|
ਸੰਸਾਰ ਵਿੱਚ ਇੱਕ ਗੁਰਸਿੱਖ ਹੀ ਹੈ ਜੋ ਆਪਣਾ ਦਿਨ ਆਰੰਭ ਕਰਨ ਤੋਂ ਪਹਿਲਾਂ ਤੇ ਦਿਨ ਦੀ ਪੂਰਣਤਾ ਤੇ ਨਿੱਤ ਅਰਦਾਸ ਕਰਦਾ ਹੈ ਕਿ ਉਸ ਦਾ ਮਨ ਨੀਵਾਂ ਰਹੇ ਤੇ ਮਤਿ ਉੱਚੀ । ਨਿਮਾਣਾ ਰਹਿ ਕੇ ਉਹ ਸੁਰਤਿ ਦੇ ਸ਼ਿਖਰ ਤੇ ਪੁੱਜਣਾ ਚਾਹੁੰਦਾ ਹੈ। ਉਹ ਮਨੁੱਖੀ ਜੀਵਨ ਦਾ ਮਨੋਰਥ ਜਾਣਦਾ ਹੈ ਤੇ ਉਸ ਨੂੰ ਪ੍ਰਾਪਤ ਕਰਨ ਲਈ ਗੰਭੀਰ ਹੁੰਦਾ ਹੈ। ਪਰਮਾਤਮਾ ਨੇ ਪੰਜ ਤੱਤਾਂ ਦੇ ਸੁਮੇਲ ਨਾਲ ਮਨੁੱਖ ਦਾ ਤਨ ਰਚਿਆ। ਤਨ ਸੰਸਾਰਕ ਵਿਵਹਾਰ ਲਈ ਪਰਿਪੂਰਨ ਰਚਨਾ ਹੈ। ਤਨ ਅੰਦਰ ਪਰਮਾਤਮਾ ਨੇ ਆਤਮ ਤੱਤ ਟਿਕਾਇਆ। ਆਤਮ ਤੱਤ ਅਧਿਆਤਮਕ ਪ੍ਰਾਪਤੀ ਲਈ ਸਮਰੱਥ ਹੈ। ਮਨੁੱਖ ਆਪਣੀ ਪਛਾਣ ਤਨ ਤੋਂ ਕਰਦਾ ਆਇਆ ਹੈ। ਉਸ ਦੀ ਸਾਰੀ ਸੋਚ ਤਨ ਤੇ ਹੀ ਕੇਂਦ੍ਰਿਤ ਰਹਿੰਦੀ ਹੈ। ਗੁਰਬਾਣੀ ਨੇ ਤਨ ਤੇ ਆਤਮ ਤੱਤ ਨੂੰ ਵੱਖ ਵੱਖ ਕਰ ਕੇ ਵੇਖਿਆ। ਆਤਮ ਤੱਤ ਲਈ ਗੁਰਬਾਣੀ ਵਿੱਚ ਮਨ ਸ਼ਬਦ ਦੀ ਵਰਤੋਂ ਕੀਤੀ ਗਈ । ਗੁਰਬਾਣੀ ਅਨੁਸਾਰ ਤਨ ਦੀ ਹੋਂਦ ਵੱਖਰੀ ਹੈ ਤੇ ਮਨ ਦੀ ਵੱਖਰੀ। ਤਨ ਨਾਸ਼ਵਾਨ ਹੈ ਪਰ ਮਨ ਕਾਇਮ ਰਹਿਣ ਵਾਲਾ ਹੈ। ਤਨ ਜਲ , ਪਵਨ , ਅਗਨੀ , ਅਕਾਸ਼ ਤੇ ਧਰਤੀ ਦੇ ਤੱਤਾਂ ਨਾਲ ਬਣਿਆ ਹੈ। ਮਨ , ਜੀਵਾਤਮਾ ਦਾ ਮੂਲ ਸ੍ਰੋਤ ਪਰਮਾਤਮਾ ਹੈ। ਪਰਮਾਤਮਾ ਤੋਂ ਵਿਛੜ ਕੇ ਜੀਵਾਤਮਾ ਜੋਨੀਆਂ ਵਿੱਚ ਫਿਰ ਰਹੀ ਹੈ। ਜੀਵਾਤਮਾ ਦਾ ਅੰਤਮ ਉੱਦੇਸ਼ ਪਰਮਾਤਮਾ ਵਿੱਚ ਅਭੇਦ ਹੋ ਜਾਣਾ ਹੈ ਜਿਵੇਂ ਜਲ ਵਿੱਚ ਜਲ ਸਮਾਂ ਜਾਂਦਾ ਹੈ। ਤਨ ਇਸ ਵਿੱਚ ਸਹਾਇਕ ਦੀ ਭੂਮਿਕਾ ਅਦਾ ਕਰਦਾ ਹੈ। ਗੁਰੂ ਨਾਨਕ ਸਾਹਿਬ ਨੇ ਵਚਨ ਕੀਤਾ “ ਮਨੁ ਤਨੁ ਤੇਰਾ ਤੂ ਧਣੀ ਗਰਬੁ ਨਿਵਾਰਿ ਸਮੇਉ ” । ਮਨੁੱਖ ਇਹ ਸਮਝੇ ਕਿ ਉਸ ਦਾ ਆਪਣਾ ਕੁੱਝ ਵੀ ਨਹੀਂ ਹੈ। ਉਸ ਦਾ ਤਨ ਵੀ ਪਰਮਾਤਮਾ ਦਾ ਬਖਸ਼ਿਆ ਹੋਇਆ ਹੈ , ਮਨ ਵੀ ਪਰਮਾਤਮਾ ਦੀ ਦਿੱਤੀ ਦਾਤ ਹੈ। ਉਸ ਦਾ ਦਾਤਾ ਪਰਮਾਤਮਾ ਦਾ ਹੈ। ਉਸ ਦੀ ਪਛਾਣ ਪਰਮਾਤਮਾ ਦੇ ਜਾਚਕ ਦੀ ਹੈ “ ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ” । ਗੁਰੂ ਨਾਨਕ ਸਾਹਿਬ ਨੇ ਪਰਮਾਤਮਾ ਨੂੰ ਧਣੀ , ਸਾਹ ਕਿਹਾ। ਧਣੀ ਅੱਗੇ ਹੰਕਾਰ ਤਿਆਗ ਕੇ ਹੀ ਜਾਇਆ ਜਾਂਦਾ ਹੈ। ਧਣੀ ਅੱਗੇ ਨਿਮਾਣਾ ਬਣ ਕੇ , ਝੋਲੀ ਫੈਲਾ ਕੇ ਮੰਗਿਆ ਜਾਂਦਾ ਹੈ। ਗੁਰੂ ਅਮਰਦਾਸ ਜੀ ਨੇ ਮਨੁੱਖ ਨੂੰ ਪਰਮਾਤਮਾ ਦੇ ਦਰ ਦਾ ਭਿਖਾਰੀ ਕਿਹਾ। ਮਨ ਅੰਦਰ ਦੀਨ ਜਾਚਕ ਦੀ ਅਵਸਥਾ ਬਣ ਜਾਏ। ਤਨ ਦੀਨ ਜਾਚਕ ਵਾਂਗੂੰ ਵਿਵਹਾਰ ਕਰੇ। ਗੁਰਸਿੱਖ ਜਾਣਦਾ ਹੈ ਕਿ ਮਨ ਅੰਦਰ ਦੀਨ ਅਵਸਥਾ ਦਾ ਬਣਨਾ ਤੇ ਤਨ ਦਾ ਨਿਮਾਣਾ ਵਿਵਹਾਰ ਕਰਨਾ ਅਤਿ ਕਠਿਨ ਹੈ। ਇਹ ਪ੍ਰਾਪਤੀ ਮਨੁੱਖ ਦੀ ਆਪਣੀ ਸਮਰੱਥਾ , ਸਿਆਣਪ , ਬੁੱਧੀ ਨਾਲ ਸੰਭਵ ਨਹੀਂ ਹੈ। ਇਹ ਪਲ , ਪਲ , ਕਦਮ , ਕਦਮ ਦੀ ਅਗਨੀ ਪ੍ਰੀਖਿਆ ਦਾ ਮਾਰਗ ਹੈ। ਇਸ ਕਾਰਨ ਉਹ ਨਿਤ ਅਰਦਾਸ ਕਰਦਾ ਹੈ ਕਿ ਉਸ ਦਾ ਮਨ ਨੀਵਾਂ ਰਹੇ। ਮਨ ਨੀਵਾਂ ਤਾਂ ਹੀ ਹੋ ਸਕਦਾ ਹੈ ਜੇ ਮਤਿ ਊਚੀ ਹੋਵੇ। ਗੁਰਸਿੱਖ ਅੱਗੇ ਦੋ ਰਾਹ ਹਨ। ਇੱਕ ਗੁਰ ਮਤਿ ਦਾ ਦੂਜਾ ਮਨ ਮਤਿ ਦਾ। ਜੋ ਆਪਣੀ ਪਛਾਣ ਆਪਣੇ ਤਨ ਤੋਂ ਕਰ ਰਿਹਾ ਹੈ ਤੇ ਜਿਸ ਦਾ ਮਨ ਉਸ ਦੇ ਤਨ ਭਾਵ ਇੰਦ੍ਰਿਆਂ ਦੇ ਵੱਸ ਹੈ ਉਹ ਮਨ ਦੀ ਮਤਿ ਚੁਣਦਾ ਹੈ। ਜਿਸ ਨੇ ਆਪਣੇ ਮਨ ਤੇ ਤਨ ਦਾ ਦਾਤਾ ਪਰਮਾਤਮਾ ਨੂੰ ਮੰਨ ਲਿਆ ਹੈ ਉਹ ਗੁਰੂ ਦੀ ਮਤਿ ਦੀ ਰਾਹ ਤੇ ਤੁਰ ਪੈਂਦਾ ਹੈ। ਇਹ ਦੋਵੇ ਇੱਕ ਦੂਜੇ ਦੇ ਪੂਰਨ ਵਿਪਰੀਤ ਦਿਸ਼ਾਵਾਂ ਦੀਆਂ ਰਾਹਾਂ ਹਨ। ਮਨ ਦੀ ਮਤਿ ਦੀ ਰਾਹ ਤੇ ਚੱਲਣ ਵੱਲ ਦੀ ਪਿੱਠ ਗੁਰੂ ਦੀ ਮਤਿ ਵੱਲ ਹੁੰਦੀ ਹੈ। ਗੁਰੂ ਦੀ ਮਤਿ ਮੰਨਣ ਵਾਲਾ ਮਨ ਦੀ ਮਤਿ ਵਾਲੀ ਰਾਹ ਤੋਂ ਨਿਰੰਤਰ ਦੂਰ ਹੁੰਦਾ ਜਾਂਦਾ ਹੈ। ਗੁਰੂ ਦੀ ਮਤਿ ਅਨਮੋਲ ਹੈ ਕਿਉਂਕਿ ਉਹ ਮਨ ਨੀਵਾਂ ਕਰਨ ਦੀ ਵਿਧੀ ਵੀ ਦੱਸਦੀ ਹੈ ਅਤੇ ਪ੍ਰੇਰਨਾ ਵੀ ਦਿੰਦੀ ਹੈ। ਆਪਣੀ ਮਤਿ ਮਨੁੱਖ ਨੂੰ ਸਦਾ ਭਰਮ ਤੇ ਧੋਖੇ ਵਿੱਚ ਰੱਖਦੀ ਹੈ। ਗੁਰੂ ਦੀ ਮਤਿ ਤੋਂ ਵੇਮੁਖ ਹੋ ਆਪਣੀ ਸਿਆਣਪ ਵਰਤਣ ਵਾਲਿਆਂ ਨੂੰ ਗੁਰੂ ਨਾਨਕ ਸਾਹਿਬ ਨੇ “ ਅੰਧੇ ਅਕਲੀ ਬਾਹਰੇ “ ਕਿਹਾ ਤੇ ਉਨ੍ਹਾਂ ਤੇ ਤਰਸ ਖਾਧਾ “ ਕਿਆ ਤਿਨ ਸਿਉ ਕਹੀਐ” । ਇਨ੍ਹਾਂ ਦਾ ਹਾਲ ਗੁਰੂ ਨਾਨਕ ਸਾਹਿਬ ਨੇ ਵਿਸਤਾਰ ਨਾਲ ਦੱਸਿਆ ਕਿ ਅਜਿਹੇ ਲੋਗ ਸੰਸਾਰਕ ਪ੍ਰਾਪਤੀਆਂ ਨੂੰ ਜੀਵਨ ਦੀ ਸਫਲਤਾ ਮੰਨਦੇ ਹਨ। ਸੂਤੇ ਕਉ ਜਾਗਤ ਕਹੈ ਜਾਗਤ ਕਉ ਸੂਤਾ।। ਜਿਸ ਨੇ ਧਨ ਦੌਲਤ ਇਕੱਤਰ ਕਰ ਲਈ, ਵੱਡਾ ਕੁਲ ਹੈ, ਬਲ ਹੈ, ਸੱਤਾ ਹੈ, ਉਸ ਦਾ ਸਨਮਾਨ ਹੋਣਾ ਦਰਅਸਲ ਅਯੋਗਤਾ ਦਾ ਸਨਮਾਨ ਹੈ ਕਿਉਂਕਿ ਇਹ ਮਹਾ ਠਗਨੀ, ਮਹਾ ਬਿਖ ਮਾਇਆ ਵਿੱਚ ਲਿਪਤ ਹੋਣ ਦੀ ਨਿਸ਼ਾਨੀ ਹੈ। ਮਾਇਆ ਤੋਂ ਦੂਰ ਰਹਿ ਕੇ ਸਹਿਜ, ਸੰਤੋਖ ਵਿੱਚ ਜੀਵਨ ਬਤੀਤ ਕਰਨਾ ਜੀਵਨ ਦੀ ਅਸਫਲਤਾ ਮੰਨ ਲਿਆ ਜਾਂਦਾ ਹੈ। ਮਨੁੱਖ ਦੀ ਮਤਿ ਉਸ ਨੂੰ ਉਹ ਅੰਤਰ ਦ੍ਰਿਸ਼ਟੀ ਨਹੀਂ ਪ੍ਰਦਾਨ ਕਰਦੀ ਜਿਸ ਨਾਲ ਉਹ ਪਰਮਾਤਮਾ ਨੂੰ ਸਮਰਪਿਤ ਮਨੁੱਖ ਦੀ ਆਤਮਿਕ ਚੇਤਨਾ ਦੇ ਸੁਹੱਪਣ ਨੂੰ ਵੇਖ ਸਕੇ। ਉਸ ਦੀ ਸੀਮਤ ਦ੍ਰਿਸ਼ਟੀ ਬਾਹਰੀ ਵਿਖਾਵਿਆਂ ਵਿੱਚ ਹੀ ਉਲਝ ਕੇ ਰਹਿ ਜਾਂਦੀ ਹੈ। ਹਕੀਕਤ ਕੁੱਝ ਹੋਰ ਹੁੰਦੀ ਹੈ, ਮਨੁੱਖ ਸਮਝ ਕੁੱਝ ਹੋਰ ਲੈਂਦਾ ਹੈ ਜਿਸ ਕਾਰਨ ਧੋਖਾ ਮਿਲਦਾ ਰਹਿੰਦਾ ਹੈ। ਜਿਸ ਵਿੱਚ ਸੁੱਖ ਸੀ ਉਸ ਵੱਲ ਨਿਗਾਹ ਹੀ ਨਹੀਂ ਜਾਂਦੀ। ਆਪਣੇ ਔਗੁਣਾਂ ਦਾ ਅਹਿਸਾਸ ਤੇ ਅਫਸੋਸ ਨਹੀਂ ਹੁੰਦਾ। ਗੁਰੂ ਨਾਨਕ ਸਾਹਿਬ ਨੇ ਵਚਨ ਕੀਤਾ “ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ“ ਭਾਵ ਪਰਮਾਤਮਾ ਦੀ ਬੰਦਗੀ ਨੂੰ ਉਹ ਸਮਾਂ ਗੁਆਉਣਾ ਮੰਨਦਾ ਹੈ ਅਤੇ ਜੋ ਸਮਾਂ ਪਰਮਾਤਮਾ ਦੀ ਭਗਤੀ, ਸਿਮਰਨ ਤੋਂ ਬਿਨਾ ਮਾਇਆ ਵਿੱਚ ਰਮ ਕੇ ਬਤੀਤ ਹੋ ਰਿਹਾ ਹੈ ਉਸ ਨੂੰ ਉਪਲ ਧੀ ਸਮਝਦਾ ਹੈ।ਮਾਇਆ ਦੇ ਮੋਹ ਵੱਸ ਕੀਤੇ ਸਾਰੇ ਕਾਰਜ ਅੰਤ ਦੁੱਖ ਦਿੰਦੇ ਹਨ ਪਰ ਮਨੁੱਖ ਇਹ ਨਹੀਂ ਸਮਝਦਾ। ਉਹ ਕੌੜੇ ਨੂੰ ਮਿੱਠਾ ਸਮਝਦਾ ਹੈ। ਪਰਮਾਤਮਾ ਦੀ ਸ਼ਰਣ ਵਿੱਚ ਹਿੱਤ ਹੈ ਪਰ ਉਹ ਮਾਰਗ ਮਨੁੱਖ ਨੂੰ ਔਖਾ ਲੱਗਦਾ ਹੈ, ਮਿੱਠੇ ਨੂੰ ਕੌੜਾ ਸਮਝਦਾ ਹੈ। ਆਪਣੀ ਮਤਿ ਉਸ ਨੂੰ ਹਰ ਉਸ ਕੰਮ ਵੱਲ ਧੱਕਦੀ ਹੈ ਜਿਸ ਵਿੱਚ ਉਸ ਦਾ ਕੋਈ ਲਾਭ ਨਹੀਂ ਸਗੋਂ ਜੀਵਨ ਦਾ ਅਨਮੋਲ ਸਮਾਂ ਵਿਅਰਥ ਕਰਨਾ ਹੈ।ਗੁਰੂ ਨਾਨਕ ਸਾਹਿਬ ਨੇ ਸਮਝਾਇਆ – ਪੋਖਰੁ ਨੀਰੁ ਵਿਰੋਲਿਐ ਮਾਖਨੁ ਨਹੀ ਰੀਸੈ।। —–( ਸ੍ਰੀ ਗੁਰੂ ਗ੍ਰੰਥ ਸਾਹਿਬ , ਅੰਗ 229 ) ਮਨੁੱਖ ਦੀ ਆਪਣੀ ਮਤਿ ਟੋਏ ਟਿੱਬੇ ਜਿਹੀ ਹੈ ਜਿਸ ਵਿੱਚ ਮਾਇਆ ਤੇ ਵਿਕਾਰਾਂ ਦਾ ਚਿੱਕੜ ਭਰਿਆ ਜਲ ਸਮਾਇਆ ਹੋਇਆ ਹੈ। ਇਸ ਨੂੰ ਜੀਵਨ ਭਰ ਰਿੜਕਦੇ ਰਹੋ ਮੱਖਣ ਨਹੀਂ ਪ੍ਰਾਪਤ ਹੋਵੇਗਾ। ਆਪਣੀ ਮਤਿ, ਸਿਆਣਪ ਨਾਲ ਜੀਵਨ ਜਿਉਂਦਿਆਂ ਸਮਾਂ ਤੇ ਤਾਕਤ ਦੋਵੇ ਵਿਅਰਥ ਚਲੇ ਜਾਂਦੇ ਹਨ। ਕੋਈ ਲਾਭ ਨਹੀਂ ਹੁੰਦਾ। ਪਾਨੀ ਵਿੱਚ ਮਧਾਣੀ ਪਾ ਕੇ ਭਾਵ ਆਪਣੀ ਮਤਿ ਅਨੁਸਾਰ ਮਨੁੱਖ ਵਿਵਹਾਰ ਕਰਦਾ ਹੈ ਕਿਉਂਕਿ ਉਸ ਨੂੰ ਆਪਣੇ ਤੇ ਹੰਕਾਰ ਹੁੰਦਾ ਹੈ। ਇਹ ਤਾਂ ਵਿਨਾਸ਼ ਦੀ ਰਾਹ ਹੈ “ ਗੁਮਾਨੁ ਕਰਹਿ ਮੂਡ ਗੁਮਾਨਿਆ ਵਿਸੁ ਖਾਧੀ ਮਾਰੀਐ “ ਜਿਸ ਤੇ ਚੱਲਣ ਵਾਲਾ ਮੂਰਖ ਹੈ ਜੋ ਆਪਣੇ ਵਿਨਾਸ਼ ਦਾ ਕਾਰਨ ਆਪ ਹੀ ਬਣਦਾ ਹੈ। ਗੁਰਸਿੱਖ ਨਿਮਾਣਾ ਹੋ ਕੇ ਗੁਰੂ ਦੀ ਸ਼ਰਣ ਵਿੱਚ ਆਉਂਦਾ ਹੈ ਤੇ ਗੁਰੂ ਦੀ ਸਿਖਿਆ ਅਨੁਸਾਰ ਜੀਵਨ ਨੂੰ ਢਾਲ ਕੇ ਉੱਤਮ ਅਵਸਥਾ ਪ੍ਰਾਪਤ ਕਰ ਲੈਂਦਾ ਹੈ। ਲਾਲੇ ਗੋਲੇ ਮਤਿ ਖਰੀ ਗੁਰ ਕੀ ਮਤਿ ਨੀਕੀ।। ਹੰਕਾਰ, ਵਿਕਾਰਾਂ ਦਾ ਤਿਆਗ ਕਰ ਜੀਵਨ ਗੁਰੂ ਦੇ ਹੁਕਮ ਅੰਦਰ ਲੈ ਆਉਣਾ ਸੁੰਦਰ ਆਤਮਿਕ ਅਵਸਥਾ ਦਾ ਸਿਰਜਣ ਕਰਨ ‘ਚ ਸਫਲ ਹੋ ਜਾਣਾ ਹੈ ਕਿਉਂਕਿ ਗੁਰੂ ਦੀ ਮਤਿ ਪੂਰਨ ਨਿਰਮਲ ਤੇ ਕਲਿਆਣ ਕਾਰੀ ਹੈ। ਮਨੁੱਖ ਦਾ ਪੂਰਾ ਜੀਵਨ ਹੀ ਪਾਵਨ ਹੋ ਜਾਂਦਾ ਹੈ। ਗੁਰੂ ਨਾਨਕ ਸਾਹਿਬ ਨੇ ਜੀਵਨ ਦੇ ਇਸ ਬਦਲਾਵ ਨੂੰ ਸਮਝਾਉਣ ਲਈ ਆਮ ਦੈਨਿਕ ਵਿਵਹਾਰ ਦੇ ਪ੍ਰਤੀਕ ਵਰਤਦੇ ਹੋਏ ਵਚਨ ਕੀਤਾ “ਸਾਚੈ ਬੈਸਣੁ ਉਠਣਾ ਸਚੁ ਭੋਜਨੁ ਭਾਖਿਆ।। ਚਿਤਿ ਸਚੈ ਵਿਤੋ ਸਚਾ ਸਾਚਾ ਰਸੁ ਚਾਖਿਆ।।“ ਉਠਣਾ, ਬੈਠਣਾ, ਖਾਣਾ, ਬੋਲਣਾ ਮਨੁੱਖ ਦੀਆਂ ਨਿਤ ਦੀਆਂ ਲੋੜੀਂਦੀਆਂ ਕਿਰਿਆਵਾਂ ਹਨ। ਇਨ੍ਹਾਂ ਬਿਨਾ ਜੀਵਨ ਨਹੀਂ ਚੱਲ ਸੱਕਦਾ। ਗੁਰੂ ਦੀ ਮਤਿ ਇਨ੍ਹਾਂ ਲੋੜੀਂਦੀਆਂ ਕਿਰਿਆਵਾਂ ਨੂੰ ਸੱਚ ਦਾ ਆਧਾਰ ਪ੍ਰਦਾਨ ਕਰਦੀ ਹੈ। ਭਾਵ ਇਹ ਕਿ ਮਨੁੱਖ ਦਾ ਇੱਕ ਇੱਕ ਕਾਰਜ ਪਰਮਾਤਮਾ ਦੀ ਵਿਵਸਥਾ ਦੇ ਅਨੁਕੂਲ ਹੁੰਦਾ ਹੈ, ਪਰਮਾਤਮਾ ਦੀ ਦ੍ਰਿਸ਼ਟੀ ਵਿੱਚ ਪ੍ਰਵਾਨ ਹੁੰਦਾ ਹੈ। ਮਨੁੱਖ ਦੀ ਸੋਚ ਵਿੱਚ ਗੁਣਾਂ ਦੀ ਪ੍ਰਧਾਨਤਾ ਹੋ ਜਾਂਦੀ ਹੈ ਅਤੇ ਉਸ ਦਾ ਨਿਜੀ ਤੇ ਸਮਾਜਕ ਵਿਵਹਾਰ ਵੀ ਗੁਣਾਂ ਦੇ ਅਧੀਨ ਹੋ ਜਾਂਦਾ ਹੈ। ਉਸ ਦੇ ਵਿਵਹਾਰ ਤੋਂ ਨਿਮਰਤਾ ਝਲਕਦੀ ਹੈ, ਸਹਿਜ ਤੇ ਸੰਤੋਖ ਦੀ ਭਾਵਨਾ ਪ੍ਰਗਟ ਹੁੰਦੀ ਹੈ, ਸਮਾਜ ਨੂੰ ਲਾਭ ਪ੍ਰਾਪਤ ਹੁੰਦਾ ਹੈ ਤੇ ਜੀਵਨ ਦੇ ਮਿਆਰ ਕਾਇਮ ਹੁੰਦੇ ਹਨ। ਇਹ ਕਿਵੇਂ ਸੰਭਵ ਹੁੰਦਾ ਹੈ, ਗੁਰੂ ਨਾਨਕ ਸਾਹਿਬ ਨੇ ਸਮਝਾਇਆ। ਗੁਰੂ ਸਾਹਿਬ ਨੇ ਵਚਨ ਕੀਤਾ – ਲਾਲੈ ਗਾਰਬੁ ਛੋਡਿਆ ਗੁਰ ਕੈ ਭੈ ਸਹਜਿ ਸੁਭਾਈ।। ਇਹ ਗੁਰੂ ਦੀ ਉਚੀ ਮਤਿ ਹੈ ਜਿਸ ਨਾਲ ਮਨ ਨੀਵਾਂ ਹੁੰਦਾ ਹੈ। ਗੁਰੂ ਦੀ ਊਚੀ ਮਤਿ ਹੈ ਕਿ ਗੁਰਸਿੱਖ ਹੰਕਾਰ , ਵਿਕਾਰਾਂ ਦਾ ਤਿਆਗ ਕਰੇ। ਦੂਜੀ ਊਚੀ ਮਤਿ ਹੈ ਕਿ ਗੁਰਸਿੱਖ ਸਦਾ ਹੀ ਪਰਮਾਤਮਾ ਦੇ ਭੈ ਵਿੱਚ ਰਹੇ। ਗੁਰੂ ਦੀ ਤੀਜੀ ਊਚੀ ਮਤਿ ਹੈ ਕਿ ਗੁਰਸਿੱਖ ਸੰਤੋਖ, ਸੰਜਮ, ਪ੍ਰੇਮ, ਦਇਆ, ਹਲੀਮੀ, ਸੇਵਾ ਜਿਹੇ ਗੁਣ ਧਾਰਨ ਕਰੇ ਜਿਸ ਨਾਲ ਉਸ ਦੇ ਜੀਵਨ ਦੀ ਭਟਕਣ ਮਿੱਟ ਜਾਏ ਤੇ ਸਹਿਜ ਆ ਜਾਵੇਭਾਵ ਦੁੱਖ-ਸੁੱਖ ਉਸ ਲਈ ਇੱਕ ਸਮਾਨ ਹੋ ਜਾਣ ਚੌਥੀ ਊਚੀ ਮਤਿ ਹੈ ਕਿ ਗੁਰਸਿੱਖ ਪਰਮਾਤਮਾ ਨੂੰ ਆਪਣਾ ਸੁਆਮੀ ਮੰਨ ਲਵੇ ਅਤੇ ਉਸ ਦਾ ਦਾਸ ਬਣ ਕੇ ਰਹੇ। ਪੰਜਵੀਂ ਊਚੀ ਮਤਿ ਹੈ ਕਿ ਉਹ ਪਰਮਾਤਮਾ ਤੇ ਅਡੋਲ ਭਰੋਸਾ ਕਰੇ ਤੇ ਉਸ ਦੀ ਕਿਰਪਾ ਲਈ ਜਤਨਸ਼ੀਲ ਰਹੇ ਕਿਉਂਕਿ ਪਰਮਾਤਮਾ ਦੀ ਮਿਹਰ ਹੀ ਉਸ ਨੂੰ ਦੁੱਖਾਂ ਦੇ ਸਾਗਰ ਤੋਂ ਪਾਰ ਕਰਾ ਸਕਦੀ ਹੈ।ਪਰਮਾਤਮਾ ਨੂੰ ਇੱਕੋ ਇੱਕ ਦਾਤਾ ਅਤੇ ਦਿਆਲੂ ਜਾਣ ਕੇ ਉਸ ਦੀ ਸ਼ਰਣ ਲਵੇ “ਤੁਧੁ ਜੇਵਡੁ ਦਾਤਾ ਕੋ ਨਹੀ ਤੂ ਬਖਸ਼ਣਹਾਰੁ“। ਇਹ ਵਿਸ਼ਵਾਸ ਗੁਰਸਿੱਖ ਅੰਦਰ ਵਿਕਾਰਾਂ, ਔਗੁਣਾਂ ਤੋਂ ਦੂਰ ਹੋਣ ਦਾ ਦ੍ਰਿੜ੍ਹ ਸੰਕਲਪ ਪੈਦਾ ਕਰਦਾ ਹੈ। ਮਨੁੱਖ ਤਾਂ ਔਗੁਣਾਂ ਦਾ ਭਰਿਆ ਹੋਇਆ ਹੈ। ਕਿਤਨੇ ਹੀ ਜਨਮ ਉਸ ਨੇ ਪਾਪ ਕਰਦਿਆਂ ਬਤੀਤ ਕੀਤੇ ਹਨ। ਹਰ ਜਨਮ ਵਿੱਚ ਉਹ ਮਾਇਆ, ਵਿਕਾਰਾਂ ਦਾ ਬਿਖ ਹੀ ਸੰਚਿਤ ਕਰਦਾ ਰਿਹਾ ਹੈ “ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ“। ਔਗੁਣਾਂ ਕਾਰਨ ਹੀ ਵਾਰ ਵਾਰ ਜੋਨੀਆਂ ਵਿੱਚ ਜੰਮਣਾ, ਮਰਣਾ ਪੈ ਰਿਹਾ ਹੈ, ਆਵਾਗਮਨ ਦੇ ਚੱਕਰ ਤੋਂ ਮਨੁੱਖ ਬਾਹਰ ਨਹੀਂ ਨਿਕਲ ਸਕਿਆ ਹੈ। ਗੁਰੂ ਦਾ ਗਿਆਨ ਹੀ ਇਸ ਤੋਂ ਉਬਾਰ ਸਕਦਾ ਹੈ। ਹਾਟੁ ਪਟਣੁ ਘਰੁ ਗੁਰੂ ਦਿਖਾਇਆ ਸਹਜੇ ਸਚੁ ਵਾਪਾਰੋ।। ਬਜਾਰ ਵਿੱਚ ਇੱਕ ਤੋਂ ਇੱਕ ਮਨ ਲੁਭਾਉਣ ਵਾਲਿਆਂ ਵਸਤੂਆਂ ਮੌਜੂਦ ਹਨ। ਮਨੁੱਖ ਬਜਾਰ ਵਿੱਚ ਜਾਂਦਾ ਹੈ ਤਾਂ ਲੋੜ ਨਾ ਹੋਣ ਤੇ ਵੀ ਕੇਵਲ ਪਸੰਦ ਆਉਣ ਕਾਰਨ ਹੀ ਵਸਤੂਆਂ ਖਰੀਦਦਾ ਜਾਂਦਾ ਹੈ। ਕਈ ਵਾਰ ਸਮਰੱਥਾਂ ਨਾ ਹੋਣ ਤੇ ਵੀ ਪਸੰਦ ਦੀ ਵਸਤੂ ਖਰੀਦਣ ‘ਚ ਸੰਕੋਚ ਨਹੀਂ ਕਰਦਾ। ਇਹ ਵਿਵਹਾਰ ਸਦਾ ਹੀ ਦੁੱਖ ਦਿੰਦਾ ਹੈ। ਪਛਤਾਵਾ ਹੁੰਦਾ ਹੈ ਪਰ ਪਿੱਛੇ ਮੁੜਨ ਦਾ ਕੋਈ ਮੌਕਾ ਨਹੀਂ ਹੁੰਦਾ। ਲੋਭ , ਮੋਹ ਹੀ ਨਹੀਂ ਹੰਕਾਰ ਤੇ ਵਾਸਨਾ ਵੀ ਅਜਿਹੀ ਸਥਿਤੀ ਵਿੱਚ ਲੈ ਆਉਂਦੇ ਹਨ ਕਿ ਅੱਗੇ ਸਾਰੇ ਦੁਆਰ ਬੰਦ ਨਜਰ ਆਉਂਦੇ ਹਨ। ਇਹ ਗੁਰੂ ਹੀ ਹੈ ਜੋ ਮਨੁੱਖ ਨੂੰ ਦੁੱਖ ਤੇ ਪਛਤਾਵੇ ਤੋਂ ਬਚਾ ਸਕਦਾ ਹੈ। ਗੁਰੂ ਦੀ ਮਤਿ ਗੁਰਸਿੱਖ ਨੂੰ ਵਿਚਾਰਨ ਦੀ ਯੋਗਤਾ ਪ੍ਰਦਾਨ ਕਰਦੀ ਹੈ ਕਿ ਉਹ ਕੀ ਧਾਰਨ ਕਰੇ , ਕੀ ਤਿਆਗ ਕਰੇ।ਕੀ ਸੰਚਿਤ ਕਰੇ ਕਿਸ ਤੋਂ ਦੂਰ ਰਹੇ। ਮਾਇਆ ਤਾਂ ਵਿਭਿੰਨ ਰੂਪਾਂ ਵਿੱਚ ਉਸ ਨੂੰ ਲੁਭਾਉਣ ਲਈ ਚਾਰੋ ਦਿਸ਼ਾਵਾਂ ਵਿੱਚ ਖੜੀ ਹੋਈ ਹੈ। ਗੁਰੂ ਦੀ ਮਤਿ ਮਾਇਆ ਦੇ ਲਿਭਾਉਣੇ ਰੂਪ ਦੇ ਪਿੱਛੇ ਦਾ ਘਿਨਾਉਣਾ ਸੱਚ ਜਾਣ ਲੈਂਦਾ ਹੈ ਤੇ ਇਸ ਦੇ ਫੇਰ ਵਿੱਚ ਨਹੀਂ ਪੈਂਦਾ। ਗੁਰੂ ਦੀ ਮਤਿ ਅਨੁਸਾਰ ਉਹ ਮਨ ਦੀਆਂ ਲੋੜਾਂ ਨੂੰ ਸਮਝ ਲੈਂਦਾ ਹੈ। ਉਸ ਨੂੰ ਸੰਸਾਰਕ ਪਦਾਰਥਾਂ ਦਾ ਮੋਹ ਨਹੀਂ ਰਹਿੰਦਾ। ਗੁਰਸਿੱਖ ਗੁਣ ਧਾਰਨ ਕਰਦਾ ਹੈ ਜਿਸ ਤੋਂ ਉਸ ਦਾ ਮਨ ਵਿਗਾਸ ਵਿੱਚ ਆ ਸਕੇ। ਗੁਰੂ ਦੀ ਮਤਿ ਉਸ ਨੂੰ ਅਸਥਾਨ ਦੀ ਪਛਾਣ ਕਰ ਦਿੰਦੀ ਹੈ। ਉਸ ਨੂੰ ਸੰਪਦਾ , ਸੱਤਾ , ਰੁਤਬਾ ਮੋਹਿਤ ਨਹੀਂ ਕਰਦਾ। ਕਿਸੇ ਕਰਮਕਾਂਡ , ਪਖੰਡ ਵਿੱਚ ਨਹੀਂ ਪੈਂਦਾ ਬਲਕਿ ਮਨ ਅੰਦਰ ਪਰਮਾਤਮਾ ਨੂੰ ਪ੍ਰੇਮ ਭਾਵਨਾ ਰਾਹੀਂ ਪ੍ਰਗਟ ਕਰਦਾ ਹੈ ਤੇ ਆਤਮਿਕ ਆਨੰਦ ਮਾਣਦਾ ਹੈ। ਗੁਰੂ ਨਾਨਕ ਸਾਹਿਬ ਨੇ ਅੱਗੇ ਵਚਨ ਕੀਤਾ ਕਿ ਗੁਰਸਿੱਖ ਭੋਗ ਵਿਲਾਸ , ਇੰਦ੍ਰੀਆਂ ਦੇ ਰਸ ਵਿੱਚ ਸੁੱਖ ਨਹੀਂ ਖੋਜਦਾ। ਉਹ ਆਪਣੀਆਂ ਕਾਮਨਾਵਾਂ ਤੇ ਇੰਦ੍ਰੀਆਂ ਤੇ ਪੂਰਾ ਸੰਜਮ ਰੱਖਦਾ ਹੈ ਤੇ ਪਰਮਾਤਮਾ ਦੀ ਭਗਤੀ ਵਿੱਚ ਜੀਵਨ ਸੁਆਰਥ ਕਰਦਾ ਹੈ। ਨੀਵੇਂ ਮਨ ਤੇ ਊਚੀ ਮਤਿ ਨਾਲ ਗੁਰਸਿੱਖ ਆਨੰਦ ਵੀ ਮਾਣਦਾ ਹੈ , ਤੇ ਸੰਸਾਰ ਵਿੱਚ ਆਪਣਾ ਆਉਣਾ ਸਫਲ ਵੀ ਕਰਦਾ ਹੈ। ਉਸ ਕੋਲ ਮਲਿਕ ਭਾਗੋਂ ਜਿੰਨਾ ਧਨ ਤੇ ਤਾਕਤ ਨਾ ਹੋਵੇ ਪਰ ਭਾਈ ਲਾਲੋ ਜੀ ਜਿਹਾ ਸੰਤੋਖ ਤੇ ਸਹਿਜ ਹੈ ਜਿਸ ਕਾਰਨ ਉਸ ਦਾ ਜੀਵਨ ਦੁੱਧ ਵਾਂਗੂੰ ਸੁਆਦਲਾ ਤੇ ਗੁਣਕਾਰੀ ਬਣ ਜਾਂਦਾ ਹੈ। ਉਹ ਸਮਾਜ ਵਿੱਚ ਵੀ ਸਨਮਾਨ ਪ੍ਰਾਪਤ ਕਰਦਾ ਹੈ ਤੇ ਪਰਮਾਤਮਾ ਦੀ ਦ੍ਰਿਸ਼ਟੀ ਵਿਚ ਵੀ ਪ੍ਰਵਾਨ ਹੁੰਦਾ ਹੈ” ਘਰਿ ਸੁਖਿ ਵਸਿਆ ਬਾਹਰਿ ਸੁਖੁ ਪਾਇਆ “। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਡਾ. ਸਤਿੰਦਰ ਪਾਲ ਸਿੰਘ
ਦਿ ਪਾਂਡਸ
ਸਿਡਨੀ , ਆਸਟ੍ਰੇਲੀਆ
ਈ ਮੇਲ - akaalpurkh.7@gmail.com

by 