7 December 2025

ਤੂੰ ਕਾਹਦਾ ਗਿਆਨੀ? — ਡਾ. ਕੁਲਵਿੰਦਰ ਸਿੰਘ ਬਾਠ

ਅੱਜ ਜੋ ਵੀ ਹਊ… ਦੇਖੀ ਜਾਊ!!
ਇਹਦੇ ਪਿਓ ਦਾ ਰਾਜ ਥੋੜ੍ਹੀ ਆ ਕਿ ਇਹ ਆਪਣੀ ਮਰਜ਼ੀ ਕਰੀ ਜਾਂਦਾ ਆ!
ਅੱਗੇ ਈ ਪੰਜ ਚੱਕਰ ਮਾਰ ਆਏ ਹਾਂ। ਸਾਡੇ ਕੋਲ ਟੈਮ ਕੋਈ ਵਾਧੂ ਆ??
ਅਜੇ ਪਤਾ ਨਹੀਂ ਕਿੰਨੀਆਂ ਕੁ ਹੋਰ ਮਕਾਣਾਂ ਦੇਣੀਆਂ ਪੈਣੀਆਂ ਏਸ ਹਰਾਮੀ ਦੀਆਂ।
ਦੋਨੋ ਹੱਥਾਂ ਵਿੱਚ ਲਿਫ਼ਾਫ਼ਿਆਂ ਨੂੰ ਲਮਕਾਈ ਅਤੇ ਗੱਡੀ ਵੱਲ ਨੂੰ ਵਾਹੋ-ਦਾਹੀ ਆਉਂਦੀ ਹਰਜੀਤ ਗੁੱਸੇ ਨਾਲ਼ ਲਾਲ ਪੀਲ਼ੀ ਹੋਈ ਖ਼ੁਦ ਨਾਲ਼ ਹੀ ਸਵਾਲ ਜਵਾਬ ਕਰ ਰਹੀ ਸੀ।

ਘਰ ਦੇ ਬਾਹਰਲੇ ਗੇਟ ਕੋਲ ਪਹਿਲਾਂ ਤੋਂ ਹੀ ਸਟਾਰਟ ਕੀਤੀ ਹੋਈ ਗੱਡੀ ਦੇ ਡਰਾਈਵਰ ਨੇ ਸਮਾਨ ਦੇ ਲਿਫ਼ਾਫ਼ੇ ਹਰਜੀਤ ਦੇ ਹੱਥੋਂ ਫੜਦਿਆਂ ਪਿਛਲੀ ਤਾਕੀ ਪੂਰੀ ਦੀ ਪੂਰੀ ਖੋਲ੍ਹ ਦਿੱਤੀ। ਚੰਗੀ ਤਰਾਂ ਸੁਣੀ ਗੱਲ ਨੂੰ ਵੀ ਅਣਸੁਣੀ ਕਰਦਿਆਂ ਅਤੇ ਜਾਣ ਬੁੱਝ ਕੇ ਘੇਸਲ ਵੱਟਦਿਆਂ ਬਿਕਰਮ ਨੇ ਗੱਡੀ ਦੀ ਮੂਹਰਲੀ ਤਾਕੀ ਖੋਲ੍ਹੀ ਅਤੇ ਡਰਾਈਵਰ ਦੇ ਨਾਲ਼ ਦੀ ਸੀਟ ‘ਤੇ ਬੈਲਟ ਲਾਉਂਦਿਆਂ ਆਰਾਮ ਨਾਲ ਬੈਠ ਗਿਆ। ਉਸ ਦਾ ਮੱਥਾ ਠਣਕਿਆ, ਇਹ ਸੋਚਦਿਆਂ ਹੋਇਆਂ ਕਿ ‘ਅੱਜ ਕਿਸੇ ਨਾ ਕਿਸੇ ਦੀ ਖ਼ੈਰ ਹੈ ਨਹੀਂ’!
ਗੱਡੀ ਅਜੇ ਤੁਰੀ ਹੀ ਸੀ ਕਿ ਹਰਜੀਤ ਦੇ ਮੋਬਾਇਲ ਫੋ਼ਨ ਦੀ ਰਿੰਗ ਵੱਜ ਪਈ। ਫੋ਼ਨ ਤੇ ਹੁੰਦੀ ਗੱਲਬਾਤ ਦੇ ਲਹਿਜੇ ਤੋਂ ਬਿਕਰਮ ਨੂੰ ਸਹਿਜੇ ਹੀ ਅੰਦਾਜ਼ਾ ਹੋ ਗਿਆ ਸੀ ਕਿ ਹਰਜੀਤ ਦੀ ਕੋਈ ਗੂੜ੍ਹੀ ਸਹੇਲੀ ਅਮਰੀਕਾ ਤੋਂ ਕਿਸੇ ਸੁਨੇਹੇ ਦੀ ਤਾਗੀਦ ਕਰ ਰਹੀ ਹੈ। ਜਿਸ ਦਿਨ ਤੋਂ ਹਰਜੀਤ ਪੰਜਾਬ ਆਈ ਹੋਈ ਹੈ ਉਸ ਦੀਆਂ ਸਹੇਲੀਆਂ ਦੇ ਫੋ਼ਨ ਕਾਲਾਂ ਦੀ ਝੜੀ ਲੱਗੀ ਹੋਈ ਹੈ। ਉਸ ਨੇ ਅੱਜ ਸਵੇਰੇ ਸਵੇਰੇ ਚੁੱਪ ਰਹਿਣ ਵਿੱਚ ਹੀ ਸਿਆਣਪ ਸਮਝੀ। ਹਰਜੀਤ ਦੇ ਪਹਿਲਾਂ ਤੋਂ ਹੀ ਚੜ੍ਹੇ ਹੋਏ ਪਾਰੇ ਨੂੰ ਇਸ ਫੋ਼ਨ ਦੀ ਰਿੰਗ ਨੇ ਜਵਾਲਾਮੁਖੀ ਦੇ ਲਾਵੇ ਵਾਂਗ ਉਛਾਲ਼ ਅਤੇ ਖਿਲਾਰ ਦਿੱਤਾ।
ਫ਼ੋਨ ਉੱਪਰ ਸਵਾਲ ਦਾ ਕੋਈ ਪਤਾ ਨਾ ਲੱਗਾ, ਪਰ ਹਰਜੀਤ ਗੱਡੀ ਦੀ ਸੀਟ ਨਾਲ ਢੋਅ ਲਾਉਂਦਿਆਂ ਅਤੇ ਫ਼ੋਨ ਨੂੰ ਖੱਬੇ ਕੰਨ ਤੋਂ ਲਾਹ ਕੇ ਸੱਜੇ ਕੰਨ ਨਾਲ਼ ਲਾਉਂਦਿਆ ਬੋਲੀ …,
”ਆਹੋ! ਆਹੋ! ਅੱਜ ਫ਼ੇਰ… ਉਸ ਹਰਾਮੀ ਦਾ ਹੀ ਸਿਆਪਾ ਕਰਨ ਚੱਲੇ ਹਾਂ!!
ਹੁਣ ਅਮਰੀਕਾ ‘ਚ ਰਾਤ ਪੈ ਗਈ ਆ… ਮੈਂ ਤੇਰੇ ਨਾਲ਼ ਬਾਅਦ ਵਿੱਚ ਗੱਲ ਕਰਾਂਗੀ। ਪਹਿਲਾਂ ਅੱਜ ਉਹਦੀ ਦੁਕਾਨ ‘ਤੇ ਜਾ ਕੇ ‘ਕੱਟਾ-ਕੱਟੀ’ ਕੱਢਦੇ ਹਾਂ…।”
ਹਰਜੀਤ ਨੇ ‘ਕੱਟਾ-ਕੱਟੀ’ ਕੱਢਣ-ਕਢਾਉਣ ਲਈ ਬਿਕਰਮ ਅਤੇ ਡਰਾਈਵਰ ਨੂੰ ਵੀ ਨਾਲ਼ ਹੀ ਨੂੜ ਲਿਆ! ਡਰਾਈਵਰ ਦੇ ਖੱਬੇ ਮੋਢੇ ਉੱਪਰ ਦੀ ਉਹਦੇ ਕੰਨ ਕੋਲ ਹੁੰਦਿਆਂ ਅਤੇ ਖ਼ੁਦ ਦੀ ਜੀਭ ਦੀ ਖ਼ੁਦ ਹੀ ਥੋੜ੍ਹੀ ਜਿਹੀ ਨਕੇਲ ਖਿੱਚਦਿਆਂ ਹਰਜੀਤ ਫੇਰ ਬੋਲੀ,…
”ਚੱਲ ਬਈ ਮੁੰਡਿਆ! ਪਾ ਲੈ ਓਸ ਹੀ ਰਾਹੇ!!”
ਡਰਾਈਵਰ ਨੇ ਬਿਨਾਂ ਕਿਸੇ ਹੋਰ ਸਵਾਲ ਜੁਆਬ ਦੇ ਗੱਡੀ ਉਸੇ ਰਾਹੇ ਪਾ ਲਈ ਅਤੇ ਹਵਾਈ ਜਹਾਜ਼ ਨੂੰ ਰੰਨ-ਵੇ ‘ਤੇ ਉਡਾਉਣ ਦੀ ਤਿਆਰੀ ਵਾਂਗ ਪੂਰੀ ਸਪੀਡ ਨਾਲ਼ ਦੱਬ ਦਿੱਤੀ। ਗੱਡੀ ਵਿੱਚ ਗਾਣਾ ਚੱਲ ਪਿਆ,… ਲੱਖ ਪਰਦੇਸੀ ਹੋਈਏ… ਆਪਣਾ ਦੇਸ ਨਹੀਂ ਭੁੱਲੀਦਾ…। ਹਾਂ ਇਹ ਗੱਲ ਤਾਂ ਬਿਲਕੁਲ ਸਹੀ ਹੈ, ਹਰਜੀਤ ਨੂੰ ਸੁਣਾਉਂਦਿਆਂ ਬਿਕਰਮ ਬੋਲਿਆ।
ਦਹਾਕਿਆਂ ਤੋਂ ਪਰਦੇਸ ਦੀ ਜ਼ਿੰਦਗੀ ਜਿਉਂਦਿਆਂ ਅਤੇ ਵਧੀਆ ਸਿਸਟਮ ਵਿੱਚ ਰਹਿੰਦਿਆਂ, ਜਦ ਕਦੇ ਵੀ ਕਿਸੇ ਪਰਦੇਸੀ ਦਾ ਆਪਣੀ ਜੰਮਣ ਭੋਇੰ ਦੇ ਕੁਝ ਲਾਡਲੇ ਸਪੂਤਾਂ ਜਿਵੇਂ ਪਟਵਾਰੀਆਂ, ਤਹਿਸੀਲਦਾਰਾਂ, ਦਫ਼ਤਰੀ ਬਾਬੂਆਂ, ਚਪੜਾਸੀਆਂ, ਟਟੀਹਰੀ ਅਫਸਰਾਂ, ਪੁਲਸੀਆਂ, ਲੀਡਰਾਂ ਵਗੈਰਾ ਨਾਲ਼ ਵਾਹ ਪੈਂਦਾ ਹੈ ਤਾਂ ਉਹ ਲੱਤਾਂ ਹੇਠ ਦੀ ਕੰਨਾਂ ਨੂੰ ਹੱਥ ਲਾਉਂਦੇ ਰੱਬ-ਰੱਬ ਅਲਾਪਦੇ ਹਨ। ਕਦੇ ਕਦੇ ਇਨ੍ਹਾਂ ਲਾਰੇ-ਲਾਉਣ ਵਾਲੇ ਸਾਊਆਂ ਵਿੱਚ ਕਈ ਹੋਰ ਵੀ ਰਲ਼ ਜਾਂਦੇ ਹਨ… ਜਿਨ੍ਹਾਂ ਤੋਂ ਇਹ ਆਸ ਉਮੀਦ ਵੀ ਨਹੀਂ ਹੁੰਦੀ।
ਸਾਰੀਆਂ ਤਾਂ ਨਹੀਂ ਕਹਿ ਸਕਦੇ… ਪਰ ਬਹੁਤੀਆਂ ਪ੍ਰਦੇਸਣਾਂ ਦਾ ਸ਼ਾਇਦ ਨਾ ਚਾਹੁੰਦਿਆਂ ਹੋਇਆਂ ਵੀ ਕੱਪੜਿਆਂ ਅਤੇ ਸੂਟਾਂ ਵਗੈਰਾ ਦਾ ਖਿਲਾਰਾ ਪੈਂਦਾ ਪੈਂਦਾ ਪੈ ਹੀ ਜਾਂਦਾ ਹੈ। ਸਮੇਂ ਦੀ ਘਾਟ ਅਤੇ ਵਾਪਸੀ ਅੰਬਰੀ ਉਡਾਰੀ ਦੀਆਂ ਨਜ਼ਦੀਕੀਆਂ ਇਸ ਮਾਹੌਲ ਨੂੰ ਹੋਰ ਵੀ ਕਾਹਲ਼ਾ ਅਤੇ ਅਫਰਾ-ਤਫਰੀ ਵਾਲਾ ਕਰ ਦਿੰਦੀਆਂ ਹਨ। ਕੁਝ ਇਹੋ ਜਿਹੀ ਖਲਬਲੀ ਦੀ ਘਬਰਾਹਟ ਦੇ ਕਾਰਨ ਹੀ ਹਰਜੀਤ ਦਾ ਗੁੱਸਾ ਜਵਾਲਾਮੁਖੀ ਦੇ ਲਾਵੇ ਵਾਂਗ ਅਸਮਾਨ ਛੂਹ ਰਿਹਾ ਸੀ।
ਘਰ ਤੋਂ ਸ਼ਹਿਰ ਦੇ ਸੰਖੇਪ ਜਿਹੇ ਸਫ਼ਰ ਦੌਰਾਨ ਭਾਵੇਂ ਐਧਰ ਉੱਧਰ ਦੀਆਂ ਗੱਲਾਂ-ਬਾਤਾਂ ਚਲਦੀਆਂ ਰਹੀਆਂ, ਪਰ ਹਰਜੀਤ ਦੇ ਮਨ ਅੰਦਰ ਗੁੱਸਾ ਅਜੇ ਵੀ ਭੜੋਲੀ ਵਿੱਚ ਧੁਖਦੇ ਗੋਟ੍ਹੇ ਵਾਂਗ ਧੁਖ ਰਿਹਾ ਸੀ।
ਸ਼ਹਿਰ ਦੇ ਭੀੜੇ-ਚੌੜੇ ਅਤੇ ਵਲ਼ ਖਾਂਦੇ ਬਜ਼ਾਰ ਨੂੰ ਸੱਪ ਦੇ ਵਾਹਣ ਵਿੱਚ ਮੇਲਣ ਵਾਂਗ ਪਾਰ ਕਰਦਿਆਂ ਡਰਾਈਵਰ ਮੁੰਡੇ ਨੇ ਗੱਡੀ ਨੂੰ ‘ਗਿਆਨੀ ਬੁਟੀਕ ਐਂਡ ਮੋਰ – Giani’s Boutique & More)’ ਦੀ ਦੁਕਾਨ ਦੇ ਐਨ ਮੂਹਰੇ ਰੋਕ ਦਿੱਤਾ। ਬਿਕਰਮ ਅਤੇ ਹਰਜੀਤ ਗੱਡੀ ਵਿੱਚੋਂ ਉਤਰ ਕੇ ਦੁਕਾਨ ਦੇ ਅੰਦਰ ਪਹੁੰਚ ਗਏ। ਆਲੇ ਦੁਆਲੇ ਨਿਗ੍ਹਾ ਘੁਮਾ ਕੇ ਦੇਖਿਆ ਪਰ ਟੇਲਰ ਮਾਸਟਰ ‘ਗਿਆਨੀ’ ਦੁਕਾਨ ਵਿੱਚੋਂ ਗਾਇਬ ਸੀ।
ਦਿਨ ਦੇ ਗਿਆਰਾਂ ਸਾਢੇ ਗਿਆਰਾਂ ਵੱਜ ਚੁੱਕੇ ਸਨ। ਇੱਕ ਹਲਕਾ ਜਿਹਾ ਛੋਕਰਾ ਆਪਣੇ ਕੰਮ ਵਿੱਚ ਮਸਤ ਸੀ। ਹਰਜੀਤ ਨੂੰ ਵਾਰ ਵਾਰ ਗੇੜੇ ਮਾਰਦਿਆਂ ਦੇਖ ਉਹ ਮੁੰਡਾ ਹਰਜੀਤ ਨੂੰ ਜਾਨਣ ਲੱਗ ਪਿਆ ਸੀ। ਹਰਜੀਤ ਨੇ ਉਹਦੇ ਕੋਲ ਹੁੰਦਿਆਂ ਪੁੱਛਿਆ,…
“ਪੁੱਤਰਾ, ਮੇਰਾ ਆਰਡਰ ਤਿਆਰ ਹੋਇਆ ਵੀ ਹੈ, ਕਿ ਨਹੀਂ?”
ਮੁੰਡੇ ਨੇ ਇੱਕ ਕੱਪੜਿਆਂ ਦੇ ਵੱਡੇ ਢੇਰ ਥੱਲਿਓਂ ਮਸਾਂ ਹੀ ਨਿਕਲ ਕੇ ਦੂਸਰੇ ਢੇਰ ਨੂੰ ਹੱਥਾਂ ਦੀ ਤੰਗਲੀ ਬਣਾ ਕੇ ਤੂੜੀ ਵਾਂਗ ਫਰੋਲਦਿਆਂ ਜਦ ਸਿਰ ਨੂੰ ਨਾਂਹ ਵਿੱਚ ਹਿਲਾਇਆ ਤਾਂ… ਹਰਜੀਤ ਦਾ ਪਾਰਾ ਫੇਰ ਫਰਾਟੇ ਮਾਰਨ ਲੱਗ ਪਿਆ। ਪੈਂਦੀ ਸੱਟੇ ਹੀ ਉਹ ਬੋਲੀ,…
“ਗਿਆਨੀ ਆਪ ਕਿੱਥੇ ਆ? ਅੱਜ ਛੇਵਾਂ ਗੇੜਾ ਆ ਸਾਡਾ!
ਹਰੇਕ ਵਾਰੀ ਕੋਈ ਨਾ ਕੋਈ ਬਹਾਨਾ ਬਣਾਈ ਜਾਂਦਾ ਆ।
ਹੱਦ ਹੀ ਹੋ ਗਈ… ਜਦ ਪਿਛਲੇ ਗੇੜੇ ਆਪਣੀ ਮਾਂ ਦੀ ਬਿਮਾਰੀ ਦਾ ਝੂਠ ਮੂਠ ਬਹਾਨਾ ਬਣਾ ਗਿਆ!”
ਤੀਰਾਂ ਵਰਗੇ ਸਵਾਲਾਂ ਦੀ ਵਾਛੜ ਦਾ ਝੰਬਿਆ ਮੁੰਡਾ ਬੋਲਿਆ,…
“ਜੀ… ਮਾਸਟਰ ਜੀ… ਤਾਂ ਅਜੇ ਆਏ ਨਹੀਂ”
ਹੈਂਅ!… ਆਏ ਨਹੀਂ?
ਉਹ ਕੋਈ ਡੀ ਸੀ ਲੱਗਾ ਆ?
ਜਿਹੜਾ ਗਿਆਰਾਂ ਵਜੇ ਤੱਕ ਘਰ ਈ ਬੈਠਾ ਆ?
ਹਰਜੀਤ ਦੇ ਇਨ੍ਹਾਂ ਸਵਾਲਾਂ ਦਾ ਬੌਂਦਲਿਆ ਬਿਕਰਮ ਬੋਲਿਆ,… “ਦੱਸ ਇਹਨੂੰ ਬੇਚਾਰੇ ਨੂੰ ਕੀ ਪਤਾ? ਤੇ ਇਹਦਾ ਕੀ ਕਸੂਰ ਆ?
ਕਾਕਾ ਤੂੰ ਐਂ ਕਰ,… ਗਿਆਨੀ ਨੂੰ ਫੋ਼ਨ ਮਿਲਾ ਤੇ ਇਹਨੂੰ ਫੜਾ ਦੇ।
ਆਪ ਈ ਗੱਲ ਕਰ ਲਊਗੀ! ਨਾਲ਼ ਹੀ ਇਹਦੀ ਤਸੱਲੀ ਵੀ ਹੋ ਜਾਊਂਗੀ!
ਮੁੰਡੇ ਨੇ ਮੋਬਾਇਲ ਫ਼ੋਨ ਤੇ ਟਾਈਪ ਕਰਨ ਵਾਂਗ ਉਂਗਲਾਂ ਮਾਰਦਿਆਂ ਤੇ ਰਿੰਗ ਵੱਜਦਿਆਂ ਹੀ ਫ਼ੋਨ ਹਰਜੀਤ ਦੇ ਹੱਥ ਫੜਾ ਦਿੱਤਾ।
ਦੂਸਰੇ ਪਾਸਿਓਂ ਮਰੀ ਜਿਹੀ ਹੈਲੋ ਦੀ ਆਵਾਜ਼ ਸੁਣਦਿਆਂ ਹੀ ਹਰਜੀਤ ਬੋਲੀ,…
“ਹੈਲੋ, ਮੈਂ ਆਪਣਾ ਸਮਾਨ ਲੈਣ ਆਈ ਹਾਂ। ਦੁਪਹਿਰਾ ਦਿਨ ਦਾ ਆਇਆ ਤੂੰ ਅਜੇ ਰਜਾਈ ਨਿੱਘੀ ਕਰੀ ਜਾਨਾ ਆਂ?”
ਐਨੀ ਗੱਲ ਕਹਿ ਕੇ ਹਰਜੀਤ ਨੇ ਫ਼ੋਨ ਰੱਖ ਦਿੱਤਾ।
ਫ਼ੋਨ ‘ਤੇ ਸੰਖੇਪ ਜਿਹੀ ਗੱਲ ਬਾਤ ਸੁਣ ਕੁਝ ਹੈਰਾਨ ਹੋਇਆ ਬਿਕਰਮ ਬੋਲਿਆ,…
”ਬੜੀ ਛੇਤੀਂ ਗੱਲ ਨਿੱਬੜ ਗਈ, ਕੁਛ ਹੱਥ ਪੱਲੇ ਪਿਆ ਵੀ? ਕਿ ਉਹੀ ਲਾਰੇ?”
ਆ ਰਿਹਾ ਹੈ ਪੰਜ ਸੱਤ ਮਿਨਟ ਵਿੱਚ ਈ, ਹਰਜੀਤ ਬੋਲੀ।
ਪੰਜ ਕੁ ਮਿੰਟ ਬਾਅਦ ਗਿਆਨੀ ਹੀ.. ਹੀ.. ਹਾ.. ਹਾ.. ਤੇ ਖੀ.. ਖੀ.. ਕਰਦਾ ਦੁਕਾਨ ਦੇ ਅੰਦਰ ਆਇਆ। ਆਉਂਦਿਆਂ ਹੀ ਉੱਚੀ ਆਵਾਜ਼ ਵਿੱਚ ਕੰਮ ਕਰਦੇ ਮੁੰਡੇ ਨੂੰ ਹੁਕਮ ਚਾੜ੍ਹਿਆ,… “ਜਾਹ ਉਏ ਕਾਕਾ! ਭਾਪੇ ਦੀ ਦੁਕਾਨ ਤੋਂ ਕੌਫੀ ਫੜ ਕੇ ਲਿਆ। ਮੈਂ ਆਉਂਦਾ-ਆਉਂਦਾ ‘ਆਡਰ’ ਦੇ ਆਇਆ ਸੀ ਤੇ ਟਾਇਮ ‘ਤੇ ਬਣਾਉਣ ਨੂੰ ਕਹਿ ਆਇਆ ਸੀ”
ਹਰਜੀਤ ਨੂੰ ਲੱਗਾ ਗਿਆਨੀ ਉਸ ਨੂੰ ਚਾਰਾ ਪਾ ਰਿਹਾ ਹੈ।
ਉਸ ਨੇ ਹੌਸਲਾ ‘ਕੱਠਾ ਕੀਤਾ ਅਤੇ ਫੇਰ ਲੰਮਾ ਸਾਹ ਖਿੱਚ ਕੇ ਬੋਲੀ ,…
“ਗੋਲੀ ਮਾਰ ਆਪਣੀ ਕੌਫੀ ਨੂੰ!
ਇਹ ਦੱਸ ਮੇਰੇ ਸੂਟ ਕਿੱਥੇ ਹਨ? ਬਣੇ ਆ? ਕਿ ਨਹੀਂ?
ਕੱਲ੍ਹ ਸੁਵਖਤੇ ਹੀ ਅਸੀਂ ਨਿਕਲਣਾ ਆ… ਤੇ ਅਜੇ ਤੱਕ ਤੂੰ ਸਾਨੂੰ ਕੱਪੜਿਆਂ ਦੇ ਭੰਬ਼ਲਭੂਸਿਆਂ ‘ਚ ਹੀ ਪਾਇਆ ਹੋਇਆ ਆ। ਪੂਰੇ ਤਿੰਨ ਹਫਤੇ ਹੋ ਗਏ ਤੈਨੂੰ ਲਾਰੇ ਲਾਉਂਦੇ ਨੂੰ।”
ਹਰਜੀਤ ਨੂੰ ਗੁੱਸੇ ਵਿੱਚ ਲਾਲ ਪੀਲ਼ੀ ਹੁੰਦਿਆਂ ਅਤੇ ਗੱਲ ਨੂੰ ਗੱਲ ਤੋਂ ਅਗਾਂਹ ਨਿਕਲਦਿਆਂ ਦੇਖ ਗਿਆਨੀ ਬੋਲਿਆ,…
”ਕੱਪੜੇ ਤਾਂ ‘ਸਾਰੇ ਦੇ ਸਾਰੇ’ ਈ ਤਿਆਰ ਆ… ਬਸ.. ਆ ਸਿਰਫ਼ ਪ੍ਰੈੱਸ ਮਾਰਨ ਵਾਲੀ ਆ।
ਸਿਰਫ ਦੋ ਕੁ ਘੰਟੇ ਦਾ ਈ ਕੰਮ ਆ। ਪ੍ਰੈੱਸ ਵਾਲਾ ਮੁੰਡਾ ਆਇਆ ਹੀ ਲੈ!”
ਵਾਰ ਵਾਰ ਦੇ ਗੇੜਿਆਂ ਅਤੇ ਗਿਆਨੀ ਦੇ ਲਾਰਿਆਂ-ਲੱਪਿਆਂ ਤੋਂ ਤੰਗ ਆ ਚੁੱਕੀ ਹਰਜੀਤ ਗਿਆਨੀ ਦੇ ਵੱਲ ਮੂੰਹ ਕਰਕੇ ਇੱਕੋ ਸੁਰ ਵਿੱਚ ਬੋਲੀ,…
“ਗੱਲ ਸੁਣ ਉਏ ਵੱਡਿਆ ਗਿਆਨੀਆ!! ਤੂੰ ਕਾਹਦਾ ਗਿਆਨੀ ਹੈਂ?
ਘੱਟ ਤੋਂ ਘੱਟ ਆਪਣੇ ਨਾਂਅ ਦੀ ਹੀ ਲਾਜ ਰੱਖ ਲੈ!
ਨਾਂਅ ਦਾ ਗਿਆਨੀ… ਤੇ ਸਿਰੇ ਦਾ ਝੂੰਠਾ ਬੰਦਾ!
ਝੂਠ ‘ਤੇ ਝੂਠ … ਨਾ ਸ਼ਰਮ… ਨਾ ਕੋਈ ਹਯਾ!
ਕੀ ਅਸੀਂ… ਤੇਰੇ ਪਿਓ ਦੇ ਨੌਕਰ ਲੱਗੇ ਆਂ? ਸਾਨੂੰ ਹੋਰ ਥੋੜੇ ਕੰਮ ਆ?
ਅਸੀਂ ਨਹੀਂ ਮੁੜ ਕੇ ਆਉਣਾ ਤੇ ਜੇ ਤਿੰਨ ਘੰਟਿਆਂ ‘ਚ ਕੱਪੜੇ ਘਰ ਨਾ ਪਹੁੰਚੇ… ਤਾਂ ਆਪਣਾ ਪੜ੍ਹਿਆ ਵਿਚਾਰ ਲਈਂ!”
ਦੁਕਾਨ ‘ਚੋਂ ਬਾਹਰ ਨਿਕਲਦਿਆਂ ਅਤੇ ਦੁਕਾਨ ਦੇ ਫੱਟੇ ਉੱਪਰ ਲਿਖੇ ਨਾਂਅ (ਗਿਆਨੀ ਬੁਟੀਕ ਐਂਡ ਮੋਰ / Giani’s Boutique & More) ਵੱਲ ਨੂੰ ਹੱਥ ਕਰਦਿਆਂ ਗੁੱਸੇ ਦਾ ਆਖਰੀ ਗਰਨੇਡ ਸੁੱਟਦਿਆਂ ਬੋਲੀ,…”ਆਹ ਬੋਰਡ ਲਾਹ ਕੇ ਨਵਾਂ ਬੋਰਡ ਲੁਆ ਲੈ… ‘ਝੂਠੇ ਦਾ ਬੁਟੀਕ ਐਂਡ ਲੈਸ’ / Liar’s Boutique & Less)”।
ਉੱਥੋਂ ਨਿਕਲ ਕੇ ਹਰਜੀਤ ਅਤੇ ਬਿਕਰਮ ਗੱਡੀ ‘ਚ ਬੈਠ ਕੇ ਆਪਣੇ ਦੂਸਰੇ ਕੰਮ ਕਾਜ ਨਿਬੇੜਨ ਲਈ ਕਿੱਧਰ ਹੋਰ ਪਾਸੇ ਵੱਲ ਨਿਕਲ ਗਏ। ਤਿੰਨ ਕੁ ਘੰਟੇ ਬਾਅਦ ਘਰ ਨੂੰ ਵਾਪਸ ਮੁੜਦਿਆਂ ਰਸਤੇ ਵਿੱਚ ਬਿਕਰਮ ਕਹਿਣ ਲੱਗਾ,…
“ਹਰਜੀਤ, ਕੀ ਤੈਨੂੰ ਲੱਗਦਾ ਹੈ ਕਿ ਤੇਰੇ ਦਿੱਤੇ ‘ਗਿਆਨ’ ਦਾ ਅਸਰ ਗਿਆਨੀ ਉੱਪਰ ਹੋਇਆ ਵੀ ਹੋਵੇਗਾ? ਹਰੇਕ ਵਾਰੀ ਤੁਹਾਡੀ ਇਹੀ ਛਿੰਝ ਪੈਂਦੀ ਰਹਿੰਦੀ ਹੈ। ਤੂੰ ਸੂਟ ਕਿਸੇ ਹੋਰ ਬੁਟੀਕ ਤੋਂ ਕਿਉਂ ਨਹੀਂ ਬਣਵਾ ਲੈਂਦੀ?”
‘ਅਸਰ-ਉਸਰ’ ਦਾ ਤਾਂ ਪਤਾ ਨਹੀਂ, ਪਰ ਹੋਰ ਚਾਰਾ ਵੀ ਕੀ ਹੈ? ਸਭ ਕੱਪੜੇ ਵਾਲੇ ਤੇ ਦਰਜ਼ੀ ਐਦਾਂ ਦੇ ਈ ਹਨ। ਭਾਵੇਂ ਦੋ ਸਾਲ ਬਾਅਦ ਲੈਣ ਆਉ, ਇਨ੍ਹਾਂ ਦੇ ਬਹਾਨੇ ਐਦਾਂ ਦੇ ਹੀ ਹੁੰਦੇ ਨੇ। ਕਦੇ… ਪ੍ਰੈਸ ਕਰਨ ਵਾਲੇ ਆ… ਦੁਪੱਟਾ ਡਾਈ ਲਈ ਗਿਆ ਆ ਜਾਂ ਫੇਰ ਕਦੇ ਬਸ ਬਟਨ ਈ ਲਾਉਣ ਵਾਲੇ ਨੇ! ਇਹ ‘ਗਿਆਨੀ’ ‘ਮਰ-ਜਾਣਾ’ ਸੂਟ ਵਧੀਆ ਬਣਾਉਂਦਾ ਆ! ਹਰਜੀਤ ਬੋਲੀ।
ਬਿਕਰਮ ਪਿਛਲੇ ਕੁਝ ਘੰਟਿਆਂ ਵਿੱਚ ਹਰਜੀਤ ਦੇ ਮੂੰਹੋਂ ‘ਗਿਆਨੀ’ ਕਦੇ ‘ਝੂਠਾ ਬੰਦਾ’, ਕਦੇ ‘ਮਰ-ਜਾਣਾ ਗਿਆਨੀ’ ਅਤੇ ਕਦੇ ‘ਤੂੰ ਕਾਹਦਾ ਗਿਆਨੀ?’ ਦੇ ਬੋਲਾਂ ਦੇ ਭੰਬਲ਼ਭੂਸਿਆਂ ਵਿੱਚ ਗੁਆਚਾ ਹੋਇਆ ਚਲਦੀ ਗੱਡੀ ਦੀ ਤਾਕੀ ਵਿੱਚੋਂ ਲਹਿੰਦੇ ਸੂਰਜ ਦੀਆਂ ਕਿਰਨਾਂ ਦੀ ਲਾਲੀ ਵਿੱਚ ਰੰਗ ਬਦਲਦੇ ਨਜ਼ਾਰਿਆਂ ਦਾ ਆਨੰਦ ਮਾਣ ਰਿਹਾ ਸੀ।
ਘਰ ਪਹੁੰਚਦਿਆਂ ਪਤਾ ਲੱਗਾ ਕਿ ਘੰਟਾ ਕੁ ਪਹਿਲਾਂ ਗਿਆਨੀ ਸਾਰੇ ਕੱਪੜੇ ਲਿਫ਼ਾਫ਼ਿਆਂ ਵਿਚ ਬੰਦ ਕਰ ਕੇ ਫੜਾ ਗਿਆ ਤੇ ਨਾਲ਼ ਹੀ ਸੁਨੇਹਾ ਦੇ ਗਿਆ… ਪੈਸੇ ਜਦੋਂ ਮਰਜ਼ੀ ਭੇਜ ਦਿਓ… ਕੋਈ ਕਾਹਲ਼ ਨਹੀਂ! ਹਰਜੀਤ ਭੈਣ ਜੀ ਨੂੰ ਕਹਿਣਾ ਕਿ ਕੱਪੜੇ ਅਗਲੀ ਵਾਰੀ ਵੀ ਮੇਰੇ ਤੋਂ ਹੀ ਬਣਾਉਣ!!
ਹਰਜੀਤ ਨੇ ਸਾਰੇ ਕੱਪੜੇ ਫਰੋਲਦਿਆਂ ਚੰਗੀ ਤਰਾਂ ਤਸੱਲੀ ਨਾਲ ਚੈੱਕ ਕੀਤੇ। ਉਸ ਦੇ ਚੇਹਰੇ ਹਾਵ ਭਾਵ ਤੋਂ ਲੱਗਦਾ ਸੀ ਕਿ ਸੂਟ ਉਸ ਨੂੰ ਪਸੰਦ ਆਏ ਸਨ। ਬਿਨ ਪੁੱਛਿਆਂ ਹੀ ਕਹਿਣ ਲੱਗੀ,…
“ਬਿਕਰਮ, ਵੈਸੇ ਗਿਆਨੀ ਨੇ ਸੂਟਾਂ ਉੱਪਰ ਕੰਮ ਬਹੁਤ ਰੂਹ ਨਾਲ਼ ਕੀਤਾ ਹੈ!
ਐਵੇਂ ਸਾਰਾ ਕੰਮ ਕਰਕੇ ਵੀ ਸਿਰ ‘ਚ ਖੇਹ ਪੁਆ ਲੈਂਦਾ ਆ ‘ਮਰ-ਜਾਣਾ’ ਗਿਆਨੀ!!”
ਜ਼ਿੰਦਗੀ ਜ਼ਿੰਦਾਬਾਦ।
***
ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1671
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

ਡਾ. ਕੁਲਵਿੰਦਰ ਸਿੰਘ ਬਾਠ

ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

View all posts by ਡਾ. ਕੁਲਵਿੰਦਰ ਸਿੰਘ ਬਾਠ →