ਇੱਕ ਸੰਵੇਦਨਸ਼ੀਲ ਕਹਾਣੀ ‘ਆਈਸੋਲੇਟਿਡ ਵਾਰਡ‘
(ਦਿੱਲੀ ਸਥਿੱਤ ‘ਇੰਦਰ ਪ੍ਰਸਥ ਮਹਿਲਾ ਵਿਦਿਆਲਾ,’ ਦੇ ਹਿੰਦੀ ਵਿਭਾਗ ਵਿੱਚ ਐਸਿਸਟੈਂਟ ਪਰੋਫੈਸਰ ਰਿੰਪੀ ਖਿਲਨ, ਅਧਿਆਪਨ ਦੇ ਨਾਲ ਨਾਲ ਹਿੰਦੀ ਵਿੱਚ ਕਹਾਣੀਆਂ ਵੀ ਲਿਖਦੀ ਹੈ। ‘ਸਾਹਿਤ ਕੁੰਜ‘ ਦੇ ਧੰਨਵਾਦ ਨਾਲ ਰਿੰਪੀ ਖਿਲਨ ਦੀ ਲਿਖੀ ਇੱਕ ਸੰਵੇਦਨਸ਼ੀਲ ਕਹਾਣੀ ‘ਆਈਸੋਲੇਟਿਡ ਵਾਰਡ‘ ਪੰਜਾਬੀ ਰੂਪ ਵਿੱਚ ਹਾਜ਼ਰ ਕਰ ਰਿਹਾ ਹਾਂ।)—ਗੁਰਦਿਆਲ ਸਿੰਘ ਰਾਏ
**
ਪਾਪਾ ਆਈਸੋਲੇਟਿਡ ਵਾਰਡ ਵਿੱਚ ਇੱਕਲੇ ਮੌਤ ਦੀ ਉਡੀਕ ਵਿੱਚ ਹਨ ਜਿਵੇਂ ਕਿ ਉਹ ਜਾਣਦੇ ਹੋਣ ਕਿ ਇਹ ਉਡੀਕ ਕੇਵਲ ਤੇ ਕੇਵਲ ਉਹਨਾਂ ਦੀ ਹੀ ਹੈ ਅਤੇ ਇਸ ਉਡੀਕ ਵਿੱਚ ਦੂਜੇ ਸਾਰੇ ਲੋਕ ਇੱਕ ਹੋਰ ਉਡੀਕ ਵਿੱਚ ਹਨ ਕਿ ਕਦੋਂ ਉਹਨਾਂ ਨੂੰ ਇਸ ਸੰਸਾਰ ਤੋਂ ਮੁੱਕਤੀ ਮਿਲੇ ਅਤੇ ਪਾਪਾ ਦੇ ਨਾਲ ਨਾਲ ਉਹ ਸਾਰੇ ਵੀ ਉਸ ਕਾਲੀ ਸੁਰੰਗ ਤੋਂ ਬਾਹਰ ਆ ਸਕਣ ਜਿੱਥੇ ਆਕੇ ਜਿਵੇਂ ਸਮਾਂ ਠਹਿਰ ਜਿਹਾ ਗਿਆ ਹੋਵੇ। ਆਦਮੀ ਪ੍ਰੇਮ ਕਿਸਨੂੰ ਕਰਦਾ ਹੈ? ਉਸ ਜਿਉਂਦੇ ਜਾਗਦੇ ਆਦਮੀ ਨਾਲ ਜਿਹੜਾ ਉਸਦਾ ਸਹਾਰਾ ਹੁੰਦਾ ਹੈ, ਜਿਹੜਾ ਉਸਦੇ ਨਾਲ ਜਿਉਂਦਾ ਹੈ, ਉਸਦੇ ਨਾਲ ਪ੍ਰਸੰਨ ਹੁੰਦਾ ਹੈ ਜਾਂ ਫਿਰ ਉਸ ਤੋਂ ਵੀ ਵੱਧ ਲੰਮੇ ਸਮੇਂ ਤੱਕ ਉਸ ਨਾਲ ਪਿਆਰ ਕਰਦਾ ਰਹਿ ਸਕਦਾ ਹੈ ਜਿਸਦੀ ਖੁੱਦ ਦੀ, ਆਪਣੀ ਜ਼ਿੰਦਗੀ ਇੱਕ ਆਈਸੋਲੇਟਿਡ ਵਾਰਡ ਵਿੱਚ ਆਕੇ ਠਹਿਰ ਗਈ ਹੋਵੇ। ਮਾਂ ਨਿਸਚੈ ਹੀ ਅੱਜ ਵੀ ਪਾਪਾ ਨੂੰ ਉਂਨਾ ਹੀ ਪਿਆਰ ਕਰਦੀ ਹੈ ਪਰ ਮਾਂ ਜਿਵੇਂ ਰੋਜ਼ ਹੀ ਇਸ ਗਹਿਰੀ-ਡੂੰਘੀ ਟਨਲ ਨੂੰ ਪਾਰ ਕਰਕੇ ਪਾਪਾ ਤੱਕ ਪਹੁੰਚਦੀ ਹੈ ਅਤੇ ਉਹ ਉਸਦੀਆਂ ਅੱਖਾਂ ਰਾਹੀਂ ਹੀ ਬਾਹਰ ਦਾ ਉੱਜਲਾ ਆਕਾਸ਼ ਦੇਖ ਪਾਉਂਦੇ ਹਨ ਜਿਹੜਾ ਕਿ ਹੁਣ ਹੌਲੀ ਹੌਲੀ ਸੁੰਗੜਦਾ ਜਾ ਰਿਹਾ ਹੈ। ਮੈਂ ਵੀ ਉਸ ਟਨਲ ਨੂੰ ਪਾਰ ਕਰਕੇ ਉਹਨਾਂ ਦੋਹਾਂ ਦੇ ਵਿਚਕਾਰ ਜਾ ਬੈਠਦੀ ਹਾਂ, ਕਦੇ ਕਦੇ। ਲੇਡੀ ਇਰਵਨ ਹਸਪਤਾਲ ਦੀ ਇਹ ਟਨਲ ਜਿਵੇਂ ਕਿ ਕਈ ਜੁਗਾਂ ਦੇ ਅੰਤਰਾਲ ਵਿੱਚ ਫੈਲੀ ਹੋਈ ਹੋਵੇ।
ਉਹ ਪਿਤਾ, ਜਿਸਨੇ ਇੱਕ ਪੂਰਾ ਜੀਵਨ, ਇੱਕ ਜੀਵੰਤ ਨਿੱਜ ਦਿਸ਼ਾ ਦੇ ਨਾਲ ਹੰਢਾਇਆ ਹੈ, ਅੱਜ ਮੌਤ ਦੇ ਬਿਸਤਰੇ ਤੇ ਪਿਆ ਹੈ ਅਤੇ ਮਾਂ ਜਿਵੇਂ ਇੱਕ ਜਿਉਂਦੀ ਲਾਸ਼ ਹੈ, ਜਿਹੜੀ ਕਿ ਇੱਕ ਰੋਬੋਟ ਵਾਂਗ ਮਸ਼ੀਨੀ ਢੰਗ ਨਾਲ ਇਸ ਮੌਤ-ਗਾਹ ਤੱਕ ਰੋਜ਼ ਆਉਂਦੀ ਹੈ ਅਤੇ ਸ਼ਾਮ ਢੱਲਦਿਆਂ ਹੀ ਅਸਾਂ ਬੱਚਿਆਂ ਪਾਸ ਮੁੜ ਆਉਂਦੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਪਾਪਾ ਨੂੰ ਹੁਣ ਬਚਾਇਆ ਨਹੀਂ ਜਾ ਸਕਦਾ। ਪਤਾ ਨਹੀਂ ਆਦਮੀ, ਆਦਮੀਂ ਨੂੰ ਬਚਾਉਣਾ ਚਾਹੁੰਦਾ ਹੈ ਜਾਂ ਉਸ ਸੁੱਖ ਨੂੰ ਜੋ ਉਸਨੂੰ, ਉਸ ਆਦਮੀ ਤੋਂ ਮਿਲਦਾ ਰਿਹਾ ਹੋਵੇ, ਉਸ ਸੁਰੱਖਿਆ ਨੂੰ ਜਿਹੜੀ ਕਿ ਉਹ ਆਦਮੀ, ਉਸ ਨੂੰ, ਜੀਵਨ ਭਰ ਦਿੰਦਾ ਰਿਹਾ ਹੋਵੇ ਜਾਂ ਫਿਰ ਉਸ ਦੁਨੀਆਂ ਨੂੰ ਜਿਹੜੀ ਕਿ ਉਸ ਬੰਦੇ ਦੇ ਚਲੇ ਜਾਣ ਦੇ ਨਾਲ ਹੀ, ਸਦਾ ਸਦਾ ਲਈ ਵਿਦਾ ਹੋ ਜਾਵੇਗੀ। ਅਸੀਂ ਸਾਰੇ ਵੀ ਪਾਪਾ ਨੂੰ ਬਚਾਉਣਾ ਚਾਹੁੰਦੇ ਸਾਂ ਪਰ ਬਚਾਅ ਦੇ ਤਰੀਕੇ ਕਰਦਿਆਂ ਕਰਦਿਆਂ ਅਸੀ ਸਾਰੇ ਥੱਕਣ ਲੱਗ ਪਏ ਸਾਂ।
ਸ਼ਾਇਦ ਪਾਪਾ ਦੀ ਸੰਭਾਵੀ ਮੋਤ ਨੇ ਸਾਨੂੰ ਹਰਾ ਦਿੱਤਾ ਸੀ ਜਾਂ ਫਿਰ ਸਾਡਾ ਆਪਣਾ ਜੀਵਨ ਹੁਣ ਮੌਤ ਦੇ ਪਰਛਾਵੇਂ ਤੋਂ ਬਾਹਰ ਨਿਕਲਣਾ ਲੋਚਦਾ ਸੀ। ਮਾਂ ਦੇ ਮੱਥੇ ਤੇ ਵੱਡੀ ਲਾਲ-ਸੁਰਖ ਬਿੰਦੀ, ਮਾਂ ਦੇ ਸੁਹਾਗ ਦੇ ਨਾਲ ਨਾਲ ਸਾਡੇ ਲਈ ਵੀ ਉਸ ਆਕਾਸ਼ ਦਾ ਪ੍ਰਤੀਕ ਸੀ ਜਿਹੜਾ ਸਾਡੇ ਸਿਰਾਂ ਤੇ ਬਣਿਆ ਹੋਇਆ ਸੀ। ਮਾਂ ਨੇ ਬੜੇ ਚਿਰਾਂ ਤੋਂ ਹੁਣ ਬਿੰਦੀ ਲਾਉਣੀ ਛੱਡ ਦਿੱਤੀ ਸੀ। ਪਾਪਾ ਨੂੰ ਇਸਦੇ ਕਾਰਨ ਦਾ ਪਤਾ ਸੀ। ਉਹਨਾਂ ਦਾ ਮਲ-ਮੂਤਰ ਚੁੱਕਦਿਆਂ ਚੁੱਕਦਿਆਂ, ਅਸਾਹੇ ਹੁੰਦਿਆਂ ਵੇਖਦੇ ਵੇਖਦੇ, ਮਾਂ ਵੀ ਥੱਕ ਚੁੱਕੀ ਸੀ, ਇਸ ਹੱਦ ਤੱਕ ਕਿ ਉਹ ਆਪੂੰ ਵੀ ਬਿਮਾਰ ਵਿਖਾਈ ਦੇਣ ਲੱਗ ਪਈ ਸੀ। ਲੇਡੀ ਇਰਵਨ ਹਸਪਤਾਲ ਵਲਾਂ ਜਾਂਦਿਆਂ ਰਾਹ ਵਿੱਚ ਇੱਕ ਚੌਰਾਹਾ ਆਉਂਦਾ ਸੀ ਜਿੱਥੇ ਅਣਗਿਣਤ ਕਬੂਤਰ ਜਮੇ ਰਹਿੰਦੇ ਸਨ, ਆਪਣੇ ਪਰ ਫੜਫੜਾਉਂਦੇ। ਪਏ ਦਾਣਿਆਂ ਤੇ ਝੱਪਟਦੇ ਅਤੇ ਫਿਰ ਆਕਾਸ਼ ਵਲਾਂ ਜਾਂਦੇ ਅੱਖੋਂ ਉਹਲੇ ਹੋ ਜਾਂਦੇ, ਗਾਇਬ ਹੋ ਜਾਂਦੇ। ਮਾਂ ਤੇ ਮੈਂ ਅਕਸਰ ਇੱਥੋਂ ਹੋ ਕੇ ਹੀ ਹਸਪਤਾਲ ਪੁੱਜਿਆ ਕਰਦੇ ਸਾਂ। ਮਾਂ, ਭਾਵ-ਵਿਹੂਣੇ ਭਾਵ ਨਾਲ ਉਹਨਾਂ ਕਬੂਤਰਾਂ ਨੂੰ ਉਡਾਣ ਭਰਦਿਆਂ ਵੇਖਿਆ ਕਰਦੀ। ਉਸਦੀ ਦੇਹ ਜਿਵੇਂ ਪਥਰਾਅ ਗਈ ਹੋਵੇ। ਪਰ ਫਿਰ ਥੋੜੀ ਦੇਰ ਲਈ ਹੀ ਮੈਂਨੂੰ ਭਾਸਦਾ ਕਿ ਹੁਣ ਜਿਵੇਂ ਉਸ ਵਿੱਚ ਥਿਰਕਣ ਆ ਗਈ ਹੋਵੇ। ਉਹ ਮੈਂਨੂੰ ਕਹਿੰਦੀ, ਕਲ੍ਹ ਤੋਂ ਥੋੜੇ ਦਾਣੇ ਲਿਆਇਆ ਕਰਾਂਗੇ ਅਤੇ ਇਹਨਾਂ ਕਬੂਤਰਾਂ ਨੂੰ ਪਾਇਆ ਕਰਾਂਗੇ। ਮੈਂ, ਮਾਂ ਦੀ ਗੱਲ ਤੇ ਸਿਰ ਹਿਲਾ ਦਿੰਦੀ। ਪੂਰੇ ਘਰ ‘ਤੇ ਵੀ ਹਸਪਤਾਲ ਜਿਹੀ ਹੀ ਮੁਰਦੇਹਾਣੀ ਪੱਸਰੀ ਹੋਈ ਸੀ। ਅਸੀਂ ਸਾਰੇ ਹੀ, ਕਿਸੇ ਕਾਲੇ ਪਰਛਾਵੇਂ ਦੀ ਮਾਰ ਹੇਠਾਂ ਸਾਂ। ਰਿਸ਼ਤੇਦਾਰ ਆਉਂਦੇ ਸਨ। ਹਾਲ ਚਾਲ ਪੁੱਛਦੇ, ਸਾਡੇ ਭਵਿੱਖ ਤੇ ਸ਼ੰਕਾ ਜ਼ਾਹਿਰ ਕਰਦੇ ਅਤੇ ਚਲੇ ਜਾਂਦੇ। ਉਹ ਜਿਵੇਂ ਆਪਣੇ ਭਵਿੱਖ ਨੂੰ ਲੈ ਕੇ ਪੂਰੀ ਤਰ੍ਹਾਂ ਸੰਤੁਸ਼ਟ ਸਨ ਕਿ ਉਹਨਾਂ ਨਾਲ ਤਾਂ ਕਦੇ ਕੁਝ ਬੁਰਾ ਵਾਪਰ ਹੀ ਨਹੀਂ ਸਕਦਾ। ਭਰਾ, ਉਹਨੀ ਦਿਨੀਂ ਪਿਆਰ ਵਿੱਚ ਡੁੱਬਿਆ ਹੋਇਆ ਸੀ। ਪਰੇਮ-ਪਿਆਰ ਜਿਹੜਾ ਕਿ ਸੰਸਾਰ ਦੀ ਸਭ ਤੋਂ ਉਜੱਲੀ ਸ਼ੈ ਹੈ ਪਰ ਇਹ ਉਸਦੇ ਲਈ ਇਸ ਮੁਰਦੇਹਾਣੀ ਵਿੱਚੋਂ ਬਾਹਰ ਨਿਕਲਣ ਦਾ ਸਭ ਤੋਂ ਵੱਡਾ ਰਾਹ ਵੀ ਸੀ। ਉਸਨੂੰ ਲੱਗਦਾ ਸੀ ਕਿ ਉਹ ਹੁਣ ਠਹਿਰੇ ਹੋਏ ਸਮੇਂ ਵਿੱਚ ਹੋਰ ਨਹੀਂ ਸੀ ਠਹਿਰ ਸਕਦਾ। ਉਹ, ਉਹਨਾਂ ਕਬੂਤਰਾਂ ਵਾਂਗ ਆਪਣੇ ਹਿੱਸੇ ਦਾ ਦਾਣਾ-ਪਾਣੀ ਚੁੱਗ ਲੈ ਕੇ ਹਵਾ ਵਿੱਚ ਗਾਇਬ ਹੋ ਜਾਣਾ ਚਾਹੁੰਦਾ ਸੀ। ਉਸਦਾ ਆਕਾਸ਼ ਅਨੰਤ ਸੀ। ਮਾਂ ਦਾ ਆਕਾਸ਼ ਸੁੰਗੜਦਾ ਜਾ ਰਿਹਾ ਸੀ ਅਤੇ ਅਸੀਂ ਦੋਵੇਂ ਭੈਣਾਂ ਜਿਵੇਂ ਇੱਕ ਦੇ ਸੁੰਗੜਦੇ ਅਤੇ ਇੱਕ ਦੇ ਫੈਲਦੇ ਆਕਾਸ਼ ਦੇ ਵਿਚਕਾਰ ‘ਤ੍ਰਿਸ਼ੰਕੂ’ ਵਾਂਗ ਲਟਕ ਰਹੀਆਂ ਸਾਂ।
ਪਿਤਾ ਦੇ ਸਾਰੇ ਜੀਵਨ ਕਾਲ ਵਿੱਚ ਅਸੀਂ ਇਸ ਘੁੱਟਣ ਨੂੰ ਕਦੇ ਮਹਿਸੂਸ ਨਹੀਂ ਸੀ ਕੀਤਾ ਜਿਹੜੀ ਕਿ ਉਹਨਾਂ ਦੇ ਜਾਂਦੇ ਸਮੇਂ ਸਾਨੂੰ ਹੋ ਰਹੀ ਸੀ ਜਿਵੇਂ ਕਿ ਅਸਾਂ ਸਭ ਨੇ, ਉਹਨਾਂ ਦੀ ਮੌਤ ਦੀ ਡੂੰਘੀ ਟਨਲ ਵਿੱਚੋਂ ਹੋ ਕੇ ਲੰਘਣਾ ਸੀ। ਪੂਰੇ ਜੀਵਨ ਦੇ ਪ੍ਰੇਮ ਉਤੇ ਮੌਤ ਇੰਨੀ ਹਾਵੀ ਹੋ ਗਈ ਸੀ ਕਿ ਪਿਤਾ ਦੇ ਨਾਲ ਨਾਲ ਮੌਤ ਸਾਡੇ ਸਭ ਦੀਆਂ ਅੱਖਾਂ ਵਿੱਚ ਵੀ ਝਾਕਣ ਲੱਗ ਪਈ ਸੀ। ਪਾਪਾ, ਮੇਰੇ ਤੋਂ, ਮਾਂ ਤੋਂ, ਭੈਣ ਤੋਂ, ਭਰਾ ਤੋਂ ਗੱਲ ਕੀ ਸਾਡੇ ਸਭ ਤੋਂ ਹੀ ਮੋਹ-ਹੀਨ ਹੋ ਗਏ ਸਨ ਜਿਵੇਂ ਉਹਨਾਂ ਨੂੰ ਸਾਡੇ ਚੇਹਰਿਆਂ ਵਿੱਚ ਵੀ ਮੌਤ ਹੀ ਬਿਰਾਜਮਾਨ ਦਿੱਸਦੀ ਸੀ। ਅਸੀਂ ਸਾਰੇ ਉਹਨਾਂ ਦੇ ਸਾਹਮਣੇ ਤੁਰਦੀ-ਫਿਰਦੀ ਮੌਤ ਹੀ ਰਹੇ ਹੋਵਾਂਗੇ ਉਹਨਾਂ ਦਿਨਾਂ ਵਿੱਚ। ਇਹੋ ਹੀ ਅੱਜ ਮੈਂਨੂੰ ਲੱਗਦਾ ਹੈ। ਭਰਾ ਕੁਝ ਦਿਨਾਂ ਲਈ ਕਿਤੇ ਗਿਆ ਹੋਇਆ ਸੀ। ਮਾਂ ਨੇ ਰੋਕਿਆ ਵੀ ਸੀ ਕਿ ਅਜਿਹੇ ਸਮੇਂ ਉਸਨੂੰ ਇੱਥੇ ਹੀ ਹੋਣਾ ਚਾਹੀਦਾ ਹੈ। ਪਰ ਉਸਦਾ ਖੁਲ੍ਹਾ ਆਕਾਸ਼ ਉਸਨੂੰ ਲਗਾਤਾਰ ਬੁਲਾ ਰਿਹਾ ਸੀ। ਮਾਂ ਅਤੇ ਮੈਂ, ਪਾਪਾ ਦੀ ਬਗਲ ਵਿੱਚ ਬੈਠੇ ਸਾਂ। ਮਾਂ ਉਹਨਾਂ ਦਾ ਸਿਰ ਘੁੱਟ ਰਹੀ ਸੀ। ਮੈਂ ਪੈਰਾਂ ਵਲਾਂ ਸਾਂ। ਉਹ ਲਗਾਤਾਰ ਸਾਨੂੰ ਵੇਖ ਰਹੇ ਸਨ। ਅਚਾਨਕ ਉਹਨਾਂ, ਆਪਣੀ ਉਂਗਲੀ ਨਾਲ ਕੰਧ ਵਲਾਂ ਇਸ਼ਾਰਾ ਕੀਤਾ ਜਿਵੇਂ ਕਿ ਕੁੱਝ ਵਿਖਾਉਣਾ ਚਾਹੁੰਦੇ ਹੋਣ, ਜੋ ਉਹ ਤਾਂ ਵੇਖ ਰਹੇ ਸਨ ਪਰ ਸਾਨੂੰ ਨਜ਼ਰ ਨਹੀਂ ਸੀ ਆ ਰਿਹਾ। ਮਾਂ ਤਾਂ ਸ਼ਾਇਦ ਉਹਨਾਂ ਨੂੰ ਵੇਖ ਕੇ ਵੀ ਵੇਖਣਾ ਨਹੀਂ ਸੀ ਚਾਹੁੰਦੀ। ਉਹਨਾਂ ਦਾ ਪੱਥਰ ਹੁੰਦਾ ਚਿਹਰਾ ਕੁਝ ਹੱਦ ਤੱਕ ਕਾਂਬੇ ਵਿੱਚ ਸੀ। ਪਾਪਾ ਨੇ ਇੱਕ ਵਾਰ ਮੈਂਨੂੰ ਵੇਖਿਆ। ਉਹਨਾਂ ਦੀਆਂ ਅੱਖਾਂ ਵਿੱਚ ਉਦਾਸੀ ਦਾ ਸੰਘਣਾ ਪਰਛਾਵਾਂ ਸੀ। ਮੇਰੀਆਂ ਅੱਖਾਂ ਕੁਝ ਪਲਾਂ ਲਈ ਮਾਂ ਨਾਲ ਮਿਲੀਆਂ ਪਰ ਮਾਂ ਦੀਆਂ ਅੱਖਾਂ ਬਿਲਕੁਲ ਭਾਵਹੀਣ ਸਨ। ਉਹਨਾਂ ਦੇ ਸਰੀਰ ਵਿੱਚ ਭਾਵੇਂ ਥੋੜਾ ਜਿਹਾ ਕਾਂਬਾ ਸੀ ਪਰ ਅੱਖਾਂ ਹੁਣ ਪਥਰੀਲੀਆਂ ਹੋ ਚੁੱਕੀਆਂ ਸਨ। ਪਾਪਾ ਦਾ ਸਰੀਰ ਹਲਕਾ ਜਿਹਾ ਪੈ ਰਿਹਾ ਸੀ, ਠੰਡਾ ਜਿਵੇਂ ਬਰਫ ਵਰਗਾ। ਉਹ ਕੁਝ ਲੱਭ ਰਹੇ ਸਨ। ਮੈਨੂੰ ਲੱਗਾ ਜਿਵੇਂ ਭਰਾ ਨੂੰ ਹੀ ਲੱਭ ਰਹੇ ਸਨ।
ਮੇਰਾ ਇਹ ਸੋਚਣਾ ਗ਼ਲਤ ਸੀ। ਉਹਨਾਂ ਨੇ ਮਾਂ ਨੁੰ ਇਸ਼ਾਰੇ ਨਾਲ ਆਪਣੇ ਸਾਹਮਣੇ ਬੈਠਣ ਲਈ ਕਿਹਾ। ਮਾਂ ਬੁੱਤ ਵਾਂਗ ਉੱਠੀ ਅਤੇ ਸਾਹਮਣੇ ਆ ਬੈਠੀ। ਉਹਨਾਂ ਦੇ ਸਰੀਰ ਵਿੱਚ ਹਲਕੀ ਜਿਹੀ ਥਿਰਕਣ ਸੀ। ਮੈਂਨੂੰ ਭਾਸਿਆ, ਪਾਪਾ ਦੀ ਠੰਡੀ ਛੋਹ ਉਹਨਾਂ ਨੂੰ ਅੰਦਰ ਤੱਕ ਠੰਡਾ ਕਰ ਰਹੀ ਸੀ। ਮਾਂ ਦੀ ਦੇਹ ਕੁਝ ਪਲਾਂ ਲਈ ਪਰ-ਕੱਟੇ ਕਬੂਤਰ ਵਾਂਗ ਤੜਫੀ ਸੀ ਪਰ ਛੇਤੀ ਹੀ ਸੰਭਲ ਗਈ ਸੀ। ਮੈਂ ਉਹਨਾਂ ਦੋਹਾਂ ਨੂੰ ਵੇਖ ਰਹੀ ਸਾਂ। ਇੰਝ ਮਹਿਸੂਸ ਕਰ ਰਹੀ ਸਾਂ ਕਿ ਦੂਰ ਦਿਸ-ਹੱਦੇ ‘ਦੁਮੇਲ’ ਤੇ ਖੜੀ ਹਾਂ, ਆਪਣੀ ਧਰਤੀ ਤੇ ਆਕਾਸ਼ ਦੀ ਗੋਦ ਵਿੱਚ। ਮੈਂ ਉਹਨਾਂ ਦੋਹਾਂ ਨੂੰ ਆਪਣੇ ਅੰਦਰ ਉਤਾਰ ਲੈਣਾ ਚਾਹੁੰਦੀ ਸਾਂ। ਜੀਵਨ ਅਤੇ ਮੌਤ ਦੀ ਸੰਧੀ-ਥਾਂ ਤੇ ਜਿਵੇਂ ਸਭ ਕੁਝ ਬੇ-ਅਰਥਾ ਹੋ ਗਿਆ ਹੋਵੇ। ਪਾਪਾ ਦਾ ਪੂਰਾ ਸਰੀਰ ਇੱਕ ਵਾਰਗੀ ਹਵਾ ‘ਚ ਉਛਲਿਆ ਅਤੇ ਫਿਰ ਮੁੜ ਬਿਸਤਰੇ ‘ਤੇ ਆਣ ਡਿੱਗ ਪਿਆ। ਮਾਂ ਦੇ ਚਿਹਰੇ ਤੇ ਕੋਈ ਭਾਵ ਨਹੀਂ ਸੀ। ਉਹ ਟਨਲ ਦੇ ਇਸ ਪਾਰ ਸੀ ਅਤੇ ਪਾਪਾ ਨੂੰ ਟਨਲ ਦੇ ਉਸ ਪਾਰ ਜਾਂਦਿਆਂ ਵੇਖ ਰਹੀ ਸੀ। ਉਹ, ਉਹਨਾਂ ਦੇ ਨਾਲ, ਉਸ ਸੰਸਾਰ ਨੂੰ ਵੀ ਜਾਂਦਿਆਂ ਵੇਖ ਰਹੀ ਸੀ ਜੋ ਉਹਨਾਂ ਦੇ ਬਾਅਦ ਹੁਣ ਨਹੀਂ ਸੀ ਰਹਿਣਾ। ਮਾਂ ਦਾ ਸਰੀਰ ਵੀ ਸੀਤ ਹੋ ਰਿਹਾ ਸੀ। ਉਹਨਾਂ ਨੇ ਸ਼ਾਇਦ ਇਸ ਦਾ ਅਨੁਭਵ ਕਰ ਲਿਆ ਸੀ ਤਾਂਹੀਉਂ ਹੀ ਤਾਂ ਉਹਨਾਂ ਨੇ ਮੇਰੀ ਗਰਮ ਹਥੇਲੀ ਨੂੰ ਆਪਣੀ ਮੁੱਠ ਵਿੱਚ ਘੁੱਟ ਕੇ ਜਕੜ ਲਿਆ ਸੀ ਤਾਂ ਜੋ ਉਹ ਗਰਮਾਹਟ ਦਾ ਅਨੁਭਵ ਕਰ ਸਕਣ। ਪਾਪਾ ਆਈਸੋਲੇਟਿਡ ਵਾਰਡ ਤੋਂ ਮੁੱਕਤ ਹੋ ਚੁੱਕੇ ਸਨ ਹਮੇਸ਼ਾਂ ਹਮੇਸ਼ਾਂ ਲਈ। ਬਾਹਰ ਬਹੁਤ ਸਾਰੇ ਕਬੂਤਰ ਆਕਾਸ਼ ਵਿੱਚ ਇੱਧਰ ਉਧੱਰ ਉੱਡਦੇ ਵਿਖਾਈ ਦਿੱਤੇ। ਮਾਂ ਉਸੇ ਹੀ ਕੰਧ ਵਲਾਂ ਵੇਖ ਰਹੀ ਸੀ ਜਿੱਧਰ ਕੁਝ ਦੇਰ ਪਹਿਲਾਂ ਪਾਪਾ ਵੇਖ ਰਹੇ ਸਨ।
ਮੈਂ, ਮਾਂ ਦਾ ਧਿਆਨ ਵੰਡਾਉਣਾ ਚਾਹੁੰਦੀ ਸਾਂ। ਮੈਂ, ਮਾਂ ਨੂੰ ਝੰਝੋੜਿਆ। ਮਾਂ ਦੀਆਂ ਪਥਰੀਲੀਆਂ ਪੁਤਲੀਆਂ ਥੋੜਾ ਹਿੱਲੀਆਂ। ਮੈਂ, ਮਾਂ ਨੂੰ ਉਸ ਡੂੰਘੀ ਟਨਲ ਤੋਂ ਬਾਹਰ ਖਿਚ੍ਹ ਕੇ ਘਰ ਲੈ ਕੇ ਜਾਣਾ ਸੀ। ਅਚਾਨਕ ਮੇਰੇ ਅੰਦਰ ਊਰਜਾ ਦਾ ਸੰਚਾਰ ਹੋਇਆ। ਮੈਂ, ਉਹਨਾਂ ਦੀ ਮੁੱਠ ਨੁੰ ਘੁੱਟ ਕੇ ਫੜ ਲਿਆ ਅਤੇ ਉਹਨਾਂ ਨੂੰ ਆਪਣੀ ਵਲਾਂ ਖਿਚ੍ਹ ਲਿਆ। ਸਾਡੇ ਦੋਹਾਂ ਦੇ ਅਥਰੂ ਕਿਸੇ ਹਿਮ-ਖੰਡ ਵਾਂਗ ਹੀ ਜਮ ਗਏ ਸਨ। ਅਸੀਂ ਦੋਵੇਂ ਇੱਕ ਦੂਜੇ ਨੂੰ ਫੜਦੇ, ਧੱਕਦੇ ਤੇ ਸੰਭਲਦੇ ਉਸ ਡੂੰਘੀ ਟਨਲ ਤੋਂ ਬਾਹਰ ਆ ਗਏ ਸਾਂ। ਡਾਕਟਰ ਨੇ ਸਵੇਰੇ ਆਉਣ ਲਈ ਆਖਿਆ ਸੀ। ਰਾਹ ਵਿੱਚ ਉਹੀ ਚੌਰਾਹਾ ਸੀ ਜਿੱਥੇ ਅਨਗਿਣਤ ਕਬੂਤਰ ਚੋਗਾ ਚੁੱਗਦੇ ਘੁੰਮਦੇ ਅਤੇ ਉੱਡ ਰਹੇ ਸਨ। ਮਾਂ, ਉਥੇ ਹੀ ਪਏ ਬੈਂਚ ‘ਤੇ ਕੁਝ ਦੇਰ ਲਈ ਬੈਠਣਾ ਚਾਹੁੰਦੀ ਸੀ। ਅਸੀਂ ਦੋਵੇਂ, ਉਥੇ ਬੈਠਿਆਂ ਹੀ, ਕੁਝ ਸਮਾਂ ਪਰਿੰਦਿਆਂ ਨੂੰ ਚੋਗਾ ਚੁੱਗਦਿਆਂ ਅਤੇ ਉਡੱਦਿਆਂ ਵੇਖਦੇ ਰਹੇ। ਫਿਰ ਅਚਾਨਕ ਹੀ ਇੱਕ ਕਬੂਤਰ, ਪਰ ਫੜਫੜਾਂਉਂਦਾ, ਮਾਂ ਦੇ ਉਪੱਰੋਂ ਦੀ ਉਡਿੱਆ। ਮਾਂ ਦੇਰ ਤੱਕ ਅਸਮਾਨ ਵਲਾਂ ਤੱਕਦੀ ਰਹੀ ਅਤੇ ਫਿਰ ਉਹਨਾਂ ਦੋਹਾਂ ਹੱਥਾਂ ਨਾਲ ਆਪਣਾ ਚਿਹਰਾ ਢੱਕ ਲਿਆ। ਫਿਰ ਝੱਬਦੇ ਹੀ ਉਹ ਮੇਰਾ ਹੱਥ ਫੜ ਕੇ ਬੋਲੀ: ‘ਚੱਲ ਸਿੰਮੋ ਘਰ ਚਲੀਏ, ਨ੍ਹੇਰਾ ਹੋਣ ਲੱਗ ਪਿਆ ਏ।’ ਮੈਂ ਜਾਣਦੀ ਸਾਂ ਕਿ ਅੱਜ ਮਾਂ ਹਾਲਾਂ ਵੀ ਉਸੇ ਹੀ ‘ਆਈਸੋਲੇਟਿਡ ਵਾਰਡ’ ਵਿੱਚ ਹੀ ਸੀ। ਉਹ ਪਿਛਾਂਹ ਨਹੀਂ ਸੀ ਛੁੱਟਿਆ। ਮਾਂ ਜਿਸ ‘ਨ੍ਹੇਰੇ’ ਦੀ ਗੱਲ ਕਰ ਰਹੀ ਸੀ ਉਹ ਉਸੇ ਦਾ ਹੀ ‘ਨ੍ਹੇਰਾ’ ਸੀ ਜਿਸਤੋਂ ਬਚਾਉਂਦਿਆਂ ਉਹ ਮੈਂਨੂੰ ਛੇਤੀ ਹੀ ਘਰ ਲੈ ਆਉਣਾ ਚਾਹੁੰਦੀ ਸੀ।
5ਅਾਬੀ.ਕੌਮ (5.1.2018) ਦੇ ਧੰਨਵਾਦ ਸਹਿਤ
***
ਪੰਜਾਬੀ ਰੂਪ:
ਡਾ. ਗੁਰਦਿਆਲ ਸਿੰਘ ਰਾਏ