21 March 2025

ਕਾਫ਼ਲਿਆਂ ’ਚ ਗੁਆਚੇ ਲੋਕ— ਡਾ. ਨਿਸ਼ਾਨ ਸਿੰਘ ਰਾਠੌਰ

Dr. Nishan Singh Rathaurਪੱਛਮੀ ਬੰਗਾਲ ਦੇ ਬਿਨਾਗੁੜ੍ਹੀ ਕਸਬੇ ਤੋਂ ਮੇਰਾ ਤਬਾਦਲਾ ਪੰਜਾਬ ਦੇ ਫ਼ਾਜ਼ਿਲਕਾ ਸ਼ਹਿਰ ’ਚ ਹੋ ਗਿਆ। ਘਰ ਵਾਲਿਆਂ ਨੂੰ ਜਦੋਂ ਇਸ ਬਦਲੀ ਬਾਰੇ ਪਤਾ ਲੱਗਿਆ ਤਾਂ ਉਹ ਬਹੁਤ ਖੁਸ਼ ਹੋਏ ਕਿ ਚਲੋ ਪੱਛਮੀ ਬੰਗਾਲ ਨਾਲੋਂ ਤਾਂ ਨੇੜੇ ਹੀ ਡਿਉਟੀ ਲੱਗ ਗਈ। ਹੁਣ ਘਰ ਆਉਣਾ- ਜਾਣਾ ਸੁਖਾਲਾ ਹੋ ਜਾਵੇਗਾ। ਮਾਤਾ- ਪਿਤਾ ਤੇ ਪਤਨੀ ਨਾਲੋਂ ਬੇਬੇ ਜੀ (ਦਾਦੀ ਮਾਤਾ ਜੀ) ਵਧੇਰੇ ਖੁਸ਼ ਸਨ।

ਮੇਰੀ ਪਤਨੀ ਚਰਨਜੀਤ ਨੇ ਸਹਿਜ- ਸੁਭਾ ਹੀ ਬੇਬੇ ਜੀ ਤੋਂ ਖੁਸ਼ੀ ਦਾ ਕਾਰਨ ਪੁੱਛਿਆ, “ਬੇਬੇ ਜੀ, ਫ਼ਾਜ਼ਿਲਕਾ ’ਚ ਬਦਲੀ ਨਾਲ ਇੰਨੇ ਖੁਸ਼ ਕਿਉਂ ਓ?”
ਅਖੇ, “ਪੁੱਤ, 1947 ਦੀ ਵੰਡ ਵੇਲੇ ਅਸੀਂ ਫ਼ਾਜ਼ਿਲਕਾ ਥਾਣੀਂ ਹੀ ਹਿੰਦੋਸਤਾਨ ਆਏ ਸਾਂ।”
“ਅੱਛਾ ਜੀ!” ਚਰਨਜੀਤ ਨੇ ਹੈਰਾਨੀ ਨਾਲ ਪੁੱਛਿਆ।
“ਹਾਂ ਪੁੱਤ, ਹੁਣ ਨਿਸ਼ਾਨ ਦੀ ਬਦਲੀ ਉੱਥੇ ਹੋ ਗਈ ਹੈ, ਇਸ ਲਈ ਮੈਂ ਫ਼ਾਜ਼ਿਲਕਾ ’ਚ ਲੱਕੜ ਦਾ ਪੁਲ਼ ਦੇਖ ਕੇ ਆਉਣਾ ਹੈ।” ਬੇਬੇ ਜੀ ਨੇ ਆਪਣੇ ਮਨ ਦੀ ਇੱਛਾ ਜਾਹਰ ਕਰਦਿਆਂ ਕਿਹਾ।
“ਲੱਕੜ ਦਾ ਪੁੱਲ?” ਚਰਨਜੀਤ ਨੇ ਰਤਾ ਹੈਰਾਨੀ ਨਾਲ ਪੁੱਛਿਆ।
“ਹਾਂ ਪੁੱਤ, ਬਾਰਡਰ ਦੇ ਉੱਧਰ ਪਾਕਿਸਤਾਨ ਵੱਲ ਕਸੂਰ ਸ਼ਹਿਰ ਪੈਂਦਾ ਹੈ ਅਤੇ ਇੱਧਰ ਫ਼ਾਜ਼ਿਲ- ਕਾ- ਬੰਗਲਾ।”
“ਅੱਛਾ ਜੀ।” ਚਰਨਜੀਤ ਬੇਬੇ ਜੀ ਦੀਆਂ ਗੱਲਾਂ ਧਿਆਨ ਨਾਲ ਸੁਣ ਰਹੀ ਸੀ।
ਬੇਬੇ ਜੀ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ, “ਦੋਹਾਂ ਸ਼ਹਿਰਾਂ ਨੂੰ ਇੱਕ ਲੱਕੜ ਦਾ ਪੁਲ਼ ਆਪਸ ’ਚ ਜੋੜਦਾ ਸੀ। ਉਸੇ ਪੁਲ਼ ਤੋਂ ਲੰਘ ਕੇ ਅਸੀਂ ਇੱਧਰ ਹਿੰਦੋਸਤਾਨ ਵਾਲੇ ਪਾਸੇ ਆਏ ਸਾਂ।” ਬੇਬੇ ਜੀ ਨੇ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ ਕਿਹਾ।
ਖ਼ੈਰ!

ਆਥਣੇ ਚਰਨਜੀਤ ਨੇ ਫੋਨ ਤੇ ਮੈਨੂੰ ਸਾਰੀ ਗੱਲ ਦੱਸੀ। ਮੈਂ ਵੀ ਸੋਚਿਆ ਕਿ ਬੇਬੇ ਜੀ ਨੂੰ ਫ਼ਾਜ਼ਿਲਕਾ ’ਚ ਲੱਕੜ ਦਾ ਪੁਲ਼ ਜ਼ਰੂਰ ਦਿਖਾ ਕੇ ਲਿਆਉਣਾ ਹੈ ਤਾਂ ਕਿ ਉਹਨਾਂ ਦੇ ਮਨ ਦੀ ਇੱਛਾ ਪੂਰੀ ਹੋ ਸਕੇ।
ਕੁਝ ਵਕਤ ਬਾਅਦ ਮੈਨੂੰ ਸਰਕਾਰੀ ਕੁਆਟਰ ਅਲਾਟ ਹੋ ਗਿਆ ਅਤੇ ਮੈਂ ਆਪਣੇ ਪਰਿਵਾਰ ਨੂੰ ਫ਼ਾਜ਼ਿਲਕਾ ਲੈ ਆਇਆ। ਬੇਬੇ ਜੀ ਵੀ ਸਾਡੇ ਨਾਲ ਹੀ ਆ ਗਏ।

ਅਗਲੇ ਹੀ ਦਿਨ ਬੇਬੇ ਜੀ ਉਸ ਲੱਕੜ ਦੇ ਪੁਲ਼ ਨੂੰ ਦੇਖਣ ਲਈ ਤਿਆਰ ਹੋ ਗਏ। ਮੈਂ ਮੋਟਰ-ਸਾਈਕਲ ’ਤੇ ਬਿਠਾ ਕੇ ਬੇਬੇ ਜੀ ਨੂੰ ਉੱਥੇ ਲੈ ਗਿਆ। ਫ਼ਾਜ਼ਿਲਕਾ ਸ਼ਹਿਰ ਤੋਂ ਲਗਭਗ 10 ਕੁ ਕਿਲੋਮੀਟਰ ‘ਸਾਦਕੀ ਬਾਰਡਰ’ ਵੱਲ ਜਾਣ ਤੋਂ ਬਾਅਦ ਉਹ ਲੱਕੜ ਦਾ ਪੁਲ਼ ਆ ਗਿਆ।

ਬੇਬੇ ਜੀ ਮੋਟਰ-ਸਾਈਕਲ ਤੋਂ ਹੇਠਾਂ ਉਤਰ ਕੇ ਪੈਦਲ ਹੀ ਪੁਲ਼ ਤੇ ਤੁਰਨ ਲੱਗੇ। ਇਕ ਥਾਂ ’ਤੇ ਬੈਠ ਕੇ ਹੇਠਾਂ ਧਰਤੀ ਤੇ ਹੱਥ ਫੇਰਿਆ। ਮਿੱਟੀ ਨੂੰ ਚੁੱਕਿਆ ਅਤੇ ਆਪਣੇ ਮੱਥੇ ਨਾਲ ਲਾਇਆ। ਅੱਖਾਂ ’ਚੋਂ ਹੰਝੂਆਂ ਦਾ ਹੜ ਵਹਿ ਤੁਰਿਆ।

“ਕੀ ਹੋਇਆ ਬੇਬੇ ਜੀ?” ਮੈਂ ਪੁੱਛਿਆ।
“ਕੁਝ ਨਹੀਂ, ਪੁੱਤ” ਬੇਬੇ ਜੀ ਯਾਦਾਂ ਦੇ ਸਮੁੰਦਰ ’ਚ ਗੁਆਚ ਗਏ ਲੱਗਦੇ ਸਨ।
“ਨਾ ਬੇਬੇ, ਫੇਰ ਰੋ ਕਿਉਂ ਰਹੇ ਓ?” ਮੈਂ ਦੁਬਾਰਾ ਪੁੱਛਿਆ।
ਅਖੇ, “ਉਹ ਵੇਲਾ ਚੇਤੇ ਆ ਗਿਆ, ਪੁੱਤ। ਕਦੇ ਇਸ ਪੁਲ਼ ਤੋਂ ਲੰਘਣ ਲੱਗਿਆਂ ਮੇਰੇ ਮਾਂ- ਬਾਪ, ਭੈਣ- ਭਰਾ ਮੇਰੇ ਨਾਲ ਸਨ ਤੇ ਅੱਜ!” ਉਹਨਾਂ ਆਪਣੀ ਗੱਲ ਪੂਰੀ ਨਾ ਕੀਤੀ।
“ਬੇਬੇ ਅਸੀਂ ਹਾਂ।” ਮੈਂ ਦਿਲਾਸਾ ਦਿੰਦਿਆਂ ਕਿਹਾ।
“ਹਾਂ ਪੁੱਤ ਤੁਸੀਂ ਹੋ। ਜੁਗ- ਜੁਗ ਜੀਓ। ਰੱਬ ਤੁਹਾਨੂੰ ਰਹਿੰਦੀ ਦੁਨੀਆ ਤੱਕ ਖੁਸ਼ ਰਖੇ। ਪਰ ਮਾਂ- ਪਿਓ ਤੇ ਰਲ਼ ਜੰਮੇ ਭੈਣ- ਭਰਾ ਮੁੜ ਨਹੀਂ ਲੱਭਦੇ। ਮੈਨੂੰ ਆਪਣਾ ਬਚਪਨ ਚੇਤੇ ਆ ਗਿਆ, ਪੁੱਤ।”
“ਸੱਚ ਕਿਹਾ ਬੇਬੇ ਜੀ।” ਆਖ ਕੇ ਮੈਂ ਬੇਬੇ ਜੀ ਨੂੰ ਹੱਥ ਫੜ ਕੇ ਉਠਾਇਆ।
ਅੱਖਾਂ ਪੁੰਝਦੇ ਉਹ ਉਠ ਪਏ ਤੇ ਮੇਰੇ ਨਾਲ ਘਰ ਵੱਲ ਨੂੰ ਚੱਲ ਪਏ।
•••
ਮੈਨੂੰ ਰਾਤ ਭਰ ਨੀਂਦ ਨਹੀਂ ਆਈ। ਮਨ ’ਚ ਵਿਚਾਰ ਆਇਆ ਕਿ ਇੰਨੇ ਵੱਡੇ ਸੰਸਾਰ ’ਚ ਕਾਫ਼ਲਿਆਂ ਦੇ ਕਾਫ਼ਲੇ ਤੁਰੇ ਫਿਰਦੇ ਹਨ। ਫੇਰ ਉਹ ਲੋਕ ਕਿੱਥੇ ਗੁਆਚ ਜਾਂਦੇ ਹਨ? ਜਿਹੜੇ ਤੁਹਾਡੇ ਦਿਲ ਦੇ ਕਰੀਬ ਹੁੰਦੇ ਹਨ। ਬੰਦਾ ਸਾਰੀ ਉਮਰ ਭੱਜਾ ਫਿਰਦਾ ਹੈ। ਚਲਾਕੀਆਂ ਕਰ- ਕਰਕੇ ਪੈਸਾ ਜੋੜਦਾ ਹੈ ਪਰ ਆਖ਼ਰ ’ਚ ਉਸ ਦੇ ਨਾਲ ਤਾਂ ਕੁਝ ਵੀ ਨਹੀਂ ਜਾਂਦਾ ਸਗੋਂ ਸਮੇਂ ਦੇ ਨਾਲ ਰਲ਼ ਜੰਮੇ ਭੈਣ- ਭਰਾ ਤੇ ਮਾਂ- ਪਿਓ ਵੀ ਨਹੀਂ ਰਹਿੰਦੇ। ਫੇਰ ਬੰਦਾ ਨਵਿਆਂ ’ਚ ਘਿਰ ਜਾਂਦਾ ਹੈ। ਨਵੇਂ ਲੋਕ ਜ਼ਿੰਦਗੀ ’ਚ ਆ ਜਾਂਦੇ ਹਨ ਤੇ ਪੁਰਾਣੇ ਜ਼ਿਹਨ ’ਚੋਂ ਵਿਸਰ ਜਾਂਦੇ ਹਨ।

ਮੈਨੂੰ ਇੰਝ ਮਹਿਸੂਸ ਹੋਣ ਲੱਗਾ ਜਿਵੇਂ ਮੈਂ ਕਿਸੇ ਹਸਪਤਾਲ ਦੇ ਬੈੱਡ ’ਤੇ ਆਖ਼ਰੀ ਸਾਹ ਲੈ ਰਿਹਾ ਹਾਂ। ਚਾਰੇ ਪਾਸੇ ਨਜ਼ਰ ਘੁਮਾ ਕੇ ਦੇਖਦਾ ਹਾਂ ਤਾਂ ਸਾਰੇ ਓਪਰੇ ਚਿਹਰੇ ਦਿਖਾਈ ਦਿੰਦੇ ਹਨ।
ਜ਼ਿਹਨਾਂ ਨਾਲ ਖੇਡਿਆ ਉਹ ਕਿੱਥੇ ਗੁਆਚ ਗਏ? ਮਨ ’ਚ ਵਿਚਾਰ ਆਇਆ।

ਭੈਣ- ਭਰਾ, ਦੋਸਤ- ਮਿੱਤਰ ਸਭ ਸੁਪਨੇ ਵਾਂਙੂ ਖਿੰਡ- ਪੁੰਡ ਗਏ। ਹੁਣ ਬੈੱਡ ਦੇ ਆਲੇ- ਦੁਆਲੇ ਕੁਝ ਨਵੇਂ ਲੋਕ ਹਨ। ਜਿਹੜੇ ਉਸ ਇਨਸਾਨ ਨੂੰ ਨਹੀਂ ਜਾਣਦੇ ਜਿਹੜਾ ਕਦੇ ਬਹੁਤ ਸ਼ਰਾਰਤੀ ਹੁੰਦਾ ਸੀ, ਆਲਸੀ ਤੇ ਮਖੌਲੀ ਹੁੰਦਾ ਸੀ। ਮਾਂ ਦੀਆਂ ਗਾਲ਼ਾਂ ਖਾਂਦਾ ਸੀ ਤੇ ਬਾਪੂ ਦੀਆਂ ਝਿੜਕਾਂ ਸਹਿੰਦਾ ਸੀ।

ਪਿੰਡ ’ਚ ਕੋਈ ਦਿਉਰ ਤੇ ਕੋਈ ਪੁੱਤ ਆਖ ਬੁਲਾਉਂਦਾ ਸੀ।

ਖਿਆਲਾਂ ਦੀ ਲੜੀ ਫੇਰ ਉਸੇ ਹਸਪਤਾਲ ਦੇ ਬੈੱਡ ਤੇ ਮੁੜ ਆਉਂਦੀ ਹੈ।

ਹੁਣ ਮੈਂ ‘ਬਾਪੂ’ ਹੋ ਗਿਆ ਹਾਂ ਤੇ ਇਹ ਲੋਕ ਮੇਰੇ ਕੋਲੋਂ ਕਿਸੇ ਗਲਤੀ ਤੇ ਉਮੀਦ ਨਹੀਂ ਕਰਦੇ। ਇਹਨਾਂ ਦੇ ਭਾਣੇ ਮੈਂ ਪੱਥਰ ਦੇ ਉਸ ਬੁੱਤ ਵਾਂਙ ਹਾਂ ਜੋ ਬੋਲਦਾ ਨਹੀਂ, ਗੁੱਸੇ ਨਹੀਂ ਹੁੰਦਾ ਤੇ ਕਦੇ ਕੋਈ ਗਲਤੀ ਵੀ ਨਹੀਂ ਕਰਦਾ।
“ਕਿਹੜੀਆਂ ਸੋਚਾਂ ’ਚ ਗੁਆਚੇ ਹੋ?, ਨਾਲੇ ਅੱਖਾਂ ’ਚੋਂ ਹੰਝੂ ਕਿਉਂ ਆਏ ਹਨ?” ਚਰਨਜੀਤ ਦੀ ਇਸ ਆਵਾਜ਼ ਨਾਲ ਮੈਂ ਵਰਤਮਾਨ ’ਚ ਮੁੜ ਆਇਆ।
“ਕੁਝ ਨਹੀਂ।” ਆਖ ਕੇ ਅੱਖਾਂ ਪੁੰਝਦਾ ਹੋਇਆ ਮੈਂ ਬੇਬੇ ਜੀ ਹੁਰਾਂ ਦੇ ਕਮਰੇ ਵੱਲ ਨੂੰ ਚੱਲ ਪਿਆ।
•••
ਸੰਪਰਕ : 90414-98009

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1494
***

+7589233437 |  + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਨਿਸ਼ਾਨ ਸਿੰਘ ਰਾਠੌਰ
# 1054/1,

ਵਾ: ਨੰ: 15-ਏ,
ਭਗਵਾਨ ਨਗਰ ਕਾਲੌਨੀ,
ਪਿੱਪਲੀ, ਕੁਰੂਕਸ਼ੇਤਰ।
ਸੰਪਰਕ: 90414-98009

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ # 1054/1, ਵਾ: ਨੰ: 15-ਏ, ਭਗਵਾਨ ਨਗਰ ਕਾਲੌਨੀ, ਪਿੱਪਲੀ, ਕੁਰੂਕਸ਼ੇਤਰ। ਸੰਪਰਕ: 90414-98009

View all posts by ਡਾ. ਨਿਸ਼ਾਨ ਸਿੰਘ ਰਾਠੌਰ →