26 April 2024
ਲਾਲ ਸਿੰਘ ਦਸੂਹਾ

ਮੈਂ ਤੇ ਮੇਰੀ ਸਿਰਜਣਾ: ਮੇਰੀਆਂ ਕਹਾਣੀਆਂ ਸਮਕਾਲ ਨਾਲ ਟਕਰਾਉਂਦੇ ਯਥਾਰਥ ਦਾ ਮਨੋ-ਵਿਗਿਆਨ—ਲਾਲ ਸਿੰਘ

ਮੇਰੀ ਪਹਿਲੀ ਸ਼ੰਕਾ ਇਕ ਵਿਸ਼ੇਸ਼ ਵਰਗ ਵੱਲੋਂ ਉਭਾਰੇ ਇਸ ਨੁਕਤੇ ਕਾਰਨ ਉੱਭਰੀ। ਨੁਕਤਾ ਸੀ-‘ਕਹਾਣੀ ਸਮੇਤ ਕਿਸੇ ਵੀ ਬੋਲੀ ਦਾ ਜਿਹੜਾ ਸਾਹਿਤ ਆਰਥਿਕਤਾ ਨੂੰ ਆਧਾਰ ਬਣਾ ਕੇ ਰਚਿਆ ਗਿਆ, ਉਹ ਹੁਣ ਆਪਣੇ ਅਰਥ ਗੁਆਉਣ ਜਾ ਰਿਹਾ ਹੈ।’

ਕੁਝ ਸਮਾਂ ਪਹਿਲਾਂ, ਪੰਜਾਬੀ ਦੀ ਇਕ ਪ੍ਰਤਿਸ਼ਠ ਪਤ੍ਰਿਕਾ ਦੇ ‘ਆਪਣੀ ਕਲਮਕਾਰੀ’ ਕਾਲਮ ਲਈ ਲਿਖੇ ਇਕ ਬਿਰਤਾਂਤ ਦੇ ਅੰਤ ਵਿਚ ਮੈਂ ਆਪਣੀ ਕਹਾਣੀ ਸਮੇਤ ਇਕ ਵੰਨਗੀ ਪ੍ਰਤੀ ਕੁਝ ਸ਼ੰਕੇ ਪਾਠਕਾਂ ਦੀ ਸੱਥ ਵਿਚ ਹਾਜ਼ਰ ਕੀਤੇ ਸਨ ਅਤੇ ਉਮੀਦ ਕੀਤੀ ਸੀ ਕਿ ਗੰਭੀਰ ਪਾਠਕਾਂ ਸਮੇਤ ਆਲੋਚਨਾ ਖੇਤਰ ਦੀਆਂ ਵਿਸ਼ੇਸ਼ ਹਸਤੀਆਂ ਵੀ ਆਪਣੀ-ਆਪਣੀ ਸਮਰੱਥਾ ਅਨੁਸਾਰ ਮੇਰੇ ਸ਼ੰਕੇ ਨਿਵਰਤ ਕਰਨਗੀਆਂ ਪਰ ਮੈਨੂੰ ਇਸ ਪੱਖੋਂ ਕਾਫ਼ੀ ਨਿਰਾਸ਼ਾ ਹੋਈ ਜਦ ਕਿਸੇ ਵੀ ਪਾਠਕ ਜਾਂ ਆਲੋਚਕ ਨੇ ਮੇਰੇ ‘ਵਹਿਮ’ ਦੂਰ ਕਰਨ ਦੀ ਖੇਚਲ ਨਹੀਂ ਕੀਤੀ। ਇਕ ਵਾਰ ਫਿਰ ਮੈਂ ‘ਪੰਜਾਬੀ ਜਾਗਰਣ’ ਰਾਹੀਂ ਉਨ੍ਹਾਂ ਨੁਕਤਿਆਂ ਵਿੱਚੋਂ ਇਕ ਦੋ ਦੀ ਵਿਆਖਿਆ ਕਰਨ ਦੀ ਗੁਸਤਾਖੀ ਕਰਾਂਗਾ ਕਿਉਂਕਿ ਮੇਰੀ ਰਚਨਾਕਾਰੀ ’ਤੇ ਇਨ੍ਹਾਂ ਬਿੰਦੂਆਂ ਦਾ ਪ੍ਰਭਾਵ ਏਨਾ ਗੂੜ੍ਹਾ ਹੈ ਕਿ ਕਈ ਵਾਰ ਨਾ-ਚਾਹੰੁਦਿਆਂ ਹੋਇਆਂ ਵੀ ਇਨ੍ਹਾਂ ਦਾ ਰੰਗ ਧੱਕੇ ਨਾਲ ਮੇਰੇ ਸ਼ਬਦਾਂ/ਵਾਕਾਂ ਦੀ ਸੁਰ-ਬੁਣਤਰ ’ਤੇ ਸਵਾਰ ਹੋ ਜਾਂਦਾ ਹੈ।

ਮੇਰੀ ਪਹਿਲੀ ਸ਼ੰਕਾ ਇਕ ਵਿਸ਼ੇਸ਼ ਵਰਗ ਵੱਲੋਂ ਉਭਾਰੇ ਇਸ ਨੁਕਤੇ ਕਾਰਨ ਉੱਭਰੀ। ਨੁਕਤਾ ਸੀ-‘ਕਹਾਣੀ ਸਮੇਤ ਕਿਸੇ ਵੀ ਬੋਲੀ ਦਾ ਜਿਹੜਾ ਸਾਹਿਤ ਆਰਥਿਕਤਾ ਨੂੰ ਆਧਾਰ ਬਣਾ ਕੇ ਰਚਿਆ ਗਿਆ, ਉਹ ਹੁਣ ਆਪਣੇ ਅਰਥ ਗੁਆਉਣ ਜਾ ਰਿਹਾ ਹੈ।’’ ਇਸ ਦਾ ਅਰਥ ਇਹ ਬਣਦਾ (ਮੇਰੀ ਸਮਝ ਅਨੁਸਾਰ) ਮਨੁੱਖ ਦੀ ਸਭ ਤੋਂ ਮਹੱਤਵਪੂਰਨ ਲੋੜ ‘ਰੋਟੀ’ ਨੂੰ ਮੁਖਾਤਿਬ ਹੋ ਕੇ ਲਿਖੀਆਂ ਲਿਖਤਾਂ ਹੁਣ ਕੋਈ ਮੁੱਲ ਨਹੀਂ ਰੱਖਦੀਆਂ। ਸ਼ਾਇਦ ਉਨ੍ਹਾਂ ਨੂੰ ਇਹ ਜਾਪਦਾ ਹੋਵੇ ਕਿ ਰੋਜ਼ੀ-ਰੋਟੀ ਦਾ ਮਸਲਾ ਹੁਣ ਕੋਈ ਮਸਲਾ ਨਹੀਂ ਰਿਹਾ। ਇਹ ਹੱਲ ਹੋ ਚੁੱਕਾ ਹੈ। ਪਰ ਸਾਧਾਰਨ ਤੋਂ ਸਾਧਾਰਨ ਅੱਖ ਵੀ ਇਹ ਦੇਖ ਸਕਦੀ ਹੈ ਕਿ ਹਾਲਾਤ ਉਨ੍ਹਾਂ ਦੀ ਇਸ ਧਾਰਨਾ ਦੇ ਬਿਲਕੁਲ ਉਲਟ ਹਨ। ਹੁਣ ਤਾਂ ਸਗੋਂ ਕਾਰਪੋਰੇਟੀ ਪਾਸਾਰ ਨੇ ਹਾਲਾਤ ਨਿਘਾਰ ਦੀ ਸਭ ਤੋਂ ਹੇਠਲੀ ਹੱਦ ਤਕ ਬਦਤਰ ਕਰ ਦਿੱਤੇ ਹਨ। ਹੁਣ ਤਾਂ ਜਿਵੇਂ ਮਨੁੱਖ ਨਾਮੀ ਜੀਵ ਨੂੰ ਆਪਣੀ ਹੋਂਦ ’ਤੇ ਵੀ ਜਿਵੇਂ ਸ਼ੱਕ ਜਿਹਾ ਹੋਣ ਲੱਗ ਪਿਆ ਹੈ। ਅਜਿਹੀਆਂ ਪ੍ਰਸਥਿਤੀਆਂ ਦੇ ਰੂਬਰੂ ਹੋਈਆਂ ਕਹਾਣੀਆਂ ਸਮੇਤ ਹੋਰਨਾਂ ਲਿਖਤਾਂ ਬਾਰੇ ਕਥਨ ਅਸਲੀਅਤ ਨਾਲ ਮੇਲ ਨਹੀਂ ਖਾਂਦੇ।

ਮੇਰੇ ਨਿੱਜ ਦੀ ਉਦਾਹਰਣ ਵੀ ਇਸ ਤੱਥ ਦੀ ਗਵਾਹੀ ਵਜੋਂ ਅੰਕਿਤ ਹੋ ਸਕਦੀ ਹੈ, ਕਿਉਂਕਿ ਮੇਰੀ ਰਚਨਾਕਾਰੀ ਦਾ ਆਧਾਰ ਹੀ ਆਰਥਿਕਤਾ ਹੈ। ਮੇਰੇ ਪੰਜ ਭੂਤਕ ਸਰੀਰ ਨੇ ਤਾਂ ਅਰਥ-ਵਿਵਸਥਾ ਦੇ ਲਫੇੜੇ ਕਰੀਬ ਸੱਤ ਕੁ ਸਾਲ ਦੀ ਉਮਰ ਤੋਂ ਹੀ ਸਹਿਣੇ-ਸਹਾਰਨੇ ਸ਼ੁਰੂ ਕਰ ਦਿੱਤੇ ਸਨ। ਮੇਰੇ ਪਿਤਾ ਦੇ ਤਿੰਨ ਵੱਡੇ ਭਾਈ ਰਾਵਲ ਪਿੰਡੀ ਐੱਮ.ਈ.ਐੱਸ. ਵਿਚ ਮਿਸਤਰੀ ਰਹਿਣ ਕਰ ਕੇ ਹੁਨਰੀ ਗੁਣਾਂ ਨਾਲ ਭਰਪੂਰ ਸਨ। ਪਰ, ਸਭ ਤੋਂ ਛੋਟਾ ਮੇਰਾ ਪਿਤਾ ਪਿੰਡ ਮਾਤਾ-ਪਿਤਾ ਪਾਸ ਰਹਿੰਦਾ ਰਿਹਾ ਹੋਣ ਕਰਕੇ ਕੋਈ ਦਸਤਕਾਰੀ ਹੁਨਰ ਪ੍ਰਾਪਤ ਨਾ ਕਰ ਸਕਿਆ। 1947 ’ਚ ਰਾਵਲ ਪਿੰਡੀਓਂ ਵਾਪਸੀ ’ਤੇ ਵੱਡੇ ਤਿੰਨਾਂ ਨੇ ਛੇਤੀ ਹੀ ਆਪਣਾ ਆਪ ਸੰਭਲ ਲਿਆ।

ਮਕਾਨ ਉਸਾਰੀ ਨਾਲ ਸਬੰਧਤ ਕਾਰ-ਕਿੱਤਿਆਂ ਰਾਹੀਂ ਆਪਣੀ ਆਰਥਿਕ ਸਥਿਤੀ ਮੁੜ ਤੋਂ ਪੈਰੀਂ ਕਰ ਲਈ, ਪਰ ਮੇਰਾ ਪਿਤਾ ਇਸ ਪੱਖੋਂ ਊਣਾ ਰਹਿਣ ਕਰਕੇ, ਮੇਰੇ ਅਤੇ ਮੇਰੇ ਛੋਟੇ ਭਰਾਵਾਂ ਲਈ ਪ੍ਰਾਇਮਰੀ ਸਿੱਖਿਆ ਵੇਲੇ ਤੋਂ ਹੀ ਤੰਗੀਆਂ-ਤੁਰਸ਼ੀਆਂ ਦਾ ਪਾਸਾਰਾ ਪਾਸਾਰ ਗਿਆ ਸੀ। ਇਹ ਪਾਸਾਰ ਐੱਫ.ਏ. ਦੀ ਜਮਾਤ ਪਾਸ ਕਰਨ ਤਕ ਏਨਾ ਗਹਿਰਾ ਹੋ ਗਿਆ ਕਿ ਮੇਰੀ ਬੀ.ਏ., ਛੋਟੇ ਭਰਾਵਾਂ ਦੀ ਦਸਵੀਂ-ਅੱਠਵੀਂ ਦੀ ਪੜ੍ਹਾਈ ਵੀ ਪੂਰੀ ਤਰ੍ਹਾਂ ਠੱਪ ਹੋ ਗਈ। ਸਾਨੂੰ ਸਭ ਨੂੰ ਰੋਜ਼ੀ ਰੋਟੀ ਦੇ ਚੱਕਰ ’ਚ ਘਰੋਂ ਬੇਘਰ ਹੋਣਾ ਪਿਆ। ਮੈਂ ਭਾਖੜਾ ਡੈਮ ਦੀਆਂ ਰਾਤ ਦਿਨ ਦੀਆਂ ਸ਼ਿਫਟਵਾਰ ਡਿਊਟੀਆਂ ਕਾਰਨ ਸਰੀਰਕ ਪੱਖੋਂ ਨਾਕਾਰਾ ਹੋ ਕੇ ਜਲੰਧਰ ਪ੍ਰਾਈਵੇਟ ਫੈਕਟਰੀਆਂ ਦੀ ਸਟੋਰਕੀਪਰੀ, ਸੇਲਜ਼ਮੈਨੀ ਵਰਗੀਆਂ ਤਣਾਓ-ਭਰਪੂਰ ਨੌਕਰੀਆਂ 1958 ਤੋਂ ਲੈ ਕੇ 1972 ਤਕ ਕੀਤੀਆਂ। ਇਸ ਸਮੇਂ ਦੌਰਾਨ ਮੈਂ ਆਪਣੇ ਯਤਨ ਸਾਹਿਤਕ ਤੇ ਵਿਦਿਅਕ ਖੇਤਰ ਵਿਚ ਨਾਲੋ ਨਾਲ ਚਾਲੂ ਰੱਖੇ ਜਿਸ ਸਦਕਾ 1972 ਵਿਚ ਥੋੜ੍ਹੇ ਕੁ ਸੁਖਾਵੇਂ, ਸਕੂਲ ਮਾਸਟਰੀ ਦੇ ਕਿੱਤੇ ਤਕ ਪਹੁੰਚਣ ਵਿਚ ਸਫਲ ਹੋਇਆ।

ਇਨ੍ਹਾਂ ਪੰਦਰਾਂ ਕੁ ਸਾਲਾਂ ਦੇ ਵਕਫ਼ੇ ਨੇ ਸਮਕਾਲ ਦੇ ਸਮਾਜਿਕ-ਆਰਥਿਕ ਪ੍ਰਚਲਣ ਦੇ ਜਿਹੋ ਜਿਹੇ ਅਰਥ ਮੇਰੀ ਖੋਪੜੀ ’ਚ ਤੁੰਨ ਦਿੱਤੇ ਸਨ, ਉਨ੍ਹਾਂ ਦਾ ਪ੍ਰਗਟਾਵਾ ਹੀ ਮੇਰੀ ਰਚਨਾਕਾਰੀ ਦਾ ਮੁੱਖ ਆਧਾਰ ਬਣਦਾ ਰਿਹਾ ਹੈ। ਇਨ੍ਹਾਂ ਵਰ੍ਹਿਆਂ ਵਿਚ ਮੇਰੀ ਅਲਪ ਜਿਹੀ ਬੁੱਧੀ ਅਤੇ ਸੰਕੋਚਵੀਂ ਜਿਹੀ ਦ੍ਰਿਸ਼ਟੀ ਨੂੰ ਸਾਫ਼ ਸਪਸ਼ਟ ਦ੍ਰਿਸ਼ਟੀਮਾਨ ਹੁੰਦਾ ਰਿਹਾ ਕਿ ਸਮਕਾਲੀ ਸਮਾਜ ਦੇ ਆਰਥਿਕ ਪਾਸਾਰੇ ਅੰਦਰ ਸਭ ਤੋਂ ਘੱਟ ਉੱਜਰਤ ਉਸਨੂੰ ਮਿਲਦੀ ਹੈ ਜਿਹੜਾ ਦਿਨ ਰਾਤ ਜਾਨ ਤੋੜਵੀਂ ਮਿਹਨਤ ਕਰਦਾ ਹੈ। ਇਸ ਹੇਠਲੀ ਪਰਤ ਤੋਂ ਥੋੜ੍ਹਾ ਕੁ ਉੱਚੀ ਥਾਂ ਬੈਠੇ-ਖੜ੍ਹੇ ਇਕ ਵਰਗ ਨੂੰ ਘੱਟ ਮਿਹਨਤ ਕਰਨ ’ਤੇ ਵੀ ਹੇਠਲੀ ਪਰਤ ਨਾਲੋਂ ਵੱਧ ਕਮਾਈ ਹੈ। ਪਰ, ਇਸ ਵੰਡ-ਵਿਧਾਨ ਵਿਚ ਸਭ ਤੋਂ ਵੱਧ ਮਾਇਆ ਉਸ ਦੀ ਝੋਲੀ ਡਿਗਦੀ, ਜਿਹੜਾ ਹੱਥੀਂ ਕੁਝ ਨਹੀਂ ਕਰਦਾ ਬਿਲਕੁਲ ਵਿਹਲਿਆਂ ਵਰਗਾ ਜੀਵਨ ਜਿਉਂਦਾ ਹੈ। ਮਹਿਲਾਂ-ਕੋਠੀਆਂ ਵਿਚ ਆਯਾਸ਼ੀ ਭਰਿਆ ਜੀਵਨ ਬਸਰ ਕਰਦਾ ਹੈ। ਮੇਰੀਆਂ ਕਹਾਣੀਆਂ ਦਾ ਵੱਡਾ ਫ਼ਿਕਰ ਇਸ ਅਣਸੁਖਾਵੇਂ ਵਰਤਾਰੇੇ ਨੂੰ ਨੰਗਾ ਕਰਨ, ਇਸ ਦੇ ਕਾਰਨ ਲੱਭਣ ਵਿਚ ਰੁਝਾ ਰਿਹਾ ਤਾਂ ਕਿ ਅਜਿਹੀ ਅਰਥ ਵਿਵਸਥਾ ਕਿਰਤੀਆਂ-ਕਾਮਿਆਂ ਨੂੰ ਜ਼ਲੀਲ ਨਾ ਕਰਦੀ ਰਹੇ।

ਮੇਰੇ ਸਮੇਤ ਕਹਾਣੀ-ਸੰਸਾਰ ਦੀ ਇਕ ਵੱਡੀ ਟੋਲੀ ਇਸ ਕੰਮ ਵਿਚ ਜੁਟੀ ਰਹੀ। ਮਨੁੱਖ ਨੂੰ ਆਰਥਿਕ ਕਾਣੀ-ਵੰਡ ਤੋਂ ਬਚਦਾ ਕਰਨ ਲਈ ਕੀਤੇ ਉਪਰਾਲਿਆਂ ਵਜੋਂ ਹੋਂਦ ਵਿਚ ਆਈਆਂ ਲਿਖਤਾਂ, ਕਹਾਣੀਆਂ ਦੇ ਅਰਥ ਕੀ ਜੀਵਤ ਹਨ ਜਾਂ ਗੁਆਚ ਚੁੱਕੇ ਹਨ? ਕੀ ਹੁਨਰਮੰਦ ਕਿਰਤੀ ਕਾਮੇ ਨੂੰ ਉਸਦੀ ਬਣਦੀ ਉੱਜਰਤ ਮਿਲਣ ਲੱਗ ਪਈ ਹੈ? ਜੇ ਨਹੀਂ ਤਾਂ ਮੇਰੀ ਚਿੰਤਾ ਦੀ ਨਿਵਰਤੀ ਕਰਨਾ, ਆਲੋਚਨਾ ਸਮੇਤ ਪਾਠਕੀ ਵਰਗ ਦੀ ਵੀ ਫ਼ਿਕਰਮੰਦੀ ਵਿਚ ਸ਼ਾਮਲ ਹੋਣਾ ਚਾਹੀਦਾ ਹੈ।

ਮੇਰਾ ਦੂਸਰਾ ਕਿੰਤੂ, ਸਾਹਿਤ ਦੇ ਮਨੋਰਥ ਦੀ ਵਿਆਖਿਆ ਕਰਦੀਆਂ ਵੱਖ-ਵੱਖ ਮਾਨਤਾਵਾਂ ਵਿਚ, ਇਸ ਧਾਰਨਾ ਉੱਤੇ ਹੈ ਕਿ ‘ਸਾਹਿਤ ਦਾ ਮਕਸਦ ਸਮਾਜ ਨੂੰ ਬਦਲਣਾ ਨਹੀਂ ਹੁੰਦਾ ਜਿਹੜਾ ਸਾਹਿਤ ਸਮਾਜ ਨੂੰ ਬਦਲਣ ਦੇ ਮਕਸਦ ਨਾਲ ਲਹਿਰਾਂ ਦੇ ਪ੍ਰਭਾਵ ਹੇਠ ਲਿਖਿਆ ਜਾਂਦਾ ਉਹ ਵਕਤੀ ਤੌਰ ’ਤੇ ਕੰਮ ਤਾਂ ਆ ਸਕਦਾ ਹੈ ਪਰ ਵਧੀਆ ਸਾਹਿਤ ਨਹੀਂ ਹੁੰਦਾ।’ ਇਸ ਧਾਰਨਾ ਦੇ ਮਾਨਤਾਕਾਰ ਸ਼ਾਇਦ ਇਹ ਕਹਿਣਾ ਲੋਚਦੇ ਹਨ ਕਿ ਪੰਜਾਬੀ ਸਾਹਿਤਕ-ਸੱਭਿਆਚਾਰਕ ਖੇਤਰ ਨਾਲ ਸਬੰਧਤ ਆਦਰਸ਼ਵਾਦ, ਸੁਧਾਰਵਾਦ, ਯਥਾਰਥਵਾਦ, ਪੜ-ਯਥਾਰਥਵਾਦ, ਅਸਤਿਤਵਾਦ, ਪ੍ਰਗਤੀਵਾਦ, ਜੁਝਾਰਵਾਦ ਆਦਿ ਲਹਿਰਾਂ ਦੇ ਪ੍ਰਭਾਵ ਹੇਠ ਰਚਿਆ ਸਾਹਿਤ ਵਧੀਆ ਸਾਹਿਤ ਨਹੀਂ ਸੀ/ਹੈ। ਇਸ ਨੇ ਵਕਤੀ ਤੌਰ ’ਤੇ ਕੰਮ ਕੀਤਾ, ਆਪਣੀ ਸਮਰੱਥਾ-ਯੋਗਤਾ ਅਨੁਸਾਰ ਸਮਾਜਿਕ ਤਬਦੀਲੀ ਲਈ ਬਣਦਾ ਹਿੱਸਾ ਵੀ ਪਾਇਆ। ਤਾਂ ਵੀ ਉਹ ਇਸ ਨੂੰ ਵਧੀਆ ਸਾਹਿਤ ਦੀ ਵੰਨਗੀ ਵਿਚ ਸ਼ਾਮਿਲ ਨਹੀਂ ਕਰਦੇ। ਉਨ੍ਹਾਂ ਅਨੁਸਾਰ, ਵਧੀਆ ਸਾਹਿਤ ਕਿਹੋ ਜਿਹਾ ਹੁੰਦਾ, ਉਹ ਕਿਸ ਵੰਨਗੀ ਵਜੋਂ ਉਪਲੱਬਧ ਹੈ, ਇਸ ਦੀ ਵੀ ਉਹ ਵਿਆਖਿਆ ਨਹੀਂ ਕਰਦੇ। ਉਨ੍ਹਾਂ ਦੀ ਇਸ ਧਾਰਨਾ ਦੇ ਵਿਪਰੀਤ ਮੇਰੀ ਮਾਨਤਾ ਇਹ ਹੈ ਕਿ ਸਮੇਂ ਦੇ ਪ੍ਰਚਲਣ ਅਨੁਸਾਰ, ਯੁੱਗ-ਵਰਤਾਰੇ ਦੀ ਚੇਤਨਾ ਅਨੁਸਾਰ ਸਮਾਜਿਕ ਤਬਦੀਲੀ ਨੂੰ ਸਮਰਪਿਤ ਜਿੰਨੀਆਂ ਵੀ ਲਹਿਰਾਂ ਚੱਲੀਆਂ ਉਨ੍ਹਾਂ ਦੀ ਪ੍ਰਛਾਈ ਹੇਠ ਰਚੇ ਸਾਹਿਤ ਨੇ ਆਪਣਾ ਬਣਦਾ ਰੋਲ ਅਦਾ ਕੀਤਾ ਹੈ, ਇਹ ਲਹਿਰਾਂ ਧਰਤੀ ਦੇ ਵੱਖ-ਵੱਖ ਦੇਸ਼ਾਂ/ਖਿੱਤਿਆਂ ਵਿਚ ਵੱਖ-ਵੱਖ ਸਮੇਂ ਚੱਲੀਆਂ। ਮਨੁੱਖ ਦੀ ਚੇਤਨਾ ਅਨੁਸਾਰ, ਯੁੱਗ-ਵਰਤਾਰੇ ਦੀ ਗਤੀ ਅਨੁਸਾਰ, ਇਨ੍ਹਾਂ ਲਹਿਰਾਂ ਨੇ ਆਪਣੇ ਪਾਸਾਰੇ ਨੂੰ ਮਾਨਤਾ ਵੀ ਦੁਆਈ। ਭਾਰਤ ਨਾਮੀ ਖਿੱਤੇ ਵਿਚ ਕੋਈ ਇਕ ਹਜ਼ਾਰ ਸਾਲ ਤੋਂ ਧਾਰਮਿਕ ਰੰਗਣ ਨਾਲ ਲਬਰੇਜ਼ ਚੱਲੀਆਂ ਲਹਿਰਾਂ ਦੇ ਪ੍ਰਭਾਵ ਅਧੀਨ ਰਚੇ ਸਾਹਿਤ ਨੇ ਮਨੁੱਖ ਸਾਹਮਣੇ ਕਈ ਆਦਰਸ਼ ਪੇਸ਼ ਕੀਤੇ ਹਨ। ਇਹ ਆਦਰਸ਼ ਆਉਂਦੇ ਸਮਿਆਂ ਵਿਚ ਸੁਧਾਰ ਦੀ ਮੰਗ ਕਰਦੇ ਵੱਖਰੇ ਕੋਣ ਤੋਂ ਵਾਚੇ ਜਾਂਦੇ ਰਹੇ। ਅਗਾਂਹ ਤੁਰਦਿਆਂ ਮਨੁੱਖ ਦੀ, ਸਮਾਜ ਦੀ ਯਥਾਰਥਕ ਅਵਸਥਾ ਦਾ ਵੀ ਬਿਆਨ ਇਨ੍ਹਾਂ ਲਿਖਤਾਂ ’ਚ ਹੋਣ ਲੱਗਾ। ਇਹ ਬਿਆਨ ਹੋਰ ਵਿਵਸਥਾਵਾਂ ਨੂੰ ਪਾਰ ਕਰ ਕੇ ਪ੍ਰਗਤੀਵਾਦ, ਨਵ-ਪ੍ਰਗਤੀਵਾਦ ਧਾਰਾਵਾਂ/ਲਹਿਰਾਂ ਦਾ ਰੂਪ ਗ੍ਰਹਿਣ ਕਰ ਗਿਆ।

ਇਥੇ ਇਹ ਸਪਸ਼ਟ ਕਰਨਾ ਵੀ ਜ਼ਰੂਰੀ ਹੈ ਕਿ ਇਹ ਲਹਿਰਾਂ ਆਪਣੇ ਆਪ ਬਿਨਾਂ ਕਿਸੇ ਵਿਚਾਰਧਾਰਾਈ ਹੁੰਗਾਰੇ ਦੇ ਪੈਦਾ ਨਹੀਂ ਹੋਈਆਂ। ਇਨ੍ਹਾਂ ਦੀ ਪਿੱਠਭੂਮੀ ਵਿਚ ਕਾਰਜਸ਼ੀਲ ਕੋਈ ਨਾ ਕੋਈ ਵਿਸ਼ੇਸ਼ ਰੰਗਣ ਦੀ ਫਿਲਾਸਫ਼ੀ ਰਹੀ ਹੈ। ਉਦਾਹਰਣ ਹਿੱਤ ਪ੍ਰਗਤੀਵਾਦ ਲਹਿਰ, ਕਾਰਲ ਮਾਰਕਸ ਨਾਮੀ ਇਕ ਮਹਾਨ ਵਿਅਕਤੀ ਦੀ ਵਿਚਾਰਧਾਰਾ ਦੇ ਅਨੁਸਾਰੀ ਹੈ। ਇਹ ਵਿਚਾਰਧਾਰਾ, ਧਰਤੀ ’ਤੇ ਵਿਚਰਦੇ ਮਨੁੱਖ ਨੂੰ ਬਰਾਬਰਤਾ, ਭਾਈਚਾਰਕ ਸਾਂਝ, ਏਕਤਾ ਤੇ ਆਜ਼ਾਦੀ ਵਰਗੇ ਸੰਕਲਪਾਂ ਦਾ ਸੁਨੇਹਾ ਦਿੰਦੀ ਹੈ। ਇਸ ਅਨੁਸਾਰ ਧਰਤੀ ਦੇ ਉਪਜਾਊ ਸੋਮੇ ਸਾਰੀ ਮਨੁੱਖਤਾ ਲਈ ਸਾਂਝੇ ਹਨ। ਇਨ੍ਹਾਂ ਸੋਮਿਆਂ ’ਤੇ ਕੁਝ ਇਕ ਦਾ ਕਬਜ਼ਾ ਬਿਲਕੁਲ ਗ਼ੈਰ ਵਾਜਿਬ ਹੈ। ਕਿਉਂ ਜੋ ਲੰਘੀਆਂ ਸਦੀਆਂ ਦੇ ਵਰਤਾਰੇ ਅੰਦਰ ਪ੍ਰਚੱਲਤ ਰਹੇ ਕਬੀਲਾਦਾਰੀ, ਰਾਜਾਸ਼ਾਹੀ, ਜਾਗੀਰਸ਼ਾਹੀ, ਪੂੰਜੀਵਾਦੀ ਆਦਿ ਵਰਤਾਰਿਆਂ ਨੇ ਸਮਾਜ ਦੇ ਰਾਜਸੀ, ਆਰਥਿਕ, ਸੱਭਿਆਚਾਰਕ ਤੇ ਮਾਨਵੀ ਖੇਤਰ ਨੂੰ ਬੇਹੱਦ ਗੰਧਲਾ ਕਰ ਦਿੱਤਾ ਸੀ। ਮਾਰਕਸ ਨੇ ਉਪਰੋਕਤ ਪ੍ਰਥਾਵਾਂ ਦੇ ਅਵਗੁਣਾਂ ਦੀ ਪਛਾਣ ਕਰਕੇ, ਮਨੁੱਖ ਨੂੰ, ਬਰਾਬਰੀ ਨੂੰ ਸਲਾਮਤ ਰੱਖਣ ਦੀ ਪੁਰਜ਼ੋਰ ਸਿਫਾਰਸ਼ ਕੀਤੀ। ਇਹ ਸਿਫਾਰਿਸ਼ ਸਾਹਿਤਕ ਸੱਭਿਆਚਾਰਕ ਖੇਤਰ ਵਿਚ ਪ੍ਰਗਤੀਵਾਦ ਦੇ ਨਾਂ ਨਾਲ ਜਾਣੀ ਜਾਂਦੀ ਹੈ। ਮੇਰੀਆਂ ਜੀਵਨ ਹਾਲਤਾਂ ਚੂੰਕਿ ਆਰਥਿਕਤਾ ਹੱਥੋਂ ਦੂਸ਼ਤ ਹੋਈਆਂ, ਅਜਿਹੇ ਹੀ ਕਿਸੇ ਜੀਵਨ ਅਭਿਆਸ ਦੀ ਅਕਾਂਖਿਆ ਕਰਦੀਆਂ ਸਨ। ਸੋ ਮੈਨੂੰ ਮਾਰਕਸ ਦੇ ਵਿਚਾਰਾਂ ਅਨੁਸਾਰ ਸਾਹਿਤ ਅੰਦਰ ਪ੍ਰਚਲਤ ਹੋਈ ਪ੍ਰਗਤੀਵਾਦੀ ਨਾਮੀ ਲਹਿਰ ਨਾਲ ਜੁੜ ਕੇ ਆਪਣੀ ਲਾਲਸਾ ਪੂਰੀ ਹੁੰਦੀ ਜਾਪੀ। ਜਲੰਧਰੀ ਠਹਿਰ ਸਮੇਂ ਬਣੇ ਮੌਕਾ ਮੇਲ ਕਾਰਨ ਮੈਂ ਬੀ.ਏ. ਦੇ ਪਰਚੇ ਹਿੱਸਿਆਂ ਵਿਚ ਪਾਸ ਕਰ ਕੇ ਬੀ.ਐੱਡ ’ਚ ਦਾਖ਼ਲਾ ਲੈਣ ਵੱਲ ਨੂੰ ਮੋੜਾ ਕੱਟ ਲਿਆ। ਉਮਰ ਦੀ ਹੱਦ ਲੰਘ ਜਾਣ ਕਾਰਨ ਸਰਕਾਰੀ ਟਰੇਨਿੰਗ ਕਾਲਜ ਵਿਚ ਸੀਟ ਨਾ ਮਿਲੀ। ਜਲੰਧਰ, ਆਦਰਸ਼ ਨਗਰ ਸਥਿਤ ਪ੍ਰਾਈਵੇਟ ਕਾਲਜ ’ਚ ਦਾਖ਼ਲ ਹੋਣ ਲਈ ਤਿੰਨ ਕੁ ਸਾਲਾਂ ਦੇ ਯਤਨਾਂ ਪਿੱਛੋਂ ਕਿਧਰੇ ਸਫਲਤਾ ਮਿਲੀ। ਜਿਵੇਂ ਵੀ ਹੋਇਆ ਇਹ ਬਦਲਵੀਂ ਵਿਵਸਥਾ ਮੇਰੇ ਜੀਵਨ ਨੂੰ ਬਦਲਵੇਂ ਰਾਹ ਤੋਰਨ ਲਈ ਕਾਰਗਰ ਸਿੱਧ ਹੋਈ। ਪੜ੍ਹਾਈ ਦੌਰਾਨ ਮੈਨੂੰ ਆਦਰਸ਼ਮਈ ਕਵਿਤਾਕਾਰੀ ਨੂੰ ਪ੍ਰਗਤੀਵਾਦੀ ਰਚਨਾਕਾਰੀ ਵਿਚ ਬਦਲਣ ਲਈ ਲੋੜੀਂਦੇ ਵਿਚਾਰਧਰਾਈ ਸੋਮੇ ਉਪਲੱਬਧ ਹੋ ਗਏ। ਇਸ ਬਦਲਾਵ ਨੂੰ ਹੋਰ ਪੱਕਿਆਂ ਕਰਨ ਲਈ ਪਬਲਿਕ ਹਾਇਰ ਸੈਕੰਡਰੀ ਸਕੂਲ ਭੰਗਾਲਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ 1972 ਵਿਚ ਮਿਲੀ ਗਿਆਨੀ ਟੀਚਰ ਦੀ ਨੌਕਰੀ ਨੇ ਬੇਹੱਦ ਅਹਿਮ ਭੂਮਿਕਾ ਨਿਭਾਈ। ਇਵੇਂ ਦੀ ਸੋਚ-ਧਾਰਾ ਅਗਲੇ ਵਰ੍ਹਿਆਂ ਵਿਚ ਹੋਰ ਸਾਹਿਤ ਪੜ੍ਹਕੇ ਹੋਰ ਪਕੇਰੀ ਹੁੰਦੀ ਗਈ।

ਇਹ ਸ਼ਾਇਦ ਇਸ ਬਦਲਾਵ ਦਾ ਹੀ ਸਿੱਟਾ ਸੀ ਕਿ ਸੰਨ ’80 ਦੇ ਆਸ-ਪਾਸ ਲਿਖੀ ਪਹਿਲੀ ਮਿੰਨੀ ਕਹਾਣੀ ‘ਈਡੀਏਟ’ ਤੋਂ ਲੈ ਕੇ ਹੁਣ ਤਕ ਲਿਖ ਹੋਈਆਂ ਕਰੀਬ ਪੰਜ ਦਰਜਨ ਦੇ ਕਰੀਬ ਕਹਾਣੀਆਂ ਵਿਚ ਪ੍ਰਗਤੀਵਾਦ ਖੇਤਰ ਦੇ ਸੰਕਲਪ ਦਾ ਪ੍ਰਭਾਵ ਸੌਖਿਆਂ ਹੀ ਦ੍ਰਿਸ਼ਟੀਮਾਨ ਹੋ ਸਕਦਾ ਹੈ।

ਇਥੇ ਲਹਿਰਾਂ ਦੇ ਪ੍ਰਭਾਵ ਅਧੀਨ ਲਿਖੀਆਂ ਰਚਨਾਵਾਂ ਉੱਤੇ ਕਿੰਤੂ ਪ੍ਰੰਤੂ ਕਰਨ ਵਾਲੇ ਵਰਗ ਨੂੰ ਇਹ ਦੱਸਣਾ ਬਣਦਾ ਹੈ ਕਿ ਲੰਘੇ ਸਮਿਆਂ ਦੌਰਾਨ ਵੱਖ-ਵੱਖ ਦੇਸ਼ਾਂ ਵਿਚ ਰਚੇ ਗਏ ਸਾਹਿਤ ਨੇ ਉਥੋਂ ਦੇ ਜਨ-ਸਮੂਹ ਨੂੰ ਬਦਲਵੀਂ ਅਰਥ-ਵਿਵਸਥਾ ਦੀ ਪ੍ਰਾਪਤੀ ਲਈ ਬੇਹੱਦ ਉਤਸ਼ਾਹਤ ਕੀਤਾ ਹੈ। ਰੂਸ ਨੂੰ ਜ਼ਾਰਸ਼ਾਹੀ ਤੋਂ ਛੁਟਕਾਰਾ ਦਿਵਾਉਣ ਲਈ ਪੰਜਾਬ ’ਚ ਚੱਲੀਆਂ ਲਹਿਰਾਂ, ਜਿਵੇਂ ਗ਼ਦਰ ਲਹਿਰ, ਸਿੰਘ ਸਭਾ ਲਹਿਰ ਆਦਿ ਨਾਲ ਸਬੰਧਤ ਸਾਹਿਤ ਨੇ ਲੋਕ-ਮਾਨਸਿਕਤਾ ਨੂੰ ਗ਼ੁਲਾਮੀ ਤੋਂ ਛੁਟਕਾਰਾ ਪਾਉਣ ਲਈ ਪਾਏ ਯੋਗਦਾਨ ਨੂੰ ਕਿਸੇ ਤਰ੍ਹਾਂ ਵੀ ਘਟਾ ਕੇ ਨਹੀਂ ਦੇਖਿਆ ਜਾ ਸਕਦਾ। ਇਵੇਂ ਹੀ ’47 ਉਪਰੰਤ ਇੱਥੋਂ ਦੇ ਜਨ-ਸਮੂਹ ਦੀ ਅਕਾਂਖਿਆ ਦੇ ਬਿਲਕੁਲ ਵਿਪਰੀਤ ਹੋਂਦ ਵਿਚ ਆਏ ਸਮਾਜਿਕ-ਰਾਜਨੀਤਕ-ਆਰਥਿਕ ਪ੍ਰਬੰਧ ਤੋਂ ਅਸੰਤੁਸ਼ਟ ਰਚਨਾਕਾਰੀ ਨੇ ਵੀ ਕਿਸਾਨੀ ਸਮੇਤ ਸਮਾਜ ਦੇ ਕਰੀਬ ਸਾਰੇ ਵਰਗਾਂ ਅੰਦਰ ਅੰਦੋਲਨਕਾਰੀ ਭਾਵ ਪੈਦਾ ਕੀਤੇ ਹਨ। ਆਪਣੀ ਲਿਖਤ ਦੀ ਉਦਾਹਰਨ ਵਜੋਂ, ਮੈਂ ‘ਗੜ੍ਹੀ ਬਖ਼ਸ਼ਾ ਸਿੰਘ’ ਅਤੇ ‘ਅਕਾਲਗੜ੍ਹ’ ਕਹਾਣੀਆਂ ਦੇ ਹਿੱਸੇਦਾਰੀ ਦਾ ਉਲੇਖ ਕਰ ਸਕਦਾ। ਇਨ੍ਹਾਂ ਵਿਚ ਕਾਮਰੇਡ ਸਮਿੱਤਰ ਅਤੇ ਕਾਮਰੇਡ ਪਿਆਰੇ ਵਲੋਂ ਪ੍ਰਗਟਾਇਆ ਰੋਸ, ਉਸ ਚਾਹਤ ਦੀ ਨਿਸ਼ਾਨਦੇਹੀ ਕਰਦਾ ਹੈ, ਜਿਸ ਦੀ ਅਕਾਂਖਿਆ ਕਾਲੇਪਾਣੀਆਂ, ਕਾਲਕੋਠੜੀਆਂ, ਪਿੰਜਰਿਆਂ ਅੰਦਰ ਤਸੀਹੇ ਝਲਦੇ ਦੇਸ਼ ਭਗਤਾਂ ਨੇ ਕੀਤੀ ਸੀ। ਕਹਾਣੀਆਂ ’ਚ ਪਾਤਰਾਂ ਵਜੋਂ ਸ਼ਾਮਿਲ ਇਨ੍ਹਾਂ ਦਾ ਗਿਲਾ ਹੈ ਕਿ ਉਨ੍ਹਾਂ ਦੇ ਸੰਘਰਸ਼ ਸਮੇਂ ਵਿਦੇਸ਼ੀ ਹਾਕਮਾਂ ਦੇ ਝੋਲੀਚੁੱਕ ਰਹੇ ਲੋਕ ਹੀ ਮੁੜ ਦੇਸ਼ ਦੀ ਅਰਥ-ਵਿਵਸਥਾ ’ਤੇ ਕਾਬਜ਼ ਹੋ ਕੇ ਲੋਕਾਂ ਦਾ ਜੀਵਨ ਪੱਧਰ ਸੁਧਾਰਨ ਵਿਚ ਮੁੱਖ ਅੜਿੱਕਾ ਬਣ ਬੈਠੇ ਹਨ। ਅਜਿਹਾ ਵੇਰਵਾ ‘ਛਿੰਜ, ਧੁੱਪ-ਛਾਂ, ਚੀਕ-ਬੁਲਬਲੀ, ਐਕਚਨ, ਮੋਮਬੱਤੀਆਂ, ਉੱਚੇ ਰੁੱਖਾਂ ਦੀ ਛਾਂ, ਐਨਕ, ਜਿੰਨ, ਸੰਸਾਰ’ ਆਦਿ ਕਹਾਣੀਆਂ ਵਿਚ ਅੰਕਿਤ ਹੋਇਆ ਵੀ ਪੜ੍ਹਿਆ ਜਾ ਸਕਦਾ ਹੈ।

ਇਥੇ ਇਸ ਮਹੱਤਵਪੂਰਨ ਤੱਤ ਦਾ ਉਲੇਖ ਕਰਨਾ ਵੀ ਜ਼ਰੂਰੀ ਹੈ ਕਿ ਅਜੋਕੀਆਂ ਲਿਖਤਾਂ ਸਮੇਤ ਮੇਰੀਆਂ ਕਹਾਣੀਆਂ, ਆਦਰਸ਼ਮਈ, ਸੁਧਾਰਵਾਦੀ ਲਿਖਤਾਂ ਵਾਂਗ ਨਾਇਕਾਂ ਵਲੋਂ ਖਲਨਾਇਕਾਂ ਨੂੰ ਦਿੱਤੀ ਜਾਂਦੀ ਰਹੀ ਸਿੱਧੀ ਟੱਕਰ ਨੂੰ ਦੂਰ ਪਿਛਾਂਹ ਛੱਡ ਕੇ ਸਮਕਾਲ ਨਾਲ ਟਕਰਾਉਂਦੇ ਯਥਾਰਥ ਦਾ ਮਨੋ-ਵਿਗਿਆਨ ਹਨ। ਅਜੋਕੀ ਲਿਖਤ ਅਜਿਹੇ ਕਿਰਦਾਰਾਂ ਨੂੰ ਵੱਧ ਪੇਸ਼ ਕਰਦੀ ਹੈ, ਜਿਹੜੇ ਇਕੋ ਸਮੇਂ ਨਾਇਕ ਵੀ ਹਨ ਤੇ ਖਲਨਾਇਕ ਵੀ ਹਨ। ‘ਜੁਬਾੜੇ’ ਅਤੇ ‘ਅੱਗੇ ਸਾਖੀ ਹੋਰ ਚੱਲੀ’ ਦੇ ਕਿਰਦਾਰਾਂ ’ਤੇ ਇਹ ਲੇਬਲ ਸੌਖਿਆਂ ਹੀ ਢੱੁਕਦਾ ਹੈ, ਭਾਵੇਂ ਮੇਰੀਆਂ ਬਹੁਤੀਆਂ ਕਹਾਣੀਆਂ ਦਾ ਜਨਮ ਹੀ ਕਿਸੇ ਨਾ ਕਿਸੇ ਖਲਨਾਇਕੀ ਕਿਰਦਾਰ ਦੀਆਂ ਸੁਆਰਥੀ ਮਨੋਬਿਰਤੀਆਂ ਦਾ ਲੇਖਾ-ਜੋਖਾ ਕਰਨ ਹਿੱਤ ਹੋਇਆ।

ਸ਼ਾਇਦ ਇਸੇ ਲਈ ਮੇਰੀ ਕਹਾਣੀ ਲਿਖਤ ਨੂੰ ਦੋਸ਼-ਪੂਰਨ ਤਕ ਪ੍ਰਗਤੀਵਾਦੀ ਹੋਣ ਦਾ ਉਲਾਂਭਾ ਮਿਲਿਆ ਹੈ। 
219
***
ਨੋਟ: ਕਹਾਣੀਕਾਰ ਲਾਲ ਸਿੰਘ ਹੁਰਾਂ ਇਸ ਲੇਖ ਰਾਹੀਂ ਕੁਝ ਬਹੁਤ ਹੀ ਮਹੱਤਵਪੂਰਨ ਨੁਕਤਿਅਾਂ ‘ਤੇ ਵਿਚਾਰ/ਸਪਸ਼ਟੀਕਰਣ ਪੇਸ਼ ਕੀਤੇ ਹਨ। ‘ਪੰਜਾਬੀ ਜਾਗਰਣ’ ਦੇ ਧੰਨਵਾਦ ਨਾਲ ਇਹ ਰਚਨਾ ‘ਲਿਖਾਰੀ’ ਦੇ ਪਾਠਕਾਂ ਲਈ ਵੀ ਹਾਜ਼ਰ ਕਰਨ ਦੀ ਖੁਸ਼ੀ ਲੈ ਰਹੇ ਹਾਂ।

***
ਲਾਲ ਸਿੰਘ ਦਸੂਹਾ
(ਨੇੜੇ ਐਸ. ਡੀ .ਐਮ. ਕੋਰਟ, ਦਸੂਹਾ,
ਜ਼ਿਲਾ : ਹੁਸ਼ਿਆਰਪੁਰ, ਪੰਜਾਬ
ਫੋਨ : 094655-74866)

About the author

ਲਾਲ ਸਿੰਘ ਦਸੂਹਾ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ