24 April 2026

ਪੰਜ ਕਵਿਤਾਵਾਂ— ਅਮਰਜੀਤ ਦਸੂਹਾ

1.ਆਜ਼ਾਦੀ

ਮੈਂਨੂੰ ਮਿਲਿਆ ਸਹਿਮਿਆ ਤੇ,
ਟੁੱਟਿਆ ਹੋਇਆ ਇਨਸਾਨ,
ਸੜ੍ਹਦੇ ਨਾੜ ਵਾਂਗ ਬਲ ਰਹੇ ਸਨ,
ਜਿਸਦੇ ਅਰਮਾਨ,
ਹਰਫਾਂ ਦੇ ਤੀਰਾਂ ਨਾਲ ਵਿੰਨੇ ਪਏ ਸਨ।
ਸਰੀਰ ਤੇ ਅੱਥਰੇ ਨਿਸ਼ਾਨ,
ਸੋਚਦਾ ਹਾਂ ਮੈਂ ਕਿ ਉਹ ਕਿਵੇਂ ਤੁਰ ਰਿਹਾ,
ਅੱਧਸੜੀ ਲਾਸ਼ ਦੇ ਸਮਾਨ।
ਸਾਡੇ ਚੇਤਿਆ ‘ਚੋਂ ਵਿਸਰ ਗਿਆ ,
ਉਹ ਲਾਵਾਰਿਸ ਲਾਸ਼ ਵਰਗਾ ਇਨਸਾਨ।
ਉਹ ਬੋਲੇਗਾ ਜ਼ਰੂਰ ਜਦੋਂ ਸਰਦਲਾ,
ਵਿੱਚੋਂ ਉੱਠਿਆ ਤੂਫਾਨ।
ਢਹਿ ਜਾਣਗੇ ਰੇਤੇ ਦੇ ਮਹਿਲ ਜਦੋਂ,
ਦਿਲਾਂ ਚੋਂ ਉਠੇਗੀ ਹੂਕਾ ਦੀ ਤਾਨ,
ਹੋਣਗੀਆ ਗੱਲਾਂ ਫਿਰ ਜੀਣ ਦੀਆ,
ਅਮਰ ਜਦੋਂ ਕੂਕਣਗੇ ਪਰਿੰਦੇ ਤੇ ਇਨਸਾਨ।
**

2. ਮਾਂ ਪੰਜਾਬੀ

ਮੇਰੀ ਮਾਂ ਪੰਜਾਬੀ ਦੇ,ਸ਼ਹਿਦੋਂ ਮਿੱਠੜੇ ਬੋਲ,
ਪੈਰ ਵਿੱਚ ਹੁਣ ਬੇੜੀਆਂ, ਤਰਾਂ ਦਿੱਤਾ ਰੋਲ।

ਇਹ ਬੋਲੀ ਪੰਜ ਆਬ ਦੀ,ਇਸਦੇ ਅੱਖਾਂ ‘ਚ ਸੋਜ਼,
ਮੂੰਹ ਵਿੱਚ ਤਾਲੇ ਜੜ੍ਹ ਕੇ,ਸੰਘ ਵਿੱਚ ਘੁਟੇ ਬੋਲ।

ਇਹ ਮਿੱਟੀ ਮੁੜਕੇ ਜਨਮੀ, ਕਿਰਤੀ ਕਾਮਿਆਂ ਕੋਲ,
ਭੁੱਖੀ ਕੁੱਖ ਵਿਚ ਪਲੀ ਆਂ,ਸੁਣ ਸ਼ੱਕਰ ਮਿਠੇ ਬੋਲ।

ਝੂਲਗੀ ਵਿੱਚ ਇਹ ਤ੍ਰਿਝਣਾਂ,ਕੂਕ ਚਰਖੇ ਦੇ ਬੋਲ ,
ਖੜ੍ਹਕੀ ਬਲਦੀ ਟੱਲੀਆਂ,ਹਵਾਂ ‘ਚ ਸੁਗੰਧਾਂ ਘੋਲ।

ਅੱਖਰ ਸ਼ਬਦ ਸਾਂਭਣ ਲਈ,ਸਿਰ ਝਖੜ ਝੱਲੇ ਰੋਜ਼,
ਮੋਰਾਂ ਹਲਟੀ ਪੈਲੀਆਂ,ਨਾਲ ਟਿਢਿਆਂ ਦੇ ਬੋਲ।

ਇਹ ਜੰਗ ਯੁੱਧੀ ਜੂਝਗੀ , ਤਾਣ ਨਗਾਰੇ ਚ ਬੋਲ,
ਤੇਗਾਂ ਰਣ ਵਿਚ ਗੱਜੀਆਂ ,ਹੁਕਮੀ ਇਲਾਹੀ ਬੋਲ।

ਘੁੰਮਦੀ ਸੱਤ ਪਾਣੀਆਂ, ਨਾਲ ਸੰਗੀਤਕ ਬੋਲ,
ਨਾ ਚਾਚੀ ਨ ਮਾਸੀ ਬਣੀ ,ਖੁੱਦੋਂ  ਖਿੱਲਰੇ ਬੋਲ।

ਹੁਣ ਜੁਸਾ ਲਹੂ ਲੁਹਾਂਦੜਾ,ਪਾਉਣ ਕਾਲਜੇ ਹੌਲ,
ਧੱਕੇ ਮਾਰਦੇ ਦਫ਼ਤਰੋਂ, ਘੁੱਟ ਤੇ ਸੰਘੀ ਬੋਲ।

“ਅਮਰ” ਚੀਕੇ ਹੁਣ ਸਾਂਭ ਲਓ, ਪਾਕ ਜਜ਼ਬੇ ਦੀ ਖੋਰ,
ਮਾਂ ਪੰਜਾਬੀਓ ਸਾਂਭ  ਲਓ, ਦਾਨਸ਼ਮੰਦ ਦੇ ਬੋਲ ,
**
3. ਮਿੱਟੀ

ਹਰ ਮਿੱਟੀ ਦੀ ਹੈ ਆਪਣੀ ਖ਼ਸਲਤ,
ਇਸ ਦਾ ਮਸਲਾ ਅਸਮਾਨ ਨਹੀਂ ਹੈ।
ਮਿੱਟੀ ਜੜ੍ਹਾਂ ਨੂੰ ਹੈ ਸਿੰਜਣ ਹਾਰੀ ,
ਮਿੱਟੀ ਸੁੰਨ ਕਬਰਿਸਤਾਨ ਨਹੀਂ ਹੈ।
ਮਿੱਟੀ ਮੁੜਕਿਆਂ ਦੀ ਪਾਲਣ ਹਾਰੀ,
ਝੱਖੜਾਂ ਵਾਗੂੰ ਬਦਨਾਮ ਨਹੀਂ ਹੈ।
ਮਿੱਟੀ ਕੁੱਖੋਂ ਜੰਮ ਯੋਧੇ ਹਾਰੇ,
ਧੋਖੇਬਾਜ਼ ਦੀ ਪਹਿਚਾਣ ਨਹੀਂ ਹੈ।
ਮਿੱਟੀ ਦੀ ਬੱਕਲ’ਚ ਬੁੱਲਾਂ ਰੁਲਿਆ ,
ਕੁਫਰੀ ਰੀਤਾਂ ਦੀ ਮਕਾਣਨਹੀਂ ਹੈ।
“ਅਮਰ” ਧੂੜ ਬਣ ਕੇ ਅੰਬਰੀ ਉੱਡਿਆ,
ਪੱਥਰੀ ਉਕਰਿਆ ਨਿਸ਼ਾਨ ਨਹੀਂ ਹੈ।
**

4. ਮੇਰਾ ਪਿਤਾ

ਮੇਰਾ ਪਿਤਾ ………..!!

ਰਾਵੀ ਦੇ ਵਗਦੇ ਪਾਣੀ ਦੀ ਰੂਹ ਸੀ,
ਜਿਸ ਵਿੱਚ ਮੈਂ ਗੋਤੇ ਲਾ,
ਯੁੱਗਾਂ ਦੀ ਪਿਆਸ ਮਿਟਾਈ।

ਉਸਦੇ  ਸੰਗ,
ਮੈਂ ਹੁਣ ਤੱਕ ਵੀ ਪਿੰਡ ਦੀਆਂ ਗਲੀਆਂ ਵਿੱਚ ਘੁੰਮਦੇ,
ਨਿਆਣਿਆਂ ਜਿਹਾ ਚਾਅ ਕਰਦਾ।
ਮੈਂ ਲੋਚਦਾ ਸੀ,
ਉਹ ਸੋਚਦਾ ਸੀ …..,

ਮੈਂ ਮੇਲੇ ਘੁੰਮਦਿਆਂ ਸਾਰੀਆਂ ਸ਼ੈਆਂ,
ਪੁੱਤਰ ਦੀ ਝੋਲੀ ਪਾਵਾਂ,
ਮੇਰਾ ਪਿਤਾ………..!!

ਕਦੇ ਥੱਕਿਆ ਨੀ,
ਅੱਕਿਆ ਨੀ ,
ਨਿਰੰਤਰ ਸਾਧਨਾ ਸੋਚ ਤੇ ਖੜ੍ਹਾ,
ਤਾੜਦਾ ਮੈਨੂੰ ,
ਬੰਦਾ ਬਣ,
ਮੇਰਾ ਪਿਤਾ………..!!

ਕਹਿੰਦਾ ਬੰਦਾ ਬਣ, ਬੰਦਾ ਬਣ,
ਮੈਂ ਦੇਖੀ ਦੁਨੀਆਂ ਬੜੀ ਔਤਰੀ ਆਂ,
ਤੂੰ ਸਿੱਧਾ , ਫਸ ਜਾਵੇਗਾ ,
ਸਿੱਧਾ ਚੱਲ, ਮੇਰੀ ਮੰਨ,
ਮੈਂ ਕਹਿੰਦਾ , ਬਾਪੂ ਮੈਂ ਦੇਖਦਾ…,
ਮੈਂ ਦੇਖਦਾ,
ਮੇਰਾ ਪਿਤਾ………..!!

ਹੁਣ ਮੈਂ ਦੇਖਦਾ ਖਾਲੀ ਕੁਰਸੀ ,
ਖਾਲੀ ਮੰਜਾ,
ਪੈਨ, ਕਿਤਾਬ ਤੇ ਡੰਡਾ,
ਡੰਡਾ…!..ਤੂੰ ਨੀ ਸੁਧਰਨਾ,
ਮੈਂ ਤੈਨੂੰ ਕਿੰਨ੍ਹਾ ਕਿਹਾ,
ਪੱਥਰਾਂ ਨੂੰ ਪਾਣੀ ਛੱਡ,
ਬੂਟਿਆਂ ਨੂੰ ਪਾ,
ਕਿਤਾਬ ਪੜ,
ਫਾਜ਼ਿਲ ਬਣ,
ਤੂੰ ਬਣ ਸਕਦਾ,
ਤੂੰ ਬੰਦਾ ਬਨਣ ਦੀ ਕੋਸ਼ਿਸ਼ ਕਰ।

ਮੈਂ ਕਿਹਾ,
ਮੈਂ ਕਰਦਾ ਤੇ ਕਹਿੰਦਿਆਂ ਹੀ……!!
ਮੇਰੇ ਨਾਲ ਗੱਲਾਂ ਚ,
ਹੱਥਾਂ ਚ,
ਮੇਰਾ ਪਿਤਾ ………..,
ਤਾਰਾ ਬਣ ਗਿਆ,
ਮੈਂ ਰਾਤੀ ਦੇਖਿਆ ,
ਉਹੀ ਜਲੋਅ,
ਉਹੀ ਬੜ੍ਹਕ।

ਮੈਨੂੰ ਕਹਿੰਦਾ ,
ਬੰਦਾ ਬਣ, ਮੈਂ ਕਿਹਾ ਕੋਸ਼ਿਸ਼ ਕਰਦਾ,
ਮੈਂ ਕੀਤੀ,
ਬਾਪੂ ਮੈਂ ਬੰਦਾ ਬਣ ਗਿਆ,
…………….,??

ਕੋਈ ਨਾ ਬੋਲਿਆ ,
ਮੈਂ ਸੋਚਦਾ ,
ਹੁਣ ਮੈਂ ਬੰਦਾ ਬਣ ਗਿਆ,
ਬੰਦਾ ਬਣ ਕਿਸ ਨੂੰ ਕਹਾਂ…!!
ਬੰਦਾ ਬਣ…!!
ਮੇਰਾ ਪਿਤਾ …!!
ਮੇਰਾ ਪਿਤਾ ..!!
***

5. ਯੁੱਧ ਨਹੀਂ ….!!

ਸੜਿਆ ਕੀ ਕੀ ਨਾਲ ਲਾਸ਼ ਦੇ ,
ਜਿਹੜੀ ਪਹੁੰਚੀ ਸਰਹੱਦੋਂ ਪਾਰ।
ਸੱਥਰ ਹੋਈਆਂ ਸੱਧਰਾਂ ,
ਉਮੀਦਾਂ ਵੀ ਗਈਆਂ ੳਡਾਰੀ ਮਾਰ।
ਮਾਂ ਮੋਈ ਬਿਨ ਕੱਫਨੋਂ ,
ਐਸੀ ਕੁਫਰ ਦੀ ਪਈ ਮਾਰ।

ਬਿਨ ਧੂਣੀ ਬਾਪ ਧੁਖਿਆ ,
ਅੰਬਰਾਂ ਤੱਕ ਹੂਕ ਦੀ ਮਾਰ।
ਵੈਣ ਭੈਣਾਂ ਦੇ ਵਿਹੜੇ ਕੂਕੇ ,
ਵਿਧਵਾ ਡਿੱਗੀ ਧਾਹਾਂ ਮਾਰ।
ਪੁੱਤ ਪੱਥਰ ਬਣ ਗਿਆ,
ਖੜਾ ਬਾਪ ਦੀ ਲਾਸ਼ ਦੇ ਨਾਲ।

ਉਜੜੀ ਦੁਨੀਆਂ ਟੱਬਰ ਦੀ,
ਘਿਰ ਗਏ ਦੁੱਖਾਂ ਨਾਲ।
ਖਾਲੀ ਕੀ ਕੀ ਹੋ ਗਿਆ,
ਇੱਕ ਪੁੱਤ ਦੇ ਘਰੋਂ ਜਾਣ ਨਾਲ।
ਅਮਰ ਕੋਈ ਨੀ ਏਥੇ ਨਾ ਸਮਝੇ,
ਹਲ ਨਾ ਹੁੰਦੇ ਯੁੱਧਾਂ ਨਾਲ।

ਦੁਨੀਆਂ ਤੇ ਸ਼ਾਂਤੀ ਰਹਿਣ ਦਿਓ,
ਸਾਰੇ ਸੁਖੀ ਜੀਵੋ ਹਰ ਹਾਲ।
ਯੁੱਧ ਨਹੀ ਕਵਿਤਾ ਸਿਰਜੋ,
ਸ਼ਬਦ ਬਣਦੇ ਵਾਰ ਦੀ ਢਾਲ।
ਬੰਬਾਂ ਦੀ ਗੂੰਜ ਮਿਟਾਕੇ,
ਛੇੜੋ ਰਾਗ ਰਿਸ਼ਤਿਆਂ ਨਾਲ।
***
ਅਮਰਜੀਤ ਦਸੂਹਾ
+91-89689-33711
E-Mail : amarjitsinghdasuy

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1816
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਅਮਰਜੀਤ ਦਸੂਹਾ
amarjitsinghdasuya@gmail.com
+91 8968933711

ਅਮਰਜੀਤ ਦਸੂਹਾ

ਅਮਰਜੀਤ ਦਸੂਹਾ amarjitsinghdasuya@gmail.com +91 8968933711

View all posts by ਅਮਰਜੀਤ ਦਸੂਹਾ →