14 July 2025

ਮਾਨਵਵਾਦੀ ਤੇ ਸਮਾਜਕ ਸਰੋਕਾਰਾਂ ਦੀ ਕਵਿਤਾ : ਸ੍ਰਿਸ਼ਟੀ ਦ੍ਰਿਸ਼ਟੀ —ਪ੍ਰੋ. ਨਵ ਸੰਗੀਤ ਸਿੰਘ 

ਡਾ. ਬਲਦੇਵ ਸਿੰਘ ‘ਬੱਦਨ’ ਲੰਮੇ ਸਮੇਂ ਤੋਂ ਸਾਹਿਤ ਦੇ ਖੇਤਰ ਵਿੱਚ ਕਾਰਜਸ਼ੀਲ ਹੈ। ਉਹ ਇੱਕ ਚਿਰ-ਪਰਿਚਿਤ ਲੇਖਕ, ਅਨੁਵਾਦਕ, ਕੋਸ਼ਕਾਰ, ਸੰਪਾਦਕ ਤੇ ਵਿਭਿੰਨ ਸੰਸਥਾਵਾਂ ਵੱਲੋਂ ਸਨਮਾਨਿਤ ਕੋਮਲਭਾਵੀ ਤੇ ਮਿਲਣਸਾਰ ਸ਼ਖ਼ਸੀਅਤ ਹੈ। ਗੜ੍ਹਦੀਵਾਲਾ (ਹੁਸ਼ਿਆਰਪੁਰ) ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਐਮਫਿਲ. ਪੀਐਚਡੀ. ਕਰਨੀ ਤੇ ਦੇਸ਼ ਦੀ ਰਾਜਧਾਨੀ ਵਿੱਚ ਭਾਰਤ ਸਰਕਾਰ ਦੀ ਸੰਸਥਾ ਐਨਬੀਟੀ ਵਿੱਚ ਸਹਾਇਕ ਸੰਪਾਦਕ ਤੋਂ ਸੰਯੁਕਤ ਨਿਰਦੇਸ਼ਕ ਦੇ ਅਹੁਦੇ ਤੱਕ ਪਹੁੰਚਣਾ ਵਾਕਈ ਮਿਹਨਤ, ਸਿਰੜ ਤੇ ਅਣਥੱਕ ਘਾਲਣਾ ਦਾ ਪ੍ਰਤਿਫਲ ਹੈ। ਉਹਨੇ ਅਣਗਿਣਤ ਵਿਧਾਵਾਂ ਵਿੱਚ ਸਾਹਿਤਕ ਕਾਰਜ ਕੀਤਾ ਹੈ। ਸੇਵਾਮੁਕਤੀ ਤੋਂ ਪਿੱਛੋਂ ਵੀ ਉਹ ਨਿਸ਼ਕ੍ਰਿਅ ਹੋ ਕੇ ਨਹੀਂ ਬੈਠਾ ਸਗੋਂ ਸਾਹਿਤ, ਸਾਹਿਤਕਾਰਾਂ ਤੇ ਲੇਖਨ ਨਾਲ ਜੁੜਿਆ ਹੋਇਆ ਹੈ। ‘ਸ੍ਰਿਸ਼ਟੀ ਦ੍ਰਿਸ਼ਟੀ’ (ਨਵਰੰਗ ਪਬਲੀਕੇਸ਼ਨਜ਼ ਸਮਾਣਾ, ਪੰਨੇ 174, ਮੁੱਲ 300/-) ਉਹਦਾ ਪਹਿਲਾ ਮੌਲਿਕ ਕਾਵਿ ਸੰਗ੍ਰਹਿ ਹੈ, ਜਿਸ ਵਿੱਚ 194 ਕਵਿਤਾਵਾਂ ਹਨ।

ਇਸ ਸੰਗ੍ਰਹਿ ਵਿੱਚ ਹਰ ਰੰਗ ਤੇ ਹਰ ਵੰਨਗੀ ਦੀ ਕਵਿਤਾ ਹੈ। ਉਹ ਕਵਿਤਾ ਦੇ ਆਕਾਰ ਵਿੱਚ ਨਹੀਂ ਉਲਝਦਾ। ਕੁਝ ਕਵਿਤਾਵਾਂ 4 ਪੰਨਿਆਂ ਤੋਂ ਵੀ ਵੱਧ ਆਕਾਰ ਦੀਆਂ ਹਨ ਤੇ ਕਈ ਮਹਿਜ਼ 2/3 ਪੰਕਤੀਆਂ ਤੱਕ ਹੀ ਸੀਮਤ ਹਨ। ਇਸੇ ਤਰ੍ਹਾਂ ਵਧੇਰੇ ਕਵਿਤਾਵਾਂ ਦੇ ਸਿਰਲੇਖ ਇੱਕ-ਸ਼ਬਦੀ ਹਨ (ਸ਼ਬਦ, ਮਾਂ, ਨੀਂਦ, ਮੈਂ, ਮਨ, ਸਮੁੰਦਰ, ਮਿੱਤਰ, ਖੁਸ਼ਬੋ, ਅੱਜ ਆਦਿ) ਤੇ ਕੁਝ ਕਵਿਤਾਵਾਂ 6-ਸ਼ਬਦੀ ਸਿਰਲੇਖ ਵਾਲੀਆਂ (ਨਵਾਂ ਸਾਲ ਮੁਬਾਰਕ! ਇਹ ਦਿਨ ਵਡਭਾਗਾ, ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ, ਇੱਕੋ ਦੇਹੀ-ਇਸਨੂੰ ਰੱਖ ਸਲਾਮਤ, ਧਰਤੀ ਮਾਂ ਜੋ ਹੈ ਸਾਡੀ ਪਿਆਰੀ ਆਦਿ) ਵੀ।

ਡਾ. ਬੱਦਨ ਨੇ ਇਸ ਕਾਵਿ-ਕਿਤਾਬ ਦੇ ਤਿੰਨ ਭਾਗ ਬਣਾਏ ਹਨ। ਪਹਿਲੇ ਭਾਗ ਵਿੱਚ 71 ਕਵਿਤਾਵਾਂ ਹਨ, ਦੂਜੇ ਵਿੱਚ 116 (ਲਘੂ ਕਵਿਤਾਵਾਂ) ਤੇ ਤੀਜੇ ਵਿੱਚ 7 (ਲੰਮੀਆਂ ਕਵਿਤਾਵਾਂ)। ‘ਸ਼ਬਦ’ ਨਾਂ ਦੀ ਕਵਿਤਾ ਵਿੱਚ ਉਹ ਆਪਣਾ ਕਾਵਿ ਸਿੱਧਾਂਤ ਇਸ ਤਰ੍ਹਾਂ ਪ੍ਰਸਤੁਤ ਕਰਦਾ ਹੈ :

ਸ਼ਬਦਾਂ ਦੀ ਨਾ ਆਪਣੀ ਹੁੰਦੀ,
ਨਾ ਕਾਇਆ, ਨਾ ਮਾਇਆ
ਹਰ ਤਨ-ਮਨ ਦੇ ਸ਼ਬਦ ਓਸ ਦੀ ਮਾਇਆ।
ਵਿਅਕਤੀ ਦੀ ਸ਼ਖ਼ਸੀਅਤ, ਉਸ ਦੇ ਕਾਲੇ ਗੋਰੇ ਅੱਖਰ
ਸ਼ਬਦ ਓਸਦੇ ਸੰਗ ਚਲੇਂਦੇ ਬਣ ਕੇ ਉਸ ਦੀ ਛਾਇਆ।  (42)

ਆਧੁਨਿਕ ਜੀਵਨ ਦੀਆਂ ਵਿਸੰਗਤੀਆਂ, ਵਿਡੰਬਨਾਵਾਂ ਨੂੰ ਕਵੀ ਦਾ ਸੰਵੇਦਨਸ਼ੀਲ ਮਨ ਬੜੀ ਛੇਤੀ ਪਕੜਦਾ ਹੈ। ਅਜੋਕੇ ਆਪੋ-ਧਾਪੀ ਦੇ ਸਮੇਂ ਵਿੱਚ ਥਾਂ-ਥਾਂ ਤੇ ਔਝੜ ਰਾਹਾਂ ਨੇ, ਭਟਕਣ ਹੈ, ਮਾਨਵ-ਮਨ ਦੁਬਿਧਾ ਵਿੱਚ ਹੈ। ਮਨੁੱਖ ਇਹ ਸੋਚਣ-ਸਮਝਣ ਤੋਂ ਅਸਮਰਥ ਹੈ ਕਿ ਉਹ ਕੀ ਕਰੇ-ਕੀ ਨਾ ਕਰੇ; ਕਿਧਰ ਜਾਵੇ-ਕਿਧਰ ਨਾ ਜਾਵੇ। ਇਹੋ ਜਿਹੀ ਭਾਵਨਾ ਨੂੰ ਪੰਜਾਬੀ ਦੇ ਪ੍ਰਮੁੱਖ ਬੌਧਿਕ ਰਹੱਸਵਾਦੀ ਕਵੀ ਪ੍ਰੀਤਮ ਸਿੰਘ ਸਫ਼ੀਰ ਨੇ ਵੀ ਆਤਮਸਾਤ ਕੀਤਾ ਸੀ। ਡਾ. ਬੱਦਨ ਦੀ ਕਵਿਤਾ ‘ਕੀ ਕਰੀਏ ਜੀ, ਕਿਧਰ ਜਾਈਏ’ ਵਿੱਚ ਅਜਿਹੇ ਭਾਵਬੋਧ ਦੀ ਤਰਜਮਾਨੀ ਹੋਈ ਹੈ :

ਨਾ ਕਿਧਰੇ ਕਿਸੇ ਦਾ ਮਨ,
ਸ਼ਾਂਤ-ਸਮੁੰਦਰ ਚੈਨ ਪਾਵੇ।
ਖ਼ੁਦਕਸ਼ੀਆਂ ਦੀਆਂ ਚਿੰਤਾਵਾਂ ਦਾ ਢੋਲ ਵਜੀਵੇ।
ਹਰ ਵਿਅਕਤੀ ਦਾ ਜੀਵਨ ਖ਼ਾਲੀ ਹੋਇਆ
ਕਿਸੇ ਨੂੰ ਕੁਝ ਵੀ ਕਿਧਰੇ, ਕੋਈ ਨਾ ਥੀਵੇ।
ਭੁੱਖੇ ਲੋਕੀਂ, ਪ੍ਰਕਿਰਤੀ ਤੋਂ ਰੁੱਖੇ,
ਪਸ਼ੂਆਂ ਵਰਗੇ ਹੋਏ
ਕੀਕਰ ਇਨ੍ਹਾਂ ਮਨ ਬੰਧਾਈਏ?   (51)

ਸੰਗ੍ਰਹਿ ਦੀਆਂ ਕੁਝ ਕਵਿਤਾਵਾਂ ਕਿਸੇ ਨਾ ਕਿਸੇ ਸ਼ਖ਼ਸੀਅਤ ਨੂੰ ਸੰਬੋਧਿਤ ਹਨ। ਇਹ ਅਜਿਹੀਆਂ ਸ਼ਖ਼ਸੀਅਤਾਂ ਹਨ, ਜਿਨ੍ਹਾਂ ਦਾ ਆਪੋ-ਆਪਣੇ ਖੇਤਰ ਵਿੱਚ ਵਿਲੱਖਣ ਯੋਗਦਾਨ ਰਿਹਾ ਹੈ। ਇਨ੍ਹਾਂ ਵਿੱਚ ਸ਼ਾਮਲ ਹਨ – ਡਾ. ਬੀਆਰ ਅੰਬੇਦਕਰ (ਸਮਾਜਕ ਚੇਤਨਾ ਦੇ ਅਗਰਦੂਤ ਅਤੇ ਰਾਜਨੀਤਿਕ ਕਰਤਾ), ਸਾਹਿਰ ਲੁਧਿਆਣਵੀ, ਮੁਨਸ਼ੀ ਪ੍ਰੇਮਚੰਦ (ਦੋਵੇਂ ਸਥਾਪਤ ਲੇਖਕ) ਅਤੇ ਖ਼ਲੀਲ ਜਿਬਰਾਨ (ਲੇਖਕ ਅਤੇ ਦਾਰਸ਼ਨਿਕ)। ਇਨ੍ਹਾਂ ਨਾਲ ਸੰਬੰਧਿਤ ਕਵਿਤਾਵਾਂ ਕ੍ਰਮਵਾਰ ਇਸ ਪ੍ਰਕਾਰ ਹਨ – ਆਧੁਨਿਕ ਵਿਸ਼ਵ ਦਾ ਮਹਾਨ ਚਮਤਕਾਰ, ਇੱਕ ਸਫ਼ਰ ਦਾ ਨਾਂ, ਸਲਤਨਤ ਅਤੇ ਅਸਲੀ ਨਾਚ। ਪਹਿਲੀਆਂ ਦੋ ਸ਼ਖਸੀਅਤਾਂ ਬਾਰੇ ਕਵਿਤਾਵਾਂ ਦੋ-ਦੋ ਪੰਨਿਆਂ ਤੇ ਫ਼ੈਲੀਆਂ ਹਨ (ਪੰਨੇ 103-104; 105-106), ਜਦਕਿ ਅਗਲੀਆਂ ਦੋ ਸ਼ਖ਼ਸੀਅਤਾਂ ਬਾਰੇ ਕਵਿਤਾਵਾਂ ਮਹਿਜ਼ ਕੁਝ ਪੰਕਤੀਆਂ (7 ਅਤੇ 8 ਪੰਕਤੀਆਂ) ਵਿੱਚ ਹੀ ਸਿਮਟੀਆਂ ਹੋਈਆਂ ਹਨ। ਇਸ ਪੱਖੋਂ ਮੁਨਸ਼ੀ ਪ੍ਰੇਮਚੰਦ ਨਾਲ ਸੰਬੰਧਿਤ ਕਵਿਤਾ ‘ਸਲਤਨਤ’ ਵੇਖਣਯੋਗ ਹੈ :

ਸਲਤਨਤ
ਕਿਸੇ ਵਿਕਤੀ ਦੀ
ਜਾਗੀਰ ਨਹੀਂ
ਸਗੋਂ ਇੱਕ ਐਸਾ ਦਰਖਤ ਹੈ
ਜਿਸਦੀ ਹਰ ਇੱਕ ਟਹਿਣੀ
ਅਤੇ ਪੱਤੀ ਨੂੰ
ਇੱਕੋ ਜਿਹੀ ਖੁਰਾਕ ਮਿਲਦੀ ਹੈ।     (149)

ਕਵੀ ਦੀ ਸਿਰਜਣਸ਼ੀਲਤਾ ਹਰ ਕਵਿਤਾ ਵਿੱਚ ਨਿੱਖਰ ਕੇ ਸਾਹਮਣੇ ਆਈ ਹੈ। ਉਹਨੇ ਹਰ ਵਿਸ਼ੇ ਨੂੰ ਆਪਣੇ ਮੁਤਾਬਕ ਪਰਿਭਾਸ਼ਿਤ ਕੀਤਾ ਹੈ। ਸੰਗ੍ਰਹਿ ਦੀਆਂ ਕੁਝ ਕਵਿਤਾਵਾਂ ਅਜਿਹੀਆਂ ਹਨ ਜੋ ਚੀਜ਼ਾਂ ਦੇ ਗੁਣਾਂ/ਲੱਛਣਾਂ ਦਾ ਨਿਕਟਤਮ ਅਵਲੋਕਨ ਕਰਦੀਆਂ ਹਨ। ਅਜਿਹੀਆਂ ਕਵਿਤਾਵਾਂ 2-2, 3-3 ਪੰਕਤੀਆਂ ਵਿੱਚ ਸਿਰਜੀਆਂ ਗਈਆਂ ਹਨ। ਇਨ੍ਹਾਂ ਵਿੱਚ ਗਿਆਨ ਵਿਗਿਆਨ, ਖੋਜ ਤੇ ਕਾਢ, ਆਲੋਚਨਾ ਤੇ ਨਿੰਦਣਾ, ਮੁਹੱਬਤ ਅਤੇ ਹੁਸਨ, ਮਨ ਤਨ (ਪੰਨੇ 129, 130) ਆਦਿ ਕਵਿਤਾਵਾਂ ਜ਼ਿਕਰਯੋਗ ਹਨ। ‘ਆਲੋਚਨਾ ਤੇ ਨਿੰਦਣਾ’ ਦੀ ਉਦਾਹਰਣ ਪੇਸ਼ ਹੈ :

ਆਲੋਚਨਾ ਹੈ : ਪਰਖਣਾ, ਸੁਧਾਰਨਾ, ਮੁੜ ਉਸਾਰਨਾ
ਨਿੰਦਣਾ : ਗ਼ਲਤੀਆਂ ਕੱਢਣਾ, ਵਿਗਾੜਨਾ।          (129)

ਇਸ ਪੁਸਤਕ ਵਿੱਚ ਕੁਝ ਕਵਿਤਾਵਾਂ ਇੱਕੋ ਸਿਰਲੇਖ ਵਾਲੀਆਂ ਹਨ, ਜਿਵੇਂ ਮੈਂ, ਨੇਤਾ, ਨੀਂਦ ਆਦਿ। ਮਨ ਬਾਰੇ ਵੀ ਬਹੁਤ ਕਵਿਤਾਵਾਂ ਹਨ, ਜਿਵੇਂ ਮਨ ਕਿ ਦਿਲ, ਮਨ ਅਤੇ ਕਾਵਿ, ਹੇ ਮਨ ਮੇਰੇ, ਹੇ ਮੇਰੇ ਮਨਾਂ, ਮਨ, ਮਨ ਦੀ ਗ਼ਲਤੀ, ਮਨ ਤੇ ਦਿਲ, ਮਨ ਤਨ ਆਦਿ।

ਕਵੀ ਨੇ ਸਮਾਜਕ ਯਥਾਰਥ ਨੂੰ ਪੂਰੀ ਸਪਸ਼ਟਤਾ ਸਹਿਤ ਉਸਾਰਿਆ ਹੈ। ਉਹ ਵਾਧੂ ਦੇ ਅਲੰਕਾਰਾਂ, ਬਿੰਬਾਂ, ਚਿੰਨ੍ਹਾਂ ਆਦਿ ਵਿੱਚ ਨਹੀਂ ਉਲਝਦਾ। ਸਗੋਂ ਸਾਫ਼ਗੋਈ ਨਾਲ ਆਪਣੀ ਗੱਲ ਕਹਿੰਦਾ ਹੈ, ਜੋ ਆਮ ਪਾਠਕ ਨੂੰ ਸੁਖਾਲਿਆਂ ਹੀ ਸਮਝ ਆ ਜਾਂਦੀ ਹੈ। ‘ਇਹ ਕਿਹੋ ਜਿਹੀ ਰੁੱਤ ਆਈ’ ਵਿੱਚ ਕਵੀ ਆਧੁਨਿਕ ਵਿਅਕਤੀ ਦੇ ਕਿਰਦਾਰ ਨੂੰ ਰੇਖਾਂਕਿਤ ਕਰਦਾ ਹੋਇਆ ਕਹਿੰਦਾ ਹੈ ਕਿ ਨਾ ਸਾਡਾ ਨਾਇਕ ਭਗਤ ਸਿੰਘ ਹੈ, ਨਾ ਅਸੀਂ ਗੁਰਬਖ਼ਸ਼ ਸਿੰਘ ਪ੍ਰੀਤਲੜੀ ਜਾਂ ਸ਼ਿਵ ਕੁਮਾਰ ਬਟਾਲਵੀ ਦੀਆਂ ਗੱਲਾਂ ਮੰਨਦੇ ਹਾਂ। ਤਾਂ ਵੀ ਕਵੀ ਨੂੰ ਉਮੀਦ ਹੈ ਕਿ ਬੜਾ ਕੁਝ ਬਦਲਣਾ,  ਕਰਨਾ ਤੇ ਕਰਾਉਣਾ ਬਾਕੀ ਹੈ, ਜਿਸ ਵਿੱਚ ਭੁੱਖ ਮਿਟਾਉਣੀ, ਦੁਖ ਘਟਾਉਣੇ ਤੇ ਲੁਟੇਰਿਆਂ ਨੂੰ ਸਬਕ ਸਿਖਾਉਣਾ ਵੀ ਸ਼ਾਮਲ ਹੈ।

ਸਾਡੀਆਂ ਨੈਤਿਕ ਕਦਰਾਂ ਕੀਮਤਾਂ ਅਤੇ ਸਦਭਾਵਨਾ ਦੀਆਂ ਗੱਲਾਂ ਨੂੰ ਕਵੀ ਵਾਰ-ਵਾਰ ਚੇਤੇ ਕਰਦਾ ਹੈ ਤੇ ਅਜਿਹਾ ਕਰਕੇ ਉਹ ਸਾਡੇ ਵਿਰਸੇ ਤੇ ਵਿਰਾਸਤ ਦੇ ਰੂਬਰੂ ਹੁੰਦਾ ਹੈ, ਜਿਸਦੀਆਂ ਕਥਾ-ਕਹਾਣੀਆਂ ਨੂੰ ਨਵੀਂ ਪੀੜ੍ਹੀ ਜਾਂ ਤਾਂ ਭੁੱਲ-ਭੁਲਾ ਗਈ ਹੈ ਜਾਂ ਫਿਰ ਭੁੱਲਦੀ ਜਾ ਰਹੀ ਹੈ। ਇਸ ਪ੍ਰਸੰਗ ਵਿੱਚ ਮਿੱਤਰ ਪਿਆਰੇ, ਸਮਾਂ ਬਦਲਿਆ ਯਾਰੋ ਕਵਿਤਾਵਾਂ ਵੇਖੀਆਂ ਜਾ ਸਕਦੀਆਂ ਹਨ। ‘ਮਿੱਤਰ ਪਿਆਰੇ’ ਵਿੱਚ ਉਹਨੇ ਮਿੱਤਰਤਾ ਨੂੰ ਪਰਿਭਾਸ਼ਿਤ ਕਰਦਿਆਂ ਕ੍ਰਿਸ਼ਨ ਸੁਦਾਮਾ ਅਤੇ ਭੀਲਣੀ ਦੇ ਮਿੱਠੇ ਬੇਰਾਂ ਨੂੰ ਯਾਦ ਕੀਤਾ ਹੈ।

ਸੰਗ੍ਰਹਿ ਦੀਆਂ ਲੱਗਭੱਗ ਸਾਰੀਆਂ ਹੀ ਕਵਿਤਾਵਾਂ ਵਿੱਚ ਸੰਗੀਤਾਤਮਕ ਸ਼ਬਦਾਂ ਨੂੰ ਥਾਂ ਪੁਰ ਥਾਂ ਗੁੰਦਿਆ ਗਿਆ ਹੈ। ਅਜਿਹੇ ਕੁਝ ਸ਼ਬਦ ਹਨ – ਕਰੀਵੇ (ਕਰਨਾ), ਸੜੀਵੇ (ਸੜਨਾ), ਯਾਦੜੀਆਂ (ਯਾਦਾਂ), ਤਪੇਂਦੀ (ਤਪਦੀ), ਮਚੰਦੜੀਆਂ (ਮਚਦੀਆਂ), ਸਵਾਂਤੜੀਆਂ (ਸਵਾਂਤੀ ਬੂੰਦ), ਸੁਹੰਞਨੇ (ਸੁਹਾਵਣੇ), ਅਰਦਾਸਨ (ਅਰਦਾਸ ਕਰਦੇ ਹਨ), ਸਦਕੜੇ (ਸਦਕੇ), ਸੁਹੱਨਣਾ (ਸੋਹਣਾ), ਕਰਸਨ (ਕਰਦੀਆਂ), ਬਾਤੜੀਆਂ (ਗੱਲਾਂ ਬਾਤਾਂ), ਅਖੜੀ (ਅੱਖ) ਆਦਿ)।

ਕਵੀ ਸੱਚ ਦਾ ਪੱਲਾ ਨਹੀਂ ਤਿਆਗਦਾ ਅਤੇ ਕੋਰੀ ਕਲਪਨਾ ਨਾਲ ਕਵਿਤਾ ਦੀ ਉਸਾਰੀ ਨਹੀਂ ਕਰਦਾ। ਉਹਨੇ ਸੱਚ ਤਾਂ ਇਹ ਹੈ, ਲਾਚਾਰੀ, ਇੱਕ ਨੌਕਰੀ, ਨੇਤਾ, ਪੋਸਟ ਖਾਲੀ, ਚਿੱਠੀਆਂ ਦੀਆਂ ਮੋਹ ਤੰਦਾਂ ਆਦਿ ਕਵਿਤਾਵਾਂ ਵਿੱਚ ਜੀਵਨ ਦੇ ਕਰੂਰ ਯਥਾਰਥ ਨੂੰ ਸਾਹਮਣੇ ਲਿਆਂਦਾ ਹੈ। ਜਿਸ ਵਿੱਚ ਪਰਦੇਸ ਤੁਰ ਗਏ ਲੋਕਾਂ, ਬੇਰੁਜ਼ਗਾਰੀ, ਨੇਤਾਗਿਰੀ ਅਤੇ ਚਿੱਠੀਆਂ ਵਿੱਚ ਲਿਖੀ ਮੁਹੱਬਤ ਦੀ ਬਾਤ ਪਾਈ ਗਈ ਹੈ।

ਪੁਸਤਕ ਦਾ ਸਿਰਲੇਖ ‘ਸ੍ਰਿਸ਼ਟੀ ਦ੍ਰਿਸ਼ਟੀ’ ਬਹੁਤ ਭਾਵਪੂਰਤ ਹੈ। ਦ੍ਰਿਸ਼ਟੀ ਅਤੇ ਸ੍ਰਿਸ਼ਟੀ ਦਾ ਆਪਸ ਵਿੱਚ ਬੜਾ ਗੂੜ੍ਹਾ ਸੰਬੰਧ ਹੈ। ਇੱਕ ਦੇ ਬਦਲਣ ਨਾਲ ਦੂਜੀ ਬਦਲ ਜਾਂਦੀ ਹੈ। ਸ੍ਰਿਸ਼ਟੀ ਦੀਆਂ ਤਬਦੀਲੀਆਂ ਇਨਸਾਨ ਦੀ ਦ੍ਰਿਸ਼ਟੀ ਉੱਤੇ ਅਸਰ ਪਾ ਕੇ ਉਸਨੂੰ ਬਦਲਦੀਆਂ ਰਹਿੰਦੀਆਂ ਹਨ। ਪਹਾੜਾਂ ਦੇ ਨਜ਼ਾਰੇ ਦਾ, ਝੀਲਾਂ ਦੇ ਕਿਨਾਰੇ ਦਾ, ਮੌਸਮਾਂ ਦੀ ਤਬਦੀਲੀ ਦਾ ਆਦਮੀ ਉੱਤੇ ਬੜਾ ਅਸਰ ਪੈਂਦਾ ਹੈ। ਦਾਣਾ-ਪਾਣੀ ਦਾ ਵੀ ਆਦਮੀ ਦ ਸੁਭਾਅ ਉੱਤੇ ਅਸਰ ਹੁੰਦਾ ਹੈ ਅਤੇ ਉਹਦੀ ਦ੍ਰਿਸ਼ਟੀ ਨੂੰ ਬਦਲਦਾ ਰਹਿੰਦਾ ਹੈ।

ਜਿਵੇਂ ਜਿਵੇਂ ਆਦਮੀ ਦੀ ਆਤਮਕ ਅੱਖ ਖੁੱਲ੍ਹਦੀ ਜਾਂਦੀ ਹੈ, ਉਹਨੂੰ ਪਤਾ ਲੱਗਦਾ ਜਾਂਦਾ ਹੈ ਕਿ ਉਹਦੀ ਦ੍ਰਿਸ਼ਟੀ ਉਹਦੀ ਸ੍ਰਿਸ਼ਟੀ ਨਾਲੋਂ ਵਧੇਰੇ ਧਿਆਨਯੋਗ ਚੀਜ਼ ਹੈ। ਉਹ ਆਪਣੀ ਦ੍ਰਿਸ਼ਟੀ ਨੂੰ ਆਪਣੀ ਸ੍ਰਿਸ਼ਟੀ ਦਾ ਕਰਤਾ ਜਾਣ ਕੇ, ਜਿਸ ਤਰ੍ਹਾਂ ਦੀ ਆਪਣੀ ਸ੍ਰਿਸ਼ਟੀ ਬਣਾਉਣੀ ਚਾਹੇ, ਉਸੇ ਪ੍ਰਕਾਰ ਦੀ ਦ੍ਰਿਸ਼ਟੀ ਬਣਾ ਲੈਂਦਾ ਹੈ। ਉਹਦਾ ਵਧੇਰੇ ਸਮਾਂ ਆਪਣੀ ਦ੍ਰਿਸ਼ਟੀ ਨੂੰ ਉੱਚੀ ਤੋਂ ਉੱਚੀ ਅਤੇ ਸੁੱਚੀ ਤੋਂ ਸੁੱਚੀ ਬਣਾਉਣ ਵਿੱਚ ਲੱਗਦਾ ਹੈ ਅਤੇ ਉਹ ਵੇਖਦਾ ਹੈ ਕਿ ਅਜਿਹਾ ਕਰਨ ਵਿੱਚ ਉਹਦੀ ਸ੍ਰਿਸ਼ਟੀ ਖ਼ੁਦ-ਬ-ਖ਼ੁਦ ਉੱਚੀ ਤੇ ਸੁੱਚੀ ਜਾਂ ਦਰੁਸਤ ਤੇ ਸੁਖਦਾਈ ਹੋ ਰਹੀ ਹੈ। ਇਸ ਪਰਿਪੇਖ ਤੋਂ ਡਾ. ਬਲਦੇਵ ਸਿੰਘ ‘ਬੱਦਨ’ ਦੀ ਵਿਚਾਰ-ਅਧੀਨ ਕਾਵਿ-ਯਾਤਰਾ ਸਹਿਜਤਾ ਤੇ ਸੁਹਜਤਾ ਨਾਲ ਧਰਤ ਸੁਹਾਵੀ ਲਈ ਪ੍ਰਯਤਨਸ਼ੀਲ ਹੈ।
****
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002.
9417692015.
**

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1448
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002

ਪੰਜਾਬ, ਭਾਰਤ
ਫੋਨ:+91 9417692015

ਪ੍ਰੋ. ਨਵ ਸੰਗੀਤ ਸਿੰਘ

ਪ੍ਰੋ. ਨਵ ਸੰਗੀਤ ਸਿੰਘ 1, ਲਤਾ ਇਨਕਲੇਵ, ਪਟਿਆਲਾ-147002 ਪੰਜਾਬ, ਭਾਰਤ ਫੋਨ:+91 9417692015

View all posts by ਪ੍ਰੋ. ਨਵ ਸੰਗੀਤ ਸਿੰਘ →