18 October 2025

ਕੁਆਰਨਟਾਈਨ ਅਤੇ ਹੋਰ ਕਹਾਣੀਆਂ-ਇੱਕ ਖ਼ੂਬਸੂਰਤ ਤੇ ਵਿਲੱਖਣ ਪੁਸਤਕ! — ਡਾ. ਕੁਲਵਿੰਦਰ ਸਿੰਘ ਬਾਠ

ਦੋਸਤੋ, ਸਿਆਣੇ ਕਹਿ ਗਏ ਨੇ ਕਿ ਚੰਗੇ ਦੋਸਤਾਂ ਦੀ ਤਰਾਂ ਹੀ ਚੰਗੀਆਂ ਕਿਤਾਬਾਂ ਪਾਠਕ ਨੂੰ ਹਾਕਾਂ ਮਾਰ ਮਾਰ ਕੇ ਬੁਲਾ ਲੈਂਦੀਆਂ ਨੇ, ਕੋਲ ਬੈਠਾ ਲੈਂਦੀਆਂ ਨੇ, ਕਿੱਕਲੀ ਪਾ ਲੈਂਦੀਆਂ ਨੇ, ਸੰਵਾਦ ਰਚਾ ਲੈਂਦੀਆਂ ਨੇ… ਅਤੇ ਪੜ੍ਹੀਆਂ ਵੀ ਇੱਕ ਦੋ ਬੈਠਣੀਆਂ ਵਿੱਚ ਹੀ ਜਾਂਦੀਆਂ ਨੇ। ਹਾਲ ਹੀ ਵਿੱਚ ਮਿਲੀ ਪੁਸਤਕ ‘ਕੁਆਰਨਟਾਈਨ ਅਤੇ ਹੋਰ ਕਹਾਣੀਆਂ’ ਅਤੇ ਮੇਰੇ ਦਰਮਿਆਨ ਵੀ ਕੁਝ ਇੰਜ ਹੀ ਵਾਪਰਿਆ। ਕਿਤਾਬ ਨੂੰ ਚਾਅ ਨਾਲ਼ ਪੜ੍ਹਿਆ ਅਤੇ ਰੂਹ ਨਾਲ ਮਾਣਿਆ ਵੀ!

ਦੇਸ਼ ਅਤੇ ਵਿਦੇਸ਼ ਦੇ ਸਾਹਿਤਕ ਹਲਕਿਆਂ ਵਿੱਚ ਬੇਸ਼ੁਮਾਰ ਉਚ ਪਾਏ ਦਾ ਸਾਹਿਤ ਰਚਿਆ ਗਿਆ ਹੈ ਅਤੇ ਰਚਿਆ ਵੀ ਜਾ ਰਿਹਾ ਹੈ। ਪਰ ਮਿਆਰੀ ਅਤੇ ਪੜ੍ਹਨਯੋਗ ਸਾਹਿਤ ਬਹੁਤਾਤ ਵਿੱਚ ਸੁਹਿਰਦ ਪਾਠਕਾਂ ਤੱਕ ਅੱਪੜਦਾ ਨਹੀਂ ਹੈ। ਬੇਹਤਰੀਨ ਸਾਹਿਤ ਭਾਸ਼ਾ ਦੇ ਵਖਰੇਵੇਂ ਦੀਆਂ ਕੰਧਾਂ ਉਹਲੇ ਲੁਕਿਆ ਹੀ ਰਹਿ ਜਾਂਦਾ ਹੈ। ਇਸ ਦੇ ਕਈ ਕਾਰਨਾਂ ਵਿੱਚੋਂ ਇੱਕ ਵਿਸ਼ੇਸ਼ ਕਾਰਨ ਭਾਸ਼ਾ ਅਨੁਵਾਦ ਦੇ ਕਾਰਜ ਦਾ ਘੱਟ ਹੋਣਾ ਵੀ ਹੈ। ਬਹੁਤੇ ਲੇਖਕ ਖ਼ੁਦ ਦੀਆਂ ਰਚਨਾਵਾਂ ਲਿਖਣ ਨੂੰ ਹੀ ਪਹਿਲ ਦਿੰਦੇ ਰਹੇ ਹਨ ਅਤੇ ਯਕੀਨਨ ਦਿੰਦੇ ਵੀ ਰਹਿਣਗੇ। ਅਨੁਵਾਦ ਦੇ ਕਠਿਨ ਕੰਮ ਤੋਂ ਕੰਨੀ ਕਤਰਾਉਂਦਿਆਂ ਬਹੁਤੇ ਅਦੀਬ ਇਸ ਕਾਰਜ ਨੂੰ ਪਿੱਛੇ ਧਕੇਲ ਦਿੰਦੇ ਹਨ। ਹਾਲਾਂ ਕਿ ਅਨੁਵਾਦ ਨਾਲ਼ ਸਾਹਿਤ ਦਾ ਘੇਰਾ ਵਿਸ਼ਾਲ ਹੋ ਜਾਂਦਾ ਹੈ ਅਤੇ ਮਿਆਰੀ ਸਾਹਿਤ ਜ਼ਿਆਦਾ ਪਾਠਕਾਂ ਦੇ ਹੱਥਾਂ ਤੱਕ ਪਹੁੰਚ ਜਾਂਦਾ ਹੈ। ਅਨੁਵਾਦ ਕਰਨ ਨਾਲ਼ ਸ਼ਬਦ ‘ਨਵੇਂ ਬਸਤਰ’ ਪਹਿਨ ਕੇ ਜਿਉਂਦੇ ਰਹਿੰਦੇ ਨੇ ਅਤੇ ਲੇਖਕ ਦੀ ਰੂਹ ਦਾ ਸੁਨੇਹਾ ਪਾਠਕਾਂ ਦੀ ਰੂਹ ਤੱਕ ਅੱਪੜਦਾ ਰਹਿੰਦਾ ਹੈ, ਜੋ ਲੇਖਕ ਲਈ ਵਡਮੁੱਲਾ ਮਾਣ ਸਨਮਾਨ ਹੁੰਦਾ ਹੈ।

ਮੇਰੇ ਅਜ਼ੀਜ਼ ਦੋਸਤ ਅਤੇ ਪੰਜਾਬੀ ਦੇ ਸਮਰੱਥ ਸ਼ਾਇਰ ਕਵਿੰਦਰ ਚਾਂਦ ਦੀਆਂ ਕੁਝ ਖ਼ੂਬਸੂਰਤ ਲਾਈਨਾਂ ‘ਫਿਰ’ ਯਾਦ ਆ ਗਈਆਂ ਜੋ ਇਸ ਕਿਤਾਬ ਉੱਪਰ ਢੁੱਕਦੀਆਂ ਅਤੇ ਫਬਦੀਆਂ ਵੀ ਨੇ…

ਲੈ ਗਈ ਸਨਮਾਨ ਸਾਰੇ
ਇੱਕ ਲੇਖਕ ਦੀ ਕਿਤਾਬ
ਪੜ੍ਹਨ ਪਿੱਛੋਂ ਓਸ ਨੂੰ ਜਦ
ਪਾਠਕਾਂ   ਨੇ   ਚੁੰਮਿਆ

ਏਕਮ ਵਾਲੇ ਅਰਤਿੰਦਰ ਸੰਧੂ

ਬਹੁ-ਵਿਧਾਵੀ ਲੇਖਿਕਾ ਅਰਤਿੰਦਰ ਕੌਰ ਸੰਧੂ ਨੇ ਹੁਣ ਤੱਕ 14 ਕਵਿਤਾ ਸੰਗ੍ਰਹਿ, 1 ਵਾਰਤਕ, 4 ਅਨੁਵਾਦ, 3 ਸੰਪਾਦਨ , 6 ਅਨੁਵਾਦ / ਖੋਜ ਅਤੇ ਅਲੋਚਨਾਤਮਕ ਰਚਨਾਵਾਂ ਦੀ ਨਿਰੰਤਰਤਾ ਨਾਲ ਪੰਜਾਬੀ ਸਾਹਿਤ ਵਿੱਚ ਨਿੱਗਰ ਅਤੇ ਅਨਮੋਲ ਯੋਗਦਾਨ ਪਾਇਆ ਹੈ। ਅਨੁਵਾਦ ਦੇ ਖੇਤਰ ਵਿੱਚ ਅੱਗੇ ਵਧਦਿਆਂ, ਅਰਤਿੰਦਰ ਸੰਧੂ ਨੇ ਇੱਕ ਹੋਰ ਹੰਭਲਾ ਮਾਰਦਿਆਂ “ਕੁਆਰਨਟਾਈਨ ਅਤੇ ਹੋਰ ਕਹਾਣੀਆਂ” ਨਾਲ ਪੰਜਾਬੀ ਸਾਹਿਤ ਜਗਤ ਦੇ ਵਿਹੜੇ ਮੁੜ ਦਸਤਕ ਦਿੱਤੀ ਹੈ।

ਭਾਵੇਂ ਇਹ ਕਾਰਜ ਜੋਖ਼ਮ ਭਰਿਆ ਈ ਹੁੰਦਾ ਹੈ, ਪਰ ਗੌਰਤਲਬ ਹੈ ਕਿ ਅਰਤਿੰਦਰ ਸੰਧੂ ਸਾਹਿਤ ਪ੍ਰੇਮੀਆਂ ਦੇ ਪਸੰਦੀਦਾ ਅਤੇ ਮਿਆਰੀ ਪੰਜਾਬੀ ਮੈਗਜ਼ੀਨ “ਏਕਮ” ਨੂੰ ਵੀ ਦਹਾਕਿਆਂ ਤੋਂ ਸਫਲਤਾਪੂਰਵਕ ਪ੍ਰਕਾਸ਼ਿਤ ਕਰ ਰਹੇ ਹਨ। ਅੰਮ੍ਰਿਤਸਰ ਨਾਲ ਮੇਰਾ ਖ਼ੁਦ ਦਾ ਬਹੁਤ ਲਗਾਓ ਇਸ ਲਈ ਵੀ ਹੈ ਕਿ ਮੈਂ ਵਿਦਿਆਰਥੀ ਜੀਵਨ ਦਾ ‘ਸੁਨਹਿਰਾ ਵਕਤ’ ਉੱਥੇ ਹੀ ਗੁਜ਼ਾਰਿਆ। ‘ਅੰਬਰਸਰ’ ਦੇ ਨਾਲ਼-ਨਾਲ਼ ਅਰਤਿੰਦਰ ਸੰਧੂ ਵੀ ਮੈਨੂੰ ਆਪਣੇ ਹੀ ਲੱਗਦੇ ਨੇ!

ਕੁਆਰਨਟਾਈਨ ਅਤੇ ਹੋਰ ਕਹਾਣੀਆਂ

ਅਰਤਿੰਦਰ ਸੰਧੂ ਦੁਆਰਾ ਅਨੁਵਾਦਿਤ ਅਤੇ ਸੰਪਾਦਿਤ ਇਹ ਪੁਸਤਕ ‘ਸਮੇਂ ਦੇ ਖੁਰਦਰੇ ਰਸਤਿਆਂ ‘ਤੇ ਤੁਰਦੀ ਜ਼ਿੰਦਗੀ ਦੀਆਂ ਪਾਟੀਆਂ ਬਿਆਈਆਂ ਦੀਆਂ ਚੀਸਾਂ ਨੂੰ ਕਥਾ ਕਹਾਣੀਆਂ ਵਿੱਚ ਢਾਲਣ ਵਾਲੇ’ ਸਿਰਜਕਾਂ ਨੂੰ ਸਮਰਪਿਤ ਕੀਤੀ ਗਈ ਹੈ। ਵਿਸ਼ਾਲ ਸਾਹਿਤਕ ਸਾਗਰ ਦੇ ਡੂੰਘੇ ਜ਼ਖ਼ੀਰੇ ਵਿੱਚੋਂ ਮੋਤੀ ਢੂੰਡਣ ਵਾਂਗ ਅਰਤਿੰਦਰ ਸੰਧੂ ਨੇ 14 ਅਦੀਬਾਂ ਦੀਆਂ ਵਿਭਿੰਨ ਅਤੇ ਚੋਣਵੀਆਂ 17 ਕਹਾਣੀਆਂ ਨੂੰ ਇਸ ਸੰਗ੍ਰਹਿ ਵਿੱਚ ਸ਼ਿੰਗਾਰ ਕੇ ਪਾਠਕਾਂ ਨਾਲ ਸਾਂਝਿਆਂ ਕੀਤਾ ਹੈ।

ਜ਼ਿੰਦਗੀ ਇੱਕ ਛੋਟਾ ਜਿਹਾ ਸ਼ਬਦ ਹੈ ਜੋ ਆਪਣੇ ਅੰਦਰ ਬੜੇ ਗਹਿਰੇ ਰਾਜ਼ ਸਮੋਈ ਬੈਠਾ ਹੈ। ਪੁਸਤਕ ਵਿੱਚ ਸ਼ਾਮਲ ਕਹਾਣੀਆਂ ਦੀ ਚੋਣ ਸਮਾਜ ਦੇ ਤਾਣਿਆ-ਬਾਣਿਆਂ ਦੀ ਵੰਨਗੀ ਦੇ ਨਾਲ਼ ਨਾਲ਼ ਅਰਤਿੰਦਰ ਸੰਧੂ ਦੇ ਕੋਮਲ ਮਨ ਦੀ ਸੰਵੇਦਨਸ਼ੀਲਤਾ, ਸੂਖ਼ਮਤਾ ਅਤੇ ਸਕਾਰਾਤਮਕ ਸੋਚ ਨੂੰ ਬਾਖ਼ੂਬੀ ਨਾਲ ਬਿਆਨ ਕਰਦੀ ਹੈ।

ਕੋਮਲ ਜਿਹੇ…
ਮਨ ਦੇ ਹੁੰਦੇ ਨੇ ਅਦੀਬ, ਮੈਂ ਤਾਂ ਸੁਣਿਆ ਹੈ
ਜੋ ਲਫਜ਼ਾਂ ਵਿੱਚ ਮੋਤੀ ਪਰੋਂਦੇ ਰਹਿੰਦੇ ਨੇ ।

ਭਾਵੇਂ ਕਿ ਕਿਤਾਬ ਦਾ ਟਾਈਟਲ ਪੰਜਾਬੀ, ਹਿੰਦੀ ਅਤੇ ਉਰਦੂ ਸਾਹਿਤ ਦੇ ਹਰਫ਼ਨਮੌਲਾ ਸਾਹਿਤਕਾਰ ਰਾਜਿੰਦਰ ਸਿੰਘ ਬੇਦੀ ਦੀ ਕਹਾਣੀ ‘ਤੇ ਅਧਾਰਿਤ ਹੈ, ਪਰ ਇਸ ਵਿੱਚ ਸ਼ਾਮਲ ਵਿਭਿੰਨ ਵਿਸ਼ਿਆਂ ਅਤੇ ਕਥਾ-ਰਸ ਨਾਲ ਭਰਪੂਰ ਬਿਰਤਾਂਤ ਇਸ ਪਰਾਗੇ ਨੂੰ ਖ਼ੂਬਸੂਰਤੀ ਪ੍ਰਦਾਨ ਕਰਦੀਆਂ ਹਨ।

ਕਿਤਾਬ ਦੀ ਸ਼ੁਰੂਆਤ ਅਸਤਰ ਵਜਾਹਤ ਦੀ ਕਹਾਣੀ “ਪੜ੍ਹਾਈ ਦੇ ਨੁਕਸਾਨ ਨਾਲ” ਕੀਤਾ ਹੈ। ਇਸ ਕਹਾਣੀ ਦਾ ਨਾਮ ਹੀ ਪਾਠਕ ਦੀ ਰੂਹ ਨੂੰ ਧੂਹ ਪਾਉਂਦਾ ਹੈ ਇਹ ਜਾਨਣ ਵਾਸਤੇ ਕਿ ਪੜ੍ਹਾਈ ਨੁਕਸਾਨਦੇਹ ਕਿਵੇਂ ਹੋ ਸਕਦੀ ਹੈ? ਬੁਕਰਾਤ ਨਾਮ ਦੇ ਪਾਤਰ ਦੁਆਲੇ ਘੁੰਮਦੀ ਇਸ ਕਹਾਣੀ ਵਿੱਚ ਲੇਖਕ ਨੇ ਇੱਕ ਵਿਅੰਗਮਈ ਤਰੀਕੇ ਨਾਲ ਇਹ ਦਰਸਾਉਣ ਅਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪੜ੍ਹਾਈ ਜਾਂ ਸਮਾਜਿਕ ਜਾਗਰੂਕਤਾ ਕਿਵੇਂ ਅਤੇ ਕਿਸ ਹੱਦ ਤੱਕ ਸੱਤਾਧਾਰੀਆਂ ਨੂੰ ‘ਹਊਆ’ ਦਿਖਾਈ ਦਿੰਦੀ ਹੈ। ਉਹ ਕਦੇ ਵੀ ਨਹੀਂ ਚਾਹੁੰਦੇ ਕਿ ਅਵਾਮ ਜਾਗਰੂਕ ਹੋਵੇ ਅਤੇ ਉਨਾਂ ਦੇ ਹੁਕਮਾਂ ਅਤੇ ਫੈਸਲਿਆਂ ਨੂੰ ਵੰਗਾਰੇ। ਇਸ ਕਹਾਣੀ ਦੀ ਅਜੋਕੇ ਜੀਵਨ ਵਿੱਚ ਵੀ ਉਤਨੀ ਹੀ ਮਹੱਤਤਾ ਹੈ ਜਿਤਨੀ ਕਦੇ ਆਦਿ ਕਾਲ ਵੇਲੇ ਹੁੰਦੀ ਸੀ। ਇਸ ਕਹਾਣੀ ਵਿੱਚ ਚਾਰ ‘ਮਿੰਨੀ’ ਕਹਾਣੀਆਂ ਛੁਪੀਆਂ ਹੋਈਆਂ ਹਨ। ਕਹਾਣੀ ਇੱਕ ਗਧੇ, ਲੜਕੇ, ਪੜ੍ਹੇ ਲਿਖੇ ਫੌਜੀ ਤੋਂ ਹੁੰਦੀ ਹੋਈ ਜਾਗਰੂਕ ਸੁਕਰਾਤ ਦੀ ਸਜ਼ਾ ਤੱਕ ਪਹੁੰਚ ਜਾਂਦੀ ਹੈ।

“ਕੁਆਰਨਟਾਈਨ” ਕਹਾਣੀ ਵਿੱਚ ਰਾਜਿੰਦਰ ਸਿੰਘ ਬੇਦੀ ਨੇ ਮਹਾਂਮਾਰੀਆਂ ਨਾਲ ਸਮਾਜ ਵਿੱਚ ਆਉਂਦੀਆਂ ਤਰਥੱਲੀਆਂ, ਗੁੰਝਲਦਾਰ ਸਥਿਤੀਆਂ, ਸਮਾਜਿਕ ਤੰਤਰ ਅਤੇ ਆਮ / ਖ਼ਾਸ ਮਨੁੱਖ ਦੀਆਂ ਕਮਜ਼ੋਰੀਆਂ ਦਾ ਭਾਂਡਾ ਚੁਰਾਹੇ ਵਿੱਚ ਭੰਨਿਆ ਹੈ। ਮਹਾਂਮਾਰੀਆਂ ਅਜੋਕੇ ਸਮਿਆਂ ਵਿੱਚ ਵੀ ਰੰਗ-ਰੂਪ ਬਦਲ-ਬਦਲ ਆਈ ਜਾਂਦੀਆਂ ਹਨ ਅਤੇ ਆਉਂਦੀਆਂ ਵੀ ਰਹਿਣਗੀਆਂ। ਪ੍ਰਬੰਧਕੀ ਕਮੀਆਂ ਅੱਜ ਵੀ ਜਿਉਂ ਦੀਆਂ ਤਿਉਂ ਹੀ ਹਨ। ਕਰੋਨਾ ਟਾਇਮ ਦੇ ਅਸੀਂ ਜਿਉਂਦੇ ਜਾਗਦੇ ਗਵਾਹ ਹਾਂ ਕਿ ਕਿਵੇਂ ਡਰਾਏ ਅਤੇ ਸਤਾਏ ਹੋਏ ਲੋਕ ਕੁਆਰਨਟਾਈਨ ਅਤੇ ਵੈਂਟੀਲੇਟਰ ਦਾ ਨਾਮ ਸੁਣਦਿਆਂ ਹੀ ਦਹਿਲ ਜਾਂਦੇ ਸਨ। ਕਿਵੇਂ ਆਪਣਿਆਂ ਨੂੰ ਪਰਾਇਆਂ ਵਿੱਚ ਬਦਲਦਿਆਂ ਦੇਰ ਹੀ ਨਾ ਲੱਗੀ। ਇਸ ਕਹਾਣੀ ਵਿੱਚ ਇੱਕ ਡਾਕਟਰ ਅਤੇ ਸਧਾਰਨ ਸਫ਼ਾਈ ਕਰਮਚਾਰੀ ਭਾਗਵ ਦੀ ਮਨੁੱਖਤਾ ਅਤੇ ਸਮਾਜ ਪ੍ਰਤੀ ਸੇਵਾ ਭਾਵਨਾ ਦੇ ਨਜ਼ਰੀਏ ਨੂੰ ਵੀ ਖ਼ੂਬਸੂਰਤੀ ਨਾਲ ਉਭਾਰਿਆ ਗਿਆ ਹੈ।

ਜ਼ਿੰਦਗੀ ਜਸ਼ਨ ਹੈ, ਪਰ ਫਿਰ ਵੀ ਜੀਵਨ ਜਿਉਂਦਿਆਂ ਮਨੁੱਖ ਸਮਾਜਿਕ, ਸੱਭਿਆਚਾਰਕ, ਰਾਜਨੀਤਿਕ ਅਤੇ ਧਾਰਮਿਕ ਤਾਣੇ- ਬਾਣੇ ਦੀਆਂ ਤੰਦਾਂ ਵਿੱਚ ਜਕੜਿਆ ਰਹਿੰਦਾ ਹੈ। ਪਾਕਿਸਤਾਨੀ ਕਹਾਣੀਕਾਰਾ ਫਹਿਮੀਦਾ ਰਿਆਜ਼ ਦੀ ਕਹਾਣੀ “ਝੰਨੂ ਦੀ ਚਿੱਠੀ ਮਿਲੀ” ਧਾਰਮਿਕ ਖੇਮਿਆਂ ਦੀ ਆਪਸੀ ਅਤੇ ਔਰਤ ਪ੍ਰਤੀ ਕੱਟੜਤਾ ਦਾ ਨਮੂਨਾ ਪੇਸ਼ ਕਰਦੀ ਹੈ।

ਰਾਜਿਆਂ ਤੇ ਸ਼ਾਸਕਾਂ ਦੀ ‘ਵੰਡੋ ਅਤੇ ਰਾਜ ਕਰੋ’ ਦੀ ਨੀਤੀ ਸਦੀਆਂ ਤੋਂ ਚੱਲਦੀ ਆਈ ਹੈ ਅਤੇ ਯਕੀਨਨ ਚਲਦੀ ਵੀ ਰਹੇਗੀ। ਜਦ ਇਹ ਵੰਡ ਧਰਮ ਜਾਂ ਜ਼ਾਤ ਨਾਲ ਜੁੜ ਜਾਵੇ ਤਾਂ ਇਨਸਾਨੀਅਤ ਹੈਵਾਨੀਅਤ ਵਿੱਚ ਬਦਲਦਿਆਂ ਕਿੱਥੋਂ ਖੁੰਝਦੀ ਹੈ? ਸੰਤਾਲੀ ਅਤੇ ਚੌਰਾਸੀ ਦੇ ਜ਼ੁਲਮ ਅਤੇ ਜ਼ਖ਼ਮ ਅੱਜ ਤੱਕ ਅੱਲੇ ਹਨ ਤੇ ਜੜ੍ਹਾਂ ਵਾਲੇ ਰਿਸਦੇ ਵੀ। ਐਸੇ ਵਰਤਾਰਿਆਂ ਵਿੱਚ ਕੁਝ ਇਕ ਮੁਹੱਬਤੀ ਰੂਹਾਂ ਵਾਲੇ ਇਨਸਾਨ ਇਨਸਾਨੀਅਤ ਦੀ ਮਿਸਾਲ ਵੀ ਬਣਦੇ ਨੇ। ਅਸ਼ੋਕ ਭੌਮਿਕ ਦੀ ਕਹਾਣੀ “ਜੀਵਨਪੁਰ ਹਾਟ ਜੰਕਸ਼ਨ-2” ਚੌਰਾਸੀ ਦੇ ਦੰਗਿਆਂ ਦੌਰਾਨ ਮਨੁੱਖਤਾ ਦੇ ਘਾਣ ਦਰਮਿਆਨ ਕੁਝ ਰੱਬੀ ਰੂਹਾਂ ਦੀ ਮਿਸਾਲ ਨੂੰ ਪਾਠਕਾਂ ਨਾਲ ਸਾਂਝੀ ਕਰਦੀ ਹੈ।

ਲੇਖਕ ਮੁਕਤੀਬੋਧ ਦੀਆਂ ਦੋ ਵਿਭਿੰਨ ਰਚਨਾਵਾਂ ਵੀ ਬੜੀਆਂ ਰੌਚਿਕ ਹਨ – “ਬ੍ਰਹਮਰਾਖਸ਼ ਦਾ ਸ਼ਗਿਰਦ”ਅਤੇ “ਕਲਾਡ ਈਥਰਲੀ”…। ਬ੍ਰਹਮਰਾਖਸ਼ ਵਿੱਚ ਇੱਕ ਸਧਾਰਨ ਪੇਂਡੂ ਮੁੰਡੇ ਅਤੇ ਉਸ ਦੇ ਗੁਰੂ ਦਾ ਵਿਲੱਖਣ ਰਿਸ਼ਤਾ ਦਰਸਾਇਆ ਗਿਆ ਹੈ। ਕਲਾਡ ਈਥਰਲੀ ਵਿੱਚ ਇੱਕ ਪ੍ਰਮਾਣੂ ਬੰਬ ਨਾਲ ਤਬਾਹੀਆਂ ਮਚਾਉਣ ਵਾਲੇ ਪਾਇਲਟ ਦੁਆਰਾ ਆਪਣੇ ਜਾਣੇ-ਅਣਜਾਣੇ ਵਿੱਚ ਹੋਏ ਗੁਨਾਹ ਦਾ ਪਛਤਾਵਾ ਹੈ ਜੋ ਉਸ ਨੂੰ ਚੈਨ ਨਾਲ ਜੀਵਣ ਜਾਂ ਮਰਨ ਹੀ ਨਹੀਂ ਦਿੰਦਾ। ਦੋਸਤੋ, ਪਤਾ ਨਹੀਂ ਮਨੁੱਖਤਾ ਨੂੰ ਤਬਾਹ ਕਰਦੇ ਇਹ ਬੰਬ ਡਿੱਗਣੇ ਕਦੋਂ ਬੰਦ ਹੋਣਗੇ? ਅੱਜ ਵੀ ਇੰਜ ਹੀ ਤਾਂ ਹੋ ਰਿਹਾ ਹੈ, ਸਾਰੀ ਦੁਨੀਆਂ ਅੰਦਰ। ਕਿਤਨੇ ਬੇਕਸੂਰ ਬੱਚੇ ਅਤੇ ਲੋਕ ਇਸ ਹੈਵਾਨੀਅਤ ਦੀ ਅੱਗ ਵਿੱਚ ਝੁਲਸ ਰਹੇ ਨੇ? ਅਜੋਕੇ ਸਮੇਂ ਦੇ ਬਹਾਦਰ, ਲੜਾਕੂ ਅਤੇ ਹੀਰੋ ਭਲ਼ਕ ਨੂੰ ਜ਼ਰੂਰ ਪਛਤਾਉਣਗੇ, ਜਦ ਉਨ੍ਹਾਂ ਦੀ ਆਤਮਾ ਕੁਝ ਸਵਾਲ ਪੁੱਛੇਗੀ!

ਬਦਲਾਉ ਕੁਦਰਤ ਦਾ ਨਿਯਮ ਹੈ। ਆਇਆ ਹੈ, ਆ ਰਿਹਾ ਹੈ ਅਤੇ ਆਉਂਦਾ ਵੀ ਰਹੇਗਾ। ਮਨੀਸ਼ ਵੈਦ ਦੀ ਕਹਾਣੀ “ਘੜੀਸਾਜ਼” ਤੇਜ਼ੀ ਨਾਲ ਬਦਲਦੇ ਸਮੇਂ ਦੀ ਤ੍ਰਾਸਦੀ ਨੂੰ ਬਕਮਾਲ ਬਿਆਨ ਕਰਦੀ ਹੈ। ਬਾਂਸਾਂ ਦੇ ਨਾਲ ਬਾਂਸਰੀਆਂ, ਬੇੜੀਆਂ ਦੇ ਨਾਲ ਮਲਾਹ ਅਤੇ ਸਮਾਂ ਦੱਸਦੀਆਂ ਘੜੀਆਂ ਦੇ ਨਾਲ ਹੀ ਘੜੀਸਾਜ਼ ਵੀ ਚਲੇ ਗਏ। ਅਜੋਕੇ AI – ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜ਼ਮਾਨੇ ਵਿੱਚ ਤਾਂ ਇਹ ਤਬਦੀਲੀਆਂ ਵੀ sonic speed (ਤੇਜ਼ੀ) ਨਾਲ ਹੋ ਰਹੀਆਂ ਹਨ। ਫ਼ਾਇਦਿਆਂ ਦੇ ਸੰਗ ਨੁਕਸਾਨ ਵੀ ਹਨ ਪਰ ਇਸ ਤਬਦੀਲੀ ਨੂੰ ਕੋਈ ਰੋਕ ਨਹੀਂ ਸਕਿਆ ਅਤੇ ਨਾ ਰੋਕ ਹੀ ਸਕੇਗਾ।

ਮਨੀਸ਼ ਵੈਦ ਦੀ ਹੀ ਇੱਕ ਹੋਰ ਭਾਵਪੂਰਤ ਅਤੇ ਸ਼ਹਿਦ ਵਰਗੀ ਕਹਾਣੀ “ਖਿਰਨੀ” ਬਚਪਨ ਦੇ ਦਿਲਾਂ ਦੇ ਮੋਹ ਮੁਹੱਬਤ ਦੀ ਦਾਸਤਾਨ ਹੈ ਜੋ ਵਕਤ ਦਿਆਂ ਪੈਂਡਿਆਂ ਅਤੇ ਹਨ੍ਹੇਰੀਆਂ ਦੀ ਧੂੜ ਵਿੱਚ ਖਿੰਡ ਪੁੰਡ ਗਈ।

ਜਿਸ ਤਨ ਲਾਗੈ ਸੋ ਤਨ ਜਾਨੈ, ਕੌਣ ਜਾਨੈ ਪੀੜ ਪਰਾਈ ।

ਚੜ੍ਹਦੇ ਜਾਂ ਲਹਿੰਦੇ ਪੰਜਾਬੀਆਂ ਲਈ ਸੰਤਾਲੀ ਦੀ ਵੰਡ ਸਹੀ ਅਰਥਾਂ ਵਿੱਚ ਮਨੁੱਖੀ ਉਜਾੜੇ, ਮਨੁੱਖਤਾ ਦੇ ਘਾਣ, ਇਨਸਾਨੀਅਤ ਦੀ ਮੌਤ ਅਤੇ ਹੈਵਾਨੀਅਤ ਦੇ ਨੰਗੇ ਨਾਚ ਦੀ ਜਿਉਂਦੀ ਜਾਗਦੀ ਮਿਸਾਲ ਹੈ। ਇਸ ਵਰਤਾਰੇ ਨੇ ਪਤਾ ਨਹੀਂ ਕਿਤਨੇ ਕੁ ਘਰ ਉਜਾੜੇ ਅਤੇ ਅਣਗਿਣਤ ਬੇਕਸੂਰਾਂ ਨੂੰ ਮੌਤ ਦਾ ਜਾਮਾ ਪਹਿਨਾਇਆ। ਔਰਤਾਂ ‘ਤੇ ਹੋਏ ਜ਼ੁਲਮ ਅਤੇ ਮਾਨਸਿਕ ਪੀੜਾ ਨੂੰ ਸੋਚਦਿਆਂ ਤਾਂ ਰੂਹ ਕੰਬ ਜਾਂਦੀ ਹੈ। ਹਿੰਦੀ ਦੀ ਪ੍ਰਸਿੱਧ ਲੇਖਿਕਾ ਸ਼ਿਵਾਨੀ ਦੀ ਮਾਰਮਿਕ ਰਚਨਾ “ਲਾਲ ਹਵੇਲੀ” ਵੀ ਵੰਡ ਦੇ ਸੰਤਾਪ ਨੂੰ ਸਮਰਪਿਤ ਹੈ ਜੋ ‘ਸੁਧਾ’ ਤੋਂ ‘ਤਾਹਿਰਾ’ ਦੇ ਨਾਮ ਵਿੱਚ ਤਬਦੀਲ ਮਲੂਕ ਜਿੰਦੜੀ ਦੀ ਮਾਨਸਿਕ ਬੇਚੈਨੀ ਅਤੇ ਗਹਿਰੇ ਦਰਦ ਦਾ ਬਿਰਤਾਂਤ ਹੈ।

ਇਹ ਮਨੁੱਖ ਵੀ ਕਿਆ ਚੀਜ਼ ਹੈ!!

ਲੋੜ ਪੈਣ ‘ਤੇ ਗਧੇ ਨੂੰ ਵੀ ਬਾਪ ਮੰਨ ਲੈਂਦਾ ਹੈ ਅਤੇ ਮਤਲਬ ਨਿਕਲਣ ‘ਤੇ ਉਹਦੇ ਅੰਦਰਲੀ ‘ਹਉਮੈਂ’ ਦਹਾੜਨ ਲੱਗ ਪੈਂਦੀ ਹੈ। ਸ਼ੇਖਰ ਜੋਸ਼ੀ ਦੁਆਰਾ ਲਿਖੀ ਇਹ ਕਹਾਣੀ ਵੀ ਕੁਝ ਇੰਜ ਹੀ ਹੈ ਜੋ ਦੋ ਪਹਾੜੀ ਵਸਨੀਕਾਂ ਜਗਦੀਸ਼ ਅਤੇ ਮਦਨ ਦਾ ਆਪਣੇ ਘਰ ਅਤੇ ਇਲਾਕੇ ਤੋਂ ਕੋਹਾਂ ਦੂਰ ਪਰਵਾਸ ਵਿੱਚ ਮਿਲਣਾ ਅਤੇ ਫੇਰ ਜਗਦੀਸ਼ ਦੀ ਅਚਾਨਕ ‘ਪ੍ਰੈਸਟਿਜ’ ਦੇ ਜਾਗ ਜਾਣ ਕਾਰਨ ਪਈ ਦਰਾੜ, ਉਦਾਸੀ, ਅਤੇ ਮਦਨ ਦੇ ਸਵੈਮਾਣ ਨੂੰ ਬਿਆਨ ਕਰਦੀ ਹੈ।

ਭਾਵੇਂ ਜ਼ਮਾਨਾ ਬਦਲ ਰਿਹਾ ਹੈ, ਪਰ ਫਿਰ ਵੀ ਔਰਤ ਨੂੰ ਕੰਮ ਅਤੇ ਬੱਚੇ ਪੈਦਾ ਕਰਨ ਦੀ ਮਸ਼ੀਨ ਹੀ ਸਮਝਿਆ ਜਾਂਦਾ ਹਾ। ਰਵਿੰਦਰ ਕਾਤਿਯਾਯਨ ਨੇ ਇਸ ਗਜ਼ਬ ਕਹਾਣੀ “ਪਾਣੀ ਬਾਈ” ਵਿੱਚ ਔਰਤ ਦੇ ਜੀਵਨ ਦੀ ਮਾਨਸਿਕ ਪੀੜਾ ਨੂੰ ਨਿਵੇਕਲੇ ਅੰਦਾਜ਼ ਵਿੱਚ ਪੇਸ਼ ਕੀਤਾ ਹੈ ਕਿ ਕਿਵੇਂ ਇੱਕ ਔਰਤ ਔਰਤ ਨਾ ਹੋ ਕੇ ਸਿਰਫ਼ ਪਾਣੀ ਢੋਣ ਵਾਲੀ ਮਸ਼ੀਨ – ‘ਪਾਣੀ ਬਾਈ’ ਬਣ ਕੇ ਰਹਿ ਜਾਂਦੀ ਹੈ। ਕਿਵੇਂ ਪ੍ਰੰਪਰਾਵਾਂ ਅਤੇ ਵਹਿਮਾਂ ਭਰਮਾਂ ਦੇ ਭੰਬਲ਼ਭੂਸੇ ਵਿੱਚ ਫਸੇ ਲੋਕ ਇਸ ਅੰਨ੍ਹੇ ਖੂਹ ਵਿੱਚੋਂ ਬਾਹਰ ਨਹੀਂ ਨਿਕਲ ਪਾਉਂਦੇ। ਔਰਤਾਂ ਆਪਣੀਆਂ ਦੂਹਰੀਆਂ-ਤੀਹਰੀਆਂ ਸੌਂਕਣਾਂ ਦੇ ਡਰੋਂ ਜਾਣ ਬੁੱਝ ਕੇ ਗਰਭਵਤੀ ਨਹੀਂ ਹੁੰਦੀਆਂ ਅਤੇ ਫੇਰ ਇਸ ਮਾਨਸਿਕ ਪੀੜਾ ਵਿੱਚ ਵੀ ਪਿਸਦੀਆਂ ਰਹਿੰਦੀਆਂ ਹਨ ਕਿ ਕਿਤੇ ਸਮਾਜ ਉਨ੍ਹਾਂ ਨੂੰ ਬਾਂਝ ਦਾ ਦਰਜਾ ਹੀ ਨਾ ਦੇ ਦੇਵੇ!!

ਕ੍ਰਿਸ਼ਨ ਕਲਪਿਤ ਦੀ ਇਹ ਖ਼ੂਬਸੂਰਤ ਕਹਾਣੀ “ਨਵਾਂ ਗਊਦਾਨ” ਮੈਨੂੰ ਬਾਬੇ ਨਾਨਕ ਦੀ ਹਰਿਦੁਆਰ ਦੀ ਉਦਾਸੀ ਯਾਦ ਕਰਾ ਗਈ… ਜਦ ਗੰਗਾ ਵਿੱਚ ਡੁਬਕੀਆਂ ਲਗਾਉਂਦੇ ਲੋਕ ਲੱਖਾਂ-ਕਰੋੜਾਂ ਮੀਲ ਦੂਰ ਸੂਰਜ ਨੂੰ ਬੁੱਕ ਡਰ-ਭਰ ਪਾਣੀ ਦੇ ਰਹੇ ਸਨ। ਇਹ ਕਹਾਣੀ ਮੰਦਰ ਦੇ ਪੁਜਾਰੀ ਅਤੇ ਗਰੀਬ ਕਿਸਾਨ ਦੁਆਲੇ ਕੇਂਦ੍ਰਿਤ ਹੈ ਕਿ ਕਿਵੇਂ ਪੁਜਾਰੀ ਨੇ ਕਰਮਾਂ ਕਾਂਡਾਂ ਵਿੱਚ ਉਲਝਾ ਕੇ, ਫਸਾ ਕੇ ਅਤੇ ਡਰਾ ਕੇ ਕਿਸਾਨ ਦੀ ਇੱਕੋ ਇੱਕ ਦੁਧਾਰੂ ਗਾਂ ਨੂੰ ਹਥਿਆਉਣ ਦੀ ਨਾਕਾਮ ਕੋਸ਼ਿਸ਼ ਕੀਤੀ..! ਮਨੁੱਖ ਦੇ ਧਾਰਮਿਕ ਤਾਣਿਆਂ-ਬਾਣਿਆਂ ਦੀ ਦਾਸਤਾਨ ਜੋ ਅੱਜ ਤੱਕ ਵੀ ਕਾਇਮ ਹੈ। ਧਰਮ ਦੇ ਨਾਂ ਹੇਠ ਅਜੇ ਵੀ ਭੋਲ਼ੇ ਭਾਲ਼ੇ ਲੋਕਾਂ ਦਾ ਸ਼ੋਸ਼ਣ ਜਾਰੀ ਹੈ।

ਦੋਸਤੋ ਇਸ ਪੁਸਤਕ ਵਿੱਚ ਕਈ ਹੋਰ ਵੀ ਦਿਲਚਸਪ, ਪੜ੍ਹਨ ਯੋਗ ਅਤੇ ਮਾਣਨ ਯੋਗ ਕਹਾਣੀਆਂ ਹਨ ਜੋ ਆਪ ਜਿਹੇ ਸੂਝਵਾਨ ਪਾਠਕਾਂ ਨੂੰ ਪੜ੍ਹਨੀਆਂ ਚਾਹੀਦੀਆਂ ਹਨ। ਅਰਤਿੰਦਰ ਸੰਧੂ ਨੇ ਵਧੀਆ ਕਾਰਜ ਕਰਦਿਆਂ 14 ਸਮਰੱਥ ਲੇਖਕਾਂ ਦੀਆਂ 17 ਖ਼ੂਬਸੂਰਤ ਰਚਨਾਵਾਂ ਨੂੰ ਤੁਹਾਡੇ ਰੂਬਰੂ ਕਰਨ ਦਾ ਉਪਰਾਲਾ ਕੀਤਾ ਹੈ, ਜਿਸ ਲਈ ਉਹ ਵਧਾਈ ਦੇ ਹੱਕਦਾਰ ਹਨ। ਆਸ ਕਰਦੇ ਹਾਂ ਕਿ ਇਹ ਨਿਵੇਕਲੀ ਪੁਸਤਕ ਸਾਹਿਤ ਦੇ ਸੁਹਿਰਦ ਪਾਠਕਾਂ ਦੇ ਜ਼ਰੂਰ ਪਸੰਦ ਆਵੇਗੀ।

ਜ਼ਿੰਦਗੀ ਜ਼ਿੰਦਾਬਾਦ।
***
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1630
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

ਡਾ. ਕੁਲਵਿੰਦਰ ਸਿੰਘ ਬਾਠ

ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

View all posts by ਡਾ. ਕੁਲਵਿੰਦਰ ਸਿੰਘ ਬਾਠ →