3 November 2025

ਸਿੱਖ ਲਈ ਕੀ ਹੈ ਨਾਮ ,  ਬਾਣੀ ਦਾ ਅਭਿਆਸ — ਡਾ. ਸਤਿੰਦਰ ਪਾਲ ਸਿੰਘ 

ਸਿੱਖ ਰਹਿਤ ਮਰਯਾਦਾ ਅਨੁਸਾਰ ਸਿੱਖ ਪਹਿਰ ਰਾਤ ਰਹਿੰਦੀ, ਅੰਮ੍ਰਿਤ ਵੇਲੇ ਜਾਗ ਕੇ ਇਸਨਾਨ ਕਰੇ ਅਤੇ ਇਕ ਅਕਾਲ ਪੁਰਖ ਦਾ ਧਿਆਨ ਕਰਦਾ ਹੋਇਆ “ਵਾਹਿਗੁਰੂ “  ਨਾਮ ਜਪੇ। ਨਿਤਨੇਮ ਦਾ ਪਾਠ ਕਰੇ।  ਨਿਤਨੇਮ ਦੀਆਂ ਬਾਣੀਆਂ ਹਨ ਜਪੁ , ਜਾਪੁ , ਸ੍ਰਾਵਗ ਸੁਧ ਵਾਲੇ 10 ਸਵੱਯੇ , ਸੋ ਦਰੁ ਰਹਿਰਾਸ ਅਤੇ ਸੋਹਿਲਾ। ਪਹਿਲੀ ਦ੍ਰਿਸ਼ਟੀ ਵਿੱਚ ਇਹ ਸ਼ਬਦ ਅਭਿਆਸ ਜਾਪਦਾ ਹੈ।

ਰਹਿਤ ਮਰਯਾਦਾ ਮਨੁੱਖੀ ਸਿਰਜਣਾ ਹੈ ਇਸ ਕਾਰਨ ਸਿੱਖ ਮੰਨਣ , .ਨਾ ਮੰਨਣ ਦੀ ਦੁਵਿਧਾ ਵਿੱਚ ਫਸਿਆ ਰਹਿੰਦਾ ਹੈ।  ਇਹ ਰਹਿਤ ਮਰਯਾਦਾ ਇਕੱਲੀ ਨਹੀਂ ਹੈ।  ਇਸ ਤੋਂ ਪਹਿਲਾਂ ਵੱਖ ਵੱਖ ਸਮਿਆਂ ਵਿੱਚ  ਵੱਖ ਵੱਖ  ਸਿੱਖਾਂ ਦੇ ਲਿਖੇ ਰਹਿਤਨਾਮੇ ਵੀ ਮਿਲਦੇ ਹਨ।  ਪਰ ਸਿੱਖ ਰਹਿਤ ਮਰਯਾਦਾ ਸਿੱਖ ਨੁਮਾਇੰਦਿਆਂ ਦੇ ਸਮੂਹ ਦੁਆਰਾ ਇੱਹ ਤਰਤੀਬ ਵਾਰ ਲਿਖਿਆ ਤੇ ਪ੍ਰਵਾਨ ਹੋਇਆ ਖਰੜਾ ਹੈ ਜਿਸ ਨੂੰ ਅਧਿਕਾਰਕ ਰਹਿਤ ਮਰਯਾਦਾ ਦਾ ਦਰਜਾ ਪ੍ਰਾਪਤ ਹੋਇਆ ਹੈ । ਤਰਕ ਕਰਨਾ , ਸਵਾਲ ਕਰਨਾ ਹਰ ਮਨੁੱਖ ਦਾ ਹੱਕ ਹੈ ਪਰ ਸਿੱਖ ਦੇ ਤਰਕ ਤੇ ਸਵਾਲ ਉੱਥੇ ਖਤਮ ਹੋ ਜਾਂਦੇ ਹਨ ਜਿੱਥੇ ਗੁਰੂ ਸੇਧ ਦੇਣ ਲਈ ਤਿਆਰ ਖੜਾ ਹੁੰਦਾ ਹੈ।  ਗੁਰੂ ਦਾ ਸ਼ਬਦ ਸਿੱਖ ਲਈ ਹੁਕਮ ਹੈ। ਸਿੱਖ ਦੀ  ਹਰ ਦੁਵਿਧਾ, ਹਰ ਜਿਗਿਆਸਾ ਸ਼ਾਂਤ ਕਰਨ ‘ਚ ਕੇਵਲ ਤੇ ਕੇਵਲ  ਸ਼ਬਦ ਹੀ ਸਮਰੱਥ ਸੀ ਤਾਂ ਹੀ ਸ਼ਬਦ ਨੂੰ ਗੁਰੂ ਦਾ ਪਰਮ ਪਦ ਪ੍ਰਦਾਨ ਕੀਤਾ ਗਿਆ। ਅੱਜ ਬਹੁਤ ਸਾਰੇ ਸਵਾਲ ਕੀਤੇ ਜਾਂਦੇ ਹਨ ਕਿ ਵਾਹਿਗੁਰੂ , ਵਾਹਿਗੁਰੂ ਜਾਪਣ ਦਾ ਕੀ ਲਾਭ ਹੈ। ਬਾਣੀਆਂ ਦੇ ਪਾਠ ਕਾਰਨ ਨਾਲ ਕਿਵੇਂ ਉੱਧਾਰ ਹੋ ਜਾਵੇਗਾ। ਆਪਸ ਵਿੱਚ ਕੀਤੇ ਜਾਣ  ਵਾਲੇ ਹੰਕਾਰ ਭਰੇ ਤਰਕ ਕੁਤਰਕ , ਬਹਿਸ , ਮੁਬਾਹਿਸੇ  ਸਬੰਧਾਂ ਦੀ ਕੁੜੱਤਣ ਹੀ ਪੈਦਾ ਕਰਦੇ ਹਨ। ਸਿੱਖ ਨੇ ਜੇ ਸ਼ਬਦ ਨੂੰ ਗੁਰੂ  ਧਾਰਨ ਕੀਤਾ ਹੈ ਤਾਂ ਸੇਧ ਲਈ ਮਾਤਰ ਗੁਰੂ ਵੱਲ ਵੇਖੇ। ਜਿਸ ਗੁਰੂ ਨੇ “ ਕਰਮ ਭੂਮਿ ਮਹਿ ਬੋਅਹੁ ਨਾਮੁ “ ਦਾ ਹੁਕਮ ਕੀਤਾ ਹੋਵੇ ਉਸ ਗੁਰੂ ਦੇ ਸਿੱਖ ਵਾਹਿਗੁਰੂ ਨਾਮ ਜਪਣਾ ਸ਼ਬਦ ਅਭਿਆਸ ਕਿਵੇਂ ਹੋ ਸਕਦਾ ਹੈ।  ਜਿਸ ਸਿੱਖ ਨੂੰ ਗੁਰੂ ਨੇ “ਸੁਰਤੀ ਸੁਰਤਿ ਰਲਾਈਐ ਏਤੁ।। ਤਨੁ ਕਰਿ ਤੁਲਹਾ ਲੰਘਹਿ ਜੇਤੂ।।“  ਦੀ ਜੁਗਤ ਦੱਸੀ ਹੋਵੇ ਉਸ ਸਿੱਖ ਲੀ ਨਿਤੱਨੇਮ ਬਸ ਬਾਣੀਆਂ ਦਾ ਪਾਠ ਕਰ ਲੈਣ ਤੱਕ ਕਿਵੇਂ ਸੀਮਤ ਹੋ ਸਕਦਾ ਹੈ।  ਇਸ ਦਾ ਸਰਲ ਅਰਥ ਹੈ ਕਿ ਵਾਹਿਗੁਰੂ ਵਾਹਿਗੁਰੂ ਨਾਮ ਜਾਪਣ ਨਾਲ , ਬਾਣੀਆਂ ਦਾ ਪਾਠ ਕਰ ਲੈਣ ਨਾਲ  ਸਿੱਖ ਦਾ ਕਰਤਵ ਪੂਰਾ ਨਹੀਂ ਹੋ ਜਾਂਦਾ ਹੈ। ਵਾਹਿਗੁਰੂ ਵਾਹਿਗੁਰੂ ਜੱਪਣ ਨਾਲ,ਨਿਤਨੇਮ ਦੀਆਂ ਬਾਣੀਆਂ ਦਾ ਪਾਠ ਕਰਨ ਨਾਲ ਪ੍ਰਾਪਤ ਕੀ ਹੁੰਦਾ ਹੈ। ਕੁੱਝ ਵਿਚਾਰ ਹਨ ਕਿ ਸਾਰੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ , ਕੁੱਝ ਵਿਚਾਰ ਹਨ ਕਿ ਦੁੱਖ , ਵਿਘਨ ਨਹੀਂ ਆਉਂਦੇ। ਪਰ ਸਿੱਖ ਨੇ ਮੰਨਣੀ ਤਾਂ ਗੁਰੂ ਦੀ ਹੈ।  ਗੁਰੂ ਕੀ ਕਹਿੰਦਾ ਹੈ।  

ਨਾਮ ਜੱਪਣਾ : ਵਾਹਿਗੁਰੂ , ਗੁਰੂ ਦੀ ਮਹਿਮਾ ਦਾ ਦਰਸ਼ਨ ਕਰਦਿਆਂ ਵਿਸਮਾਦ ਨਾਲ ਭਰ ਜਾਣਾ ਹੈ।  ਵਾਹਿਗੁਰੂ ਕਹਿਣ ਲਈ ਗੁਰੂ ਦੇ ਨਿਕਟ ਜਾਣਾ ਪੈਂਦਾ ਹੈ।  ਗੁਰੂ ਦੇ ਦਰਸ਼ਨ ਲਈ ਅੰਤਰ ਦ੍ਰਿਸ਼ਟੀ ਧਾਰਨ ਕਰਨੀ ਪੈਂਦੀ ਹੈ।  ਗੁਰੂ ਦਿਆਲੂ ਹੈ , ਦਾਤਾ ਹੈ , ਕ੍ਰਿਪਾਲੂ  ਹੈ , ਰਖਣਹਾਰ ਹੈ , ਤਾਰਣਹਾਰ ਹੈ। ਗੁਰੂ ਤੇ ਪਰਮਾਤਮਾ ਵਿੱਚ ਕੋਈ ਭੇਦ ਨਹੀਂ ਹੈ। ਗੁਰਸਿੱਖ ਇਹ ਦੁਵਿਧਾ ਮਨ ਤੋਂ `ਕੱਢ ਦੇਵੇ ਕਿ ਗੁਰੂ ਨੂੰ ਧਿਆਉਣਾ ਹੈ ਜਾਂ ਪਰਮਾਤਮਾ ਨੂੰ। ਗੁਰੂ ਅਰਜਨ ਸਾਹਿਬ ਨੇ ਵਚਨ ਕੀਤਾ “ ਗੁਰੁ ਪਰਮੇਸੁਰੁ ਪੂਜੀਐ ਮਨਿ ਤਨਿ ਲਾਇ ਪਿਆਰੁ ” । ਗੁਰੂ ਨੂੰ ਧਿਆਉਣਾ ਪਰਮਾਤਮਾ ਨੂੰ ਧਿਆਉਣਾ ਹੈ। ਪਰਮਾਤਮਾ ਦਾ ਸਿਮਰਨ ਗੁਰੂ ਦਾ ਸਿਮਰਨ ਹੈ। ਇਹ ਭਾਵਨਾ ਤਾਂ ਜਨਮ ਲੈਂਦੀ ਹੈ ਜਦੋਂ ਮਨ ਤੇ ਤਨ ਦੋਵੇ ਇੱਕਸਾਰ , ਇੱਕ ਸੁਰ , ਇੱਕ ਤਾਲ ਹੋ ਜਾਣ। ਤਨ ਨਾਮ ਜੱਪ ਰਿਹਾ ਹੈ ਪਰ ਮਨ ਮਾਇਆ ਵੱਲ ਭੱਜ ਰਿਹਾ ਹੈ , ਇਹ ਨਹੀਂ ਹੋਣਾ ਚਾਹੀਦਾ। ਮਨ ਅੰਦਰ ਵਾਹਿਗੁਰੂ ਦੀ ਪ੍ਰੀਤਿ ਹੋਵੇ ਅਤੇ ਤਨ ਉਸ ਪ੍ਰੀਤਿ ਦਾ ਪ੍ਰਗਟ ਰੂਪ ਬਣੇ। ਗੁਰੂ ਅਰਜਨ ਸਾਹਿਬ ਨੇ ਗੁਰੂ ਦੀ ਮਹਿਮਾ “ ਗੁਰੁ ਤੀਰਥੁ ਗੁਰੁ ਪਾਰਜਾਤੁ ਗੁਰੁ ਮਨਸਾ ਪੂਰਣਹਾਰੁ “ ਕਹਿ ਕੇ ਪ੍ਰਗਟ ਕੀਤੀ। ਗੁਰੂ ਦੇ ਨਿਕਟ ਜਾਣਾ ਸਾਰੇ ਤੀਰਥਾਂ ਦੇ ਇਸਨਾਨ ਦਾ ਪੁੰਨ ਫਲ ਦੇਣ ਵਾਲਾ ਹੈ। ਗੁਰੂ ਦਾ ਸੁਭਾਅ ਪੁਰਾਤਨ ਕਥਾਵਾਂ ਅਨੁਸਾਰ ਸਾਗਰ ਮੰਥਨ ਵਿੱਚ ਪ੍ਰਾਪਤ ਹੋਏ ਪਾਰਜਾਤ ਬਿਰਖ ਵਰਗਾ ਹੈ ਜਿਸ ਦੀ ਮਾਨਤਾ ਸੀ ਕਿ ਮੰਗਣ ਵਾਲੇ ਦੀ ਹਰ ਇੱਛਾ ਪੂਰੀ ਕਰਦਾ ਸੀ। ਗੁਰੂ ਇਤਨਾ ਸਮਰੱਥ ਹੈ ਕਿ ਉਸ ਕੋਲੋਂ ਕੁੱਝ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਗੁਰੂ ਸਾਰੀਆਂ ਕਾਮਨਾਵਾਂ ਪੂਰੀਆਂ ਕਰਨ ਵਾਲਾ ਹੈ। ਉਸ ਦੀ ਸਮਰੱਥਾ ਅਪਾਰ ਹੈ “ ਗੁਰੁ ਸਮਰਥੁ ਅਪਾਰੁ ਗੁਰੁ ਵਡਭਾਗੀ ਦਰਸਨੁ ਹੋਇ “ । ਗੁਰੂ ਦੀ ਸਮਰੱਥਾ ਅਪਾਰ ਹੈ।  ਉਸ ਦਾ ਦਰਸ਼ਨ ਕੋਈ ਵਡਭਾਗੀ ਹੀ ਕਰਨ ‘ਚ ਸਫਲ ਹੁੰਦਾ ਹੈ ਭਾਵ ਕੋਈ ਵਿਰਲਾ ਹੀ ਉਸ ਤੇ ਤਨ , ਮਨ ਤੋਂ ਭਰੋਸਾ ਟਿਕਾ ਪਾਂਦਾ ਹੈ ਤੇ ਸੱਚੀ ਭਾਵਨਾ ਧਾਰਨ ਕਰਦਾ ਹੈ  ।  ਬਿਨਾ ਦਰਸ਼ਨ ਕੀਤੀਆਂ ਨਾ ਤਾਂ ਗੁਰੂ ਦੀ ਮਹਿਮਾ ਜਾਣੀ ਜਾ ਸਕਦੀ ਹੈ ਨਾਂ ਹੀ ਤਨ , ਮਨ ਜੋੜ ਕੇ ਭਾਵਨਾ ਪੈਦਾ ਹੁੰਦੀ ਹੈ ਤਾਂ ਜੋ ਮਨ ਵਿਸਮਾਦ ਨਾਲ ਭਰ ਜਾਏ ਤੇ ਆਪ ਹੀ ਸਹਿਜ ਸੁਭਾਅ ਮੁਖ ਤੋਂ ਨਿਕਲ ਪਵੇ “ ਵਾਹ ” । ਵਿਸਮਾਦ ਦਾ ਭਾਵ ਵੀ ਗੁਰੂ ਅਰਜਨ ਸਾਹਿਬ ਨੇ ਸਪਸ਼ਟ ਕੀਤਾ “ ਗੁਰੁ ਸਮਰਥੁ ਗੁਰੁ ਨਿਰੰਕਾਰੁ ਗੁਰੁ ਊਚਾ ਅਗਮ ਅਪਾਰੁ।। ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨਹਾਰੁ ।। “ । ਗੁਰੂ ਦੀ ਅਪਾਰ ਮਹਿਮਾ  ਵੇਖ ਕੇ ਮਨ ਆਪ ਹੀ ਗੁਰੂ ਦੀ ਸਮਰੱਥਾ ਦਾ ਅਜਿਹਾ ਕਾਇਲ ਹੋ ਜਾਏ ਕਿ ਬਿਆਨ ਕਰਨ ਲਈ ਸ਼ਬਦ ਲੱਭਣ ਤੇ ਵੀ ਨਾ ਮਿਲਣ। ਮਨ ਅੰਦਰ ਭਾਵ ਆਵੇ ਕਿ ਜਿਵੇਂ ਪਰਮਾਤਮਾ ਦਾ ਪਾਰਾਵਾਰ ਨਹੀਂ ਉਵੇਂ ਹੀ ਗੁਰੂ ਦਾ ਕੋਈ ਪਾਰਾਵਾਰ ਨਹੀਂ।  ਜੋ ਰੱਬ ਕੋਲੋਂ ਮੰਗਣਾ ਹੈ ਉਹ ਗੁਰੂ ਕੋਲੋਂ ਮੰਗਿਆ ਜਾ ਸਕਦਾ ਹੈ। ਗੁਰੂ ਕੋਲੋਂ ਮੰਗਣਾ ਤੇ ਪਰਮਾਤਮਾ ਕੋਲੋਂ ਮੰਗਣਾ ਇੱਕ ਹੀ ਹੋ ਸਕਦਾ ਹੈ ਇਹ ਵੇਖ ਕੇ ਮਨ ਅਚਰਜ ਨਾਲ ਭਰ ਜਾਏ। “ ਵਾਹੁ “ ਇਸ ਅਚਰਜ ਤੋਂ ਜਬਮ ਲਵੇ।  ਦਰਅਸਲ ਪਰਮਾਤਮਾ ਗੁਰੂ ਦੀ ਰਾਹੀਂ ਹੀ ਸਾਰੇ ਸੰਸਾਰ ਨੂੰ ਦਾਤਾਂ ਵੰਡ ਰਿਹਾ ਹੈ  “ ਗੁਰੁ ਦਾਤਾ ਹਰਿ ਨਾਮੁ ਦੇਇ ਉਧਰੈ ਸਭੁ ਸੰਸਾਰੁ “ । ਮਨੁੱਖ ਆਪਣੀ ਇੱਕ ਇੱਕ ਖ਼ਵਾਹਿਸ਼ ਲਈ ਸੰਘਰਸ਼ ਕਰਦਾ ਹੈ , ਜੂਝਦਾ ਰਹਿੰਦਾ ਹੈ , ਤਰਲੇ,  ਮਿੰਨਤਾਂ  ਕਰਦਾ ਫਿਰਦਾ ਹੈ। ਕਦੇ ਗੱਲ ਬਣ ਜਾਂਦੀ ਹੈ ਕਦੇ ਨਹੀਂ ਬਣਦੀ।ਇਹ ਸੋਚ ਕੇ ਹੀ ਵਿਸਮਾਦ ਹੁੰਦਾ ਹੈ ਕਿ ਗੁਰੂ ਸਹਿਜ ਹੀ ਹਰ ਇੱਛਾ ਪੂਰੀ ਕਰਨ ਵਾਲਾ ਹੈ। ਕੀ ਇਹ ਮਾਤਰ ਨਾਮ ਜਪਣ ਨਾਲ ਸੰਭਵ ਹੋ ਜਾਂਦਾ ਹੈ। ਅਸੀਂ ਸੁਣਦੇ ਇਹੋ ਆਏ ਹਾਂ।  ਇਹ ਅਸੀਂ ਲੋਕਾਂ ਕੋਲੋਂ ਸੁਣਿਆ ਹੈ ਪਰ ਗੁਰੂ ਕੀ ਕਹਿੰਦਾ ਹੈ ਇਸ ਤੇ ਕਦੇ ਧਿਆਨ ਨਹੀਂ ਦਿੱਤਾ। ਗੁਰੂ ਦਾ ਕਥਨ ਵੱਖ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ੫੧੪- ੫੧੫ ਤੇ ਸੁਸ਼ੋਭਿਤ ਗੁਰੂ ਅਮਰਦਾਸ ਜੀ ਦੇ   ਸ਼ਬਦ   ਤੋਂ ਸ਼ਬਦ ਤੋਂ ਇਸ ਸੰਦਰਭ ਵਿੱਚ  ਢੁੱਕਵੀਂ ਸੇਧ ਪ੍ਰਾਪਤ ਹੁੰਦੀ ਹੈ ਜੋ ਗੁਰਸਿੱਖ ਨੂੰ ਪੂਰਨ ਤੌਰ ਤੇ ਦੁਵਿਧਾ ਮੁਕਤ ਕਰਨ ਵਾਲੀ ਹੈ। ਇਹ ਭਰਮ ਨਹੀਂ ਰਹਿਣਾ ਚਾਹੀਦਾ ਕਿ ਮੈਂ ਨਾਮ ਜੱਪ ਰਿਹਾ ਹਾਂ। ਮੈਂ ਦੀ ਭਾਵਨਾ ਤਾਂ ਮਾਇਆ , ਵਿਕਾਰਾਂ ਦੀ ਕੈਦ ਦੀ ਪ੍ਰਤੀਕ ਹੈ ਜੋ ਪਰਮਾਤਮਾ ਦੀ ਬੰਦਗੀ ਤੋਂ ਦੂਰ ਕਰਨ ਵਾਲੇ ਹਨ । ਮੈਂ ਨਾਮ ਜੱਪਦਾ ਹਾਂ ਦਾ ਭਾਵ ਹੈ “ ਮੈਂ “ ਨਾਮ ਨਹੀਂ ਜੱਪਦਾ , ਨਾਮ ਰੱਟਦਾ ਹਾਂ। ਨਾਮ ਉਹ ਜੱਪਦਾ ਹੈ ਜਿਸ ਨੂੰ ਪਰਮਾਤਮਾ ਮਿਹਰ ਕਰ ਕੇ ਜਪਾਉਂਦਾ ਹੈ।   ਗੁਰੂ ਸਾਹਿਬ ਨੇ ਵਚਨ ਕੀਤਾ ਕਿ ਨਾਮ ਪਰਮਾਤਮਾ ਆਪ ਜਪਾਉਂਦਾ  ਹੈ ਤਾਂ ਜਪਿਆ ਜਾਂਦਾ ਹੈ “ ਵਾਹੁ ਵਾਹੁ ਆਪਿ ਅਖਾਇਦਾ ਗੁਰ ਸਬਦੀ ਸਚੁ ਸੋਇ “ । ਨਾਮ ਜੱਪਣਾ ਉਹ ਹੀ ਹੈ ਜੋ ਪਰਮਾਤਮਾ ਜਪਾ ਰਿਹਾ ਹੈ , ਜਿਸ ਵਿੱਚ “ਮੈਂ” ਅਲੋਪ ਹੈ।  

ਦੂਜੀ ਸੇਧ ਗੁਰੂ ਅਮਰਦਾਸ ਸਾਹਿਬ ਨੇ ਬਖਸ਼ੀ ਕਿ ਨਾਮ ਜਪਣਾ ਪਰਮਾਤਮਾ ਦੇ ਜਿਸ ਦਾ ਗਾਇਨ ਹੈ।  ਵਾਹਿਗੁਰੂ ਪਰਮਾਤਮਾ ਦੀ ਸਿਫਤ ਦਾ ਗੀਤ ਹੈ “ ਵਾਹੁ ਵਾਹੁ ਸਿਫਤਿ ਸਲਾਹ ਹੈ ਗੁਰਮੁਖਿ ਬੂਝੈ ਕੋਇ “ ।  ਗੁਰਸਿੱਖ ਦਾ ਵਾਹਿਗੁਰੂ ਵਾਹਿਗੁਰੂ  ਉਚਾਰਨਾ ਪਰਮਾਤਮਾ ਦੇ ਇੱਕ ਇੱਕ ਗੁਣ ਦਾ ਧਿਆਨ ਕਰਨਾ ਹੈ। ਵਾਹਿਗੁਰੂ ਕਹਿੰਦਿਆਂ ਗੁਰਸਿੱਖ ਪਰਮਾਤਮਾ ਦੇ ਸਤ ਸਵਰੂਪ ਨਾਲ ਜੁੜ ਜਾਏ , ਕਰਤਾ ਪੁਰਖ ਰੂਪ ਦਾ ਧਿਆਨ ਕਰੇ , ਉਸ ਦੇ ਨਿਰਭਉ ਰੂਪ ਨੂੰ ਯਾਦ ਕਰੇ , ਨਿਰਵੈਰ ਰੂਪ ਦੀ ਸਿਫਤ ਕਰੇ , ਉਸ ਦੇ ਅਕਾਲ ਰੂਪ ਦੇ ਦਰਸ਼ਨ ਕਰੇ , ਪਰਮਾਤਮਾ ਦੀ  ਅਜੂਨੀ ਸੈਭੰਗ  ਦੀ ਮੂਰਤ ਮਨ ਵਿੱਚ ਵਸਾਏ। ਵਾਹਿਗੁਰੂ ਵਾਹਿਗੁਰੂ ਦਾ ਜਾਪੁ ਕਰਦਿਆਂ ਪਰਮਾਤਮਾ ਦੀ ਮਹਿਮਾ ਨਾਲ ਜੁੜ ਜਾਣਾ  ਔਖਾ ਹੈ। ਰਸਨਾ ਨਾਮ ਜੱਪਦੀ ਰਹੇ ਨਾਲ ਹੀ ਨਾਲ  ਪਰਮਾਤਮਾ ਦੀ ਹਰ ਸਿਫਤ ਜੋ ਗੁਰੂ ਸਾਹਿਬਾਨ ਨੇ ਪ੍ਰਗਟ ਕੀਤੀ ਹੈ ਮਨ ਵਿੱਚ ਚੱਲਦੀ ਰਹੇ ਇਹ ਕੋਈ ਵਿਰਲਾ ਗੁਰਸਿੱਖ ਹੀ ਕਰ ਸਕਦਾ ਹੈ ਜਿਸ ਨੇ ਗੁਰ ਸ਼ਬਦ ਦਾ ਮਰਮ ਜਾਣ ਲਿਆ ਹੈ। ਗੁਰੂ ਅਮਰਦਾਸ ਜੀ ਨੇ ਕਿਹਾ ਕਿ “ ਵਾਹੁ ਵਾਹੁ ਬਾਣੀ ਸਚੁ ਹੈ ਸਚੁ ਮਿਲਾਵਾ ਹੋਇ “ ।  ਪਰਮਾਤਮਾ ਦੀ ਮਹਿਮਾ ਹੀ ਸੱਚੀ ਹੈ। ਇੱਕ ਪਰਮਾਤਮਾ ਹੀ ਸਿਫਤ ਕਰਨ ਜੋਗ ਹੈ। ਬਾਕੀ ਸਾਰੇ ਔਗੁਣਾਂ ਦੇ ਭਰੇ ਹੋਏ ਹਨ ਤੇ ਨਾਸ਼ਵਾਨ ਹਨ।  ਉਸ ਸੱਚੇ ਦਾ ਨਾਮ ਜੱਪਣਾ ਹੀ ਉਸ ਦੀ ਸੱਚੀ ਬੰਦਗੀ ਹੈ।  ਕਿਉਂਕਿ ਨਾਮ ਜਪਣ ਨਾਲ ਹੀ ਪਰਮਾਤਮਾ ਦੀ ਮਿਹਰ ਪ੍ਰਾਪਤ ਹੁੰਦੀ ਹੈ।

ਇਹ ਭਰਮ ਨਾ ਹੋ ਜਾਏ ਕਿ ਨਾਮ ਜੱਪਿਆਂ ਆਪ ਹੀ ਪਰਮਾਤਮਾ ਨਾਲ ਮੇਲ ਹੋ ਜਾਏਗਾ ਗੁਰੂ ਅਮਰਦਾਸ ਜੀ ਨੇ ਕਿਹਾ ਨਾਮ ਜੱਪਣਾ ਗੁਰਸਿੱਖ ਅੰਦਰ ਪਰਮਾਤਮਾ ਦੀ ਮਿਹਰ ਪ੍ਰਾਪਤ ਕਰਨ ਦੀ ਜੋਗਤਾ ਵਿਕਸਿਤ ਕਰਦਾ ਹੈ। ਗੁਰੂ ਸਾਹਿਬ ਨੇ ਕਿਹਾ ਕਿ ਮਨੁੱਖ ਦਾ ਤਨ ਕਿਸੇ ਕਿਲੇ ਵਰਗਾ ਹੈ ਜਿਸ ਵਿੱਚ ਉਸ ਨੇ ਔਗੁਣਾਂ, ਵਿਕਾਰਾਂ ਦੇ ਬੱਜਰ  ਕਪਾਟ ਉਸਾਰੇ ਹੋਏ ਹਨ। ਇਨ੍ਹਾਂ ਅੰਦਰ ਉਸ ਦੀ ਚੇਤਨਾ ਮ੍ਰਿਤਕ ਸਮਾਨ ਕੈਦ ਭੋਗ ਰਹੀ  ਹੈ। ਇਸ ਅਵਸਥਾ ਵਿੱਚ ਮਨੁੱਖ ਕਿਤਨੀ ਵੀ ਭਗਤੀ ਕਰ ਲਵੇ , ਧਰਮ ਕਰਮ ਕਰਦਾ ਰਹੇ ਪਰ ਕੋਈ ਲਾਭ ਨਹੀਂ ਹੋਣ ਵਾਲਾ। ਗੁਰਸਿੱਖ ਨਾਮ ਜੱਪਦਾ ਹੈ , ਪਰਮਾਤਮਾ  ਦੀ ਸਿਫਤ ਨਾਲ ਜੁੜਦਾ  ਹੈ ਤਾਂ ਇਹ ਬੱਜਰ ਕਪਾਟ ਟੁੱਟਣ ਲੱਗਦੇ ਹਨ” ਗੁਰ ਸਬਦੀ ਖੋਲਾਈਅਨਿ ਹਰਿ ਨਾਮੁ ਜਪਾਨੀ “ । ਇਹ ਪਛਾਣ ਹੈ ਸੱਚੇ ਜਾਪੁ ਦੀ।  ਮਾਇਆ ਤੇ ਵਿਕਾਰਾਂ ਤੋਂ ਮਨ ਦੂਰ ਹੋਣ ਲੱਗੇ , ਔਗੁਣਾਂ ਦਾ ਨਾਸ਼ ਹੋਣ ਲੱਗੇ ਤਾਂ ਇਹ ਸੰਕੇਤ ਹੈ ਕਿ ਨਾਮ ਜੱਪਣਾ ਸਫਲ ਹੋ ਰਿਹਾ ਹੈ। ਜੇ ਲਾਲਸਾਵਾਂ , ਕਾਮਨਾਵਾਂ ਮੁੱਕ ਰਹਿਆਂ ਹਨ , ਮਨ ਤ੍ਰਿਪਤ ਹੋ ਰਿਹਾ ਹੈ ਤਾਂ ਸਮਝਣ ਜੋਗ ਹੈ ਕਿ ਨਾਮ ਜਪਣਾ ਪ੍ਰਵਾਨ ਹੋ ਰਿਹਾ ਹੈ “ ਹਰਿ ਜੀਉ ਅੰਮ੍ਰਿਤ ਬਿਰਖੁ ਹੈ ਜਿਨ ਪੀਆ ਤੇ ਤ੍ਰਿਪਤਾਨੀ“। ਸਿੱਧਾ ਸਿੱਟਾ ਇਹ ਕਿ ਨਾਮ ਜਪਣ ਨਾਲ ਮਾਇਆ ਦਾ ਮੋਹ ਤੇ ਵਿਕਾਰ ਦੂਰ ਹੁੰਦੇ ਹਨ , ਮਨ ਤ੍ਰਿਪਤ ਹੋਣ ਲੱਗਦਾ ਹੈ। ਨਾਮ ਜੱਪਣ ਦੇ ਕਈ ਕੌਤਕ ਗਿਣਾਏ ਜਾਂਦੇ ਹਨ,ਦਾਅਵੇ ਕੀਤੇ ਜਾਂਦੇ ਹਨ। ਇਹ ਦਾਅਵੇ ਜਿਆਦਾਤਰ  ਸੰਸਾਰਕ ਭੁੱਖ ਨਾਲ ਸਬੰਧਤ ਹੋਣ ਕਾਰਨ  ਭਰਮ ਵਧਾਉਣ ਵਾਲੇ ਤੇ ਮੂਲ ਸਿੱਖ ਸਿਧਾਂਤਾਂ ਤੋਂ ਦੂਰ ਕਰਨ ਵਾਲੇ ਹਨ। ਪਰ ਗੁਰੂ ਅਮਰਦਾਸ ਸਾਹਿਬ  ਨਾਮ ਜਪਣ ਨਾਲ ਹੋਣ ਵਾਲੀ ਜਿਸ ਪ੍ਰਾਪਤੀ ਦੀ ਗੱਲ ਕਰਦੇ ਹਨ  ਉਸ ਤੋਂ ਵੱਡਾ ਕੌਤਕ ਕੋਈ ਹੋ ਨਹੀਂ ਸਕਦਾ ਜੋ ਅਸੰਭਵ ਨੂੰ ਸੰਭਵ ਬਣਾਉਣ ਵਾਲਾ ਹੈ। ਨਾਮ ਜਪਣ ਨਾਲ ਗਿਣਤੀ ਜੋਗ ਸੁੱਖਾਂ ਦੀ ਪ੍ਰਾਪਤੀ ਨਹੀਂ ਹੁੰਦੀ ਬਲਕਿ ਨਾਮ ਜਪਣ ਨਾਲ ਜੀਵਨ ਹੀ ਬਦਲ ਜਾਂਦਾ ਹੈ ਤੇ ਸੁੱਖ ਹੀ ਸੁੱਖ ਵਰਤਦਾ ਹੈ। ਇਸ ਬਾਰੇ ਵਿੱਚ ਗੁਰੂ ਅਮਰਦਾਸ ਸਾਹਿਬ ਦੀ ਬਾਣੀ ਦੀਆਂ ਹੇਠਲੀਆਂ  ਪੰਕਤੀਆਂ ਸਦਾ ਵਿਚਾਰ ਵਿੱਚ ਰੱਖਣ ਜੋਗ ਹਨ।  

1- ਵਾਹੁ ਵਾਹੁ ਕਰਤੀ ਰਸਨਾ ਸਬਦਿ ਸੁਹਾਈ।।

2- ਵਾਹੁ ਵਾਹੁ ਕਰਤਿਆ ਰੈਣਿ ਸੁਖਿ ਵਿਹਾਇ।। 

3- ਵਾਹੁ ਵਾਹੁ ਕਰਤਿਆ ਸਦਾ ਅਨੰਦੁ ਹੋਵੈ ਮੇਰੀ ਮਾਇ।।

4- ਵਾਹੁ ਵਾਹੁ ਕਰਤਿਆ ਸੋਭਾ ਪਾਇ।।

5- ਵਾਹੁ ਵਾਹੁ ਕਰਤਿਆ ਮਨੁ ਨਿਰਮਲੁ ਹੋਵੈ ਹਉਮੈ ਵਿਚਹੁ ਜਾਇ।।

6- ਵਾਹੁ ਵਾਹੁ ਗੁਰਸਿਖੁ ਜੋ ਨਿਤ ਕਰੇ ਮਨ ਚਿੰਦਿਆ ਫਲੁ ਪਾਇ।। 

7- ਨਾਨਕ ਵਾਹੁ ਵਾਹੁ ਜੋ ਮਨਿ ਚਿਤਿ ਕਰੇ ਤਿਸੁ ਜਮਕੰਕਰੁ ਨੇੜਿ ਨ ਆਵੈ।।

ਗੁਰੂ ਪਰਮਾਤਮਾ ਨੂੰ ਗੁਰਸਿੱਖ ਦਾ ਨਾਮ ਜਪਣਾ ਭਾਉਂਦਾ ਹੈ  “ ਵਾਹੁ ਵਾਹੁ ਗੁਰਸਿਖ ਨਿਤ ਸਭ ਕਰਹੁ ਗੁਰ ਪੂਰੇ ਵਾਹੁ ਵਾਹੁ ਭਾਵੈ “ ਕਿਉਂਕਿ ਨਾਮ ਜਪਣ ਵਾਲਾ ਗੁਰਮੁਖ ਹੈ ਜੋ  ਗੁਣ ਰੂਪ ਅੰਮ੍ਰਿਤ  ਪੀ ਰਿਹਾ ਹੈ “ ਗੁਰਮੁਖਿ ਅੰਮ੍ਰਿਤੁ ਪੀਵਣਾ “ ਅਤੇ ਜੋ ਨਾਮ ਨਹੀਂ ਜੱਪ ਰਿਹਾ ਉਹ ਬਿਖ ਖਾ ਰਿਹਾ ਹੈ “ ਮਨਮੁਖ ਮਰਹਿ ਬਿਖੁ ਖਾਇ “ । ਨਾਮ ਜਪਣਾ ਨਿਰਮਲ ਅਵਸਥਾ ਪ੍ਰਾਪਤ ਕਰਨਾ ਤੇ ਸੰਸਾਰ ਦੇ ਸੱਚ ਨੂੰ ਜਾਣ ਲੈਣਾ ਹੈ “ ਨਾਨਕ ਵਾਹੁ ਵਾਹੁ ਕਰਹਿ ਸੇ ਜਨ ਨਿਰਮਲੇ ਤ੍ਰਿਭਵਣ ਸੋਝੀ ਪਾਇ “ ।  ਗੁਰਬਾਣੀ ਪੜ੍ਹਨਾ , ਨਿਤਨੇਮ ਦੀ ਬਾਣੀਆਂ ਦਾ ਰਹਿਤ ਮਰਯਾਦਾ ਅਨੁਸਾਰ ਪਾਠ ਕਰਨਾ ਵੀ ਇਹੋ ਜਿਹਾ ਫਲ ਦਾਇਕ ਹੈ।  

ਨਿਤਨੇਮ ਕਰਨਾ: ਨਾਮ ਜਪਣਾ ਗੁਰੂ ਪਰਮਾਤਮਾ ਦੀ ਸਿਫਤ ਕਰਨਾ ਹੈ ਤਾਂ ਗੁਰਬਾਣੀ ਵੀ ਸਿਫਤ ਜੋਗ ਹੈ। ਗੁਰੂ ਅਮਰਦਾਸ ਜੀ ਨੇ ਗੁਰਬਾਣੀ ਨੂੰ ਨਿਰੰਕਾਰ ਕਿਹਾ “ ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ” । ਗੁਰਬਾਣੀ ਇਸ ਕਾਰਨ ਨਿਰੰਕਾਰ ਹੈ ਕਿਉਂਕਿ ਪਰਮਾਤਮਾ ਤੇ ਗੁਰਬਾਣੀ ਦੋਵੇ ਹੀ ਸੱਚ  ਹਨ “  ਹਰਿ ਜੀਉ ਸਚਾ ਸਚੁ ਹੈ ਸਚੀ ਗੁਰਬਾਣੀ” ।  ਸੱਚੀ ਗੁਰਬਾਣੀ ਤੋਂ ਸੱਚੇ ਪਰਮਾਤਮਾ ਦਾ ਗਿਆਨ ਪ੍ਰਾਪਤ ਹੁੰਦਾ ਹੈ।  ਨਿਤਨੇਮ ਦੀ ਬਾਣੀਆਂ ਮਰਿਆਦਾ ਅਨੁਸਾਰ ਨਿਤ ਪੜ੍ਹਨਾ ਪਰਮਾਤਮਾ ਦਾ ਗਿਆਨ ਪ੍ਰਾਪਤ ਕਰਨਾ ਹੈ। ਗੁਰੂ ਨਾਨਕ ਸਾਹਿਬ ਨੇ ਵਚਨ ਕੀਤਾ ਕਿ ਗੁਰਬਾਣੀ ਨਿਰਾਕਾਰ ਪਰਮਾਤਮਾ ਦੇ ਸਾਕਾਰ ਦਰਸ਼ਨ ਕਰਾਉਣ ਵਾਲੀ ਹੈ , ਅਦ੍ਰਿਸ਼ ਨੂੰ ਦ੍ਰਿਸ਼ਟੀਮਾਨ ਕਰਨ ਵਾਲੀ ਹੈ ‘ ਗੁਰ ਕੈ ਸਬਦਿ ਸਲਾਹਣਾ ਘਟਿ ਘਟਿ ਡੀਠੁ ਅਡੀਠੁ “। ਗੁਰੂ ਅਮਰਦਾਸ ਜੀ ਨੇ  ਗੁਰਬਾਣੀ ਨੂੰ ਸਹਿਜ ਭਗਤੀ ਕਿਹਾ “ ਗੁਰ ਕੀ ਬਾਣੀ ਅਨਦਿਨੁ ਗਾਵੈ ਸਹਜੇ ਭਗਤਿ ਕਰਾਵਣਿਆ “। ਸਹਿਜ ਤਾਂ ਹੀ ਹੋਇਆ ਜਾ ਸਕਦਾ ਹੈ ਜੇ ਮਨ ਦੇ ਸਾਰੇ ਸੰਤਾਪ ਮਿਟ ਜਾਣ। ਗੁਰਬਾਣੀ ਪੜ੍ਹਨ ਨਾਲ ਮਨ ਦੇ ਸੰਤਾਪ ਮਿਟਦੇ ਹਨ।  

ਅੰਮ੍ਰਿਤ ਬਾਣੀ ਗੁਰ ਕੀ ਮੀਠੀ।।
ਗੁਰਮੁਖਿ ਵਿਰਲੈ ਕਿਨੈ ਚਖਿ ਡੀਠੀ।।
( ਸ੍ਰੀ ਗੁਰੂ ਗ੍ਰੰਥ ਸਾਹਿਬ , ਅੰਗ 113 ) 

ਕੋਈ ਵਿਰਲਾ ਹੀ ਹੈ ਜਿਸ ਨੇ ਗੁਰਬਾਣੀ ਨੂੰ ਸਮਝ ਕੇ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਹੋਵੇ। ਉਸ ਨੂੰ ਹੀ ਗੁਰਬਾਣੀ ਦੀ ਮਹਿਮਾ ਦਾ ਅਹਿਸਾਸ ਹੁੰਦਾ ਹੈ ਕਿ ਕਿਵੇਂ ਗੁਰਬਾਣੀ ਨੇ ਅੰਮ੍ਰਿਤ ਬਣ ਕੇ ਉਸ ਨੂੰ ਮਾਣਸ ਤੋਂ ਦੇਵਤਾ ਬਣਾ ਦਿੱਤਾ ਹੈ ਭਾਵ ਆਨੰਦਿਤ ਅਤੇ ਅਚਿੰਤ ਕਰ ਦਿੱਤਾ ਹੈ।ਨਿਤਨੇਮ ਕਰਦਿਆਂ ਮਨ  ਆਨੰਦ  ਨਾਲ ਭਰ ਜਾਏ , ਆਨੰਦ ਸਦਾ ਬਣਿਆ ਰਹੇ ਕੋਈ ਚਿੰਤਾ ਨਾ ਰਹੇ , ਮਨ ਅਚਿੰਤ ਹੋ ਜਾਏ  ਤਾਂ ਨਿਤਨੇਮ ਕਰਨਾ ਸਫਲ ਮੰਨਿਆ ਜਾਣਾ ਚਾਹੀਦੇ।ਗੁਰੂ ਦੀ ਬਾਣੀ ਮਿੱਠੀ ਤਾਂ ਲੱਗਦੀ ਹੈ ਜਦੋਂ ਗੁਰੂ ਦੇ ਉਪਦੇਸ਼ਾਂ ਵਿੱਚ ਆਪਣਾ ਹਿੱਤ ਨਜਰ ਆਉਣ ਲੱਗਦਾ ਹੈ। ਜੋ ਗੁਰੂ ਨੇ ਕਿਹਾ ਉਹ ਕਰਨ ਨਾਲ ਭਟਕਣ ਦੂਰ ਹੋ ਕੇ ਮਨ ਤ੍ਰਿਪਤ ਹੋਣ ਲੱਗਦਾ ਹੈ। ਗੁਰੂ ਦਾ ਸਿੱਖ ਹੋਣਾ ਗੁਰਮੁਖ ਹੋਣਾ , ਗੁਰੂ ਦੀ ਮੰਨਣਾ ਹੈ।  ਗੁਰੂ ਦੀ ਆਗਿਆ ਹੈ “ ਗੁਰਮੁਖਿ  ਹੋਵੈ ਸੁ ਅਪਣਾ ਘਰੁ ਰਾਖੈ ਪੰਚ ਦੂਤ ਸਬਦਿ ਪਚਾਵਣਿਆ “ ਭਾਵ ਆਪਣੀ ਅੰਤਰ ਚੇਤਨਾ ਨੂੰ ਮਾਇਆ ਦੇ ਬਿਖ ਤੋਂ ਬਚਾ ਕੇ ਸੁਰੱਖਿਅਤ ਰੱਖੇ ਅਤੇ ਆਪਣੇ ਅੰਦਰ ਬੈਠੇ ਕਾਮ , ਕ੍ਰੋਧ , ਲੋਭ , ਮੋਹ , ਹੰਕਾਰ ਨੂੰ ਗੁਰੂ ਦੀ ਸਿਖਿਆ ਅਨੁਸਾਰ  ਨਾਸ਼ ਕਰ ਦੇਵੇ। ਨਿਤਨੇਮ ਦੀਆਂ ਪੰਜ ਬਾਣੀਆਂ ਆਪਣੇ ਅੰਤਰ ਦੀ ਰਾਖੀ ਕਰਨਾ ਹੀ ਸਿਖਾਉਂਦੀਆਂ ਹਨ।  ਜਪੁ ਸਾਹਿਬ ਦੀ ਬਾਣੀ ਪੜ੍ਹਨਾ ਦਾ ਸਫਲ ਹੈ ਜੇ ਗੁਰਸਿੱਖ “ ਹੁਕਮਿ ਰਜਾਈ ਚਲਣਾ “ ਸਿਖ ਜਾਏ। ਜਪੁ ਜੀ ਸਾਹਿਬ ਦੀ ਬਾਣੀ ਪੜ੍ਹ ਕੇ ਹੀ ਗਿਆਤ ਹੁੰਦਾ ਹੈ ਕਿ ਸਾਰਾ ਸੰਸਾਰ ਹੀ ਪਰਮਾਤਮਾ ਦੇ ਹੁਕਮ ਅੰਦਰ ਚੱਲ ਰਿਹਾ ਹੈ। ਪਰਮਾਤਮਾ ਦੇ ਹੁਕਮ ਨੂੰ ਸਵੀਕਾਰ ਕਰਨ ‘ਚ ਹੀ ਸੁੱਖ ਹੈ। ਸਮਾਂ ਸਫਲ ਕਰਨਾ ਹੈ ਤਾਂ ਗੁਰਸਿੱਖ ਪਰਮਾਤਮਾ ਦਾ ਸਿਮਰਨ ਕਰੇ , ਉਸ ਦੀ ਵਡਿਆਈ ਦਾ ਵਿਚਾਰ ਕਰੇ “ ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ “। ਪਰਮਾਤਮਾ ਦੀ ਵਡਿਆਈ ਉਸ ਦੇ ਗੁਣਾਂ ਵਿੱਚ ਪ੍ਰਗਟ ਹੁੰਦੀ ਹੈ। ਇਹ ਗੁਣ ਹੀ ਪਰਮਾਤਮਾ ਨੂੰ ਭਾਉਂਦੇ ਹਨ। ਇਨ੍ਹਾਂ ਗੁਣਾਂ ਦਾ ਧਾਰਕ ਵੀ ਪਰਮਾਤਮਾ ਨੂੰ ਭਾਉਂਦਾ ਹੈ ਤੇ ਉਸ ਦੀ ਮਿਹਰ ਦਾ ਪਾਤਰ ਬਣਦਾ ਹੈ ” ਜਿਨਿ ਸੇਵਿਆ ਤਿਨਿ ਪਾਇਆ ਮਾਨੁ “ ।  ਪਰਮਾਤਮਾ ਦੀ ਸਿਫਤ ਕਰਨ ਦਾ ਕੀ ਲਾਭ ਜੇ ਉਸ ਸਿਫਤ ਨੂੰ ਮਨ ਵਿੱਚ ਧਾਰਨ ਨਾ ਕੀਤਾ। ਇਹੋ ਕਾਰਨ ਸੀ ਕਿ ਗੁਰੂ ਨਾਨਕ ਸਾਹਿਬ ਨੇ ਬਾਣੀ ਪੜ੍ਹਨ ਦਾ ਮੁੱਢਲਾ ਅਦਬ ਦੱਸਿਆ  “ ਗਾਵੀਐ ਸੁਣੀਐ ਮਨਿ ਰਖੀਐ ਭਾਵ “ ।  ਜੇ ਮਨ ਅੰਦਰ ਭਾਵ ਹੋਵੇ ਕਿ ਪਰਮਾਤਮਾ ਦਿਆਲੂ ਹੈ ਪਰ ਆਪ ਮਨੁੱਖ ਜ਼ੁਲਮ ਕਰੇ , ਦੂਜਿਆਂ ਦਾ ਹੱਕ ਮਾਰੇ ਤਾਂ ਅਜਿਹੇ ਭਾਵ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਪਰਮਾਤਮਾ ਦੇ ਸੱਚ ਦਾ ਵਿਚਾਰ ਕਰਨਾ ਆਪ ਵੀ ਸਚਿਆਰ ਹੋ ਜਾਣਾ ਹੈ “ ਜੇ ਕੋ ਬੂਝੈ ਹੋਵੈ ਸਚਿਆਰੁ “ ।  ਗੁਰਬਾਣੀ ਗੁਰਸਿੱਖ ਨੂੰ ਸਚਿਆਰ ਭਾਵ ਗੁਣਾਂ ਦਾ ਧਾਰਕ ਬਣਾਉਂਦੀ ਹੈ।  ਨਿਤਨੇਮ ਕਰਨਾ ਪਰਮਾਤਮਾ ਦੀ ਭਗਤੀ ਕਰਨਾ ਹੈ ਪਰ ਨਿਤਨੇਮ ਕੇਵਲ ਬਾਣੀਆਂ ਦਾ ਪਾਠ ਕਰਨਾ ਨਹੀਂ , ਪਾਠ ਤੋਂ ਸਿਖ ਕੇ ਗੁਣ ਧਾਰਨ ਕਰਨਾ ਹੈ “ ਵਿਣੁ ਗੁਣ ਕੀਤੇ ਭਗਤਿ ਨ ਹੋਇ “ । ਗੁਰਸਿੱਖ ਨਿਤਨੇਮ ਦੀਆਂ ਬਾਣੀਆਂ ਪੜ੍ਹ ਕੇ ਜਤ ,  ਧੀਰਜ , ਸੁਮਤਿ , ਭੈ , ਭਾਵ ਰੱਖਣਾ ਸਿੱਖਦਾ ਹੈ। ਨਿਤ ਬਾਣੀ ਪੜ੍ਹ ਕੇ ਉਹ ਇਨ੍ਹਾਂ ਗੁਣਾਂ ਨੂੰ ਦ੍ਰਿੜ੍ਹ ਕਰਦਾ ਹੈ। ਇਹ ਗੁਣ ਉਸ ਦਾ ਜੀਵਨ ਬਦਲਦੇ ਹਨ ।  ਪਰਮਾਤਮਾ ਦੀ ਵਡਿਆਈ ਨੂੰ ਬੇਅੰਤ , ਉਸ ਨੂੰ ਗੁਣੀ ਨਿਧਾਨ ਕਿਹਾ ਗਿਆ ਹੈ।  ਪਰ ਗੁਰਸਿੱਖ ਨੂੰ ਇਹ ਦਰਸ਼ਨ ਕਰਾਉਣੇ ਵੀ ਜਰੂਰੀ ਸਨ ਕਿ ਵਡਿਆਈ ਕਿਤਨੀ ਵੱਡੀ ਹੈ ਤਾਂ ਜੋ ਪਰਮਾਤਮਾ ਤੇ ਉਸ ਦਾ ਭਰੋਸਾ ਬੈਠ ਸਕੇ। ਜਾਪੁ ਸਾਹਿਬ ਦੀ ਬਾਣੀ  ਪਰਮਾਤਮਾ ਦੇ ਵਿਰਾਟ ਰੂਪ ਦੇ ਦਰਸ਼ਨ ਕਰਾਉਂਦੀ ਹੈ , ਉਸ ਦੇ ਗੁਣ ਵੀ ਗਿਣਾਉਂਦੀ ਹੈ। ਪਰਮਾਤਮਾ ਦੀ ਭਗਤੀ ਕਰਨ ਵਾਲੇ ਦੇ ਮਨ ਵਿੱਚ ਇਹ  ਸਹਿਜ ਸਵਾਲ ਉੱਠਦਾ ਹੈ ਕਿ ਉਹ ਜਿਸ ਦੀ ਭਗਤੀ ਕਰ ਰਿਹਾ ਹੈ ਉਸ ਦਾ ਰੂਪ ਰੰਗ ਕੀ ਹੈ। ਜਾਪੁ ਸਾਹਿਬ ਦੀ ਬਾਣੀ ਉਸ ਦੇ ਸ਼ੰਕਾ ਦਾ ਨਿਵਾਰਨ ਕਰਦੀ ਹੈ “  ਨਾਮ ਠਾਮ ਨ ਜਾਤ ਜਾਕਰ ਰੂਪ ਰੰਗ ਨ ਰੇਖ ” ।  ਪਰਮਾਤਮਾ ਦੀ ਪਛਾਣ ਸੰਸਾਰਕ ਸੰਦਰਭਾਂ ਵਿੱਚ ਨਹੀਂ ਕੀਤੀ ਜਾ ਸਕਦੀ ਜਿਵੇਂ ਅਸੀਂ ਕਿਸੇ ਮਨੁੱਖ ਜਾਂ ਪਦਾਰਥ ਦੀ ਪਛਾਣ ਕਰਦੇ ਹਾਂ।ਪਰ ਉਸ ਦੀ ਆਪਣੀ ਪਛਾਣ ਹੈ ਜੋ ਸੰਸਾਰਕ ਸੰਦਰਭਾਂ ਤੋਂ ਵੱਖ ਹੈ “ ਆਦਿ ਪੁਰਖ ਉਦਾਰ ਮੂਰਤਿ ਅਜੋਨਿ ਆਦਿ ਅਸੇਖ ” । ਪਰਮਾਤਮਾ ਆਦਿ ਪੁਰਖ ਹੈ ਭਾਵ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਦਾ ਹੀ ਹੋਂਦ ਵਿੱਚ ਹੈ।  ਉਸ ਦੇ ਗੁਣ ਉਸ ਦਾ ਰੂਪ ਹਨ।  ਕਾਲ ਤੋਂ ਪਰੇ ਉਸ ਦਾ ਕੋਈ ਪਾਰਾਵਾਰ ਨਹੀਂ ਹੈ।  ਉਸ ਦਾ ਆਦਿ – ਅੰਤ ਨਹੀਂ ਪਾਇਆ ਜਾ ਸਕਦਾ।  ਉਸ ਦੇ ਗੁਣ ਸੰਪੂਰਣ ਸ੍ਰਿਸ਼ਟੀ ਵਿੱਚ ਵਿਆਪ ਰਹੇ ਹਨ, ਘਟ ਘਟ ਨੂੰ ਪ੍ਰਭਾਵਿਤ ਕਰ ਰਹੇ ਹਨ “ ਜੱਤ੍ਰ ਤੱਤ੍ਰ ਦਿਸਾ ਵਿਸਾ ਹੁਇ ਫੈਲਿਓ ਅਨੁਰਾਗ” ।  ਇਸ ਬਾਣੀ ਨੂੰ ਪੜ੍ਹ ਕੇ ਮਨ ਅੰਦਰ ਭਰੋਸਾ ਪੈਦਾ ਹੋਣਾ ਚਾਹੀਦੇ ਕਿ ਪਰਮਾਤਮਾ ਸਦਾ ਅੰਗ ਸੰਗ ਹੈ “ ਸਦਾ ਅੰਗ ਸੰਗੇ ਅਭੰਗੰ ਬਿਭੂਤੇ” । ਮਨ ਅੰਦਰ ਅਡੋਲਤਾ ਆਵੇ।ਇਸ ਅਡੋਲਤਾ ਨੂੰ ਅਧਾਰ ਦੇਣ ਲਈ ੧੦  ਸੱਵਯੇ ਦਿੰਦੇ ਹਨ। ਪਰਮਾਤਮਾ ਦੀ ਮਿਹਰ ਬਿਨਾ ਸਭ ਵਿਅਰਥ ਹੈ , ਮਿਥਿਆ ਹੈ “ ਸ੍ਰੀ ਭਗਵਾਨ ਕੀ ਭਾਇ ਕ੍ਰਿਪਾ ਹੂ ਤੇ ਏਕ ਰਤੀ ਬਿਨੁ ਏਕ ਰਤੀ ਕੇ “ ।   ਪਰਮਾਤਮਾ ਦੀ ਭਗਤੀ ਵਿੱਚ ਕਰਮਕਾਂਡ , ਪਖੰਡ ਦੀ ਕੋਈ ਜਗਹ ਨਹੀਂ ਹੈ।ਪਰਮਾਤਮਾ ਦੀ ਕਿਰਪਾ ਭਾਵਨਾ ਨਾਲ ਹੀ ਪ੍ਰਾਪਤ ਹੁੰਦੀ ਹੈ “ ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪਰ੍ਭ ਪਾਇਓ “ ।  ਮਨ ਵਿੱਚ ਪਰਮਾਤਮਾ ਲਈ ਪ੍ਰੇਮ ਤਾਂ ਹੀ ਵੱਸਦਾ ਹੈ ਜੇ ਮਨ ਨਿਰਮਲ ਹੋਵੇ , ਮਾਇਆ , ਵਿਕਾਰਾਂ ਤੋਂ ਮੁਕਤ ਹੋਵੇ। ਨਿਤਨੇਮ ਦਾ ਮਨੋਰਥ ਨਿਰਮਲ ਮਨ ਵਿੱਚ ਪਰਮਾਤਮਾ ਲਈ ਪ੍ਰੇਮ ਦੀ ਭਾਵਨਾ ਦ੍ਰਿੜ੍ਹ ਕਰਨਾ ਹੈ।  

ਸੰਧਿਆ ਵੇਲੇ ਅਤੇ ਰਾਤ ਸੌਣ ਤੋਂ ਪਹਿਲਾ ਪੜ੍ਹੀ ਜਾਣ  ਵਾਲੀ ਸੋ ਦਰੁ ਰਹਰਾਸਿ ਤੇ ਸੋਹਿਲਾ ਦੀ ਬਾਣੀ ਮਨ ਦੇ ਸਾਰੇ ਗੁਮਾਨ ਤੇ ਭਰਮ ਤੋੜਨ ਵਾਲੀ ਬਾਣੀ ਹੈ। ਪਰਮਾਤਮਾ ਦਾ ਜਸ ਗਾਇਨ ਕਰਦਿਆਂ ਕੋਈ ਭਰਮ ਨਾ ਹੋ ਜਾਏ ਕਿ ਪਰਮਾਤਮਾ ਨੂੰ ਪੂਰਾ ਜਾਣ ਲਿਆ ਹੈ ਗੁਰੂ ਨਾਨਕ ਸਾਹਿਬ ਨੇ ਸਾਵਧਾਨ ਕਰਨ ਲਈ ਵਚਨ ਕੀਤਾ “ ਸਾਚੇ ਨਾਮ ਕੀ ਤਿਲੁ ਵਡਿਆਈ। . ਆਖਿ ਥਕੇ ਕੀਮਤਿ ਨਹੀ ਪਾਈ।।  “ । ਪਰਮਾਤਮਾ ਦੀ ਵਡਿਆਈ ਦਾ ਤਿਲ ਮਾਤਰ ਕਥਨ ਕਰਦਿਆਂ ਵੀ ਮਨੁੱਖ ਥੱਕ ਜਾਂਦਾ ਹੈ ਪਰ ਕਹਿਣ ‘ਚ ਨਹੀਂ ਆਉਂਦੀ।ਗੁਰਸਿੱਖ ਕਿਸੇ ਭਰਮ ਵਿੱਚ ਨਾ ਰਹੇ ਕਿ ਉਸ ਨੇ ਪਰਮਾਤਮਾ ਨੂੰ ਜਾਣ ਲਿਆ ਹੈ , ਨਾਂ ਹੀ ਜਾਨਣ ਦਾ ਜਤਨ ਕਰੇ , ਬਸ ਉਸ ਦੀ ਵਡਿਆਈ ਜਿਤਨੀ ਕੁ ਜਾਣ ਰਿਹਾ ਹੈ ਉਸ ਤੇ ਬਲਿਹਾਰ ਜਾਏ ਕਿਉਂਕਿ ਉਤਨੀ ਹੀ ਬੇਅੰਤ ਹੈ ਜੀਵਨ ਸੁਆਰਨ ਲਈ “ ਜਨ ਨਾਨਕ ਬਲਿ ਬਲਿ ਸਦ ਬਲਿ ਜਾਈਐ ਤੇਰਾ ਅੰਤ ਨ ਪਾਰਾਵਾਰਿਆ “ ।  ਗੁਰਸਿੱਖ ਇਹ ਜਾਣ  ਲਵੇ ਕਿ ਉਸ ਦੇ ਵੱਸ ਕੁੱਝ ਨਹੀਂ ਹੈ  , ਹੋਣਾ ਉਹ ਹੈ ਜੋ ਪਰਮਾਤਮਾ ਚਾਹੁੰਦਾ ਹੈ , ਜੋ ਉਹ ਕਰੇਗਾ “ ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ “ । ਗੁਰਸਿੱਖ ਦੇ ਵੱਸ ਬਸ ਅਰਦਾਸ ਹੈ।  ਉਹ ਸਾਰੇ ਮਿਥਿਆ ਭਰੋਸੇ ਤੋੜ ਕੇ ਬੱਸ ਇੱਕ ਪਰਮਾਤਮਾ ਅੱਗੇ ਸਦਾ ਬਿਨੈ ਕਰੇ “ ਸਗਲ ਦੁਆਰ ਕਉ ਛਾਡਿ ਕੈ ਗਹਿਓ ਤੁਹਾਰੋ ਦੁਆਰ।।  ਬਾਂਹਿ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ।। ” ।  ਸੋਹਿਲਾ ਦੀ ਬਾਣੀ ਦਿਵਸ ਦੀ ਸੰਪੂਰਨਤਾ ਦਾ ਅੰਤਰ ਮਨ ਨੂੰ ਰੋਸ਼ਨ ਕਰਨ ਵਾਲਾ ਗੁਰੂ ਦਾ ਸੁਨੇਹਾ ਹੈ।  ਸਮਾਂ ਬਤੀਤ ਹੁੰਦਾ ਜਾ ਰਿਹਾ ਹੈ। ਇਹ ਮੁੜ ਪ੍ਰਾਪਤ ਨਹੀਂ ਹੋਣਾ।  ਗੁਰਸਿੱਖ ਇਸ ਅਨਮੋਲ ਸਮੇਂ ਨੂੰ ਅਜਾਈਂ ਨਾ ਗੁਆਏ। ਪਰਮਾਤਮਾ ਨੂੰ ਧਿਆਉਂਦੀਆਂ , ਸੱਚੇ ਕਰਮ ਕਰਦਿਆਂ ਗੁਰਸਿੱਖ ਪਰਮਾਤਮਾ ਦੀ ਕਿਰਪਾ ਪ੍ਰਾਪਤ ਕਰੇ “ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ” ।  ਰਾਤ ਨੂੰ ਲਾਹਾ ਖੱਟਣ ਦਾ ਲਿਆ ਗਿਆ ਸੰਕਲਪ ਅਗਲੇ ਦਿਨ ਦੀ ਪ੍ਰੇਰਨਾ ਬਣੇ।  ਇਹ ਹੈ ਨਿਤਨੇਮ ਦੀ ਬਾਣੀਆਂ ਦਾ ਪਾਠ।  

ਗੁਰਬਾਣੀ  ਪੜ੍ਹਨਾ  ਮਨ ਦੇ ਭਰਮ ਦੂਰ ਕਰਨਾ ਹੈ।  ਭਰਮ ਦੂਰ ਹੋਣਗੇ ਸੁੱਖ ਤਾਂ ਹੀ ਪ੍ਰਾਪਤ ਹੋਵੇਗਾ।

ਭਰਮੁ ਚੁਕਾਇਆ ਸਦਾ ਸੁਖੁ ਪਾਇਆ।।
ਗੁਰ ਪਰਸਾਦਿ ਪਰਮ ਪਦੁ ਪਾਇਆ।।
ਅੰਤਰੁ ਨਿਰਮਲੁ ਨਿਰਮਲ ਬਾਣੀ ਹਰਿ ਗੁਣ  ਸਹਜੇ ਗਾਵਣਿਆ।।
(ਸ੍ਰੀ ਗੁਰੂ ਗ੍ਰੰਥ ਸਾਹਿਬ , ਅੰਗ ੧੧੪ ) 

ਨਾਮ ਜੱਪਣਾ , ਨਿਤਨੇਮ ਦੀ ਬਾਣੀਆਂ  ਦਾ ਪਾਠ ਕਰਨਾ ਗੁਰਸਿੱਖ ਦੇ ਸਹਿਜ ਮਨ ਦੀ ਇੱਕ ਸਹਿਜ ਕਿਰਿਆ ਬਣ ਜਾਵੇ। ਜਿਵੇਂ ਉਹ ਸੁਆਸ ਲੈ ਰਿਹਾ ਹੈ ਉਸ ਸਹਿਜਤਾ ਨਾਲ ਪਰਮਾਤਮਾ ਦੀ ਭਗਤੀ ਕਰੇ। ਇਹ ਗੁਰੂ ਦੀ ਕਿਰਪਾ ਨਾਲ ਹੀ ਸੰਭਵ ਹੈ।  ਗੁਰੂ ਕਿਰਪਾ ਕਰਦਾ ਹੈ ਤਾਂ ਸ੍ਰੇਸ਼ਟ ਆਤਮਿਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਨਾਮ ਜੱਪਣਾ , ਨਿਤਨੇਮ ਕਰਨਾ ਇਸ ਪਰਮ ਅਵਸਥਾ ਦੀ ਪ੍ਰਾਪਤੀ ਲਈ ਹੀ ਹੈ। ਇਸ ਵਿੱਚ ਹੀ ਸੱਚਾ ਸੁੱਖ ਨਿਹਿਤ ਹੈ।  ਗੁਰਬਾਣੀ ਸਦਾ ਹੀ ਸੁੱਖ ਦੇਣ ਵਾਲੀ ਹੈ  “ ਗੁਰਬਾਣੀ ਗਾਵਹ ਭਾਈ।। ਓਹ ਸਫਲ ਸਦਾ ਸੁਖਦਾਈ।। “ ।
— 

ਡਾ. ਸਤਿੰਦਰ ਪਾਲ ਸਿੰਘ
ਦਿ ਪਾਂਡਸ
ਸਿਡਨੀ, ਆਸਟ੍ਰੇਲੀਆ
ਈ ਮੇਲ – akaalpurkh.7@gmail.com

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1636
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਸਤਿੰਦਰ ਪਾਲ ਸਿੰਘ
ਦਿ ਪਾਂਡਸ
ਸਿਡਨੀ , ਆਸਟ੍ਰੇਲੀਆ
ਈ ਮੇਲ - akaalpurkh.7@gmail.com   

ਡਾ. ਸਤਿੰਦਰ ਪਾਲ ਸਿੰਘ

ਡਾ. ਸਤਿੰਦਰ ਪਾਲ ਸਿੰਘ ਦਿ ਪਾਂਡਸ ਸਿਡਨੀ , ਆਸਟ੍ਰੇਲੀਆ ਈ ਮੇਲ - akaalpurkh.7@gmail.com   

View all posts by ਡਾ. ਸਤਿੰਦਰ ਪਾਲ ਸਿੰਘ →