੱਟ ਤੋਂ ਘੱਟ ਮੈਂ ਤਾਂ ਆਪਣੇ ਅਸੂਲਾਂ ਨਾਲ਼ ਖੜ੍ਹੀ ਹਾਂ-।
– ’ਤੇ ਅੱਜ ਹੀ ਉਨ੍ਹਾਂ ਹੀ ਅਸੂਲਾਂ ਕਰਕੇ ਡਿਗਣ ਲੱਗੀ। ਗੱਦਾਰੀ ਤਾਂ ਤੇਰੀ ਹੈ ਜੋ ਇਨਸਾਨ ਦਾ ਮੁੱਲ ਨਹੀਂ ਪਾਉਂਦੀ। ਮੈਂ ਗ਼ਲਤ ਸਾਂ। ਨੀਚਰ ਵੀ ਗ਼ਲਤ ਸੀ-।
– ਬੰਦਾ ਅੱਜ ਕੱਲ੍ਹ ਰੱਬ’ਚ ਨਹੀਂ ਮੰਨਦਾ। ਇਸ ਵਿੱਚ ਉਹ ਸਹੀ ਹੈ। ਭਾਰਤੀ ਤਾਂ ਸਿਰਫ਼ ਧਨ ਪੈਸਾ ਮੰਗਣ ਦੇਵੀਆਂ ਦੀ ਪੂਜਾ ਕਰਦੇ ਨੇ। ਆਪਣੀ ਕਾਮਯਾਬੀ ਵਾਸਤੇ। ਸਮਾਜ ਬਾਰੇ ਨਹੀਂ ਸੋਚਦੇ, ਕੇਵਲ ਖ਼ੁਦ ਬਾਰੇ। ਏਸ ਲਈ ਰੱਬ ਹੈ? ਨਹੀਂ। ਰੱਬ ਮਰ ਗਿਆ! ਇਹ ਹੀ ਗੱਲ ਤੂੰ ਕਰਦਾ ਸੀ ਜਦ ਅਸੀਂ ਉੱਪਰ ਆਏ। ਹੈ ਨਾ?-।
– ਨਹੀਂ। ਬੰਦਾ ਅੱਜ ਕੱਲ੍ਹ ਬੰਦੇ ਵਿੱਚ ਹੀ ਮੰਨਦਾ। ਆਪਾਂ ਭਾਰਤ’ਚ ਨਹੀਂ ਰਹਿੰਦੇ। ਉਨ੍ਹਾਂ ਲੋਕਾਂ ਦਾ ਬਹਾਨਾ ਨਹੀਂ ਬਣਾ ਸਕਦੇ। ਮੰਨਦਾ ਹਾਂ ਉਹ ਦੂਜਿਆਂ ਬਾਰੇ ਨਹੀਂ ਸੋਚਦੇ। ਇਹ ਤਾਂ ਪੱਛਮੀ ਇਸਾਈ ਸੋਚ ਹੈ। ਆਪਾਂ ਵੀ ਪੱਛਮ’ਚ ਰਹਿ ਕੇ ਇੰਝ ਸੋਚਣਾ ਲੱਗ ਪਏ। ਫਿਰ ਵੀ…ਇਨਸਾਨੀਅਤ ਸਾਰੇ ਪਾਸੇ ਹੈ। ਉੱਥੇ ਵੀ। ਇਨਸਾਨ ਸਾਰੇ ਪਾਸੇ ਵਸਦ ਨੇ। ਤੂੰ ਤਾਂ ਹੋਰ ਹੀ ਕੁੱਝ ਹੈ। ਹੋਰ ਹੀ ਕੁੱਝ-। ਸੁਕਰਾਤ ਚੁੱਪ ਹੋ ਗਿਆ।

ਜਦ ਮੈਂ ਆਪਣੀ ਲੱਤ ਵੱਲ ਦੇਖਿਆ, ਪਿਸ਼ਾਬ ਨਾਲ਼ ਭਿੱਜੀ ਸੀ।

ਘੰਟੀ ਵੱਜੀ।
ਪੁਲਸ ਦੀ ਆਵਾਜ਼ ਆਈ।
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1105
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ