5 December 2025

ਪਿਤਾ ਹਮਾਰੋ ਗੁਰੂ ਗੋਬਿੰਦ ਸਿੰਘ — ਡਾ. ਸਤਿੰਦਰ ਪਾਲ ਸਿੰਘ 

ਗੁਰੂ ਗੋਬਿੰਦ ਸਿੰਘ ਸਾਹਿਬ ਦੇ ੩੫੦ ਸਾਲਾ ਗੁਰਿਆਈ ਦਿਵਸ ਤੇ  ਵਿਸ਼ੇਸ਼
ਪਿਤਾ ਹਮਾਰੋ ਗੁਰੂ ਗੋਬਿੰਦ ਸਿੰਘ
ਡਾ. ਸਤਿੰਦਰ ਪਾਲ ਸਿੰਘ 

ਗੁਰੂ ਤੇਗ ਬਹਾਦਰ ਸਾਹਿਬ ਦੀ ਅਦੁੱਤੀ ਸ਼ਹੀਦੀ ਦੇ ੩੫੦ ਸਾਲ ਪੂਰੇ ਹੋ ਰਹੇ ਹਨ , ਨਾਲ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ  ਗੁਰਤਾ ਗੱਦੀ ਤੇ ਆਸੀਨ ਹੋਣ ਦੇ ਵੀ ੩੫੦ ਸਾਲ ਹੋ ਜਾਣਗੇ । ਇਨ੍ਹਾਂ ੩੫੦ ਸਾਲਾਂ ਵਿੱਚ ਬਹੁਤ ਕੁੱਝ ਵਾਪਰਿਆ , ਸ਼ਾਨ – ਮਾਨ ਭਰੇ ਇਤਿਹਾਸ ਰਚੇ ਗਏ ਤੇ ਬਹੁਤ ਕੁੱਝ ਬਦਲ ਵੀ ਗਿਆ ਹੈ। ਖਾਸ ਤੌਰ ਤੇ ਪਿਛਲੇ  ਸੌ ਸਾਲ ਆਸ ਦੇ ਘੱਟ ਨਿਰਾਸ਼ ਕਰਨ ਵਾਲੇ ਜਿਆਦਾ ਰਹੇ ਹਨ। ਸਮਾਂ ਔਖਾ ਜਿਹਾ ਆ ਗਿਆ ਹੈ। ਮੁਸ਼ਕਿਲ ਹੋਵੇ ਤਾਂ ਮਾਪੇ ਯਾਦ ਆਉਂਦੇ ਹਨ। ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਵਾਰ ਵਾਰ ਚੇਤੇ ਆ ਰਹੇ ਹਨ ਜਿਨ੍ਹਾਂ ਇੱਕ ਇੱਕ ਸਿੱਖ ਨੂੰ ਖਾਲਸਾਈ ਜਾਹੋ ਜਲਾਲ ਵਿਰਾਸਤ ਵਜੋਂ  ਬਖਸ਼ ਕੇ ਸਦਾ ਲਈ ਸਵੈਮਾਣ ਨਾਲ ਭਰ ਦਿੱਤਾ ਸੀ। ਸੰਸਾਰ ਦਾ ਕੋਈ ਪਿਤਾ ਅਜਿਹਾ ਨਹੀਂ ਹੋਇਆ ਜਿਸ ਨੇ ਆਪਣੇ “ ਜੀਵਤ ਕਈ ਹਜਾਰ “ ਪੁੱਤਰਾਂ ਨੂੰ ਅਜਿਹੀ ਵਿਰਾਸਤ ਪ੍ਰਦਾਨ ਕੀਤੀ ਹੋਵੇ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ੀ।

ਪਿਤਾ ਮੇਰੋ ਬਡੋ ਧਨੀ ਅਗਮਾ।।
ਉਸਤਤਿ ਕਵਨ ਕਰੀਜੈ ਕਰਤੇ ਪੇਖਿ ਰਹੇ ਬਿਸਮਾ।।
( ਸ੍ਰੀ ਗੁਰੂ ਗ੍ਰੰਥ ਸਾਹਿਬ , ਅੰਗ ੫੦੭ ) 

ਖਾਲਸੇ ਦੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੰਸਾਰ ਦੀ ਸਰਵਉੱਚ ਸੱਤਾ ਸਨ।  ਉਨ੍ਹਾਂ ਨੇ ਆਪਣੀ ਸੰਤਾਨ  ਦੇ ਭਵਿੱਖ ਲਈ ਸਰਵਉੱਤਮ ਪ੍ਰਬੰਧ ਕੀਤੇ। ਆਪਣੇ ਸਿੱਖ ਲਈ ਗੁਰੂ ਸਾਹਿਬ ਅਜਿਹੀ ਜੀਵਨ ਵਿਵਸਥਾ ਸਿਰਜ ਕੇ ਗਏ ਜਿਸ ਵਿੱਚ ਸਾਰੀਆਂ ਲਈ ਬਰਾਬਰੀ ਦਾ ਸਤਿਕਾਰ , ਸਨਮਾਨ , ਹੱਕ ਤੇ ਹਿੱਸਾ ਪੱਕਾ ਕੀਤਾ ਗਿਆ।ਜਾਤ ਪਾਤ , ਵਰਣ , ਵਰਗ ਦੇ ਸਾਰੇ ਭੇਦ ਦੂਰ ਹੋ ਕੇ ਸਿੱਖ ਦੀ ਇੱਕ ਜਾਤ ਹੋ ਗਈ । ਪੁਰਖ ਲਈ ਸਿੰਘ ਤੇ ਇਸਤ੍ਰੀ ਲਈ ਕੌਰ। ਸਿੱਖ ਹੋਣ ਲਈ ਖਾਲਸਾ ਹੋਣਾ ਲਾਜਮੀ ਹੋ ਗਿਆ। ਇਹ ਅੰਤਰ ਅਵਸਥਾ ਦੀ ਇੱਕਰੂਪਤਾ ਸੀ , ਭਾਵਨਾ ਦੀ ਇੱਕਰੂਪਤਾ ਸੀ ਅਤੇ ਸਵਰੂਪ ਦੀ ਵੀ ਇੱਕਰੂਪਤਾ ਸੀ। ਅੰਤਰ ਵਿੱਚ ਸ਼ਬਦ ਅੰਮ੍ਰਿਤ ਦਾ ਪ੍ਰਕਾਸ਼ , ਭਾਵਨਾ ਵਿੱਚ ਖੰਡੇ ਬਾਟੇ ਦੀ ਪਾਹੁਲ ਦਾ ਨਿਵਾਸ ਤੇ ਵੇਸ਼ ਵਿੱਚ ਪੰਜ ਕਕਾਰਾਂ ਦਾ ਸਿੰਗਾਰ। ਇਸ ਇੱਕਰੂਪਤਾ ਨੇ ਖਾਲਸਾ ਨੂੰ ਇੱਕ ਮਜਬੂਤ ਤਾਕਤ ਦੇ ਰੂਪ ਵਿੱਚ ਬਦਲ ਦਿੱਤਾ। ਇਸ ਬੁਨਿਆਦ ਤੇ ਹੀ ਖਾਲਸਾ ਰਾਜ ਕਾਇਮ ਹੋਏ।  ਖਾਲਸਾ ਦੀ ਸੰਗਠਨ ਸ਼ਕਤੀ ਮੁਗਲਾਂ ਤੇ ਅੰਗ੍ਰੇਜਾਂ ਲਈ ਸੱਭ ਤੋਂ ਵੱਡੀ ਚੁਣੌਤੀ ਸੀ। ਸਿੱਖ ਨੇ ਆਪਣੇ ਪਿਤਾ  ਗੁਰੂ  ਗੋਬਿੰਦ ਸਿੰਘ ਸਾਹਿਬ ਦਾ ਫਰਮਾਨ ਮੰਨਿਆ ਤੇ ਧਾਰਮਕ ਹੀ ਨਹੀਂ ਸਮਾਜਕ ਤੇ ਰਾਜਨੀਤਕ ਖੇਤਰ ਵਿੱਚ ਵੀ ਵੱਡੀ ਚੜ੍ਹਤ ਪ੍ਰਾਪਤ ਕੀਤੀ ।  ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਿਤਾ ਆਖਣ ਵਾਲੇ ਬਹੁਤ ਸਾਰੇ ਹਨ ਪਰ ਉਨ੍ਹਾਂ ਨੂੰ ਪਿਤਾ ਮੰਨਣ ਵਾਲੇ ਆਗਿਆਕਾਰੀ ਪੁੱਤਰ ਲੱਭਿਆਂ ਨਹੀਂ ਲੱਭਦੇ। ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ ਦੀ ਪਛਾਣ ਨਾਮ ਦੇ ਅੰਤ ਵਿੱਚ ਲੱਗੇ ਸਿੰਘ , ਕੌਰ ਨਾਲ ਸੀ। ਸਿੱਖ ਦਾ ਪੂਰਾ ਵਜੂਦ ਗੁਰੂ ਦੀ ਬਖਸ਼ੀ ਪਦਵੀ ਤੇ ਟਿਕਿਆ ਹੋਇਆ ਸੀ। ਅੱਜ ਸਿੰਘ ਹੈ ਪਰ ਅੱਗੇ ਜਾਤ ਜੋੜ ਦਿੱਤੀ ਗਈ ਹੈ। ਜਾਤ ਨਹੀਂ ਤਾਂ ਕਿੱਤੇ ਦਾ ਨਾਮ ਜੋੜ ਦਿੱਤਾ ਗਿਆ ਹੈ। ਬੋਲਚਾਲ ਵਿਚ , ਸਧਾਰਣ ਵਿਵਹਾਰ ਵਿੱਚ ਸਿੰਘ ਅਲੋਪ ਵੀ ਕਰ ਦਿੱਤਾ ਗਿਆ ਹੈ  ਤੇ ਜਾਤ ਆ ਗਈ ਹੈ। ਇਹ ਆਪਣੇ ਪਿਤਾ ਦੇ ਪ੍ਰਤੀ ਭਾਵਨਾਤਮਕ ਦੂਰੀ ਨੂੰ ਦਰਸਾਉਂਦਾ ਹੈ।  ਭਾਵਨਾਤਮਕ ਪੱਧਰ ਤੇ ਦੂਰ ਹੁੰਦੇ ਜਾਣਾ ਸਬੰਧ ਦਾ ਖੋਖਲਾ ਹੁੰਦਾ ਜਾਣਾ ਹੈ। ਕੀ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਸਿੱਖ ਦਾ ਸਬੰਧ ਖੋਖਲਾ ਹੋ ਗਿਆ ਹੈ , ਇਹ ਢੁੰਘੇ ਵਿਚਾਰ ਦਾ ਵਿਸ਼ਾ ਹੈ। ਇਸ ਦੇ ਪ੍ਰਭਾਵ ਚਿੰਤਿਤ ਕਰਨ ਵਾਲੇ ਹਨ।  ਜਾਤਾਂ ਦੇ ਨਾਮ ਦੇ ਗੁਰਦੁਆਰੇ ਬਣ ਗਏ ਹਨ। ਵਿਆਹ ਲਈ ਜਾਤ ਵੇਖੀ ਜਾਂਦੀ ਹੈ। ਜਾਤ ਅਧਾਰਤ ਸੰਗਠਨ ਬਣ ਗਏ ਹਨ। ਸਿੱਖ ਲਈ ਸਿੱਖ ਆਪਣਾ ਨਹੀਂ ਰਿਹਾ , ਆਪਣੀ ਜਾਤ ਦਾ ਸਿੱਖ ਆਪਣਾ ਮੰਨਿਆ ਜਾ ਰਿਹਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗੱਲ ਅਸੀਂ ਕਿਵੇਂ ਕਰ ਸਕਦੇ ਹਾਂ ਜੇ ਆਪਣੇ ਨਾਮ ਦੇ ਆਖੀਰ ਵਿੱਚ ਜਾਤ ਲਗਾ ਕੇ ਗੁਰੂ ਸਾਹਿਬ ਦੇ ਬਖਸ਼ੇ ਸਿੰਘ ਜਾਂ ਕੌਰ ਦੀ ਬੇਕਦਰੀ ਕਰ ਰਹੇ ਹਾਂ , ਨਿਰਾਦਰ ਕਰ ਰਹੇ ਹਾਂ।  ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਾਂ ਜਾਤ ਮਿਟਾ ਕੇ ਸਿੰਘ ਬਣਾਇਆ ਸੀ।  ਅਸੀਂ ਅੱਜ ਵੀ ਉਸ ਮੁਰਦਾ ਹੋ ਗਈ ਜਾਤ ਨੂੰ ਗਲੇ ਦਾ ਹਾਰ  ਬਣਾਇਆ ਹੋਇਆ ਹੈ। ਇਸ ਕਾਰਨ ਗੁਰੂ ਗੋਬਿੰਦ ਸਿੰਘ ਸਾਹਿਬ ਅੱਜ ਬਹੁਤ ਯਾਦ ਆਉਂਦੇ ਹਨ।  

ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਤੇ ਸਿੱਖ ਵਿਚਕਾਰ ਸਿੱਧਾ ਸਬੰਧ ਕਾਇਮ ਕਰਨ ਲਈ ਮਸੰਦ ਪ੍ਰਣਾਲੀ ਸਮਾਪਤ ਕਰ ਦਿੱਤੀ ਸੀ। ਸਿੱਖ ਬੇਨਤੀ ਕਰਦਾ ਸੀ , ਗੁਰੂ ਸੁਣਦਾ ਸੀ। ਗੁਰੂ ਸਿੱਖ ਦੀ  ਜਾਣਦਾ ਸੀ ਸਿੱਖ ਆਪਣੇ ਗੁਰੂ ਤੇ ਭਰੋਸਾ ਕਰਦਾ ਸੀ । ਕੋਈ ਦੂਰੀ ਨਹੀਂ ਸੀ ਤਾਂ ਹੀ ਜੈਤਾ ਗੁਰੂ ਦਾ ਬੇਟਾ ਬਣ ਸਕਿਆ ਸੀ । ਅੱਜ ਸਿੱਖ ਗੁਰੂ ਤੋਂ ਦੂਰ ਹੋ  ਗਿਆ ਹੈ ਤੇ ਕਰ ਵੀ ਦਿੱਤਾ ਗਿਆ ਹੈ। ਅੱਜ ਗੁਰੂ ਤੱਕ ਪੁੱਜਣ ਲਈ ਕੋਈ ਸਿੱਧੀ ਰਾਹ ਨਹੀਂ ਰਹੀ , ਕਈ ਕਈ ਮਾਧਿਅਮ ਬਣ ਗਏ ਹਨ।  ਗੁਰੂ ਦਾ ਕਥਨ ਮਾਧਿਅਮਾਂ ਤੋਂ ਗੁਜਰਦੀਆਂ ਗੁਜ਼ਰਦਿਆਂ  ਹੋਰ ਦਾ ਹੋਰ ਹੀ ਰੂਪ ਲੈ ਲੈਂਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਸੀ। ਅੱਜ ਗੁਰੂ ਸਾਹਿਬ ਦੇ ਹੀ ਨਾਮ ਤੇ ਉਸ ਜੋੜ ਵਿਚ ਤਰੇੜਾਂ ਪਾਈਆਂ ਜਾ ਰਹੀਆਂ ਹਨ। ਗੁਰੂ ਸਾਹਿਬ ਦੇ ਹੀ ਨਾਮ  ਤੇ ਉਨ੍ਹਾਂ ਦੇ ਹੁਕਮ “ ਗੁਰੂ ਮਾਨਿਯੋ ਗਰੰਥ “ ਦੀ ਖੁੱਲੀ ਉਲੰਘਣਾ ਹੋ ਰਹੀ ਹੈ।  ਗੁਰੂ ਨਾਨਕ ਸਾਹਿਬ ਦੇ ਪੰਥ ਨੂੰ ਹੀ ਅੱਗੇ ਵਧਾਉਂਦੇ ਹੋਏ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਰਮਕਾਂਡ , ਪਖੰਡ ਤੋਂ ਸਿੱਖਾਂ ਨੂੰ ਵਰਜਿਆ ਤੇ ਗੁਰ ਸ਼ਬਦ ਨੂੰ ਹੀ ਉੱਧਾਰ ਦਾ ਮਾਰਗ ਦੱਸਿਆ ਸੀ। ਪਿਤਾ ਦੀ ਸੌਂਪੀ ਕੁੰਜੀ ਤਾਂ ਸਿੱਖ ਵਰਤਣਾ ਹੀ ਭੁੱਲ ਗਿਆ ਹੈ। ਗੁਰੂ ਸਾਹਿਬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਬਾਣੀ ਕੰਠ ਸੀ ਤਾਂ ਹੀ ਆਪ ਨੇ  ਸ੍ਰੀ ਦਮਦਮਾ ਸਾਹਿਬ ਵਿਚ ਪੂਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਵਾ ਕੇ ਸੰਪੂਰਨਤਾ ਪ੍ਰਦਾਨ ਕੀਤੀ ਸੀ। ਅੱਜ ਜਪੁ ਸਾਹਿਬ ਦੀ ਬਾਣੀ ਕੰਠ ਕਰਨ ਵਾਲੇ ਸਿੱਖ ਵੀ ਵਿਰਲੇ ਹੀ ਮਿਲਦੇ ਹਨ। ਸ੍ਰੀ ਹਜੂਰ ਸਾਹਿਬ ਨਾਂਦੇੜ ਦੀ ਧਰਤੀ ਤੇ ਕੀਤੇ ਗਏ ਦਸਮ ਪਿਤਾ ਦੇ ਬਵੰਜਾ ਹੁਕਮਾਂ ਵਿੱਚ ਸ਼ਾਮਿਲ ਹੁਕਮ ਜਿਵੇਂ ਗੁਰਬਾਣੀ ਕੰਠ ਕਰਨੀ , ਗੁਰਬਾਣੀ ਦੇ ਅਰਥ ਸਮਝਣੇ , ਸ਼ਬਦ ਅਭਿਆਸ ਕਰਨਾ ਆਦਿਕ ਵਿਸਾਰ ਹੀ ਦਿੱਤੇ ਗਏ ਹਨ।   

ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸੰਨ ੧੬੭੫  ਤੋਂ ਸੰਨ ੧੭੦੮ ਤੱਕ ਦਾ ਗੁਰਤਾ ਕਾਲ ਚੁਣੌਤੀਆਂ ਤੇ ਸੰਘਰਸ਼ ਦਾ ਕਾਲ ਰਿਹਾ। ਗੁਰੂ ਸਾਹਿਬ ਨੇ ਹਰ ਚੁਣੌਤੀ ਦਾ ਬੜੇ ਸਬਰ ਤੇ ਸੂਝ ਬੂਝ ਨਾਲ ਸਾਹਮਣਾ ਕੀਤਾ। ਔਖੀ ਤੋਂ ਔਖੀ ਸਥਿਤੀ ਵਿੱਚੋਂ ਵੀ ਆਪ ਜੇਤੂ ਬਣ ਕੇ ਨਿਕਲੇ। ਸਿਧਾਂਤਾਂ ਲਈ ਹਮੇਸ਼ਾ ਹਾਲਾਤ ਨਾਲ ਟਾਕਰਾ ਲਿਆ ਤੇ ਸਰਬੰਸ ਵਾਰ ਦਿੱਤਾ। ਇਹ ਜਜਬਾ ਖਾਲਸਾਈ ਜਜਬਾ ਸੀ ‘ ਨ ਡਰੋਂ ਅਰਿ ਸੋਂ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ “ । ਅੱਜ ਸਿਧਾਂਤਾਂ ਦੀ ਥਾਂ ਸਮਝੌਤੇ ਲੈਂਦੇ ਜਾ ਰਹੇ ਹਨ। ਗੁਰੂ ਸਾਹਿਬ ਨੇ ਸਿੱਖ ਨੂੰ ਸਿਖਾਇਆ ਸੀ “ ਇਹ ਲਾਲਚ ਹਉ ਗੁਨ ਤਉ ਉਚਰੋਂ “ , ਪਰ ਕੌਮ ਨੇ ਕੁਰਸਿਆਂ , ਪਦਵਿਆਂ  ਤੇ ਲਾਲਚ ਪਾਲ ਲਏ ਹਨ। ਇਸ ਲਾਲਚ ਨੇ ਸਿੱਖ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਪਣਾ ਪਿਤਾ ਆਖਣ ਦੇ ਹੱਕ ਤੇ ਸਵਾਲ ਖੜਾ ਕਰ ਦਿੱਤਾ ਹੈ।  

ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗੁਰਿਆਈ ਦਾ ਦਿਨ ਇੱਕ ਮਹਾਨ ਦਿਨ ਸੀ ਜਦੋਂ ਸਿੱਖ ਕੌਮ ਅੰਦਰ ਆਏ ਵਿਲੱਖਣ ਬਦਲਾਵ ਦੀ  ਇਬਾਰਤ ਲਿਖਣੀ ਆਰੰਭ ਹੋਈ ਸੀ । ਖਾਲਸੇ ਦੇ ਜਨਮ ਦੇ ਬੀਜ ਅੱਜ ਦੇ ਦਿਨ ਬੀਜੇ ਗਏ ਸਨ। ਇਹ ਆਪਣੀ ਹੋਂਦ ਦੀ ਨਿਸ਼ਾਨਦੇਹੀ ਕਰਨ ਦਾ ਦਿਨ ਹੈ। ਆਪਣੇ ਪਿਤਾ ਨੂੰ ਯਾਦ ਕਰਨ ਦੇ ਨਾਲ ਹੀ ਪਿਤਾ ਦੀ ਵਿਸਾਰੀ ਹੋਈ ਮਹਾਨ ਵਿਰਾਸਤ ਨੂੰ ਆਪਣੇ ਜੀਵਨ ਵਿੱਚ ਉਤਾਰਨ ਲਈ ਸੰਕਲਪ ਲੈਣ ਦਾ ਦਿਨ ਹੈ।ਆਪਣੇ ਆਪ ਨੂੰ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ  ਸੁਯੋਗ ਸੰਤਾਨ ਸਾਬਿਤ ਕਰਨ ਦਾ ਦਿਨ ਹੈ।
***
ਡਾ . ਸਤਿੰਦਰ ਪਾਲ ਸਿੰਘ
ਸਿਡਨੀ , ਆਸਟ੍ਰੇਲਿਆ
ਈ ਮੇਲ – akaalpurkh.7@gmail.com

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1658
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਸਤਿੰਦਰ ਪਾਲ ਸਿੰਘ
ਦਿ ਪਾਂਡਸ
ਸਿਡਨੀ , ਆਸਟ੍ਰੇਲੀਆ
ਈ ਮੇਲ - akaalpurkh.7@gmail.com   

ਡਾ. ਸਤਿੰਦਰ ਪਾਲ ਸਿੰਘ

ਡਾ. ਸਤਿੰਦਰ ਪਾਲ ਸਿੰਘ ਦਿ ਪਾਂਡਸ ਸਿਡਨੀ , ਆਸਟ੍ਰੇਲੀਆ ਈ ਮੇਲ - akaalpurkh.7@gmail.com   

View all posts by ਡਾ. ਸਤਿੰਦਰ ਪਾਲ ਸਿੰਘ →