ਸਮੇਂ ਦਾ ਪਹੀਆ
ਕਦੇ ਨਾ ਰੁਕਦਾ ਵਿੱਚ-ਵਿਚਾਲੇ,
ਸਮੇਂ ਦਾ ਪਹੀਆ ਚਲਦਾ ਜਾਵੇ।
ਕਿਤੇ ਨਾ ਅਟਕੇ, ਭਾਵੇ ਕੋਈ
ਕਿੰਨਾ ਜ਼ੋਰ ਵੀ ਕਿਉਂ ਨਾ ਲਾਵੇ।
ਸਮੇਂ-ਚੱਕਰ ਵਿੱਚ ਬੱਝੀ ਹੋਈ,
ਕੁੱਲ ਲੋਕਾਈ ਦੁਨੀਆਂ ਸਾਰੀ।
ਇਸਤੋਂ ਬਾਹਰ ਕੋਈ ਨਹੀਂ ਹੈ,
ਬੱਚਾ-ਬੁੱਢਾ ਜਾਂ ਨਰ-ਨਾਰੀ।
ਸਮੇਂ ਵਿੱਚ ਹੀ ਬੱਝੇ ਹੋਏ,
ਸੂਰਜ, ਚੰਦ ਤੇ ਝਿਲਮਿਲ ਤਾਰੇ।
ਕੁਝ-ਇੱਕ ਨਾਲ ਸਮੇਂ ਦੇ ਚੱਲਦੇ,
ਕਈ ਭਟਕਦੇ ਮਾਰੇ-ਮਾਰੇ।
ਜੁਦਾ ਸਮੇਂ ਤੋਂ ਕੋਈ ਨਹੀਂ ਹੈ,
ਅੱਗ, ਹਵਾ ਜਾਂ ਹੋਵੇ ਪਾਣੀ।
ਧਰਮ ਗ੍ਰੰਥ ਵੀ ਏਹੋ ਕਹਿੰਦੇ,
ਆਉਂਦੇ-ਜਾਂਦੇ ਰਹਿਣ ਪ੍ਰਾਣੀ।
ਰਿਸ਼ੀ-ਮੁਨੀ ਜਾਂ ਜਤੀ-ਤਪੀ,
ਜਾਂ ਹੋਵੇ ਕੋਈ ਪੀਰ-ਪੈਗ਼ੰਬਰ।
ਵੱਸ ਸਮੇਂ ਨੂੰ ਕਰ ਨਾ ਸਕਿਆ,
ਮੱਲ, ਸੂਰਮਾ, ਵੱਡਾ ਕਲੰਦਰ।
ਅੱਜ ਨਹੀਂ ਬੱਸ ਹੁਣੇ ਤੋਂ ਸਮਝੋ,
ਨਾਲ ਸਮੇਂ ਦੇ ਸਿੱਖੀਏ ਚੱਲਣਾ।
ਕੱਲ੍ਹ ਤੇ ਛੱਡੀਏ ਕੰਮ ਨਾ ਅੱਜ ਦਾ,
ਹੱਥ ਪਵੇਗਾ ਫ਼ੇਰ ਨਾ ਮਲਣਾ।
****
2. ਗ਼ਜ਼ਲ
ਦਿਲ ਜੇ ਉਸਤੇ ਆਇਆ ਹੈ
ਤਾਹੀਓਂ ਤਾਂ ਉਹ ਭਾਇਆ ਹੈ।
ਜਾਨ ਨਿਛਾਵਰ ਕਰ ਦੇਣੀ
ਯਾਰ ਮੇਰਾ ਸਰਮਾਇਆ ਹੈ।
ਪੋਲ ਓਸਦੀ ਖੁੱਲ੍ਹ ਗਈ
ਫਿਰਦਾ ਹੁਣ ਘਬਰਾਇਆ ਹੈ।
ਮੁਰਸ਼ਦ ਮੈਨੂੰ ਮੰਨ ਕੇ ਤੇ
ਉਹਨੇ ਸੀਸ ਝੁਕਾਇਆ ਹੈ।
ਕਿਸਨੂੰ ਲੱਭਦਾ ਫ਼ਿਰਦਾ ਹੈਂ
ਏਹੋ ਨੂਰ ਖ਼ੁਦਾਇਆ ਹੈ।
ਸੁੱਤੇ ਏਸ ਮੁਸਾਫ਼ਿਰ ਨੂੰ
ਕਿਸਨੇ ਆਣ ਜਗਾਇਆ ਹੈ।
‘ਨਵ ਸੰਗੀਤ’ ਦੇ ਕੀ ਕਹਿਣੇ
ਮੈਂ ਉਹਨੂੰ ਅਜ਼ਮਾਇਆ ਹੈ।
***

3. ਰੂਹ ਦੀ ਪੁਕਾਰ
ਸੁਣ ਕਿਤੇ ਮਾਹੀ, ਮੇਰੀ ਰੂਹ ਦੀ ਪੁਕਾਰ ਤੂੰ।
ਲਾ ਕੇ ਸੀਨੇ ਘੁੱਟ, ਮੇਰੀ ਜਿੰਦੜੀ ਨੂੰ ਠਾਰ ਤੂੰ।
ਤੇਰੀ ਵੇ ਉਡੀਕ ਵਿੱਚ, ਅੱਖੀਆਂ ਨੇ ਥੱਕੀਆਂ।
ਮੋੜ ਕੇ ਲਿਆ ਦੇ, ਮੇਰੀ ਰੁੱਸ ਗਈ ਬਹਾਰ ਨੂੰ।
ਹੰਝੂਆਂ ਦੇ ਹਾਰ, ਤੇਰੀ ਯਾਦ ‘ਚ ਪਰੋਵਾਂ ਮੈਂ।
ਤੂੰ ਹੀ ਮੇਰਾ ਮਾਹੀ, ਮੇਰਾ ਯਾਰ, ਦਿਲਦਾਰ ਤੂੰ।
ਦਿਨੇ-ਰਾਤੀਂ ਬੂਹੇ ਵਿੱਚ, ਰਾਹ ਤੇਰਾ ਤੱਕਦੀ ਹਾਂ।
ਜਦੋਂ ਦਾ ਗਿਆ ਹੈਂ, ਕਦੇ ਲਈ ਨਾ ਹੈ ਸਾਰ ਤੂੰ।
ਠਿੱਲ ਜਾਣਾ ਵਾਂਗ ਸੋਹਣੀ, ਸ਼ੂਕਦੇ ਝਨਾਂ ਦੇ ਵਿੱਚ।
ਮੇਰੇ ਮਹੀਵਾਲ, ਛੇਤੀ ਲਾ ਦੇ ਬੇੜੀ ਪਾਰ ਤੂੰ।
ਪੱਕਾ ਵਿਸ਼ਵਾਸ ਮੈਨੂੰ, ਤੇਰਾ ਵਾਅਦਾ ਯਾਦ ਹੈ।
ਤੋੜੇਂਗਾ ਨਾ ਸਾਥ, ਏਦਾਂ ਅੱਧ-ਵਿਚਕਾਰ ਤੂੰ।
****
* ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ-151302 (ਬਠਿੰਡਾ)
9417692015 |