27 April 2024

ਓਦੋਂ ਤੇ ਹੁਣ ਦਾ ਕਾਵਿ-ਅਵਚੇਤਨ—ਡਾ. ਸੁਤਿੰਦਰ ਸਿੰਘ ਨੂਰ

‘ਓਦੋਂ ਤੇ ਹੁਣ’ ਬੜੀ ਦੇਰ ਤੋਂ ਇੰਗਲੈਂਡ ਵਿਚ ਰਹਿ ਰਹੇ ਕਵੀ ਮਹਿੰਦਰ ਗਿੱਲ ਦੀ ਰਚਨਾ ਹੈ। ਉਹ ਇੰਗਲੈਂਡ ਦੀ ਪੰਜਾਬੀ ਕਵਿਤਾ ਵਿਚ ਇਕ ਸਥਾਪਿਤ ਨਾਂ ਹੈ। ਉਹ ਹੁਣ ਤਕ ਪੰਜਾਬੀ ਸਾਹਿਤ ਨੂੰ ‘ਮੇਰੇ ਲੋਕ’, ‘ਬਿਨ ਬਰਸਾਤੀ ਮੇਘਲੇ’ ਅਤੇ ‘ਅੱਖ ਦੇ ਬੋਲ’ ਦੇ ਚੁੱਕਾ ਹੈ ਜਿਹਨਾਂ ਦਾ ਸਾਹਿਤ ਦੇ ਪਾਠਕਾਂ ਵਲੋਂ ਭਰਵਾ ਹੁੰਗਾਰਾ ਮਿਲ ਚੁੱਕਾ ਹੈ; ਖਾਸ ਤੌਰ ’ਤੇ ‘ਬਿਨ ਬਰਸਾਤੀ ਮੇਘਲੇ’ ਕਾਵਿ-ਸੰਗ੍ਰਹਿ ਨੂੰ। ਉਸਦੇ ਇਸ ਸੱਜਰੇ ਕਾਵਿ-ਸੰਗ੍ਰਹਿ ਦਾ ਯਥਾਰਥ ਪਿੰਡ ਦੀ ਸਿਮਰਤੀ ਤੋਂ ਸ਼ੁਰੂ ਹੁੰਦਾ ਹੈ ਅਤੇ ਪਰਵਾਸੀ ਯਥਾਰਥ ਵਿਚੋਂ ਵਿਗਸਦਾ ਹੈ। ਉਹ ਇਸ ਵਿਚ ਨਿਰੰਤਰ ਪਿਛਲ-ਝਾਤ ਪਾਉਂਦਾ ਹੈ ਅਤੇ ਪਰਵਾਸ ਦੇ ਜੀਵਨ ਵਿਚੋਂ ਜੋ ਅਨੁਭਵ ਪ੍ਰਾਪਤ ਕਰਦਾ ਹੈ, ਉਨ੍ਹਾਂ ਨੂੰ ਸਾਕਾਰ ਕਰਦਾ ਰਹਿੰਦਾ ਹੈ। ਉਹ ਇਸ ਯਥਾਰਥ ਨੂੰ ਬੜੀ ਗੰਭੀਰਤਾ ਨਾਲ ਪੇਸ਼ ਕਰਦਾ ਹੈ। ਇਹ ਯਥਾਰਥ ਮਨੁੱਖੀ ਰਿਸ਼ਤਿਆਂ-ਨਾਤਿਆਂ ਨਾਲ ਸੰਬੰਧਿਤ ਹੈ। ਆਲੇ ਦੁਆਲੇ ਜੋ ਘੁਟਨ, ਬੰਧਨ ਅਤੇ ਹੋਰ ਅਨੁਭਵ ਹਨ, ਉਨ੍ਹਾਂ ਵਿਚੋਂ ਉਸਦੀ ਕਵਿਤਾ ਦਾ ਇਕ ਚਿਹਨ ਜਾਗਦਾ ਹੈ, ਜਿਸਦਾ ਸੰਬੰਧ ‘ਆਜ਼ਾਦੀ’ ਨਾਲ ਹੈ। ਉਹ ਕਈ ਗੱਲਾਂ ਨੂੰ ਇਸ ਚਿਹਨ ਨਾਲ ਪਰਿਭਾਸ਼ਿਤ ਕਰਦਾ ਹੈ। ਮਿਸਾਲ ਦੇ ਤੌਰ ਤੇ:

1.
ਖੱਬੇ ਸੱਜੇ ਮੇਰੇ
ਨੇ ਅਦਿਸ ਦਿਵਾਰਾਂ
ਮੈਂ ਆਜ਼ਾਦ ਇਨ੍ਹਾਂ ਦਿਵਾਰਾਂ ਅੰਦਰ

2.
ਮੌਤ ਕੋਈ ਪਿੰਜਰਾ ਨਹੀਂ
ਇਹ ਤਾਂ ਹੈ ਆਜ਼ਾਦੀ
ਤੇ ਸ਼ਾਇਦ ਅੰਤ ਨਹੀਂ
ਬਲਕਿ ਹੈ ਸ਼ੁਰੂਆਤ

ਇਉਂ ਕਿਤੇ ‘ਆਜ਼ਾਦੀ’ ਇਸ ਮਹੌਲ ਵਿਚ ਤਲਾਸ਼ ਹੈ ਤੇ ਕਿਤੇ ਇਸ ਯਥਾਰਥ ਤੋਂ ਪਾਰ ਲੰਘ ਕੇ ‘ਆਜ਼ਾਦੀ’ ਦਾ ਅਨੁਭਵ ਹਾਸਲ ਕਰਨਾ ਇਸ ਕਵੀ ਦੀ ਜੁਸਤਜੂ ਹੈ। ਇਸ ਅਨੁਭਵ ਦੇ ਦਰਮਿਆਨ ਇਸਦਾ ਬਾਕੀ ਸਾਰਾ ਕਾਵਿ ਫੈਲਿਆ ਹੋਇਆ ਹੈ, ਜਿਸ ਵਿਚ ਬਹੁਤ ਕੁਝ ਸ਼ਾਮਲ ਹੈ। ਸੋਚ ਅਤੇ ਅਨੁਭਵ ਦੀ ਭਿੰਨਤਾ ਹੈ ਤੇ ‘ਆਜ਼ਾਦੀ’ ਦੇ ਚਿਹਨ ਨਾਲ ਸੰਬੰਧਿਤ ਹੁੰਦਿਆਂ ਉਹ ਇਸ ਵਿਸ਼ਾਲਤਾ ਵਿਚ ਹੀ ਕਵਿਤਾ ਅਤੇ ਜ਼ਿੰਦਗੀ ਦੇ ਰਿਸ਼ਤੇ ਨੂੰ ਪਰਿਭਾਸ਼ਿਤ ਕਰਦਾ ਹੈ:

ਦੋਸਤ ਕਹਿੰਦਾ ਹੈ
ਉਹ ਕਵਿਤਾ ਲਿਖਦਾ ਨਹੀਂ
ਜੀਂਦਾ ਹੈ
ਦੋਵੇਂ ਚਾਹੁਣ ‘ਆਜ਼ਾਦੀ’
ਪਰ ਨਿਯਮਾਂ ਅਸੂਲਾਂ
ਦੀਆਂ ਪਾਬੰਦ
ਕਵਿਤਾ ਸੈਨਤਾਂ ਦੀ
ਮਾਹਰ
ਗੁੱਝੇ ਭੇਤਾਂ ਤੋਂ
ਹੁਣੇ ਜਿਹੇ ਉਠਾਏ ਕੱਜਣ
ਅਵਚੇਤਨ ’ਚ ਲੁਕੇ
ਪਰੇਤਕੀ ਸ਼ੈਤਾਨ
ਪਰਛਾਵਿਆਂ ਦਾ
ਕਰਾਵੇ ਪਰਿਚਯ
ਦੋਵਂੇ ਇਕ ਪਲ ਦਾ
ਇਤਿਹਾਸ

ਇਸ ਛੋਟੀ ਜਿਹੀ ਕਵਿਤਾ ਵਿਚ ਮਹਿੰਦਰ ਗਿੱਲ ਨੇ ਬਹੁਤ ਕੁਝ ਆਖਿਆ ਹੈ। ਇਸਦੇ ਆਲੇ-ਦੁਆਲੇ ਵਿਚ ਹੀ ਇਸ ਦੀ ਸਮੁੱਚੀ ਕਵਿਤਾ ਪੜ੍ਹੀ ਜਾ ਸਕਦੀ ਹੈ। ਕਵਿਤਾ ਤੇ ਜ਼ਿੰਦਗੀ ਦਾ ਰਿਸ਼ਤਾ, ‘ਆਜ਼ਾਦੀ’ ਨਾਲ ਸੰਬੰਧ, ਦੋਨਾਂ ਦੇ ਨਿਯਮ, ਪਾਬੰਦੀਆਂ, ਕਵਿਤਾ, ਚਿਹਨੀ ਸਮਰਥਾ, ਕਾਵਿ ਦੇ ਗੁੱਝੇ ਭੇਦ, ਉਨ੍ਹਾਂ ਦੀ ਪ੍ਰਗਟਾਅ ਵਿਧੀ, ਕਵਿਤਾ ਵਿਚ ਅਵਚੇਤਨ ਦਾ ਮਹੱਤਵ, ਦੋਹਾਂ ਦਾ ਇਕ ਪਲ ਜਾਂ ਬਿੰਦੂ ਨਾਲ ਸੰਬੰਧਤ ਹੋਣਾ ਅਤੇ ਇਸਨੂੰ ਇਤਿਹਾਸ ਚੇਤਨਾ ਨਾਲ ਕਵਿਤਾ ਵਿਚ ਪੇਸ਼ ਕਰਨਾ, ਇਸ ਵਿਚੋਂ ਉਸ ਦੀ ਕਵਿਤਾ ਦਾ ਪੂਰਾ ਇਤਿਹਾਸ ਉਘੜਦਾ ਹੈ।

ਮਹਿੰਦਰ ਗਿੱਲ ਦੀ ਕਵਿਤਾ ਬਾਰੇ ਦੋ ਗੱਲਾਂ ਮੈਂ ਵਿਸ਼ੇਸ਼ ਤੌਰ ਤੇ ਕਹਿਣਾ ਚਾਹੁੰਦਾ ਹਾਂ। ਪਹਿਲੀ ਗੱਲ ਤਾਂ ਇਹ ਹੈ ਕਿ ਉਸ ਨੂੰ ਕਵਿ-ਭਾਸ਼ਾ ਦੀ ਸੋਝੀ ਹੈ। ਉਸ ਦੀ ਕਵਿਤਾ ਵਿਚ ਯਥਾਰਥ ਦੀ ਭਾਸ਼ਾ ਹੁੰਦਿਆਂ ਹੋਇਆਂ ਵੀ ਕੋਈ ਸ਼ਬਦ ਰੜਕਦਾ ਨਹੀਂ ਜਾਂ ਸੰਚਾਰ ਤੋਂ ਬਾਹਰ ਨਹੀਂ ਜਾਂਦਾ। ਉਹ ਸਮੁੱਚੀ ਕਵਿਤਾ ਦੀ ਉਸਾਰੀ ਇਉਂ ਕਰਦਾ ਹੈ ਕਿ ਉਸ ਵਿਚ ਅਰਥਾਂ ਦੀ ਡੂੰਘਾਈ ਵੀ ਪੈਦਾ ਹੁੰਦੀ ਜਾਂਦੀ ਹੈ ਅਤੇ ਭਾਸ਼ਾ ਦਾ ਸੁਹਜ ਵੀ, ਉਹ ਕਵਿਤਾ ਨੂੰ ਬੜੇ ਸੰਜਮ ਵਿਚ ਸਿਰਜਦਾ ਹੈ, ਜਿਸ ਦੀਆਂ ਸਤਰਾਂ ਦਾ ਬਹੁਤ ਵੱਡਾ ਫੈਲਾ ਨਹੀਂ ਹੁੰਦਾ ਤੇ ਇਸ ਨਾਲ ਹੀ ਉਸ ਦੀ ਕਵਿਤਾ ਦੀ ਗੰਭੀਰਤਾ ਜੁੜੀ ਹੋਈ ਹੈ। ਇਸ ਲਈ ਉਹ ਆਪਣੀ ਕਵਿਤਾ ਵਿਚ ਕਈ ਵਾਰ ਸੁਚੇਤ ਤੌਰ ’ਤੇ ਸੋਚ ਦੀ ਗੱਲ ਵੀ ਕਰਦਾ ਹੈ। ਇਉਂ ਉਸ ਦੀ ਕਵਿਤਾ ਵਿਚ ਇਕ ਅੰਦਰਲਾ ਤਰਕ ਸਮਾਇਆ ਹੁੰਦਾ ਹੈ, ਜੋ ਉਸ ਦੀ ਕਵਿਤਾ ਦਾ ਅਵਚੇਤਨ ਬਣਦਾ ਹੈ। ਇਸ ਤਰਕ ਨੂੰ ਉਹ ਕਵਿਤਾ ਦੀ ਅਗਰਭੂਮੀ ਤੇ ਨਹੀਂ ਆਉਣ ਦਿੰਦਾ। ਉਹ ਕਵਿਤਾ ਦੀਆਂ ਤੈਹਾਂ ਵਿਚ ਸਮਾ ਜਾਂਦਾ ਹੈ। ਇਸ ਵਿਚੋਂ ਹੀ ਉਹਦੀ ਕਵਿਤਾ ਦਾ ਬੌਧਿਕ ਅੰਦਾਜ਼ ਬਣਦਾ ਹੈ।

ਇਸ ਲਈ ਉਸਦੀ ਕਵਿਤਾ ਰਿਸ਼ਤਿਆਂ, ਪਿਆਰ ਤੇ ਜ਼ਿੰਦਗੀ ਦੇ ਹੋਰ ਪੱਖਾਂ ਬਾਰੇ ਗੱਲ ਕਰਦਿਆਂ ਕੇਵਲ ਭਾਵੁਕ ਹੀ ਨਹੀਂ ਹੁੰਦੀ ਸਗੋਂ ਸਾਡੇ ਅੰਦਰ ਜ਼ਿੰਦਗੀ ਦੇ ਯਥਾਰਥ ਦੀ ਇਕ ਸੋਚ ਵੀ ਪੈਦਾ ਕਰਦੀ ਹੈ। ਇਸ ਅੰਦਾਜ਼ ਕਰਕੇ ਹੀ ਉਸਦੀ ਕਵਿਤਾ ਸਾਨੂੰ ਆਪਣੇ ਵਲ ਰੁਚਿਤ ਕਰਦੀ ਹੈ ਜਾਂ ਆਪਣੇ ਵਲ ਖਿੱਚ ਲੈਂਦੀ ਹੈ। ਉਸਦੀ ਇਹ ਪ੍ਰਕਿਰਿਆ ਬੜੀ ਸੂਖ਼ਮ ਹੈ। ਮੈਂ ਇਹ ਸਮਝਦਾ ਹਾਂ ਕਿ ਕਵਿਤਾ ਦੀ ਇਹ ਹੀ ਵਿਸ਼ੇਸ਼ਤਾ ਹੁੰਦੀ ਹੈ। ਅਜੋਕੀ ਪੰਜਾਬੀ ਕਵਿਤਾ ਵਿਚ ਬਹੁਤ ਸਾਰੀ ਅਜਿਹੀ ਕਵਿਤਾ ਵੀ ਲਿਖੀ ਜਾ ਰਹੀ ਹੈ, ਜਿਸ ਵਿਚੋਂ ਲੰਘਦਿਆਂ ਅਸੀਂ ਇਕ ਵਿੱਥ ’ਤੇ ਖੜ੍ਹੇ ਹੋ ਜਾਂਦੇ ਹਾਂ। ਹੌਲੀ ਹੌਲੀ ਉਹ ਕਵਿਤਾ ਸਾਥੋਂ ਵਿਛੜ ਜਾਂਦੀ ਹੈ ਅਤੇ ਆਪਣੇ ਅਵਚੇਤਨ ਵਿਚ ਸਾਨੂੰ ਲੱਥਣ ਦਿੰਦੀ ਹੈ। ਮਹਿੰਦਰ ਗਿੱਲ ਦੀ ਕਵਿਤਾ ਇਸੇ ਕੋਟੀ ਵਿਚ ਆਉਂਦੀ ਹੈ।

ਮਹਿੰਦਰ ਗਿੱਲ ਦੀ ਕਵਿਤਾ ਵਿਚ ਜਿਹੜੀ ਅਗਲੀ ਅਹਿਮ ਗੱਲ ਹੈ, ਉਹ ਪਿੰਡ ਦੀ ਯਾਦ ਹੈ। ਇਹ ਗੱਲ ਇਸ ਵੇਲੇ ਬੜੀ ਮਹੱਤਵਪੂਰਨ ਹੈ। ਇਸਨੂੰ ਸਭਿਆਚਾਰਕ ਵਿਗਿਆਨ ਵੀ ਕਿਹਾ ਜਾ ਸਕਦਾ ਹੈ।

ਇਹ ਵੀ ਕਿਹਾ ਜਾਂਦਾ ਹੈ ਕਿ ਪੰਜਾਬੀ ਲਿਟਰੇਚਰ ਵਿਚ ਹੇਰਵਾ ਜਾਂ ਭੂਹੇਰਵਾ ਬਹੁਤ ਹੈ, ਖਾਸ ਕਰਕੇ ਪਰਵਾਸੀ ਸਾਹਿਤ ਵਿਚ। ਅੰਗਰੇਜ਼ੀ ਵਾਲੇ ਕਹਿੰਦੇ ਆ ਰਹੇ ਹਨ ਕਿ ਤੁਹਾਡੇ ਵਿਚ ਹੇਰਵਾ ਨਹੀਂ ਹੋਣਾ ਚਾਹੀਦਾ, ਤੁਹਾਡੇ ਅੰਦਰ ਯਾਦ ਨਹੀਂ ਹੋਣੀ ਚਾਹੀਦੀ, ਇਸਨੂੰ ਭੁੱਲ ਜਾਓ। ਇਹ ਤਾਂ ਰੁਮਾਂਟਿਕ ਗੱਲ ਹੈ। ਦਰਅਸਲ ਯਾਦ ਵੀ ਤਾਂ ਉਨ੍ਹਾਂ ਕੋਲ ਹੀ ਹੋਵੇਗੀ ਜਿਨ੍ਹਾਂ ਕੋਲ ਇਤਿਹਾਸ ਹੋਵੇਗਾ। ਜਿਹੜੇ ਇਤਿਹਾਸ ਦੀ ਉਸ ਸਟੇਜ ਵਿਚੋਂ ਲੰਘੇ ਹੋਣਗੇ, ਉਹ ਯਾਦ ਨਾਲੋਂ ਕਿਵੇਂ ਟੁੱਟ ਜਾਣਗੇ। ਇਸ ਕਰਕੇ ਯਾਦ ਕੋਈ ਨੈਗੇਟਿਵ ਸ਼ੈ ਨਹੀਂ ਸਗੋਂ ਬਹੁਤ ਪੋਜੇਟਿਵ ਹੈ। ਯਾਦ ਨਾਲੋਂ ਟੁੱਟ ਕੇ ਤਾਂ ਮਨੁੱਖ ਪਾਗਲ ਬਣ ਜਾਵੇਗਾ। ਖਿਲਾਅ ਦਾ ਹਿੱਸਾ।

ਮਹਿੰਦਰ ਗਿੱਲ ਦੀ ਕਿਤਾਬ ਖੋਲ੍ਹਦਿਆਂ ਹੀ ਪਹਿਲੀਆਂ ਕਵਿਤਾਵਾਂ ਵਿਚ ਜਿਨ੍ਹਾਂ ਚਿਹਨਾਂ ਨਾਲ ਵਾਹ ਪਿਆ, ਉਹ ਹੈ ਪਿੰਡ ਦੀ ਯਾਦ। ਇਹ ਸਵਾਲ ਮੈਂ ਇਸ ਕਰਕੇ ਉਠਾ ਰਿਹਾ ਹਾਂ ਕਿਉਂਕਿ ਇਹ ਪੋਲੀਟਿਕਲ ਸਵਾਲ ਹੈ। ਰਾਜਨੀਤਕ ਇਸ ਕਰਕੇ ਬਈ ਇਹ ਯਾਦ ਹੈ ਜਿਹੜੀ ਸਾਹਿਤ ਵਿਚ ਨਹੀਂ ਹੋਣੀ ਚਾਹੀਦੀ। ਇਹ ਸਵਾਲ ਅਮਰੀਕਨ ਬੁੱਧੀਜੀਵੀਆਂ ਨੇ ਸਭ ਤੋਂ ਪਹਿਲਾਂ ਉਠਾਇਆ ਸੀ। ਪਰ ਉਨ੍ਹਾਂ ਕੋਲ ਤਾਂ ਉਸ ਕਿਸਮ ਦਾ ਪਿੰਡ ਹੀ ਨਹੀਂ ਜਿਸ ਪ੍ਰਕਾਰ ਦਾ ਮਹਿੰਦਰ ਗਿੱਲ ਦੀ ਕਵਿਤਾ ਵਿਚੋਂ ਦ੍ਰਿਸ਼ਟੀਗੋਚਰ ਹੁੰਦਾ ਹੈ। ਉਹ ਸਾਹਿਤ ਵਿਚ ਯਾਦ ਦੀ ਹਿਮਾਇਤ ਕਰਨ ਵੀ ਕਿਉਂ? ਇਸ ਲਈ ਹੀ ਤਾਂ ਉਹ ਕਹਿ ਰਹੇ ਹਨ ਕਿ ਹਿਸਟਰੀ ਇਜ਼ ਡੈਡ, ਮੈਨ ਇਜ਼ ਡੈਡ, ਆਇਡੀਓਲੌਜੀ ਇਜ਼ ਡੈਡ। ਇਸ ਕਰਕੇ ਹੀ ਉਹ ਅਜਿਹੀਆਂ ਗੱਲਾਂ ਕਰਦੇ ਹਨ। ਪਰ ਜਿਹੜਾ ਪੰਜਾਬੀ ਸਾਹਿਤ ਜਾਂ ਪੰਜਾਬੀ ਕਵਿਤਾ ਹੈ, ਉਸਦਾ ਖਾਸਾ ਇਸ ਕਿਸਮ ਦੇ ਮਹੌਲ ਵਿਚੋਂ ਨਹੀਂ ਬਣ ਸਕਦਾ।

ਪੰਜਾਬੀ ਜਦੋਂ ਪਿੰਡ ਦੀ ਗੱਲ ਕਰਦਾ ਹੈ ਤਾਂ ਖਾਸੇ ਦੀ ਗੱਲ ਕਰਦਾ ਹੈ। ਉਹ ਉਹਦਾ ਇਤਿਹਾਸ ਹੈ, ਉਹਦੀ ਕਲਚਰ। ਉਹ ਜਿਸ ਨਾਲੋਂ ਟੁੱਟ ਕੇ ਆਇਆ ਹੈ, ਉਹਨੂੰ ਕਿਵੇਂ ਭੁਲ ਸਕਦਾ ਹੈ। ਉਹ ਵਿਕਾਸ ਵੀ ਕਰ ਜਾਵੇ ਤਾਂ ਵੀ ਉਹ ਉਸਨੂੰ ਭੁਲ ਨਹੀਂ ਸਕਦਾ। ਉਹ ਸੰਤਾਲੀ ਜਾਂ ਚੁਰਾਸੀ ਨੂੰ ਕਿਵੇਂ ਭੁਲ ਜਾਵੇਗਾ।

ਉਹ ਟਰੈਜਡੀ ਹੈ ਜਿਹਦੇ ਵਿਚੋਂ ਉਹ ਲੰਘ ਕੇ ਆਇਆ ਹੈ। ਇਸ ਕਰਕੇ ਇਹ ਕਵਿਤਾਵਾਂ ਮੈਨੂੰ ਖੂਬਸੂਰਤ ਲੱਗੀਆਂ ਹਨ ਜਿਹੜੀਆਂ ਪਿੰਡ ਦੀ ਯਾਦ ਨਾਲ ਜੁੜੀਆਂ ਹੋਈਆਂ ਹਨ। ਦੂਸਰਾ, ਇਹ ਜਿਹੜੀਆਂ ਕਵਿਤਾਵਾਂ ਪਿੰਡ ਦੀ ਯਾਦ ਨਾਲ ਜੁੜੀਆਂ ਹੋਈਆਂ ਹਨ, ਬੜੀਆਂ ਸਰਲ ਹਨ। ਕਵਿਤਾ ਔਖੀ ਨਹੀਂ ਹੋਣੀ ਚਾਹੀਦੀ। ਇਕ ਟਾਈਮ ਸੀ ਆਧੁਨਿਕਤਾ ਦੇ ਵੇਲੇ ਜਦੋਂ ਬਹੁਤ ਚਰਚਾ ਹੋਇਆ ਕਿ ਕਵਿਤਾ ਬੌਧਿਕ ਹੋਣੀ ਚਾਹੀਦੀ ਹੈ। ਟੀ. ਐਸ. ਇਲੀਅਟ ਨੇ ਕਵਿਤਾ ਨੂੰ ਬੌਧਿਕ ਬਣਾਇਆ ਸੀ। ਉਸਦੀ ਰੀਸੋ ਰੀਸੀ ਅਸੀਂ ਵੀ ਪ੍ਰਯੋਗ ਕੀਤੇ, ਕਵਿਤਾ ਨੂੰ ਬੌਧਿਕ ਬਣਾਇਆ। ਪਰ ਪੰਜਾਬੀ ਕਵਿਤਾ ਦਾ ਖਾਸਾ ਸਰਲ ਹੋਣਾ ਹੈ। ਹਾਸ਼ਮ ਹੈ, ਵਾਰਿਸ ਹੈ, ਉਹ ਸਰਲ ਸ਼ਾਇਰ ਹਨ। ਸ਼ਿਵ ਕੁਮਾਰ ਹੈ, ਸੁਰਜੀਤ ਪਾਤਰ ਹੈ, ਪਾਸ਼ ਹੈ, ਸਰਲ ਸ਼ਾਇਰ ਹਨ। ਪੰਜਾਬੀ ਕਵਿਤਾ ਦਾ ਸਰਲਤਾ ਲੱਛਣ ਹੈ। ਐਵੇਂ ਬੌਧਿਕਤਾ ਦੇ ਨਾਂ ਹੇਠ ਡੂੰਘੀਆਂ ਦਿਮਾਗੀ ਗੱਲਾਂ ਕਵਿਤਾ ਵਿਚ ਭਰਦੇ ਜਾਓ, ਉਹ ਕਵਿਤਾ ਪਾਠਕ ਦੇ ਨਾਲ ਨਹੀਂ ਜੁੜਦੀ। ਮਹਿੰਦਰ ਗਿੱਲ ਨੇ ਆਪਣੀਆਂ ਕਵਿਤਾਵਾਂ ਵਿਚ ਇਸ ਗੱਲ ਦਾ ਬੜਾ ਖਿਆਲ ਰੱਖਿਆ ਹੈ।

ਇਸ ਗੱਲ ਤੋਂ ਬਿਨਾਂ ਜਦੋਂ ਅਸੀਂ ਕਿਸੇ ਕਵੀ ਨੂੰ ਪੜ੍ਹਦੇ ਹਾਂ ਤਾਂ ਅਸੀਂ ਸ਼ਬਦਾਂ ਦੇ ਪਾਰ ਜਾਂਦੇ ਹਾਂ। ਕਿਉਂਕਿ ਲਫ਼ਜ਼ ਮਹਿਜ ਲਫ਼ਜ਼ ਨਹੀਂ ਹੁੰਦਾ। ਲਫ਼ਜ਼ ਕਿਸੇ ਚੀਜ਼ ਦਾ ਸਾਈਨ ਹੁੰਦਾ ਹੈ। ਸਫੇ ’ਤੇ ਵਸਤ ਨਹੀਂ, ਸ਼ਬਦ ਰੱਖਿਆ ਗਿਆ ਹੈ। ਸ਼ਬਦ ਨੇ ਕਿਸੇ ਚੀਜ਼ ਵਲ ਸੰਕੇਤ ਕਰਨਾ ਹੈ। ਮਹਿੰਦਰ ਗਿੱਲ ਆਪਣੀ ਕਵਿਤਾ ਵਿਚ ਇਕ ਸ਼ਬਦ ਸੈਨਤਾਂ ਵਰਤਦਾ ਹੈ- ਇਸ਼ਾਰੇ। ਸ਼ਬਦ ਵਿਚ ਜਿਹੜੀਆਂ ਸੈਨਤਾਂ ਪਈਆਂ ਹਨ, ਸਮਝਣੀਆਂ ਬੜਾ ਜ਼ਰੂਰੀ ਹੈ। ਕਵਿਤਾ ਦੇ ਵਿਚ ਕੋਈ ਗੱਲ ਸਿੱਧੀ ਸਪਾਟ ਨਹੀਂ ਕਹਿ ਦੇਣੀ ਹੁੰਦੀ। ਸੈਨਤਾਂ ਕਰਨੀਆਂ ਹੁੰਦੀਆਂ ਹਨ। ਅੰਗਰੇਜ਼ੀ ਵਿਚ ਅਸੀ ਕਹਿੰਦੇ ਹਾਂ। Signifier, Sign ਨਹੀਂ ਕਹਿੰਦੇ। ਕਿਉਂਕਿ ਜਿਹੜੀ ਸੈਨਤ ਹੈ, ਇਸ਼ਾਰਾ ਹੈ, ਸੰਕੇਤ ਹੈ, ਉਹ ਬਹੁਤ ਸਾਰੇ ਅਰਥਾਂ ਨਾਲ ਜੋੜ ਦਿੰਦਾ ਹੈ। ਅਸੀਂ ਏਕ ਅਉਂਕਾਰ ਕਹਿੰਦੇ ਹਾਂ। ਇਹਦਾ ਸਿੱਧਾ ਮਤਲਬ ਇਹ ਨਹੀਂ ਕਿ ਰੱਬ ਇਕ ਹੈ। ਇਹਦੇ ਅਨੇਕ ਅਰਥ ਹਨ। ਇਹ Signifier ਹੈ। ਕਵਿਤਾ ਦੇ ਵਿਚ ਜਿਹੜੇ Signifier ਪਏ ਹੁੰਦੇ ਹਨ। ਕਵੀ ਉਨ੍ਹਾਂ ਨੂੰ ਅਚੇਤ ਹੀ Create ਕਰਦਾ ਹੈ। ਇਹ ਜਾਣ ਬੁੱਝ ਕੇ Create ਨਹੀਂ ਕੀਤੇ ਹੁੰਦੇ। ਉਹ ਜਿਹੜੇ ਅਚੇਤੇ Create ਕੀਤੇ Signifiers ਹਨ, ਸੈਨਤਾਂ ਹਨ। ਕਵਿਤਾ ਵਿਚ ਉਹ ਅਸੀਂ ਬੁੱਝਣੀਆਂ ਹੁੰਦੀਆਂ। ਉਨ੍ਹਾਂ ਨੇ ਕਵਿਤਾ ਦੀ ਡੂੰਘਾਈ ਬਣਾਉਣੀ ਹੁੰਦੀ ਹੈ। ਮਹਿੰਦਰ ਗਿੱਲ ਆਪਣੀਆਂ ਕਵਿਤਾਵਾਂ ਵਿਚ ਜਦੋਂ ਸੈਨਤਾਂ ਦੀ ਗੱਲ ਕਰਦਾ ਹੈ ਜਾਂ ਸੈਨਤਾਂ ਸੁੱਟਦਾ ਤਾਂ ਬੜਾ ਧਿਆਨ ਦੇਣ ਵਾਲੀਆਂ ਹੁੰਦੀ ਹਨ। ਕਵਿਤਾ ਵਿਚ ਜਿਹੜੀਆਂ ਤੁਸੀਂ ਸੈਨਤਾਂ ਕਰਦੇ ਹੋ, ਉਹਦੇ ਵਾਸਤੇ ਸ਼ਬਦ ਕੀ ਚੁਣਦੇ ਹੋ, ਸ਼ਬਦਾਵਲੀ ਕੀ ਚੁਣਦੇ ਹੋ, ਭਾਸ਼ਾ ਕੀ ਚੁਣਦੇ ਹੋ। ਜੇ ਤੁਸੀਂ ਉਹਦੇ ਵਿਚ ਭਾਸ਼ਾ ਨਾਵਲ ਵਾਲੀ, ਆਲੋਚਨਾ ਵਾਲੀ, ਪਰੋਜ਼ ਵਾਲੀ ਚੁਣੀ ਹੈ ਤਾਂ ਉਹਨੂੰ ਕਾਵਿ-ਭਾਸ਼ਾ ਨਹੀਂ ਕਿਹਾ ਜਾ ਸਕਦਾ। ਉਹ ਨਾਵਲ, ਆਲੋਚਨਾ ਤੇ ਪਰੋਜ਼ ਦੀ ਭਾਸ਼ਾ ਹੈ। ਕਵਿਤਾ ਦੀ ਨਹੀਂ। ਬਹੁਤ ਸਾਰੇ ਕਵੀ ਹਨ ਜਿਹੜੇ ਅਜਿਹੀ ਭਾਸ਼ਾ ਚੁਣਦੇ ਹਨ ਤੇ ਕਹਿੰਦੇ ਹਨ ਕਿ ਅਸੀਂ ਨਵੀਂ ਭਾਸ਼ਾ ਸਿਰਜ ਰਹੇ ਹਾਂ। ਪਰ ਕਵਿਤਾ ਦੀ ਸ਼ਬਦਾਵਲੀ ਵਿਚ ਇਕ ਖਾਸ ਕੋਮਲਤਾ ਹੁੰਦੀ ਹੈ। ਉਹਦਾ ਇਕ ਖਾਸ Lyricism ਹੁੰਦਾ ਹੈ। ਭਾਵੇਂ ਖੁਲ੍ਹੀ ਕਵਿਤਾ ਹੀ ਲਿਖਦੇ ਹੋਵੋ। ਮਹਿੰਦਰ ਗਿੱਲ ਨੂੰ ਇਸ ਗੱਲ ਦੀ ਬਹੁਤ ਸਮਝ ਹੈ ਕਿ ਕਵਿਤਾ ਦੀ ਭਾਸ਼ਾ ਕੀ ਹੁੰਦੀ ਹੈ। ਭਾਵੇਂ ਉਹ ਖੁਲ੍ਹੀ ਕਵਿਤਾ ਲਿਖ ਰਿਹਾ ਹੋਵੇ, ਉਸ ਨੇ ਦੋ-ਚਾਰ ਗੀਤ ਵੀ ਲਿਖੇ ਹਨ, ਕਵਿਤਾ ਦੀ ਭਾਸ਼ਾ ਦੀ ਉਹਨੂੰ ਸਮਝ ਹੈ ਕਿ ਉਸਦੀ ਕੋਮਲਤਾ ਕੀ ਹੈ, ਉਸਦੀ ਪ੍ਰਗੀਤਕਾ ਕੀ ਹੈ, ਉਸਦੀ Lyricism ਕੀ ਹੈ। ਇਹ ਉਸਦੀ ਖੂਬਸੂਰਤੀ ਹੈ।
ਕਾਵਿ-ਭਾਸ਼ਾ ਦੀ ਕੋਮਲਤਾ ਦੇ ਨੁਕਤੇ ਤੋਂ ਹੇਠ ਲਿਖੀ ‘ਆਪਾ’ ਕਵਿਤਾ ਦੇਖੀ ਜਾ ਸਕਦੀ ਹੈ:
1.
ਸਿਆਲੇ ਦੇ ਅੰਬਰਾਂ ਤੋਂ
ਡਿਗਦੀਆਂ ਬਰਫ਼ ਕਲੀਆਂ
ਦੀ ਘੁਸਰ ਮੁਸਰ!
ਪੱਥਰ ਦਾ ਕੱਜਣ
ਸ਼ੋਖ ਚਿੱਟੇ ਬੋਲ।
ਜ਼ਰਾ ਕੁ ਨੂੰ
ਮੱਠੀ ਆਵਾਜ਼ ਵਿਚ
ਬੁਲਾਏਗੀ ਧੁੱਪ
2.
ਆਲਮ ਚੁੱਪਚਾਪ
ਦ੍ਰਿਵ ਹੋਇਆ
ਆਪੇ ਨਾਲ
ਕਰਦਾ ਸੰਵਾਦ।

ਹਰ ਸ਼ਾਇਰ ਦੀ ਕਵਿਤਾ ਦੇ ਅੰਦਰਖਾਤੇ ਇਕ ਸੋਚ ਸਮਾਈ ਹੁੰਦੀ ਹੈ। ਦਿਮਾਗ ਨਾਲੋਂ ਕਵਿਤਾ ਜੜ੍ਹੋਂ ਹੀ ਤਾਂ ਨਹੀਂ ਤੋੜੀ ਜਾ ਸਕਦੀ। ਉਸ ਵਿਚੋਂ ਉਸਦੀ ਆਇਡੀਓਲੌਜੀਕਲ ਗੱਲਾਂ ਵੀ ਬਣਨੀਆਂ ਹੁੰਦੀਆਂ, ਜ਼ਿੰਦਗੀ ਬਾਰੇ ਜਿਹੜੇ ਦਾਰਸ਼ਨਿਕ ਸਵਾਲ ਹਨ, ਉਹ ਵੀ ਬਣਨੇ ਹਨ। ਉਨ੍ਹਾਂ ਦੇ ਨਾਲ ਜੋ ਸੈਨਤਾਂ ਹਨ, Signifier ਹਨ। ਅਸੀਂ ਉਸਦੀ ਕਵਿਤਾ ਵਿਚੋਂ ਲੱਭਣੇ ਹਨ ਕਿ ਉਹ ਕਿਹੋ ਜਿਹੇ ਹਨ। ਮਹਿੰਦਰ ਗਿੱਲ ਦੀ ਕਵਿਤਾ ਵਿਚੋਂ ਬਹੁਤ ਸਾਰੇ ਸ਼ਬਦ ਲਏ ਜਾ ਸਕਦੇ ਹਨ ਪਰ ਮੈਨੂੰ ਜਿਹੜਾ Central ਲਫ਼ਜ਼ ਲਗਿਆ ਉਹ ਹੈ ਆਜ਼ਾਦੀ। ਉਹ ਆਜ਼ਾਦੀ ਦਾ ਬਹੁਤ ਜ਼ਿਕਰ ਕਰਦਾ ਹੈ। ਉਹ ਕਿਸੇ Situation ਵਿਚ ਵੀ ਫਸਿਆ ਹੋਵੇ ਉਸਨੂੰ ਆਜ਼ਾਦੀ ਬਾਰੇ ਖਿਆਲ ਆਉਂਦਾ ਹੈ। ਉਹ ਪਰਿਭਾਸ਼ਿਤ ਵੀ ਕਰਦਾ ਹੈ ਕਿ ਆਜ਼ਾਦੀ ਕੀ ਹੈ ਤੇ ਉਹ ਕਿਹੋ ਜਿਹੀ ਹੋਣੀ ਚਾਹੀਦੀ ਹੈ। ਉਹ ਜਦੋਂ ਬਾਰ ਬਾਰ ਕਿਸੇ ਚੀਜ਼ ਦੇ ਵਿਚ ਖੁੱਭਦਾ ਹੈ ਤਾਂ ਆਜ਼ਾਦੀ ਦਾ ਚਿਹਨ ਉਹਨੂੰ ਬਾਹਰ ਕਢਦਾ ਹੈ। ਭਾਵੇਂ ਸ਼ਾਇਰ ਲਫਜ਼ ਸਹਿਜ ਹੀ ਵਰਤ ਰਿਹਾ ਹੋਵੇ ਪਰ ਲਫ਼ਜ਼ Ideological ਹੁੰਦੇ ਹਨ। ਵਿਚਾਰਧਾਰਕ ਹੁੰਦੇ ਹਨ। ਇਥੋਂ ਹੀ ਕਵੀ ਦੀ ਪਹਿਚਾਣ ਹੁੰਦੀ ਹੈ। ਜਿਵੇਂ ਮੈਂ ਕਿਹਾ ਸੀ ਕਿ ਬਹੁਤ ਸਾਰੇ ਕਵੀ ਹਨ ਜੋ ਕਵਿਤਾ ਲਿਖੀ ਜਾ ਰਹੇ ਹਨ, ਉਨ੍ਹਾਂ ਦੇ ਸ਼ਬਦ ਨਾ ਤਾਂ ਕਾਵਿ-ਭਾਸ਼ਾ ਦੇ ਪਖੋਂ ਖੂਬਸੂਰਤ ਹਨ ਅਤੇ ਨਾ Ideological ਹਨ। Ideological ਦੇ ਵਿਚ ਤੁਸੀਂ ਰੌਲਾ ਨਹੀਂ ਪਾਉਣਾ ਹੁੰਦਾ। ਜਦੋਂ ਤੁਸੀਂ ਰੌਲਾ ਪਾਉਂਦੇ ਹੋ ਉਹ ਤਾਂ ਭਾਸ਼ਾ ਦੀ rhetoric ਹੈ। Rhetoric ਕਵਿਤਾ ਨਹੀਂ ਹੁੰਦੀ। ਤੁਸੀਂ ਸੈਨਤਾਂ ਦੇ ਨਾਲ ਜਦੋਂ ਆਪਣੀ Ideology ਦੀ ਗਲ ਕਰੋਗੇ ਉਦੋਂ ਕਵਿਤਾ ਦੇ ਵਿਚ ਤੁਹਾਡਾ ਦਿਮਾਗ ਵੀ ਲਗ ਰਿਹਾ ਹੁੰਦਾ ਹੈ। ਉਸਦੇ ਆਲੇ-ਦੁਆਲੇ ਤੁਸੀਂ ‘ਪਾਪ’ ਵੀ ਉਸਾਰ ਰਹੇ ਹੋ, ਕਵਿਤਾ ਦਾ ਇਕ ਸੰਤੁਲਨ ਵੀ ਕਾਇਮ ਕਰ ਰਹੇ ਹੁੰਦੇ ਹੋ।

ਮਹਿੰਦਰ ਗਿਲ ਦੀਆਂ ਇਨ੍ਹਾਂ ਕਵਿਤਾਵਾਂ ਵਿਚੋਂ ਇਹੋ ਜਿਹੀਆ ਗਲਾਂ ਮਿਲਦੀਆਂ ਹਨ। ਇਹ ਬੜੇ ਛੋਟੇ ਤੋਲ ਦੀਆਂ ਕਵਿਤਾਵਾਂ ਹਨ। ਇਸ ਵਿਚ ਵੱਡੇ ਵੱਡੇ ਤੋਲ ਨਹੀਂ। ਇਹ ਜਿਹੜਾ ਛੋਟਾ ਤੋਲ ਹੈ ਇਹ ਆਪਣੇ ਆਪ ਵਿਚ ਕਵੀ ਦੇ ਮਨੋਵਿਗਿਆਨ ਨੂੰ ਵੀ ਸਾਬਤ ਕਰਦਾ ਹੈ ਕਿ ਇਹ ਬੜੇ ਸੰਜਮ ਆਲਾ ਬੰਦਾ ਹੈ। ਸੰਜਮ ਨਾਲ ਗੱਲ ਕਹਿਣ ਵਾਲਾ ਬੰਦਾ ਹੈ। ਜੇ ਤੁਹਾਡੇ ਅੰਦਰਲੀ ਸਥਿਤੀ ਵਿਚ ਬਿਖਰਾ ਹੈ ਤਾਂ ਤੁਸੀਂ ਛੋਟੇ ਤੋਲ ਦੀ ਕਵਿਤਾ ਨਹੀਂ ਲਿਖ ਸਕਦੇ। ਛੋਟੇ ਤੋਲ ਦੀ ਕਵਿਤਾ ਤੁਸੀਂ ਉਦੋਂ ਹੀ ਲਿਖ ਸਕਦੇ ਹੋ ਜਦੋਂ ਤੁਹਾਡੇ ਕੋਲ ਸੰਜਮ ਦੀ ਚੇਤਨਾ ਹੋਵੇ। ਤੁਹਾਡੇ ਕੋਲ ਆਪਣਾ ਮਨੋਵਿਗਿਆਨਕ ਸੰਜਮ ਹੈ। ਇਸ ਪੁਸਤਕ ਦੀਆ ਲਗਭਗ ਸਾਰੀਆਂ ਕਵਿਤਾਵਾਂ ਹੀ ਛੋਟੀ ਬਹਿਰ ਦੀਆਂ ਨੇ, ਜਿਸਤੋਂ ਮਹਿੰਦਰ ਗਿੱਲ ਦੀ ਸ਼ਖ਼ਸੀਅਤ ਦਾ ਪਤਾ ਲਗਦਾ ਹੈ। ਉਹਦੇ ਅੰਦਰਲੇ ਸੰਜਮ ਦਾ ਤੇ ਉਹਦੀ ਮਨੋਵਿਗਿਆਨਕ ਚੇਤਨਾ ਦਾ ਪਤਾ ਲਗਦਾ ਹੈ।
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1245
***

About the author

ਡਾ. ਸਤਿੰਦਰ ਸਿਘ ਨੂਰ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਸਤਿੰਦਰ ਸਿਘ ਨੂਰ

View all posts by ਡਾ. ਸਤਿੰਦਰ ਸਿਘ ਨੂਰ →